"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ ੧)
ਦਾ "ਗੁਰਮਤਿ ਪ੍ਰਣਾਲੀ" ਦੀ ਰੌਸ਼ਨੀ ਵਿਚ ਉੱਤਰ
ਹਥਲੇ ਵਿਚਾਰ ਪੁਸਤਕ ਰੂਪ ਵਿਚ ਜਿਲਦ ਬੰਦ ਛਾਪ ਕੇ 10 ਨਵੰਬਰ 2015 ਨੂੰ ਸੱਦੇ ਜਾ ਰਹੇ ਸਰਬੱਤ ਖ਼ਾਲਸਾ ਤੋਂ ਪਹਿਲਾਂ, ਸਰਬੱਤ ਖ਼ਾਲਸਾ ਦੀ ਬਣਾਈ ਗਈ ਕਮੇਟੀ, ਅਤੇ ਸਿੱਖ ਕੌਮ ਦੀਆਂ ਪੰਜਾਬ ਵਿਚਲੀਆਂ ਸਾਰੀਆਂ ਧਿਰਾਂ ਸਮੇਤ ਵਿਦੇਸ਼ਾਂ ਤੋਂ ਇਸੇ ਮਕਸਦ ਲਈ ਵੀਰਾਂ ਨੂੰ ਸੌਂਪੀ ਗਈ ਸੀ। ਬਦਕਿਸਮਤੀ ਨਾਲ ਇਸ ਤੇ ਵਿਚਾਰ ਨਹੀਂ ਕੀਤੀ ਗਈ, ਤੇ ਨਾ ਹੀ ਸਾਨੂੰ ਕਿਸੇ ਵੀ ਮੀਟਿੰਗ ਵਿਚ ਸੱਦਿਆ ਗਿਆ। ਸ਼੍ਰੋਮਣੀ ਕਮੇਟੀ ਤੋਂ ਫ਼ਾਰਗ ਹੋਏ 'ਅੰਮ੍ਰਿਤ ਸੰਚਾਰ ਕਮੇਟੀ ਦੇ ਪੰਜ ਸਿੰਘਾਂ' ਨੂੰ ਵੀ ਇਹ ਵਿਚਾਰ ਪੁਸਤਕ ਰੂਪ ਵਿਚ ਜਿਲਦ ਬੰਦ ਕਰ ਕੇ ਰਜਿਸਟਰਡ ਡਾਕ ਰਾਹੀਂ ਭੇਜੇ ਗਏ ਸਨ।
ਹੁਣ ਫਿਰ "ਸਰਬੱਤ ਖ਼ਾਲਸਾ" ਲਈ ਕੁਝ ਸਿੱਖ ਸਰਗਰਮ ਹੋ ਚੁੱਕੇ ਹਨ, ਇਸ ਲਈ ਦੁਬਾਰਾ ਫਿਰ ਇਨ੍ਹਾਂ ਸਾਰੀਆਂ ਧਿਰਾਂ ਸਨਮੁੱਖ ਦਾਸ ਆਪਣੇ ਵੱਲੋਂ ਅਤੇ ਸ਼੍ਰੋਮਣੀ ਅਕਾਲੀ ਦਲ ਖ਼ਾਲਸਤਾਨੀ ਵੱਲੋਂ ਇਹ ਜਿਲਦ ਬੰਦ ਵਿਚਾਰ ਸਮੁੱਚੇ ਸਿੱਖ ਜਗਤ ਨੂੰ ਅਤੇ ਉਨ੍ਹਾਂ ਸਨਮੁੱਖ ਪੇਸ਼ ਕਰਦਾ ਹੈ:
ਮੇਰੀ ਬੇਨਤੀ
ਸ੍ਰੀ ਅਕਾਲ ਤਖ਼ਤ ਵੱਲੋਂ 'ਸਿਰਸਾ ਪਾਖੰਡ' ਦੀ ਦੁਕਾਨ ਨੂੰ ਮੁਆਫ਼ ਕਰ ਦੇਣ ਦੇ ਫ਼ੈਸਲੇ ਤੋਂ ਬਾਅਦ, ਸਿੱਖ ਕੌਮ ਵਿਚ ਇਸ ਨੂੰ ਰੱਦ ਕਰ ਦੇਣ ਦੀ ਫ਼ਿਜ਼ਾ ਅੰਦਰ, ਖੰਡਿਤ ਵਿਚਾਰ ਧਾਰਾਵਾਂ ਵਿਚੋਂ ਖੰਡਤ ਬਦਲ ਦੀਆਂ ਖੁਰਦੀਆਂ ਸਲਾਹਾਂ; ਰੇਤ ਦੇ ਟਿੱਲਿਆਂ ਤੇ ਕੌਮ ਨੂੰ ਬਿਠਾਉਣ ਲਈ ਫਿਰ ਵਾ ਵਰੋਲੇ ਬਣਨ ਲੱਗ ਪਈਆਂ ਹਨ। ਗ਼ਲਤ ਮਿਸਾਲਾਂ ਦੇ ਕੇ ਪੰਥ ਨੂੰ ਮੁੜ ਕੁਰਾਹੇ ਪਾਉਣ ਲਈ, ਡੰਗ ਟਪਾਊ ਅਤੇ ਨਿੱਜ ਸਵਾਰਥ ਵਧਾਊ ਉਹ ਪ੍ਰੋਗਰਾਮ ਇੱਕ ਵਾਰ ਫਿਰ ਉਲੀਕੇ ਜਾ ਰਹੇ ਹਨ ਜਿਨ੍ਹਾਂ ਦੇ ਤਜਰਬੇ ਨੇ ਸਿੱਖ ਕੌਮ ਦੇ ਜੂਨ '84 ਤੋਂ ਬਾਅਦ ਦੇ ਸਮੁੱਚੇ ਸੰਘਰਸ਼ ਨੂੰ ਨਿਗਲ਼ ਕੇ ਡਕਾਰ ਤੱਕ ਨਹੀਂ ਮਾਰਿਆ । ਧੜੇਬੰਦੀਆਂ ਰਾਹੀਂ ਨਿੱਜੀ ਹਿਤਪਾਲਕ ਪਹਿਲਾਂ ਵਾਲੇ ਹੀ ਪ੍ਰੋਹਿਤ ਆਪੋ ਆਪਣੀਆਂ ਮੰਜੀਆਂ ਸਜਾ ਕੇ, ਫਿਰ ਪ੍ਰੋਹਿਤਚਾਰੀ ਲਈ ਸਰਗਰਮ 'ਗੁਰੂ' ਬਣੀ ਬੈਠੇ ਹਨ। ਹੁਣ "ਪੰਥ" ਦੇ ਨਾਮ ਤੇ 'ਸਿੱਖ ਕੌਮ ਗੁਰੂ ਲਾਧੋ ਰੇ' ਵਾਲੇ ਹਾਲਤਾਂ ਅਤੇ ਧਰਾਤਲ ਤੇ ਮੁੜ ਫਿਰ ਖੜੀ ਹੈ।"ਖ਼ਾਲਸਾ" ਪੰਥ ਨੂੰ ਲੱਭ ਰਿਹਾ ਹੈ ਤੇ "ਪੰਥ" ਖ਼ਾਲਸੇ ਨੂੰ ਭਾਲਦਾ ਪਿਆ ਹੈ।
ਪੰਜ ਸਿੰਘ ਸਾਹਿਬਾਨਾਂ ਵਰਗੀ ਗੈਰ ਗੁਰਮਤਿ ਪ੍ਰਣਾਲੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਤਾ ਧਾਰੀ ਧਿਰ ਦੀ ਮਿਲੀ ਭੁਗਤ ਨਾਲ, ਪੰਥ ਨੂੰ ਗੁਰਮਤਿ ਰਹਿਨੁਮਾਈ ਪੱਖੋਂ 'ਖ਼ਲਾਅ' ਵਿਚ ਪਹੁੰਚਾ ਦਿੱਤਾ ਹੈ। ਸਿੱਖ ਸਮਾਜ ਵਿਚ ਪੈਦਾ ਹੋ ਚੁਕੇ ਅਜਿਹੇ ਮੌਕੇ ਅਤੇ ਸਿੱਖ ਜੋਸ਼ ਨੂੰ; ਇਨ੍ਹਾਂ ਸਤਾਧਾਰੀ ਅਕਾਲੀਆਂ ਤੋਂ ਵੱਖਰੀਆਂ ਜਾਂ ਵਿਰੋਧੀ ਧਿਰਾਂ, ਅਜਿਹੇ ਹਾਲਾਤਾਂ ਤੋਂ ਫ਼ਾਇਦਾ ਭੁਨਾਉਣ ਲਈ ਸਰਗਰਮ ਹੋ ਚੁੱਕੀਆਂ ਹਨ। ਇਹ ਜੱਥੇਬੰਦੀਆਂ ਵੀ ਆਪੋ ਆਪਣੀ ਇਕਹਿਰੀ ਨਿਰੰਕੁਸ਼ਤਾਵਾਦੀ ਧੜੇ ਬੰਦੀ ਦੀ, ਨਿੱਜੀ ਹੋਂਦ ਦੀ, ਜੀਵਨ ਰੇਖਾ (ਸਰਵਾਈਵਲ) ਦੀ ਖ਼ੁਰਾਕ ਮੰਨ ਕੇ ਸਿੱਖ ਜਜ਼ਬਾਤਾਂ ਦਾ ਇਸਤੇਮਾਲ ਕਰਨ ਲਈ ਤੱਤਪਰ ਹੋ ਚੁੱਕੀਆਂ ਹਨ। ਦੋਹਾਂ ਹੀ ਪੱਖਾਂ ਤੋਂ "ਪੰਥ ਖ਼ਾਲਸਾ" ਅਤੇ ਸਿੱਖ ਸਮਾਜ ਬੇਚਾਰਗੀ ਵਾਲੇ ਕੁਰਾਹੇ ਤੇ ਪਹੁੰਚਾ ਦਿੱਤਾ ਗਿਆ ਹੈ। ਸੰਜੀਦਾ ਸਿੱਖ ਸੋਚਣ ਲੱਗ ਗਿਆ ਹੈ ਕਿ ਹੁਣ ਕੀ ਕੀਤਾ ਜਾਵੇ ? ਇਨ੍ਹਾਂ ਤੋਂ ਬਾਹਰਲੀਆਂ ਕੁਝ ਕੁ ਖਾੜਕੂ ਸੁਰ ਅਤੇ ਪਹੁੰਚ ਰੱਖਣ ਵਾਲੀਆਂ ਸਿੱਖ ਧਿਰਾਂ, 'ਸਰਬੱਤ ਖ਼ਾਲਸਾ' ਵਰਗੇ ਬਦਲ ਅਤੇ ਇਸ ਦੇ ਵਿਧੀ ਵਿਧਾਨ ਲੱਭ ਰਹੀਆਂ ਹਨ । ਪਰ, ਅਫ਼ਸੋਸ ਇਹੋ ਫਿਰ ਸਾਹਮਣੇ ਆਉਂਦਾ ਹੈ ਕਿ ਇਨਹਾਂ ਚਿੰਤਾਤੁਰ ਧਿਰਾਂ ਨੂੰ ਵੀ ਉਪਰੋਕਤ ਧੜੇਬੰਦੀ ਦੀ ਸਿਆਸਤ ਕਰਨ ਵਾਲੀਆਂ ਧਿਰਾਂ ਨੇ ਹੀ ਅਪਰੋਖ ਢੰਗ ਅਤੇ ਤਰੀਕੇ ਨਾਲ 'ਕਿਡਨੈਪ' ਕਰ ਲਿਆ ਹੈ।
ਭਾਰਤ ਸਮੇਤ ਸੰਸਾਰ ਭਰ ਵਿਚਲੀਆਂ ਸਿੰਘ ਸਭਾਵਾਂ, ਬਾਕੀ ਲੋਕਲ ਗੁਰਦੁਆਰਾ ਪ੍ਰਬੰਧਕੀ ਸਿੱਖ ਸੰਗਤਾਂ, ਸੰਸਾਰ ਵਿਆਪੀ ਗੁਰਦੁਆਰਾ ਕਮੇਟੀਆਂ ਸਮੁੱਚੇ ਘਟਨਾਕ੍ਰਮ ਤੇ ਦੜ ਵੱਟ ਸਮਾਂ ਕੱਟ ਦੀ ਸਵਾਰਥੀ ਪਹੁੰਚ ਅਪਣਾ ਕੇ ਆਪੋ ਆਪਣੇ ਗੁਰਦੁਆਰਾ ਸਿਆਸਤ ਦੇ ਪ੍ਰਬੰਧਕੀ ਨਿੱਜੀ ਚੌਧਰ ਭੁੱਖ ਨੂੰ ਭੁਨਾ ਰਹੀਆਂ ਹਨ।
ਜਿਸ ਸਰਬੱਤ ਖ਼ਾਲਸਾ ਵੱਲ ਕੁੱਝ ਸਿੱਖ ਧੜੇ ਤੁਰ ਪਏ ਹਨ ਉਹ ਆਪਣੇ ਨਾਲ ਪੰਥ ਦੀ ਜ਼ਮੀਰ ਦੀ ਆਵਾਜ਼ ਦੇ ਏਕੇ ਨੂੰ ਨਹੀਂ ਜੋੜ ਸਕੇ ਹਨ। ਸਰਬੱਤ ਖ਼ਾਲਸਾ, ਖ਼ਾਲਸਾ ਪੰਥ ਦੀ "ਪੰਥ ਗੁਰੂ ਦੀ ਗੁਰਤਾ ਗੱਦੀ" ਨੂੰ ਅਤੀਤ ਵਾਂਗ ਇੱਕ ਵਾਰ ਫਿਰ 'ਤੱਤ ਖ਼ਾਲਸਿਆ ਰਾਹੀਂ' ਨਿਗਲ਼ ਜਾਣ ਲਈ ਤੱਤ ਪਰ ਹੋ ਚੁਕਾ ਹੈ। ਕੀ ਇਨ੍ਹਾਂ ਰਾਹੀਂ ਇੱਕ ਵਾਰ ਫਿਰ ਖ਼ਾਲਸਾ ਪੰਥ ਦੀ ਗੁਰਤਾ ਗੱਦੀ ਨਸ਼ੀਨ "ਪੰਥ ਗੁਰੂ ਖ਼ਾਲਸਾ" ਨੂੰ ਫੇਰ ਸਿੱਖ ਤਾਕਤ ਵੱਲੋਂ ਪਛਾੜ ਦਿੱਤਾ ਜਾਵੇਗਾ ? ਜਾਂ ਕਿ ਹੁਣ ਸਿੱਖ ਆਬਾਦੀ ਜਿਹੜੀ ਕਿ ਹੁਣ ਤਕ ਦੀ ਸਭ ਤੋਂ ਪੜ੍ਹੀ ਲਿਖੀ ਅਤੇ ਸਾਖਰਤਾ ਦੀ, ਸਾਧਨਾ ਦੀ, ਧਨਾਢਤਾ ਦੀ ਸਿਖਰ ਤੇ ਪਹੁੰਚੀ ਹੋਈ ਹੈ; ਆਪਣੀ ਜ਼ਮੀਰ ਦੀ ਚੇਤਨਾ ਨੂੰ ਗੁਰਮਤਿ ਪ੍ਰਣਾਲੀ ਦੀ ਇਕਸੁਰਤਾ ਨਾਲ ਮੇਲ ਕਰਵਾ ਕੇ "ਗੁਰਮੁਖ" ਬਣ "ਗੁਰਮਤਿ ਦੀ ਰੂਹ" ਵਿਚੋਂ ਨਿਕਲਦੇ ਨਿਰਣੈ ਨੂੰ ਲਾਗੂ ਕਰਵਾ ਸਕੇਗੀ ? ਕੌਮੀ ਭਵਿੱਖ ਨੂੰ ਕੋਈ ਸੇਧ ਦੇ ਸਕੇਗੀ ?
ਸਵੈ ਚੌਧਰ ਦਾ ਸ਼ਿਕਾਰ ਬਣ ਚੁੱਕੇ ਚੰਦ ਕੁ ਚੌਧਰੀਆਂ ਵੱਲੋਂ ਸੰਵਿਧਾਨਿਕ ਲੋਕਤੰਤਰ ਦੀ ਛੱਤਰੀ ਹੇਠਾਂ ਆਪਣੇ ਆਪ ਨੂੰ ਸਿੱਖੀ ਦੇ ਮਸੰਦ ਅਤੇ ਮਹੰਤ ਸਥਾਪਿਤ ਕਰ; 'ਗੁਰਦੁਆਰਾ ਪ੍ਰਬੰਧ ਨੂੰ' "ਗੁਰਮਤਿ ਮਰਿਆਦਾ ਦੇ ਪ੍ਰਬੰਧਕੀ ਨਿਜ਼ਾਮ" ਵਿਚੋਂ ਜਬਰੀ ਚੁੱਕ, ਕੱਢ ਲੈ ਜਾਣ ਵਾਲੇ 'ਮਹੰਤ ਨਰੈਣੂ ਅਤੇ ਅਰੂੜ ਸਿੰਹੁ' ਦੇ ਅਵਤਾਰ ਵਰਤਮਾਨ ਲੋਕਤੰਤਰੀ 'ਮਸੰਦ' ਧਰਮ ਅਤੇ ਖ਼ਾਲਸਤਾਈ ਤੰਤਰ ਸਾਹਮਣੇ ਸਭ ਤੋਂ ਵੱਡੀ ਚੁਨੌਤੀ ਬਣ ਕੇ ਉੱਭਰ ਚੁੱਕੇ ਹਨ। ਇਨ੍ਹਾਂ ਤੋਂ ਘੱਟ ਇਨ੍ਹਾਂ ਦੇ ਵਿਰੋਧੀ ਵੀ ਸਿੱਖ ਮਾਨਸਿਕਤਾ ਨੂੰ ਨਹੀਂ ਲਗਦੇ। ਜੂਨ 84 ਤੋਂ ਬਾਅਦ ਦਾ ਵਰਤਾਰਾ ਇਹ ਗੱਲ ਸਿੱਖ ਸੰਘਰਸ਼ ਦੀਆਂ ਕੰਧਾਂ ਉੱਪਰ ਅਤੇ ਸ਼ਹੀਦਾਂ ਦੀ ਸ਼ਹੀਦੀ ਉੱਪਰ ਉਕਰ ਗਿਆ ਹੈ। ਉਹ ਗੱਲ ਵਖਰੀ ਹੈ ਕਿ ਅਸੀਂ ਸਿੱਖ ਇਸ ਸੱਚਾਈ ਨੂੰ ਪੜ੍ਹਨ ਤੋਂ ਆਕੀ ਹੋਏ ਫਿਰਦੇ ਹਾਂ। ਅਸਲ ਸਿੱਖ ਕੌਮ ਦੀ ਵਰਤਮਾਨ ਤ੍ਰਾਸਦੀ ਵੀ ਇਹੋ ਹੈ। ਇਸ ਲਈ ਆਮ ਸਿੱਖ ਆਪਣੀ ਰਾਏ ਬਣਾਉਣ ਤੋਂ ਅਸਮਰਥ ਅਤੇ ਖੰਡਿਤ ਦਿਸਦਾ ਹੈ। ਸਮਕਾਲੀ ਗੁਰਮਤਿ ਵਿਹੂਣੇ ਹਾਲਾਤ, ਜਿਹੜੇ ਕਿ ਗੁਰਮਤਿ ਵਿਚ ਅਤੇ ਸਿੱਖ ਰਹਿਤ ਮਰਿਆਦਾ ਵਿਚ ਕੋਈ ਵਜੂਦ ਹੀ ਨਹੀਂ ਰੱਖਦੇ ਹਨ, ਸਤਾ ਧਾਰੀ ਅਤੇ ਇਨਹਾਂ ਦੇ ਵਿਰੋਧੀ ਸਿੱਖ ਧਿਰਾਂ ਵੱਲੋਂ; ਕਿਸੇ ਨਾ ਕਿਸੇ ਢੰਗ ਨਾਲ 'ਤਖ਼ਤਾਂ ਦੇ ਗਲਤ ਇਸਤੇਮਾਲ' ਨਾਲ ਬਣਾ ਦਿੱਤੇ ਗਏ ਹਨ।
"ਗੁਰੂ ਪੰਥ ਦੀ ਗੁਰਿਆਈ" ਨੂੰ ਜ਼ਬਰਦਸਤੀ ਅਗਵਾ ਕਰ ਕੇ "ਗੁਰੂ ਪੰਥ ਖ਼ਾਲਸਾ" ਦੀ ਥਾਂ ਤੇ ਆਪ 'ਜਥੇਦਾਰ' ਬਣ ਕੇ; ਅਤੇ "ਗੁਰੂ ਪੰਥ ਖ਼ਾਲਸਾ ਦੀ ਗੁਰਿਆਈ ਦੇ ਏਕਾ ਅਧਿਕਾਰੀ ਪੱਖ ਹੁਕਮਨਾਮਿਆਂ, ਆਦੇਸ਼ਾਂ ਅਤੇ ਸੰਦੇਸ਼ਾਂ" ਦਾ ਵੀ ਅਪਹਰਨ ਕਰ ਚੁੱਕੇ ਲੋਕਾਂ ਦੇ ਧੜਿਆਂ ਰਾਹੀਂ; ਸਿੱਖ ਕੌਮ ਵਿਚ ਪੈਦਾ ਕੀਤੇ ਜਾ ਚੁੱਕੇ ਬਹੁਕੋਨੀ ਅਤੇ ਬਹੁ-ਪੱਖੀ ਖ਼ਲਾਅ ਦਾ ਹੱਲ ਕੀ ਹੋ ਸਕਦਾ ਹੈ ? ਇਸੇ ਦੀ ਵਿਚਾਰ ਤੋਰਨ ਦਾ ਆਰੰਭ ਇਹ ਹਥਲੀ ਪੁਸਤਕ ਰਾਹੀਂ ਕਰਨ ਦਾ ਉਪਰਾਲਾ ਕੀਤਾ ਹੈ।
ਪ੍ਰਸ਼ਨ ਬੜੇ ਸਪਸ਼ਟ ਸਾਹਮਣੇ ਵੰਗਾਰ ਬਣ ਕੇ ਹਿਮਾਲੈ ਵਾਂਗ ਅਡਿੱਗ ਖੜ ਗਏ ਹਨ। ਬਿਨਾ ਇਸ ਗੱਲ ਦਾ ਫੈਸਲਾ ਕੀਤੇ ਕਿ "ਸਰਬੱਤ ਖ਼ਾਲਸਾ" ਕਿਹੜੀਆਂ ਚਨੌਤੀਆਂ ਅਤੇ ਵੰਗਾਰਾਂ ਨੂੰ ਬੋਚਨ ਹਿਤ ਸੱਦਿਆਂ ਜਾ ਰਿਹਾ ਹੈ ?
ਕੀ "ਸਰਬੱਤ ਖ਼ਾਲਸਾ" ਰਾਹੀਂ ਸਿੱਖ ਕੌਮ ਨੂੰ ਦਰਪੇਸ਼ ਵਰਤਮਾਨ ਚੁਨੌਤੀ ਦਾ ਕੋਈ ਹਲ ਨਿਕਲ ਸਕੇਗਾ ?
ਜਾਂ ਕਿ ਸਰਬੱਤ ਖ਼ਾਲਸਾ ਪੰਥ ਗੁਰੂ ਦੀ ਗੁਰਿਆਈ ਨੂੰ ਖ਼ਤਮ ਕਰ ਦੇਣ ਦਾ ਸੰਦ ਬਣ ਕੇ ਰਹਿ ਜਾਵੇਗਾ ?
ਕੀ "ਸਰਬੱਤ ਖ਼ਾਲਸਾ" "ਪੰਥ ਗੁਰੂ" ਦੀ "ਗੁਰਿਆਈ" ਨੂੰ ਸਵੀਕਾਰ ਕਰਦੇ ਹੋਏ ਇਸ ਨੂੰ ਬਹਾਲ ਕਰਵਾਉਣ ਦਾ ਜਤਨ ਕਰੇਗਾ ਕਿ ਅਕਾਲੀਆਂ ਵਾਂਗ ਹੀ "ਪੰਥ ਗੁਰੂ" ਆਪ ਹੀ ਬਣ ਬੈਠੇਗਾ ਤੇ ਫਿਰ ਚਾਹੇਗਾ ਕਿ ਕਿ "ਪੰਥ" ਕਿ ਸਿੱਖ ਸਮਾਜ ਅਤੇ ਖ਼ਾਲਸਾ ਪੰਥ ਉਸ ਦੇ ਹਰ ਹੁਕਮ ਨੂੰ ਭੇਡਾਂ ਬਕਰੀਆਂ ਵਾਂਗ ਮੰਨੇ ?
ਕੀ "ਸਰਬੱਤ ਖ਼ਾਲਸਾ" "ਪੰਥ ਗੁਰੂ ਦੀ ਗੁਰਿਆਈ" ਦਾ ਬਦਲ ਬਣੇਗਾ ਜਾਂ ਰਕੀਬ ?
ਕੀ "ਸਰਬੱਤ ਖ਼ਾਲਸਾ" "ਪੰਥ ਗੁਰੂ ਦੀ ਗੁਰਤਾ ਦਾ ਪ੍ਰਸਾਰ ਅਤੇ ਰੂਹ ਦਾ ਸਿੱਖਾਂ ਵਿਚ ਰਾਜ ਸਥਾਪਿਤ" ਕਰ ਸਕੇਗਾ ?
"ਸਰਬੱਤ ਖ਼ਾਲਸਾ" ਅੰਦਰੂਨੀ ਬਹੁਪੱਖੀ ਅਤੇ ਬਹੁਕੋਨੀ ਸਿੱਖ ਸਮਾਜ ਨਿਮਿੱਤ ਕਿਸ ਪ੍ਰਬੰਧਕੀ ਢਾਂਚੇ ਅਤੇ ਨਿਜ਼ਾਮ ਨੂੰ ਘੜੇਗਾ ?
ਇਹ ਉਹ ਬੁਨਿਆਦੀ ਮੁੱਦੇ ਹਨ ਜਿਨ੍ਹਾਂ ਦਾ ਜਵਾਬ ਅਸਲੋਂ ਚੁੱਪ ਸਿੱਖ ਰੂਹਾਂ ਚਾਹੁੰਦੀਆਂ ਹਨ। ਇਨ੍ਹਾਂ ਬੁਨਿਆਦੀ ਮੁੱਦਿਆਂ ਤੋਂ ਸੱਖਣੇ 'ਧੜੇਬੰਦਕ ਚੌਧਰ ਬਣਾਉਣ' ਹਿੱਤ ਸੱਦੇ ਜਾਂਦੇ ਸਰਬੱਤ ਖ਼ਾਲਸਾ, ਸਿੱਖ ਅਵਾਮ ਦੀ ਰੂਹ ਵਿਚ ਵੱਸਦੇ "ਸਰਬੱਤ ਖ਼ਾਲਸਾ" ਦੇ ਸੰਕਲਪ ਨੂੰ ਵੀ ਕਦੇ 'ਮੁਕਾ' ਤਾਂ ਨਾ ਦੇਣਗੇ ?
ਹਰ ਪਾਸੇ ਅਨੈਤਿਕਤਾ ਨੂੰ ਨੈਤਿਕਤਾ ਬਣਾ ਕੇ ਸਥਾਪਿਤ ਕੀਤਾ ਜਾ ਰਿਹਾ ਹੈ। ਨਿਰੰਕੁਸ਼ ਔਰੰਗਜ਼ੇਬੀ ਸਤਾ ਸੀਰਤ ਦੀ ਤਾਨਾਸ਼ਾਹੀ ਵਿਵਸਥਾ ਦੀ "ਸਿਆਸੀ ਸਰਦਾਰੀ" ਰਾਹੀਂ ਧਰਮ ਨੂੰ ਅਧਰਮੀ ਲੋਕਾਂ ਰਾਹੀ ਚਲਾਉਣ ਦੀਆਂ ਪੇਸ਼ ਬੰਦੀਆਂ ਹੋ ਚੁੱਕੀਆਂ ਹਨ। ਅਜੇਹੀਆਂ ਕੋਝੀਆਂ ਕੋਸ਼ਿਸ਼ਾਂ ਰਾਹੀਂ ਅਜਿਹਾ ਵਾਤਾਵਰਨ ਨਿਰਮਿਤ ਕੀਤਾ ਜਾ ਚੁਕਾ ਹੈ ਕਿ 'ਧਰਮ ਦੇ ਠੇਕੇਦਾਰ' ਬਣ ਬੈਠੇ ਚੰਦ ਮਸੰਦ, 'ਸਿਆਸਤ ਦੇ ਔਰੰਗਜ਼ੇਬਾਂ' ਦੀ ਬੁਰਛਾ ਗਰਦ ਗੁੰਡਾ ਅਤੇ ਜੱਲਾਦ ਨਿਜ਼ਾਮ ਦੀ ਸ਼ਕਤੀ ਹੇਠਾਂ "ਲੋਕਤੰਤਰੀ ਛਤਰੀ" ਤਾਣ ਕੇ 'ਗੁੰਡਾ ਤੰਤਰ' ਦੇ ਸੰਵਿਧਾਨਿਕ ਆਗੂ ਬਣ ਬੈਠੇ ਹਨ। ਅਜਿਹੇ ਲੋਕ ਆਪੋ ਆਪਣੀ 'ਉੱਤਮਤਾ' ਦੇ ਹੰਕਾਰ ਦੀ ਸਤਾ ਰਾਹੀਂ, ਮਨੁੱਖੀ ਖੱਲ ਦਾ 'ਚਮੜਾ' ਚੜ੍ਹਾ ਕੇ ਆਪੋ ਆਪਣੀ "ਗੁਰਮਤਿ ਵਿਹੂਣੀ" ਸਲਤਨਤ ਦਾ ਨਗਾਰਾ ਵਜਾ ਰਹੇ ਹਨ। ਇਨ੍ਹਾਂ ਦੇ ਮੁਕਾਮੀ ਚੌਧਰੀ ਵੀ ਕਿਤੇ "ਦੁੱਗੀ" ਤੇ ਅਤੇ ਕਿਤੇ "ਪੁੜੇ" ਤੇ ਮਨੁੱਖੀ ਚਮੜੀ ਦਾ ਪੱਤਰਾ ਚੜ੍ਹਾ ਕੇ ਆਪੋ ਆਪਣੇ ਆਕਾਵਾਂ ਦਾ 'ਰਾਗ ਸਲਤਨਤੀ ਹੰਕਾਰ' ਵਜਾ ਤੇ ਗਾ ਰਹੇ ਹਨ।
ਆਮ ਸਿੱਖ ਇਸ 'ਨੌਬਤ' ਦੇ ਭ੍ਰਿਸ਼ਟ, ਮਨਮਤੀ ਅਤੇ ਅਕ੍ਰਿਤਘਣ ਸੁਰ ਨਾਲ ਨਾ ਚਾਹ ਕੇ ਵੀ; ਕਿਸੇ ਇੱਕ ਬਦਲ ਨਾਲ ਆਪਣੇ ਅਤੇ ਕੌਮੀ ਭਵਿੱਖ ਲਈ ਜੁੜਨ ਲਈ ਜਾਂ ਤਾਂ ਮਜਬੂਰ ਹੈ ਜਾਂ ਫਿਰ ਘਰ ਬੈਠ ਕੇ ਇਨ੍ਹਾਂ ਸਭ ਕਰਨੀਆਂ ਦੀ ਮਾਰ ਦਾ ਝੰਬਿਆਂ ਹੰਝੂ ਕੇਰਨ ਲਈ ਤੜਫ਼ਦਾ ਛੱਡ ਦਿੱਤਾ ਗਿਆ ਹੈ।ਕੋਈ ਵੀ ਸੱਚ ਨੂੰ ਸੁਨਣਾ, ਸਹੀ-ਗਲਤ ਨੂੰ ਗੁਰਮਤਿ ਬਿਬੇਕ ਤੇ ਵਿਚਾਰਨਾਂ ਚਾਹੁੰਦਾ ਹੀ ਨਹੀਂ ਹੈ। "ਗੁਰਮਤਿ ਵਿਚਾਧਾਰਾ ਨੂੰ ਪਛਾੜਨ" ਲਈ ਵਾਤਾਵਰਨ ਵਿਚ ਅਜਿਹੀ ਮਸਨੂਈ ਫ਼ਿਜ਼ਾ ਫੈਲਾ ਦਿੱਤੀ ਗਈ ਹੈ ਕਿ ਸਿੱਖ ਕਿਸੇ ਵੀ ਗੱਲ ਨੂੰ ਸੁਣਨ ਤੇ ਪੜ੍ਹਨ ਲਈ ਤਿਆਰ ਹੀ ਨਹੀਂ ਹੈ। ਉਸ ਦੀ ਸੋਚ ਨੂੰ ਇੰਝ ਤਬਦੀਲ ਕਰ ਦਿੱਤਾ ਗਿਆ ਹੈ ਕਿ ਉਹ ਪਹਿਲਾਂ ਹੰਕਾਰ ਦੀ ਸ਼ਿਖਰ ਤੇ ਆਪਣੇ ਬਣਾਏ ਜਾ ਚੁਕੇ ਵਿਚਾਰ ਦੀ ਹਊਮੈ ਵਿਚ ਇੰਜ ਸੰਵਾਦ ਰਚਦਾ ਹੈ:
- ਇੱਕ ਧਿਰ ਪੁੱਛਦੀ ਹੈ ਕਿ ਤੁਸੀਂ ਪਹਿਲਾਂ ਦੱਸੋ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਹੋ ਜਾਂ ਦਸਮ ਬਾਣੀ ਨੂੰ ?
- ਦੂਜੀ ਧਿਰ ਪੁੱਛਦੀ ਹੈ ਤੁਸੀਂ ਦਸਮ ਬਾਣੀ ਨੂੰ ਗੁਰਬਾਣੀ ਮੰਨਦੇ ਹੋ ਜਾਂ ਨਹੀਂ ?
- ਹੁਣ ਤੀਜੀ ਧਿਰ ਪੁੱਛਣ ਲੱਗ ਗਈ ਹੈ ਕਿ ਤੁਸੀਂ "ਸਰਬੱਤ ਖ਼ਾਲਸਾ" ਨੂੰ ਮੰਨਦੇ ਹੋ ਜਾਂ ਨਹੀਂ ?
ਢੀਠਤਾਈ ਦੀ ਹੱਦ ਇਹ ਹੈ ਕਿ ਕੋਈ ਵੀ ਸਿੱਖ ਕਿਸੇ ਦੂਜੇ ਸਿੱਖ ਦੀ ਗੱਲ ਤਾਂ ਛੱਡੋ ਆਪਣੇ ਗੁਰੂ ਦੀ ਕਹੀ ਵੀ ਮੰਨਣ ਨੂੰ ਤਿਆਰ ਨਹੀਂ ਹੈ ! ਆਪੋ ਆਪਣੇ ਧੜੇ ਦੀ ਬੰਦਗੀ ਵਿਚ ਕੈਦ ਸਿੱਖ
"ਰੰਨਾ ਹੋਈਆ ਬੋਧੀਆ ਪੁਰਸ ਹੋਏ ਸਈਆਦ ॥
ਸੀਲੁ ਸੰਜਮੁ ਸੁਚ ਭੰਨੀ ਖਾਣਾ ਖਾਜੁ ਅਹਾਜੁ ॥
ਸਰਮੁ ਗਇਆ ਘਰਿ ਆਪਣੈ ਪਤਿ ਉਠਿ ਚਲੀ ਨਾਲਿ ॥"
ਦਾ ਕਿਰਦਾਰ ਪੂਰੀ ਢੀਠਤਾਈ ਦੀ ਆਪਣੀ ਉੱਤਮਤਾ ਵਿਚ ਵਜਾਉਂਦਾ ਹੋਇਆ ਆਪਣੀਆਂ ਗ਼ਰਜ਼ਾਂ ਦੀਆਂ ਵਿਲਾਸੀ ਲੋੜਾਂ ਦੀ ਸਵਾਰਥ ਸਿੱਧੀ ਵਿਚ ਬਾਕੀ ਸਭ ਸਮਾਜਿਕ ਆਗੂਆਂ ਦੇ ਰੰਗ ਵਿਚ ਰੰਗਿਆ ਮਦਮਸਤ ਜੀ ਰਿਹਾ ਹੈ। ਬਿਨਾ ਕਿਸੇ ਵਿਚਾਰਧਾਰਕ ਬਦਲ ਦੇ ਸੰਕਲਪ ਤੋਂ ਆਪੋ ਆਪਣੇ ਧੜੇ ਦੀ ਇੱਕ ਮੁਖੀ ਸਰਦਾਰੀ ਦੀ ਚੌਧਰ ਕਾਇਮ ਕਰਨ ਦੀ ਚੱਲ ਰਹੀ ਇਸ ਆਪੋ ਧਾਪੀ ਨੇ ਸਿੱਖਾਂ ਨੂੰ ਹਾਰੀ ਹੋਈ ਮਨੋਬਿਰਤਕ ਅਵਸਥਾ ਵਿਚ ਨਿਢਾਲ ਕਰ ਸੁਟਿਆ ਹੈ। ਹੁਣ ਵੀ ਸਿੱਖ ਇਸ ਵਿਚੋਂ ਨਿਕਲਣ ਲਈ ਡੰਗ ਟਪਾਊ ਤਰੀਕੇ ਹੀ ਲੱਭ ਰਹੇ ਹਨ । ਡੰਗ ਟਪਾਊ ਚੌਧਰ ਬਣਾਊ ਵਰਤੇ ਜਾ ਰਹੇ ਤਰੀਕੇ ਸਿੱਖਾਂ ਦੀ ਚਾਹਤ ਦੀ ਬੇੜੀ ਨੂੰ ਮੰਜ਼ਿਲ ਦੇ ਕਿਨਾਰੇ ਨਹੀਂ ਲਾ ਸਕਦੇ। ਅਜਿਹੀ ਸੁਨਾਮੀ ਦੇ ਭੰਵਰ ਦੀ ਜਦ ਵਿਚ ਆ ਚੁੱਕੇ ਮਨੁੱਖ ਸਿੱਖ ਨੂੰ ਹੁਣ ਕਿਵੇਂ ਬਚਾਇਆ ਜਾਵੇ ਇਹੋ ਖ਼ਿਆਲ ਸਭ ਦੇ ਦਿਮਾਗ਼ ਵਿਚ ਚੱਲ ਰਿਹਾ ਹੈ।ਸੰਸਾਰ ਵਿਆਪੀ ਸਿੱਖੀ ਦੇ ਅੰਦਰੂਨੀ ਵਾਤਾਵਰਨ ਦੀ ਹਕੀਕਤ ਦਾ ਇਹੋ ਪ੍ਰਤੀਬਿੰਬ ਹੈ।
ਇਸੇ ਦੇ ਇੱਕ 'ਸਥਾਈ ਅਤੇ ਗੁਰਮਤਿ ਬਦਲ' ਨੂੰ ਪੇਸ਼ ਕਰਨ ਦਾ ਜਤਨ ਕੀਤਾ ਹੈ ਹਥਲੀ ਪੁਸਤਕ "ਗੁਰਿਆਈ ਗੁਰੂ ਪੰਥ ਦਾ ਸਿੱਖ ਸੰਕਲਪ ਕੀ ਹੈ" ਰਾਹੀਂ। ਪੂਰੇ ਧਿਆਨ ਨਾਲ ਇਹ ਕੋਸ਼ਿਸ਼ ਕੀਤੀ ਗਈ ਹੈ ਕਿ ਅਜਿਹਾ ਗੁਰਮਤਿ ਬਦਲ ਪ੍ਰਗਟ ਹੋਵੇ ਜਿਸ ਨੂੰ ਸੰਸਾਰ ਵਿਆਪੀ ਸਿੱਖ ਨੂੰ ਆਪੋ ਆਪਣੇ ਦੇਸ਼ਾਂ ਅੰਦਰ ਅਪਣਾਉਣ ਅਤੇ ਲਾਗੂ ਕਰਨ ਵਿਚ ਉਨ੍ਹਾਂ ਦੇ ਦੇਸ਼ਾਂ ਦੇ ਸੰਵਿਧਾਨ, ਕਾਨੂੰਨ ਅਤੇ ਨਿਯਮ ਅੜਿੱਕੇ ਨਾ ਆਉਣ। ਇਸੇ ਦੇ ਨਾਲ ਹੀ ਇਹ ਵੀ ਧਿਆਨ ਰੱਖਿਆ ਗਿਆ ਹੈ ਕਿ ਭਾਰਤ ਸਮੇਤ ਸੰਸਾਰ ਭਰ ਦੇ ਦੇਸ਼ਾਂ ਦੇ ਸੰਵਿਧਾਨਾਂ ਅਤੇ ਕਾਨੂੰਨਾਂ ਨਾਲ ਇਸ "ਗੁਰਮਤਿ ਬਦਲ" ਦਾ ਕੋਈ ਵੀ ਟਕਰਾ ਨਾ ਹੋਵੇ। ਇਹ ਵੀ ਖ਼ਾਸ ਤੌਰ ਤੇ ਧਿਆਨ ਵਿਚ ਰੱਖਿਆ ਹੈ ਕਿ ਸਿੱਖ ਕੌਮ ਦੇ ਅੰਦਰ ਪਹਿਲਾਂ ਤੋਂ ਚੱਲ ਰਹੀਆਂ ਸੰਸਥਾਵਾਂ ਨਾਲ ਵੀ ਇਸ ਦਾ ਕੋਈ ਟਕਰਾ ਨਾ ਪੈਦਾ ਹੋਵੇ। ਇਹੋ ਇੱਕੋ ਇੱਕ ਢੰਗ ਅਤੇ ਤਰੀਕਾ ਹੈ ਜਿਸ ਰਾਹੀਂ ਸਿੱਖ ਸੰਸਾਰ ਭਰ ਦੀਆਂ ਸਰਕਾਰਾਂ ਦੇ ਸੰਵਿਧਾਨਾਂ ਦਾ ਪਾਲਨ ਕਰਦੇ ਹੋਏ, ਆਪਣੀ ਨਾਨਕਸ਼ਾਹੀ ਖ਼ਾਲਸਤਾਈ ਪ੍ਰਭੂ ਸਤਾ ਦੀ ਬਹਾਲੀ 'ਸਰਕਾਰ ਦੇ ਅੰਦਰ ਸਰਕਾਰ' ਦੀ ਗੁਰੂ ਵਰੋਸਾਈ ਸੋਚ ਪ੍ਰਣਾਲੀ ਦੀ ਗੁਰੀਲਾ ਬੌਧਿਕਤਾ ਦੀ ਸਿਆਣਪ ਰਾਹੀਂ, ਨੈਤਿਕ ਅਤੇ ਕੂਟਨੀਤਕ ਜੰਗ ਰਾਹੀਂ ਕਰ ਸਕਦੇ ਹਨ।
ਅੱਜ ਦੇ ਮਾਹੌਲ ਵਿਚ ਪੰਥ ਗੁਰੂ ਦੀ ਨਾਨਕਸ਼ਾਹੀ ਖ਼ਾਲਸਤਾਈਤਾ ਨੂੰ ਸਥਾਪਿਤ ਕਰਨ ਵਾਲੀਆਂ ਗੁਰਮਤਿ ਲਿਖਤਾਂ ਨੂੰ ਪ੍ਰਕਾਸ਼ਿਤ ਕਰਨ ਵਾਲੀ ਕੋਈ ਵੀ ਸਾਧਨ ਸੰਪੰਨ ਸੰਸਥਾ ਸਿੱਖ ਕੌਮ ਪਾਸ ਨਾ ਹੋਣ ਕਰ ਕੇ ਵਿਚਾਰਵਾਨਾਂ ਦੇ ਵਿਚਾਰ ਅਤੇ ਕਈ ਤਿਆਰ ਖਰੜੇ ਉਨ੍ਹਾਂ ਦੇ ਜੀਵਨ ਦੇ ਅੰਤ ਨਾਲ, ਉਨ੍ਹਾਂ ਨਾਲ ਹੀ ਸਸਕਾਰੇ ਜਾਂਦੇ ਹਨ। ਸਿੱਖ ਕੌਮ ਗੁਰਪੁਰਬ ਮਨਾਉਣ ਅਤੇ ਕੀਰਤਨ, ਢਾਡੀ, ਸੰਤ ਵਾਦੀ, ਕਥਾ ਵਾਚੀ ਦੀਵਾਨ ਸਜਾਉਣ ਲਈ ਅਤੇ ਢਿੱਡ ਵਿਚ ਲੰਗਰ ਪਾਉਣ ਲਈ, ਆਪੋ ਆਪਣੀਆਂ ਫ਼ੋਟੋਆਂ ਦੇ ਫਲੈਕਸ ਅਤੇ ਇਸ਼ਤਿਹਾਰ ਲਵਾਉਣ ਲਈ ਤਾਂ ਲੱਖਾਂ ਖ਼ਰਚ ਦਿੰਦੀ ਹੈ, ਪਰ ਰੂਹ ਦੀ ਖ਼ੁਰਾਕ ਸ਼ਬਦ ਵਿਚਾਰ ਦੀ ਲਿਖਤ ਕਿਤਾਬ ਲਈ ਕੁੱਝ ਕੁ ਹਜ਼ਾਰ ਦਾ ਪ੍ਰਬੰਧ ਵੀ ਕਰਨ ਨੂੰ ਤਿਆਰ ਨਹੀਂ ਹੈ। ਇਸੇ ਲਈ ਹੀ ਸਿੱਖ ਕੌਮ ਦੀ ਰੂਹ ਵਿਚਾਰ ਅਤੇ ਸੰਵਾਦ ਦੀ ਤਿਹਾਈ, ਗੁਰਮਤਿ ਖੋਜ ਪ੍ਰਣਾਲੀ ਤੋਂ ਸੱਖਣੀ, ਸਿਰਫ਼ ਸੁਣੀ ਸੁਣਾਈ ਕਹਾਣੀ ਆਧਾਰਤ ਹੀ ਖੰਡਿਤ ਅਤੇ ਬਿਪਰਵਾਦਿਤਾ ਦੇ ਭੰਵਰ ਵਿਚ ਫਸੀ ਪਈ ਹੈ। ਕੌਮ ਨੂੰ ਗੁਰਮਤਿ ਪੈਂਡੇ ਤੇ ਲਿਆਉਣ ਲਈ ਪੜ੍ਹਨ ਦੀ ਰੁਚੀ ਪੈਦਾ ਕਰਨ ਲਈ ਹੁਣ ਵਰਕਸ਼ਾਪਾਂ ਅਤੇ ਸਾਂਝੀਆਂ ਸਭਾਵਾਂ ਦੀ ਅਤਿਅੰਤ ਲੋੜ ਪੈਦਾ ਹੋ ਚੁੱਕੀ ਹੈ। ਕਿਤਨੀ ਅਜੀਬ ਵਿਰੋਧਾਭਾਸੀ ਗੱਲ ਹੈ ਨਾ! ਉਹ ਸਿੱਖ ਕੌਮ ਜਿਸ ਦਾ ਗੁਰੂ ਹੀ ਗੁਰਮੁਖੀ ਲਿਪੀ ਅੰਦਰ "ਸ਼ਬਦ ਗੁਰੂ ਹੈ" ਉਸੇ ਸਿੱਖ ਕੌਮ ਨੂੰ "ਗੁਰਮੁਖੀ ਵਿਹੀਣ" ਅਤੇ ਅੱਖਰਾਂ ਰਾਹੀਂ ਸ਼ਬਦਾਂ ਵਿਚ ਜੰਮਦੀਆਂ ਕਿਤਾਬਾਂ ਪੜ੍ਹਨ ਦੀ ਰੁਚੀ ਤੋਂ ਸੱਖਣਾ ਕਰ ਦਿੱਤਾ ਗਿਆ ਹੈ। ਕਦੇ ਸੋਚਿਆਂ ਹੈ ਕਿਉਂ ?
ਜ਼ਰੂਰ ਸੋਚਣ ਦੀ ਕਿਰਪਾ ਕਰਨੀ ਕਿਉਂ ਕਿ ਇਸੇ ਵਿਚ ਪੰਥ ਦਾ ਸੁਨਹਿਰੀ ਭਵਿੱਖ ਛੁਪਿਆ ਹੈ......।
ਇਹ ਕਹਿਣਾ ਕਿ ਲੰਮੇ ਲੇਖ ਅਤੇ ਅੱਖਰਾਂ ਵਿਚ ਲਿਖਿਆ ਪੜ੍ਹਨ ਦਾ ਜ਼ਮਾਨਾਂ ਮੁੱਕ ਗਿਆ; ਸਿੱਖ ਦੀ ਸਿੱਖੀ ਦੇ ਵਿਪਰੀਤ ਹੈ ਕਿਉਂਕਿ ਸਿੱਖ ਦਾ ਤਾਂ ਗੁਰੂ ਹੀ "ਸ਼ਬਦ ਗੁਰੂ" ਪ੍ਰਣਾਲੀ ਦੀ ਰੂਹ ਵਿੱਚੋਂ ਨਿਕਲਦਾ ਲਿਖਤਬੱਧ ਗੁਰਮਤਿ ਖਿਆਲ ਹੈ । ਕਿਉਂਕਿ, ਸਿੱਖ ਦਾ ਗੁਰੂ ਲਿਖਤਬਧ ਹੈ। ਤੇ ਬਿਨਾ ਲਿਖਤਬਧ ਵਿਧਾਨ, ਪ੍ਰੋਗਰਾਮ, ਏਜੰਡੇ, ਮਰਿਆਦਾ ਅਤੇ ਮੰਜ਼ਿਲ ਬਗੈਰ ਸਿੱਖ ਦੀ ਗਤੀ ਸੰਭਵ ਨਹੀਂ ਹੈ।
ਅਤਿੰਦਰਪਾਲ ਸਿੰਘ Ex. M.P.
ਅਤਿੰਦਰ ਪਾਲ ਸਿੰਘ ਖਾਲਸਤਾਨੀ
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ ੧)
Page Visitors: 2730