ਅਤਿੰਦਰ ਪਾਲ ਸਿੰਘ ਖਾਲਸਤਾਨੀ
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ 2)
Page Visitors: 2853
"ਸਰਬੱਤ ਖ਼ਾਲਸਾ" ਦਾ ਅਸਲ ਸਰੂਪ, ਵਿਧੀ ਵਿਧਾਨ, ਲਾਗੂ ਕਰਨ ਅਤੇ ਜਥੇਬੰਦ ਢਾਂਚਾ ਕੀ ਹੋਵੇ ? (ਭਾਗ 2)
ਦਾ "ਗੁਰਮਤਿ ਪ੍ਰਣਾਲੀ" ਦੀ ਰੌਸ਼ਨੀ ਵਿਚ ਉੱਤਰ
20 ਅਕਤੂਬਰ ਦਾ ਦਿਨ ਸਿੱਖਾਂ ਵਿਚ ਦਸ ਗੁਰੂ ਸਰੀਰਾਂ ਦੀ ਸਰੀਰ ਜੁਗਤਿ ਦੇ ਪ੍ਰਵੇਸ਼ ਕਰ ਜਾਣ ਦਾ ਦਿਨ ਹੈ। ਇਸ ਲਈ ਇਹ ਸਿੱਖ ਹਸਤੀ ਲਈ ਬਹੁਤ ਵੱਡਾ ਕੌਮੀ ਦਿਹਾੜਾ ਹੈ। 1708 ਨੂੰ ਇਸੇ ਦਿਨ ਨੰਦੇੜ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰੀਰ ਰੂਪ ਵਿਚ ਦਸ ਗੁਰੂ ਸਾਹਿਬਾਨਾਂ ਦੀ ਸਰੀਰ ਜੁਗਤਿ ਨੂੰ ਮੁਕਾ ਕੇ, ਸਰੀਰ ਗੁਰੂ ਖ਼ਾਲਸੇ ਨੂੰ ਸਥਾਪਿਤ ਕਰ ਆਦੇਸ਼ ਦੇ ਦਿੱਤਾ ਕਿ
"ਗੁਰੂ ਖਾਲਸਾ ਖਾਲਸਾ ਗੁਰੂ ॥ ਅਬਿ ਤੇ ਹੋਇ ਐਸੀ ਬਿਧਿ ਸ਼ੁਰੂ ॥
ਅਪਨੀ ਜੋਤਿ ਖਾਲਸੇ ਬਿਖੈ ॥ ਹਮ ਨੇ ਧਰੀ ਸਕਲ ਜਗ ਪਿਖੈ ॥20॥"
ਦੋਹਰਾ॥"ਖ਼ਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਇ ॥
ਆਨ ਨ ਮਾਂਨੈ ਆਨ ਕੀ, ਇਕ ਸੱਚੇ ਬਿਨ ਪਾਸ਼ਾਹ ॥35॥"
ਦੋਹਰਾ ॥"ਗੁਰੂ ਖ਼ਾਲਸਾ ਮਾਨੀਅਹਿ ਪਰਗਟ ਗੁਰੂ ਕੀ ਦੇਹ ਜੋ ਸਿਖ ਮੋ ਮਿਲਬੋ ਚਹਿਹ, ਖੋਜ ਇਨਹੁ ਮਹਿ ਲੇਹੁ ॥24॥
ਅਕਾਲ ਪੁਰਖ ਕੀ ਮੂਰਤਿ ਏਹ ॥ ਪਰਗਟ ਅਕਾਲ ਖਾਲਸਾ ਦੇਹਿ ॥
ਯਾਮੇਂ ਰੰਚ ਨਹਿ ਮਿਥਿਆ ਭਾਖੀ ॥ ਗੁਰ ਨਾਨਕ ਗੁਰ ਅੰਗਦ ਸਾਖੀ ॥28॥
ਦੋਹਰਾ ॥ਲੈਣਾ ਦੇਣਾ ਖਾਲਸੇ, ਆਨ ਦੇਵ ਸਭ ਝੂਠ ਅਉਰ ਦੇਵ ਇਵ ਮਾਨੀਏ, ਜਿਉਂ ਬਾਰੂ ਕੀ ਮੂਠ॥29॥
ਅਕਾਲ ਪੁਰਖ ਕੇ ਬਚਨ ਸਿਉਂ, ਪ੍ਰਗਟ ਚਲਾਯੋ ਪੰਥ ਸਭ ਸਿਖਨ ਕੋ ਬਚਨ ਹੈ, ਗੁਰੂ ਮਾਨੀਅਹੁ ਗ੍ਰੰਥ ॥30॥"
ਸਤਿਕਾਰ ਨਾਲ ਇਸੇ ਦਿਨ ਇਹ ਪੁਸਤਕ, "10 ਨਵੰਬਰ 2016 ਨੂੰ ਸਰਬੱਤ ਖ਼ਾਲਸਾ ਦੇ ਸੱਦੇ ਜਾਣ ਤੋਂ ਪਹਿਲਾਂ" ਪਾਠਕਾਂ ਸਮੇਤ "ਸਰਬੱਤ ਖ਼ਾਲਸਾ" ਲਈ ਸਰਗਰਮ ਸਭਨਾਂ ਧਿਰਾਂ ਦੇ ਹੱਥਾਂ ਵਿਚ ਦਿੰਦੇ ਹੋਏ ਮੈਨੂੰ ਖ਼ੁਸ਼ੀ ਮਹਿਸੂਸ ਹੋ ਰਹੀ ਹੈ। ਆਓ ਕੋਈ ਠੋਸ, ਨਿੱਘਰ ਅਤੇ ਭਵਿੱਖ ਘਾੜਤ ਫ਼ੈਸਲੇ ਕਰੀਏ.....
ਜਿੱਥੋਂ ਤਕ "ਸਰਬੱਤ ਖ਼ਾਲਸਾ" ਦੇ ਵਿਧੀ ਵਿਧਾਨ ਦੇ ਘੜਨ ਦਾ ਪ੍ਰਸ਼ਨ ਹੈ ਤਾਂ ਇਹ ਆਪਣੇ ਆਪ ਵਿਚ ਹੀ ਇੱਕ ਗ਼ਲਤ ਸੋਚ ਇਸ ਲਈ ਹੈ ਕਿ ਸਿੱਖ ਵਿਰਸੇ ਵਿਚ ਇਹ ਸਭ ਕੀਤਾ ਜਾ ਚੁਕਾ ਹੈ। ਧੜਿਆਂ ਵਿਚ ਕੈਦ ਅੱਜ ਦਾ ਸਿੱਖ ਉਸ ਤੋਂ ਸੁਧਰਿਆ ਤੇ ਚੰਗੇਰਾ ਕੰਮ ਸ਼ਾਇਦ ਨਾਂਹ ਕਰ ਸਕੇ। ਆਧੁਨਿਕ ਯੁੱਗ ਵਿਚ ਇਸ ਦੇ ਵਿਧੀ ਵਿਧਾਨ ਅਤੇ ਅਮਲ ਦਾ ਵਿਵਹਾਰਿਕ ਰੂਪ "ਖ਼ਾਲਸੇ" ਵੱਲੋਂ "ਸਿੱਖ ਰਹਿਤ ਮਰਿਆਦਾ ਨੂੰ ਤਿਆਰ ਕਰਨ ਅਤੇ ਲਾਗੂ ਕਰਨ" ਦੇ ਰੂਪ ਵਿਚ ਸਾਡੇ ਪਾਸ ਮੌਜੂਦ ਹੈ। ਉਸੇ ਢੰਗ, ਤਰੀਕਾਕਾਰ, ਚਲਨ ਅਤੇ ਵਿਧੀ ਨੂੰ ਹੀ ਅਪਣਾਇਆ, ਧੜਿਆਂ ਵਿਚ ਵੰਡੇ ਪਏ ਸਿੱਖ ਨੂੰ ਹੁਣ ਇੱਕ ਮੁੱਠ ਕੀਤਾ ਜਾ ਸਕਦਾ ਹੈ। ਇਸ ਲਈ ਮੈਂ "ਸਰਬੱਤ ਖ਼ਾਲਸਾ" ਲਈ ਨਵੇਂ ਵਿਧੀ ਵਿਧਾਨ ਘੜਨ ਦੀ ਕੋਈ ਲੋੜ ਨਹੀਂ ਸਮਝਦਾ। ਹਾਂ, ਇਹ ਕਿਸ ਉਦੇਸ਼ ਲਈ ਹੋਵੇ ਤੇ ਕੀ ਸੰਕਲਪ, ਨਿਸ਼ਚਾ ਅਤੇ ਮੰਜ਼ਿਲ ਕੌਮ ਲਈ ਨੀਅਤ ਕਰੇ ਇਨ੍ਹਾਂ ਵਿਸ਼ਿਆਂ ਨੂੰ ਵਿਚਾਰਨ ਦੀ ਲੋੜ ਹੈ, ਤੇ ਇਹੋ ਵਿਸ਼ਾਂ ਦਾਸ ਆਪ ਜੀ ਦੇ ਸਨਮੁੱਖ ਪੇਸ਼ ਕਰ ਰਿਹਾ ਹੈ; ਇਸ ਤੇ ਗੰਭੀਰ ਵਿਚਾਰ ਅਤੇ ਸੰਵਾਦ ਦੀ ਤੀਬਰ ਲੋੜ ਹੈ। ਹੇਠਲੇ ਵਿਸ਼ੇ ਇਨ੍ਹਾਂ ਚੁਨੌਤੀਆਂ ਨੂੰ ਹੀ ਬੌਚਨ ਅਤੇ ਉਨ੍ਹਾਂ ਦੇ ਸਿਲਸਿਲੇਵਾਰ ਹੱਲ ਪੇਸ਼ ਕਰਦੇ ਹਨ; ਜਿਸ ਤੋਂ ਬਾਅਦ ਹੀ ਸਿੱਖ ਆਪਣੀ ਅਸਲ ਮੰਜ਼ਿਲ ਨੂੰ ਫ਼ਤਿਹ ਕਰ ਸਕਦੇ ਹਨ । ਇਸ ਲਈ ਧਿਆਨ, ਸਬਰ ਅਤੇ ਬਿਬੇਕ ਨਾਲ ਇਨ੍ਹਾਂ ਨੂੰ ਸਿਲਸਿਲੇਵਾਰ ਪੜ੍ਹਨ ਦੀ ਕਿਰਪਾਲਤਾ ਕਰਨ ਦੀ ਦਾਸ ਬੇਨਤੀ ਕਰਦਾ ਹੈ।