ਕਹਿ ਕਬੀਰ ਕੋ ਲਖੈ ਨ ਪਾਰ ॥ ਪ੍ਰਹਲਾਦ ਉਧਾਰੇ
ਅਨਿਕ ਬਾਰ ॥
ਨਹੀ ਛੋਡਉ ਰੇ ਬਾਬਾ ਰਾਮ ਨਾਮ ॥ ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥
ਸੰਡੈ ਮਰਕੈ ਕਹਿਓ ਜਾਇ ॥ ਪ੍ਰਹਲਾਦ ਬੁਲਾਏ ਬੇਗਿ ਧਾਇ ॥
ਤੂ ਰਾਮ ਕਹਨ ਕੀ ਛੋਡੁ ਬਾਨਿ ॥ ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
ਮੋ ਕਉ ਕਹਾ ਸਤਾਵਹੁ ਬਾਰ ਬਾਰ ॥ ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥ ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
ਕਾਢਿ ਖੜਗੁ ਕੋਪਿਓ ਰਿਸਾਇ ॥ ਤੁਝ ਰਾਖਨਹਾਰੋ ਮੋਹਿ ਬਤਾਇ ॥
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥ ਹਰਨਾਖਸੁ ਛੇਦਿਓ ਨਖ ਬਿਦਾਰ ॥੪॥
ਓਇ ਪਰਮ ਪੁਰਖ ਦੇਵਾਧਿ ਦੇਵ ॥ ਭਗਤਿ ਹੇਤਿ ਨਰਸਿੰਘ ਭੇਵ ॥
ਕਹਿ ਕਬੀਰ ਕੋ ਲਖੈ ਨ ਪਾਰ ॥ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥ ਅੰਕ 1194
ਸ਼ਬਦ ਭਾਵ ਅਤੇ ਵਿਚਾਰ: ਭਗਤ ਪ੍ਰਹਿਲਾਦ ਉਸ ਰੱਬ ਦੇ ਗੁਣ ਗਾਂਉਦਾ ਸੀ , ਲੇਕਿਨਉਸ ਦੇ ਪਿਤਾ ਹਰਨਾਖਸ਼ ਨੂੰ ਉਸ ਦਾ ਪ੍ਰਭੂ ਜੱਸ ਗਾਇਨ ਕਰਨਾਂ ਚੰਗਾ ਨਹੀ ਸੀ ਲਗਦਾ। ਇਸ ਵ੍ਰਿਤਾਂਤ ਨੂੰ ਬਾਬਾ ਕਬੀਰ ਜੀ ਨੇ ਇਸ ਸ਼ਬਦ ਵਿੱਚ ਉਨਾਂ ਲੋਕਾਂ ਨੂੰਟਾਰਗੇਟ ਕਰਦਿਆਂ ਸੰਕੇਤ ਕੀਤਾ ਹੈ , ਜਿਨਾਂ ਨੂੰ ਉਸ ਪ੍ਰਭੂ ਦਾ ਜਸ ਗਾਇਨ ਕਰਣ ਵਾਲੇ ਚੰਗੇ ਨਹੀ ਲਗਦੇ, ਅਤੇ ਉਨਾਂ ਤੇ ਤਸ਼ਦਦ ਕਰਕੇ ਉਨਾਂ ਨੂੰ ਉਸ ਮਾਲਿਕ ਦਾ ਨਾਮ ਲੈਣ ਤੋਂ ਰੋਕਦੇ ਨੇ । ਪ੍ਰਹਿਲਾਦ ਭਗਤ ਅਪਣੇ ਪਿਤਾ ਹਰਨਾਖਸ਼ ਨੂੰ ਕਹਿੰਦੇ ਹਨ ਕਿ , ਮੈਂ ਉਸ ਰਾਮ ਦਾ ਨਾਮ ਲੈਣਾਂ ਨਹੀ ਛੱਡ ਸਕਦਾ ਹੋਰ ਕੁਝ ਵੀ ਪੜ੍ਹਨਾਂ ਮੇਰੇ ਕਿਸੇ ਕਮ ਦਾ ਨਹੀ ਹੈ। ਸੰਡੇ ਮਰਕੇ ਨੇ ਜਾਂ ਕੇ ਪ੍ਰਹਿਲਾਦ ਦੀ ਇਸ ਗਲ ਦੀ ਸ਼ਿਕਾਇਤ ਹਰਨਾਖਸ਼ ਨੂੰ ਕੀਤੀ ਅਤੇ ਉਸ ਨੇ ਪ੍ਰਹਿਲਾਦ ਨੂੰ ਫੌਰਨ ਬੁਲਾ ਲਿਆ ।
ਪ੍ਰਹਿਲਾਦ ਨੂੰ ਹੁਕਮ ਕੀਤਾ ਕਿ ਤੂੰ ਅਪਣੇ ਰਾਮ ਦੀ ਗੱਲ (ਸੱਚ) ਕਹਿਣਾਂ ਛੱਡ ਦੇ, ਤਾਂ ਮੈਂ ਤੈਨੂੰ ਮੁਕਤ ਕਰ ਦਿਆਂ ਗਾ। ਪ੍ਰਹਿਲਾਦ ਨੇ ਕਹਿਆ , ਇਹ ਪਰਬਤ, ਜਲ ਅਤੇ ਥਲ ਸਭ ਉਸ ਕਰਤੇ ਦੇ ਬਣਾਏ ਹਨ , ਜਿਸ ਦਾ ਨਾਮ ਲੈਣ ਤੋਂ ,ਤੂੰ ਮੈਨੂੰ ਰੋਕ ਰਿਹਾ ਹੈ। ਐਸਾਕਹਿ ਕੇ ਤੂੰ ,ਮੈਨੂੰ ਕਿਉ ਸਤਾ ਰਿਹਾ ਹੈ ? ਮੈਂ ਉਸ ਪ੍ਰਭੂ ਦਾ ਨਾਮ ਲੈਣਾਂ ਛੱਡ ਕੇ ਗੁਣਿਹ ਗਾਰ ਨਹੀ ਬਣ ਸਕਦਾ, ਤੂੰ ਭਾਵੇ ਮੈਨੂੰ ਮਾਰ ਦੇ ਭਾਵੇ ਸਾੜ ਦੇ। ਹਰਨਾਖਸ਼ ਉਸ ਨੂੰ ਅਪਣੀ ਖੜਗ ਕਡ੍ਹ ਕੇ ਪੁਛਦਾ ਹੈ , ਹੁਣ ਤੂੰ ਦਸ ਤੇਰਾ ਰੱਬ ਕਿਥੇ ਹੈ: ਭਾਵ ਹੁਣ ਤੇਰੀ ਰਖਿਆਂ ਕੌਣ ਕਰੇਗਾ ? ਉਸੇ ਵੇਲੇ, ਜਿੱਸ ਥੰਮ ਨਾਲ ਭਗਤ ਪ੍ਰਹਿਲਾਦ ਨੂੰ ਬਣਿਆ ਹੋਇਆ ਸੀ , ਉਸ ਵਿਚੋ ਨਰਸਿੰਘ ਦਾ ਰੂਪ ਧਾਰਣ ਕਰ ਕੇ ,ਪ੍ਰਭੂ ਆਪ ਨਿਕਲੇ ਅਤੇ ਅਪਣੇ ਤੇਜ ਨਾਖੂਨਾਂ ਨਾਲ ਹਰਨਾਖਸ਼ ਢਿਡ ਪਾੜ ਕੇ ਉਸਨੂੰ ਨੂੰ ਮਾਰ ਦਿਤਾ। ਉਹ ਪਰਮ ਪੁਰਖ ਕਰਤਾਰ ਸਭ ਤੋਂ ਵੱਡਾ ਹੈ । ਉਹ ਅਪਣੇ ਭਗਤਾਂ ਲਈ ਕਿਸੇ ਵੀ ਭੇਖ ਵਿੱਚ ਹਾਜਿਰ ਹੋ ਜਾਂਦਾ ਹੈ। ਉਸ ਦਾ ਭੇਦ ਕਿਸੇ ਨੇ ਨਹੀ ਜਾਣਿਆ । ਉਸ ਨੇ ਅਪਣੇ ਭਗਤ ਰੂਪੀ ਕਈ ਪ੍ਰਹਿਲਾਦਾਂ ਦੀ ਸਹਾਇਤਾ , ਅਨੇਕਾਂ ਵਾਰ ਕੀਤੀ ਹੈ।
ਮੇਰੇ ਮਨ ਦਾ ਵਲਵਲਾ : 16-17 ਫਰਵਰੀ ਨੂੰ , ਕਾਨਪੁਰ ਦੀ ਸੰਗਤ ਦਾ ਗੁਰਬਾਣੀ ਪ੍ਰੇਮ ਅਤੇ ਬੁਰਛਾਗਰਦਾਂ ਦਾ ਉਨਾਂ ਨੁੰ ਗੁਰਬਾਣੀ ਕੀਰਤਨ ਤੋਂ ਰੋਕਣ ਲਈ ਹਰ ਹੀਲਾ ਵਰਤਨਾਂ। ਸੰਡੇ ਮਰਕਿਆ ਦੇ ਆਖੇ ਲਗ ਕੇ ਉਨਾਂ ਨੂੰ ਡਰਾਉਣਾਂ ਧਮਕਾਣਾਂ । ਇਹ ਸਭ ਵੇਖ ਕੇ , ਮੈਨੂੰ ਉਸ ਗੁਰਬਾਣੀ ਕੀਰਤਨ ਸੁਨਣ ਵਾਲੀ ਸਿੱਖ ਸੰਗਤ ਦੇ ਇਕ ਇਕ ਪ੍ਰਾਣੀ ਵਿੱਚ ਉਸ ਵੇਲੇ ਭਗਤ ਪ੍ਰਹਲਾਦ ਨਜਰ ਆ ਰਹਿਆ ਸੀ। ਭਗਤ ਪ੍ਰਹਿਲਾਦ ਉਸ ਪ੍ਰਭੂ ਦੇ ਜੱਸ ਨੂੰ ਸੁਨਣਾਂ ਅਤੇ ਗਾਣਾਂ ਚਾਂਉਦਾ ਸੀ ਅਤੇ ਹਰਣਾਖਸ਼ ਰੂਪੀ ਬੁਰਛਾਗਰਦ ਹਰ ਹਾਲ ਵਿੱਚ ਉਸ ਨੂੰ ਰੋਕਨਾਂ ਚਾਂਉਦੇ ਸੀ। ਬਾਬਾ ਕਬੀਰ ਜੀ ਦਾ ਇਹ ਸ਼ਬਦ ਉਸ ਵੇਲੇ ਮੇਰੇ ਮੰਨ ਵਿੱਚ ਗੂੰਜ ਰਿਹਾ ਸੀ । ਇਉ ਲਗ ਰਿਹਾ ਸੀ ਕਿ ਕਾਨਪੁਰ ਦੀ ਸੰਗਤ ਵਿੱਚ ਬੈਠਾ ਪ੍ਰਹਿਲਾਦ ਉਸ ਹਰਨਾਖਸ ਨੂੰ ਕਹਿ ਰਿਹਾ ਹੋਵੇ ਕਿ, ਮੈ ਗੁਰਬਾਣੀ ਕੀਰਤਨ ਨਹੀ ਛੱਡ ਸਕਦਾ , ਮੇਰਾ ਕੰਮ ਸਿਰਫ ਸੱਚ ਸੁਨਣਾਂ ਅਤੇ ਕਹਿਣਾਂ ਹੈ । ਤੇਰੇ ਕੂੜਨਾਮੇ ਪੜ੍ਹਨ ਅਤੇ ਮਨਣ ਦਾ ਮੇਰੇ ਕੋਲ ਵਕਤ ਨਹੀ। ਤੂੰ ਅਪਣੇ ਬੰਦੇ ਭੇਜ ਕੇ ,ਮੈਨੂੰ ਸੱਚ ਕਹਿਣ ਤੋਂ ਰੋਕਨਾਂ ਚਾਂਉਦਾ ਹੈ। ਤੂੰ ਸਾਨੂੰ ਵਾਰ ਵਾਰ ਫੇਕਸ ਭੇਜ ਕੇ ਪ੍ਰਸਾਸ਼ਨ ਕੋਲੋਂ ਸਾਨੂੰ ਜੁਤੀਆਂ ਮਰਵਾਨ ਦਾ ਫੁਰਮਾਨ ਜਾਰੀ ਕਰਕੇ, ਕਿਉ ਸਤਾ ਰਿਹਾ ਹੈ ? ਅਸੀ ਤੇਰਾ ਕੀ ਵਿਗਾੜਿਆ ਹੈ ? ਇਹ ਸਾਰੀ ਕੁਦਰਤ , ਜਲ, ਥਲ ਅਤੇ ਪਹਾੜ ਉਸ ਕਰਤਾਰ ਦੇ ਹੀ ਤਾਂ ਬਣਾਏ ਹੋਏ ਹਨ, ਜਿਸ ਦਾ ਅਸੀ ਜੱਸ ਗਾਇਨ ਕਰਨਾਂ ਚਾਂਉਦੇ ਹਾਂ । ਉਸ ਪ੍ਰਭੂ ਦੇ ਗੁਣ ਗਾਉਣ ਤੋਂ ਤੂੰ ਸਾਨੂੰ ਕਿਵੇਂ ਰੋਕ ਸਕਦਾ ਹੈ? ਹਰਨਾਖਸ਼ਾ ! ਤੂੰ ਭਾਵੇ ਸਾਨੂੰ ਮਾਰ ਛੱੜ , ਭਾਵੇ ਜਲਾ ਦੇ, ਤੂੰ ਭਾਵੇ ਜਿਨਾਂ ਤਸ਼ਦੱਦ ਕਰ ਲੈ , ਅਸੀ ਉਸ ਸੱਚੇ ਪ੍ਰਭੂ ਦੇ ਗੁਣ ਗਾਇਨ ਜਰੂਰ ਕਰਾਂਗੇ। ਅਜੋਕੇ ਹਰਨਾਖਸ਼ਾਂ ਨੇ ਅਪਣੀ ਖੜਗ (ਤਾਕਤ) ਵਰਤ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਪ੍ਰਹਿਲਾਦ ਦੇ ਰੱਬ ਦੀ ਹੋਂਦ ਨੂੰ ਵੀ ਚਨੌਤੀ ਦਿਤੀ। ਉਸੇ ਵੇਲੇ ਉਸ ਪ੍ਰਭੂ ਨੇ ਆਪ ਭਾਣਾਂ ਵਰਤਾਇਆ ਅਤੇ ਪੁਲਿਸ ਦੀਆਂ ਦੋ ਜੀਪਾਂ ਜੋ ਸਾਡੇ ਕਾਫਿਲੇ ਦੇ ਬਿਲਕੁਲ ਕਰੀਬ ਖੜੀਆਂ ਸੀ , ਸਾਨੂੰ ਵੇਖ ਤਕ ਨਾਂ ਸਕੀਆਂ ਅਤੇ ਕਾਫਿਲਾ ਅਪਣੀ ਮੰਜਿਲ ਵਲ ਵੱਧ ਗਇਆ। ਉਹ ਅਕਾਲ ਪੁਰਖ ਬਹੁਤ ਸ਼ਕਤੀ ਸ਼ਾਲੀ ਹੈ ,ਅਤੇ ਅਪਣੇ ਭਗਤਾਂ ਦੀ ਰਖਿਆ ਲਈ , ਕਿਸੇ ਵੀ ਰੂਪ ਵਿੱਚ ਵਰਤ ਜਾਂਦਾ ਹੈ। ਉਸ ਪ੍ਰਭੂ ਦਾ ਕੋਈ ਅੰਤ ਨਹੀ ਜਾਂਣਦਾ, ਉਸ ਨੇ ਅਪਣੇ ਭਗਤਾਂ ਰੂਪੀ ਪ੍ਰਹਿਲਾਦਾਂ ਦੀ ਇਜੱਤ ਪੱਤ ਦੀ ਰਾਖੀ, ਇੱਸੇ ਤਰ੍ਹਾਂ ਅਨੇਕਾਂ ਵਾਰ ਕੀਤੀ ਹੈ।
ਇੰਦਰ ਜੀਤ ਸਿੰਘ,ਕਾਨਪੁਰ