ਕੈਟੇਗਰੀ

ਤੁਹਾਡੀ ਰਾਇ

New Directory Entries


ਸੁਖਜੀਤ ਸਿੰਘ ਕਪੂਰਥਲਾ
- * ਗੁਰ ਮੰਤ੍ਰ ਹੀਣਸੑ ਜੋ ਪ੍ਰਾਣੀ * -
- * ਗੁਰ ਮੰਤ੍ਰ ਹੀਣਸੑ ਜੋ ਪ੍ਰਾਣੀ * -
Page Visitors: 2798

-  *  ਗੁਰ ਮੰਤ੍ਰ ਹੀਣਸੑ ਜੋ ਪ੍ਰਾਣੀ  *  -
ਪ੍ਰਮੇਸ਼ਰ ਵਲੋਂ ਸਾਜੀ ਗਈ 84 ਲੱਖ ਜੂਨਾਂ ਵਾਲੀ ਸ੍ਰਿਸ਼ਟੀ ਵਿਚੋਂ ਮਨੁੱਖ ਨੂੰ ਬਾਕੀ ਜੂਨਾਂ ਦੇ ਮੁਕਾਬਲੇ
ਅਵਰ ਜੋਨਿ ਤੇਰੀ ਪਨਿਹਾਰੀ।। ਇਸੁ ਧਰਤੀ ਮਹਿ ਤੇਰੀ ਸਿਕਦਾਰੀ।। " (੩੭੩)
 ਸਰਦਾਰੀ ਵਾਲੀ ਜੂਨ ਆਖਿਆ ਜਾਂਦਾ ਹੈ। ਇਸ ਦੀ ਸਰਦਾਰੀ ਤਾਂ ਹੀ ਸਲਾਮਤ ਹੈ ਜੇ ਇਸਦੇ ਕਰਮ ਵੀ ਸਰਦਾਰਾਂ ਵਾਲੇ ਹੋਣ। ਸਰਵੋਤਮ ਹੋਣ ਕਰਕੇ ਇਸਦੀ ਜਿੰਮੇਵਾਰੀ ਵੀ ਉਨੀ ਹੀ ਵੱਡੀ ਹੋਣੀ ਲਾਜ਼ਮੀ ਹੈ। ਪ੍ਰਮੇਸ਼ਰ ਨੇ ਉਸਨੂੰ ਬੁੱਧੀ ਵਰਤਣ ਲਈ ਦਿਤੀ ਹੈ, ਜਿਸ ਦੀ ਸਦਵਰਤੋਂ ਦੁਆਰਾ ਇਸਨੇ ਮਨੁੱਖਤਾ ਦਾ ਭਲਾ ਕਰਨ ਲਈ ਯਤਨ ਕਰਨੇ ਹਨ, ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਪਹਿਲਾਂ ਆਪਣਾ ਭਲਾ ਆਪ ਕਰਨ ਦੇ ਯੋਗ ਹੋ ਸਕੇ। ਇਹ ਸਭ ਕੁੱਝ ਇਸ ਦੇ ਜੀਵਨ ਵਿੱਚ ਪ੍ਰਮੇਸ਼ਰ ਦੇ ਸ਼ੁਭ ਗੁਣਾਂ ਦਾ ਵਾਸਾ ਹੋਣ ਕਰਕੇ ਹੀ ਹੋ ਸਕੇਗਾ। ਪ੍ਰਮੇਸ਼ਰ ਨਾਲ ਸਾਂਝ ਪਾਉਣ ਲਈ ਗੁਰਬਾਣੀ ਨੇ ਸਾਨੂੰ ਮਾਰਗ ਦਰਸ਼ਨ ਦਿਤਾ ਹੈ ਕਿ
"ਬਿਨੁ ਸਤਿਗੁਰ ਕਿਨੈ ਨ ਪਾਇਓ ਬਿਨੁ ਸਤਿਗੁਰ ਕਿਨੈ ਨ ਪਾਇਆ।।
 ਸਤਿਗੁਰ ਵਿਚਿ ਆਪੁ ਰਖਿਓਨੁ ਕਰਿ ਪਰਗੁਟ ਆਖਿ ਸੁਣਾਇਆ
।। " (੪੬੬)
 ਭਾਵ ਸੱਚੇ ਗੁਰੂ ਦੀ ਗਿਆਨ ਰੂਪੀ ਸੰਗਤ/ ਉਪਦੇਸ਼ ਤੋਂ ਬਿਨਾਂ ਐਸਾ ਸੰਭਵ ਨਹੀਂ ਹੈ।ਇਸ ਸਬੰਧ ਵਿੱਚ ਅਸੀਂ ਅਕਸਰ ਹੀ ਸਿੱਖ ਸਟੇਜਾਂ ਤੋਂ ਪ੍ਰਚਾਰਕ ਸਾਹਿਬਾਨ ਦੁਆਰਾ ਗੁਰੂ ਅਰਜਨ ਪਾਤਸ਼ਾਹ/ ਗੁਰੂ ਤੇਗ ਬਹਾਦਰ ਜੀ ਦੇ ਪਾਵਨ ਬਚਨ ਸੁਣਦੇ ਹਾਂ-
(1) ਗੁਰ ਮੰਤ੍ਰ ਹੀਣਸੑ ਜੋ ਪ੍ਰਾਣੀ ਧ੍ਰਿਗੰਤ ਜਨਮ ਭ੍ਰਸਟਣਹ।।
    ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹਿ
।। ੩੩।।(ਸਲੋਕ ਸਹਸਕ੍ਰਿਤੀ ਮਹਲਾ ੫-੧੩੫੩)
(2) ਏਕ ਭਗਤਿ ਭਗਵਾਨ ਜਿਹ ਪ੍ਰਾਨੀ ਕੈ ਨਾਹਿ ਮਨ।।
    ਜੈਸੇ ਸੂਕਰ ਸੁਆਨ ਨਾਨਕ ਮਾਨੋ ਤਾਹਿ ਤਨੁ
।। ੪੪।।(ਸਲੋਕ ਮਹਲਾ ੯-੧੪੨੬)  
   - ਭਾਵ 1- ਜਿਹੜਾ ਬੰਦਾ ਸਤਿਗੁਰੂ ਦੇ ਉਪਦੇਸ਼ ਤੋਂ ਸੱਖਣਾ ਹੈ, ਉਸ ਭੈੜੀ ਬੁੱਧ ਵਾਲੇ ਦਾ ਜੀਵਨ ਫਿਟਕਾਰ ਯੋਗ ਹੈ। ਉਹ ਮੂਰਖ ਕੁੱਤੇ, ਸੂਰ, ਖੋਤੇ, ਕਾਂ, ਸੱਪ ਦੇ ਬਰਾਬਰ ਹੈ। (ਇਥੇ ‘ਗੁਰ ਮੰਤ੍ਰ ਹੀਣਸੑ ਜੋ ਪ੍ਰਾਣੀ` ਤੋਂ ਅਕਸਰ ਭਾਵ ਇਹ ਲਿਆ ਜਾਂਦਾ ਹੈ ਕਿ ਜਿਸਨੇ ਪੰਜ ਪਿਆਰਿਆਂ ਪਾਸੋਂ ਅੰਮ੍ਰਿਤਪਾਨ ਨਹੀਂ ਕੀਤਾ, ਉਨ੍ਹਾਂ ਬਾਰੇ ਗੁਰੂ ਸਾਹਿਬ ਵਲੋਂ ਐਸਾ ਕਿਹਾ ਗਿਆ ਹੈ। ਪ੍ਰੰਤੂ ਇਥੇ ਸਹੀ ਭਾਵ ਅਰਥ ਇਹ ਹੈ ਕਿ ਜਿਸਨੇ ਗੁਰੂ ਦੀ ਸਿੱਖਿਆ ਗ੍ਰਹਿਣ ਨਹੀਂ ਕੀਤੀ। ਖੰਡੇ ਬਾਟੇ ਦੀ ਪਾਹੁਲ ਪ੍ਰਾਪਤ ਕਰਨਾ ਗੁਰੂ
ਸਿੱਖਿਆ ਦਾ ਇੱਕ ਹਿਸਾ ਜ਼ਰੂਰ ਹੈ। ਜਿਵੇਂ ਉਦਾਹਰਣ ਤੌਰ ਤੇ ਸਮਝ ਸਕਦੇ ਹਾਂ ਕਿ ਜੇ ਕਿਸੇ ਨੇ ਅੰਮ੍ਰਿਤ ਛਕਿਆ ਹੋਵੇ ਪਰ ਕਰਮ ਸਿੱਖੀ ਤੋਂ ਉਲਟ ਹੋਣ ਉਸ  ਦਾ ਅੰਮ੍ਰਿਤ ਛਕਣਾ ਵੀ ਇੱਕ ਛਲਾਵਾ, ਕਰਮਕਾਂਡ ਹੀ ਹੋਵੇਗਾ। ਅੰਦਰ ਬਾਣੀ-ਬਾਹਰ ਬਾਣਾ ਭਾਵ ਬਾਣੀ ਅਤੇ ਬਾਣੇ ਦੇ ਸਹੀ ਸੁਮੇਲ ਵਾਲਾ ਜੀਵਨ ਹੋਣਾ ਚਾਹੀਦਾ ਹੈ।)    
   - ਭਾਵ 2- ਜਿਸ ਮਨੁੱਖ ਦੇ ਮਨ ਵਿੱਚ ਪ੍ਰਮਾਤਮਾ ਦੀ ਭਗਤੀ ਨਹੀਂ ਹੈ, ਹੇ ਨਾਨਕ! ਉਸ ਦਾ ਸਰੀਰ ਉਹੋ ਜਿਹਾ ਹੀ ਸਮਝ ਜਿਹੋ ਜਿਹਾ ਕਿਸੇ ਸੂਰ ਦਾ ਸਰੀਰ ਹੈ ਜਾਂ ਕਿਸੇ ਕੁੱਤੇ ਦਾ ਸਰੀਰ ਹੈ।
ਇਨ੍ਹਾਂ ਪਾਵਨ ਬਚਨਾਂ ਦੇ ਸਬੰਧ ਵਿੱਚ ਵਿਚਾਰਣ ਦਾ ਵਿਸ਼ਾ ਹੈ ਕਿ ਗੁਰੂ ਦੀ ਮੱਤ ਤੋਂ ਖਾਲੀ, ਆਪਣੇ ਮਨ ਦੀ ਮਤਿ ਤੇ ਭਰੋਸਾ ਕਰਕੇ ਮੂਰਖਤਾ ਭਰਪੂਰ ਜੀਵਨ ਬਤੀਤ ਕਰਨ ਵਾਲੇ ਨੂੰ ਇਨ੍ਹਾਂ ਜਾਨਵਰਾਂ ਨਾਲ ਉਪਮਾ ਕਿਉਂ ਦਿਤੀ ਗਈ ਹੈ?
ਇਹਨਾਂ ਦੇ ਜੀਵਨ ਅੰਦਰ ਕੀ-ਕੀ ਕਮਜ਼ੋਰੀਆਂ ਹਨ? ਇਹ ਸਾਰੇ ਜਾਨਵਰ ਸ਼੍ਰੇਣੀ ਵਿੱਚ ਹੀ ਪੈਦਾ ਹੋਏ, ਇਸੇ ਤਰਾਂ ਹੀ ਜੀਵਨ ਬਤੀਤ ਕਰਕੇ ਅੰਤ ਮੌਤ ਨੂੰ ਪ੍ਰਾਪਤ ਕਰ ਜਾਣਗੇ। ਇਨ੍ਹਾਂ ਦੀਆਂ ਉਦਾਹਰਣਾ ਦੇਣ ਦੇ ਮਕਸਦ ਨੂੰ,
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ` (੬੪੭)
 ਦੇ ਨਜ਼ਰੀਏ ਨਾਲ ਪੜ੍ਹਣ-ਸਮਝਣ ਦੀ ਲੋੜ ਹੈ। ਸਤਿਗੁਰੂ ਨੇ ਦ੍ਰਿਸ਼ਟਾਂਤ ਭਾਵੇਂ ਇਹਨਾਂ ਜਾਨਵਰਾਂ ਦੇ ਦਿਤੇ ਹਨ, ਪਰ ਉਪਦੇਸ਼ ਸਾਰੀ ਮਾਨਵਤਾ ਲਈ ਹੈ ਕਿ ਮਨੁੱਖ ਪੈਦਾ ਹੋ ਕੇ ਭਟਕਣਾ ਤੋਂ ਬਚ ਕੇ ਸਹੀ ਅਰਥਾਂ ਵਿੱਚ,
 "ਕਹੁ ਕਬੀਰ ਇਹੁ ਰਾਮ ਕੀ ਅੰਸੁ।।
  ਜਸ ਕਾਗਦ ਪਰ ਮਿਟੈ ਨ ਮੰਸੁ
।। " (੮੭੧)
 ਵਾਂਗ ਪ੍ਰਮੇਸ਼ਰ ਦਾ ਆਪਣਾ ਗੁਣ ਸਰੂਪ ਹੋ ਕੇ ਉਸਦੇ ਗੁਣ ਗਾਉਂਦਾ ਹੋਇਆ ਉਸੇ ਵਿੱਚ ਹੀ ਲੀਨ ਹੋ ਜਾਵੇ।
ਆਉ ਆਪਾਂ ਗੁਰਬਾਣੀ ਦੇ ਆਧਾਰ ਉਪਰ ਵੇਖਣ ਦਾ ਯਤਨ ਕਰੀਏ ਕਿ ਸਤਿਗੁਰੂ ਜੀ ਨੇ ਗੁਰਮਤਿ ਤੋਂ ਖਾਲੀ ਜੀਵਨ ਵਾਲਿਆਂ ਨੂੰ ਕੁੱਤੇ, ਸੂਅਰ, ਗਧੇ, ਸੱਪ ਨਾਲ ਤੁਲਨਾ ਕਿਉਂ ਕੀਤੀ ਹੈ?
  ਇਹਨਾਂ ਵਿੱਚ ਕੈਸੇ-ਕੈਸੇ ਅਉਗਣ/ਕਮਜ਼ੋਰੀਆਂ ਹਨ, ਜਿਨ੍ਹਾਂ ਤੋਂ ਬਚਦੇ ਹੋਏ ਸਰਵੋਤਮ ਮਨੁੱਖਾ ਜੀਵਨ ਦੀ ਸਰਵੋਤਮਤਾ ਨੂੰ ਬਰਕਰਾਰ ਰੱਖਿਆ ਜਾਣਾ ਜ਼ਰੂਰੀ ਹੈ-
(ੳ) ਕੂਕਰ ਸੂਕਰ ਕਹੀਅਹਿ ਕੂੜਿਆਰਾ।। ਭਉਕਿ ਮਰਹਿ ਭਉ ਭਉ ਹਾਰਾ।।
    ਮਨਿ ਤਨਿ ਝੂਠੇ ਕੂੜ ਕਮਾਵਹਿ ਦੁਰਮਤਿ ਦਰਗਹ ਹਾਰਾ ਹੇ
।। ੧੫।।(ਮਾਰੂ ਮਹਲਾ ੧-੧੦੨੮)ਭਾਵ-
 ਨਿਰੇ ਕੂੜ ਦੇ ਵਪਾਰੀ ਬੰਦੇ ਵੇਖਣ ਨੂੰ ਤਾਂ ਮਨੁੱਖ ਹਨ, ਪਰ ਅਸਲ ਵਿੱਚ ਉਹ ਆਪਣੇ ਆਪ ਨੂੰ ਕੁੱਤੇ ਅਤੇ ਸੂਰ ਹੀ ਅਖਵਾਉਂਦੇ ਹਨ, ਕਿਉਂਕਿ ਕੁੱਤਿਆਂ ਤੇ ਸੂਰਾਂ ਵਾਂਗ ਮਾਇਆ ਦੀ ਖਾਤਰ ਭੌਂਕ-ਭੌਂਕ ਕੇ ਆਤਮਕ ਮੌਤ ਸਹੇੜ ਲੈਂਦੇ ਹਨ, ਸਾਰੀ ਉਮਰ ਭਟਕਦੇ ਭਟਕਦੇ ਥੱਕ ਟੁੱਟ ਜਾਂਦੇ ਹਨ। ਉਨ੍ਹਾਂ ਦੇ ਮਨ ਵਿੱਚ ਮਾਇਆ ਦਾ ਮੋਹ, ਉਨ੍ਹਾਂ ਦੇ ਸਰੀਰ ਵਿੱਚ ਮਾਇਆ ਦਾ ਮੋਹ, ਸਾਰੀ ਉਮਰ ਉਹ ਮੋਹ ਦੀ ਕਮਾਈ ਹੀ ਕਰਦੇ ਹਨ। ਇਸ ਭੈੜੀ ਮੱਤੇ ਲੱਗ ਕੇ ਪ੍ਰਮਾਤਮਾ ਦੀ ਦਰਗਾਹ ਵਿੱਚ ਉਹ ਜੀਵਨ-ਬਾਜ਼ੀ ਹਾਰ ਜਾਂਦੇ ਹਨ।
(ਅ) ਸੂਕਰ ਸੁਆਨ ਗਰਧਭ ਮੰਜਾਰਾ।।ਪਸੂ ਮਲੇਛ ਨੀਚ ਚੰਡਾਲਾ।।
    ਗੁਰ ਤੇ ਮੁਹੁ ਫੇਰੇ ਤਿਨ ਜੋਨਿ ਭਵਾਈਐ।।ਬੰਧਨ ਬਾਧਿਆ ਆਈਐ ਜਾਈਐ
।। ੫।।(ਬਿਲਾਵਲ ਮਹਲਾ ੫-੮੩੨)ਭਾਵ-
 ਉਨ੍ਹਾਂ ਮਨੁੱਖਾਂ ਨੂੰ ਸੂਰ, ਕੁੱਤੇ, ਖੋਤੇ, ਬਿੱਲੇ, ਪਸ਼ੂ, ਮਲੇਛ, ਨੀਚ, ਚੰਡਾਲ ਆਦਿਕਾਂ ਦੀਆਂ ਜੂਨਾਂ ਵਿੱਚ ਭਵਾਇਆ ਜਾਂਦਾ ਹੈ, ਜਿਨ੍ਹਾਂ ਬੰਦਿਆਂ ਨੇ ਆਪਣਾ ਮੂੰਹ ਗੁਰੂ ਵਲੋਂ ਮੋੜਿਆ ਹੋਇਆ ਹੈ, ਮਾਇਆ ਦੇ ਮੋਹ ਦੇ ਬੰਧਨ ਵਿੱਚ ਬੱਝਾ ਹੋਇਆ ਮਨੁੱਖ ਜਨਮ ਮਰਣ ਦੇ ਗੇੜ ਵਿੱਚ ਪਿਆ ਰਹਿੰਦਾ ਹੈ।
(ੲ) ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ।।
     ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ
।।(ਗੂਜਰੀ ਮਹਲਾ ੪-੪੯੩)ਭਾਵ-
 ਜਿਨ੍ਹਾਂ ਮਨੁੱਖਾਂ ਨੇ ਮਹਾਂਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ, ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਿਕ ਮੌਤ ਨੇ ਉਨ੍ਹਾਂ ਨੂੰ ਮਾਰ ਲਿਆ ਹੁੰਦਾ ਹੈ। ਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿੱਚ ਪੈਂਦੇ ਰਹਿੰਦੇ ਹਨ, ਉਨ੍ਹਾਂ ਨਿਰਦਈ ਮਨੁੱਖਾਂ ਨੂੰ ਪ੍ਰਮਾਤਮਾ ਨੇ ਆਤਮਿਕ ਮੌਤੇ ਮਾਰ ਦਿਤਾ ਹੈ।
(ਸ) ਚੰਦਨ ਲੇਪੁ ਉਤਾਰੈ ਧੋਇ।।ਗਰਧਬ ਪ੍ਰੀਤਿ ਭਸਮ ਸੰਗਿ ਹੋਇ।।(ਗਉੜੀ ਸੁਖਮਨੀ ਮਹਲਾ ੫-੨੬੬)ਭਾਵ:-
 ਜਿਵੇਂ ਖੋਤਾ ਚੰਦਨ ਦਾ ਲੇਪ ਧੋ ਕੇ ਲਾਹ ਦਿੰਦਾ ਹੈ, ਕਿਉਂਕਿ ਖੋਤੇ ਦਾ ਪਿਆਰ ਸਦਾ ਸੁਆਹ ਨਾਲ ਹੀ ਹੁੰਦਾ ਹੈ।
(ਹ) ਧੋਤੀ ਖੋਲਿ ਵਿਛਾਏ ਹੇਠਿ।।ਗਰਧਪ ਵਾਂਗੂ ਲਾਹੇ ਪੇਟਿ।।(ਗਉੜੀ ਮਹਲਾ ੫-੨੦੧)ਭਾਵ-
 ਬ੍ਰਾਹਮਣ ਸਰਾਧ ਆਦਿਕ ਦੇ ਸਮੇਂ ਜਜਮਾਨ ਦੇ ਘਰ ਜਾ ਕੇ ਚੌਂਕੇ ਵਿੱਚ ਬੈਠ ਕੇ ਆਪਣੀ ਧੋਤੀ ਦਾ ਉਪਰਲਾ ਅੱਧਾ ਹਿਸਾ ਲਾਹ ਕੇ ਹੇਠਾਂ ਧਰ ਲੈਂਦਾ ਹੈ ਤੇ ਖੋਤੇ ਵਾਂਗ ਦਬਾ ਦਬ ਖੀਰ ਆਦਿਕ ਆਪਣੇ ਪੇਟ ਵਿੱਚ ਪਾਈ ਜਾਂਦਾ ਹੈ।
(ਕ) ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ।।
    ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹ ਕਿਆ ਕੀਜੈ
।। ੬।।(ਕਲਿਆਨ ਮਹਲਾ ੪-੧੩੪੫)ਭਾਵ-
  ਪ੍ਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ ਦੇ ਸੁਭਾਵ ਵਾਲੇ ਕਹੇ ਜਾਂਦੇ ਹਨ, ਉਨ੍ਹਾਂ ਅੰਦਰ ਖੋਟੀ ਮੱਤ ਦੀ ਮੈਲ ਸਦਾ ਭਰੀ ਰਹਿੰਦੀ ਹੈ। ਉਹ ਆਪਣੀ ਗਰਜ ਦੀ ਖਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਨ੍ਹਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ।
(ਖ) ਜਿਉ ਕੂਕਰ ਹਰਕਾਇਆ ਧਾਵੈ ਦਹ ਦਿਸ ਜਾਇ।।
     ਲੋਭੀ ਜੰਤੁ ਨ ਜਾਣਈ ਭਖੁ ਅਭਖੁ ਸਭ ਖਾਇ।।
     ਕਾਮ ਕ੍ਰੋਧ ਮਦਿ ਬਿਆਪਿਆ ਫਿਰਿ ਫਿਰਿ ਜੋਨੀ ਪਾਇ
।। ੨।।(ਸਿਰੀਰਾਗੁ ਮਹਲਾ ੫-੫੦)ਭਾਵ-
 ਜਿਵੇਂ ਹਲਕਾਇਆ ਕੁੱਤਾ ਦੌੜਦਾ ਹੈ ਤੇ ਹਰ ਪਾਸੇ ਵੱਲ ਭੱਜਦਾ ਹੈ, ਤਿਵੇਂ ਲੋਭੀ ਜੀਵ ਨੂੰ ਭੀ ਕੁੱਝ ਨਹੀਂ ਸੁੱਝਦਾ, ਚੰਗੀ ਮੰਦੀ ਹਰੇਕ ਚੀਜ ਖਾ ਲੈਂਦਾ ਹੈ। ਕਾਮ ਦੇ ਅਤੇ ਕ੍ਰੋਧ ਦੇ ਨਸ਼ੇ ਵਿੱਚ ਫਸਿਆ ਹੋਇਆ ਮਨੁੱਖ ਮੁੜ-ਮੁੜ ਜੂਨਾਂ ਵਿੱਚ ਪੈਂਦਾ ਰਹਿੰਦਾ ਹੈ।
(ਗ) ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤ ਜਤਨੁ ਮੈ ਕੀਨਉ।।
      ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ
।।੩।। ੯।।(ਸੋਰਠਿ ਮਹਲਾ ੯-੬੩੩)ਭਾਵ-
 ਹੇ ਭਾਈ! ਜਿਵੇਂ ਕੁੱਤੇ ਦੀ ਪੂਛਲ ਸਿੱਧੀ ਨਹੀਂ ਹੁੰਦੀ, ਇਸੇ ਤਰਾਂ ਇਸ ਮਨ ਦੀ ਪ੍ਰਮਾਤਮਾ ਦੀ ਯਾਦ ਵਲੋਂ ਲਾ-ਪਰਵਾਹੀ ਹਟਦੀ ਨਹੀਂ, ਮੈਂ ਬਹੁਤ ਜਤਨ ਕੀਤਾ ਹੈ। ਹੇ ਨਾਨਕ! ਆਖ ਕਿ ਹੇ ਪ੍ਰਭੂ ਆਪਣੇ ਮੁੱਢ-ਕਦੀਮਾਂ ਦੇ ਪਿਆਰ ਵਾਲੇ ਸੁਭਾਵ ਦੀ ਲਾਜ ਰੱਖ, ਮੇਰੀ ਮਦਦ ਕਰ ਤਾਂ ਹੀ ਮੈਂ ਤੇਰਾ ਨਾਂ ਜਪ ਸਕਦਾ ਹਾਂ।
 (ਘ) ਸੁਰਹ ਕੀ ਜੈਸੀ ਤੇਰੀ ਚਾਲ।। ਤੇਰੀ ਪੂੰਛਟ ਊਪਰਿ ਝਮਕ ਬਾਲ।। ੧।।
      ਇਸ ਘਰ ਮਹਿ ਹੈ ਸੁ ਤੂ ਢੂੰਢਿ ਖਾਹਿ।। ਅਉਰ ਕਿਸ ਹੀ ਕੇ ਤੂ ਮਤਿ ਹੀ ਜਾਹਿ।। ੧।। ਰਹਾਉ।।
      ਚਾਕੀ ਚਾਟਹਿ ਚੂਨੁ ਖਾਹਿ।। ਚਾਕੀ ਕਾ ਚੀਥਰਾ ਕਹਾ ਲੈ ਜਾਹਿ।। ੨।।
      ਛੀਕੇ ਪਰ ਤੇਰੀ ਬਹੁਤੁ ਡੀਠਿ।। ਮਤੁ ਲਕਰੀ ਸੋਟਾ ਤੇਰੀ ਪਰੈ ਪੀਠਿ।। ੩।।
      ਕਹਿ ਕਬੀਰ ਭੋਗ ਭਲੇ ਕੀਨ।। ਮਤਿ ਕੋਊ ਮਾਰੇ ਈਂਟ ਢੇਮ।। ੪।। ੧।।(ਬਸੰਤ-ਕਬੀਰ ਜੀ-੧੧੯੬)ਭਾਵ-
 ਹੇ ਕੁੱਤੇ! ਗਾਂ ਵਰਗੀ ਤੇਰੀ ਤੋਰ ਹੈ। ਤੇਰੀ ਪੂਛਲ ਉਤੇ ਵਾਲ ਭੀ ਸੁਹਣੇ ਚਮਕਦੇ ਹਨ। ਹੇ ਕੁੱਤਾ- ਸੁਭਾਉ ਜੀਵ! ਸ਼ਰੀਫਾਂ ਵਰਗੀ ਤੇਰੀ ਸ਼ਕਲ ਤੇ ਪਹਿਰਾਵਾ ਹੈ। ਜੋ ਕੁੱਝ ਆਪਣੀ ਹੱਕ ਦੀ ਕਮਾਈ ਹੈ, ਉਸੇ ਨੂੰ ਨਿਸੰਗ ਹੋ ਕੇ ਵਰਤ। ਕਿਸੇ ਬਿਗਾਨੇ ਮਾਲ ਦੀ ਲਾਲਸਾ ਨਹੀਂ ਕਰਨੀ। ਹੇ ਕੁੱਤੇ! ਤੂੰ ਚੱਕੀ ਚੱਟਦਾ ਹੈ ਤੇ ਆਟਾ ਖਾਂਦਾ ਹੈ, ਪਰ ਜਾਂਦਾ ਹੋਇਆ ਪਰੋਲਾ ਕਿਥੇ ਲੈ ਜਾਇੰਗਾ। ਹੇ ਜੀਵ! ਜਿਹੜੀ ਮਾਇਆ ਰੋਜ਼ ਵਰਤਦਾ ਹੈ ਇਹ ਤਾਂ ਭਲਾ ਵਰਤੀ, ਪਰ ਜੋੜ-ਜੋੜ ਕੇ ਆਖਰ ਕੀਹ ਲੈ ਜਾਇੰਗਾ। ਹੇ ਸੁਆਨ! ਤੂੰ ਛਿੱਕੇ ਵੱਲ ਬੜਾ ਤੱਕ ਰਿਹਾ ਹੈ, ਵੇਖੀਂ ਕਿਤੇ ਲੱਕ ਉਤੇ ਕਿਤੋਂ ਸੋਟਾ ਨਾਹ ਵੱਜੇ। ਹੇ ਜੀਵ! ਬਿਗਾਨੇ ਘਰਾਂ ਵਲ ਤਕਦਾ ਹੈ, ਇਸ ਵਿਚੋਂ ਉਪਾਧੀ ਹੀ ਨਿਕਲੇਗੀ। ਕਬੀਰ ਆਖਦਾ ਹੈ ਕਿ ਹੇ ਸੁਆਨ! ਤੂੰ ਬਥੇਰਾ ਕੁੱਝ ਖਾਧਾ, ਉਜਾੜਿਆ ਹੈ, ਪਰ ਧਿਆਨ ਰੱਖੀਂ ਕਿਤੇ ਕੋਈ ਇੱਟ ਢੇਮ ਤੇਰੇ ਸਿਰ ਉਤੇ ਨਾਂਹ ਮਾਰ ਦੇਵੇ। ਹੇ ਜੀਵ! ਤੂੰ ਜੁ ਇਹ ਭੋਗ ਭੋਗਣ ਵਿੱਚ ਹੀ ਰੁੱਝਾ ਪਿਆ ਹੈ, ਇਨ੍ਹਾਂ ਦਾ ਅੰਤ ਖੁਆਰੀ ਹੀ ਹੁੰਦਾ ਹੈ।
(ਚ) ਮਨ ਖੁਟਹਰ ਤੇਰਾ ਨਹੀ ਬਿਸਾਸੁ ਤੂ ਮਹਾ ਉਦਮਾਦਾ।।
      ਖਰ ਕਾ ਪੈਖਰੁ ਤਉ ਛੁਟੈ ਜਉ ਊਪਰਿ ਲਾਦਾ
।। ੧।। ਰਹਾਉ।।(ਬਿਲਾਵਲ ਮਹਲਾ ੫- ੮੧੫)ਭਾਵ-
 ਹੇ ਖੋਟੇ ਮਨ! ਤੇਰਾ ਇਤਬਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਤੂੰ ਮਾਇਆ ਦੇ ਨਸ਼ੇ ਵਿੱਚ ਬਹੁਤ ਮਸਤ ਰਹਿੰਦਾ ਹੈ। ਜਿਵੇਂ ਖੋਤੇ ਦੀ ਪਿਛਾੜ. ਤਦੋਂ ਖੋਲ੍ਹੀ ਜਾਂਦੀ ਹੈ। ਜਦੋਂ ਉਸ ਨੂੰ ਉਤੋਂ ਲੱਦ ਲਿਆ ਜਾਂਦਾ ਹੈ। ਤਿਵੇਂ ਤੈਨੂੰ ਭੀ ਖਰਮਸਤੀ ਕਰਨ ਦਾ ਮੌਕਾ ਨਹੀਂ ਦਿਤਾ ਜਾਣਾ ਚਾਹੀਦਾ।
(ਛ) ਮਨਮੁਖ ਮਨੁ ਨ ਭਿਜਈ ਅਤਿ ਮੈਲੇ ਚਿਤਿ ਕਠੋਰ।।
      ਸਪੈ ਦੁਧੁ ਪੀਆਈਐ ਅੰਦਰਿ ਵਿਸੁ ਨਿਕੋਰ
।। ੧੬।।(ਸੂਹੀ ਮਹਲਾ ੩-੭੫੫)ਭਾਵ-
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਦਾ ਮਨ ਪ੍ਰਮਾਤਮਾ ਦੇ ਨਾਮ ਵਿੱਚ ਨਹੀਂ ਭਿੱਜਦਾ। ਉਹ ਮਨੁੱਖ ਆਪਣੇ ਮਨ ਵਿੱਚ ਮੈਲੇ ਅਤੇ ਕਠੋਰ ਰਹਿੰਦੇ ਹਨ। ਜੇ ਸੱਪ ਨੂੰ ਦੁੱਧ ਭੀ ਪਿਲਾਇਆ ਜਾਏ ਤਾਂ ਭੀ ਉਸਦੇ ਅੰਦਰ ਨਿਰੋਲ ਜ਼ਹਿਰ ਹੀ ਟਿਕਿਆ ਰਹਿੰਦਾ ਹੈ। ਉਪਰੋਕਤ ਸਾਰੀ ਵਿਚਾਰ ਤੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਸਤਿਗੁਰੂ ਚਾਹੁੰਦੇ ਹਨ ਕਿ ਮਨੁੱਖ ਪੈਦਾ ਹੋ ਕੇ ਮਨੁੱਖਾਂ ਵਾਂਗ ਜੀਵਨ ਬਤੀਤ ਕਰਦਾ ਹੋਇਆ ਪ੍ਰਮੇਸ਼ਰ ਰੂਪੀ ਮੰਜ਼ਿਲ ਤਕ ਪਹੁੰਚ ਸਕੇ, ਕਿਤੇ ਇਨ੍ਹਾਂ ਜਾਨਵਰਾਂ ਵਾਂਗ ਵੱਖ-ਵੱਖ ਕਮਜ਼ੋਰੀਆਂ/ ਅਉਗਣਾਂ ਦਾ ਸ਼ਿਕਾਰ ਹੋ ਕੇ ‘ਦੁਲਭ ਦੇਹ ਪਾਈ ਵਡਭਾਗੀ` (੧੮੮) ਨੂੰ ਵਿਅਰਥ ਨਾਂ ਗਵਾ ਲਵੇ। ਇਸ ਲਈ ਲੋੜ ਹੈ ਕਿ ਸੱਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਗੁਰਬਾਣੀ ਰਾਹੀਂ ਦਰਸਾਏ ਜੀਵਨ ਦਰਸ਼ਨ ਨੂੰ ਅਮਲੀ ਰੂਪ ਵਿੱਚ ਕਮਾਉਂਦੇ ਹੋਏ
ਇਹ ਲੋਕ ਸੁਖੀਏ ਪਰਲੋਕ ਸੁਹੇਲੇ।। ਨਾਨਕ ਹਰਿ ਪ੍ਰਭਿ ਆਪੇ ਮੇਲੇ।। ` (੨੯੨)
 ਵਾਲੀ ਅਵਸਥਾ ਦੀ ਪ੍ਰਾਪਤੀ ਕਰਦਾ ਹੋਇਆ ਪ੍ਰਮੇਸ਼ਰ ਨਾਲ ਇਕ-ਮਿਕਤਾ ਹਾਸਲ ਕਰਕੇ ਬਾਰ-ਬਾਰ ਜਨਮ ਮਰਣ ਦੇ ਗੇੜ ਤੋਂ ਸਦੀਵੀਂ ਛੁਟਕਾਰਾ ਪ੍ਰਾਪਤ ਕਰ ਲਵੇ। ਐਸਾ ਸਤਿਗੁਰੂ ਦੀ ਸਿਖਿਆ ਗ੍ਰਹਿਣ ਕਰਦੇ ਹੋਏ ਸੱਚੇ-ਸੁੱਚੇ ਕਿਰਦਾਰ ਦੇ ਮਾਲਕ ਬਨਣ ਨਾਲ ਹੀ ਸੰਭਵ ਹੋ ਸਕਦਾ ਹੈ।
=============
ਦਾਸਰਾ
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201, ਗਲੀ ਨਬੰਰ 6, ਸੰਤਪੁਰਾਕਪੂਰਥਲਾ (ਪੰਜਾਬ)
(98720-76876, 01822-276876)
e-mail - sukhjit.singh69@yahoo.com
 

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.