"ਝੂਠੁ ਨ ਬੋਲਿ ਪਾਡੇ ਸਚੁ ਕਹੀਐ"
ਗੁਰੂ ਹਰਿਗੋਬੰਦ ਸਾਹਿਬ ਜੀ ਦੀ ਰਿਹਾਈ ਬੰਦੀ ਛੋੜ ਦਿਵਸ ਅਤੇ ਦਿਵਾਲੀ ਦਾ ਇਤਿਹਾਸਕ ਸੱਚ ਕੀ ਹੈ ?
ਗੁਰੂ ਹਰਿਗੋਬਿੰਦ ਸਾਹਿਬ ਜੀ ਦਿਵਾਲੀ ਵਾਲੇ ਦਿਨ ਗਵਾਲੀਅਰ ਦੇ ਕਿਲ੍ਹੇ ਦੀ ਕੈਦ ਤੋਂ ਰਿਹਾ ਹੋਏ ਸਨ ਜਾਂ ਦਿਵਾਲੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਪਹੁੰਚੇ ਸਨ ?
ਜਾਂ ਬੰਦੀ ਛੋੜ ਪਾਤਸ਼ਾਹ ਜੀ ਕਰਕੇ ਸਿੱਖਾਂ ਨੇ ਦਿਵਾਲੀ ਬਣਾਉਣੀ ਗੁਰੂ ਸਾਹਿਬ ਜੀ ਦੇ ਸਮੇਂ ਕਾਲ ਵਿੱਚ ਹੀ ਆਰੰਭ ਦਿੱਤੀ ਸੀ ?
ਮੇਰੇ ਬਹੁਤ ਸਾਰੇ ਦੋਸਤਾਂ ਨੇ ਮੈਨੂੰ "ਬੰਦੀ ਛੋੜ ਦਿਵਸ" ਦੀ ਵਧਾਈ ਦਿਵਾਲ਼ੀ ਵਾਲੇ ਦਿਨ ਹੀ ਦਿੱਤੀ ਹੈ। ਇਸ ਨੇ ਮੈਨੂੰ ਧਾਰਮਿਕ, ਬੌਧਿਕ ਅਤੇ ਇਤਿਹਾਸਕ ਦੇ ਨਾਲੋਂ ਨਾਲੋਂ ਗੁਰਮਤਿ ਸਭਿਅਤਾ ਦੇ ਨਾਨਕਸ਼ਾਹੀ ਅਨੁਵੰਸ਼ਕ ਹੋਏ ਪੁਸ਼ਤ-ਦਰ-ਪੁਸ਼ਤ ਵਿਕਾਸ ਅਤੇ ਵਿਗਾਸ ਦੇ ਪੱਧਰ ਤੇ ਝੰਜੋੜ ਕੇ ਰੱਖ ਦਿੱਤਾ ਹੈ। ਮੇਰੀ ਵੈੱਬ ਸਾਈਟ ਤੇ ਮੈਂ ਹਾਲਾਂਕਿ ਸਭ ਕੁਝ ਆਪਣੇ ਲੇਖਾਂ ਅਤੇ ਵਿਚਾਰਾਂ ਵਿਚ "ਗੁਰਮਤਿ ਅਨੁਰੂਪ" ਜਿੰਨੀ ਕਿ ਸੂਝ ਅਕਾਲ ਪੁਰਖ ਨੇ ਬਖ਼ਸ਼ੀ ਹੈ "ਸਿੱਖ ਸਭਿਅਤਾ ਦੀ ਨਾਨਕਸ਼ਾਹੀ ਪ੍ਰਭੁਤਾ ਨੂੰ ਸਥਾਪਿਤ" ਕਰਨ ਦੇ ਜਤਨ ਕੀਤੇ ਹਨ। ਫਿਰ ਵੀ ਮੇਰੇ ਦੋਸਤਾਂ ਨੇ ਮੈਨੂੰ ਇਹ ਵਧਾਈ ਸੰਦੇਸ਼ ਭੇਜੇ ਹਨ। ਜਾਂ ਤਾਂ ਉਹ ਓਪਰੀ ਨਜ਼ਰੇ ਹੀ ਵੇਖਦੇ ਹਨ, ਪੜ੍ਹਦੇ ਨਹੀਂ; ਤੇ ਜੇ ਪੜ੍ਹਦੇ ਹਨ ਤਾਂ ਫਿਰ ਗਵਾਚੇ ਕਿਤੇ ਹੋਰ ਰਹਿੰਦੇ ਹਨ। ਇਸ ਲਈ ਮੈਂ ਇਸ ਆਪਣੇ ਲੇਖ ਨੂੰ ਦੁਬਾਰਾ ਆਪ ਜੀ ਦੀ ਸੇਵਾ ਵਿਚ ਇਸ ਆਸ ਨਾਲ ਭੇਜ ਰਿਹਾ ਹਾਂ ਕਿ ਪੜ੍ਹਨ ਤੋਂ ਬਾਅਦ ਇਸ ਦਾ ਵਿਸ਼ਲੇਸ਼ਣ ਵੀ ਅਵੱਸ਼ ਕਰਨਾ, ਕਿਉਂਕਿ .....
ਸਿੱਖ ਮਨੋਬਿਰਤੀ ਆਪਣੇ ਧੁਰ ਅੰਦਰ ਬਿਬੇਕ, ਜੀਵਨ ਆਚਰਨ ਅਤੇ ਵਿਹਾਰ ਵਿਚ ਪੁਸ਼ਤ ਦਰ ਪੁਸ਼ਤ ਜੜ ਜਮਾਈ ਬੈਠੇ ਬ੍ਰਾਹਮਣ ਨੂੰ 'ਮਾਰ' ਨਹੀਂ ਸਕੀ ਹੈ। ਸਿੱਖਾਂ ਵਿਚਲੇ ਅਜਿਹੇ ਸਿਆਣੇ ਬਣਦੇ ਲੋਕ ਹੀ ਆਪਣੀਆਂ ਗ਼ਲਤੀਆਂ ਦੀ ਪੰਡ ਦੂਜੇ ਸਿਰ ਚੁਕਾ ਕੇ ਆਪ ਦੁੱਧ ਧੋਤੇ ਬਣੇ ਰਹਿਣ ਦੀ 'ਚਾਣਕਿਆ' ਚਾਲ ਦੀ ਮੁਹਾਰਤ ਵਿਚ ਅਜਿਹੇ ਲੋਕ ਸਿਖਰ ਤੇ ਹਨ। ਇਹ ਉਹ ਲੋਕ ਹਨ ਜਿਹੜੇ ਓਪਰੀ ਨਜ਼ਰੇ ਰਵਾਇਤੀ ਅਕਾਲੀਆਂ ਅਤੇ ਹਿੰਦੁਤਵਾ ਦੇ ਵਿਰੋਧੀ ਨਜ਼ਰ ਆਉਂਦੇ ਹਨ ਪਰ; ਆਪ ਸਤਾ ਧਾਰੀ ਉਨ੍ਹਾਂ ਹੀ ਅਕਾਲੀਆਂ ਦਾ, ਡੇਰਾਵਾਦ, ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦਾ ਸਾਥ ਵੀ ਦਿੰਦੇ ਹਨ। ਇਨ੍ਹਾਂ ਵਿੱਚੋਂ ਕੋਈ ਵੀ ਧਿਰ ਠੋਕ ਕੇ ਪੂਰੀ ਦ੍ਰਿੜ੍ਹਤਾ ਨਾਲ ਸਿੱਖ ਕੌਮ ਨੂੰ ਸਹੀ "ਗੁਰਮਤਿ" ਸੇਧ ਦੇਣ ਲਈ ਤਿਆਰ ਨਹੀਂ ਹੈ। ਸਿੱਖ ਕੌਮੀਅਤਾ ਦੇ ਬੌਧਿਕ ਅਧੂਰੇਪਣ ਅੰਦਰ ਮਨੋਬਿਰਤਕ ਬ੍ਰਾਹਮਣੀ ਕਰਨ ਦੀ ਸ਼ੁੱਧ ਸੋਚ ਵਿੱਚੋਂ "ਗੁਰਮਤਿ ਬਿਬੇਕ ਦੀ ਚੇਤਨਾ ਦਾ ਸੁਰ ਅਤੇ ਸੋਚ" ਨਿਕਲਦੀ ਹੀ ਨਹੀਂ ਹੈ; ਜਿਸ ਦਾ ਮੁੱਖ ਕਾਰਨ ਹੀ ਇਹ ਹੈ। ਇਹੋ ਕਾਰਨ ਹੈ ਕਿ ਇਹ ਦੀਵਾਲੀ ਤੇ ਹੀ "ਬੰਦੀ ਛੋੜ ਦਿਵਸ" ਮਨਾ ਕੇ ਆਪਣੇ ਆਪ ਨੂੰ ਅੱਡ ਪਹਿਚਾਣ ਦੇਣ ਦੀ ਅਧੂਰੀ ਅਤੇ ਝੂਠੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਮੁੜ ਆਧਾਰ ਹਿੰਦੁਤਵਾ ਦੇ ਹੀ ਰੱਖੇ ਅਤੇ ਮੰਨੇ ਜਾਂਦੇ ਹਨ। ਆਪਣੇ ਆਪ ਨੂੰ ਸਿਧਾਂਤਕ ਸਪਸ਼ਟਤਾ ਦੀ ਮੁਹਾਰਤ ਵਿਚ ਨਿਪੁੰਨ ਮੰਨੀ ਜਾਣ ਵਾਲੀ ਧਿਰ ਪ੍ਰਚਾਰਕ, ਇਤਿਹਾਸਕਾਰ, ਖੋਜ ਕਾਰ ਅਤੇ ਬੌਧਿਕ ਸਿੱਖ ਵਸੋਂ ਵੀ "ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਰਾਹੀਂ ਵਿਗਸਤ ਹੋਏ ਕ੍ਰਮ ਵਾਰੀ ਵਿਕਾਸ ਗਤ "ਗੁਰਮਤਿ ਵਿਲੱਖਣਤਾ ਅਤੇ ਪ੍ਰਭੁਤਾ" ਦਾ ਪੈਂਤਰਾ ਸਮਝ ਹੀ ਨਹੀਂ ਸਕੇ ਹਨ। ਆਮ ਸਿੱਖ ਸਮਾਜ ਇੰਜ "ਸਿੱਖ ਤਿਉਹਾਰਾਂ" ਬਾਬਤ ਆਪਣੀ ਸਮਝ ਦਾ ਦੀਵਾਲ਼ਾ ਕੱਢਦੇ ਹੋਏ ਇਨ੍ਹਾਂ ਸਭਨਾਂ ਹਿੰਦੂ ਰੀਤੀ-ਰਿਵਾਜ਼ਾਂ ਅਤੇ ਉਨ੍ਹਾਂ ਨੂੰ ਮਨਾਉਣ ਦੇ ਢੰਗ ਅਤੇ ਤਰੀਕਿਆਂ ਨਾਲ ਹੀ ਸਹਿਮਤੀ ਪ੍ਰਗਟਾਉਂਦੀ ਤੁਰੀ, ਮੁੜ ਮੁੜ ਭੰਬਲਭੂਸੇ ਦਾ ਸ਼ਿਕਾਰ ਬਣਦੀ ਚਲੀ ਆ ਰਹੀ ਹੈ।
ਕੀ ਇੰਜ ਸਿੱਖ ਖ਼ੁਦ ਦੀਵਾਲ਼ੀ ਉੱਪਰ ਤਥਾ ਕਥਿਤ ਝੂਠੇ ਦਾਅਵੇ ਅਨੁਸਾਰ "ਬੰਦੀ ਛੋੜ ਦਿਵਸ" ਦੇ ਰੂਪ ਵਿਚ "ਹਿੰਦੁਤਵਾ ਦੀ ਰੌਸ਼ਨੀ ਦੇ ਪ੍ਰਤੀਕ ਦੀਵੇ, ਮੋਮ ਬੱਤੀਆਂ ਤੇ ਰੌਸ਼ਨੀਆਂ ਕਰ ਕੇ; ਪਟਾਕੇ ਚਲਾ ਕੇ" ਖ਼ਾਲਸਾ ਧਰਮ ਨੂੰ ਖੋਖਲਾ ਅਤੇ ਆਮ ਸਿੱਖ ਮਨਾ ਵਿਚ ਹਿੰਦੂ ਰੀਤੀ ਰਿਵਾਜ਼ਾਂ ਨੂੰ ਹੋਰ ਪੱਕਾ ਨਹੀਂ ਕਰ ਰਹੇ ? ਸਿੱਖਾਂ ਦਾ ਗੁਰਮਤਿ ਤਿਉਹਾਰ ਮਨਾਉਣ ਦਾ ਢੰਗ ਅਤੇ ਤਰੀਕਾ ਕਾਰ ਆਪਣਾ ਵੱਖਰਾ, ਸੁੱਚਾ, ਅੱਡਰਾ ਅਤੇ ਸੰਸਾਰ ਭਰ ਨਾਲੋਂ ਵੱਖਰਾ ਹੈ; ਜਿਸ ਦਾ ਆਰੰਭ ਵੀ ਸੰਗਤ ਰੂਪ ਵਿਚ ਗੁਰਬਾਣੀ ਨਾਲ ਹੁੰਦਾ ਹੈ ਅਤੇ ਅੰਤ ਅਰਦਾਸ ਨਾਲ.....ਇਹ ਮੇਲੇ, ਜੋੜ ਮੇਲੇ, ਰੱਖੜ ਪੁੰਨਿਆਂ, ਹਿੰਦੁਤਵਾ ਦੀ ਪ੍ਰਤੀਕ ਪੰਜਾਬੀ ਮਨੋਬਿਰਤੀ ਵਿਚ ਮਨਾਏ ਜਾਂਦੇ ਵੈਸਾਖੀ ਦੇ ਮੇਲੇ "ਸਿੱਖ ਤਿਉਹਾਰਾਂ ਨੂੰ ਮਨਾਉਣ" ਦੇ ਢੰਗ ਤਰੀਕੇ ਅਤੇ ਰੀਤੀ ਰਿਵਾਜ਼ਾਂ ਦਾ ਅੰਗ ਕਤਈ ਨਹੀਂ ਹਨ। ਸਿੱਖ ਸਮਾਜ ਨੂੰ ਨਿਠ ਕੇ ਗੁਰਮਤਿ ਬੌਧਿਕਤਾ ਦੇ ਵਿਗਾਸ ਵਿਚ ਆਪਾ ਪੜਚੋਲ ਦੀ ਸਖ਼ਤ ਲੋੜ ਹੈ। ਸਿੱਖ ਸਮਾਜ ਦੇ ਸਰਬਪੱਖੀ ਅਤੇ ਸਰਬ ਅੰਗੀ ਸਮਾਜਿਕ ਅਤੇ ਸਭਿਆਚਾਰਕ ਆਚਰਨ ਨੂੰ ਗੁਰਮਤਿ ਸਭਿਅਤਾ ਵਿਚ ਸਥਾਪਿਤ ਕਰਨ ਦੀ ਸ਼੍ਰੋਮਣੀ ਪਹਿਲ ਆਧਾਰਿਤ ਲੋੜ ਹੈ।
ਅੱਜ ਤਕ ਸਿੱਖਾਂ ਵਿੱਚ ਵੀ ਹਿੰਦੂ ਮਤ ਅਨੁਸਾਰ ਹੀ ਦਿਵਾਲੀ ਦਾ ਤਿਉਹਾਰ ਤੇ ਉਸ ਤੋਂ ਅਗਲੇ ਦਿਨ ਦਿਹਾੜਾ ਬਣਾਏ ਤੇ ਮਨਾਏ ਜਾਂਦੇ ਹਨ। ਇਸ ਅਨੁਸਾਰ ‘ਗੁਰਦੁਆਰਾ ਦਾਤਾ ਬੰਦੀ ਛੋੜ’ ਗਵਾਲੀਅਰ ਵਿਖੇ ਹਮੇਸ਼ਾਂ ਹੀ ਸਤਿਗੁਰੂ ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਦਾ ਦਿਨ ਸਦੀਆਂ ਤੋਂ ਅੱਸੂ ਦੀ ਮੱਸਿਆ ਵਾਲੇ ਦਿਨ ਬੜੀ ਵੱਡੀ ਪੱਧਰ ਤੇ ਬਣਾਇਆ ਜਾਂਦਾ ਹੈ ਜੋ ਇਸ ਸਾਲ 2013 ਵਿੱਚ ਅੱਸੂ 19-20-21 ਅਰਥਾਤ 4-5-6 ਅਕਤੂਬਰ ਨੂੰ ਬਣਾਇਆ ਗਿਆ ਹੈ। ਜਿਸ ਦਿਨ ਦਿਵਾਲੀ ਨਹੀਂ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਹੋ ਦਿਨ "ਬੰਦੀ ਛੋੜ ਦਿਵਸ, ਦਿਵਾਲੀ” ਦੇ ਤੌਰ ਤੇ ਕੱਤਕ ਦੀ ਮੱਸਿਆ 18 ਕੱਤਕ ਅਰਥਾਤ 3 ਨਵੰਬਰ 2013 ਨੂੰ; ਜਿਸ ਦਿਨ ਹਿੰਦੂ ਮਤ ਅਨੁਸਾਰ ਦਿਵਾਲੀ ਹੁੰਦੀ ਹੈ ਬਣਾਇਆ ਜਾਂਦਾ ਆ ਰਿਹਾ ਹੈ । ਇਸ ਸਾਲ 2016 ਨੂੰ ਵੀ ਗਵਾਲੀਅਰ ਵਿਖੇ "ਬੰਦੀ ਛੋੜ ਦਿਵਸ ਅੱਸੂ ਦੀ ਮੱਸਿਆ ਅਰਥਾਤ 30 ਸਤੰਬਰ 2016 ਨੂੰ ਹੀ ਮਨਾਇਆ ਗਿਆ ਹੈ"। ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਨਾਨਕਸ਼ਾਹੀ ਕਲੰਡਰ ਅਤੇ ਸੰਸਾਰ ਭਰ ਦੇ ਸਿੱਖਾਂ ਨੇ ਇਹ "ਬੰਦੀ ਛੋੜ ਦਿਵਸ 30 ਅਕਤੂਬਰ 2016 ਨੂੰ ਹਿੰਦੂ ਪੰਚਾਂਗ ਦੇ ਕਲੰਡਰ ਅਨੁਸਾਰ ਕੱਤਕ ਵਦੀ ਦੀ ਮੱਸਿਆ ਵਾਲੇ ਦਿਨ ਹੀ ਮਨਾਇਆ ਹੈ"। ਜੋ ਆਪਣੇ ਆਪ ਵਿੱਚ ਹੀ ਵਿਰੋਧੀ ਸਾਬਤ ਹੁੰਦੇ ਹਨ।
ਜੇ ਕਰ ਗਵਾਲੀਅਰ ਗੁਰਦੁਆਰਾ ਦਾਤਾ ਬੰਦੀ ਛੋੜ ਦੀ ਗੱਲ ਤੇ ਤੱਥ ਮੰਨ ਕੇ ਚੱਲੀਏ ਤਾਂ ਅਜਿਹਾ ਕੋਈ ਸਬੂਤ ਨਹੀਂ ਮਿਲਦਾ ਕਿ ਗੁਰੂ ਸਾਹਿਬ ਨੂੰ ਸ੍ਰੀ ਅੰਮ੍ਰਿਤਸਰ ਪਹੁੰਚਣ ਵਿੱਚ ਪੂਰਾ ਚੰਨ ਦਾ ਇੱਕ ਮਹੀਨਾ ਲੱਗ ਗਿਆ ਹੋਵੇ। ਇਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਵੀ ਇਤਿਹਾਸਕ ਪ੍ਰਮਾਣ ਨਾਲ ਸਾਬਤ ਨਹੀਂ ਕਰ ਸਕਦੀ। ਗੁਰੂ ਸਾਹਿਬ ਦੇ ਗਵਾਲੀਅਰ ਤੋਂ ਅੰਮ੍ਰਿਤਸਰ ਆਉਣ ਦਾ ਰਾਹ ਸਿੱਖ ਇਤਿਹਾਸ ਵਿੱਚ ਕਿਤੇ ਪ੍ਰਮਾਣਿਤ ਨਹੀਂ ਹੈ। ਇਸ ਲਈ ਜੇ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦਾਵਾ ਮੰਨ ਲਿਆ ਜਾਵੇ ਕਿ ਦਿਵਾਲੀ ਵਾਲੇ ਦਿਨ ਹੀ ਗੁਰੂ ਸਾਹਿਬ ਸ੍ਰੀ ਦਰਬਾਰ ਸਾਹਿਬ ਪਹੁੰਚੇ ਤਾਂ ਫਿਰ ਗਵਾਲੀਅਰ ਵਿਖੇ ਇਕ ਮਹੀਨਾ ਪਹਿਲਾਂ ਰਿਹਾਈ ਨੂੰ ਮੰਨਿਆਂ ਜਾ ਰਿਹਾ ਹੈ ਉਹ ਵੀ ਗਲਤ ਸਾਬਤ ਹੋ ਜਾਂਦਾ ਹੈ।
ਹੁਣ ਜੇ ਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਛਾਪੇ ਜਾਂਦੇ ਸਿੱਖ ਇਤਿਹਾਸ ਦੀ ਗੱਲ ਕਰੀਏ ਤਾਂ ਉਸ ਵਿੱਚ ਵੀ ਵਿਰੋਧਾਭਾਸ ਹੈ। ਕਮੇਟੀ ਦੀ ਵੈਬ ਸਾਈਟ ਤੇ ਅੰਗਰੇਜ਼ੀ ਵਿੱਚ ਦਿੱਤੇ ਇਤਿਹਾਸ ਵਿੱਚ, ‘ਜ਼ਿਆਦਾਤਰ ਇਤਿਹਾਸਕ ਪਰਮਾਣ ਮੰਨਦੇ ਹਨ’ ਦੇ ਜਿਕਰ ਨਾਲ ਇਹ ਪਰਮਾਣਿਤ ਕੀਤਾ ਗਿਆ ਹੈ ਕਿ ਗੁਰੂ ਸਾਹਿਬ ਦੀ ਰਿਹਾਈ ਸੰਨ 1612 ਵਿੱਚ ਹੋਈ ਹੈ। ‘ਜਿਸ ਦਿਨ ਉਹ ਅੰਮ੍ਰਿਤਸਰ ਪਹੁੰਚਦੇ ਹਨ ਉਸ ਦਿਨ ਦਿਵਾਲੀ ਸੀ’ ਪਰ ਇਸ ਦੀ ਪੁਸ਼ਟੀ ਵਿੱਚ ਤਰੀਕ ਨਹੀਂ ਦਿੱਤੀ ਜਾਂਦੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੀ ਗੁਰਮੁਖੀ ਵਿੱਚ ਛਪੇ ਸਿੱਖ ਇਤਿਹਾਸ ਭਾਗ ਇੱਕ ਵਿੱਚ ਪ੍ਰੋ. ਕਰਤਾਰ ਸਿੰਘ ਐਮ.ਏ. ਇਹ ਤੱਥ ਸਾਬਤ ਕਰਦੇ ਹਨ ਕਿ ਗੁਰੂ ਸਾਹਿਬ 1614 ਵਿੱਚ ਗਵਾਲੀਅਰ ਦੇ ਕਿਲ੍ਹੇ ਤੋਂ ਰਿਹਾ ਹੋਏ ਹਨ। ਉਹ ਆਪਣੇ ਪੂਰੇ ਵੇਰਵੇ ਦਿੰਦੇ ਹਨ। ਪਰ ਇਤਿਹਾਸਕਾਰ ਦਿਵਾਲੀ ਦਾ ਕੋਈ ਜ਼ਿਕਰ ਨਹੀਂ ਕਰਦਾ ਹੈ ਤੇ ਨਾ ਹੀ ਕੋਈ ਮਿਤੀਆਂ ਦੇਣ ਦੀ ਖੇਚਲ ਕਰਦਾ ਹੈ।
ਹੋਰ ਤੀਸਰਾ ਵਿਚਾਰ ਬਹੁਤ ਸਾਰੇ ਇਤਿਹਾਸ ਕਾਰਾਂ ਦਾ ਇਹ ਹੈ ਕਿ ਗੁਰੂ ਸਾਹਿਬ 1619 ਨੂੰ ਗਵਾਲੀਅਰ ਤੋਂ ਰਿਹਾ ਹੋਏ ਹਨ। ਇੰਝ ਮੰਨਣ ਵਾਲੇ ਵੀ ਉਸ ਦਿਨ ਦਿਵਾਲੀ ਦਾ ਹੋਣ ਦਾ ਕੋਈ ਜਿਕਰ ਨਹੀਂ ਕਰਦੇ ਹਨ। ਤੇ ਕੁਝ ਇਤਿਹਾਸਕਾਰ 28 ਦਸੰਬਰ 1620 ਨੂੰ ਗੁਰੂ ਸਾਹਿਬ ਦਾ ਸ੍ਰੀ ਅੰਮ੍ਰਿਤਸਰ ਪਹੁੰਚਣਾ ਲਿਖਦੇ ਹਨ।
ਅਗਰ ਇਹ ਤਿੰਨੋਂ ਤੱਥ ਹੀ ਸਹੀ ਮੰਨ ਲਏ ਜਾਣ ਤਾਂ ਲੋੜ ਹੁਣ ਇਸ ਗੱਲ ਦੀ ਹੈ ਕਿ ਇਨ੍ਹਾਂ ਤਿੰਨਾਂ ਹੀ ਸਾਬਤ ਕੀਤੇ ਜਾ ਰਹੇ ਤੱਥਾਂ ਅਨੁਸਾਰ 1612, 1614 ਅਤੇ 1619 ਨੂੰ ਦਿਵਾਲੀ ਕਿਸ ਕਿਸ ਤਰੀਕ ਨੂੰ ਸੀ ? ਤਾਂ ਹੀ ਪਤਾ ਲੱਗੇਗਾ ਕਿ ਕੀ ਵਾਕੇ ਹੀ ਗੁਰੂ ਸਾਹਿਬ ਦਿਵਾਲੀ ਵਾਲੇ ਦਿਨ ਸ੍ਰੀ ਦਰਬਾਰ ਸਾਹਿਬ ਪਹੁੰਚੇ ਸਨ ? ਜਾਂ ਦਿਵਾਲੀ ਵਾਲੇ ਦਿਨ ਹੀ ਰਿਹਾ ਹੋਏ ਸਨ ? ਕਿਉਂਕਿ "ਦਾਤਾ ਬੰਦੀ ਛੋੜ ਦਿਵਸ ਗਵਾਲੀਅਰ ਵਿਖੇ ਰਿਹਾਈ ਵਾਲੇ ਦਿਨ” ਬਣਾਇਆ ਜਾਂਦਾ ਹੈ। ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿਵਾਲੀ ਨੂੰ ਸ੍ਰੀ ਦਰਬਾਰ ਸਾਹਿਬ ਪਹੁੰਚਣ ਦਾ ਦਿਨ ਦੱਸ ਕੇ ਹਰ ਸਾਲ ਉਸੇ ਦਿਨ ਬਣਾਉਂਦੀ ਹੈ।
ਅਤਿੰਦਰ ਪਾਲ ਸਿੰਘ EX. MP
ਅਤਿੰਦਰ ਪਾਲ ਸਿੰਘ ਖਾਲਸਤਾਨੀ
"ਝੂਠੁ ਨ ਬੋਲਿ ਪਾਡੇ ਸਚੁ ਕਹੀਐ"
Page Visitors: 2810