ਗੁਰੂ ਦੀ ਮਤਿ ਅਨੁਸਾਰ ਧਰਮ ਪ੍ਰਚਾਰ ਦੇ ਕਾਰਜ ਵਿੱਚ ਰਾਗੀ ਸਿੰਘਾਂ ਅਤੇ ਪ੍ਰਬੰਧਕਾਂ ਲਈ ਸੇਧ
ਵੀਰ ਜੀਓ, ਅੱਜ ਦੇ ਸਮੇਂ ਵਿੱਚ ਰਾਗੀ ਸਿੰਘਾਂ ਦੁਆਰਾ ਕੀਤਾ ਜਾਂਦਾ ਕੀਰਤਨ ਗੁਰੂ ਦੀ ਮਤਿ ਦੇ ਪ੍ਰਚਾਰ ਪ੍ਰਸਾਰ ਦਾ ਇੱਕ ਸਭ ਤੋਂ ਵੱਡਾ ਜੱਰਿਆ ਹੈ, ਥਾਂ ਥਾਂ ਹੁੰਦੇ ਕੀਰਤਨ ਦਰਬਾਰ ਤੇ ਮਹਾਨ ਕੀਰਤਨ ਸਮਾਗਮਾਂ ਬਾਰੇ ਆਪ ਚੰਗੀ ਤਰ੍ਹਾਂ ਜਾਣੂ ਹੋ। ਅੱਜ ਰਾਗੀ ਸਿੰਘ ੧੧੦੦/- ਤੋਂ ਲੈ ਕੇ ੩੧,੦੦੦/- ਜਾਂ ਹੋਰ ਵੀ ਵੱਧ
ਭੇਟਾ ਕੀਰਤਨ ਗਾਇਨ ਕਰਨ ਲਈ ਲੈ ਰਹੇ ਹਨ। ਇਹ ਇੱਕ ਅਲਗ ਵਿਸ਼ਾ ਹੈ ਕਿ ਕਿਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼ਿਰੋਮਣੀ ਕਮੇਟੀ ਇਸ ਪੱਖ ਤੇ ਸਿੱਖ ਪੰਥ ਨੂੰ ਸੇਧ ਦੇਣ ਤਾਂ ਜੋ ਗੁਰਦੁਆਰਿਆ ਦੇ ਪ੍ਰਬੰਧਕੀ ਰੱਖਰਖਾਵ ਦੇ ਇਸ ਸਭ ਤੋਂ ਵੱਡੇ ਖਰਚੇ ਨੂੰ ਕਾਬੂ ਕੀਤਾ ਜਾਵੇ ਤੇ ਸੰਗਤ ਵੀ ਰਾਗੀ ਸਿੰਘਾਂ ਦੇ
ਨਾਲ ਨਾ ਜੁੜਕੇ, ਗੁਰਬਾਣੀ ਦੀ ਵਿਚਾਰ ਨਾਲ ਜੁੜ ਸਕੇ।
ਜੀਓ, ਅੱਜ ਦੇ ਬਹੁਤੇਰੇ ਰਾਗੀ ਸਿੰਘ ਕੀਰਤਨ ਗਾਇਨ ਕਰਦੇ ਸਮੇਂ ਗੁਰੂ ਦੀ ਦੱਸੀ ਮਰਿਯਾਦਾ ਦਾ ਉਲਘੰਣ ਸਹਜੇ ਸਹਜੇ ਕਰੀ ਜਾ ਰਹੇ ਹਨ ਤੇ ਜਿਸਨੂੰ ਜਿੰਨੀ ਜਿੰਨੀ ਸਮਝ ਹੈ, ਆਪਣੀ ਰੋਜੀ ਰੋਟੀ ਕਮਾਣ ਲਈ ਗੁਰੂ ਦੀ ਬਾਣੀ ਨੂੰ ਅਵੇਸਲੇਪਨ ਵਿੱਚ ਗਾਇਨ ਕਰੀ ਜਾ ਰਿਹਾ ਹੈ। ਆਪ ਭਲੀ ਭਾਤੀ ਜਾਣੂ ਹੋਵੋਗੇ ਕਿ ਗੁਰਬਾਣੀ ਗਾਇਨ ਦੇ ਕੁਝ ਅਸੂਲ ਹਨ, ਹਰ ਸ਼ਬਦ ਦੇ ਉਪਰ ਰਾਗ ਆਦਿ ਤੇ ਕੁਝ ਥਾਵਾਂ ਤੇ ਤਾਲ ਆਦਿ ਦਾ ਵੀ ਜਿਕਰ ਮਹਾਰਾਜ ਨੇ ਬਖਸ਼ਿਆ ਹੈ। ਜਿਆਦਾਤਰ ਸ਼ਬਦਾਂ ਵਿੱਚ "ਰਹਾਉ" ਦੀ ਪੰਕਤੀ ਦਾ ਉਲੇਖ ਹੁੰਦਾ ਹੈ, ਕਈ ਕਈ ਥਾਵਾਂ ਤੇ ਇੱਕ ਤੋਂ ਵਧੀਕ ਰਹਾਉ ਵੀ ਹੁੰਦੇ ਹਨ, ਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਰਾਗੀ ਸਿੰਘ ਆਪਣੀ ਮੱਤ ਅਨੁਸਾਰ ਕਿਸੀ ਵੀ ਪੰਕਤੀ ਨੂੰ ਆਧਾਰ (ਰਹਾਉ) ਬਣਾ ਕੇ ਕੀਰਤਨ ਗਾਇਨ ਸ਼ੁਰੂ ਕਰ ਦਿੰਦੇ ਹਨ।
ਉਦਾਹਰਣ ਵਜੌਂ :
ਹਰ ਖੁਸ਼ੀ ਦੇ ਮੌਕੇ ਤੇ ਰਾਗੀ ਸਿੰਘ ਨੂੰ "ਲਖ ਖੁਸੀਆ ਪਾਤਿਸਾਹੀਆ ਜੇ ਸਤਿਗੁਰੁ ਨਦਰਿ ਕਰੇਇ"॥ ਕਰਨ ਦੀ ਹਿਦਾਇਤ ਸੰਗਤਾਂ ਵਲੋਂ ਦਿੱਤੀ ਜਾਂਦੀ ਹੈ ਤੇ ਰਾਗੀ ਸਿੰਘ ਵੀ ਆਪਣੇ ਧਾਰਮਿਕ ਫਰਜ ਨੂੰ ਭੁੱਲ ਕੇ ਸੰਗਤਾਂ ਨੂੰ ਗੁਰਬਾਣੀ ਦੇ ਨਿਰੋਲ ਗਿਆਨ ਦੇਣ ਦੀ ਬਜਾਇ ਸੰਗਤਾਂ ਦੇ ਪਿੱਛੇ ਲਗ ਕੇ ਇਸ ਸ਼ਬਦ ਵਿੱਚ ਬਖਸ਼ੇ ਗੁਰੂ ਦੇ ਅਨਮੋਲ ਗਿਆਨ ਨੂੰ ਵਿਸਾਰ ਕੇ ਸ਼ਬਦ ਦਾ ਗਾਇਨ ਕਰ ਦਿੰਦੇ ਹਨ ਤੇ ਬਾਰ ਬਾਰ "ਲਖ ਖੁਸੀਆ… … " ਦਾ ਗਾਇਨ ਕਰਦੇ ਹਨ. ਜਦ ਕੀ ਇਸ ਸ਼ਬਦ ਦੇ ਰਹਾਉ ਅਨੁਸਾਰ
"ਮੇਰੇ ਮਨ ਏਕਸ ਸਿਉ ਚਿਤੁ ਲਾਏ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ॥੧॥ ਰਹਾਉ"
ਦਾ ਉਚਾਹਰਣ ਬਾਰੰ-ਬਾਰ ਹੋਣਾ ਚਾਹੀਦਾ ਸੀ ਤਾਂ ਜੋ ਸੰਗਤਾਂ ਨੂੰ ਪ੍ਰੇਰਣਾ ਮਿਲਦੀ ਕਿ ਮਨ ਨੂੰ ਇੱਕ ਨਾਲ ਜੋੜਨਾ ਹੈ, ਜਦ ਕਿ ਰਾਗੀ ਸਿੰਘਾਂ ਨੇ ਜੋੜਨ ਦਾ ਉਪਰਾਲਾ ਕੀਤਾ "ਲਖ ਖੁਸ਼ੀਆ ਨਾਲ… ਜੋ ਗੁਰੂ ਦੀ ਮਤਿ ਅਨੁਸਾਰ "ਇਹ ਲੱਖਾਂ ਖੁਸ਼ੀਆਂ - "ਏਕਸ ਬਿਨ ਸਭ ਧੰਧ ਹੈ"।
ਇੱਕ ਉਦਾਹਰਣ ਹੋਰ ਵੀਰ :
ਦੀਵਾਲੀ ਦੀ ਰਾਤ ਜਿਆਦਾਤਰ ਰਾਗੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ "ਦੀਵਾਲੀ ਦੀ ਰਾਤ ਦੀਵੇਂ ਬਾਲੀਅਨ" - ਪੰਕਤੀਆਂ ਨੂੰ ਆਧਾਰ ਬਣਾ ਕੇ ਕੀਰਤਨ ਜਰੂਰ ਕਰਦੇ ਹਨ ਤੇ ਇਨ੍ਹਾਂ ਦਾ ਗਾਇਨ ਬਾਰ-ਬਾਰ ਕੀਤਾ ਜਾਂਦਾ ਹੈ, ਸੰਗਤਾਂ ਨੂੰ ਸੁਨੇਹਾ ਇਹ ਜਾਂਦਾ ਹੈ ਕਿ ਬਾਣੀ ਉਨ੍ਹਾਂ ਨੂੰ ਦੀਵਾਲੀ ਦੀ ਰਾਤ ਨੂੰ
ਦੀਵੇਂ ਬਾਲਣ ਦਾ ਉਪਦੇਸ਼ ਕਰ ਰਹੀ ਹੈ… ਜਦ ਕਿ ਇਸ ਸ਼ਬਦ ਦਾ ਸੁਨੇਹਾ ਇਸ ਤੋਂ ਬਿਲਕੁਲ ਉਲਟ ਹੈ, ਉਹ ਹੈ :
"ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।੬।"
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲੀਅਨਿ।
ਫੁਲਾਂ ਦੀ ਬਾਗਾਤਿ ਚੁਣਿ ਚੁਣਿ ਚਾਲੀਅਨਿ।
ਤੀਰਥਿ ਜਾਤੀ ਜਾਤਿ ਨੈਣ ਨਿਹਾਲੀਅਨਿ।
ਹਰਿਚੰਦਉਰੀ ਝਾਤਿ ਵਸਾਇ ਉਚਾਲੀਅਨਿ।
ਗੁਰਮੁਖਿ ਸੁਖ ਫਲ ਦਾਤਿ ਸਬਦਿ ਸਮ੍ਹਾਲੀਅਨਿ ।੬। ਭਾਈ ਗੁਰਦਾਸ ਜੀ (ਵਾਰ ੧੯ ਪਉੜੀ ੬)
ਭਾਵ : ਗੁਰਮੁਖ ਲੋਗ ਦੀਵਾਲੀ ਦੀ ਰਾਤਿ ਦੀ ਖੁਸ਼ੀ, ਤਾਰੇ, ਫੁਲ ਅਰ ਤੀਰਥ ਦੇ ਮੇਲਿਆਂ ਵਾਗੂੰ ਜਗਤ ਨੂੰ ਅਲਪ ਕਾਲ ਦੀ ਖੁਸ਼ੀ ਮੰਨ ਕੇ, ਚਿੱਤ ਕਰਕੇ ਉਪਰਾਮ ਰਹਿ ਕੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਸੁਖਾਂ ਦੀ ਦਾਤ ਮਾਣਦੇ ਹਨ।
ਇਸ ਤਰ੍ਹਾਂ ਦੇ ਹੋਰ ਅਨੇਕਾਂ ਉਦਾਹਰਣਾਂ ਹਨ, ਜਿਸ ਕਰਕੇ ਸਾਡੇ ਰਾਗੀ ਸਿੰਘਾਂ ਦੀ ਮਨਮਤਿ ਕਾਰਨ ਸੰਗਤਾਂ ਵਿੱਚ ਗੁਰੂ ਦੀ ਬਾਣੀ ਦਾ ਸੁਨੇਹਾ ਸਹੀ ਤਰੀਕੇ ਨਾਲ ਨਹੀ ਪਹੁੰਚ ਪਾ ਰਿਹਾ ਹੈ, ਆਪ ਪ੍ਰਬੰਧਕ ਵੀਰ ਤੇ ਸੂਝਵਾਨ ਰਾਗੀ ਸਿੰਘ, ਅਗਰ ਇਸ ਵਿਸ਼ੇ ਤੇ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਰਾਗੀ ਸਿੰਘਾਂ ਨੂੰ ਤੇ ਹੋਰ
ਵੀ ਰਾਗੀ ਸਿੰਘ ਜੋ ਦਿੱਲੀ ਦੇ ਇਤਿਹਾਸਿਕ ਗੁਰਦੁਆਰਿਆਂ ਵਿੱਚ ਹਾਜਰੀਆਂ ਭਰਦੇ ਹਨ, ਕੋਈ ਦਿਸ਼ਾ ਨਿਰਦੇਸ਼ (ਗਾਈਡਲਾਈਨ) ਜਾਰੀ ਕਰ ਦਿੱਤਾ ਜਾਏ ਤਾਂ ਸਹਿਜੇ ਸਹਿਜੇ ਪ੍ਰਚਾਰ ਦੀ ਇੱਕ ਵੱਡੀ ਕੱਮੀ ਵਿੱਚ ਸੁਧਾਰ ਹੋ ਜਾਏਗਾ। ਇਸ ਬਾਰੇ ਦਿੱਲੀ ਅਤੇ ਦੇਸ਼ ਵਿਦੇਸ਼ ਦੀਆਂ ਸਿੰਘ ਸਭਾਵਾਂ ਨੂੰ ਵੀ ਜੋੜ ਕੇ ਇੱਕ ਵੱਡੇ ਸੁਧਾਰ
ਵਿੱਚ ਸਹਾਈ ਹੋ ਸਕਦੇ ਹੋ ਜੀ।
ਆਸ ਕਰਦੇ ਹਾਂ, ਕਿ ਸੂਝਵਾਨ ਪ੍ਰਬੰਧਕ ਵੀਰ ਤੇ ਗੁਰੂ ਦੀ ਮਤਿ ਤੇ ਚਲਣ ਵਾਲੇ ਰਾਗੀ ਸਿੰਘ, ਇਸ ਵਿਸ਼ੇ ਦੀ ਮਹਤੱਤਾ ਨੂੰ ਵਿਚਾਰ ਕੇ ਯੋਗ ਕਦਮ ਜਰੂਰ ਚੁਕਣਗੇ।
ਆਪ ਜੀ ਦਾ ਬਹੁਤ ਬਹੁਤ ਧੰਨਵਾਦ।
ਸਵਰਨ ਸਿੰਘ
9313106259
ਬਲਵਿੰਦਰ ਸਿੰਘ ਬਾਈਸਨ
ਗੁਰੂ ਦੀ ਮਤਿ ਅਨੁਸਾਰ ਧਰਮ ਪ੍ਰਚਾਰ ਦੇ ਕਾਰਜ ਵਿੱਚ ਰਾਗੀ ਸਿੰਘਾਂ ਅਤੇ ਪ੍ਰਬੰਧਕਾਂ ਲਈ ਸੇਧ
Page Visitors: 2707