‘ਨਿਸ਼ਾਨ ਅਤੇ ਪ੍ਰਤੀਕ ਦਾ ਸਿਧਾਂਤ ਨਾਲ ਸਬੰਧ’
ਨਿਸ਼ਾਨ ਪਹਿਚਾਨ ਹੁੰਦੇ ਹਨ! ਇੱਕ ਅੱਖਰ ਤਕ ਵੀ ਅਪਣੀ ਇਕ ਵਿਸ਼ੇਸ਼ ਬਣਤਰ (ਨਿਸ਼ਾਨ) ਕਾਰਨ ਪਹਿਚਾਣਿਆ ਜਾਂਦਾ ਹੈ । ਸੱਭਿਯਤਾਵਾਂ ਸਦਿਆਂ ਤਕ ਨਿਸ਼ਾਨਾਂ ਦੀ ਵਰਤੋਂ ਕਰਕੇ ਹੀ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦੀਆਂ ਰਹੀਆਂ।ਇਹ ਸੱਭਿਯਤਾਵਾਂ ਦਾ ਨਿਸ਼ਾਨਾ ਨਾਲ ਜ਼ਿੰਦਗੀ ਅਤੇ ਮੌਤ ਦਾ ਸਬੰਧ ਸੀ। ਇਹ ਅੱਜ ਵੀ ਕਾਯਮ ਹੈ। ਬੱਸ ਥੋੜਾ ਸਮਝਣ ਦੀ ਲੋੜ ਹੈ!
ਕਈ ਵਾਰ ਪਹਿਚਾਨ ਲਈ ਨਿਸ਼ਾਨ ਸਥਾਪਤ ਕੀਤਾ ਜਾਂਦਾ ਹੈ। ਨਿਸ਼ਾਨ ਵਿਸ਼ਾਲ ਪਹਿਚਾਨ ਦਾ ਪ੍ਰਤੀਕ ਬਣਦਾ ਹੈ। ਇਹ ਗਲ ਮਨੁੱਖ ਨੇ ਕੁਦਰਤ ਤੋਂ ਸਿੱਖੀ ਹੈ। ਨਿਸ਼ਾਨ ਕਦੇ ਬੇ ਜ਼ੁਬਾਨ ਨਹੀਂ ਹੁੰਦੇ। ਨਿਸ਼ਾਨ ਜੁਬਾਨ ਬਣਦੇ ਹਨ ਅਤੇ ਕਈ ਵਾਰ ਪਹਿਚਾਣ ਦੇ ਅਕੱਟ ਸਬੂਤ ਵੀ। ਉਂਗਲਿਆਂ ਦੇ ਨਿਸ਼ਾਨ ਕਿਸੇ ਵਿਯਕਤੀ ਦੀ ਪੁਖ਼ਤਾ ਨਿਸ਼ਾਨਦੇਹੀ ਬਣਦੇ ਹਨ ਜਿਸ ਤੋਂ ਮੁਨਕਰ ਹੋਂਣਾ ਅਸੰਭਵ ਹੋ ਜਾਂਦਾ ਹੈ!
ਕੋਈ ਪੁੱਛ ਲਵੇ ਕਿ ਜ਼ਿੰਦਗੀ ਦੇ ਫ਼ਲਸਫ਼ੇ ਵਿਚ ਭਲਾ ਉਂਗਲਿਆਂ ਦੇ ਨਿਸ਼ਾਨਦਾ ਕੀ ਮੱਹਤਵ? ਤਾਂ ਕੀ ਜਵਾਬ ਹੈ? ਉਨੱਤ ਮੁਲਕਾਂ ਵਿਚ ਤਾਂ ਬਿਨਾਂ ਉਂਗਲਿਆਂ ਦੇ ਨਿਸ਼ਾਨ ਦਿੱਤੇ, ਸਮਾਜ ਵਿਚ ਰਹਿਣ ਦਾ ਹੱਕ ਹੀ ਨਹੀਂ ਮਿਲਦਾ। ਭਾਰਤ ਵਿਚ ਵੀ,ਜਿਸ ਵੇਲੇ ਪੜਾਈ ਲਿਖਾਈ ਨਾ ਹੋਵੇ ਤਾਂ ਅੰਗੁਠੇ ਦੇ ਨਿਸ਼ਾਨ ਨਾਲ ਕੰਮ ਚਲਾਇਆ ਜਾਂਦਾ ਹੈ, ਜੋ ਕਿ ਦਸਤਖਤਾਂ ਨਾਲੋਂ ਜ਼ਿਆਦਾ ਠੋਸ ਸਬੂਤ ਹੁੰਦਾ ਹੈ ਕਿਸੇ ਦੇ ਹੋਂਣ ਦਾ। ਇਸਤਰੀ ਅਤੇ ਪੁਰਸ਼ ਵਿਚਲਾ ਬਯੌਲੋਜੀਕਲ ਅੰਤਰ ਨਿਸ਼ਾਨਾਂ ਰਾਹੀਂ ਪਹਿਚਾਣਿਆ ਜਾਂਦਾ ਹੈ। ਜ਼ਰਾ ਸੋਚੀਏ ਕਿ ਅਗਰ ਸ਼ਕਲੋ ਸੂਰਤ ਵਿਚ, ਇਸਤਰੀ ਅਤੇ ਪੁਰਸ਼ ਇਕ ਜੈਸੇ ਹੁੰਦੇ ਤਾਂ ਕੀ ਹੁੰਦਾ?
ਨਿਸ਼ਾਨ ਕੁਦਰਤ ਵਿਚਲੀ ਜ਼ਿੰਦਗੀ ਦੇ ਫ਼ਲਸਫ਼ੇ ਦਾ ਜ਼ਰੁਰੀ ਅੰਗ ਹਨ। ਉਹ ਬੋਲਦੇ ਹਨ! ਸਿਖਾਉਂਦੇ ਹਨ!ਯਾਦਾਸ਼ਤ ਬਣਦੇ ਹਨ! ਸ਼ਰੀਰਕ ਨਿਸ਼ਾਨ ਦੇਹੀ ਰਾਹੀਂ ਬੱਚੇ-ਜਵਾਨ ਅਤੇ ਬੁੱਢੇ ਵਿਚਲਾ ਅੰਤਰ ਸਥਾਪਤ ਹੁੰਦਾ ਹੈ। ਪੱਥਰ ਦੀ ਗੋਲਾਈ ਨੇ ਮਨੁੱਖ ਨੂੰ ਪਹੀਏ ਦੇ ਸਿਧਾਂਤ ਤੋਂ ਜਾਣੂ ਕਰਵਾਇਆ। ਪੱਥਰ ਨਾ ਹੁੰਦੇ ਤਾਂ ਰਾਜਾ ਅਸ਼ੋਕ ਅਪਣੇ ਰਾਜ ਆਦੇਸ਼ ਪਰਜਾ ਤਕ ਨਾ ਪਹੁੰਚਾ ਪਾਉਂਦਾ।ਬੁੱਧ ਮਤ ਦੇ ਮੁਢਲੇ ਸਿਧਾਤਾਂ ਦੇ ਪ੍ਰਗਟਾਵੇ ਵਿੱਚ ਪੱਥਰਾਂ ਦੀ ਅਹਿਮ ਭੁਮਿਕਾ ਸੀ।ਅੱਜ ਕੋਈ ਪੁੱਛ ਲਵੇ ਕਿ ਭਲਾ ਪੱਥਰਾਂ ਅਤੇ ਫ਼ਲਸਫ਼ੇ ਦਾ
ਕੀ ਸਬੰਧ ?
ਬਾਣੀ ਤਾਂ ਉੱਚਾਰੀ ਜਾਂਦੀ ਸੀ ਹੀ! ਕੋਈ ਪੁੱਛ ਲਵੇ ਕਿ ‘ਲਿਖਾਈ’ ਦਾ ‘ਸਿਧਾਂਤ’ ਨਾਲ ਕੀ ਸਬੰਧ? ਪੰਚਮ ਪਾਤਿਸ਼ਾਹ ਨੇ ਉਸ ਨੂੰ ਗ੍ਰੰਥ ਰੂਪ ਵਿਚ ਦਰਜ ਕਰਕੇ, ਵਿਸ਼ੇਸ਼ ਢੰਗ ਨਾਲ ਦਰਬਾਰ ਸਾਹਿਬ ਦੀ ਉਸਾਰੀ ਕਰਕੇ ਉਸਦੀ ਸਥਾਪਨਾ ਕੀਤੀ। ਭਲਾ ਸਿਧਾਤਾਂ ਦਾ ਦਰਬਾਰ ਸਾਹਿਬ ਦੀ ਉਸਾਰੀ ਅਤੇ ਉਸ ਵਿਚ ਗ੍ਰੰਥ ਸਵਰੂਪ ਦੀ ਸਥਾਪਨਾ ਨਾਲ ਕੀ ਸਬੰਧ? ਕੋਈ ਇਹ ਪੁੱਛ ਲਵੇ ਕਿ ਭਲਾ ਚਮਕੋਰ ਦੀ ਕੱਚੀ ਗੜੀ ਨਾਲ ਸਿੱਖੀ ਦਾ ਕੀ ਸਬੰਧ?
ਕੋਈ ਇਹ ਪੁੱਛ ਲਵੇ ਕਿ ਮਿੱਟੀ ,ਗ਼ਾਰੇ ਤੇ ਇੱਟਾਂ ਦਾ ਸ਼ਹੀਦਿਆਂ ਨਾਲ ਕੀ ਸਬੰਧ? ਜੇ ਕਰ ਸਬੰਧ ਪੂਜਾ ਦਾ ਨਹੀਂ ਤਾਂ ਤਿਰਸਕਾਰ ਦਾ ਵੀ ਕਦਾਚਿੱਤ ਨਹੀਂ। ਸਿੱਖੀ ਦੇ ਕਿੱਸੇ ਦਾ ਮਿਟੀ, ਗ਼ਾਰੇ ਤੇ ਇੱਟਾਂ ਨਾਲ ਸਬੰਧ ਨਹੀਂ ਟੁੱਟਦਾ। ਖੈਰ!
ਅਸੀਂ ਅਪਣੇ ਅੱਖੀ ਇੱਕ ਉੱਨਤ ਸਮਾਜ ਨੂੰ ਵੇਖ ਰਹੇ ਹਾਂ। ਉਸ ਵਿਚ ਜੀ ਵੀ ਰਹੇ ਹਾਂ। ਭਾਰਤੀ ਪਾਰਲਿਆਮੇਂਟ ਤੇ ਹਮਲਾ ਭਾਰਤੀ ਲੋਕਤੰਤਰ ਤੇ ਹਮਲਾ ਸਮਝਿਆ ਗਿਆ। ਕਿਉਂ? ਭਲਾ ਅਤਿਵਾਦਿਆਂ ਨੂੰ ਨਹੀਂ ਸੀ ਪਤਾ ਕਿ ਗੋਲਿਆਂ ਤਾਂ ਪਾਰਲਿਆਮੇਂਟ ਦਿਆਂ ਇੱਟਾ-ਰੇਤੇ ਨੂੰ ਵੱਜਣ ਗਿਆਂ? ਸੰਵਿਧਾਨ ਨੂੰ ਤਾਂ ਗੋਲੀ ਨਹੀਂ ਸੀ ਮਾਰੀ ਜਾ ਸਕਦੀ। ਫ਼ਿਰ ਇੱਟਾਂ-ਰੇਤੇ ਆਦਿ ਦੇ ਬਣੇ ਪਾਰਲਿਆਮੇਂਟ ਅਤੇ ਸੰਵਿਧਾਨ ਦਾ ਕੀ ਸਬੰਧ ਸੀ ? ਕਿਉਂ ਨਿਸ਼ਾਨਾ ਬਣਿਆ ਪਾਰਿਆਮੇਂਟ ? ਨਿਰਦੋਸ਼ ਜਾਨਾਂ ਵੀ ਗਈਆਂ। ਉਹ ਜਾਨਾਂ ਤਾਂ ਕਿਸੇ ਸਬਜ਼ੀ ਮੰਡੀ ਤੇ ਹਮਲਾ ਕਰਕੇ ਵੀ ਲਈਆਂ ਜਾ ਸਕਦੀਆਂ ਸਨ। ਨਹੀਂ ਸੀ ਲਈਆਂ ਜਾ ਸਕਦੀਆਂ? ਫ਼ਿਰ ਪਾਰਲਿਆਮੇਂਟ ਹੀ ਕਿਉਂ?
ਅਫ਼ਗਾਨੀਸਤਾਨ! ਸਦਿਆਂ ਪਹਿਲਾਂ ਪਹਾੜਾਂ ਦੀ ਕਟਾਈ ਕਰਕੇ ਬਣਾਏ ਗਏ ‘ਬੁੱਧ’ ਦੇ ਬੁੱਤਾਂ ਨੂੰ ਤਾਲੀਬਾਨ ਨੇ ਤੋਪਾਂ ਨਾਲ ਉਡਾਇਆ। ਬੁੱਧ ਦੇ ਸਿਧਾਤਾਂ ਦਾ ਕੁੱਝ ਨਹੀਂ ਸੀ ਵਿਗੜਨਾ। ਪਰ ਕਰਦੇ ਕੀ? ਬੁੱਧ ਦੇ ਪ੍ਰਤੀਕ ਤਾਲਿਬਾਨਾਂ ਨੂੰ ਚਿੜਾਉਂਦੇ ਸੀ। ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਬੁੱਤਾਂ ਨੇ। ਉਨ੍ਹਾਂ ਬੁਤਾਂ ਨੇ ਜਿਸ ਨੂੰ ਤਾਲਿਬਾਨ ਮੰਨਦੇ ਹੀ ਨਹੀਂ ਸੀ।
ਅਸੀਂ ਇਕ ਦਿਨ ਇਹ ਵੀ ਵੇਖਿਆ ਕਿ ਅਤਿਵਾਦਿਆਂ ਨੇ ਸੰਸ਼ਾਰ ਤੇ ਸਭ ਤੋਂ ਤਾਕਤਵਰ ਮੁਲਕ ਤੇ ਹਮਲਾ ਕੀਤਾ। ਨਿਸ਼ਾਨਾ ਬਣੇ ‘ਟਵੀਨ ਟਾਵਰ’ ਅਤੇ ‘ਪੇਂਟਾਗਨ’। ਰਾਸ਼ਟ੍ਰਪਤੀ ਭਵਨ ਵੀ ਨਿਸ਼ਾਨੇ ਤੇ ਸੀ। ਕਿਉਂ?
ਉੱਡਦੇ ਜਹਾਜ਼ ਤਾਂ ਕਿੱਧਰੇ ਵੀ ਮਾਰੇ ਜਾ ਸਕਦੇ ਸੀ। ਜਾਨਾਂ ਕਿੱਧਰੇ ਹੋਰ ਵੀ ਲਈਆਂ ਜਾ ਸਕਦੀਆਂ ਸਨ। ਪਰ ਉਸ ਤਾਕਤਵਰ ਮੁਲਕ ਦੀ ਅਰਥਵਿਵਸਥਾ, ਫ਼ੌਜੀ ਸ਼ਕਤੀ ਅਤੇ ਲੋਕਤੰਤਰ ਨੂੰ ਪ੍ਰਤੀਕਾਂ ਦੇ ਮਾਧਿਅਮ ਰਾਹੀਂ ਨਿਸ਼ਾਨਾ ਬਣਾਇਆ ਗਿਆ।ਸੰਵਿਧਾਨ ਵਿੱਚ ਤਾਂ ਜਹਾਜ ਨਹੀਂ ਸੀ ਵੱਜ ਸਕਦੇ ।
ਉਹ ਪ੍ਰਤੀਕ ਪੁਜਾਰਿਆਂ ਦੇ ਨਹੀਂ ਸੀ ਖੜੇ ਕੀਤੇ ਹੋਏ। ਪਰ ਅਤਿ ਆਧੁਨਿਕ ਸੋਚ ਨਾਲ ਚਲਣ ਵਾਲੀ ਸਰਕਾਰ ਅਤੇ ਸਮਾਜ ਨੇ ਇਨ੍ਹਾਂ ਨਿਸ਼ਾਨਾ ਤੇ ਹੋਏ ਹਮਲੇ ਨੂੰ ਇਕ ਸੰਵਿਧਾਨਕ ਵਿਵਸਥਾ ਅਤੇ ਦੇਸ਼ ਦੀ ਪ੍ਰਭੂਸੱਤਾ ਤੇ ਹਮਲਾ ਮੰਨਿਆਂ। ਕਿਉਂ? ਕੀ ਉਹ ਪੁਜਾਰੀਵਾਦੀ ਸੋਚ ਸੀ? ਕੀ ਉਹ ਸਟੀਲ਼ ਅਤੇ ਸਿਮਿੰਟ ਦਿਆਂ ਇਮਾਰਤਾਂ ਤੇ ਹਮਲਾ ਨਹੀਂ ਸੀ? ਉਨ੍ਹਾਂ ਦੀ ਕੋਈ ਪੂਜਾ ਤਾਂ ਨਹੀਂ ਸੀ ਕਰਦਾ। ਪ੍ਰਤੀਕਾਂ/ਨਿਸ਼ਾਨਾਂ ਦੇ ਮੱਹਤਵ ਨੂੰ ਸਮਝਣਾ ਪਵੇਗਾ।ਸੰਸਾਰ ਦੇ ਹਰ ਦੇਸ਼ ਨੇ ਅਪਣੇ ਭੂ ਖੇਤਰ ਤੇ ਨਿਸ਼ਾਨ ਲਗਾਏ ਹਨ ਜਿਸਨੂੰ ਅੰਗ੍ਰਜ਼ੀ ਵਿਚ ਬਾਉਂਡਰੀ ਕਿਹਾ ਜਾਂਦਾ ਹੈ।‘ਪੋਲਿਟੀਕਲ ਸਾਇੰਸ’ ਦੇ ਸਿਧਾਂਤ ਮੁਤਾਬਕ ਕੋਈ ਵੀ ਮੁਲਕ ਤਦ ਤਕ ਇਕ ਮੁਲਕ
ਨਹੀਂ ਹੋ ਸਕਦਾ ਜਦ ਤਕ ਕਿ ਉਸ ਦੀ ਇਕ ਅਪਣੀ ਸੀਮਾ ਰੇਖਾ ਦੀ ਨਿਸ਼ਾਨਦੇਹੀ ਨਾ ਹੋਵੇ। ਭਲਾ ਉਸ ਨਿਸ਼ਾਨ ਦਾ ਸੰਵਿਧਾਨਕ ਫ਼ਲਸਫ਼ੇ ਨਾਲ ਕੀ ਸਬੰਧ? ਬਿਨ੍ਹਾਂ ਨਿਸ਼ਾਨ ਦੇ ਕਿਸੇ ਮੁਲਕ ਦੀ ਹੋਂਦ ਕੇਵਲ ਫ਼ਲਸਫ਼ੇ ਵਿਚ ਹੀ ਹੋ ਸਕਦੀ ਹੈ ਵਾਸਤਵਿਕਤਾ ਵਿਚ ਨਹੀਂ!
ਭਾਰਤ ਵਿਚ ਇਕ ਹੋਰ ਨਿਸ਼ਾਨ ਹੈ। ਇਸਦਾ ਅਪਣਾ ਝੰਡਾ। ਕਪੜੇ ਅਤੇ ਬਾਂਸ ਦੇ ਡੰਡੇ ਦਾ ਕੀ ਮਹੱਤਵ? ਉਸਦਾ ਭਾਰਤੀ ਸੰਵਿਧਾਨ ਨਾਲ ਕੀ ਸਬੰਧ? ਕਪੜਾ ਫ਼ੱਟ ਜਾਏ ਬਾਂਸ ਟੁੱਟ ਜਾਏ ਤਾਂ ਭਲਾ ਸੰਵਿਧਾਨ ਨੂੰ ਕੀ ਫ਼ਰਕ? ਉਸ ਨੂੰ ਕੋਈ ਸਾੜ ਦੇਵੇ ਜਾਂ ਪੈਰਾਂ ਹੇਠ ਰੋਂਦ ਦੇਵੇ ਤਾਂ ਭਲਾ ਸੰਵਿਧਾਨਕ ਫ਼ਲਸਫ਼ੇ ਨੂੰ ਕੀ ਫ਼ਰਕ? ਜੇ ਕਰ ਉਸ ਨੂੰ ਡਿੰਗਾ ਜਾਂ ਉਲਟਾ ਕਰਕੇ ਲਗਾ ਦਿਉ ਤਾਂ ਭਲਾ ਸੰਵਿਧਾਨ ਦੇ ਫ਼ਲਸਫ਼ੇ ਨੂੰ ਕੀ ਫ਼ਰਕ? ਪਰ ਧਿਆਨ ਦੇਂਣਾ ਦੇਸ਼ ਦੇ ਨਿਸ਼ਾਨ ਦੇ ਮਹੱਤਵ ਨੂੰ ਠੇਸ ਪਹੁੰਚਾਣ ਲਈ ਪਰਚਾ ਲੱਗਦਾ ਹੈ। ਉਸ ਵੇਲੇ ਨਿਸ਼ਾਨ ਦੀ ਭਾਸ਼ਾ ਸਮਝ ਆਉਂਦੀ ਹੈ। ਪੁਜਾਰੀਵਾਦ ਹੈ? ਕੀ ਬਿਨਾ ਨਿਸ਼ਾਨ ਦੇ ਮੁਲਕ ਨਹੀਂ ਚਲਦਾ? ਤੇ ਫ਼ਿਰ ਨਾਲ ਹੀ ਕਿਸੇ ਵਿਸ਼ੇਸ ਹਾਲਤ ਨੂੰ ਦਰਸਾਉਂਣ ਲਈ ਸੰਸਾਰ ਦੇ ਦੇਸ਼ ਅਪਣੇ ਨਿਸ਼ਾਨ (ਜੰਡੇ) ਨੂੰ ਝੁਕਾ ਕੇ ਉਸ ਸਥਿਤੀ ਪ੍ਰਤੀ ਦੇਸ਼ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦੇ ਹਨ। ਉਸ ਵੇਲੇ ਵੀ ਕਪੜੇ ਅਤੇ ਬਾਂਸ ਦੀ ਜ਼ੁਬਾਨ ਸਮਝ ਆਉਂਦੀ ਹੈ। ਸਿਧਾਂਤ ਦੇ ਪ੍ਰਤੀਕ ਨੂੰ ਸਮਝਣ ਲਈ ਦੋਹਾਂ ਨੂੰ ਸਮਝਣਾ ਪੇਂਦਾ ਹੈ। ਯਾਨੀ ਕਿ ਸਿਧਾਂਤ ਦੇ ਨਾਲ ਉਸਦੇ ਪ੍ਰਤੀਕ ਨੂੰ ਵੀ। ਜੋ ਸੱਜਣ ਇਹ ਸਮਝਦੇ ਹਨ ਕਿ ਸਿਧਾਂਤ ਅਤੇ ਪ੍ਰਤੀਕ ਵਿਚ ਕੋਈ ਸਬੰਧ ਨਹੀਂ ਹੁੰਦਾ ਉਹ ਗਲਤੀ ਤੇ ਹਨ। ਧਿਆਨ ਰਹੇ ਕਿ ਅੱਖਰਾਂ ਦੀ ਬਨਾਵਟ (ਨਿਸ਼ਾਨਦੇਹੀ) ਨਾ ਹੋਵੇ ਤਾਂ ਉਨ੍ਹਾਂ ਵਿਚ, ਸਿਧਾਂਤ ਨੂੰ ਨਾ ਤਾਂ ਕੋਈ ਲਿਖ ਸਕਦਾ ਹੈ ਅਤੇ ਨਾ ਹੀ ਕੋਈ ਪੜ ਸਕਦਾ ਹੈ! ਇਹ ਹੁੰਦਾ ਹੈ ਨਿਸ਼ਾਨ ਅਤੇ ਸਿਧਾਂਤ ਦਾ ਸਬੰਧ! ਅਪਣੇ ਨਿਸ਼ਾਨਾਂ ਨੂੰ ਕਿਵੇਂ ਭੁੱਲ ਜਾਈਏ ?
ਹਰਦੇਵ ਸਿੰਘ ਜੰਮੂ
ਹਰਦੇਵ ਸਿੰਘ ਜਮੂੰ
‘ਨਿਸ਼ਾਨ ਅਤੇ ਪ੍ਰਤੀਕ ਦਾ ਸਿਧਾਂਤ ਨਾਲ ਸਬੰਧ’
Page Visitors: 2685