- = ਕੌਮ ਵਿੱਚ ਹੋਰ ਡੂੰਘੀ ਦਰਾੜ = -
ਪੰਥਕ ਸਰਕਾਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਪਣੀ ਬਣਦੀ ਜ਼ਿੰਮੇਵਾਰੀ ਨਾ ਨਿਭਾਹੁੰਣ ਕਰਕੇ ਪੰਥ ਵਿੱਚ ਵਿੱਚ ਇੱਕ ਬਹੁਤ ਵੱਡਾ ਰੋਸ ਪੈਦਾ ਹੋਇਆ ਹੈ। ਇਹ ਰੋਸ ਆਪ ਮੁਹਾਰੇ ਆਪੇ ਬਣੇ ਸਰਬੱਤ ਖਾਲਸੇ ਦੇ ਰੂਪ ਵਿੱਚ ਪ੍ਰਗਟ ਹੋਇਆ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਪਰ ਜੋ ਜੱਥੇਦਾਰਾਂ ਦੀ ਚੋਣ ਕੀਤੀ ਗਈ ਉਹ ਸਰਬ ਪ੍ਰਵਾਨਤ ਨਹੀਂ ਹੋ ਨਿਬੜੀ। ਸ਼੍ਰੋਮਣੀ ਕਮੇਟੀ ਸਵਿਧਾਨਿਕ ਤੌਰ `ਤੇ ਚੁਣੀ ਹੋਈ ਸਾਡੀ ਨੁਮਾਇੰਦਾ ਜਮਾਤ ਹੈ ਤੇ ਲੋਕ ਰਾਜੀ ਢਾਂਚੇ ਵਿੱਚ ਇਸ ਪਾਸ ਹੀ ਅਧਿਕਾਰ ਆਉਂਦਾ ਹੈ। ਅੱਜ ਦੇ ਜੁੱਗ ਵਿੱਚ ਚੋਣ ਨੂੰ ਸਵਿਧਾਨਕ ਤੌਰ ਤੇ ਪ੍ਰਵਾਨਗੀ ਲੈਣੀ ਵੀ ਬਹੁਤ ਜ਼ਰੂਰੀ ਹੈ। ਕੋਈ ਵੀ ਜੱਥੇਬੰਦੀ ਵੱਡਾ ਇਕੱਠ ਕਰਕੇ ਏਦਾਂ ਫੈਸਲੇ ਲੈਣ ਲੱਗ ਪਏ ਤਾਂ ਪੰਥ ਵਿੱਚ ਦੁਬਿਧਾਵਾਂ ਘੱਟਣ ਦੀ ਬਜਾਏ ਹੋਰ ਵੱਧਣਗੀਆਂ। ਸਿੱਖ ਭਾਈਚਾਰੇ ਵਿੱਚ ਆਪਸੀ ਹੋਰ ਦਰਾੜ ਵੱਧੇਗੀ। ਪਤਾ ਨਹੀਂ ਕੇਹੀ ਮਾਰ ਵੱਗ ਗਈ ਹੈ ਸਾਡੇ ਨਾਮ ਧਰੀਕ ਆਗੂਆਂ ਨੂੰ ਕਿ ਉਹਨਾਂ ਨੇ ਕੌਮ ਨੂੰ ਸੁਰ ਸਵਾਦ ਦਾ ਪ੍ਰੋਗਰਾਮ ਦੇਣਾ ਹੀ ਨਹੀਂ ਹੈ। ਸਿੱਖ ਕੌਮ ਨਾਲ ਬੇਗਾਨਿਆਂ ਵਲੋਂ ਧੋਖਾ ਤਾਂ ਹੁੰਦਾ ਆਇਆ ਹੀ ਹੈ ਪਰ ਜਿਹੜਾ ਕੌਮ ਦਾ ਹਾਲ ਆਪਣਿਆਂ ਵਲੋਂ ਕੀਤਾ ਜਾ ਰਿਹਾ ਹੈ ਇਤਿਹਾਸ ਇਹਨਾਂ ਨੂੰ ਕਦੇ ਵੀ ਮੁਆਫ ਨਹੀਂ ਕਰੇਗਾ। ਕੋਈ ਨੀਤੀ, ਕੋਈ ਵਿਧੀ-ਵਿਧਾਨ, ਕੋਈ ਨਿਸ਼ਾਨਾ, ਕੋਈ ਮਿਲ ਬੈਠ ਕੇ ਪ੍ਰੋਗਰਾਮ ਤਹਿ ਕਰਨਾ ਸ਼ਾਇਦ ਸਾਡੇ ਸੁਭਾਅ ਦਾ ਅੰਗ ਹੀ ਨਹੀਂ ਰਿਹਾ ਜਾਪਦਾ। ਚਾਹੀਦਾ ਤਾਂ ਇਹ ਸੀ ਕਿ ਏਡਾ ਵੱਡਾ ਇਕੱਠ ਸ਼੍ਰੋਮਣੀ ਕਮੇਟੀ ਬਹਾਲ ਕਰਾਉਣ ਦਾ ਜ਼ੋਰ ਲਗਾਉਂਦਾ ਤੇ ਉਸ ਵਿੱਚ ਆਏ ਨਿਘਾਰ ਦਾ ਸੁਧਾਰ ਕਰਨ ਦਾ ਅਹਿਦ ਲੈਂਦਾ ਪਰ ਆਪਾਂ ਤੇ ਆਪੇ ਹੀ ਜੱਥੇਦਾਰ ਬਣ ਗਏ। ਸੁਧਾਰ ਵਾਲੀ ਤਾਂ ਕੋਈ ਗੱਲ ਨਹੀਂ ਹੋਈ ਤੇ ਨਾ ਹੀ ਕੌਮ ਨੂੰ ਕੋਈ ਨਵਾਂ ਪ੍ਰੋਗਰਾਮ ਦਿੱਤਾ ਹੈ।
ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਵਲੋਂ ਸਾਂਝੇ ਤੌਰ ਤੇ ਪਿੱਛਲੇ ਅੱਠ ਨੌਂ ਸਾਲਾਂ ਤੋਂ ਲਗਾਤਾਰ ਰਾਜ ਦਾ ਅਨੰਦ ਮਾਣਿਆ ਜਾ ਰਿਹਾ ਹੈ। ਇਹਨਾਂ ਦਾ ਦੁਖਾਂਤ ਹੈ ਕਿ ਇਹਨਾਂ ਨੇ ਆਮ ਆਵਮ ਦੀ ਆਵਾਜ਼ ਨੂੰ ਸੁਣਨਾ ਬੰਦ ਕਰਕੇ ਕੇਵਲ ਚਾਪਲੂਸ ਲੋਕਾਂ ਦੀ ਘੇਰਾ ਬੰਦੀ ਵਿੱਚ ਆਪਣੇ ਆਪ ਨੂੰ ਸੀਮਤ ਕਰ ਲਿਆ ਹੋਇਆ ਜਾਪਦਾ ਹੈ। ਚੋਣਾਂ ਵਿੱਚ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਹਨ ਜੋ ਕਦਾ ਚਿੱਤ ਵੀ ਪੂਰੇ ਨਹੀਂ ਕੀਤੇ ਜਾ ਸਕਦੇ ਕਿਉਂ ਕਿ ਕੁੱਝ ਕੇਂਦਰੀ ਸਰਕਾਰ ਵਲੋਂ ਕਈ ਸਕੀਮਾਂ ਦੀ ਪ੍ਰਵਾਨਗੀ ਲੈਣ ਲਈ ਹਿਮਾਲੀਆ ਪ੍ਰਬਤ ਦੀ ਚੋਟੀ ਸਰ ਕਰਨ ਦੇ ਬਰਾਬਰ ਹੁੰਦਾ ਹੈ। ਸਰਕਾਰਾਂ ਨੇ ਲੋਕਾਂ ਨੂੰ ਘੱਟ ਤੋਂ ਘੱਟ ਕੁੱਝ ਬੁਨਿਆਦੀ ਸਹੂਲਤਾਂ ਦੇਣੀਆਂ ਹੁੰਦੀਆਂ ਹਨ। ਪਤਾ ਨਹੀਂ ਕਿਉਂ ਇਹ ਸਰਕਾਰ ਬੁਨਿਆਦੀ ਸਹੂਲਤਾਂ ਵੀ ਲੋਕਾਂ ਨੂੰ ਨਹੀਂ ਦੇ ਸਕੀ। ਇਹਨਾਂ ਬੁਨਿਆਦੀ ਸਹੂਲਤਾਂ ਲਈ ਉੱਚ ਪਾਏ ਦੇ ਸਰਕਾਰੀ ਸਕੂਲ-ਕਾਲਜ, ਸਿਹਤ ਲਈ ਹਸਪਤਾਲ, ਆਵਾਜਾਈ ਲਈ ਸੜਕਾਂ ਤੇ ਸਰਕਾਰੀ ਬੱਸਾਂ ਦੀ ਸਹੂਲਤ ਹੋਣੀ ਚਾਹੀਦੀ ਸੀ। ਪਰ ਹੋਇਆ ਸਾਰਾ ਕੁੱਝ ਉਲਟ ਹੀ ਹੈ। ਇੰਜ ਲੱਗਦਾ ਹੈ ਕਿ ਇਹਨਾਂ ਸਾਰਿਆਂ ਵਪਾਰਕ ਧੰਦਿਆਂ `ਤੇ ਕਬਜ਼ਾ ਹਾਕਮ ਧਿਰ ਦਾ ਜਾਂ ਆਪਣੇ ਕੁੱਝ ਚਹੇਤਿਆਂ ਦਾ ਹੀ ਹੋ ਗਿਆ ਹੈ। ਕਈ ਵਾਰੀ ਇਹ ਮਹਿਸੂਸ ਵੀ ਹੁੰਦਾ ਹੈ ਕਿ ਹੁਣ ਸਾਰਾ ਕੁੱਝ ਵਪਾਰੀਕਰਨ ਹੀ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਵੱਡੀ ਤਰਾਸਦੀ ਹੈ ਕਿ ਇਹ ਰਾਜ ਭਾਗ ਦੇ ਮਾਲਕ ਬਣਦਿਆਂ ਹੀ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਭੁੱਲਾ ਜਾਂਦੇ ਹਨ। ਸਿੱਖ ਮੁਦਿਆਂ ਦੀ ਤਾਂ ਗੱਲ ਹੀ ਦੂਰ ਦੀ ਰਹਿ ਜਾਂਦੀ ਹੈ। ਪੰਥਕ ਸਰਕਾਰ ਤੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਕੌਮ ਲਈ ਕੋਈ ਕਲਿਆਣਕਾਰੀ ਨਹੀਂ ਸਾਬਤ ਹੋ ਰਹੀ।
ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ `ਤੇ ਸਿੱਖ ਕੌਮ ਨੂੰ ਬਹੁਤ ਵਡੀ ਆਸ ਸੀ ਕਿ ਦੇਸ਼ ਅਜ਼ਾਦ ਹੋਣ ਉਪਰੰਤ ਸਾਡੇ ਨਾਲ ਹੋਏ ਵਿਤਕਰਿਆਂ ਦੀ ਕਹਾਣੀ ਖਤਮ ਹੋਵੇਗੀ ਤੇ ਸਾਡਾ ਨਵਾਂ ਅਧਿਆਏ ਲਿਖਿਆ ਜਾਏਗਾ। ਦੁੱਖ ਇਸ ਗੱਲ ਦਾ ਹੈ ਕਿ ਅਕਾਲੀ ਦਲ ਜਦੋਂ ਸਤਾ ਵਿੱਚ ਨਹੀਂ ਹੁੰਦਾ ਤਾਂ ਇਸ ਨੂੰ ਸਾਰੇ ਮੁੱਦੇ ਯਾਦ ਹੁੰਦੇ ਹਨ ਪਰ ਜਿਉਂ ਹੀ ਰਾਜ ਭਾਗ ਦਾ ਮਾਲਕ ਬਣਦਾ ਹੈ ਤਾਂ ਇਸ ਨੂੰ ਸਾਰੇ ਵਾਅਦੇ ਭੁੱਲ ਜਾਂਦੇ ਹਨ। ਹੁਣ ਤਾਂ ਕਹਿਣ ਕਹਾਉਣ ਵਾਲੀ ਗੱਲ ਹੀ ਕੋਈ ਨਹੀਂ ਰਹੀ ਅਕਾਲੀ ਦਲ ਦੀ, ਕਿਉਂ ਕਿ ਇਹਨਾਂ ਨੇ ਆਪਣੇ ਆਪ ਨੂੰ ਭਾਰਤੀ ਜਨਤਾ ਪਾਰਟੀ ਦੇ ਢਾਂਚੇ ਵਿੱਚ ਫਿੱਟ ਕਰਨ ਲਈ ਪੰਜਾਬੀ ਪਾਰਟੀ ਬਣਾ ਲਈ ਹੈ। ਗੁਰਦੁਆਰਿਆਂ ਵਿਚੋਂ ਪੰਗਤ ਵਿੱਚ ਬੈਠ ਕੇ ਲੰਗਰ ਛੱਕਣ ਦੀ ਬਜਾਏ ਹੋਟਲਾਂ ਦੇ ਸਭਿਆਚਾਰ ਨੂੰ ਅਪਨਾ ਲਿਆ ਹੈ। ਸਿੱਖ ਮੁੱਦੇ ਸਦਾ ਲਈ ਇਹਨਾਂ ਨੇ ਠੰਡ ਬਸਤੇ ਵਿੱਚ ਪਾ ਲਏ ਹੋਏ ਹਨ। ਬਹੁਤ ਦਫਾ ਇਹ ਵੀ ਸਮਝ ਪੈਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ, ਭਾਵ ਇੱਕ ਪ੍ਰਵਾਰ ਦਾ ਸਮੁੱਚੇ ਤੌਰ `ਤੇ ਇਤਿਹਾਸਕ ਗੁਦੁਆਰਿਆਂ `ਤੇ ਪੂਰਾ ਕਬਜ਼ਾ ਹੈ ਪਰ ਸਿੱਖੀ ਦੇ ਪ੍ਰਚਾਰ ਤੋਂ ਪੂਰਾ ਮੂੰਹ ਫੇਰਿਆ ਹੋਇਆ ਹੈ। ਗੋਲਕਾਂ ਦੀ ਰਾਖੀ ਇਹਨਾਂ ਦੇ ਜ਼ਿੰਮੇ ਲੱਗੀ ਹੋਈ ਹੈ ਪਰ ਜੋ ਕੁੱਝ ਅਖਬਾਰਾਂ ਵਿੱਚ ਆਉਂਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਕੱਦ ਦਾ ਨਹੀਂ ਹੈ।
ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦਾ ਰਜਨੀਤਿਕ ਵਿੰਗ ਹੈ ਪਰ ਇਸ ਦੇ ਮੁਕਾਬਲੇ ਵਿੱਚ ਹੋਰ ਵੀ ਅਕਾਲੀ ਦਲ ਹਨ ਪਰ ਉਹਨਾਂ ਵਿੱਚ ਏਨਾਂ ਸਾਹ ਸਤ ਹੀ ਨਹੀਂ ਹੈ ਕਿ ਉਹ ਕੋਈ ਸਿੱਖ ਕੌਮ ਦੀ ਅਗਵਾਈ ਵਾਲਾ ਰੋਲ ਅਦਾ ਕਰ ਸਕਣ। ਪਿੱਛਲੇ ਲੰਮੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਵਾਗ ਡੋਰ ਇੱਕ ਪ੍ਰਵਾਰ ਦੇ ਹੱਥ ਰਹਿਣ ਕਾਰਨ ਸ਼੍ਰੋਮਣੀ ਅਕਾਲੀ ਦਲ ਸੀਮਤ ਹੋ ਕੇ ਰਹਿ ਗਿਆ ਹੈ ਤੇ ਇਸ ਦੇ ਲੀਡਰਾਂ ਦੀ ਅਜ਼ਾਦ ਸੋਚ ਵੀ ਖਤਮ ਹੋ ਗਈ ਹੈ।
ਪੰਥਕ ਸਰਕਾਰ ਹੋਣ ਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇ-ਅਦਬੀ ਦੀਆਂ ਘਟਨਾਵਾਂ ਵਾਪਰ ਜਾਣ ਤੇ ਉਹਨਾਂ ਲਈ ਕੋਈ ਠੋਸ ਕਾਰਵਾਈ ਨਾ ਕਰਨੀ ਸਰਕਾਰ ਦੀ ਬੇਧਿਆਨੀ ਹੀ ਕਿਹਾ ਜਾ ਸਕਦਾ ਹੈ। ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਵਾਲੇ ਸੌਦਾ ਸਾਧ ਦੀ ਪੰਜਾਬ ਵਿੱਚ ਫਿਲਮ ਰਲੀਜ਼ ਕਰਾਉਣ ਲਈ ਉਸ ਦੇ ਚੇਲਿਆਂ ਨੇ ਪੂਰੀ ਹਾਲ ਪਾਰਿਆ ਕੀਤੀ ਰੇਲਾਂ ਰੋਕੀਆਂ ਗਈਅਆਂ ਰਾਹ ਰੋਕੇ ਗਏ ਪਰ ਸਰਕਾਰ ਨੇ ਕੋਈ ਸਖਤ ਕਾਰਵਾਈ ਨਹੀਂ ਕੀਤੀ। ਦੁੱਖ ਇਸ ਗੱਲ ਦਾ ਹੈ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਤੇ ਸਿੱਖ ਸੰਗਤ ਨੇ ਸ਼ਾਂਤ ਮਈ ਰੋਸ ਮੁਜਾਹਰਾ ਕੀਤਾ ਤਾਂ ਗੋਲੀਆਂ ਲਾਠੀਆਂ ਨਾਲ ਰੋਸ ਮੁਜਾਹਰੇ ਨੂੰ ਉਖਾੜਿਆ ਗਿਆ ਹੈ। ਪੁਲੀਸ ਦੀ ਗੋਲੀ ਨਾਲ ਦੋ ਸਿੰਘ ਸ਼ਹੀਦ ਹੋ ਗਏ ਤੇ ਬਹੁਤ ਸਾਰੇ ਜ਼ਖਮੀ ਹੋ ਗਏ। ਪੰਥਕ ਸਰਕਾਰ ਤੇ ਸ਼੍ਰਮੋਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ ਇਹ ਬਹੁਤ ਹੀ ਨਮੋਸ਼ੀ ਵਾਲੀ ਘਟਨਾ ਹੈ। ਬਰਗਾੜੀ ਵਾਲੀ ਘਟਨਾ ਨੇ ਸਿੱਖ ਕੌਮ ਦਾ ਹਿਰਦਾ ਵਿਲੂੰਧਰ ਦਿੱਤਾ। ਲੋਕਾਂ ਵਿੱਚ ਕੁਦਰਤੀ ਗੁੱਸੇ ਦੀ ਪੂਰੀ ਲਹਿਰ ਫੈਲ ਗਈ ਕਿ ਪੰਥਕ ਸਾਰਕਾਰ ਹੁੰਦਿਆਂ ਆਪਣਿਆਂ ਤੇ ਹੀ ਗੋਲੀਆਂ ਚਲਾ ਦੇਣੀ ਇਹ ਕੋਈ ਮਸਲੇ ਦਾ ਹੱਲ ਨਹੀਂ ਸੀ। ਲੋਕਾਂ ਨੇ ਕਈ ਦਿਨ ਆਵਜਾਈ ਰੋਕ ਦਿੱਤੀ ਸਰਕਾਰ ਨੂੰ ਅਜੇਹੀ ਸਥਿੱਤੀ ਵਿਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ ਸੀ। ਦੂਸਰਾ ਅਕਾਲੀ ਸਰਕਾਰ ਹੋਣ ਦੇ ਨਾਤੇ ਸ਼੍ਰੋਮਣੀ ਅਕਾਲੀ ਦਲ ਦਾ ਹੀ ਸਿੱਧੇ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ `ਤੇ ਕਬਜ਼ਾ ਹੈ। ਇੰਜ ਕਹਿਣ ਵਿੱਚ ਵੀ ਕੋਈ ਅੱਤ ਕਥਨੀ ਨਹੀਂ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਹੀ ਪਰਵਾਰ ਦਾ ਬੋਲ ਬਾਲਾ ਹੈ। ਬਿਨਾ ਲੋਕ ਰਾਇ ਕਾਇਮ ਕਰਨ ਦੇ ਇੱਕ ਦਮ ਸੌਦਾ ਸਾਧ ਨੂੰ ਮੁਆਫ ਕਰ ਦੇਣਾ ਸਿੱਖ ਕੌਮ ਨੂੰ ਕਿਸੇ ਵੀ ਕੀਮਤ ਤੇ ਪਰਵਾਨ ਨਹੀਂ ਹੋਇਆ। ਇਹ ਦੋ ਘਟਨਾਵਾਂ ਨੇ ਸਿੱਖ ਸੰਗਤ ਨੂੰ ਨਵੇਂ ਸਿਰੇ ਤੋਂ ਸੋਚਣ ਲਈ ਮਜ਼ਬੂਰ ਹੋਣਾ ਪਿਆ।
ਗੁਰੂ ਗ੍ਰੰਥ ਸਾਹਿਬ ਦੀ ਬੇ-ਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਤੇ ਪੂਰਾ ਰੋਸ ਪ੍ਰਗਟ ਕਰਨ ਲਈ ਸਭ ਤੋਂ ਪਹਿਲਾਂ ਸਿੱਖ ਕੌਮ ਦੇ ਜਾਗਰੁਕ ਪ੍ਰਚਾਰਕਾਂ ਨੇ ਅਵਾਜ਼ ਬਲੰਦ ਕੀਤੀ ਤੇ ਰੋਸ ਮੁਜਾਹਰਾ ਸ਼ੁਰੂ ਕੀਤਾ। ਲੋਕ ਆਪ ਮੁਹਾਰੇ ਇਹਨਾਂ ਰੋਸ ਮੁਜਹਾਰਿਆਂ ਵਿੱਚ ਸ਼ਾਮਿਲ ਹੋ ਗਏ। ਇਹਨਾਂ ਰੋਸ ਮੁਜਹਾਰਿਆਂ ਵਿੱਚ ਉਹ ਲੋਕ ਵੀ ਸ਼ਾਮਿਲ ਹੋ ਗਏ ਜਿਹੜੇ ਹਰ ਮੋਰਚੇ ਵਿੱਚ ਭਾਗ ਲੈਂਦਿਆਂ ਪ੍ਰਬੰਧਕੀ ਰੋਲ ਅਦਾ ਕਰਦੇ ਹਨ। ਪਿੱਛਲੇ ਕੁੱਝ ਸਮੇਂ ਤੋਂ ਉਹਨਾਂ ਆਗੂਆਂ ਦੀ ਭੂਮਿਕਾ ਬਹੁਤ ਸ਼ੱਕੀ ਰਹੀ ਹੈ। ਸਿੱਖ ਮਸਲੇ ਉਠਾਉਂਦੇ ਜ਼ਰੂਰ ਹਨ ਪਰ ਇਹ ਆਗੂ ਅਸਲੀ ਮੁਦੇ ਦਾ ਕਚੂਮਰ ਹੀ ਕੱਢ ਦੇਂਦੇ ਰਹੇ ਹਨ। ਇਹਨਾਂ ਆਗੂਆਂ ਦੀ ਬਦੌਲਤ ਅਸਲ ਮੁੱਦਾ ਕੋਈ ਹੋਰ ਹੀ ਰੂਪ ਧਾਰਨ ਕਰ ਜਾਂਦਾ ਹੈ। ਸਿੱਖ ਸਿਧਾਂਤ ਪ੍ਰਤੀ ਪੂਰੀ ਸੁਹਿਰਦਤਾ ਜਾਂ ਪ੍ਰਢੋਤਾ ਦੀ ਬਹੁਤ ਵੱਡੀ ਘਾਟ ਨਜ਼ਰ ਆਉਂਦੀ ਹੈ। ਸੌਦਾ ਸਾਧ ਨੂੰ ਬਿਨਾ ਮਤਲਬ ਮੁਆਫੀ ਤੇ ਗੁਰੂ ਗ੍ਰੰਥ ਸਾਹਿਬ ਦੀ ਬੇ-ਆਦਬੀ ਵਾਲੀਆਂ ਘਟਨਾਵਾਂ ਵਾਪਰਨ ਨਾਲ ਬਰਗਾੜੀ ਜੁੜੇ ਹੋਏ ਇਕੱਠ ਵਿਚੋਂ ਸਰਬੱਤ ਖਾਲਸਾ ਬਲਾਉਣ ਦੇ ਵਿਚਾਰ ਨੇ ਜਨਮ ਲਿਆ। ਇੰਜ ਲਗਦਾ ਸੀ ਕਿ ਸ਼ਾਇਦ ਸਾਰੀਆਂ ਧਿਰਾਂ ਦਾ ਏਕਤਾ ਹੋ ਗਿਆ ਹੈ। ਬਾਹਰੋਂ ਦੇਖਣ ਨੂੰ ਸਾਰੀਆਂ ਧਿਰਾਂ ਦੇ ਆਗੂਆਂ ਦੀਆਂ ਫੋਟੋਆਂ ਵਿੱਚ ਇੰਜ ਦਖਾਈ ਦੇਂਦਾ ਸੀ ਕਿ ਸ਼ਾਇਦ ਹੁਣ ਸਮੁੱਚੇ ਪੰਥ ਦੀ ਏਕਤਾ ਹੋ ਗਈ ਹੋਏਗੀ। ਬਾਹਰੋਂ ਏਕਤਾ ਸੀ ਪਰ ਸਿਧਾਂਤਿਕ ਮਤ ਭੇਦ ਬਰਕਰਾਰ ਸਨ। ਤੱਥ ਭੜੱਥੀ ਸਰਬੱਤ ਖਾਲਸੇ ਦਾ ਐਲਾਨ ਕਰ ਦਿੱਤਾ। ਹੌਲ਼ੀ ਹੌਲ਼ੀ ਸਰਕਾਰੀ ਦਬਾਅ ਕਾਰਨ ਬਹੁਤ ਸਾਰੇ ਸਾਧਾਂ ਨੇ ਸਰਬੱਤ ਖਾਲਸੇ ਤੋਂ ਪੂਰੀ ਤਰ੍ਹਾਂ ਕਿਨਾਰਾ ਕਰ ਲਿਆ।
ਸਰਬੱਤ ਖਾਲਸੇ ਦੇ ਉਹ ਆਗੂ ਰਹਿ ਗਏ ਜਿੰਨਾਂ ਦੀ ਭਰੋਸੇਯੋਗਤਾ `ਤੇ ਯਕੀਨ ਕਰਨਾ ਸ਼ੱਕ ਦੇ ਘੇਰੇ ਵਿੱਚ ਆਉਂਦਾ ਹੈ। ਇਹਨਾਂ ਲੀਡਰਾਂ `ਤੇ ਯਕੀਨ ਬਣਾਉਣਾ ਬਹੁਤ ਔਖਾ ਹੈ। ਸਿੱਖ ਕੌਮ ਪੂਰੀ ਤਰ੍ਹਾਂ ਵੱਖ ਵੱਖ ਜੱਥੇਬੰਦੀਆਂ ਦੇ ਰੂਪ ਵਿੱਚ ਵੰਡੀ ਹੋਈ ਹੈ। ਫਿਰ ਵੀ ਕੁੱਝ ਜੱਥੇਬੰਦੀਆਂ ਵਲੋਂ ਇੱਕ ਵੱਡਾ ਇਕੱਠ ਕਰਨ ਵਿੱਚ ਸਫਲਤਾ ਹਾਸਲ ਕੀਤੀ ਪਰ ਜਿਹੜੇ ਮਤੇ ਪਾਸ ਕੀਤੇ ਗਏ ਹਨ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਵੀ ਨਵੀਨਤਾ ਨਹੀਂ ਹੈ ਤੇ ਨਾ ਉਹ ਸਰਬ ਸਾਂਝੇ ਹੋ ਨਿਬੜੇ ਹਨ। ਪੇਸ਼ ਕੀਤੇ ਪਹਿਲੇ ਮਤੇ ਵਿੱਚ ਗਿਆਨੀ ਗੁਰਬਚਨ ਸਿੰਘ, ਗਿਆਨੀ ਮੱਲ ਸਿੰਘ, ਗਿਆਨੀ ਗੁਰਮੁੱਖ ਸਿੰਘ ਅਤੇ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰੀ ਤੋਂ ਸੇਵਾ ਮੁਕਤ ਕਰਦਿਆਂ ਕਿਹਾ ਗਿਆ ਕਿ ਇਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਅਤੇ ਸਤਿਕਾਰ ਨੂੰ ਢਾਹ ਲਾਈ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕਰਨ ਦਾ ਮਤਾ ਪੇਸ਼ ਕੀਤਾ ਗਿਆ ਤਾਂ ਹਾਜਰ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦਰਮਿਆਨ ਇਸ ਮਤੇ ਨੂੰ ਪ੍ਰਵਾਨਗੀ ਦਿੱਤੀ। ਭਾਈ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਤੀਕ ਭਾਈ ਧਿਆਨ ਸਿੰਘ ਮੰਡ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਨਿਯੁਕਤ ਕੀਤਾ ਗਿਆ ਹੈ। ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਭਾਈ ਅਮਰੀਕ ਸਿੰਘ ਅਜਨਾਲਾ ਨੂੰ ਤਖਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਭਾਈ ਬਲਜੀਤ ਸਿੰਘ ਦਾਦੂਵਾਲ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਥਾਪੇ ਜਾਣ ਦਾ ਮਤਾ ਪੇਸ਼ ਕੀਤਾ ਗਿਆ।
ਪੇਸ਼ ਕੀਤੇ ਇਕ ਹੋਰ ਮਤੇ ਵਿੱਚ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਕੰਵਰਪਾਲ ਪਾਲ ਸਿੰਘ ਗਿੱਲ ਅਤੇ ਜੂਨ ੮੪ ਦੇ ਸ੍ਰੀ ਦਰਬਾਰ ਸਾਹਿਬ ਉਪਰ ਫੌਜੀ ਹਮਲੇ ਨੂੰ ਅਮਲੀ ਰੂਪ ਵਿੱਚ ਅੰਜ਼ਾਮ ਦੇਣ ਵਾਲੇ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਅਤੇ ਆਪਣਾ ਪੱਖ ਸਪਸ਼ਟ ਕਰਨ ਲਈ ੩੦ ਨਵੰਬਰ ੨੦੧੫ ਦਾ ਸਮਾਂ ਦਿੱਤਾ ਗਿਆ। ਇਸੇ ਤਰਾਂ ਮੁਖ ਮੰਤਰੀ ਪੰਜਾਬ ਸ੍ਰ ਪਰਕਾਸ਼ ਸਿੰਘ ਬਾਦਲ, ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੂੰ ਦੋਸ਼ੀ ਕਰਾਰ ਦਿੰਦਿਆਂ ਸ੍ਰ ਬਾਦਲ ਅਤੇ ਮੱਕੜ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਦਿੱਤਾ ਫਖਰ-ਏ-ਕੌਮ ਅਤੇ ਸ਼੍ਰੋਮਣੀ ਸੇਵਕ ਦਾ ਐਵਾਰਡ ਰੱਦ ਕਰ ਦਿੱਤਾ ਗਿਆ। ਮਤਾ ਪਾਸ ਕੀਤਾ ਗਿਆ ਕਿ ਤਖਤਾਂ ਦੇ ਜਥੇਦਾਰ ਸਾਹਿਬਾਨ ਦੀ ਨਿਯੁਕਤੀ, ਸੇਵਾਮੁਕਤੀ, ਯੋਗਤਾ ਆਦਿ ਲਈ ਵਿਧੀ ਵਿਧਾਨ ਤਿਆਰ ਕੀਤਾ ਜਾਏ ਜੋ ਕਿ ਵੈਸਾਖੀ ੨੦੧੬ ਨੂੰ ਹੋਣ ਵਾਲੇ ਸਰਬੱਤ ਖਾਲਸਾ ਮੌਕੇ ਪੇਸ਼ ਕੀਤਾ ਜਾਏ। ਸਮੂਹਿਕ ਵਿਚਾਰ ਵਟਾਂਦਰੇ ਅਤੇ ਸਮੂਹਿਕ ਵਿਚਾਰ ਰਾਏ ਬਨਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਇੱਕ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ ਦਾ ਫੈਸਲਾ ਲਿਆ ਗਿਆ। ਇਸ ਸੰਗਠਨ ਦੇ ਗਠਨ ਨੂੰ ਪਾਰਦਰਸ਼ੀ ਬਨਾਉਣ ਲਈ ਇਸਦੇ ਵਿਧੀ ਵਿਧਾਨ ਦਾ ਖਰੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ੩੦ ਨਵੰਬਰ ਤੀਕ ਦੇਸ਼ ਦੇ ਸਿੱਖਾਂ ਦੀ ਇੱਕ ਸਾਂਝੀ ਕਮੇਟੀ ਦਾ ਐਲਾਨ ੩੦ ਨਵੰਬਰ ਤੀਕ ਕਰਨਗੇ। ਇਸ ਖਰੜੇ ਨੂੰ ਵੈਸਾਖੀ ੨੦੧੬ ਦੇ ਸਰਬੱਤ ਖਾਲਸਾ ਵਿੱਚ ਪਾਸ ਹੋਣ ਲਈ ਪੇਸ਼ ਕੀਤਾ ਜਾਵੇਗਾ । ਸਰਬੱਤ ਖਾਲਸਾ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਗ੍ਰੰਥੀ ਸਾਹਿਬਾਨ ਨੂੰ ਸੁਚੇਤ ਕੀਤਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਪ੍ਰਤੀ ਸੁਚੇਤ ਰਹਿਣ। ਇਸ ਪ੍ਰਤੀ ਕੁਤਾਹੀ ਵਰਤਣ ਵਾਲੇ ਖਾਲਸਾਈ ਪ੍ਰੰਪਰਾ ਅਨੁਸਾਰ ਸਜਾ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ ਹੈ। ਜੇਲਾਂ ਵਿੱਚ ਨਜਰਬੰਦ ਸਿੱਖ ਕੈਦੀਆਂ ਦੀ ਰਿਹਾਈ ਦੀ ਗੱਲ ਕਰਦਿਆਂ ਸਰਬੱਤ ਖਾਲਸਾ ਨੇ ਮਹਿਸੂਸ ਕੀਤਾ ਹੈ ਕਿ ਜੇਲਾਂ ਵਿੱਚ ਨਜਰਬੰਦ ਰਾਜਸੀ ਕੈਦੀਆਂ ਭਾਵੇਂ ਉਹ ਕਿਸੇ ਵੀ ਸੰਘਰਸ਼, ਸਿੱਖ, ਨਾਗਾ ਜਾਂ ਇਸਲਾਮਿਕ ਨਾਲ ਜੁੜੇ ਹੋਣ ਤੁਰੰਤ ਰਿਹਾਅ ਕੀਤੇ ਜਾਣ। ਬਾਪੂ ਸੂਰਤ ਸਿੰਘ ਖਾਲਸਾ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਵਿੱਚ ਪੈਦਾ ਹੋਏ ਹਾਲਤਾਂ ਅਤੇ ਨਿਕਲਣ ਵਾਲੇ ਨਤੀਜਿਆਂ ਲਈ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਸ਼੍ਰੋਮਣੀ ਕਮੇਟੀ ਦੀਆਂ ਤੁਰੰਤ ਚੋਣਾਂ ਕਰਵਾਕੇ ਇਸਦੀ ਜਮਹੂਰੀਅਤ ਬਹਾਲ ਕਰਨ ਦੀ ਮੰਗ ਕੀਤੀ ਗਈ ਹੈ। ਆਦੇਸ਼ ਦਿੱਤਾ ਗਿਆ ਹੈ ਕਿ ਚਲ ਰਹੇ ਅਜਾਦੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਖੁਦ ਮੁਖਤਿਆਰੀ ਦੇ ਸੰਘਰਸ਼ ਤੀਕ ਸਿੱਖ ਕੌਮ ਦੇ ਅੰਦਰੂਨੀ ਵਖਰੇਵਿਆਂ ਨੂੰ ਉਭਾਰਿਆ ਨਾ ਜਾਵੇ। ਸਿੱਖ ਕੌਮ ਲਈ ਵੱਖਰੇ ਕੈਲੰਡਰ ਦੀ ਲੋੜ ਮਹਿਸੂਸ ਕਰਦਿਆਂ ਸਰਵ ਪ੍ਰਵਾਨਿਤ ਕੈਲੰਡਰ ਤਿਆਰ ਕਰਨ ਦਾ ਐਲਾਨ ਵੀ ਕੀਤਾ ਗਿਆ। ਇਕ ਹੋਰ ਮਤੇ ਵਿੱਚ ਸਿੱਖ ਕੌਮ ਦੇ ਕੇਂਦਰੀ ਅਸਥਾਨ ਨੂੰ ਵੈਟੀਕਨ ਸਿਟੀ ਦੀ ਤਰਜ ਤੇ ਦਰਜਾ ਦਿੱਤੇ ਜਾਣ ਦੀ ਮੰਗ ਦੁਹਰਾਈ ਗਈ ਅਤੇ ਕਿਹਾ ਗਿਆ ਕਿ ਸਰੀ ਹਰਿਮੰਦਰ ਸਾਹਿਬ ਉਪਰ ਕਿਸੇ ਵੀ ਸਰਕਾਰ ਦਾ ਕਾਨੂੰਨ ਲਾਗੂ ਨਹੀ ਹੋਵੇਗਾ। ਸਰਬੱਤ ਖਾਲਸਾ ਨੇ ੨੬ ਜਨਵਰੀ ੧੯੮੬ ਦੇ ਸਰਬੱਤ ਖਾਲਸਾ ਮੌਕੇ ਲਏ ਫੈਸਲਿਆਂ ਨੂੰ ਸਹਿਮਤੀ ਦਿੱਤੀ ਹੈ। ਸਰਬੱਤ ਖਾਲਸਾ ਨੇ ਜਾਤਾਂ ਤੇ ਅਧਾਰਿਤ ਗੁਰਦਆਰੇ ਤੇ ਸ਼ਮਸ਼ਾਨ ਘਾਟ ਖਤਮ ਕੀਤੇ ਜਾਣ ਦੀ ਹਮਾਇਤ ਕੀਤੀ ਹੈ ਅਤੇ ਸਮਾਜ ਵਿੱਚ ਆਈਆਂ ਧਾਰਮਿਕ ਸਮਾਜਿਕ ਕੁਰੀਤੀਆਂ ਖਤਮ ਕਰਨ ਦਾ ਐਲਾਨ ਕੀਤਾ ਹੈ।
ਇਹਨਾਂ ਮੱਤਿਆਂ ਵਿੱਚ ਕੌਮ ਨੂੰ ਸਿਧਾਂਤਿਕ ਸੇਧ ਕੋਈ ਬਹੁਤੀ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਸਾਡੇ ਖਿਆਲ ਅਨੁਸਾਰ ਸਰਬੱਤ ਖਾਲਸਾ ਵਰਗੇ ਉੱਚ ਕੋਟੀ ਦੇ ਨਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਸੀ ਸਗੋਂ ਪੰਥਕ ਇਕੱਠ ਦਾ ਨਾਂ ਦੇ ਦੇਣਾ ਚਾਹੀਦਾ ਸੀ। ਏਡੇ ਵੱਡੇ ਇਕੱਠ ਵਿੱਚ ਪੰਥ ਨੂੰ ਦਰਪੇਸ਼ ਚਨੌਤੀਆਂ ਦੀ ਖੁਲ੍ਹ ਕੇ ਵਿਚਾਰ ਹੋਣੀ ਚਾਹੀਦੀ ਸੀ।
ਜੇ ਕਿਸੇ ਸਕੂਲ ਵਿੱਚ ਪ੍ਰਿੰਸੀਪਲ ਮਾੜਾ ਲੱਗ ਜਾਏ ਤਾਂ ਉਹ ਸਕੂਲ ਨਹੀਂ ਢਾਹ ਦਈਦਾ। ਸਗੋਂ ਪ੍ਰਿੰਸੀਪਲ ਦੀ ਬੇਲੋੜੀ ਨਯੁਕਤੀ ਦਾ ਸਦੀਵ ਕਾਲ ਹੱਲ ਲੱਭਣਾ ਚਾਹੀਦਾ ਹੈ। ਜੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਜਾਂ ਕੌਮ ਦੇ ਜੱਥੇਦਾਰਾਂ ਵਿੱਚ ਕੰਮ ਕਰਨ ਦੀ ਸਮਰੱਥਾ ਨਹੀਂ ਰਹੀ ਜਾਂ ਉਹ ਰਾਜਨੀਤਿਕ ਦਬਾਅ ਵਿੱਚ ਚੱਲ ਰਹੇ ਹਨ ਤਾਂ ਉਸ ਦਾ ਬਦਲ ਸੰਵਿਧਾਨਕ ਤਰੀਕੇ ਨਾਲ ਲੱਭਣਾ ਚਾਹੀਦਾ ਹੈ। ਸ਼੍ਰੋਮਣੀ ਕਮੇਟੀ ਸੰਵਧਾਨਿਕ ਤੌਰ `ਤੇ ਚੁਣੀ ਹੋਈ ਸਾਡੀ ਨੁਮਾਇੰਦਾ ਜਮਾਤ ਹੈ। ਜਿਹੜੇ ਲੋਕ ਪੰਥ ਪ੍ਰਵਾਨਤ ਰਹਿਤ ਮਰਯਾਦਾ ਨੂੰ ਹੀ ਨਹੀਂ ਮੰਨਦੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਬਰਾਬਰ ਇੱਕ ਹੋਰ ਗੁਰੂ ਬਣਾਉਣ ਨੂੰ ਫਿਰਦੇ ਹੋਣ ਉਹ ਸਾਂਝੇ ਆਗੂ ਬਣਨ ਦੀ ਯੋਗਤਾ ਨਹੀਂ ਰੱਖਦੇ। ਸਾਡੇ ਮਤ ਅਨੁਸਾਰ ਸਿੱਖ ਕੌਮ ਵਿੱਚ ਭਾਈ ਮਾਰੂ ਜੰਗ ਨਾਲ ਸਾਡੀ ਆਪਣੀ ਹੀ ਤਬਾਹੀ ਹੋਣ ਦਾ ਖਦਸਾ ਹੈ। ਤੱਖਤਾਂ ਦੇ ਜੱਥੇਦਾਰ ਬਦਲਣ ਨਾਲ ਕੌਮ ਦਾ ਮਸਲਾ ਹੱਲ ਨਹੀਂ ਹੋ ਸਕਦਾ ਜਿੰਨਾ ਚਿਰ ਅਸੀਂ ਸ਼੍ਰੋਮਣੀ ਕਮੇਟੀ ਨੂੰ ਰਾਜਨੀਤਿਕ ਲੋਕਾਂ ਕੋਲੋਂ ਮੁਕਤ ਨਹੀਂ ਕਰਾਉਂਦੇ ਉਸ ਵਾਸਤੇ ਸਾਨੂੰ ਲੰਬੀ ਲੜਾਈ ਲੜਨੀ ਪੈਣੀ ਹੈ। ਲੋਕਾਂ ਵਿੱਚ ਇਹਨਾਂ ਦੇ ਕੁਚੱਜੇ ਪ੍ਰਬੰਧ ਦੀ ਜਾਣਕਾਰੀ ਦੇਣੀ ਬਣਦੀ ਹੈ।
ਤੱਤ ਭੜੱਥੇ ਫੈਸਲਿਆਂ ਨਾਲ ਕੌਮਾਂ ਦਾ ਦੂਰ ਰਸੀ ਨੁਕਸਾਨ ਹੁੰਦਾ ਹੈ। ਸ਼੍ਰੋਮਣੀ ਕਮੇਟੀ ਦੇ ਆਗੂਆਂ ਨੂੰ ਚਾਹੀਦਾ ਹੈ ਕਿ ਆਪਣੀਆਂ ਕੁਰਸੀਆਂ ਨੂੰ ਸੁਰੱਖਿਅਤ ਕਰਨ ਦੀ ਥਾਂ `ਤੇ ਕੌਮੀ ਮਸਲਿਆਂ ਵਲ ਧਿਆਨ ਦੇਣ ਤੇ ਸਾਧ ਲਾਣੇ ਤੋਂ ਸਲਾਹਾਂ ਲੈਣ ਦੀ ਜਗ੍ਹਾ `ਤੇ ਸਿਧਾਂਤਿਕ ਵਿਦਵਾਨਾਂ ਦੀ ਰਾਏ ਨਾਲ ਕੌਮੀ ਫੈਸਲੇ ਕਰਨ ਨੂੰ ਤਰਜੀਹ ਦੇਣ। ਇਕੱਠ ਜ਼ਰੂਰ ਹੋਇਆ ਹੈ ਪਰ ਆਪਸ ਵਿੱਚ ਦਰਾੜ ਵੀ ਵੱਧੀ ਹੈ। ਜੱਥੇਦਾਰ ਬਦਲਣ ਨਾਲ ਸਮੱਸਿਆ ਹੱਲ ਨਹੀਂ ਹੋ ਸਕਦੀ ਜਿੰਨਾਂ ਚਿਰ ਸ਼੍ਰੋਮਣੀ ਕਮੇਟੀ ਰਾਜਨੀਤਿਕ ਦਬਾਅ ਤੋਂ ਬਾਹਰ ਨਹੀਂ ਆਉਂਦੀ।
ਗੁਰਬਚਨ ਸਿੰਘ ਪੰਨਵਾਂ