ਕੈਟੇਗਰੀ

ਤੁਹਾਡੀ ਰਾਇ

New Directory Entries


ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਚਮਕੌਰ- ਕਿਸ਼ਤ ਨੰ. 3-
ਲਹੂ-ਭਿੱਜੀ ਚਮਕੌਰ- ਕਿਸ਼ਤ ਨੰ. 3-
Page Visitors: 2696

ਲਹੂ-ਭਿੱਜੀ ਚਮਕੌਰ- ਕਿਸ਼ਤ ਨੰ. 3-
ਲਹੂ-ਭਿੱਜੀ ਚਮਕੌਰਸਰਸਾ ਦੀ ਜੰਗ(Chapter- 3/13)
ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 2 ਪੜੋ (ਸੁਖਜੀਤ ਸਿੰਘ ਕਪੂਰਥਲਾ)
ਜਦੋਂ ਗੁਰੂ ਕਲਗੀਧਰ ਪਾਤਸ਼ਾਹ ਨੇ ਸਰਸਾ ਤੇ ਕੰਢੇ ਤੇ ਦੀਵਾਨ ਲਗਾਇਆ ਹੋਇਆ ਸੀ ਤਾਂ ਪਿਛੋ ਜਾਲਮਾਂ ਨੇ ਹਮਲਾ ਬੋਲ ਦਿੱਤਾ।
ਜਬ ਮਹਿਵ ਬੰਦਗੀ ਹੂਏ ਨਾਨਕ ਕੇ ਜਾਨਸ਼ੀਨ।
ਆ ਟੂਟੇ ਖਾਲਸਾ ਪਰ ਅਚਾਨਕ ਕਈ ਲਈਨ

ਹੁਣ ਇੱਕ ਪਾਸੇ ਦੀਵਾਨ ਲਗਾ ਹੋਇਆ ਹੈ ਦੂਜੇ ਪਾਸੇ ਜੋ ਲਾਅਨਤੀ ਲੋਕ ਹਨ, ਉਹ ਵੈਰੀ ਫੌਜਾਂ ਟੁੱਟ ਕੇ ਪੈ ਗਈਆਂ ਹਨ। ਪਰ ਗੁਰੂ ਕਲਗੀਧਰ ਪਾਤਸ਼ਾਹ ਨੇ
“ਆਸਾ ਕੀ ਵਾਰ” ਦੀ ਮਹਾਨਤਾ ਨੂੰ ਦਰਸਾਉਦੇ ਹੋਏ ਦੀਵਾਨ ਵਿੱਚ ਕੋਈ ਵੀ ਵਿਘਨ ਨਹੀ ਪੈਣ ਦਿੱਤਾ।ਅਫਸੋਸ ਅਜ ਕਲ ਸਾਡੇ ਘਰਾਂ ਵਿੱਚੋ, ਸਾਡੇ ਗੁਰਦੁਆਰਿਆਂ ਵਿੱਚੋ “ਆਸਾ ਕੀ ਵਾਰ”ਨੂੰ ਬੜੀ ਹੀ ਸਫਾਈ ਨਾਲ ਚਾਲਾਂ ਚਲ ਕੇ ਬਾਹਰ ਕਢਿਆ ਜਾ ਰਿਹਾ ਹੈ। ਕਾਰਣ ਹੈ ਕਿ ਗੁਰੂ ਸਾਹਿਬ ਨੇ “ਆਸਾ ਕੀ ਵਾਰ” ਵਿੱਚ ਕਰਮ ਕਾਂਡੀਆ ਬਾਰੇ ਬੜੇ ਹੀ ਸੁੰਦਰ ਤਰੀਕੇ ਨਾਲ ਚੋਟ ਕੀਤੀ ਹੈ। ਇਸ ਲਈ ਸਾਡੇ ਮੋਹਤਬਰ ਆਗੂ ਕਰਮਕਾਂਡੀ ਲੋਕ “ਆਸਾ ਕੀ ਵਾਰ” ਦੀ ਸਚਾਈ ਨੂੰ ਸਹਾਰ ਨਹੀ ਸਕਦੇ।ਕਲਗੀਧਰ ਪਾਤਸ਼ਾਹ ਜਦੋਂ “ਆਸਾ ਕੀ ਵਾਰ” ਦੇ ਦੀਵਾਨ ਦੀ ਹਾਜਰੀ ਭਰ ਰਹੇ ਸੀ ਤਾਂ ਉਨ੍ਹਾ ਬੇ-ਜੁਬਾਨ ਲੋਕਾਂ ਨੇ ਆਪਣੇ ਸਾਰੇ ਵਾਅਦੇ ਭੁੱਲ ਕੇ, ਕਸਮਾਂ ਤੋੜ ਕੇ ਹਮਲਾ ਕਰ ਦਿੱਤਾ ਸੀ।
ਇਹ ਤਾਂ ਬੇ-ਜੁਬਾਨੇ ਲੋਕ ਨੇ, ਪਰ ਜੇਕਰ ਅਸੀ ਅੰਗਰੇਜਾਂ ਦੇ ਸਮੇ ਗੁਰਸਿੱਖਾਂ ਦੇ ਕਿਰਦਾਰ ਵਲ ਧਿਆਨ ਮਾਰੀਏ ਕਿ ਉਸ ਸਮੇ ਗੁਰਸਿੱਖੀ ਕਿਰਦਾਰ ਕਿਸ ਤਰ੍ਹਾਂ ਦਾ ਹੁੰਦਾ ਸੀ। ਕਹਿੰਦੇ ਨੇ ਕਿ ਜੇਕਰ ਗੁਰਸਿੱਖ ਕਿਸੇ ਦੀ ਗਵਾਹੀ ਦੇ ਦਿੰਦਾ ਸੀ ਤਾਂ ਫਾਂਸੀ ਦੀ ਸਜਾ ਵਾਲੇ ਦੀ ਫਾਂਸੀ ਮੁਆਫ ਹੋ ਜਾਂਦੀ ਸੀ। ਕਿਉਕਿ ਗੁਰੂ ਦਾ ਸਿੱਖ ਕਦੀ ਵੀ ਝੂਠ ਨਹੀ ਸੀ ਬੋਲਦਾ, ਸਿੱਖ ਦਾ ਵਿਸ਼ਵਾਸ ਬਣਿਆ ਹੋਇਆ ਸੀ। ਗੁਰੂ ਦੇ ਸਿੱਖ ਦੀ ਜਬਾਨ ਦਾ ਇੰਨਾ ਇਤਬਾਰ ਹੁੰਦਾ ਸੀ। ਇਥੇ ਮੈ ਇਸ ਵਿਸ਼ੇ ਤੇ ਇੱਕ ਉਦਾਹਰਣ ਵੀ ਦਿੰਦਾਂ ਜਾਵਾਂ।
ਜਦੋ ਭਾਈ ਤਾਰੂ ਸਿੰਘ ਜੀ ਦੀ ਸਖਸ਼ੀਅਤ ਅਤੇ ਗਲਬਾਤ ਰਾਹੀ ਜਕਰੀਆ ਖਾਂ ਨੇ ਭਾਈ ਤਾਰੂ ਸਿੰਘ ਨੂੰ ਚੰਗੀ ਤਰ੍ਹਾ ਜਾਣ ਲਿਆ ਤਾਂ ਜਕਰੀਆਂ ਖਾਂ ਭਾਈ ਤਾਰੂ ਸਿੰਘ ਨੂੰ ਕਹਿਣ ਲਗਾ “ਮੇਰਾ ਜੀ ਕਰਦਾ ਹੈ ਕਿ ਤੈਨੂੰ ਛੱਡ ਦੇਵਾਂ ਤੇ ਮੈ ਤੈਨੂੰ ਛੱਡ ਵੀ ਰਿਹਾ ਹਾਂ, ਪਰ ਇੱਕ ਗਲ ਦਾ ਵਾਅਦਾ ਕਰ ਕਿ ਜੋ ਕੰਮ ਤੂੰ ਸੇਵਾ ਸਮਝ ਕੇ ਕਰਦਾ ਏ ਉਹ ਅਗੇ ਤੋ ਨਹੀ ਕਰੇਂਗਾ”। (ਕਿਉਕਿ ਭਾਈ ਤਾਰੂ ਸਿੰਘ ਜੀ ਜੰਗਲਾ ਵਿੱਚ ਸਿੰਘ, ਸੂਰਬੀਰਾਂ ਨੂੰ ਲੰਗਰ ਪਹੁੰਚਾਉਣ ਦੀ ਸੇਵਾ ਕਰਦੇ ਸਨ। ਇਸ ਇਲਜਾਮ ਅਧੀਨ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ) ਜਦੋ ਜਕਰੀਆ ਖਾਂ ਨੇ ਭਾਈ ਤਾਰੂ ਸਿੰਘ ਤੋ ਇਹ ਵਾਅਦਾ ਮੰਗਿਆ ਸੀ ਤਾਂ ਭਾਈ ਤਾਰੂ ਸਿੰਘ ਜੀ ਨੇ ਜਵਾਬ ਦਿੱਤਾ ਸੀ, “ਐ ਜਕਰੀਆ ਖਾਂ! ਤੂੰ ਛੱਡਣਾ ਹੈ ਤਾ ਛੱਡ, ਨਹੀ ਛੱਡਣਾ ਤਾ ਨਾ ਛੱਡ, ਪਰ ਮੈ ਇਹ ਸਿੰਘ ਸੂਰਬੀਰਾਂ ਦੀ ਸੇਵਾ ਦਾ ਕਾਰਜ ਨਹੀ ਛੱਡ ਸਕਦਾ। ਇਹ ਕਾਰਜ ਮੈ ਅੱਗੇ ਵੀ ਜਾਰੀ ਰੱਖਾਂਗਾ। “ਐਸਾ ਕਿਰਦਾਰ ਸੀ ਗੁਰੂ ਦੇ ਸਿੱਖਾਂ ਦੇ ਪਾਸ।
ਇਧਰ ਜਦੋ ਬੇ-ਜੁਬਾਨਿਆ ਨੇ ਗੁਰੂ ਸਾਹਿਬ ਅਤੇ ਉਹਨਾ ਦੇ ਸਿੰਘ ਸੂਰਬੀਰਾਂ ਤੇ ਹਮਲਾ ਕਰ ਦਿੱਤਾ ਤਾਂ:-
    ਗੋਬਿੰਦ ਸਿੰਘ ਕੇ ਸ਼ੇਰ ਭੀ ਫੌਰਨ ਬਿਫਰ ਗਏ।
    ਤਲਵਾਰੇ ਸੂਤ ਸੂਤ ਕੇ ਰਨ ਮੇ ਉਤਰ ਗਏ

ਹੁਣ ਜਦੋ ਸਿੰਘਾ ਨੇ ਦੇਖਿਆ ਕਿ ਵੈਰੀ ਆਪਣੇ ਸਾਰੇ ਵਾਅਦੇ ਤੇ ਕਸਮਾਂ ਤੋੜ ਕੇ ਟੁੱਟ ਪਿਆ ਹੈ ਤਾਂ ਸਿੰਘਾ ਨੇ ਜੰਗ ਦੇ ਮੈਦਾਨ ਦੀ ਕਮਾਨ ਸੰਭਾਲ ਲਈ।
ਮੈਦਾਂ ਕੋ ਏਕ ਆਨ ਮੇ ਚੌਰੰਗ ਕਰ ਦਿਯਾ।
ਰੁਸਤਮ ਭੀ ਆਯਾ ਸਾਮਨੇ ਤੋ ਦੰਗ ਕਰ ਦਿਯਾ

ਯੋਧਿਆਂ ਨੇ ਜੰਗ ਦਾ ਐਸਾ ਮੈਦਾਨ ਭਖਾ ਦਿੱਤਾ, ਮਾਨੋ ਉਹ ਸਰਸਾ ਨਦੀ ਦੇ ਕੰਢੇ ਦਾ ਮੈਦਾਨ ਲਹੂ ਨਾਲ ਹੀ ਰੰਗਿਆ ਗਿਆ। ਜੰਗ ਵੀ ਇਨੀ ਜਬਰਦਸਤ ਕਿ:-ਰੁਸਤਮ ਭੀ ਆਯਾ ਸਾਮਨੇ ਤੋ ਦੰਗ ਕਰ ਦਿਆ।” ਰੁਸਤਮ” ਇਰਾਨ ਦਾ ਮੰਨਿਆ ਪ੍ਰਮੰਨਿਆ ਪਹਿਲਵਾਨ ਸੀ। ਮਾਨੋ ਰੁਸਤਮ ਵਰਗੇ ਬਹਾਦਰ ਵੀ ਕਲਗੀਧਰ ਪਾਤਸ਼ਾਹ ਦੇ ਸੂਰਬੀਰਾਂ ਦੇ ਅਗੇ ਟਿਕ ਨਹੀ ਸਕੇ।
ਸਤਗੁਰੂ ਕੇ ਗਿਰਦ ਸੀਨੋ ਕੀ ਦੀਵਾਰ ਖੇਂਚ ਲੀ।
ਸੌ ਬਾਰ ਗਿਰ ਗਈ ਭੀ, ਤੋ ਸੌ ਬਾਰ ਖੇਂਚ ਲੀ

ਹੁਣ ਵੈਰੀ ਦੀ ਗਿਣਤੀ ਬਹੁਤ ਜਿਆਦਾ ਹੈ ਤੇ ਜੋ ਘੇਰਾ ਸਿੰਘਾ ਨੇ ਕਲਗੀਧਰ ਦੇ ਦੁਆਲੇ ਬਣਾਇਆ ਸੀ (ਕਿਉਕਿ ਉਸ ਸਮੇ ਕਲਗੀਧਰ ਪਾਤਸ਼ਾਹ ਅਤੇ ਸਿੰਘ ਸੁਰਬੀਰ “ਆਸਾ ਕੀ ਵਾਰ” ਦਾ ਕੀਰਤਨ ਕਰ ਰਹੇ ਸਨ) ਉਹ ਘੇਰਾ ਦੁਸ਼ਮਣਾ ਨੇ ਤੋੜ ਦਿਤਾ, ਪਰ ਸਿੰਘ ਸੂਰਬੀਰਾਂ ਨੇ ਉਹ ਘੇਰਾ ਕਲਗੀਧਰ ਪਾਤਸ਼ਾਹ ਦੇ ਦੁਆਲੇ ਫਿਰ ਕਸ ਲਿਆ।
ਖੰਜਰ ਉਦੂ ਕਾ ਦੇਖ ਕੇ ਤਲਵਾਰ ਖੇਂਚ ਲੀ।
ਜਖਮੀ ਹੁਏ ਤੋ ਲਜੱਤੇ ਸੋ ਫਾਰ ਖੇਂਚ ਲੀ

ਜਦੋ ਵੈਰੀਆਂ ਨੇ ਖੰਜਰ ਕਢ ਕੇ ਮਾਰਨਾ ਚਾਹਿਆ ਤਾਂ ਸਿੰਘ ਸੂਰਬੀਰਾਂ ਨੇ ਤਲਵਾਰਾਂ ਸੂਤ ਲਈਆਂ। ਕਲਗੀਧਰ ਦੇ ਸੂਰਬੀਰ ਜਖਮੀ ਵੀ ਹੁੰਦੇ ਗਏ, ਪਰ ਨਾਲ ਦੇ ਨਾਲ ਸੂਰਬੀਰ ਯੋਧੇ ਕਮਾਨ ਰਾਹੀਂ ਤੀਰ ਵੀ ਚਲਾਉਦੇ ਰਹੇ।
ਯਾਦੇ ਅਕਾਲ ਪੁਰਖ ਮੇ ਗੁਰ ਭੀ ਜਮੇ ਰਹੇ।
ਚਰਕੇ ਹਜਾਰ ਖਾ ਕੇ ਅਕਾਲੀ ਥਮੇ ਰਹੇ

ਹੁਣ ਸਰਸਾ ਨਦੀ ਦੇ ਕੰਢੇ ਤੇ ਕਲਗੀਧਰ ਪਾਤਸ਼ਾਹ ਆਪਣੇ ਕੁੱਝ ਕੁ ਸਾਥੀਆਂ ਦੇ ਨਾਲ “ਆਸਾ ਕੀ ਵਾਰ” ਦਾ ਕੀਰਤਨ ਕਰੀ ਜਾ ਰਹੇ ਨੇ, ਤੇ ਦੂਸਰੇ ਪਾਸੇ ਸਿੰਘ ਸੂਰਬੀਰ ਮੈਦਾਨ-ਏ-ਜੰਗ ਵਿੱਚ ਆਪਣਾ ਕਰਤਵ ਨਿਭਾ ਰਹੇ ਨੇ। ਹੁਣ ਕਿੱਸੇ ਰਾਹੀਂ ਗੱਲ” ਆਸਾ ਕੀ ਵਾਰ” ਦੀ ਸੰਪੂਰਨਤਾ ਵਲ ਵਧਣ ਲਗੀ ਹੈ।ਵੈਰੀਆਂ ਨੇ ਘੇਰਾ ਪਾਇਆ ਹੋਇਆ ਹੈ, ਉਸ ਜਗ੍ਹਾ ਸਿੰਘਾਂ ਦੀ ਕਮਾਨ ਸਾਹਿਬਜਾਂਦਾ ਅਜੀਤ ਸਿੰਘ ਜੀ ਸੰਭਾਲ ਰਹੇ ਹਨ, ਜੋ ਕਿ ਵੈਰੀਆਂ ਦੇ ਆਹੂ ਲਾਹੁੰਦੇ ਜਾ ਰਹੇ ਨੇ। ਪਰ ਇੱਕ ਸਮਾਂ ਆ ਗਿਆ ਜਦੋ ਸਾਹਿਬਜਾਦਾ ਅਜੀਤ ਸਿੰਘ ਵੈਰੀਆ ਦੇ ਐਨ ਵਿਚਕਾਰ ਪੂਰੀ ਤਰ੍ਹਾ ਘਿਰ ਗਏ ਤੇ ਇੱਕ ਵੈਰੀ ਆਪਣਾ ਨੇਜਾ ਸਾਹਿਬਜਾਦਾ ਅਜੀਤ ਸਿੰਘ ਦੀ ਛਾਤੀ ਵਿੱਚ ਮਾਰਨ ਲਗਾ ਹੈ, ਪਰ ਕਰਤਾਰ ਦੀ ਖੇਡ ਵਾਪਰਨੀ ਸੀ। ਐਨ ਮੌਕੇ ਤੇ ਭਾਈ ਉਦੈ ਸਿੰਘ (ਜੋ ਕਿ ਭਾਈ ਮਨੀ ਸਿੰਘ ਜੀ ਦੇ ਸਪੁਤਰ ਅਤੇ ਭਾਈ ਬਚਿਤਰ ਸਿੰਘ ਜੀ ਦੇ ਭਰਾਤਾ ਨੇ) ਬਿਜਲੀ ਦੀ ਫੁਰਤੀ ਵਾਂਗ ਆਏ ਤੇ ਸਾਹਿਬਜਾਦਾ ਅਜੀਤ ਸਿੰਘ ਦੀ ਛਾਤੀ ਦੇ ਅੱਗੇ ਆਪਣੀ ਛਾਤੀ ਕਰ ਦਿੱਤੀ ਤੇ ਜੋ ਨੇਜਾ ਸਾਹਿਬਜਾਦਾ ਅਜੀਤ ਸਿੰਘ ਦੀ ਛਾਤੀ ਵਿੱਚ ਵੱਜਣਾ ਸੀ, ਉਸ ਨੇਜੇ ਦੇ ਵਾਰ ਨਾਲ ਭਾਈ ਉਦੈ ਸਿੰਘ ਜੀ ਸਰਸਾ ਨਦੀ ਦੇ ਕੰਢੇ ਸ਼ਹਾਦਤ ਦਾ ਜਾਮ ਪੀ ਗਏ।
     ਮੈ ਬੇਨਤੀ ਕਰਾ ਕਿ ਜੇਕਰ ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਨਾ ਹੁੰਦੀ ਤਾਂ ਸ਼ਾਇਦ ਚਮਕੌਰ ਸਾਹਿਬ ਦਾ ਇਤਿਹਾਸ ਵੀ ਕੁੱਝ ਹੋਰ ਹੁੰਦਾ। ਚਮਕੌਰ ਸਾਹਿਬ ਦੇ ਸ਼ਾਨਦਾਰ ਇਤਿਹਾਸ ਦੀ ਸਿਰਜਨਾ ਵਿੱਚ ਭਾਈ ਉਦੈ ਸਿੰਘ ਜੀ ਦੀ ਸ਼ਹਾਦਤ ਦਾ ਬਹੁਤ ਵੱਡਾ ਯੋਗਦਾਨ ਹੈ।ਕੁੱਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਭਾਈ ਜੀਵਨ ਸਿੰਘ ਜੀ ਵੀ ਸਰਸਾ ਨਦੀ ਦੇ ਕੰਢੇ ਤੇ ਜੰਗ ਵਿੱਚ ਸ਼ਹੀਦ ਹੋਏ ਪਰ ਕੁੱਝ ਇਤਿਹਾਸਕਾਰ ਭਾਈ ਜੀਵਨ ਸਿੰਘ ਜੀ ਦੀ ਸ਼ਹਾਦਤ ਚਮਕੌਰ ਦੀ ਗੜ੍ਹੀ
ਵਿੱਚ ਹੋਣ ਦੀ ਪੁਸ਼ਟੀ ਕਰਦੇ ਹਨ।
ਮੇਰਾ ਇਹ ਜਿਕਰ ਕਰਨ ਦਾ ਮਤਲਬ ਹੈ ਕਿ ਇਹਨਾਂ ਗੱਲਾਂ ਜਾਂ ਜਗ੍ਹਾ ਦੇ ਨਾਲ ਉਹਨਾ ਦੀਆ ਸ਼ਹਾਦਤਾਂ ਨੂੰ ਕੋਈ ਫਰਕ ਨਹੀ ਪੈਂਦਾ, ਭਾਵੇ ਸਰਸਾ ਨਦੀ ਦਾ ਕੰਢਾ ਹੋਵੇ, ਭਾਵੇ ਚਮਕੌਰ ਸਾਹਿਬ ਦੀ ਗੜ੍ਹੀ ਹੋਵੇ, ਉਹਨਾ ਦੀ ਸ਼ਹਾਦਤ ਇਕੋ ਜਿਹੀ ਸਤਿਕਾਰਯੋਗ ਹੈ।ਉਹ ਭਾਈ ਜੈਤਾ ਜੀ ਜੋ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋ ਲੈ ਕੇ ਅਨੰਦਪੁਰ ਦੀ ਧਰਤੀ ਤੇ ਪਹੁੰਚੇ ਸਨ ਤੇ ਬਾਲ ਗੁਰੂ ਗੋਬਿੰਦ ਰਾਏ ਜੀ ਨੇ ਭਾਈ ਜੈਤਾ ਜੀ ਨੂੰ ਆਪਣੀ ਛਾਤੀ ਦੇ ਨਾਲ ਲਗਾ ਕੇ ਪਿਆਰ ਦਿੱਤਾ ਸੀ ਅਤੇ “ਰੰਘਰੇਟੇ ਗੁਰੂ ਕੇ ਬੇਟੇ” ਦੀ ਅਸੀਸ ਨਾਲ ਨਿਵਾਜਿਆਂ। ਉਹ ਭਾਈ ਜੈਤਾ ਜੀ ਜਿਨ੍ਹਾ ਨੇ 1699 ਈ: ਦੇ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਤੋ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ, ਭਾਈ ਜੈਤਾ ਤੋ ਭਾਈ ਜੀਵਨ ਸਿੰਘ ਬਣ ਗਏ ਸੀ।
ਸਰਸਾ ਨਦੀ ਦੇ ਕੰਢੇ ਤੇ ਜੰਗ-ਏ-ਮੈਦਾਨ ਵਿੱਚ ਜੂਝਦਿਆਂ ਸ਼ਹਾਦਤ ਦਾ ਜਾਮ ਪੀਤਾ।ਇਹ ਸਿੰਘ ਸੂਰਬੀਰਾ ਦੀ ਬੇ-ਮਿਸਾਲ ਕੁਰਬਾਨੀ ਹੈ ਕਿ ਉਹਨਾ ਨੇ ਦੀਵਾਨ ਵਿੱਚ ਵਿਘਨ ਨਹੀ ਪੈਣ ਦਿੱਤਾ। ਦੀਵਾਨ ਦੀ ਸਮਾਪਤੀ ਤਕ ਵੈਰੀ ਉਪਰ ਪੂਰੀ ਤਰ੍ਹਾ ਆਪਣਾ ਦਬਦਬਾ ਵੀ ਬਣਾਈ ਰੱਖਿਆ। ਹੁਣ ਸਤਿਗੁਰੂ ਜੀ ਨੇ “ਆਸਾ ਕੀ ਵਾਰ” ਦੀ ਸੰਪੂਰਨਤਾ ਕੀਤੀ ਅਤੇ ਆਪਣੀ ਤਲਵਾਰ ਮਿਆਨ ਵਿੱਚੋ ਕਢ ਕੇ ਮੈਦਾਨ-ਏ-ਜੰਗ-ਵਿੱਚ ਆ ਗਏ। ਜੋਗੀ ਅਲ੍ਹਾ ਯਾਰ ਖ਼ਾਂ ਇਸ ਕਿੱਸੇ ਨੂੰ ਹੋਰ ਅਗੇ ਵਧਾਉਦਿਆਂ ਹੋਇਆ ਲਿਖ ਰਹੇ ਨੇ:-
ਸਤਿਗੁਰੂ ਕੋ ਦੇਖ ਪੜ ਗਈ ਦੁਸ਼ਮਨ ਮੇ ਖਲਬਲੀ।
ਨਾਜਿਮ ਕੋ ਇਜਤਿਰਾਬ ਥਾ, ਰਾਜੋ ਕੋ ਬੇਕਲੀ

ਜਦੋ ਹੁਣ ਵੈਰੀਆਂ ਨੇ ਤਕਿਆ ਕਿ ਕਲਗੀਧਰ ਪਾਤਸ਼ਾਹ ਆਪ ਤਲਵਾਰ ਲੈ ਕੇ ਮੈਦਾਨ-ਏ-ਜੰਗ ਵਿੱਚ ਆ ਗਏ ਨੇ। ਉਹਨਾ ਨੂੰ ਇਤਬਾਰ ਨਹੀ ਸੀ ਆ ਰਿਹਾ ਕਿ ਕਲਗੀਧਰ ਪਾਤਸ਼ਾਹ ਵੀ ਆਪ ਮੈਦਾਨ-ਏ-ਜੰਗ ਵਿੱਚ ਆ ਸਕਦੇ ਨੇ। ਖਿਆਲ ਕਰਿਉ! ਅਜ ਦੇ ਡੇਰੇਦਾਰ ਤੇ ਆਪੇ ਬਣੇ ਗੁਰੂ ਕਿਸੇ ਬਿਪਤਾ ਸਮੇ ਆਪ ਅੱਗੇ ਨਹੀ ਆਉਦੇ ਸਗੋ ਆਪਣੇ ਚੇਲਿਆਂ ਨੂੰ ਹੀ ਮਰਵਾਉਂਦੇ ਹਨ। ਮੈ ਬੇਨਤੀ ਕਰ ਦਿਆਂ ਕਿ ਗੁਰੂ ਦਾ ਸਵਾਂਗ ਰਚਨਾ ਬੜੀ ਸੌਖੀ ਗਲ ਹੈ। ਪਰ ਗੁਰੂ ਬਣਨਾ ਬੜੀ ਔਖੀ ਗਲ ਹੈ। ਇਥੇ ਕਈ ਡੇਰਿਆ ਵਾਲੇ ਗੁਰੂ ਗੋਬਿੰਦ ਸਿੰਘ ਜੀ ਬਣਨ ਦਾ ਨਾਟਕ ਵੀ ਰਚ ਲੈਦੇ ਹਨ। ਨਾਸਮਝ ਲੋਕ ਉਹਨਾ ਡੇਰਿਆ ਦੇ ਆਪੂੰ ਬਣੇ ਗੁਰੂਆਂ ਨੂੰ ਆਪਣਾ ਚੌਦਵਾਂ-ਪੰਦਰਵਾਂ ਗੁਰੂ ਵੀ ਮੰਨ ਲੈਦੇ ਹਨ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਲਈ ਤਿਆਰ ਨਹੀ ਹੁੰਦੇ, ਫਿਰ ਸਾਡੀ ਕੌਮ ਅਤੇ ਜਥੇਦਾਰਾ ਵਲੋ ਉਹਨਾਂ ਉਪਰ ਪਤਾ ਨਹੀ ਕੋਈ ਵੀ ਕਾਰਵਾਈ ਕਿਉ ਨਹੀ ਹੁੰਦੀ ?
ਕਿਉਕਿ ਉਹ ਸਾਡੇ ਰਾਜ ਮਾਲਕਾਂ ਦੇ ਗੁਰੂ ਹਨ। ਉਥੇ ਜਾ ਕੇ ਸਾਡੇ ਰਾਜ ਮਾਲਕ ਹਾਜਰੀਆਂ ਭਰਦੇ ਹਨ, ਸਾਡੇ ਰਾਜ ਮਾਲਕ ਉਥੋ ਵੋਟਾਂ ਲੈਦੇ ਹਨ, ਇਸ ਲਈ। ਹੁਣ ਫੈਸਲਾ ਤੁਸੀ ਆਪ ਕਰ ਲਉ ਕਿ ਵੱਡਾ ਪਾਖੰਡੀ ਕੌਣ ਹੈ। ਉਹ ਜੋ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਜੀ ਬਨਾਉਣਾ ਚਾਹੁੰਦਾ ਹੈ ਜਾਂ ਉਹ ਜੋ ਆਪਣੇ ਆਪ ਨੂੰ ਚੌਦਵਾਂ-ਪੰਦਰਵਾਂ ਸਤਿਗੁਰੂ ਅਖਵਾਉਦੇ ਹਨ। ਜਰਾ ਆਪਣੀ ਸੋਚ ਦੀ ਕਸਵੱਟੀ ਤੇ ਪਰਖ ਕੇ ਦੇਖ ਲੈਣਾ। ਮੈ ਇਹ ਨਹੀ ਕਹਿੰਦਾ ਕਿ ਝੂਠੇ ਸੌਦੇ ਵਾਲੇ ਸਾਧ ਨੂੰ ਬਰੀ ਕਰ ਦੇਣਾ ਚਾਹੀਦਾ ਹੈ। ਉਹ ਵੀ ਦੋਸ਼ੀ ਹੈ। ਪਰ ਜਰਾ ਡੂੰਘਾਈ ਨਾਲ ਦੇਖਣਾ ਤੇ ਪਰਖ ਕਰਨਾ ਕਿ ਦੋਸ਼ੀ ਤਾਂ ਇਹਨਾਂ ਤੋ ਵੀ ਵੱਡੇ-ਵੱਡੇ ਬੈਠੇ ਹੋਏ ਨੇ। ਪਰ ਸਾਨੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਵਾਲੀ ਕਸੱਵਟੀ ਤੇ ਸਭ ਨੂੰ ਪਰਖਣਾ ਪਵੇਗਾ।
ਹੁਣ ਜਦੋ ਕਲਗੀਧਰ ਪਾਤਸ਼ਾਹ ਹੱਥ ਵਿੱਚ ਤਲਵਾਰ ਲੈ ਕੇ ਮੈਦਾਨ-ਏ-ਜੰਗ ਵਿੱਚ ਆਏ ਤਾਂ:-
ਕਹਤੇ ਥੇ ਇਨ ਕੀ ਜਬ ਕਬੀ ਤਲਵਾਰ ਹੈ ਚਲੀ।
ਸਰ ਲੇ ਕੇ ਫਿਰ ਹਜਾਰੋ ਕੇ ਹੀ ਹੈ ਬਲਾ ਟਲੀ।
ਵੈਰੀਆਂ ਨੂੰ ਪਤਾ ਹੈ ਕਿ ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜੋ ਤਲਵਾਰ ਹੈ ਇਹ ਵੈਸੇ ਤਾਂ ਮਿਆਨ ਵਿੱਚੋ ਬਾਹਰ ਨਹੀ ਆਉਦੀ ਤੇ ਜੇਕਰ ਇਹ ਮਿਆਨ ਵਿੱਚੋ
ਬਾਹਰ ਆ ਗਈ ਹੈ ਤਾਂ ਫਿਰ ਇਹ ਖਾਲੀ ਮਿਆਨ ਵਿੱਚ ਵਾਪਸ ਨਹੀ ਜਾਂਦੀ, ਇਹ ਤਲਵਾਰ ਸੈਕੜੇ ਸਿਰ ਲੈ ਕੇ ਹੀ ਮਿਆਨ ਵਿੱਚ ਵਾਪਸ ਜਾਂਦੀ ਹੈ।
ਮੈ ਕਲਗੀਧਰ ਪਾਤਸ਼ਾਹ ਦੇ ਜੀਵਨ ਦੀਆ ਕੁੱਝ ਨਿਰਾਲੀਆ ਬਾਤਾ ਵੀ ਆਪ ਜੀ ਨਾਲ ਸਾਂਝੀਆਂ ਕਰਦਾ ਜਾਵਾਂਗਾ। ਜਦੋ ਹਜੂਰ ਸਾਹਿਬ ਨਾਦੇੜ ਦੀ ਧਰਤੀ ਤੇ ਕਲਗੀਧਰ ਪਾਤਸ਼ਾਹ ਦੇ ਉਪਰ ਹਮਲਾ ਕਰਨ ਲਈ ਦੋ ਪਠਾਨ ਜੋ ਕਿ ਵਜੀਰ ਖਾਂ ਨੇ ਭੇਜੇ ਸਨ, ਉਹਨਾ ਨੇ ਜਦੋ ਸਤਿਗੁਰੂ ਕਲਗੀਧਰ ਪਾਤਸ਼ਾਹ ਤੇ ਕਾਤਲਾਨਾ
ਹਮਲਾ ਧੋਖੇ ਨਾਲ ਕੀਤਾ ਤਾਂ ਇੱਕ ਉਸ ਸਮੇ ਦੌੜ ਗਿਆ ਪਰ ਦੂਸਰੇ ਖੰਜਰ ਮਾਰਨ ਵਾਲੇ ਨੂੰ ਕਲਗੀਧਰ ਪਾਤਸ਼ਾਹ ਨੇ ਉਸੇ ਵੇਲੇ ਝਟਕਾ ਦਿੱਤਾ। ਉਹ ਡਿਗਦਾ ਹੋਇਆ ਕਹਿੰਦਾ ਹੈ ‘ਹਾਏ! ਅੰਮਾ`, ਪਰ ਕਲਗੀਧਰ ਪਾਤਸ਼ਾਹ ਜੋ ਬਖਸ਼ਿਸ਼ਾ ਨਾਲ ਭਰੇ ਹੋਏ ਨੇ ਤੇ ਰਹਿਮਤਾ ਦੇ ਦਾਤੇ ਨੇ, ਉਸਨੂੰ ਕਹਿਣ ਲਗੇ “ਉਏ! ਇਹ ਅੰਮਾ ਕਹਿਣ ਦਾ ਵਕਤ ਨਹੀ ਹੈ ਭਲਿਆ, ਅੱਲ੍ਹਾ ਕਹਿ ਅੱਲ੍ਹਾ”। ਕਿਉਕਿ ਕਲਗੀਧਰ ਪਾਤਸ਼ਾਹ ਜੇਕਰ ਕਿਸੇ ਨੂੰ ਮਾਰਦੇ ਵੀ ਨੇ ਤਾਂ ਵੀ ਉਸਦਾ ਉਧਾਰ ਹੀ ਕਰਦੇ ਨੇ।
  ਹੁਣ ਸਰਸਾ ਨਦੀ ਦੇ ਕੰਢੇ ਉਪਰ ਵੈਰੀ ਇੱਕ ਦੂਜੇ ਨੂੰ ਕਹਿ ਰਹੇ ਨੇ:-
ਜਾਨੋ ਕੀ ਖੈਰ ਚਾਹਤੇ ਹੋ, ਮਿਲ ਕੇ ਘੇਰ ਲੋ।
ਕਿਸਮਤ ਚਲੀ ਹੈ ਹਾਥ ਸੇ, ਫਿਰ ਇਸ ਕੋ ਫੇਰ ਲੋ

ਕਹਿੰਦੇ ਨੇ ਕਿ ਜੇਕਰ ਆਪਣੀ ਜਾਨ ਬਚਾਉਣੀ ਹੈ, ਵੈਸੇ ਤਾਂ ਵੀ ਕੋਈ ਤਰੀਕਾ ਨਹੀ ਹੈ, ਪਰ ਇੱਕ ਤਰੀਕਾ ਹੈ ਜੇਕਰ ਆਪਣੀ ਜਾਨ ਬਚਾਉਣੀ ਹੈ ਤਾਂ ਸਾਰੇ ਇਕੱਠੇ ਹੋ ਕੇ ਇਕੋ ਵਾਰੀ ਟੁੱਟ ਕੇ ਪੈ ਜਾਉ ਤੇ ਇਸ ਤਰ੍ਹਾ ਕਲਗੀਧਰ ਦਾ ਅਸੀ ਮੁਕਾਬਲਾ ਕਰ ਲਵਾਂਗੇ।
ਸਤਗੁਰੂ ਨੇ ਰਾਜਪੂਤੋ ਕੇ ਛੱਕੇ ਛੁੜਾ ਦਿਏ।
ਮੁਗਲੋ ਕੇ ਵਲਵਲੇ ਭੀ ਜੋ ਥੇ ਸਬ ਮਿਟਾ ਦਿਏ

ਸਤਿਗੁਰੂ ਜੀ ਅਤੇ ਸਿੰਘਾਂ ਨੇ ਮਿਲ ਕਰਕੇ ਉਹ ਬਾਈਧਾਰ ਦੇ ਪਹਾੜੀ ਰਾਜਿਆਂ ਦੀਆ ਫੌੰਜਾਂ ਅਤੇ ਮੁਗਲਾਂ ਦੇ ਛੱਕੇ ਛੁਡਾ ਦਿੱਤੇ ਅਤੇ ਵੈਰੀ ਫੌਜਾਂ ਨੂੰ ਲਿਤਾੜ ਕੇ ਰਖ ਦਿੱਤਾ।
ਦੁਸ਼ਮਨ ਕੋ ਅਪਣੀ ਤੇਗ ਕੇ ਜੌਹਰ ਦਿਖਾ ਦਿਏ।
ਕੁਸ਼ਤੋ ਕੇ ਏਕ ਆਨ ਮੇ ਪੁਸ਼ਤੇ ਲਗਾ ਦਿਏ

ਗੁਰੂ ਕਲਗੀਧਰ ਅਤੇ ਸਿੰਘਾ ਨੇ ਆਪਣੀਆ ਤਲਵਾਰਾਂ ਦੇ ਐਸੇ ਜੌਹਰ ਵਿਖਾਏ ਕਿ ਸਰਸਾ ਨਦੀ ਦੇ ਕੰਢੇ ਤੇ ਦੁਸ਼ਮਨ ਫੌਜਾਂ ਦੀਆ ਲਾਸ਼ਾ ਦੇ ਢੇਰ ਲਗ ਗਏ।
ਰਾਜਾ ਜੋ ਚੜ ਕੇ ਆਏ ਥੇ ਬਾਰਹ ਪਹਾੜ ਸੇ।
ਪਛਤਾ ਰਹੇ ਥੇ ਜੀ ਮੇ, ਗੁਰੂ ਕੀ ਲਤਾੜ ਸੇ

ਹੁਣ ਉਹਨਾ ਸਿਪਾਹੀਆਂ ਦੇ ਹੱਥ ਸਿਰਫ ਪਛਤਾਵਾ ਹੀ ਰਹਿ ਗਿਆ ਸੀ, ਕਿਉਕਿ ਉਹਨਾ ਵਾਅਦਾ ਖਿਲਾਫੀ ਵੀ ਕੀਤੀ, ਕਸਮਾਂ ਖਾ ਕੇ ਆਪਣੀ ਜਬਾਨ ਤੋ ਵੀ ਫਿਰ ਗਏ ਕਿ ਬਸ ਕਿਸੇ ਨਾ ਕਿਸੇ ਤਰ੍ਹਾ ਗੁਰੂ ਗੋਬਿੰਦ ਸਿੰਘ ਨੂੰ ਗ੍ਰਿਫਤਾਰ ਕਰ ਲਈਏ ਜਾਂ ਮਾਰ ਕੇ ਸਿਰ ਵੱਢ ਲਿਆਈਏ, ਪਰ ਇਥੇ ਤਾਂ ਆਪਣੀ ਜਾਨ ਬਚਾਉਣੀ ਵੀ ਔਖੀ ਹੋ ਗਈ ਹੈ।
ਦੇਖਾ ਜੁਹੀ ਹੁਜੂਰ ਨੇ, ਦੁਸ਼ਮਨ ਸਿਮਟ ਗਏ।
ਬੜਨੇ ਕੀ ਜਗਹ ਖੌਫ ਸੇ ਨਾਮਰਦ ਹਟ ਗਏ

ਹੁਣ ਜਦੋ ਵੈਰੀ ਕਲਗੀਧਰ ਪਾਤਸ਼ਾਹ ਨੇ ਚਿਹਰੇ ਤੇ ਸ਼ਾਹੀ ਜਲਾਲ ਨੂੰ ਦੇਖਦੇ ਨੇ, ਤਾਂ ਉਹਨਾ ਕੋਲੋ ਕਲਗੀਧਰ ਪਾਤਸ਼ਾਹ ਦੇ ਚਿਹਰੇ ਨੂੰ ਤੱਕਿਆ ਨਹੀ ਜਾਦਾ। ਸਤਿਗੁਰੂ ਦੇ ਜੋਸ਼ ਅਗੇ ਕਿਸੇ ਵੀ ਵੈਰੀ ਵਲੋ ਖੜਨ ਦੀ ਹਿੰਮਤ ਨਹੀ ਸੀ ਹੋ ਰਹੀ। ਹੁਣ ਵੈਰੀ ਫੌਜਾਂ ਪਿਛਾਂਹ ਨੂੰ ਹਟਣੀਆ ਸ਼ੁਰੂ ਹੋ ਗਈਆਂ।
ਘੋੜੇ ਕੋ ਏੜ ਦੇ ਕੇ ਗੁਰੂ ਰਨ ਮੇ ਡਟ ਗਏ।
ਫੁਰਮਾਏ ਬੁਜਦਿਲੋ ਸੇ ਕਿ ਤੁਮ ਕਯੋ ਪਲਟ ਗਏ

ਹੁਣ ਕਲਗੀਧਰ ਪਾਤਸ਼ਾਹ ਘੋੜੇ ਤੇ ਸਵਾਰ ਹੋ ਗਏ ਤੇ ਵੈਰੀਆ ਨੂੰ ਸੰਬੋਧਨ ਹੋ ਕੇ ਕਹਿਣ ਲਗੇ ਨੇ “ਸੂਰਮਿਓ, ਕਸਮਾਂ ਤੋੜਨ ਵਾਲਿਓ! ਹੁਣ ਪਿਛਾਂਹ ਨੂੰ ਕਿਉ ਹਟ ਰਹੇ ਹੋ ? ਆ ਜਾਉ, ਅੱਗੇ ਨੂੰ ਵੱਧੋ। “ਇਥੇ ਖਿਆਲ ਰਖਿਉ ਕਿ ਜੋ ਸੂਰਮਾਂ ਹੁੰਦਾ ਹੈ ਉਹ ਜੰਗ ਦੇ ਮੈਦਾਨ ਵਿੱਚੋ ਪਿਛਾਂਹ ਨੂੰ ਨਹੀ ਹਟਦਾ, ਕਿਉ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਇਹ ਆਖ ਰਹੀ ਹੈ।
ਸੂਰੁ ਕਿ ਸਨਮੁਖ ਰਨ ਤੇ ਡਰਪੈ।। (ਗਉੜੀ ਕਬੀਰ ਜੀ-੩੩੮)
ਹੋਵੇ ਸੂਰਮਾ ਤੇ ਰਨ ਤੋਂ ਡਰਕੇ ਪਿਛਾਂਹ ਨੂੰ ਹਟ ਜਾਵੇ। ਗੁਰੂ ਕਲਗੀਧਰ ਪਾਤਸ਼ਾਹ ਬਾਣੀ ਅਨੁਸਾਰ ਹੀ ਕਹਿ ਰਹੇ ਨੇ ਕਿ ਓਏ ਤੁਸੀ ਕਾਹਦੇ ਸੂਰਮੇ ਹੋ? ਅੱਗੇ ਨੂੰ ਵਧ ਕੇ ਆਉ, ਪਿਛਾਂਹ ਨੂੰ ਨਾ ਹਟੋ।
ਅਬ ਆਉ ਰਨ ਮੇ, ਜੰਗ ਕੇ ਅਰਮਾਂ ਨਿਕਾਲ ਲੋ।
ਤੁਮ ਕਰ ਚੁਕੇ ਹੋ, ਵਾਰ ਹਮਾਰਾ ਸੰਭਾਲ ਲੋ

ਤੁਸੀ ਜੋ ਅਰਮਾਨ ਦਿਲਾਂ ਵਿੱਚ ਲੈ ਕੇ ਆਏ ਹੋ, ਆਉ ਜੰਗ ਦੇ ਮੈਦਾਨ ਵਿੱਚ ਆ ਕੇ ਆਪਣੇ ਦਿਲਾਂ ਦੇ ਅਰਮਾਨ ਤਾਂ ਪੂਰੇ ਕਰ ਲਉ। ਤੁਸੀ ਤਾਂ ਆਪਣੀਆ ਕਸਮਾਂ ਤੋੜ ਕੇ ਸਾਡੇ ਉਪਰ ਵਾਰ ਕਰ ਲਿਆ ਹੈ, ਹੁਣ ਸਾਡਾ ਵੀ ਵਾਰ ਸਹਾਰ ਲਉ।
ਆਏ ਹੋ ਤੁਮ ਪਹਾੜ ਸੇ ਮੈਦਾਨਿ-ਜੰਗ ਮੇਂ।
ਬੱਟਾ ਲਗਾ ਕੇ ਜਾਤੇ ਹੋ ਕਯੋ ਨਾਮੋ-ਨੰਗ ਮੇਂ

ਉਏ! ਤੁਸੀ ਤਾਂ ਪਹਾੜਾ ਤੋ ਉਤਰਕੇ ਇਥੇ ਜੰਗ ਕਰਨ ਲਈ ਆਏ ਸੀ। ਹੁਣ ਆਪਣੇ ਵਡੇਰੇ ਰਾਜਪੂਤਾਂ ਦੇ ਨਾਮ ਨੂੰ ਵੱਟਾ ਕਿਉ ਲਗਾ ਰਹੇ ਹੋ ? ਰਾਜਪੂਤਾਂ ਦੀ ਆਨ ਸ਼ਾਨ ਇਸ ਗਲ ਦੀ ਆਗਿਆ ਨਹੀ ਦਿੰਦੀ ਕਿ ਮੈਦਾਨ-ਏ-ਜੰਗ ਵਿੱਚੋ ਤੁਸੀ ਪਿਠ ਦਿਖਾ ਕੇ ਭਜ ਜਾਉ।
ਸੁਨਤੇ ਹੈ ਤੁਮ ਕੋ ਨਾਜ਼ ਹੈਂ ਤੀਰੋ ਤੁਫੰਗ ਮੇਂ।
ਹੁਸ਼ਯਾਰ ਸ਼ਹਸਵਾਰ ਹੋ ਮਾਹਿਰ ਖਦੰਗ ਮੇਂ

ਮੈ ਤਾਂ ਸੁਣਿਆ ਸੀ ਕਿ ਤੁਹਾਡੇ ਪਾਸ ਤੀਰ-ਅੰਦਾਜੀ ਦੀ ਬਹੁਤ ਵਧੀਆ ਕਲਾ ਹੈ, ਮੈਨੂੰ ਨਹੀ ਲਗਦਾ ਕਿ ਤੁਹਾਡੇ ਪਾਸ ਕੋਈ ਐਸੀ ਕਲਾ ਹੈ। ਤੀਰ ਅੰਦਾਜੀ ਕਲਾ ਦੀ ਮਿਸਾਲ ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚੋ ਮੈ ਆਪ ਜੀ ਨਾਲ ਸਾਂਝੀ ਕਰਦਾ ਜਾਂਵਾ। ਜਦੋ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਇਹਨਾ ਮੁਗਲਾਂ ਤੇ ਪਹਾੜੀ ਰਾਜਿਆਂ ਵਲੋ ਘੇਰਾ ਪਾਇਆ ਗਿਆ ਸੀ ਤਾਂ ਦੁਪਹਿਰ ਦੇ ਸਮੇ ਕਲਗੀਧਰ ਪਾਤਸ਼ਾਹ ਨੇ ਕਾਫੀ ਦੂਰ ਤਕ ਆਪਣੀ ਨਿਗਾਹ ਘੁਮਾਈ ਤਾਂ ਕੀ
ਦੇਖਦੇ ਹਨ ਕਿ ਲਾਹੌਰ ਦਾ ਨਵਾਬ ਜਬਰਦਸਤ ਖਾਂ ਅਤੇ ਸਰਹੰਦ ਦਾ ਨਵਾਬ ਵਜੀਰ ਖਾਂ ਦਰਖਤ ਦੇ ਥੱਲੇ ਬੈਠ ਕੇ ਚੌਪੜ ਖੇਡ ਰਹੇ ਸਨ। ਫਿਰ ਕੀ ਹੋਇਆ ਇੱਕ ਤੀਰ ਸ਼ੂਕਦਾ ਹੋਇਆ ਆਇਆ। ਜਿਸ ਮੰਜੇ ਤੇ ਬੈਠੇ ਉਹ ਚੌਪੜ ਖੇਡ ਰਹੇ ਸਨ, ਉਸ ਮੰਜੇ ਦੇ ਪਾਵੇ ਵਿੱਚ ਧਸ ਗਿਆ। ਇਹ ਵੇਖ ਕੇ ਉਹਨਾਂ ਦੀ ਤਾਂ ਖਾਨਿਉ ਹੀ ਗਈ ਕਿ ਇਹ ਕੀ ਹੋ ਗਿਆ ਹੈ। ਜਬਰਦਸਤ ਖਾਂ ਨੇ ਜਦੋ ਉਹ ਤੀਰ ਪੁਟ ਕੇ ਦੇਖਿਆ ਤੇ ਨੋਕ ਵਾਲੇ ਪਾਸੇ ਧਿਆਨ ਗਿਆ ਕਿ ਇਹ ਤੀਰ ਗੁਰੂ ਗੋਬਿੰਦ ਸਿੰਘ ਜੀ ਦਾ ਹੈ ਕਿਉਕਿ ਤੀਰ ਦੀ ਨੋਕ ਤੇ ਸੋਨਾ ਲਗਾ ਹੋਇਆ ਸੀ।ਦੇਖੋ ਕਲਗੀਧਰ ਪਾਤਸ਼ਾਹ ਦੀਆ ਇਹ ਨਿਰਾਲੀਆ ਬਾਤਾਂ ਹਨ ਕਿ ਉਹਨਾ ਦੇ ਤੀਰਾਂ ਨੂੰ ਵੀ ਸੋਨਾ ਲਗਾ ਹੁੰਦਾ ਸੀ। ਗੁਰਸਿੱਖਾਂ ਨੇ ਇੱਕ ਵਾਰ ਇਸਦਾ ਕਾਰਣ ਪੁਛਿਆ ਸੀ ਤਾਂ ਕਲਗੀਧਰ ਪਾਤਸ਼ਾਹ ਨੇ ਜਵਾਬ ਦਿੱਤਾ “ਗੁਰਸਿਖੋ! ਗੁਰੂ ਘਰ ਦਾ ਕਿਸੇ ਵੀ ਵਿਅਕਤੀ ਨਾਲ ਵੈਰ ਨਹੀ ਹੈ। ਇਸ ਲਈ ਸੋਨਾ ਲਾਇਆ ਜਾਂਦਾ ਹੈ ਕਿ ਜੇਕਰ ਉਹ ਵਿਅਕਤੀ ਜਖਮੀ ਹੋ ਗਿਆ ਹੈ ਤਾਂ ਇਹ ਸੋਨਾ ਉਸਦੀ ਮਲਮ ਪੱਟੀ ਦਾ ਖਰਚਾ ਹੈ। ਜੇਕਰ ਉਹ ਵਿਅਕਤੀ ਚੜਾਈ ਕਰ ਜਾਵੇ ਤਾਂ ਉਸ ਦੇ ਘਰ ਵਾਲੇ ਉਸ ਸੋਨੇ ਨੂੰ ਵੇਚ ਕੇ ਉਸਦਾ ਅੰਤਮ ਕਿਰਿਆ-ਕਰਮ ਪੂਰਾ ਕਰ ਸਕਣ।
“ਕੀ ਹੈ ਕੋਈ ਦੁਨੀਆ ਦੇ ਇਤਿਹਾਸ ਅੰਦਰ ਐਸਾ ਗੁਰੂ ?ਨਵਾਬ ਨੇ ਜਦੋ ਤੀਰ ਖਿਚ ਕੇ ਉਸ ਉਪਰ ਲੱਗੇ ਹੋਏ ਸੋਨੇ ਨੂੰ ਦੇਖਿਆ ਤਾਂ ਸਮਝ ਗਿਆ ਕਿ ਇਹ ਤੀਰ
ਗੁਰੂ ਗੋਬਿੰਦ ਸਿੰਘ ਦਾ ਹੈ। ਫਿਰ ਉਹ ਪਰੇਸ਼ਾਨ ਹੋ ਕੇ ਕਹਿੰਦਾ ਕਿ ਸ਼ੁਕਰ ਹੈ ਅਜ ਤਾਂ ਅੱਲ੍ਹਾ ਨੇ ਬਚਾ ਲਿਆ, ਜੇਕਰ ਇੰਨੀ ਸੁੱਕੀ ਹੋਈ ਲਕੜ ਵਿੱਚ ਇਹ ਤੀਰ ਧਸ ਸਕਦਾ ਹੈ ਤਾਂ ਉਹ ਇਹ ਤੀਰ ਸਾਨੂੰ ਵੀ ਮਾਰ ਸਕਦੇ ਹਨ। ਫਿਰ ਉਹ ਆਪਸ ਵਿੱਚ ਸਲਾਹਾਂ ਕਰਦੇ ਹਨ ਕਿ ਜਰੂਰ ਕਲਗੀਧਰ ਦੇ ਵਿੱਚ ਕੋਈ ਕਰਾਮਾਤ ਹੈ। ਅਜੇ ਇਹ ਸਲਾਹਾਂ ਹੀ ਕਰ ਰਹੇ ਸਨ ਤਾਂ ਇੱਕ ਹੋਰ ਤੀਰ ਸ਼ੂਕਦਾ ਹੋਇਆ ਆਇਆ ਤਾਂ ਉਹ ਦਰਖ਼ਤ ਦੇ ਤਣੇ ਵਿੱਚ ਆ ਕੇ ਧਸ ਗਿਆ। ਪਰ ਇਸ ਤੀਰ ਦੇ ਨਾਲ ਇੱਕ ਚਿੱਠੀ ਵੀ ਬੱਝੀ ਹੋਈ ਸੀ। ਜਦੋ ਨਵਾਬਾਂ ਨੇ ਇਹ ਤੀਰ ਪੁੱਟ ਕੇ ਉਸ ਚਿੱਠੀ ਨੂੰ ਖੋਲ ਕੇ ਪੜਿਆ ਤਾਂ ਉਸ ਉਪਰ ਲਿਖਿਆ ਹੋਇਆ ਸੀ “ਇਹ ਕਰਾਮਾਤ ਨਹੀ, ਇਹ ਕਰਤਬ ਹੈ”। ਇਸ ਤਰ੍ਹਾਂ ਦੀ ਤੀਰ ਅੰਦਾਜੀ ਦੀ ਕਲਾ ਸੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪਾਸ। ਇਸ ਕਿੱਸੇ ਨੂੰ ਹੋਰ ਅਗਾਂਹ ਵਧਾਉਦਿਆ ਜੋਗੀ ਅਲ੍ਹਾ ਯਾਰ ਖ਼ਾਂ ਲਿਖਦਾ ਹੈ:-
ਸੁਨਤੇ ਹੈ ਤੁਮ ਕੋ ਨਾਜ ਹੈ ਤੀਰੋ ਤੁਫੰਗ ਮੇਂ।
ਹੁਸ਼ਯਾਰ ਸ਼ਹਸਵਾਰ ਹੋ ਮਾਹਿਰ ਖਦੰਗ ਮੇਂ

ਇਹ ਬਾਤਾਂ ਕਲਗੀਧਰ ਜੀ ਕਹਿ ਰਹੇ ਨੇ ਕਿ ਐ ਪਹਾੜੀ ਰਾਜਿਉ! ਸੁਣਿਆ ਹੈ ਕਿ ਤੁਸੀ ਤੀਰ ਚਲਾਉਣ ਵਿੱਚ ਬੜੇ ਮਾਹਿਰ ਹੋ, ਬੜੀ ਨਿਪੁੰਨ ਕਲਾ ਦੇ ਤੁਸੀ ਮਾਲਿਕ ਹੋ? ਪਰ ਮੈਨੂੰ ਅਜ ਤੁਹਾਡੇ ਵਿੱਚ ਕੋਈ ਐਸੀ ਕਲਾ, ਐਸੀ ਬਹਾਦਰੀ ਵਾਲੀ ਗਲ ਬਿਲਕੁਲ ਦਿਖਾਈ ਨਹੀ ਦਿੱਤੀ। ਕੀ ਗਲ ਹੈ ਅਜ ਤੁਸੀ ਪਿਛਾਂਹ ਨੂੰ ਜਾ ਰਹੇ ਹੋ  ?
ਦਸ ਬਾਰਹ ਤੁਮ ਮੇ ਰਾਜੇ ਹੈ ਦੋ ਇੱਕ ਨਵਾਬ ਹੈ।
ਫਿਰ ਹਮ ਸੇ ਜੰਗ ਕਰਨੇ ਮੇ ਕਯੋ ਇਜਤਿਨਾਬ ਹੈ

ਪਾਤਸ਼ਾਹ ਕਹਿ ਰਹੇ ਨੇ ਤੁਸੀ ਦਸ ਬਾਰਾਂ ਰਾਜੇ ਇਕੱਠੇ ਹੋ ਕੇ ਆਪਣੀਆਂ ਫੌਜਾਂ ਲੈ ਕੇ ਆਏ ਹੋ ਤੇ ਦੋ ਨਵਾਬ (ਲਾਹੌਰ ਤੇ ਸਰਹੰਦ ਦੇ) ਵੀ ਤੁਹਾਡੇ ਨਾਲ ਹਨ। ਪਰ ਮੈਨੂੰ ਸਮਝ ਨਹੀ ਆਉਦੀ ਕਿ ਮੈਦਾਨ-ਏ-ਜੰਗ ਵਿੱਚ ਤੁਸੀ ਮੇਰੇ ਨਾਲ ਜੂਝਦੇ ਕਿਉ ਨਹੀ ਹੋ? ਪਿਛਾਂਹ ਨੂੰ ਕਿਉ ਜਾ ਰਹੇ ਹੋ? ਬੱਸ! ਇੰਨੀ ਗਲ ਕਹਿ ਕੇ ਦਸਵੇਂ ਪਾਤਸ਼ਾਹ ਉਹਨਾ ਉਪਰ ਟੁੱਟ ਪਏ।
ਯਿਹ ਕਹ ਕੇ ਉਨ ਪਰ ਟੂਟ ਪੜੇ ਦਸਵੇ ਪਾਤਸ਼ਾਹ।
ਇਸ ਸਫ ਕੋ ਕਾਟਤੇ ਥੇ ਕਭੀ ਉਸ ਪਰੇ ਕੋ ਕਾਹ

ਪਾਤਸ਼ਾਹ ਜਿਧਰ ਨੂੰ ਵੀ ਜਾਂਦੇ ਨੇ ਵੈਰੀਆਂ ਦੇ ਸੱਥਰ ਵਿਛਾਈ ਜਾ ਰਹੇ ਨੇ, ਕਲਗੀਧਰ ਪਾਤਸ਼ਾਹ ਦੇ ਹੱਥ ਵਿੱਚ ਜੋ ਤਲਵਾਰ ਹੈ ਉਸ ਉਪਰ ਕਿਸੇ ਦੀ ਵੀ ਨਿਗਾਹ ਨਹੀ ਟਿਕ ਰਹੀ, ਮਾਨੋ ਅਜ ਕਲਗੀਧਰ ਪਾਤਸ਼ਾਹ ਦੀ ਤਲਵਾਰ ਚਮਕਾਂ ਮਾਰ ਰਹੀ ਹੋਵੇ।
ਜਮਤੀ ਨ: ਥੀ ਹੁਜੂਰ ਕੀ ਤਲਵਾਰ ਪਰ ਨਿਗਾਹ।
ਤੇਗੇ-ਗੁਰੂ ਪ: ਹੋਤਾ ਥਾ ਬਿਜਲੀ ਕਾ ਸ਼ਾਇਬਾਹ।
ਇੱਕ ਹਮਲੇ ਮੇ ਥਾ ਫੌਜ ਕਾ ਤਖਤਾ ਉਲਟ ਗਯਾ।
ਗੁਰੂ ਕੀ ਹਵਾਏ ਤੇਗ ਸੇ ਬਾਦਲ ਥਾ ਛਟ ਗਯਾ

ਗੁਰੂ ਪਾਤਸ਼ਾਹ ਦੇ ਕਮਾਨ ਸੰਭਾਲਣ ਦੀ ਹੀ ਦੇਰ ਸੀ ਕਿ ਵੈਰੀਆਂ ਦੇ ਛੱਕੇ ਛੁਡਾ ਦਿੱਤੇ ਤੇ ਵੈਰੀਆਂ ਨੂੰ ਭਾਜੜਾਂ ਪੈ ਗਈਆ। ਜਿਧਰ ਨੂੰ ਵੀ ਉਹਨਾ ਨੂੰ ਰਾਹ ਮਿਲਿਆ ਉਧਰ-ਉਧਰ ਨੂੰ ਭਜਣ ਲਗੇ ਤਾਂ ਜੋ ਆਪਣੀ ਜਾਨ ਬਚਾਈ ਜਾ ਸਕੇ ਕਿਉਕਿ ਮੈਦਾਨ-ਏ-ਜੰਗ ਦੀ ਕਮਾਨ ਵੀ ਤਾਂ ਹੁਣ ਕਲਗੀਧਰ ਪਾਤਸ਼ਾਹ ਦੇ ਹੱਥ ਹੈ। ਹੁਣ ਜੋ ਬਚ ਗਏ ਉਹਨਾ ਨੇ ਆਪਣੇ ਆਪਣੇ ਘਰਾਂ ਦਾ ਰਸਤਾ ਨਾਪ ਲਿਆ।
ਜੋ ਬਚ ਗਏ ਵੁਹ ਭਾਗ ਗਏ ਮੂੰਹ ਕੋ ਮੋੜ ਕਰ।
ਰਸਤਾ ਘਰੋ ਕਾ ਲੇ ਲਿਆ ਮੈਦਾ ਕੋ ਛੋੜ ਕਰ।
ਸਿੰਘੋ ਨੇ ਭੁਸ ਨਿਕਾਲ ਦਿਆ ਥਾ ਝੰਝੋੜ ਕਰ।
ਪਛਤਾਵੇ ਆਖਿਰਸ ਕੋ ਬਹੁਤ ਕੌਲ ਤੋੜ ਕਰ

ਜੋਗੀ ਅਲ੍ਹਾ ਯਾਰ ਖ਼ਾਂ ਆਪਣੇ ਕਿੱਸੇ ਨੂੰ ਅਗੇ ਤੋਰਦਾ
ਹੋਇਆ ਲਿਖਦਾ ਹੈ ਕਿ ਸਿੰਘਾਂ ਨੇ ਸ਼ਸ਼ਤ੍ਰਾਂ ਨਾਲ ਵੈਰੀਆਂ ਦੀਆਂ ਆਂਦਰਾਂ ਬਾਹਰ ਕੱਢ ਲਈਆਂ। ਵੈਰੀਆ ਦੇ ਪਾਸ ਹੁਣ ਪਛਤਾਵਾ ਹੀ ਰਹਿ ਗਿਆ ਸੀ। ਕਿਉਕਿ ਧਰਮ ਖਿਲਾਫੀ ਵੀ ਕੀਤੀ, ਝੂਠੀਆਂ ਕਸਮਾਂ ਵੀ ਖਾਧੀਆਂ, ਜੁਬਾਨ ਤੇ ਵੀ ਨਾ ਰਹੇ ਤੇ ਪੱਲੇ ਵੀ ਕੁੱਝ ਨਾ ਪਿਆ, ਉਲਟਾ ਕਿੰਨਾ ਨੁਕਸਾਨ ਵੀ ਕਰਵਾ ਲਿਆ। ਵੈਰੀਆਂ ਦਾ ਝੁੰਡ ਜੋ ਚੁਪ-ਚਾਪ ਚੜਾਈ ਕਰਕੇ ਆਇਆ ਸੀ, ਸਾਹਿਬਜਾਦਾ ਅਜੀਤ ਸਿੰਘ ਤੇ ਸਾਹਿਬਜਾਦਾ ਜੁਝਾਰ ਸਿੰਘ ਨੇ ਆਪਣੇ ਸੂਰਬੀਰਾਂ ਨਾਲ ਮਿਲਕੇ ਅੱਧੇ ਤੋ ਜਿਆਦਾ ਵੈਰੀਆਂ ਦੇ ਸੱਥਰ ਵਿਛਾ ਦਿੱਤੇ ਸਨ।
ਲਾਸ਼ੋ ਸੇ ਔਰ ਸਰੋ ਸੇ ਥਾ ਮੈਦਾਨ ਪਟ ਗਯਾ।
ਆਧੇ ਸੇ ਬੇਸ਼ ਲਸ਼ਕਰੇ-ਆਦਾ ਥਾ ਕਟ ਗਯਾ

ਸਿੰਘ ਸੂਰਬੀਰਾਂ ਦੀ ਡੇਢ ਹਜਾਰ ਦੀ ਗਿਣਤੀ ਸੀ ਜਦੋ ਉਹ ਅਨੰਦਪੁਰ ਸਾਹਿਬ ਤੋ ਚੱਲੇ ਸੀ। ਫਿਰ ਸਰਸਾ ਨਦੀ ਦੇ ਕੰਢੇ ਤੇ ਜੰਗ ਦਾ ਮੈਦਾਨ ਭਖਿਆ ਉਸ ਸਮੇ
ਸਰਸਾ ਨਦੀ ਵਿੱਚ ਹੜ੍ਹ ਦਾ ਪਾਣੀ ਵੀ ਆਇਆ ਹੋਇਆ ਸੀ. ਕਈ ਸਿੰਘ ਸੂਰਬੀਰ ਜੂਝਦਿਆਂ ਹੋਇਆਂ ਸ਼ਹਾਦਤਾਂ ਦਾ ਜਾਮ ਵੀ ਪੀ ਗਏ ਸੀ।“ਤਵਾਰੀਖ ਗੁਰੂ ਖਾਲਸਾ” ਵਿੱਚ ਗਿਆਨੀ ਗਿਆਨ ਸਿੰਘ ਨੇ ਬੜੀ ਬਾ-ਕਮਾਲ ਗਲ ਲਿਖੀ ਹੈ।
ਉਹ ਲਿਖਦੇ ਨੇ ਕਿ ਸਰਸਾ ਨਦੀ ਤਕ ਪਹੁੰਚਣ ਵੇਲੇ ਸਿੰਘ-ਸੂਰਬੀਰ ਤੇ ਪਰਿਵਾਰਕ ਮੈਬਰਾਂ ਦੀ ਕੁਲ ਗਿਣਤੀ 1500 ਦੇ ਲਗਭਗ ਸੀ, ਪਰ ਸਰਸਾ ਨਦੀ ਨੂੰ ਪਾਰ ਕੇਵਲ 150 ਦੇ ਕਰੀਬ ਸਰੀਰਾਂ ਨੇ ਕੀਤਾ ਸੀ, ਹੁਣ ਕਿਥੇ 1500 ਤੇ ਕਿਥੇ ਕੇਵਲ 150. ਕਿੰਨੇ ਸਰੀਰਾਂ ਦਾ ਵਿਛੋੜਾ ਕਲਗੀਧਰ ਪਾਤਸ਼ਾਹ ਨੂੰ ਸਰਸਾ ਨਦੀ ਦੇ ਪਾਣੀਆਂ ਤੇ ਜੰਗ ਨੇ ਦੇ ਦਿੱਤਾ। ਇਥੇ ਹੀ ਸਰਸਾ ਦੇ ਪਾਣੀ ਵਿੱਚ ਗੁਰੂ ਘਰ ਦਾ ਕੀਮਤੀ ਖਜਾਨਾ ਵੀ ਭੇਟਾ ਚੜ੍ਹ ਗਿਆ। ਗੁਰੂ ਕਲਗੀਧਰ ਪਾਤਸ਼ਾਹ ਨੇ ਸਰਸਾ ਨਦੀ ਨੂੰ ਪਾਰ ਕੀਤਾ ਸੀ ਤਾਂ ਉਨ੍ਹਾ ਦਾ ਪਰਿਵਾਰ ਵੀ ਤਿੰਨ ਹਿਸਿਆਂ ਵਿੱਚ ਵੰਡਿਆਂ ਗਿਆ ਸੀ। “ਤਵਾਰੀਖ ਗੁਰੂ ਖਾਲਸਾ”ਵਿੱਚ ਇਹ ਵੀ ਗਲ ਲਿਖੀ ਮਿਲਦੀ ਹੈ ਕਿ ਸਰਸਾ ਨਦੀ ਦੇ ਠੰਡੇ ਪਾਣੀ ਨੂੰ ਪਾਰ ਕਰਨ ਉਪਰੰਤ ਗੁਰੂ ਕਲਗੀਧਰ ਪਾਤਸ਼ਾਹ ਦੇ ਮੁੱਖੋ ਸੁਭਾਵਿਕ ਹੀ ਬਚਨ ਨਿਕਲੇ ਸਨ।ਸਰਸਾ ਨਾਲੇ, ਕਾਲੇ ਦਿਲ ਵਾਲੇ,ਤੂੰ ਫੇਰ ਕਦੇ ਨਾ ਚੜੇਗਾ। (ਤਵਾਰੀਖ ਗੁਰੂ ਖਾਲਸਾ-ਗਿਆਨੀ ਗਿਆਨ ਸਿੰਘ)ਇਤਿਹਾਸ ਗਵਾਹ ਹੈ ਕਿ ਉਸ ਦਿਨ ਤੋ ਲੈ ਕੇ ਅਜ ਤਕ ਸਰਸਾ ਨਦੀ ਵਿੱਚ ਕਦੀ ਵੀ ਹੜ੍ਹ ਨਹੀ ਆਇਆ। ਸਰਸਾ ਨਦੀ ਦੇ ਪਾਣੀਆਂ ਨੇ ਗੁਰੂ ਕਲਗੀਧਰ ਦਾ ਕੀਮਤੀ ਸਾਹਿਤ ਅਤੇ ਖਜਾਨਾ ਵੀ ਖੋਹ ਲਿਆ। ਸਰਸਾ ਨਦੀ ਦੇ ਪਾਣੀਆ
ਨੇ ਕਲਗੀਧਰ ਪਾਤਸ਼ਾਹ ਦੇ ਜਾਨ ਤੋ ਪਿਆਰੇ ਸਿੰਘ-ਸੂਰਬੀਰ ਵੀ ਆਪਣੀ ਬੁੱਕਲ ਵਿੱਚ ਸਮਾ ਲਏ। ਸਰਸਾ ਨਦੀ ਦੇ ਚੜੇ ਹੋਏ ਪਾਣੀਆਂ ਨੇ ਇਥੇ ਹੀ ਬਸ ਨਹੀ ਕੀਤੀ, ਸਗੋ ਗੁਰੂ ਕਲਗੀਧਰ ਪਾਤਸ਼ਾਹ ਦੇ ਪਰਿਵਾਰ ਦੇ ਤਿੰਨ ਹਿੱਸੇ ਵੀ ਕਰ ਦਿੱਤੇ।
ਇੱਕ ਅੰਗਰੇਜ ਇਤਿਹਾਸਕਾਰ ‘ਕਨਿੰਘਮ`ਸਾਹਿਬ ਗੁਰੂ ਗੋਬਿੰਦ ਸਿੰਘ ਦੀ ਵਡਿਆਈ ਵਿੱਚ ਇਥੋਂ ਤਕ ਵੀ ਲਿਖ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਨੂੰ ਸਮਝਣ ਲਈ ਸਾਨੂੰ ਇੱਕ ਤੇਜ ਰਫਤਾਰ ਘੋੜੇ ਤੇ ਸਵਾਰ ਹੋਣਾ ਪਵੇਗਾ ਤੇ ਅਸੀ ਉਨੀ ਰਫਤਾਰ ਨਾਲ ਸਮਝਣ ਦੀ ਕੋਸ਼ਿਸ਼ ਕਰੀਏ, ਜਿੰਦਗੀ ਖਤਮ ਹੋ ਜਾਵੇਗੀ, ਪਰ ਸਾਹਿਬ
ਕਲਗੀਧਰ ਨੂੰ ਪੂਰਨ ਵਿੱਚ ਨਹੀ ਸਮਝ ਪਾਵਾਂਗੇ।ਉਹ ਮਹਾਨ ਸਤਿਗੁਰੂ ਕਲਗੀਧਰ ਪਾਤਸ਼ਾਹ ਜੋ ਕਿ “ਖਾਲਸਾ ਪੰਥ” ਦੇ ਸਿਰਜਨਹਾਰੇ ਵੀ ਨੇ, ਉਹ ਕਲਗੀਧਰ ਪਾਤਸ਼ਾਹ ਜਿਨ੍ਹਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਪੂਜਨ ਯੋਗ ਬਣਾ ਦਿੱਤਾ। ਉਹ ਕਲਗੀਧਰ ਪਾਤਸ਼ਾਹ ਜਿਹੜੇ ਪਾਉਂਟੇ ਦੀ ਧਰਤੀ ਨੂੰ ਪਾਉਂਟਾ ਸਾਹਿਬ ਬਣਾ ਕੇ ਆਏ, ਕਲਗੀਧਰ ਪਾਤਸ਼ਾਹ ਨੂੰ ਅਨੰਦਪੁਰ ਸਾਹਿਬ ਦੀ ਧਰਤੀ ਨੂੰ ਸਦੀਵੀ ਤੌਰ ਤੇ ਛੱਡਣਾ ਪਿਆ। ਅਨੰਦਪੁਰ ਸਾਹਿਬ ਦੀ ਧਰਤੀ ਛੱਡਣ ਤੋ ਬਾਅਦ ਹੁਣ ਸਰਸਾ ਨਦੀ ਦੇ ਕੰਢੇ ਤੇ ਜੰਗ ਤੋ ਬਾਅਦ ਜਦੋ ਸਰਸਾ ਨਦੀ ਨੂੰ ਪਾਰ ਕੀਤਾ ਗਿਆ ਤਾਂ ਸਿੰਘਾ ਦੀ ਗਿਣਤੀ 1500 ਤੋ ਘਟ ਕੇ ਕੇਵਲ 150 ਰਹਿ ਗਈ ਸੀ। ਨਾਲ ਹੀ ਬਹੁਮੁੱਲਾ ਖਜਾਨਾ, ਸਾਹਿਤ ਵੀ ਸਰਸਾ ਨਦੀ ਦੀ ਭੇਂਟ ਚੜ੍ਹ ਗਿਆ, ਪਰਿਵਾਰ ਵੀ ਤਿੰਨ ਹਿਸਿਆਂ ਵਿੱਚ ਵੰਡਿਆ ਗਿਆ।
ਜਦੋ ਵਜੀਰ ਖਾਂ ਨੂੰ ਆਪਣੀ ਹਾਰ ਦਾ ਪਤਾ ਲਗਾ ਕਿ ਮੇਰੀਆ ਫੌਜਾਂ ਦਾ ਨੁਕਸਾਨ ਵੀ ਬਹੁਤ ਹੋਇਆ ਹੈ ਤੇ ਹੱਥ ਵਿੱਚ ਵੀ ਕੁੱਝ ਨਹੀ ਆਇਆ ਤਾਂ ਉਸਦੇ ਅੰਦਰ ਕਿਸ ਤਰ੍ਹਾਂ ਬਦਲੇ ਦੀ ਅੱਗ ਬਲਦੀ ਹੈ, ਜੋਗੀ ਅਲ੍ਹਾ ਯਾਰ ਖ਼ਾਂ ਇਸ ਕਿੱਸੇ ਨੂੰ ਅੱਗੇ ਤੋਰਨ ਲਈ ਲਿਖਦਾ ਹੈ:-
ਸਰਹਿੰਦ ਕੇ ਨਵਾਬ ਕਾ ਫਕ ਰੰਗ ਹੋ ਗਯਾ।
ਲਸ਼ਕਰ ਕਾ ਹਾਲ ਦੇਖ ਕੇ ਵੁਹ ਦੰਗ ਹੋ ਗਿਆ

ਸਰਹੰਦ ਦਾ ਨਵਾਬ ਵਜੀਰ ਖਾਂ ਜੋ ਕਿ ਇਹਨਾ ਫੌਜਾਂ ਦਾ ਮੋਢੀ ਜਰਨੈਲ ਵੀ ਹੈ, ਤੇ ਰਾਜਿਆਂ ਦਾ ਵੀ ਮੋਢੀ ਹੈ, ਜਦੋ ਉਸਨੇ ਆਪਣੀਆ ਫੌਜਾਂ ਅਤੇ ਆਮ ਲਸ਼ਕਰ ਦੀ ਹਾਲਤ ਨੂੰ ਤਕਿਆ ਕਿ ਫੌਜਾਂ ਦੀ ਇੰਨੀ ਵਡੀ ਤਾਦਾਦ ਵਿੱਚ ਕੱਟ-ਵੱਢ ਹੋਈ ਪਈ ਹੈ ਤਾਂ ਉਸਦਾ ਰੰਗ ਉਡ ਗਿਆ ਕਿ ਇਹ ਕੀ ਹੋ ਗਿਆ ਹੈ ?
ਸਤਗੁਰੂ ਕੀ ਤੇਗੇ ਤੇਜ ਸੇ ਜਬ ਤੰਗ ਹੋ ਗਯਾ।
ਜਾਲਿਮ ਕਾ ਦਿਲ ਜੁ ਸਖਤ ਥਾ ਅਬ ਸੰਗ ਹੋ ਗਯਾ

ਜੋਗੀ ਅਲ੍ਹਾ ਯਾਰ ਖ਼ਾਂ ਕਹਿ ਰਿਹਾ ਹੈ ਕਿ ਸਤਿਗੁਰੂ ਜੀ ਅਤੇ ਉਹਨਾ ਦੀ ਅਗਵਾਈ ਵਿੱਚ ਸਿਖ-ਸੂਰਬੀਰਾਂ ਨੇ ਮੈਦਾਨ-ਏ-ਜੰਗ ਵਿੱਚ ਜਦੋ ਆਪਣੇ ਸ਼ਸਤਰਾਂ ਦੇ ਜੌਹਰ ਦਿਖਾਏ, ਇਹ ਦੇਖ ਕੇ ਵਜੀਰ ਖਾਂ ਜੋ ਕਿ ਪਹਿਲਾਂ ਪੱਥਰ ਦਿਲ ਸੀ ਹੁਣ ਹੋਰ ਵੀ ਸਖਤ ਹੋ ਗਿਆ। ਇਹ ਸਭ ਕਤਲੋਗਾਰਤ ਵੇਖਕੇ ਉਸਨੇ ਆਪਣੇ ਨਾਲ ਹੀ ਇੱਕ ਵਾਅਦਾ ਕੀਤਾ।
ਠਹਿਰਾਈ ਦਿਲ ਮੇ ਸਿੰਘੋ ਸੇ ਮੈਂ ਇੰਤਿਕਾਮ ਲੂੰ।
ਧੋਕੇ ਫਰੇਬ ਸੇ ਮੈ ਸਹਰ ਲੂੰ ਯਾ ਸ਼ਾਮ ਲੂੰ

ਵਜੀਰ ਖਾਂ ਆਪਣੇ ਅੰਦਰ ਸੋਚ ਰਿਹਾ ਹੈ ਕਿ ਮੈਨੂੰ ਹੁਣ ਕੋਈ ਵੀ ਤਰੀਕਾ ਵਰਤਣਾ ਪਵੇ, ਜਿਨ੍ਹਾ ਮਰਜੀ ਧੋਖਾ ਫਰੇਬ ਕਰਨਾ ਪਵੇ ਮੈ ਸਿੰਘਾਂ ਤੋ ਇਸ ਕਤਲੋਗਾਰਤ ਦਾ ਬਦਲਾ ਜਰੂਰ ਲਵਾਂਗਾ। ਮੈ ਗੁਰੂ ਗੋਬਿੰਦ ਸਿੰਘ ਤੇ ਇਸਦੇ ਸਿੰਘਾਂ ਨੂੰ ਛੱਡਾਂਗਾ ਨਹੀ।
ਵਜੀਰ ਖਾਂ ਨੇ ਇਹ ਜੋ ਕਸਮ ਲਈ ਸੀ, ਇਹ ਕਸਮ ਸਰਹੰਦ ਦੀਆ ਖੂਨੀ ਦੀਵਾਰਾਂ ਦੇ ਇਤਿਹਾਸ ਤਕ ਵੀ ਜਾਂਦੀ ਹੈ।
********** (ਚਲਦਾ … ….)
ਸੁਖਜੀਤ ਸਿੰਘ ਕਪੂਰਥਲਾ     98720-76876
 
 






 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.