ਮੋਦੀ, ਜੈਟਲੀ ਦੀ ਅਗਵਾਈ ਵਿਚ ਭਾਰਤ ਪਿਆ ਸਿਵਿਆਂ ਦੇ ਰਾਹ !
8 ਤਾਰੀਖ ਸ਼ਾਮ ਨੂੰ ਮੋਦੀ ਜੀ ਦਾ ਫੁਰਮਾਨ ਜਾਰੀ ਹੋਇਆ ਕਿ, ਰਾਤ ਦੇ 12 ਵਜੇ ਮਗਰੋਂ 500 ਅਤੇ 1000 ਰੁਪਏ ਦੇ ਨੋਟਾਂ ਦੀ ਕੋਈ ਕੀਮਤ ਨਹੀਂ ਰਹੇਗੀ, ਇਸ ਲਈ ਸਾਰੇ ਲੋਕੀਂ ਆਪਣੇ 500 ਅਤੇ 1000 ਰੁਪਏ ਦੇ ਨੋਟ ਬੈਂਕਾਂ ਵਿਚ ਜਮ੍ਹਾ ਕਰਵਾ ਦੇਣ, ਨਵੇਂ 500 ਅਤੇ 2000 ਦੇ ਨੋਟ ਜਾਰੀ ਕੀਤੇ ਜਾ ਰਹੇ ਹਨ। ਕੁਝ ਸਰਕਾਰੀ ਮਹਕਮਿਆਂ, ਪੈਟਰੋਲ-ਪੰਪਾਂ ਅਤੇ ਹਸਪਤਾਲਾਂ ਵਿਚ ਇਹ ਨੋਟ ਅਜੇ ਚਲਦੇ ਰਹਿਣਗੇ।
ਲੋਕਾਂ ਦੇ ਸਾਮ੍ਹਣੇ ਸਾਫ ਸੀ ਕਿ ਇਨ੍ਹਾਂ ਨੋਟਾਂ ਦੀ ਕੀਮਤ ਹੁਣ ਰੱਦੀ ਦੇ ਟੁਕੜਿਆਂ ਤੋਂ ਵੱਧ ਕੁਝ ਵੀ ਨਹੀਂ, ਸੋ ਸਾਰਿਆਂ ਦੀ ਕੋਸ਼ਿਸ਼ ਰਹੀ ਕਿ ਇਨ੍ਹਾਂ ਨੋਟਾਂ ਨੂੰ ਛੇਤੀ ਤੋਂ ਛੇਤੀ ਬੈਂਕਾਂ ਵਿਚ ਜਮ੍ਹਾ ਕਰਵਾਇਆ ਜਾਵੇ, ਲੋਕਾਂ ਦੀਆਂ ਸਵੇਰੇ 8 ਵਜੇ ਤੋਂ ਬੈਂਕ ਬੰਦ ਹੋਣ ਤੱਕ, ਬੈਂਕਾਂ ਦੇ ਸਾਮ੍ਹਣੇ ਲੰਮੀਆਂ-ਲੰਮੀਆਂ ਕਤਾਰਾਂ ਲਗਦੀਆਂ ਰਹੀਆਂ ਹਨ, ਲੋਕਾਂ ਨੂੰ ਵਿਸ਼ਵਾਸ ਸੀ ਕਿ ਇਨ੍ਹਾਂ ਨੋਟਾਂ ਬਦਲੇ ਸਾਨੂੰ ਨਵੇਂ ਨੋਟ ਮਿਲ ਜਾਣਗੇ। 2-3 ਦਿਨ ਨੋਟ ਬਦਲਣ ਵਾਲਿਆਂ ਦੀਆਂ ਕਤਾਰਾਂ, ਜਮ੍ਹਾਂ ਕਰਵਾਉਣ ਵਾਲਿਆਂ ਨਾਲੋਂ ਕਿਤੇ ਵੱਧ ਲਗਦੀਆਂ ਰਹੀਆਂ, ਨੋਟ ਬਦਲਣ ਵਾਲਿਆਂ ਨੂੰ ਰੱਦ ਹੋਏ ਚਾਰ ਹਜ਼ਾਰ ਦੇ ਨੋਟਾਂ ਬਦਲੇ 100 ਰੁਪਏ ਦੇ ਪੁਰਾਣੇ ਨੋਟ ਮਿਲਦੇ ਰਹੇ, ਮੈ 12-11-16 ਨੂੰ ਨੋਟ ਬਲਣ ਗਿਆ ਤਾਂ ਮੇਰੇ ਬੈਂਕ ਵਾਲਿਆਂ ਦਾ ਕਹਿਣਾ ਸੀ ਕਿ ਨੋਟ ਖਤਮ ਹੋ ਗਏ ਹਨ, ਕੁਝ ਬੈਂਕਾਂ ਵਿਚ 13 ਤਾਰੀਖ ਨੂੰ ਵੀ ਨੋਟ ਬਦਲ ਹੁੰਦੇ ਰਹੇ, ਪਰ ਸੌ ਰੁਪਏ ਦੇ ਉਹ ਨੋਟ ਬੜੀ ਮਾੜੀ ਹਾਲਤ ਵਿਚ ਸਨ, ਕੁਝ ਤਾਂ 50 ਰੁਪਏ ਦੇ ਨੋਟ ਅਤੇ 10 ਰੁਪਏ ਦੇ ਸਿੱਕੇ ਵੀ ਦੇਂਦੇ ਵੇਖੇ ਗਏ, ਪਰ ਇਹ ਕੰਮ ਕਿੰਨਾ ਚਿਰ ਚੱਲ ਸਕਦਾ ਹੈ ?
12 ਤਾਰੀਖ ਨੂੰ ਮੇਰੇ ਮੋਬਾਇਲ ਤੇ ਸੁਨੇਹਾ ਆਇਆ ਕਿ ਅਠੰ ਚਾਲੂ ਹੋ ਗਏ ਹਨ, ਤੁਸੀਂ ਉਸ ਵਿਚੋਂ ਇਕ ਵਾਰ 2000 ਰੁਪਏ ਅਤੇ ਹਫਤੇ ਵਿਚ 4000 ਰੁਪਏ ਕਢਾਅ ਸਕਦੇ ਹੋ ਅਤੇ ਬੈਂਕ ਤੋਂ ਵੀ ਚੈਕ ਰਾਹੀਂ ਇਕ ਵਾਰ 10,000 ਅਤੇ ਹਫਤੇ ਵਿਚ 20,000 ਰੁਪਏ ਲੈ ਸਕਦੇ ਹੋ, ਨਵੇਂ ਨੋਟਾਂ ਦੇ ਚਾਅ ਵਿਚ ਸ਼ਾਮ ਨੂੰ ਬਹੁਤ ਸਾਰੇ ਅਠੰ ਦੇ ਚੱਕਰ ਲਾਏ, ਪਰ ਕਿਸੇ ਅਠੰ ਵਿਚੋਂ ਨਾ ਕਿਸੇ ਨਵੇਂ ਨੋਟ ਦੇ ਅਤੇ ਨਾ ਕਿਸੇ ਪੁਰਾਣੇ ਨੋਟ ਦੇ ਦਰਸ਼ਨ ਹੋਏ, ਉਨ੍ਹਾਂ ਵਿਚ ਪੈਸੇ ਹੀ ਨਹੀਂ ਸਨ। ਬੈਂਕ ਵਿਚ ਏਨੀ ਭੀੜ ਸੀ ਕਿ ਚੈਕ ਲੈ ਕੇ ਅੰਦਰ ਜਾਣ ਦੀ ਹਿੱਮਤ ਹੀ ਨਹੀਂ ਪਈ। ਬੈੰਕਾਂ ਵਿਚ ਪੈਸੇ ਦੀ ਘਾਟ, ਹਾਲਾਤ ਨੂੰ ਹੋਰ ਵੀ ਵਿਗਾੜਦੀ ਰਹੀ। ਇਵੇਂ ਨਵੇਂ ਨੋਟਾਂ ਦੇ ਦਰਸ਼ਨ ਦੀ ਚਾਹ ਮਨ ਵਿਚ ਹੀ ਰਹਿ ਗਈ।
ਇਨ੍ਹਾਂ ਹਾਲਾਤ ਵਿਚ ਲੋਕਾਂ ਦਾ ਜੋ ਹਾਲ ਹੈ,ਉਹ ਕੁਝ ਇਵੇਂ ਹੈ ।
ਪੰਜਾਂ ਦਿਨਾਂ ਵਿਚ ਹੀ ਸ਼ਹਿਰ ਦੀਆਂ ਛੋਟੀਆਂ ਫੈਕਟਰੀਆਂ 10% ਕਰੀਬ ਬੰਦ ਹੋ ਚੁੱਕੀਆਂ ਹਨ, ਬਣਿਆ ਪਿਆ ਮਾਲ ਖਰੀਦਣ ਵਾਲਾ ਕੋਈ ਨਹੀਂ, ਖਰੀਦਣ ਲਈ ਲੋਕਾਂ ਕੋਲ ਪੈਸੇ ਹੀ ਨਹੀਂ ਹਨ, ਕੁਝ ਫੇਕਟਰੀਆਂ ਵਾਲਿਆਂ ਨੇ ਇਕ-ਦੋ ਦਿਨ ਮਾਲ ਉਧਾਰ ਦੇ ਕੇ ਫੈਕਟਰੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਆਪਣੇ ਕੋਲ ਕੱਚਾ ਮਾਲ ਲੈਣ ਲਈ ਪੈਸੇ ਨਾ ਹੋਣ ਕਾਰਨ, ਲੇਬਰ ਨੂੰ ਦੇਣ ਜੋਗੇ ਪੈਸੇ ਨਾ ਹੋਣ ਕਾਰਨ, ਅਤੇ ਅਗਾਂਹ ਦਾ ਹਾਲ ਕੁਝ ਸਾਫ ਨਾ ਹੋਣ ਕਾਰਨ, ਫੈਕਟਰੀ ਬੰਦ ਕਰ ਦਿੱਤੀ, ਸੈਂਕੜੇ ਮਜ਼ਦੂਰ ਬੇ-ਰੁਜ਼ਗਾਰ ਹੋ ਗਏ। ਹਜ਼ਾਰਾਂ ਮਜ਼ਦੂਰ ਸਾਰਾ ਦਿਨ ਦਿਹਾੜੀ ਕਰਨ ਦੀ ਥਾਂ ਬੈਂਕਾਂ ਦੀ ਖੱਜਲ ਖੁਆਰੀ ਵਿਚ ਦਿਨ ਜ਼ਾਇਆ ਕਰ ਰਹੇ ਹਨ। ਦੁਕਾਨਦਾਰਾਂ ਦੀਆਂ ਦੁਕਾਨਾਂ ਗਾਹਕਾਂ ਖੁਣੋਂ ਸੱਖਣੀਆਂ ਹੋ ਰਹੀਆਂ ਹਨ।
ਕਿਸਾਨਾਂ ਦਾ ਧਾਨ, ਕੁਝ ਮੰਡੀਆਂ ਵਿਚ ਪਿਆ ਹੈ, ਕੁਝ ਘਰਾਂ ਵਿਚ, ਵਪਾਰੀਆਂ ਕੋਲ ਖਰੀਦਣ ਜੋਗੇ ਪੈਸੇ ਹੀ ਨਹੀਂ ਹਨ, ਕਣਕ ਦੀ ਬਜਾਈ ਦਾ ਸੀਜ਼ਨ ਸਿਖਰ ਤੇ ਹੈ, ਪਰ ਪੈਸਿਆਂ ਖੁਣੋਂ ਕੀ ਹੋ ਸਕਦਾ ਹੈ ? ਚਲੋ ਡੀਜ਼ਲ ਤਾਂ ਪੁਰਾਣੇ ਨੋਟਾਂ ਨਾਲ ਮਿਲ ਜਾਵੇਗਾ ਪਰ ਡੀਜ਼ਲ ਹੀ ਤਾਂ ਸਭ-ਕੁਝ ਨਹੀਂ, ਬੀਜਣ ਲਈ ਬੀਜ, ਪਾਉਣ ਲਈ ਖਾਦ ਦਾ ਇੰਤਜ਼ਾਮ ਕਿੱਥੋਂ ਹੋਵੇਗਾ, ਟਰੈਕਟਰ ਅਤੇ ਸੰਦਾਂ ਦੀ ਟੁੱਟ-ਫੁੱਟ ਦਾ ਕੀ ਹੋਵੇਗਾ ?
ਕੁਝ ਸਰਦੇ-ਪੁੱਜਦੇ ਕਿਸਾਨਾਂ ਨੂੰ ਛੱਡ ਕੇ ਆਮ ਕਿਸਾਨਾਂ ਦਾ ਕੀ ਹੋਵੇਗਾ ? ਕਣਕ ਦਾ ਕੀ ਹੋਵੇਗਾ ? ਹੋਰ 15 ਦਿਨ ਤੱਕ ਸੀਜ਼ਨ ਖਤਮ ਹੋ ਜਾਣਾ ਹੈ, ਪੈਸਿਆਂ ਦੇ ਇਨਤਜ਼ਾਮ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਹੈ।
ਟ੍ਰਾਂਸਪੋਰਟਰਾਂ ਦਾ ਇਸ ਤੋਂ ਵੀ ਬੁਰਾ ਹਾਲ ਹੈ, ਤਿੰਨ ਦਿਨ ਪੁਰਾਣੇ ਪੈਸਿਆਂ ਨਾਲ ਤੇਲ ਮਿਲਿਆ ਸੀ ਉਹ ਵੀ ਬੰਦ ਹੋ ਗਿਆ, ਹੁਣ ਹਫਤੇ ਵਿਚ 20,000 ਦੇ ਖਰਚੇ ਨਾਲ ਕਿਹੜੀ ਗੱਡੀ ਚਲਦੀ ਰਹਿ ਸਕਦੀ ਹੈ, ਉਪਰੋਂ ਟੈਕਸ ਜੁੜਦਾ ਹੀ ਰਹਿਣਾ ਹੈ, ਭਾਵੇਂ ਗੱਡੀ ਚੱਲੇ ਜਾਂ ਨਾ। ਇਵੇਂ ਚੀਜ਼ਾਂ ਦੀ ਢੁਆਈ ਦਾ ਕੰਮ ਠੱਪ ਹੋ ਰਿਹਾ ਹੈ, ਅਜੇ ਕੁਝ ਦਿਨ ਤਾਂ ਕੁਝ ਕੰਮ ਚੱਲੇਗਾ, ਪਰ ਕੁਝ ਦਿਨਾਂ ਮਗਰੋਂ ਉਹ ਹਾਲ ਹੋ ਜਾਵੇਗਾ, ਜਿਸ ਬਾਰੇ ਸੋਚਦਿਆਂ ਵੀ ਕੰਬਣੀ ਆਉਂਦੀ ਹੈ।
ਮਾਹਰਾਂ ਦੇ ਆਂਕੜਿਆਂ ਮੁਤਾਬਕ, 3,55,000 ਕ੍ਰੋੜ ਰੁਪਏ ਨਸ਼ਟ ਹੋਣੇ ਹਨ, ਉਨ੍ਹਾਂ ਦੀ ਥਾਂ ਦਸੰਬਰ ਅੰਤ ਤੱਕ 1,35.000 ਕਰੋੜ ਰੁਪਏ ਛੱਪ ਜਾਣੇ ਹਨ, ਮੌਜੂਦਾ ਹਾਲਤ ਤੱਕ ਪੁੱਜਣ ਲਈ 2,20.000 ਕ੍ਰੋੜ ਰੁਪਏ ਕਦੋਂ ਛਪਣਗੇ ? ਕੋਈ ਪਤਾ ਨਹੀਂ ।
ਸਰਕਾਰ ਨੇ ਅਕਲ ਦਾ ਜਨਾਜ਼ਾ ਕੱਢਦੇ ਹੋਏ 2,000 ਰੁਪਏ ਦਾ ਨੋਟ (ਜਿਸ ਦੀਆਂ ਮੀਡੀਆ 8 ਤਾਰੀਖ ਤੋਂ ਹੀ ਸਿਫਤਾ ਕਰਦਾ ਨਹੀਂ ਥੱਕਦਾ ਸੀ) ਅਠੰ ਦੀ ਬਣਤਰ ਨੂੰ ਧਿਆਨ ਵਿਚ ਰੱਖੈ ਬਗੈਰ ਹੀ, ਜਾਣੇ ਕਿਸ ਸਾਈਜ਼ ਦਾ ਬਣਾ ਦਿੱਤਾ ਹੈ, ਜੋ ਅਠੰ ਵਿਚ ਕੰਮ, ਦੇ ਹੀ ਨਹੀਂ ਰਿਹਾ, ਹੁਣ ਭਾਰਤ ਦੇ ਸਾਰੇ ਅਠੰ ਉਸ ਨੋਟ ਮੁਤਾਬਕ ਸੈਟ ਕੀਤੇ ਜਾਣਗੇ। ਮੰਤਰੀ ਜੀ ਦਾ ਕਹਿਣਾ ਹੈ ਕਿ ਇਹ ਕੰਮ ਕੁਝ ਹਫਤਿਆਂ ਵਿਚ ਪੂਰਾ ਹੋ ਜਾਵੇਗਾ, ਹੋ ਸਕਦਾ ਹੈ ਕਿ ਕੁਝ ਵੱਡੇ ਸ਼ਹਿਰਾਂ ਵਿਚ ਇਹ ਕੰਮ ਕੁਝ ਹਫਤਿਆਂ ਵਿਚ ਪੂਰਾ ਹੋ ਜਾਵੇ, ਪਰ ਮਝੋਲੇ ਅਤੇ ਛੋਟੇ ਸ਼ਹਿਰਾਂ ਵਿਚਲੇ ਅਠੰ ਠੀਕ ਹੋਣ ਨੂੰ ਕਈ ਮਹੀਨੇ ਲੱਗ ਜਾਣਗੇ। ਇਨ੍ਹਾਂ ਕੁਝ ਮਹੀਨਿਆਂ ਵਿਚ, ਕਿੰਨੀਆਂ ਫੈਕਟਰੀਆਂ ਹੋਰ ਬੰਦ ਹੋਣਗਆਂਿ ? ਕਿੰਨੇ ਕਿਸਾਨ ਅਤੇ ਕਿੰਨੇ ਗਰੀਬ ਕਾਮੇ ਖੁਦਕੁਸ਼ੀਆਂ ਕਰਨਗੇ ? ਇਨ੍ਹਾਂ ਸਾਰੀਆਂ ਘਟਨਾਵਾਂ ਲਈ ਕੌਣ ਜ਼ਿੱਮੇਵਾਰ ਹੋਵੇਗਾ ?
ਯਕੀਨਨ ਭਾਰਤ ਲਈ ਇਹ ਕੋਈ ਚੰਗਾ ਸੰਦੇਸ਼ ਨਹੀਂ ਹੈ।
ਜਿੱਥੋਂ ਤੱਕ ਕਾਲੇ-ਧਨ ਤੇ ਅਸਰ ਪੈਣ ਦੀ ਗੱਲ ਹੈ, ਸਰਕਾਰ ਨੇ ਨੋਟਾਂ ਦੇ ਢੇਰ ਸੜਦੇ ਵਿਖਾ ਕੇ, ਕੂੜੇ ਦੇ ਢੇਰ ਤੇ ਨੋਟਾਂ ਦੀਆਂ ਬੋਰੀਆਂ ਪਈਆਂ ਵਿਖਾ ਕੇ, ਨਹਰ ਵਿਚ ਨੋਟ ਰੁੜ੍ਹੇ ਜਾਂਦੇ ਵਿਖਾ ਕੇ, ਕਾਲੇ-ਧਨ ਦੇ ਮਾਮਲੇ ਵਿਚ ਆਪਣੀ ਪਿੱਠ ਥਪਥਪਾਉਣ ਦਾ ਭਰਮ ਪਾਲਿਆ ਹੈ, ਪਰ ਕੋਈ ਵੀ ਅਕਲ-ਮੰਦ ਬੰਦਾ ਇਸ ਨੂੰ ਹਜ਼ਮ ਨਹੀਂ ਕਰ ਸਕਦਾ ਕਿ, ਅਜੇ ਤਾਂ ਨੋਟ ਜਮ੍ਹਾਂ ਕਰਵਾਉਣ ਲਈ 46 ਦਿਨ ਬਾਕੀ ਪਏ ਹੋਣ ਤੇ ਵੀ ਕੋਈ ਕਾਲੇ ਧਨ ਵਾਲਾ ਘਬਰਾ ਕੇ 6 ਦਿਨਾਂ ਵਿਚ ਹੀ ਆਪਣੇ ਨੋਟ ਸਾੜ ਸਕਦਾ ਹੈ, ਜਾਂ ਰੂੜੀ ਤੇ ਸੁੱਟ ਸਕਦਾ ਹੈ, ਜਾਂ ਨਹਰ ਵਿਚ ਰੋੜ੍ਹ ਸਕਦਾ ਹੈ, ਜਦ ਕਿ ਸਾਰੀ ਦੁਨੀਆ ਜਾਣਦੀ ਹੈ ਕਿ ਕਾਲੇ-ਧਨ ਵਾਲੇ ਹੀ ਸਭ ਤੋਂ ਕਠੋਰ-ਦਿਲ ਹੁੰਦੇ ਹਨ।
ਦੂਸਰੇ ਪਾਸੇ ਪੱਕੀਆਂ ਖਬਰਾਂ ਅਨੁਸਾਰ ਕਾਲੇ ਧਨ ਵਾਲਿਆਂ ਨੂੰ ਆਪਣਾ ਕਾਲਾ-ਧਨ ਖਪਾਉਣ ਲਈ ਇਕ ਮਹੀਨੇ ਕਰੀਬ ਦਾ ਸਮਾ ਮਿਲ ਗਿਆ ਸੀ। ਅਜਿਹੀ ਹਾਲਤ ਵਿਚ ਕਿਹੜਾ ਕਾਲੇ ਧਨ ਵਾਲਾ ਆਪਣਾ ਕਾਲਾ ਧਨ ਸੰਭਾਲੀ ਬੈਠਾ ਹੋਵੇਗਾ ? ਆਉ ਜ਼ਰਾ ਝਾਤ ਮਾਰੀਏ ਕਿ ਕਾਲਾ-ਧਨ ਕਿੰਨ੍ਹਾਂ ਲੋਕਾਂ ਕੋਲ ਹੋ ਸਕਦਾ ਹੈ ?
ਇਸ ਨੂੰ ਸਮਝਣ ਲਈ ਕਾਲੇ-ਧਨ ਦੇ ਚੱਕਰ ਨੂੰ ਸਮਝਣ ਦੀ ਲੋੜ ਹੈ, (ਹਾਲਾਂਕਿ ਸਭ ਲੋਕ, ਹਰ ਰੋਜ਼ ਆਪਣੇ ਇਰਦ-ਗਿਰਦ ਕਾਲਾ-ਧਨ ਬਣਦਾ ਵੇਖਦੇ ਹਨ) ਕਾਲੇ ਧਨ ਦਾ ਚੱਕਰ ਰਾਜ-ਨੇਤਾਵਾਂ ਤੋਂ ਸ਼ੁਰੂ ਹੁੰਦਾ ਹੈ। ਜਦ ਉਹ ਵਿਚਾਰੇ ਆਪਣੇ ਚੋਣ ਪਰਚਾਰ ਤੇ ਕ੍ਰੋੜਾਂ ਰੁਪਏ ਦੇ ਚਿੱਟੇ-ਧਨ ਦੀ ਆੜ ਵਿਚ ਇਸ ਤੋਂ ਕਿਤੇ ਵੱਧ ਕਾਲਾ-ਧਨ ਖਰਚ ਕਰਦਾ ਹੈ, ਇਹੀ ਤਾਂ ਵੇਲਾ ਹੁੰਦਾ ਹੈ, ਜਿਸ ਲਈ ਉਹ ਕਾਲਾ-ਧਨ ਜੋੜਦਾ ਹੈ। ਇਹ ਵੀ ਸੋਚਣ ਦੀ ਗੱਲ ਹੈ ਕਿ ਜ਼ਿਆਦਾ ਤੋਂ ਜ਼ਿਆ 10% ਉਮੀਦਵਾਰ ਜਿੱਤਦੇ ਹਨ ਅਤੇ 90% ਹਾਰਦੇ ਹਨ, ਇਹ ਸਿਲਸਿਲਾ ਦਹਾਕਿਆਂ ਤੋਂ ਚੱਲ ਰਿਹਾ ਹੈ, ਕੀ ਕਿਸੇ ਨੇ ਸੁਣਿਆ ਹੈ ਕਿ ਕਿਸੇ ਨੇਤਾ ਦੇ ਕ੍ਰੋੜਾਂ ਰੁਪਏ ਡੁੱਬਣ ਤੇ ਵੀ ਉਸ ਦਾ ਦਿਵਾਲਾ ਨਿਕਲਆ ਹੋਵੇ ? ਜਾਂ ਕਿਸੇ ਨੇ ਹਾਰਨ ਪਿੱਛੋਂ ਖੁਦਕੁਸ਼ੀ ਕੀਤੀ ਹੋਵੇ ? ਬਲਕਿ ਉਨ੍ਹਾਂ ਦਾ ਧਨ ਤਾਂ ਲਗਾਤਾਰ ਵਧ ਹੀ ਰਿਹਾ ਹੈ, ਕਿਹੜੀ ਖਾਨ ਹੈ, ਜਿਸ ਵਿਚੋਂ ਇਹ ਨੋਟ ਨਿਕਲਦੇ ਰਹਿੱਦੇ ਹਨ ?
ਇਸ ਕਾਲੇ-ਧਨ ਦਾ ਸਭ ਤੋਂ ਵੱਡਾ ਸ੍ਰੋਤ ਟਾਟਾ-ਬਿਰਲਾ, ਅਡਾਨੀ-ਅੰਬਾਨੀ ਅਤੇ ਮਾਲਿਆ ਆਦਿ ਹੁੰਦੇ ਹਨ, ਜਿਨ੍ਹਾਂ ਨੂੰ ਸਰਕਾਰ ਕੌਡੀਆਂ ਦੇ ਭਾਅ ਜ਼ਮੀਨ ਦਿੰਦੀ ਹੈ, ਫੈਟਰੀਆਂ ਬਨਾਉਣ ਲਈ ਕਰਜ਼ਾ ਦਿੰਦੀ ਹੈ, ਕਈ ਸਾਲਾਂ ਦੇ ਵਿਆਜ, ਐਕਸਾਈਜ਼ ਟੈਕਸ, ਬਿਜਲੀ ਦੇ ਬਿਲ, ਇੰਕਮ-ਟੈਕਸ ਅਤੇ ਹੋਰ ਕਈ ਚੀਜ਼ਾਂ ਤੋਂ ਛੂਟ ਦਿੰਦੀ ਹੈ। ਹਿਸਾਬ ਵਿਚ ਮਾੜਾ ਜਿਹਾ ਘਾਟਾ ਵਿਖਾਉਣ ਤੇ ਕਰਜ਼ਾ ਵੀ ਮੁਆਫ ਕੀਤਾ ਜਾਂਦਾ ਹੈ । ਇਸ ਸਭ ਕਾਸੇ ਦੇ ਇਵਜ਼ ਵਿਚ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਲਈਆਂ ਜਾਂਦੀਆਂ ਹਨ, ਇਹੀ ਕਾਲਾ-ਧਨ ਹੁੰਦਾ ਹੈ।
ਵਿਦੇਸ਼ਾਂ ਵਿਚੋਂ ਮਾਲ ਖਰੀਦਣ ਵਿਚ ਵੀ ਇਨ੍ਹਾਂ ਨੂੰ ਬਹੁਤ ਮੋਟੀ ਕਮਾਈ ਹੁੰਦੀ ਹੈ, ਇਹ ਹਵਾਈ ਜਹਾਜ਼ਾਂ, ਹੈਲੀ-ਕਾਪਟਰਾਂ, ਤੋਪਾਂ, ਟੈਂਕਾਂ, ਪਨ-ਡੁਬੀਆਂ, ਬੁਲਟ-ਪਰੂਫ ਜੈਕਟਾਂ, ਏਥੋਂ ਤਕ ਕਿ ਫੌਜੀਆਂ ਦੀਆਂ ਲਾਸ਼ਾਂ ਘਰ ਘੱਲਣ ਲਈ ਤਾਬੂਤਾਂ ਤੇ ਵੀ ਇਹ ਲੋਕ ਕਮਿੱਸ਼ਨ ਖਾਂਦੇ ਹਨ, ਇਨ੍ਹਾਂ ਨੂੰ ਦਲਾਲਾਂ ਦੀ ਰਾਹੀਂ ਪੂਰੀ ਕੀਮਤ ਦਾ ਦਸਵਾਂ ਹਿੱਸਾ, ਘਰ ਬੈਠਿਆਂ ਹੀ ਮਿਲ ਜਾਂਦਾ ਹੈ। (ਜ਼ਰਾ ਧਿਆਨ ਨਾਲ ਸੋਚੋ ਇਨ੍ਹਾਂ ਚੀਜ਼ਾਂ ਦੀ ਕੀਮਤ ਕਿੰਨੀ ਹੈ ? ਅਤੇ ਉਸ ਦਾ ਦਸਵਾਂ ਹਿੱਸਾ ਕਿੰਨਾ ਹੁੰਦਾ ਹੈ ?) ਏਸੇ ਕਰ ਕੇ ਹੀ ਇਹ ਚੀਜ਼ਾਂ ਘਰ ਨਹੀਂ ਬਣਾਈਆਂ ਜਾਂਦੀਆਂ, ਇਨ੍ਹਾਂ ਨੂੰ ਮੁਲਕ ਦੀ ਕਰੀਮ (ਵਗਿਆਨੀ ਅਤੇ ਇੰਜੀਨੀਅਰ) ਮੁਲਕ ਚੋਂ ਪਲਾਇਣ ਕਰ ਕੇ ਵਦੇਸ਼ਾਂ ਵਿਚ ਜਾ ਕੇ ਬਣਾਉਂਦੀ ਹੈ।
ਵੱਡੇ ਕਾਰੋਬਾਰੀਆਂ ਨੂੰ ਤੇਲ, ਗੈਸ, ਕੋਲਾ, ਅਤੇ ਹੋਰ ਖਣਜਾਂ ਦੇ ਦੂਹਣ ਲਈ ਕੌਡੀਆਂ ਦੇ ਭਾਅ ਹਜ਼ਾਰਾਂ ਕਿਲੋ-ਮੀਟਰ ਥਾਵਾਂ ਵੰਡੀਆਂ ਜਾਂਦੀਆਂ ਹਨ, ਇਨ੍ਹਾਂ ਚੀਜ਼ਾਂ ਦਾ ਭਾਅ ਉਹ ਆਪਣੇ ਹਿਸਾਬ ਨਾਲ ਸਰਕਾਰ ਕੋਲੋਂ ਤੈ ਕਰਵਾਉਂਦੇ ਹਨ, ਅਤੇ ਉਸ ਦੇ ਇਵਜ਼ ਵਿਚ ਇਨ੍ਹਾਂ ਨੇਤਿਆਂ ਨੂੰ ਮੂੰਹ-ਮੰਗੀਆਂ ਸਹੂਲਤਾਂ ਦਿੰਦੇ ਹਨ, ਘਰ ਚੋਂ ਕੱਢੇ ਗੈਸ ਅਤੇ ਤੇਲ ਦਾ ਭਾਅ ਵੀ ਵਿਦੇਸ਼ਾਂ ਤੋਂ ਆਏ ਤੇਲ ਅਤੇ ਗੈਸ ਬਰਾਬਰ ਲਾਇਆ ਜਾਂਦਾ ਹੈ।
ਇਨ੍ਹਾਂ ਤੋਂ ਇਲਾਵਾ ਭਾਰਤ ਦੇ ਵੱਡੇ ਤੋਂ ਵੱਡੇ ਠੇਕੇਦਾਰ ਵੀ ਇਨ੍ਹਾਂ ਦੀਆਂ ਆਸਾਮੀਆਂ ਹਨ, ਰੇਲਵੇ ਤੋਂ ਲੈ ਕੇ ਸੜਕਾਂ, ਪੁਲਾਂ ਆਦਿ ਦੇ ਛੋਟੇ ਠੇਕੇਦਾਰ ਵੀ ਇਨ੍ਹਾਂ ਨੂੰ 25% ਕਮਿਸ਼ਨ ਦਿੰਦੇ ਹਨ।
ਇਸ ਤੋਂ ਇਲਾਵਾ ਐਕਸਾਈਜ਼ ਮਹਿਕਮਾ, ਇੰਕਮਟੈਕਸ ਮਹਿਕਮਾ, ਟ੍ਰਾਂਸਪੋਰਟ ਹਿਕਮਾ, ਪੁਲਸ ਮਹਿਕਮਾ, ਆਦਿ ਵੀ ਇਨ੍ਹਾਂ ਦੇ ਕਾਲੇ-ਧਨ ਦੇ ਸਾਧਨ ਹਨ, ਇਨ੍ਹਾਂ ਦੀ ਪੈਸੇ ਦੀ ਭੁੱਖ ਕਾਰਨ ਹੀ ਇਨ੍ਹਾਂ ਮਹਿਕਮਿਆਂ ਦੇ ਚੰਗੇ ਅਫਸਰ ਚਾਹ ਕੇ ਵੀ ਇਮਾਨਦਾਰ ਨਹੀਂ ਰਹਿ ਸਕਦੇ, ਨੇਤਿਆਂ ਨੇ ਉਨ੍ਹਾਂ ਨਾਲ ਸਾਲ ਦਾ ਪੈਸਾ ਬੱਧਾ ਹੁੰਦਾ ਹੈ, ਜੋ ਉਹ ਪੈਸਾ ਨਹੀਂ ਦੇਂਦਾ, ਉਸ ਨੂੰ ਤਬਦੀਲੀਆਂ ਵਿਚ ਖੱਜਲ-ਖੁਆਰ ਕੀਤਾ ਜਾਂਦਾ ਹੈ। ਇਵੇਂ ਕੁਝ ਚਿਰ ਮਗਰੋਂ ਉਹ ਚੰਗੇ ਅਫਸਰ ਵੀ ਕੁਰੱਪਟ ਹੋ ਜਾਂਦੇ ਹਨ। ਅੱਜ-ਕਲ ਤਾਂ ਇਨ੍ਹਾਂ ਦੇ ਪ੍ਰਭਾਵ ਥੱਲੇ ਬਹੁਤ ਸਾਰੇ ਫੌਜੀ ਅਫਸਰ ਵੀ ਕੁਰੱਪਟ ਹੋ ਚੁੱਕੇ ਹਨ।
ਇਨ੍ਹਾਂ ਦੀ ਪੈਸੇ ਅਤੇ ਚੌਧਰ ਦੀ ਭੁੱਖ ਏਥੇ ਹੀ ਨਹੀਂ ਰੁਕਦੀ, ਫਿਰ ਇਹ ਮੁਜਰਮਾਂ ਦੀ ਪੁਸ਼ਤ-ਪਨਾਹੀ ਕਰ ਕੇ ਉਨ੍ਹਾਂ ਦੀ ਮਾਰਫਤ ਆਪਣੇ ਵਿਰੋਧੀਆਂ ਨੁੰ ਦਬਾਉੰਦੇ ਵੀ ਹਨ ਅਤੇ ਮੁਜਰਮਾਂ ਨੂੰ ਚੋਣ ਵੇਲੇ ਵਰਤ ਕੇ ਹਰ ਢੰਗ ਨਾਲ ਚੋਣ ਜਿੱਤਣ ਦੀ ਕੋਸ਼ਿਸ਼ ਵੀ ਕਰਦੇ ਹਨ, ਤਾਂ ਜੋ ਹੋਰ ਪੈਸਾ ਇਕੱਠਾ ਕੀਤਾ ਜਾ ਸਕੇ।
ਇਵੇਂ ਕਾਲੇ ਧਨ ਦੀ ਜਨਣੀ ਸਿਆਸੀ ਨੇਤਾ ਹੀ ਹਨ, ਅਤੇ ਉਨ੍ਹਾਂ ਕੋਲ ਹੀ ਸਭ ਤੋਂ ਵੱਧ ਕਾਲਾ-ਧਨ ਹੋ ਸਕਦਾ ਹੈ।
ਉਸ ਮਗਰੋਂ ਅੰਬਾਨੀ, ਅਦਾਨੀ ਅਤੇ ਵੱਡੀਆਂ ਇੰਡਸਟਰੀਆਂ ਵਾਲੇ ਆਉਂਦੇ ਹਨ।
ਫਿਰ ਨੰਬਰ ਸਰਕਾਰੀ ਠੇਕੇਦਾਰਾਂ ਦਾ ਆਉਂਦਾ ਹੈ।
ਇਸ ਮਗਰੋਂ ਧਾਰਮਿਕ ਚੋਲਿਆਂ ਵਿਚ ਅਸਮਾਜਿਕ ਅਤੇ ਭ੍ਰਿਸ਼ਟ ਲੋਕ (ਸੰਤ. ਮਹਾਤਮਾ, ਮਹਾਂਪੁਰਖ, ਬ੍ਰਹਮਗਿਆਨੀ) ਆਉਂਦੇ ਹਨ, ਜੋ ਇਨ੍ਹਾਂ ਨੇਤਿਆਂ ਲਈ ਬਾਹੂਬਲੀ ਵੀ ਬਣਦੇ ਹਨ ਅਤੇ ਇਨ੍ਹਾਂ ਦੀਆਂ ਵੋਟਾਂ ਇਕੱਠੀਆਂ ਕਰਨ ਦਾ ਕੰਮ ਵੀ ਕਰਦੇ ਹਨ।ਜਿਸ ਦੇ ਇਵਜ਼ ਵਿਚ ਸਰਕਾਰਾਂ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦਿੰਦੇ ਹਨ, ਇਨ੍ਹਾਂ ਕੋਲ ਏਨਾ ਕਾਲਾ-ਧਨ ਹੁੰਦਾ ਹੈ ਕਿ ਇਹ ਹਰ ਤਰ੍ਹਾਂ ਦੇ ਕੁਕਰਮ ਕਰਦੇ ਹੋਏ ਵੀ ਪੈਸੇ ਦੇ ਬਲ ਤੇ ਕਾਨੂਨ ਤੋਂ ਬਚੇ ਰਹਿੰਦੇ ਹਨ। ਏਥੋਂ ਤਕ ਕਿ ਅਦਾਲਤ ਵਿਚੋਂ ਨਿਕਲੇ ਗੈਰ-ਜ਼ਮਾਨਤੀ ਵਾਰੰਟ ਵੀ ਮਹੀਨਿਆਂ ਬੱਧੀ ਅਦਾਲਤਾਂ ਵਿਚ ਹੀ ਦੱਬੇ ਰਹਿੰਦੇ ਹਨ ਅਤੇ ਸਾਲਾਂ ਬੱਧੀ ਪੁਲਸ ਵੀ ਉਨ੍ਹਾਂ ਵਾਰੰਟਾਂ ਦਾ ਨੋਟਿਸ ਨਹੀਂ ਲੈਂਦੇ। ਨੇਤਿਆਂ ਤੋਂ ਦੂਸਰੇ ਨੰਬਰ ਤੇ ਕਾਲਾ-ਧਨ ਇਨ੍ਹਾਂ ਲੋਕਾਂ ਕੋਲ ਹੈ।
ਇਵੇਂ ਇਹ ਸਾਰਾ ਚੱਕਰ ਚਲਦਾ ਹੈ।
ਸਬੂਤ ਗਵਾਹੀ ਦਿੰਦੇ ਹਨ ਕਿ ਨੋਟ ਬੰਦ ਹੋਣ ਤੋਂ ਇਕ ਮਹੀਨਾ ਪਹਿਲਾਂ ਬੀ.ਜੇ.ਪੀ ਦੇ ਉੱਚ ਨੇਤਿਆਂ ਨੂੰ ਇਸ ਬਾਰੇ ਜਾਣਕਾਰੀ ਸੀ, ਇਨ੍ਹਾਂ ਦੀ ਮਾਰਫਤ ਸੱਤਾ ਦੇ ਭਾਈਵਾਲਾਂ ਨੂੰ ਇਸ ਦੀ ਖਬਰ ਹੋਣੀ ਜ਼ਰੂਰੀ ਹੈ, ਨਹੀਂ ਤਾਂ ਸਰਕਾਰ ਟੁੱਟਣੋ ਕੌਣ ਬਚਾ ਸਕਦਾ ਹੈ ? ਭਾਈਵਾਲਾਂ ਵਿਚ ਉੱਪਰ ਲਿਖੇ, ਕਾਲੇ-ਧਨ ਦੇ ਸਾਰੇ ਭਾਈਵਾਲ ਵੀ ਸ਼ਾਮਲ ਹਨ। ਸਹਿਜੇ ਹੀ ਇਹ ਸੋਚਿਆ ਜਾ ਸਕਦਾ ਹੈ ਕਿ, ਬਾਕੀ ਕਿੰਨਾ ਕੁ ਕਾਲਾ-ਧਨ, ਚਿੱਟਾ ਹੋਣ ਵਾਲਾ ਬਚਿਆ ਹੋਵੇਗਾ ? ਜਿਸ ਲਈ ਇਹ ਸਾਰੀ ਕਵਾਇਦ ਕੀਤੀ ਜਾ ਰਹੀ ਹੈ ?
ਏਸੇ ਸਬੰਧ ਵਿਚ ਇਕ ਹੋਰ ਗੱਲ ਵੀ ਵਿਚਾਰਨ ਵਾਲੀ ਹੈ ਕਿ, ਇਸ ਕਾਲੇ ਧੰਦੇ ਨੂੰ ਬੜੇ ਯੋਜਨਾ-ਬੱਧ ਢੰਗ ਨਾਲ ਢਕਿਆ ਜਾਂਦਾ ਹੈ। ਸਰਕਾਰ ਮੀਡੀਏ ਨੂੰ ਇਸ਼ਤਿਹਾਰਾਂ ਦੇ ਰੂਪ ਵਿਚ ਖੁਲ੍ਹਾ ਪੈਸਾ ਦਿੰਦੀ ਹੈ, ਜਿਸ ਦੇ ਇਵਜ਼ ਵਿਚ ਮੀਡੀਆ, ਸਰਕਾਰ ਦੇ ਕੁਕਰਮਾਂ ਨੂੰ, ਉਸ ਦੇ ਗੁਣਾਂ ਵਿਚ ਬਦਲ ਕੇ ਜੰਤਾ ਸਾਮ੍ਹਣੇ ਪਰੋਸਦੀ ਹੈ।
ਕੀ ਕੋਈ ਮੈਨੂੰ ਦੱਸ ਸਕਦਾ ਹੈ ਕਿ 60 ਸਾਲ ਤੋਂ ਇਹ ਜਿਸ ਕਾਲੇ ਧਨ ਦੇ ਨਾਮ ਥੱਲੇ ਲੋਕਾਂ ਨੂੰ ਬੁਧੂ ਬਣਾਕੇ ਵੋਟਾ ਲੈਂਦੇ ਆ ਰਹੇ ਹਨ, ਕਿ ਉਹ ਉਸ ਕਾਲੇ ਧਨ ਨੂੰ ਕਿਵੇਂ ਖਤਮ ਕਰ ਸਕਦੇ ਹਨ ? (ਮੈਨੂੰ ਯਾਦ ਹੈ ਕਿ ਕਿਸੇ ਵੇਲੇ ਇਹ ਕਿਹਾ ਜਾਂਦਾ ਸੀ ਕਿ ਜਗਜੀਵਨ ਰਾਮ ਦਾ ਜਿੰਨਾ ਪੈਸਾ ਵਦੇਸ਼ਾਂ ਵਿਚ ਜਮਾ ਹੈ, ਅਗਰ ਉਸ ਨੂੰ ਦੇਸ਼ ਵਿਚ ਲੈ ਆਂਦਾ ਜਾਵੇ ਤਾਂ, ਭਾਰਤ ਕਰਜ਼ਾ-ਮੁਕਤ ਹੋ ਸਕਦਾ ਹੈ।) ਪਰ ਉਹ ਪੈਸਾ ਵਾਪਸ ਦੇਸ਼ ਵਿਚ ਲਿਆਉਣ ਦੀ ਥਾਂ, ਇਹ ਬਿਮਾਰੀ ਹੋਰ ਨੇਤਿਆਂ ਨੂੰ ਵੀ ਚਿੰਬੜਦੀ ਗਈ ਅਤੇ ਇਹ ਇਕ ਵੱਡਾ ਮਸਲ੍ਹਾ ਬਣਦਾ ਗਿਆ, ਮੋਦੀ ਜੀ ਨੂੰ ਅੱਜ ਇਸ ਸਬੰਧੀ ਏਨਾ ਕਠੋਰ ਕਦਮ ਚੁੱਕਣਾ ਪਿਆ, ਜਿਸ ਦੇ ਭਾਰ ਥੱਲੇ ਗਰੀਬ-ਮਜ਼ਦੂਰ, ਕਿਸਾਨ ਅਤੇ ਛੋਟੇ ਕਾਰੋਬਾਰੀ ਤਰਾਹ-ਤਰਾਹ ਕਰ ਰਹੇ ਹਨ, ਅਤੇ ਆਉਣ ਵਾਲੇ ਸਮੇ ਵਿਚ ਹਾਲਤ ਹੋਰ ਵਿਗੜਦੀ ਨਜ਼ਰ ਆਉਂਦੀ ਹੈ।
ਇਹ ਹੁਣ ਮੋਦੀ ਜੀ ਦੀ ਇੱਛਾ-ਸ਼ਕਤੀ ਤੇ ਨਿਰਭਰ ਕਰਦਾ ਹੈ ਕਿ ਉਹ ਇਸ ਕਾਲੇ-ਧਨ ਦੀ ਜਨਣੀ ਨੂੰ ਕਿੰਨੀ ਕੁ ਨੱਥ ਪਾ ਸਕਦੇ ਹਨ ? ਮੈਨੂੰ ਬਿਲਕੁਲ ਉਮੀਦ ਨਹੀਂ ਹੈ, ਕਿਉਂਕਿ ਮੋਦੀ ਜੈ ਦੇ ਸੰਗੀ-ਸਾਥੀ ਵੀ ਉਸ ਜਨਣੀ ਦਾ ਹੀ ਹਿੱਸਾ ਹਨ।
ਜੇ ਮੋਦੀ ਜੀ ਇਸ ਘੋਲ ਵਿਚ ਸਫਲ ਹੁੰਦੇ ਹਨ ਤਾਂ ਮੈਂ ਉਨ੍ਹਾਂ ਨੂੰ ਦਿਲ ਦੀ ਗਹਿਰਾਈ ਤੋਂ ਵਧਾਈ ਦੇਵਾਂਗਾ।
ਵੈਸੇ ਫਿਲਹਾਲ ਮਿਹਨਤ ਜ਼ਦੂਰੀ ਕਰ ਕੇ ਜੀਵਨ ਬਸਰ ਕਰਨ ਵਾਲੇ ਗਰੀਬ ਕਿਸਾਨ, ਮਜ਼ਦੂਰ, ਛੋਟੇ ਵਪਾਰੀ, ਛੋਟੇ ਕਾਰਖਾਨਿਆਂ ਵਾਲਿਆਂ ਦੇ ਨਾਲ ਹੀ ਦੇਸ਼ ਦੀ ਪ੍ਰਗਤੀ ਅਤੇ ਆਰਥਿਕਤਾ ਦਾ ਵੱਡਾ ਨੁਕਸਾਨ ਹੋਣ ਦੀ ਸੰਭਾਵਨਾ ਨਜ਼ਰ ਆਉਂਦੀ ਹੈ, ਅਤੇ ਇਸ ਖੇਡ ਵਿਚੋਂ ਵੀ ਗਰੀਬਾਂ ਦੇ ਹੋਰ ਗਰੀਬ ਹੋਣ ਦੀ ਅਤੇ ਕਾਲੇ-ਧਨ ਵਾਲਿਆਂ ਦੇ ਕਾਲੇ-ਧਨ ਵਿਚ ਹੋਰ ਵਾਧਾ ਹੋਣ ਦੀ ਹੀ ਸੰਭਾਵਨਾ ਹੈ।
ਹਾਂ ਇਸ ਦਾ ਬੀ.ਜੇ.ਪੀ. ਨੂੰ ਇਕ ਫਾਇਦਾ ਹੋਣ ਦੀ ਬੜੀ ਪਰਬਲ ਸੰਭਾਵਨਾ ਹੈ, ਜਿਵੇਂ ਬੀ.ਜੇ.ਪੀ. ਅਤੇ ਉਸ ਦੇ ਸਾਥੀਆਂ ਦਾ ਕਾਲਾ-ਧਨ, ਚਿੱਟਾ ਹੋ ਗਿਆ ਹੈ, ਜੇ ਦੂਸਰੀਆਂ ਪਾਰਟੀਆਂ ਦਾ ਇਹ ਕਾਲਾ-ਧਨ ਚਿੱਟਾ ਨਹੀਂ ਹੋਇਆ ਤਾਂ ਆਉਣ ਵਾਲੀਆਂ ਚੋਣਾਂ ਵਿਚ ਬੀ.ਜੇ.ਪੀ. ਕੋਲ ਪਰਚਾਰ ਕਰਨ ਲਈ ਪੈਸੇ ਅਤੇ ਸਾਧਨਾਂ ਦੀ ਕੋਈ ਕਮੀ ਨਹੀਂ ਹੋਵੇਗੀ, ਜਿਸ ਦੇ ਮੁਕਾਬਲੇ ਵਿਚ ਦੂਸਰੀਆਂ ਪਾਰਟੀਆਂ ਪਰਚਾਰ ਦੇ ਮਾਮਲੇ ਵਿਚ ਪੈਸੇ ਦੇ ਅਭਾਵ ਕਾਰਨ ਪੱਛੜਨਗੀਆਂ।
ਚੋਣਾਂ ਪਰਚਾਰ ਦੇ ਸਿਰ ਤੇ ਹੀ ਜਿੱਤੀਆਂ ਜਾਂਦੀਆਂ ਹਨ।
ਰੱਬ ਖੈਰ ਕਰੇ।
ਅਮਰ ਜੀਤ ਸਿੰਘ ਚੰਦੀ
ਸੰਪਾਦਕੀ
ਮੋਦੀ, ਜੈਟਲੀ ਦੀ ਅਗਵਾਈ ਵਿਚ ਭਾਰਤ ਪਿਆ ਸਿਵਿਆਂ ਦੇ ਰਾਹ !
Page Visitors: 3026