ਦਲਾਲਾਂ ਦਾ ਰੱਬ ……? ?
ਗੁਰਦੇਵ ਸਿੰਘ ਸੱਧੇਵਾਲੀਆ
ਸ਼ਕਤੀਆਂ ਕੰਮ ਕਰਦੀਆਂ ਹਨ। ਕਰ ਰਹੀਆਂ ਹਨ। ਇਨ੍ਹਾਂ ਤੋਂ ਲਾਭ ਲੈਣ ਲਈ ਹੁਣ ਤੁਸੀਂ ਦੋ ਮਿੰਟ ਲਈ ਅੱਖਾਂ ਬੰਦ ਕਰੋ ਅਤੇ ਜੋ ਜੋ ਕਾਮਨਾ ਹੋਵੇ ਉਸ ਦਾ ਧਿਆਨ ਧਰੋ।..... ਚਲੋ ਹੁਣ ਅੱਖਾਂ ਖ੍ਹੋਲ ਲਵੋ ਤੇ ਨਾਲ ਹੀ ਅਪਣੇ-ਅਪਣੇ ਪਰਸ ਅਤੇ ਬਟੂਏ ਵੀ ਖ੍ਹੋਲ ਲਵੋ।
ਸ਼ੋਅ ਚਲ ਰਿਹਾ ਸੀ ' ਨਿਰਮਲ ਬਾਬਾ ਦੀ ਤੀਜੀ ਅੱਖ'। ਲੁਕਾਈ ਨੇ ਅਪਣੇ ਪਰਸ-ਬਟੂਏ ਇੰਝ ਖ੍ਹੋਲੇ ਹੋਏ ਸਨ ਜਿਵੇਂ ਦਿਵਾਲੀ ਸਮੇ ਦਰਵਾਜੇ ਕਿ ਮਤੇ ਲੱਛਮੀ ਕਿਸੇ ਹੋਰ ਦੇ ਨਾ ਜਾ ਵੜੇ। ਹੈਰਾਨੀ ਦੀ ਗੱਲ ਸੀ ਕਿ ਇਕ ਨੌਜਵਾਨ ਲੜਕੀ ਕੋਲੇ ਪਰਸ ਆਦਿ ਨਹੀਂ ਸੀ ਪਰ ਉਸ ਅਪਣੀ ਜ਼ੀਨ ਦੀ ਪਾਈ ਹੋਈ ਪਿੰਟ ਦੀ ਜ੍ਹੇਬ ਨੂੰ ਚੌੜਿਆਂ ਕੀਤਾ ਹੋਇਆ ਸੀ ਕਿ 'ਨਿਰਮਲ ਬਾਬੇ' ਦੀ ਛੱਡੀ ਹੋਈ ਸ਼ਕਤੀ ਕਿਤੇ ਮੇਰੀ ਜ੍ਹੇਬ ਵਿਚ ਵੜਨੋ ਨਾ ਰਹਿ ਜਾਏ। ਉਸ ਦੀ ਹਾਲਤ ਬੜੀ ਹਾਸੋਹੀਣੀ ਜਾਪ ਰਹੀ ਸੀ। ਉਹ ਕੁਰਸੀ ਤੋਂ ਟੇਢੀ ਹੋ ਕੇ ਅਪਣੀ ਤੰਗ ਪਿੰਟ ਦੀ ਜ੍ਹੇਬ ਨੂੰ ਖੁਲ੍ਹਿਆਂ ਰੱਖਣ ਦੀ ਕੋਸ਼ਿਸ਼ ਕਰਦੀ ਇੰਝ ਲੱਗ ਰਹੀ ਸੀ ਜਿਵੇਂ ਉਠਣ ਦੇ ਡਰੋਂ ਊਠ ਦਾ ਇਕ ਗੋਡਾ ਬੰਨ ਦਿਤਾ ਹੋਵੇ ਪਰ ਉਹ ਉਠਣ ਲਾਈ ਰਾਟ ਪਾ ਰਿਹਾ ਹੋਵੇ।
ਭੇਡ ਕਿਉਂ ਭੇਡ ਹੈ? ਉਹ ਅਪਣੀ ਦੇਹ ਕਰਕੇ ਲਾਈ ਲੱਗ ਨਹੀਂ ਸੁਭਾਅ ਕਰਕੇ ਹੈ। ਬਗਿਆੜ ਵੀ ਤਾਂ ਭੇਡ ਕੁ ਜਿੰਨਾ ਹੀ ਹੈ ਛੋਟਾ ਭਵੇਂ ਹੋਵੇ। ਪਰ ਉਸ ਵਿਚ ਤੇ ਭੇਡ ਵਿਚ ਕੀ ਫਰਕ ਹੈ। ਮੈਹਾਂ ਸ਼ੇਰ ਨਾਲੋਂ ਕਿਤੇ ਵੱਡਾ ਹੈ ਪਰ ਵੱਗਾਂ ਦੇ ਵੱਗ ਸ਼ੇਰ ਮੂਹਰੇ ਦੌੜਦੇ ਹਨ। ਕਿਉਂ? ਕਿਉਂਕਿ ਉਹ ਜੋਰ ਕਰਕੇ ਨਹੀਂ ਬਲਕਿ ਮਾਨਸਿਕਤਾ ਕਰਕੇ ਕਮਜੋਰ ਹਨ। 'ਨਿਰਮਲ ਬਾਬਾ' ਜਾਂ ਹੋਰ ਕੋਈ ਵੀ 'ਸਾਧ' ਇਸ ਕਰਕੇ ਮਹਾਨ ਨਹੀਂ ਹਨ ਕਿ ਉਨ੍ਹਾਂ ਵਿਚ ਦੂਜਿਆਂ ਨਾਲੋਂ ਕੋਈ ਅਲਹਿਦਾ, ਗੱਲ ਹੈ ਬਲਕਿ ਲੁਕਾਈ ਦੀ ਮਾਨਸਿਕਤਾ ਹੀ ਇੰਨੀ ਕਮਜੋਰ ਹੈ ਕਿ ਜਿਹੜਾ ਮਰਜੀ ਇਸ ਨੂੰ ਭੇਡ ਵਾਂਗ ਹੱਕ ਲੈਂਦਾ ਹੈ।
ਮੂਰਖਾਂ ਦੀ ਇਕ ਅਪਣੀ ਦੁਨੀਆਂ ਹੁੰਦੀ। ਅਪਣੀ ਹੀ ਵਸਾਈ ਹੋਈ ਉਸ ਦੁਨੀਆਂ ਵਿਚ ਉਹ ਕਿਸੇ ਨੂੰ ਘੁੱਸਪੈਠ ਨਹੀਂ ਕਰਨ ਦਿੰਦੇ। ਜਿਹੜਾ ਕੋਈ ਥੋੜੀ ਜਿਹੀ 'ਗੁਸਤਾਖੀ' ਕਰੇ ਤਾਂ ਉਹ ਉਸ ਨੂੰ ਨਾਸਤਿਕ ਕਹਿ ਕੇ ਅਪਣੀ ਦੁਨੀਆਂ ਵਿਚੋਂ ਧੱਕੇ ਮਾਰ ਮਾਰ ਬਾਹਰ ਸੁੱਟ ਦਿੰਦੇ ਹਨ। ਹਿੰਦੂ ਧਰਮ ਦੀਆਂ ਸਾਰੀਆਂ 'ਬਰਕਤਾਂ' ਸਿੱਖ ਧਰਮ ਵਿੱਚ ਆ ਗਈਆਂ ਹਨ। ਇਸ ਨੂੰ ਲਿਆਉਂਣ ਵਾਲੇ ਰੱਬ ਦੇ ਦਲਾਲ ਇਸ ਧਰਮ ਵਿੱਚ ਵੀ ਧਾੜਾਂ ਦੀਆਂ ਧਾੜਾਂ ਪੈਦਾ ਹੋ ਗਏ ਹਨ ਜਿਹਨਾ ਦੇ ਗੁਰੁ ਨਾਨਕ ਪਾਤਸ਼ਾਹ ਨੇ ਹੱਥ ਵੱਡ ਦਿੱਤੇ ਸਨ।
ਦਲਾਲ ਨੇ ਉਹ ਚੀਜ ਮਾਰਕਿਟ ਵਿਚ ਸੁੱਟਣੀ ਹੁੰਦੀ ਜਿਹੜੀ ਸਸਤੀ ਹੋਵੇ। ਤੇ ਜਿਹੜਾ ਰੱਬ ਇਹ ਦਲਾਲ ਪੇਸ਼ ਕਰ ਰਹੇ ਨੇ ਲੁਕਾਈ ਅੱਗੇ ਉਹ ਇੰਨਾ ਸਸਤਾ ਕਿ ਲੋਕ ਉਸ ਨਾਲ ਗੀਟਿਆਂ ਵਾਂਗ ਖੇਡ ਰਹੇ ਹਨ। ਇਹ ਖੇਡਣਾ ਹੀ ਤਾਂ ਹੈ ਕਿ ਤੂੰ ਮੇਰੀ ਆਹ ਸ਼ਰਤ ਪੂਰੀ ਕਰ ਮੈਂ ਤੇਰਾ ਪਾਠ ਕਰਾ ਦੇਵਾਂਗਾ।
ਤੂੰ ਮੈਨੂੰ ਮੁੰਡਾ ਦੇਹ ਮੈਂ ਤੇਰਾ ਲੰਗਰ ਕਰ ਦੇਵਾਂਗਾ, ਤੂੰ ਮੇਰੀ ਫੈਕਟਰੀ ਚਲਾ ਦੇਹ ਮੈਂ ਤੇਰੀ ਥਾਂ ਚਾਰ ਇੱਟਾਂ ਲਵਾ ਦੇਵਾਂਗਾ।
ਖੇਡਣ ਦੀ ਤਾਂ ਉਸ ਵੇਲੇ ਹੱਦ ਹੋ ਜਾਂਦੀ ਜਦ ਬਿਊਟੀ-ਪਾਰਲਰ ਖ੍ਹੋਲਣ ਵਾਲੇ ਵੀ ਅਖੰਡ-ਪਾਠ ਰੱਖੀ ਬੈਠੇ ਹੁੰਦੇ ਹਨ।
ਲਾਈ ਹੋਈ ਸ਼ਰਾਬ ਦੀ ਭੱਠੀ ਨਾ ਫੜੀ ਜਾਵੇ ਦੀ ਸੁਖਣਾ ਲਾਹੁਣ ਲਈ 'ਬਾਬੇ-ਰੋਡੇ' ਦੀ ਸਮਾਧ ਤੇ ਪਾਠ ਕਰਾ ਕੇ ਆਉਂਦੇ ਭਾਊ...?
ਹੁਣ ਤੁਸੀਂ ਦੱਸੋ ਕਿ ਦਲਾਲ ਬਿਊਟੀ-ਪਾਰਲਰ ਜਾਂ ਸ਼ਰਾਬ ਦੀ ਭੱਠੀ ਦੀ ਅਰਦਾਸ ਕੀ ਕਰਦਾ ਹੋਵੇਗਾ?
ਦਲਾਲਾਂ ਰੱਬ ਸੇਲ ਤੇ ਲਾ ਦਿੱਤਾ ਅਤੇ ਕੇਲਿਆਂ ਵਾਂਗ ਇਸ ਨੂੰ ਵੇਚਦੇ ਫਿਰ ਰਹੇ ਹਨ। ਘਰ ਘਰ ਵਿੱਕ ਰਿਹੈ ਰੱਬ। ਪੂਰੇ ਪੈਕਜ਼ ਸਮੇਤ। ਕੋਈ ਸਿਮਰਨਾ ਦੇ ਨਾਵਾਂ ਤੇ ਇਸ ਨੂੰ ਵੇਚ ਰਿਹੈ, ਕੋਈ ਪਾਠਾਂ ਦੇ ਨਾਂ ਤੇ, ਕੋਈ ਅਉਖਧ ਦੇ ਨਾਂ ਤੇ, ਕੋਈ ਚੋਲੇ ਪਾ ਕੇ ਸੰਤ ਬਣਕੇ ਵੇਚ ਰਿਹੈ ਤੇ ਕੋਈ ਭਾਈ ਸਾਹਬ ਬਣਕੇ ਹੀ ਰੱਬ ਨੂੰ ਵੇਚੀ ਤੁਰਿਆ ਜਾ ਰਿਹੈ। ਡੇਰਿਆਂ ਵਿਚ ਰੱਬ ਵਿੱਕ ਰਿਹੈ, ਭੋਰਿਆਂ ਵਿਚ ਰੱਬ ਵਿੱਕ ਰਿਹੈ, ਗੁਰਦੁਆਰਿਆਂ ਵਿਚ ਰੱਬ ਵਿੱਕ ਰਿਹੈ, ਕਈ ਘਰਾਂ ਵਿਚ ਹੀ ਵੇਚੀ ਜਾ ਰਹੇ ਹਨ ਰੱਬ ਨੂੰ। ਦੋ-ਦੋ ਬੰਦਿਆਂ ਅਤੇ ਬੀਬੀਆਂ ਜਥੇ ਬਣਾਏ, ੨-੪ ਰੁਮਾਲੇ, ਚੰਦੋਆ, ਚੌਰ ਅਤੇ ਵਾਜਾ ਢੋਲਕੀ। ਉਹ ਪੱਟਾਂ ਤੇ ਧਰਦੇ ਰੱਬ ਨੂੰ ਤੇ ਵੇਚਣ ਤੁਰ ਜਾਂਦੇ ਹਨ। 'ਵੀਕਐਂਡ' ਹਰਾ ਕਰ ਲੈਂਦੇ ਹਨ ਇਹ ਉਨ੍ਹਾਂ ਦੀ 'ਪਾਰਟ-ਟਾਇਮ ਜੌਬ' ਹੈ ਰੱਬ ਨੂੰ ਵੇਚਣ ਦੀ। ਦਲਾਲਾਂ ਨੂੰ ਪੱਤੈ ਲੋਕਾਂ ਦੀਆਂ ਲੱਤਾਂ ਵਿਚ ਜਾਨ ਨਹੀਂ। ਇਨ੍ਹਾਂ ਨੂੰ ਇੰਝ ਕੁ ਦਾ ਸਸਤਾ ਜਿਹਾ ਰੱਬ ਹੀ ਚਾਹੀਦਾ। ਗੁਰੂ ਨਾਨਕ ਵਾਲਾ ਰੱਬ ਕਿਵੇਂ ਹਜਮ ਹੋਜੂ ਲੁਕਾਈ ਨੂੰ। ਓਸ ਰੱਬ ਦੀ ਗੱਲ ਹੀ ਨਹੀਂ ਦੱਸਦਾ ਦਲਾਲ।
ਗੁਰੂ ਸਾਹਿਬਾਨਾਂ ੨੩੯ ਸਾਲ ਵਿਚ ਕੀ ਕੀਤਾ? ਉਨ੍ਹਾਂ ਦਲਾਲਾਂ ਨੂੰ ਵਿਚੋਂ ਦਫਾ ਕਰਕੇ ਸਿੱਖ ਦਾ ਸਿੱਧਾ ਸਬੰਧ ਸਬਦ ਨਾਲ ਜੋੜਕੇ ਇਸ ਨੂੰ ਖਾਲਸੇ ਦਾ ਰੂਪ ਦੇ ਦਿੱਤਾ ਤਾਂ ਕਿ ਇਹ ਕਿਸੇ ਦਲਾਲ ਨੂੰ ਵਿਚ ਨਾ ਪਾਵੇ। ਪਰ ਕਿੰਨੀ ਹਾਸੋ-ਹੀਣੀ ਗੱਲ ਕਿ ਗਲ ਕ੍ਰਿਪਾਨ ਪਾ ਕੇ ਖੰਡੇ ਦੀ ਪਹੁਲ ਲੈ ਕੇ 'ਖਾਲਸਾ ਜੀ' ਗਲ ਵਿਚ ਪਾ ਕੇ ਢੋਲਕੀਆਂ ਦੇਹ ਤੇਰੇ ਦੀ ਗਾਈ ਜਾ ਰਿਹਾ ਹੈ, ਅਖੇ 'ਜੇ ਸੰਤ ਨਾ ਹੁੰਦੇ ਜਗਤ ਵਿਚ ਤਾਂ ਜਲ ਮਰਦਾ ਸੰਸਾਰ'। ਇਸ ਭਲੇਮਾਣਸ ਨੇ ਦਲਾਲਾਂ ਨੂੰ ਹੀ ਸੰਤ ਸਮਝ ਲਿਆ। ਦਲਾਲਾਂ ਅਪਣੇ ਵਰਗਾ ਭੁੱਖੜ ਜਿਹਾ ਰੱਬ ਪੇਸ਼ ਕੀਤਾ ਜਿਹੜਾ ਤੁੜਕਿਆਂ ਰੈਤਿਆਂ ਤੇ ਰੀਝਦਾ ਹੈ ਅਤੇ ਬ੍ਰਹਾਮਣ ਦੇ ਰੱਬ ਵਾਂਗ ਮੂਰਤੀਆਂ ਵਿਚੋਂ ਪੈਦਾ ਹੁੰਦਾ ਹੈ ਅਤੇ ਮੂਰਤੀਆਂ ਵਿਚੋਂ ਹੀ 'ਭੋਗ' ਲਾਉਣ ਆਉਂਦਾ ਹੈ...? ਦਲਾਲਾਂ ਦਾ ਰੱਬ ਰਿਸ਼ਵਤਾਂ ਲੈਂਦਾ ਹੈ ਜਿਹੜੀਆਂ ਸੁੱਖਣਾ-ਸੁੱਖ ਕੇ ਪੂਰੀਆਂ ਕੀਤੀਆਂ ਜਾਦੀਆਂ ਹਨ। ਦਲਾਲਾਂ ਦਾ ਰੱਬ ਕੇਵਲ ਮੁੰਡੇ ਦਿੰਦਾ ਹੈ ਕੁੜੀ ਨਹੀਂ। ਦਲਾਲਾਂ ਦਾ ਰੱਬ ਦਲਾਲਾਂ ਰਾਹੀਂ ਹੀ ਮਿਲਦਾ ਹੈ, ਸਿੱਧੇ ਮੂੰਹ ਉਹ ਕਿਸੇ ਨਾਲ ਗੱਲ ਨਹੀਂ ਕਰਦਾ। ਦਲਾਲਾਂ ਦਾ ਰੱਬ ਹਰੇਕ ਵਿਚ ਨਹੀਂ ਵੱਸਦਾ। ਉਹ ਚੂਹੜੇ-ਚਮਾਰ ਦੇ ਤਾਂ ਨੇੜੇ ਨਹੀਂ ਲੰਘਦਾ। ਗਰੀਬ ਨੂੰ ਦੇਖਣਾ ਨਹੀਂ ਚਾਹੁੰਦਾ ਦਲਾਲ ਦਾ ਰੱਬ। ਅਮੀਰ ਦੇ ਸਾਰੇ ਕਾਰਜ ਰੱਬ ਰਾਸ ਕਰਦਾ। ਅਮੀਰ ਦੀ ਦੋ ਨੰਬਰ ਦੀ ਕਮਾਈ ਵੀ ਪ੍ਰਵਾਨ ਕਰਦਾ ਦਲਾਲ ਦਾ ਰੱਬ। ਨਹੀਂ ਕਰਦਾ?
ਦਲਾਲ ਨੇ ਰੱਬ ਦੀ ਜੋ ਤਸਵੀਰ ਪੇਸ਼ ਕੀਤੀ ਇੰਨੀ ਹਾਸੋਹੀਣੀ ਕਿ ਸਮਝਦਾਰ ਬੰਦਾ ਕਹਿੰਦਾ ਦਫਾ ਕਰੋ ਅਜਿਹੇ ਰੱਬ ਤੋਂ ਵੜੇਵੇਂ ਲੈਣੇ। ਪਰ ਗੁਰੂ ਨਾਨਕ ਦਾ ਰੱਬ ਇੰਝ ਦਾ ਨਹੀਂ ਕਿ ਇਸ ਤੋਂ ਬੇਮੁੱਖ ਹੋਣ ਬਾਰੇ ਸੋਚਿਆ ਵੀ ਜਾ ਸਕੇ। ਉਹ ਪਰ ਲੱਭਦਾ ਕਿਥੇ। ਸ੍ਰੀ ਗੁਰੂ ਗਰੰਥ ਸਾਹਿਬ ਵਿਚੋਂ, ਪਰ ਕਿਸੇ ਦਲਾਲ ਤੋਂ ਬਿਨਾ।
ਗੁਰਦੇਵ ਸਿੰਘ ਸੱਧੇਵਾਲੀਆ
ਦਲਾਲਾਂ ਦਾ ਰੱਬ ……? ?
Page Visitors: 2679