ਅਮਰੀਕਾ ਦੀਆਂ ਚੋਣਾਂ ਦਾ ਸੰਸਾਰ ਪੱਧਰ ਤੇ ਪੈਣ ਵਾਲਾ ਪ੍ਰਭਾਵ !
ਅਮਰੀਕਾ ਵਿਚ ਹੋਈਆਂ ਇਸ ਵਾਰ ਦੀਆਂ ਚੋਣਾਂ ਦਾ ਸੰਸਾਰ ਦੇ ਸਮਾਜਿਕ ਅਤੇ ਰਾਜਨੀਤਕ ਢਾਂਚੇ ਤੇ ਬਹੁਤ ਵੱਡਾ ਅਤੇ ਮਾਰੂ ਅਸਰ ਪੈਣ ਵਾਲਾ ਹੈ।
ਇਸ ਬਾਰੇ ਵਿਚਾਰ ਕਰਨ ਤੋਂ ਪਹਲਾਂ ਚੋਣ ਵਿਚ ਹੋਈ ਹਿਲੇਰੀ ਕਲਿੰਟਨ ਦੀ ਹਾਰ ਦੇ ਕਾਰਣਾਂ ਬਾਰੇ ਵਿਚਾਰ ਕਰਨਾ ਬਹੁਤ ਜ਼ਰੂਰੀ ਹੈ। ਜਦੋਂ ਤੋਂ ਚੋਣ ਸ਼ੁਰੂ ਹੋਈ, ਹਿਲੇਰੀ ਆਪਣੇ ਵਿਰੋਧੀਆਂ ਨਾਲੋਂ ਬਹੁਤ ਅੱਗੇ ਅਤੇ ਬਹੁਤ ਹਰ-ਮਨ ਪਿਆਰੀ ਸੀ, ਫਿਰ ਪਰਚਾਰ ਦੇ ਆਖਰੀ ਦੋ ਮਹੀਨਿਆਂ ਵਿਚ ਐਸਾ ਕੀ ਵਾਪਰਿਆ, ਜਿਸ ਨਾਲ ਹਿਲੇਰੀ ਕਲਿੰਟਨ ਹਾਰ ਗਈ ?
ਆਉ ਇਸ ਦੇ ਠੋਸ ਕਾਰਨ ਹੀ ਵਿਚਾਰਦੇ ਹਾਂ,
1. ਰੂਸ ਦੇ ਟੁਕੜੇ ਹੋਣ ਕਾਰਨ ਉਹ ਅਮਰੀਕਾ ਦੇ ਮੁਕਾਬਲੇ ਤੇ ਕਾਫੀ ਕਮਜ਼ੋਰ ਪੈ ਗਿਆ ਸੀ, ਇਹ ਸਿੱਥਤੀ ਪੁਤਨ ਲਈ ਅਸਹਿ ਸੀ ਅਤੇ ਉਹ ਅਮਰੀਕਾ ਨੂੰ ਵੀ ਆਪਣੀ ਹੀ ਪੋਜ਼ੀਸ਼ਨ ਵਿਚ ਵੇਖਣਾ ਚਾਹੁੰਦਾ ਸੀ। ਉਹ ਇਹ ਵੀ ਜਾਣਦਾ ਸੀ ਕਿ ਅਮਰੀਕਾ ਤੇ ਬਾਹਰੋਂ ਕਿਸੇ ਤਰ੍ਹਾਂ ਦਾ ਦਬਾਉ ਨਹੀਂ ਪੈ ਸਕਦਾ, ਉਸ ਨੂੰ ਅੰਦਰੋਂ ਹੀ ਪਾੜ ਕੇ ਕਮਜ਼ੋਰ ਕੀਤਾ ਜਾ ਸਕਦਾ ਹੈ। ਇਸ ਸਕੀਮ ਅਨੁਸਾਰ ਹੀ ਉਸ ਨੇ ਚੋਣ ਦੌਰਾਨ ਟ੍ਰੰਪ ਦੀ ਖੁਲ੍ਹ ਕੇ ਤਾਰੀਫ ਕੀਤੀ ਅਤੇ ਉਸ ਨੂੰ ਉਭਾਰਿਆ। ਸਵਾਲ ਪੈਦਾ ਹੁੰਦਾ ਹੈ ਕਿ ਉਸ ਨੇ ਟ੍ਰੰਪ ਤੇ ਵਿਸ਼ਵਾਸ ਕਿਸ ਆਧਾਰ ਤੇ ਕੀਤਾ ? ਇਸ ਬਾਰੇ ਇਹੀ ਕਿਹਾ ਜਾ ਸਕਦਾ ਹੈ ਕਿ ਅਮਰੀਕਾ ਦੇ ਪਹਿਲੇ ਪ੍ਰਧਾਨ, ਅਮਰੀਕਾ ਵਿਚ ਉਪਜੀ, ਸਭਅਿਤਾ ਦੀ ਹੀ ਪੈਦਾਵਾਰ ਸਨ, ਜਿਸ ਕਾਰਨ ਉਹ ਦੁਨੀਆ ਵਿਚ ਕਿਸੇ ਨੂੰ ਵੀ ਗੁਲਾਮ ਨਹੀਂ ਵੇਖਣਾ ਚਾਹੁੰਦੇ ਸੀ, ਅਤੇ ਉਹ ਹਰ ਉਸ ਮੁਲਕ ਦੇ ਬੰਦੇ ਦੀ ਮਦਦ ਕਰਦੇ ਸਨ, ਜਿੱਥੇ ਦੂਸਰੇ ਮੁਲਕਾਂ ਦੇ ਤਾਨਾ-ਸ਼ਾਹ ਜਾਂ ਉਸ ਮੁਲਕ ਦੇ ਤਾਨਾ-ਸ਼ਾਹ ਹੀ ਜੰਤਾ ਨੂੰ ਆਪਣਾ ਦਬੇਲ ਬਨਾਉਣਾ ਚਾਹੁੰਦੇ ਸੀ। ਪਰ ਟ੍ਰੰਪ ਉਸ ਸਭਿਅਤਾ ਦੀ ਪੈਦਾਵਾਰ ਨਾ ਹੋ ਕੇ ਪੂੰਜੀ-ਪਤੀ ਸਮਾਜ ਦਾ ਨਮਾਇੰਦਾ ਸੀ ਅਤੇ ਪੂੰਜੀ-ਪਤੀ ਸਮਾਜ ਦਾ ਖਾਸਾ ਹੀ ਇਹ ਹੁੰਦਾ ਹੈ ਕਿ ਉਹ ਦੂਸਰਿਆਂ ਨੂੰ ਦਬੇਲ ਬਣਾ ਕੇ ਰੱਖਣਾ ਚਾਹੁੰਦਾ ਹੈ। ਪੁਤਨ ਨੂੰ ਇਸ ਕਾਰਨ ਹੀ ਉਸ ਤੇ ਵਿਸ਼ਵਾਸ ਸੀ ਕਿ ਉਹ ਹੋਰ ਕੁਝ ਵੀ ਹੋ ਸਕਦਾ ਹੈ, ਦੇਸ਼ ਭਗਤ ਨਹੀਂ ਹੋ ਸਕਦਾ, ਅਤੇ ਟ੍ਰੰਪ ਨੇ ਆਪਣੇ ਕਈ ਬਿਆਨਾ ਵਿਚ ਸੰਵਿਧਾਨ ਤੱਕ ਨੂੰ ਵੰਗਾਰਦਿਆਂ ਕਿਹਾ ਕਿ ਜੇ ਮੈਂ ਜਿੱਤ ਗਿਆ ਤਾਂ ਮੈਂ ਚੋਣਾਂ ਨੂੰ ਮੰਨ ਲਵਾਂਗਾ। ਉਸ ਨੇ ਅਮਰੀਕਾ ਦੀਆਂ ਕਈ ਪੁਰਾਤਨ ਸੰਸਥਾਵਾਂ ਨੂੰ ਵੀ ਟਿੱਚ ਕਰ ਕੇ ਸਮਝਦਿਆਂ ਉਨ੍ਹਾਂ ਦੀ ਖਿੱਲੀ ਉੜਾਈ ਹੈ। ਉਸ ਨੇ ਪੁਤਨ ਦੀ ਤਾਰੀਫ ਕਰ ਕੇ ਉਸ ਦੇ ਵਿਚਾਰਾਂ ਨੂੰ ਵੀ ਬੜਾਵਾ ਦਿੱਤਾ।
2. ਮੋਦੀ ਦੇ ਵੀਜ਼ੇ ਨੂੰ ਲੈ ਕੇ ਵੀ ਆਰ.ਐਸ.ਐਸ. ਅਤੇ ਕੱਟੜ ਹਿੰਦੂਆਂ ਵਿਚ ਬਹੁਤ ਰੋਸ ਸੀ, ਹਾਲਾਂਕਿ ਅਮਰੀਕਾ ਨੇ ਸ਼੍ਰੀ ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਮਗਰੋਂ ਮੋਦੀ ਨੂੰ ਲੋੜੀਂਦਾ ਸਨਮਾਨ ਹੀ ਨਹੀਂ ਉਸ ਤੋਂ ਵੀ ਵੱਧ ਸਨਮਾਨ ਦਿੱਤਾ, ਪਰ ਬ੍ਰਾਹਮਣਾਂ ਦੇ ਮਨੂ ਨੇ ਦੋ ਗੱਲਾਂ ਪੱਲੇ ਬੰਨ੍ਹ ਦਿੱਤੀਆਂ ਹਨ, ਇਕ ਸੰਸਾਰ ਦੀ ਹਰ ਚੀਜ਼ ਬ੍ਰਾਹਮਣ ਦੀ ਹੈ, ਦੂਸਰੀ ਦੁਸ਼ਮਣ ਨੂੰ ਵਿਸਾਰਨਾ ਨਹੀਂ, ਉਸ ਨੂੰ ਖਤਮ ਕਰਨ ਲਈ ਹਮੇਸ਼ਾ ਯਤਨ-ਸ਼ੀਲ ਰਹਿਣਾ ਚਾਹੀਦਾ ਹੈ, (ਏਸੇ ਕਾਰਨ ਭਾਰਤ ਕਦੀ ਵੀ ਸੁਖੀ ਨਹੀਂ ਵੱਸ ਸਕਿਆ) ਆਰ.ਐਸ.ਐਸ.ਦਾ ਮੋਦੀ ਦੇ ਵੀਜ਼ੇ ਵੇਲੇ ਤੋਂ ਹੀ ਅਮਰੀਕਾ ਵਿਚ ਕਾਰਯ-ਕਰਮ ਚੱਲ ਰਿਹਾ ਸੀ, ਜਿਸ ਦੇ ਸਿੱਟੇ ਵਜੋਂ ਟ੍ਰੰਪ ਦਾ ਪੂਰਾ ਪਰਿਵਾਰ ਹੀ ਹਿੰਦੂ ਮੱਤ ਤੋਂ ਪ੍ਰਭਾਵਤ ਸੀ ਅਤੇ ਅਕਸਰ ਹੀ ਉਹ ਮੰਦਰਾਂ ਵਿਚ ਜਸ਼ਨ ਮਨਾਇਆ ਕਰਦੇ ਸਨ। ਆਰ.ਐਸ.ਐਸ. ਨੇ ਟ੍ਰੰਪ ਦੇ ਚੋਣ ਵਿਚ ਪ੍ਰਧਾਨ ਦਾ ਉਮੀਦਵਾਰ ਬਣਨ ਤੇ ਬਹੁਤ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਭਾਰਤ ਵਿਚ ਉਸ ਦੀ ਜਿੱਤ ਲਈ ਹਵਨ-ਯੱਗ ਅਤੇ ਅਰਦਾਸਾਂ ਕੀਤੀਆਂ। ਜਿਸ ਨਾਲ ਅਮਰੀਕਾ ਵਿਚ ਵੱਸਦੇ ਹਿੰਦੂਆਂ ਨੂੰ ਖੁਲ੍ਹਾ ਸੰਦੇਸ਼ ਮਿਲਿਆ ਕਿ ਹਰ ਹਾਲਤ ਵਿਚ ਟ੍ਰੰਪ ਦਾ ਸਾਥ ਦੇਣਾ ਹੈ। ਇਵੇਂ ਹੀ ਇਕ ਕਾਰਨ ਬਿਲ ਕਲਿੰਟਨ ਦਾ ਉਹ ਭਾਰਤ ਦੌਰਾ ਵੀ ਸੀ ਜਿਸ ਦੌਰਾਨ ਕਸ਼ਮੀਰ ਵਿਚਲੇ ਛਟੀ ਸਿੰਘ ਪੁਰਾ ਵਿਚ 35 ਸਿੱਖਾਂ ਨੂੰ ਹਿੰਦੂਆਂ ਵਲੋਂ ਕਤਲ ਕਰ ਕੇ ਉਸ ਦਾ ਇਲਜ਼ਾਮ ਮੁਸਲਮਾਨ ਆਤੰਕਵਾਦੀਆਂ ਦੇ ਸਿਰ ਮੱੜ੍ਹਿਆ ਗਿਆ ਸੀ, ਪਰ ਬਿਲ ਕਲਿੰਟਨ ਨੂੰ ਉਸ ਦੀ ਰਿਪੋਰਟ ਮਿਲ ਚੁੱਕੀ ਸੀ, ਜਿਸ ਦਾ ਖੁਲਾਸਾ ਉਸ ਨੇ ਅਮਰੀਕਾ ਪੁੱਜ ਕੇ ਆਪਣੀ ਕਿਤਾਬ ਵਿਚ ਕੀਤਾ, ਸਾਫ ਜਿਹੀ ਗੱਲ ਸੀ ਕਿ ਹਿਲੇਰੀ ਕਲਿੰਟਨ ਦੀ ਪਾਲਿਸੀ ਵੀ ਇਸ ਤੋਂ ਕੁਝ ਵੱਖਰੀ ਨਹੀਂ ਹੋਣੀ ਸੀ, ਇਸ ਲਈ ਹੈਰੀ ਨੂੰ ਹਰਾਉਣ ਲਈ ਅਮਰੀਕਾ ਦੇ ਹਿੰਦੂ ਸਮਾਜ ਨੇ ਅੱਡੀਆਂ ਚੁੱਕ ਕੇ ਜ਼ੋਰ ਲਗਾਇਆ ।
3. ਅਮਰੀਕਾ ਦੀ ਖੁਸ਼ਹਾਲੀ ਕਾਰਨ, ਨਵ-ਜੰਮਿਆ ਧਨਾਢ ਤਬਕਾ, ਜੋ ਆਪਣੇ-ਆਪ ਨੂੰ ਅਮਰੀਕਾ ਦਾ ਅਸਲ ਵਾਰਸ ਸਮਝਦਾ ਸੀ, ਉਸ ਨੂੰ ਚੋਣਾਂ ਵਿਚ ਪੂਰੀ ਤਰ੍ਹਾਂ ਉਕਸਾਇਆ ਗਿਆ ਸੀ ਕਿ, ਤੁਸੀਂ ਇਸ ਦੇਸ਼ ਦੇ ਵਾਰਸ ਹੋ, ਬਾਹਰੋਂ ਆਏ ਲੋਕ ਤੁਹਾਡੇ ਹੱਕ ਤੇ ਡਾਕਾ ਮਾਰ ਰਹੇ ਹਨ, ਟ੍ਰੰਪ ਤੁਹਾਡਾ ਅਸਲੀ ਪ੍ਰਤੀ-ਨਿਧੀ ਹੈ, ਉਸ ਨੂੰ ਜਿਤਾਉ, ਤਾਂ ਜੋ ਤੁਹਾਨੂੰ ਤੁਹਾਡਾ ਪੂਰਾ ਹੱਕ ਮਿਲ ਸਕੇ, ਅਤੇ ਇਹ ਇਕ ਹਕੀਕਤ ਹੈ ਕਿ ਧਨਾਢ ਲੋਕਾਂ ਦਾ ਸਮਾਜ ਤੇ ਕਾਫੀ ਪ੍ਰਭਾਵ ਹੁੰਦਾ ਹੈ।
ਇਨ੍ਹਾਂ ਸਾਰੀਆਂ ਗੱਲਾਂ ਮਗਰੋਂ ਵੀ ਚੋਣਾਂ ਤੋਂ ਇਕ ਮਹੀਨਾ ਪਹਿਲਾਂ ਤੱਕ ਹੈਰੀ ਕਲਿੰਟਨ, ਟ੍ਰੰਪ ਤੇ 4% ਵੋਟਾਂ ਨਾਲ ਅੱਗੇ ਸੀ, ਜਦ ਟ੍ਰੰਪ ਦਾ ਆਖਰੀ ਪੱਤਾ ਖੇਡਿਅ ਗਿਆ, ਐਫ.ਬੀ.ਆਈ. ਵਲੋਂ ਹੈਰੀ ਨਾਲ ਸਬੰਧਿਤ ਉਨ੍ਹਾਂ ਗੱਲਾਂ ਦੀ ਜਾਂਚ ਦੋਬਾਰਾ ਸ਼ੁਰੂ ਕੀਤੀ ਗਈ, ਜਿਨ੍ਹਾਂ ਦੀ ਜਾਂਚ ਪਹਿਲਾਂ ਹੋ ਚੁੱਕੀ ਸੀ, ਹਾਲਾਂਕਿ ਜਾਂਚ ਸ਼ੁਰੂ ਹੋਣ ਦੇ ਤੀਜੇ-ਚੌਥੇ ਦਿਨ ਹੀ ਐਲਾਨ ਕਰ ਦਿੱਤਾ ਗਿਆ ਕਿ ਇਨ੍ਹਾਂ ਕੇਸਾਂ ਦੀ ਜਾਂਚ ਪਹਿਲਾਂ ਹੋ ਚੁੱਕੀ ਹੈ, ਪਰ ਤਦ ਤੱਕ ਲੋਕਾਂ ਦੇ ਮਨਾਂ ਵਿਚ ਹੈਰੀ ਕਲਿੰਟਨ ਪ੍ਰਤੀ ਸ਼ੱਕ ਪੈਦਾ ਕੀਤਾ ਜਾ ਚੁੱਕਾ ਸੀ, ਜੋ ਹੈਰੀ ਦੀ ਹਾਰ ਦਾ ਮੁੱਖ ਕਾਰਨ ਬਣਿਆ।
ਇਵੇਂ ਤੁਸੀਂ ਵੇਖਿਆ ਹੈ ਕਿ ਅਮਰੀਕਾ ਵਰਗੇ ਦੇਸ਼ ਦੀਆਂ ਸਾਫ-ਸੁਥਰੀਆਂ ਚੋਣਾਂ ਵਿਚ ਕਿੰਨਾ-ਕੁਝ ਅਨੈਤਿਕਤਾ ਦਾ ਬੀਜ ਬੀਜਿਆ ਗਿਆ ਹੈ, ਜੋ ਅੱਗੇ ਚੱਲ ਕੇ ਅਮਰੀਕਾ ਲਈ ਕਿੰਨਾ ਨੁਕਸਾਨ-ਦੇਹ ਸਾਬਤ ਹੋਵੇਗਾ ?
ਆਉ ਹੁਣ ਵੇਖਦੇ ਹਾਂ ਕਿ ਟ੍ਰੰਪ ਦੀ ਇਸ ਜਿੱਤ ਨਾਲ ਅਮਰੀਕਾ ਵਿਚ ਕੀ ਵਾਪਰੇਗਾ ? ਅਤੇ ਉਸ ਦਾ ਸੰਸਾਰ ਪੱਧਰ ਤੇ ਕੀ ਅਸਰ ਹੋਵੇਗਾ ?
1. ਟ੍ਰੰਪ ਦੀ ਇਸ ਜਿੱਤ ਨਾਲ ਪੂੰਜੀ-ਪਤੀ ਮਾਨਸਿਕਤਾ ਦੀ ਪਕੜ ਅਮਰੀਕਾ ਵਿਚ ਹੋਰ ਵਧੇਗੀ, ਆਜ਼ਾਦੀ-ਪਸੰਦ ਅਮਰੀਕਨਾਂ ਦੀ ਆਜ਼ਾਦੀ ਤੇ ਕੁਝ ਹੋਰ ਪਾਬੰਦੀਆਂ ਲੱਗਣਗੀਆਂ, ਜਿਸ ਨਾਲ ਅਮਰੀਕਾ ਵਿਚ ਬੇ-ਚੈਨੀ ਪੈਦਾ ਹੋਵੇਗੀ, (ਜਿਸ ਦੀ ਸ਼ੁਰੂਆਤ ਹੋ ਵੀ ਚੁੱਕੀ ਹੈ) ਜਿਸ ਦਾ ਅੰਤ ਅਮਰੀਕਾ ਦੇ ਸੰਘੀ ਢਾਂਚੇ ਵਿਚ ਟੁੱਟ-ਫੁੱਟ ਨਾਲ ਹੋ ਸਕਦਾ ਹੈ। ਕਾਸ਼ ਅਮਰੀਕਾ ਦੀ ਸਿੱਖ ਵਸੋਂ ਇਸ ਟੁੱਟ-ਫੁੱਟ ਨੂੰ ਰੋਕ ਸਕਦੀ । (ਮੈਂ ਸਿੱਖਾਂ ਦਾ ਨਾਮ ਇਸ ਕਰ ਕੇ ਲਿਆ ਹੈ, ਕਿਉਂਕਿ ਅਮਰੀਕਾ ਹੀ ਇਕ ਅਜਿਹਾ ਦੇਸ਼ ਹੈ, ਜਿਸ ਦਾ ਸੰਵਿਧਾਨ ਅਤੇ ਸਮਾਜਿਕ ਬਣਤਰ, ਕਾਫੀ ਹੱਦ ਤੱਕ ਸਿੱਖੀ ਦੇ ਸਿਧਾਂਤ ਨਾਲ ਮੇਲ ਖਾਂਦਾ ਹੈ, ਸਿੱਖੀ ਦਾ ਵੀ ਮੂਲ ਸਿਧਾਂਤ, ਗਰੀਬ-ਮਜਬੂਰ ਦੀ ਰੱਖਿਆ ਕਰਨਾ ਹੈ ਅਤੇ ਅਮਰੀਕਾ ਇਹ ਕੰਮ ਦੁਨੀਆ ਵਿਚ ਅਮਲੀ-ਰੂਪ ਵਿਚ ਕਰ ਰਿਹਾ ਹੈ, ਜਿਸ ਦੀਆਂ ਉਧਾਰਨਾਂ, ਚੀਨ ਅਤੇ ਉਤ੍ਰੀ ਕੋਰੀਆ ਦੀ ਵਿਸਤਾਰ-ਵਾਦੀ ਨੀਤੀ ਤੋਂ ਜਾਪਾਨ, ਦੱਖਣੀ ਕੋਰੀਆ ਅਤੇ ਨਾਲ ਲਗਦੇ ਛੋਟੇ-ਮੋਟੇ ਦੇਸ਼ਾਂ ਅਤੇ ਟਾਪੂਆਂ ਨੂੰ ਬਚਾਉਣ ਦੇ ਉਪਰਾਲੇ ਵਜੋਂ ਵੇਖੀ ਜਾ ਸਕਦੀ ਹੈ। ਇਵੇਂ ਹੀ ਰੂਸ ਦੀ ਮਾਰ ਤੋਂ ਕਰੋਏਸ਼ੀਆ ਨੂੰ ਬਚਾਉਣ ਦੀ ਗੱਲ ਵੀ ਹੈ, ਇਵੇਂ ਹੀ ਆਈ.ਐਸ.ਆਈ.ਐਸ. ਦੀ ਮਾਰ ਤੋਂ ਬਚਾਉਣ ਲਈ ਸੀਰੀਆ, ਈਰਾਕ, ਅਫਗਾਨਿਸਤਾਨ ਅਤੇ ਪਾਕਿਸਤਾਨ ਆਦਿ ਦੇਸ਼ਾਂ ਦੀ ਮਦਦ ਮਜ਼ਲੂਮ ਅਤੇ ਗਰੀਬ ਦੀ ਰੱਖਿਆ ਵਜੋਂ ਹੀ ਹੈ। ਅਮਰੀਕਾ ਉਨ੍ਹਾਂ ਮੁਲਕਾਂ ਤੇ ਕਬਜ਼ਾ ਨਹੀਂ ਕਰਨਾ ਚਾਹੁੰਦਾ, ਨਾ ਕਿਸੇ ਮੁਲਕ ਨੂੰ ਬਰਬਾਦ ਹੀ ਕਰਨਾ ਚਾਹੁੰਦਾ ਹੈ। ਜੇ ਅਮਰੀਕਾ, ਅੰਦਰਲੀ ਟੁੱਟ-ਫੁੱਟ ਤੋਂ ਬਚ ਗਿਆ ਤਾਂ ਸਿੱਖਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਇਸ ਨਾਲ ਗੁਰਮਤਿ ਦੇ ਸਿਧਾਂਤ ਨੂੰ ਬਹੁਤ ਹੁੰਗਾਰਾ ਮਿਲਿਆ ਹੈ, ਇਸ ਲਈ ਸਿੱਖਾਂ ਨੂੰ ਹਰ ਹੀਲਾ ਵਰਤ ਕੇ ਅਮਰੀਕਾ ਦੀ ਰਾਖੀ ਕਰਨੀ ਚਾਹੀਦੀ ਹੈ।
ਇਹ ਸੀ ਅਮਰੀਕਾ ਦੀ ਅੰਦਰਲੀ ਹਾਲਤ ਦੀ ਹੋਣ ਵਾਲੀ ਸੰਭਾਵਤ ਹਾਨੀ।
2. ਇਸ ਤੋਂ ਅਗਾਂਹ ਸਾਰੇ ਉਹ ਦੇਸ਼, ਜੋ ਆਪਣੇ ਬਚਾਅ ਲਈ ਇਕੱਠੇ ਵੀ ਹਨ ਅਤੇ ਦੂਸਰੇ ਦੇਸ਼ਾਂ ਤੇ ਕਬਜ਼ਾ ਕਰਨ ਦੇ ਚਾਹਵਾਨ ਵੀ ਨਹੀਂ ਹਨ, ਉਨ੍ਹਾਂ ਲਈ ਬਹੁਤ ਔਕੜਾਂ ਖੜੀਆਂ ਹੋ ਜਾਣਗੀਆਂ, ਉਨ੍ਹਾਂ ਦੀ ਤਾਂ ਧੁਰੀ ਹੀ ਹਿਲ ਜਾਵੇਗੀ, ਜਿਸ ਆਸਰੇ ਉਹ ਇਕੱਠੇ ਸਨ, ਪਹਿਲਾਂ ਹੀ ਇਕ ਸੰਗਠਨ ਨੂੰ ਬਰਤਾਨੀਆ ਦੇ ਅਲੱਗ ਹੋਣ ਨਾਲ ਕਾਫੀ ਝਟਕਾ ਲੱਗਾ ਹੈ, ਪਰ ਵਿਚਾਰਨ ਵਾਲੀ ਇਹ ਗੱਲ ਵੀ ਹੈ ਕਿ ਬਰਤਾਨਵੀ ਸਮਾਜ ਹਮੇਸ਼ਾ ਤੋਂ ਹੀ ਸਾਮੰਤ-ਵਾਦੀ ਰਿਹਾ ਹੈ, ਉਸ ਦੀ ਸੋਚ ਵੀ ਕਾਫੀ ਹੱਦ ਤੱਕ ਬ੍ਰਾਹਮਣ ਨਾਲ ਮਿਲਦੀ ਹੈ, ਉਹ ਤਦ ਤੱਕ ਹੀ ਕਿਸੇ ਨਾਲ ਜੁੜਿਆ ਰਹਿੰਦਾ ਹੈ, ਜਦ ਤੱਕ ਉਸ ਨੂੰ ਫਾਇਦੇ ਦੀ ਆਸ ਹੁੰਦੀ ਹੈ, ਫਾਇਦੇ ਦਾ ਪੱਲਾ ਹੌਲਾ ਹੁੰਦਿਆਂ ਹੀ, ਉਹ ਛਾਬੇ ਵਿਚੋਂ ਛਾਲ ਮਾਰ ਜਾਂਦਾ ਹੈ, ਉਸ ਦੀ ਸੋਚ ਅਮਰੀਕਾ ਵਰਗੀ ਗਰੀਬ ਅਤੇ ਮਜ਼ਲੂਮ ਪੱਖੀ ਨਹੀਂ ਹੈ। ਉਸ ਨੂੰ ਅਮਰੀਕਾ ਦੇ ਟੁੱਟਣ ਨਾਲ ਕੋਈ ਫਰਕ ਨਹੀਂ ਪੈਣਵਾਲਾ। ਪਰ ਯੂਰਪ ਦੇ ਦੂਸਰੇ ਮੁਲਕਾਂ, ਅਫਰੀਕੀ ਮੁਲਕਾਂ ਅਤੇ ਏਸ਼ੀਆ ਦੇ ਅਮਨ-ਪਸੰਦ ਮੁਲਕਾਂ ਨੂੰ ਬਹੁਤ ਵੱਡਾ ਫਰਕ ਪਵੇਗਾ।
ਇਹ ਆਉਣ ਵਾਲਾ ਸਮਾ ਹੀ ਦੱਸੇਗਾ ਕਿ ਪੁਤਿਨ ਦੀਆਂ ਅਤੇ ਚੀਨ ਦੀਆਂ ਵਿਸਤਾਰ-ਵਾਦੀ ਨੀਤੀਆਂ ਦਾ, ਆਈ,ਐਸ.ਆਈ.ਐਸ.ਦੀ ਹਨੇਰੀ ਤੋਂ ਛੋਟੇ-ਛੋਟੇ ਮੁਲਕਾਂ ਨੂੰ ਬਚਾਉਣ ਲਈ ਕਿਹੜੇ-ਕਿਹੜੇ ਮੁਲਕ ਇਕ-ਜੁੱਟ ਹੁੰਦੇ ਹਨ ? ਇਸ ਮੌਕੇ ਖਾਸ ਤੌਰ ਤੇ ਨੇਟੋ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਅਮਰੀਕੀਆਂ ਦਾ ਇਹ ਆਪਣਾ ਮੁਲਕ ਹੈ, ਇਸ ਨੂੰ ਗਲਤ ਬੰਨੇ ਜਾਣ ਤੋਂ ਰੋਕਣ ਲਈ ਉਨ੍ਹਾਂ ਨੂੰ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਕਿਤੇ ਇਹ ਨਾ ਹੋਵੇ ਕਿ ਟ੍ਰੰਪ ਦੀਆਂ ਨੀਤੀਆਂ ਦਾ ਸ਼ਿਕਾਰ ਹੋ ਕੇ, ਦੁਨੀਆ ਲੜਾਈ ਦੀ ਭੇਂਟ ਚੜ੍ਹ ਕੇ ਖਤਮ ਹੋ ਜਾਵੇ ।
ਅਮਰ ਜੀਤ ਸਿੰਘ ਚੰਦੀ
(ਨੋਟ:- ਅਜ ਫਿਰ ਲੋਕ-ਪਿਆਰ (Popularity) ਦੀਆਂ ਵੋਟਾਂ ਵਿਚ ਹਿਲੇਰੀ ਕਲਿੰਟਨ, ਟ੍ਰੰਪ ਨਾਲੋਂ ੧੫ ਲਖ ਵੋਟਾਂ ਦੇ ਵਾਧੇ ਨਾਲ ਅਗੇ ਹੈ)
ਸੰਪਾਦਕੀ
ਅਮਰੀਕਾ ਦੀਆਂ ਚੋਣਾਂ ਦਾ ਸੰਸਾਰ ਪੱਧਰ ਤੇ ਪੈਣ ਵਾਲਾ ਪ੍ਰਭਾਵ !
Page Visitors: 2734