ਦੋ ਬੇੜੀਆਂ ਵਿੱਚ ਲੱਤਾਂ !
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਸੰਨ 1931 ਤੋਂ 1945 ਤਕ ਫ਼ਜ਼ੂਲ ਦਾ 14 ਸਾਲਾਂ ਦਾ ਲੰਬਾ ਸਮਾਂ ਲਾ ਕੇ ਸ੍ਰੋ. ਕਮੇਟੀ ਵਲੋਂ ‘ਸਿੱਖ ਰਹਤ ਮਰਯਾਦਾ’ ਘੜੀ ਗਈ । ਮੁੱਖ ਤੌਰ ਉੱਤੇ ਇਸ ਮਰਯਾਦਾ ਦੇ 24 ਪੰਨੇ ਹਨ, ਬਾਕੀ 8 ਪੰਨਿਆਂ ਉੱਤੇ ਕਮੇਟੀ ਵਲੋਂ ਕੀਤੀਆਂ ਕਾਰਵਾਈਆਂ ਦਾ ਸੰਖੇਪ ਜ਼ਿਕਰ ਹੀ ਹੈ। ਮਰਯਾਦਾ ਦੇ 24 ਪੰਨਿਆਂ ਨੂੰ ਲਿਖਣ ਲਈ 14 ਸਾਲ਼ ਲਾਉਣ ਤੋਂ ਇਹ ਸਪੱਸ਼ਟ ਹੈ ਕਿ ਇਸ ਵਿੱਚ ਸਮੇਂ-ਸਮੇਂ ਬਿੱਪਰਵਾਦੀ ਪ੍ਰਭਾਵ ਹੇਠ ਨਿੱਤ-ਨੇਮ ਅਤੇ ਅਰਦਾਸਿ ਦੇ ਸਰੂਪ ਵਿੱਚ ਘਾਲ਼ੇ-ਮਾਲੇ ਕੀਤੇ ਗਏ ਜਿਨ੍ਹਾਂ ਸੰਬੰਧੀ ਅੱਜ ਵਾਵੇਲਾ ਖੜਾ ਹੋ ਚੁੱਕਾ ਹੈ।
ਬ੍ਰਾਹਮਣਵਾਦੀਆਂ ਨੇ ਰਹਤ ਮਰਯਾਦਾ ਵਿੱਚ ਨਿੱਤ-ਨੇਮ, ਅੰਮ੍ਰਿਤ ਦੀਆਂ ਬਾਣੀਆਂ ਅਤੇ ਅਰਦਾਸਿ ਦੇ ਸਰੂਪ ਰਾਹੀਂ ਬ੍ਰਾਹਮਣਵਾਦੀ ਅੰਸ਼ਾਂ ਨੂੰ ਵਾੜ ਕੇ ਗੁਰਦੁਆਰਿਆਂ ਵਿੱਚੋਂ ਸੰਨ 1920-25 ਵਿੱਚ ਬ੍ਰਾਹਮਣਵਾਦੀ ਮਹੰਤਾਂ ਨੂੰ ਬਾਹਰ ਕੱਢਣ ਦਾ ਬਦਲਾ ਲੈ ਲਿਆ ਹੈ। ਇਸ ਮਰਯਾਦਾ ਨੇ ਸਿੱਖਾਂ ਨੂੰ ਸੰਗਠਿਤ ਰੱਖਣ ਦੀ ਵਜਾਇ ਇਨ੍ਹਾਂ ਵਿੱਚ ਬਹੁਤ ਵੱਡੇ ਪਾੜੇ ਅਤੇ ਪੁਆੜੇ ਪਾਏ ਹਨ। ਲਾਭ ਘੱਟ ਅਤੇ ਸਿੱਖੀ ਦਾ ਸ਼ਾਇਦ ਨਾ ਪੂਰਾ ਹੋਣ ਵਾਲ਼ਾ ਨੁਕਸਾਨ ਇਹ ਰਹਤ ਮਰਯਾਦਾ (ਇਸ ਦੇ ਬ੍ਰਾਹਮਣਵਾਦੀ ਅੰਸ਼) ਕਰ ਚੁੱਕੀ ਹੈ।
ਇੱਸ ਰਹਤ ਮਰਯਾਦਾ ਨੂੰ ਬਣਾਉਣ ਲਈ ਬਣਾਈ 25 ਮੈਂਬਰੀ ਕਮਟੀ ਦੇ 14 ਮੈਂਬਰਾਂ ਨੇ ਕਦੇ ਵੀ ਕਮੇਟੀ ਦੀ ਕਿਸੇ ਮੀਟਿੰਗ ਵਿੱਚ ਕੋਈ ਭਾਗ ਨਹੀਂ ਲਿਆ ਅਤੇ ਇਨ੍ਹਾਂ ਵਲੋਂ ਅਜਿਹਾ ਕਰਨ ਦੀ ਸ਼੍ਰੋ. ਕਮੇਟੀ ਜਾਂ ਮਰਯਾਦਾ ਕਮੇਟੀ ਦੇ ਕਨਵੀਨਰ ਨੇ ਕਦੇ ਪਰਵਾਹ ਅਤੇ ਪੁੱਛ-ਗਿੱਛ ਨਹੀਂ ਕੀਤੀ। ਲਿਖਿਆ ਗਿਆ ਮਿਲ਼ਦਾ ਹੈ ਕਿ ਬਾਕੀ 14 ਮੈਂਬਰਾਂ ਨੂੰ ਵੀ ਸ਼੍ਰੋ. ਕਮੇਟੀ ਵਲੋਂ ਕਈ ਵਾਰੀ ਨਦਰ ਅੰਦਾਜ਼ ਕਰਕੇ ਬਾਹਰੋਂ ਹੋਰ ਮੈਂਬਰ ਲੈ ਕੇ ਮਰਯਾਦਾ ਬਣਾਉਣ ਲਈ ਅਲੱਗ ਬੈਠਕਾਂ ਕੀਤੀਆਂ ਗਈਆਂ, ਜਿਵੇਂ ਮਰਯਾਦਾ ਕਮੇਟੀ ਦੇ ਮੈਂਬਰਾਂ ਨੂੰ ਜੀਉਂਦੇ ਹੀ ਮਾਰ ਦਿੱਤਾ ਗਿਆ ਹੋਵੇ।
31 ਜਨਵਰੀ ਸੰਨ 1932 ਤਕ ਚਾਰ ਸਮਾਗਮ ਕਰਕੇ 14 ਮੈਂਬਰਾਂ ਵਲੋਂ ਬਣਾਏ ਰਹਤ ਮਰਯਾਦਾ ਦੇ ਖਰੜੇ ਨੂੰ ਸ਼੍ਰੋ. ਕਮੇਟੀ ਨੂੰ ਸੌਂਪਿਆ ਗਿਆ। ਖਰੜੇ ਨੂੰ ਪੜ੍ਹ ਕੇ ਸ਼੍ਰੋ. ਕਮੇਟੀ ਖ਼ੁਸ਼ ਨਹੀਂ ਹੋਈ। ਇਸ ਖਰੜੇ ਉੱਤੇ ਮੁੜ ਵਿਚਾਰ ਕਰਨ ਅਤੇ ਇਸ ਵਿੱਚ ਮਨ ਭਾਉਂਦੀਆਂ ਤਬਦੀਲੀਆਂ ਕਰਨ ਲਈ ਸ਼੍ਰੋ. ਕਮੇਟੀ ਨੇ 14 ਸਾਲਾਂ ਵਿੱਚ ਸਮੇਂ-ਸਮੇਂ ਪਹਿਲੀ ਕਮੇਟੀ ਸਮੇਤ ਹੇਠ ਲਿਖੀਆਂ ਕਮੇਟੀਆਂ ਬਣਾਈਆਂ ਜੋ ਗੁਰੂ-ਪੰਥ ਨਹੀਂ ਸਨ :-
1. ਸੰਨ 1931 ਵਿੱਚ ਪਹਿਲੀ 25 ਮੈਂਬਰੀ ਕਮੇਟੀ ਜਿੱਸ ਦੇ ਕੇਵਲ 14 ਮੈਂਬਰ ਹੀ ਪਹਿਲੀ ਵਿਚਾਰ ਵਿੱਚ ਸ਼ਾਮਲ ਹੋਏ ਪਰ ਬਾਕੀ 11 ਮੈਂਬਰ ਕਦੇ ਵੀ ਵਿਚਾਰ ਵਿੱਚ ਸ਼ਾਮਲ ਨਹੀਂ ਹੋਏ। ਚਾਰ ਸਮਾਗਮ ਕਰ ਕੇ ਇਸ ਨੇ ਰਹਤ ਮਰਯਾਦਾ ਦਾ ਖਰੜਾ ਬਣਾ ਲਿਆ ਸੀ।
2. ਦੂਜੀ ਕਮੇਟੀ 8 ਮਈ ਸੰਨ 1932 ਨੂੰ ਮਰਯਾਦਾ ਦੇ ਖਰੜੇ ਉੱਤੇ ਪੁਨਰ ਵਿਚਾਰ ਲਈ ਬਣਾਈ ਗਈ। ਇਸ ਵਿੱਚ 14 ਮੈਂਬਰੀ ਕਮੇਟੀ ਦੇ ਕੇਵਲ 2 ਅਤੇ ਬਾਹਰੋਂ ਨਵੇਂ 8 ਮੈਂਬਰ ਲਏ ਗਏ, ਜਿਵੇਂ ਪਹਿਲੀ ਬਣਾਈ ਕਮੇਟੀ ਉੱਤੇ ਸ਼੍ਰੋ. ਕਮੇਟੀ ਦਾ ਵਿਸ਼ਵਾਸ ਹੀ ਉੱਡ ਗਿਅ ਹੋਵੇ ਜਾਂ ਪਹਿਲੀ ਕਮੇਟੀ ਸ਼੍ਰੋ. ਕਮੇਟੀ ਦੇ ਆਦੇਸ਼ ਅਨੁਸਾਰ ਖਰੜਾ ਨਾ ਬਣਾ ਸਕੀ ਹੋਵੇ। ਜਿਹੜੇ ਸੱਜਣ ਅਜ ਕਹਿ ਰਹੇ ਹਨ ਕਿ ਇਹ ਪੰਥਕ ਮਰਯਾਦਾ ਹੈ, ਉਹ ਦੱਸਣ ਕਿ ਇੱਥੇ ਚੁਣੀ ਗਈ ਕਮੇਟੀ ਦੇ ਕੇਵਲ ਦੋ ਮੈਂਬਰਾਂ ਦਾ ਗੁਰੂ-ਪੰਥ ਕਿਵੇਂ ਰਹਿ ਗਿਆ? ਬਾਕੀ ਪੰਥਕ ਮੈਂਬਰਾਂ ਨੂੰ ਕਿਉਂ ਪੁਨਰ ਵਿਚਾਰ ਕਮੇਟੀ ਤੋਂ ਬਾਹਰ ਰੱਖਿਆ ਗਿਆ? ਸ਼੍ਰੋ. ਕਮੇਟੀ ਨੇ ਆਪਣੇ ਸਕੱਤ੍ਰ ਸ. ਵਸਾਵਾ ਸਿੰਘ ਅਤੇ ਇੱਕ ਮੈਂਬਰ ਸ. ਲਾਲ ਸਿੰਘ ਨੂੰ ਨਵੀਂ ਕਮੇਟੀ ਵਿੱਚ ਕਿਉਂ ਲਿਆ? ਕੇਵਲ ਆਪਣੇ ਜ਼ੋਰ ਨਾਲ਼ ਖਰੜੇ ਵਿੱਚ ਤਬਦੀਲੀਆਂ ਕਰਨ ਲਈ ਹੀ ਅਜਿਹਾ ਕੀਤਾ ਗਿਆ ਜਾਪਦਾ ਹੈ।
3. ਤੀਜੀ ਕਮੇਟੀ 26 ਸਤੰਬਰ ਸੰਨ 1932 ਨੂੰ ਬਣਾਈ ਗਈ। ਇਸ ਕਮੇਟੀ ਦੇ 9 ਮੈਂਬਰ ਚੁਣੇ ਗਏ। ਇਨ੍ਹਾਂ ਵਿੱਚ 14 ਮੈਂਬਰੀ ਕਮੇਟੀ ਦੇ ਕੇਵਲ 7 ਅਤੇ 2 ਨਵੇਂ ਮੈਂਬਰ ਲਏ ਗਏ।
4. ਚਉਥੀ ਕਮੇਟੀ ਦੇ ਮੈਂਬਰਾਂ ਦੇ ਨਾਂ ਗੁਪਤ ਰੱਖੇ ਗਏ। ਜੇ ਵਾਧੇ ਘਾਟੇ ਕਰਨ ਵਾਲ਼ੇ ਸਲਾਹਕਾਰ ਕਮੇਟੀ ਦੇ ਹੀ ਇਹ 8 ਮੈਂਬਰ ਸਨ ਤਾਂ ਇਨ੍ਹਾਂ ਵਿੱਚ ਵੀ 4 ਮੈਂਬਰ ਪਹਿਲੀ ਚੁਣੀ 25 (ਅਸਲ ਵਿੱਚ 14) ਮੈਂਬਰੀ ਕਮੇਟੀ ਤੋਂ ਬਾਹਰੋਂ ਹੀ ਸਨ। ਧਾਰਮਿਕ ਸਲਾਹਕਾਰ ਕਮੇਟੀ ਵਲੋਂ 7 ਜਨਵਰੀ ਸੰਨ 1945 ਨੂੰ ਹੋਈ ਇੱਕੱਤਰਤਾ ਵਿੱਚ ਸ਼੍ਰੋ. ਕਮੇਟੀ ਨੂੰ ਸਿਫ਼ਾਰਸ਼ ਕੀਤੀ ਗਈ ਕਿ 12 ਅਕਤੂਬਰ ਸੰਨ 1936 ਨੂੰ ਸ਼੍ਰੋ. ਕਮੇਟੀ ਦੀ ਪ੍ਰਵਾਨਗੀ ਨਾਲ਼ ਬਣ ਚੁੱਕੀ ‘ਸਿੱਖ ਰਹਤ ਮਰਯਾਦਾ’ ਵਿੱਚ ਹੋਰ ਵਾਧੇ ਘਾਟੇ ਕੀਤੇ ਜਾਣੇ ਚਾਹੀਦੇ ਹਨ। ਸ਼੍ਰੋ. ਕਮੇਟੀ ਨੇ ਇਹ ਵਾਧੇ ਘਾਟੇ ਕਰਨ ਦੀ ਪ੍ਰਵਾਨਗੀ ਮਤਾ ਨੰਬਰ 97 ਮਿਤੀ 3 ਫ਼ਰਬਰੀ ਸੰਨ 1945 ਨੂੰ ਦੇ ਦਿੱਤੀ।
ਇੱਸ ਮੌਕੇ ਵੀ ਬ੍ਰਾਹਮਣਵਾਦੀ ਪ੍ਰਭਾਵ ਹੀ ਹਾਵੀ ਰਿਹਾ। ਸ਼ਾਮ ਦੇ ਨਿੱਤ-ਨੇਮ ਵਿੱਚ ਬਚਿੱਤ੍ਰ ਨਾਟਕ ਵਿੱਚ ਲਿਖੀ ‘ਰਾਮਾਵਤਾਰ’ ਦੀ ਰਾਮਾਇਣ ਵਿੱਚੋਂ ਦੋ ਰਚਨਾਵਾਂ ਦਾ ਹੋਰ ਬ੍ਰਾਹਮਵਾਦੀ ਵਾਧਾ ਕਰ ਦਿੱਤਾ ਗਿਆ ਅਤੇ ਇਹ ਤਬਦੀਲੀ ਸੰਨ 1936 ਵਿੱਚ ਬਣ ਚੁੱਕੀ ਰਹਤ ਮਰਯਾਦਾ ਵਿੱਚ 9 ਸਾਲਾਂ ਪਿੱਛੋਂ ਕੀਤੀ ਗਈ। ਕੀ ਇਹ ਤਬਦੀਲੀਆਂ ਗੁਰੂ-ਪੰਥ ਨੇ ਕੀਤੀਆਂ ਕਿ ਸ਼੍ਰੋ. ਕਮੇਟੀ ਨੇ?
ਸੰਨ 1945 ਵਿੱਚ ਮਰਯਾਦਾ ਦੇ ਖਰੜੇ ਨੂੰ ਛਪਵਾ ਕੇ ਵੇਚਣ ਲਈ ਸ਼੍ਰੋ. ਕਮੇਟੀ ਨੇ ਆਪਣੀਆਂ ਦੁਕਾਨਾਂ ਉੱਤੇ ਰੱਖ ਦਿੱਤਾ।
ਨੋਟ: 1. ਸ਼੍ਰੋ. ਕਮੇਟੀ ਸੰਨ 1936 ਵਿੱਚ ਮਰਯਾਦਾ ਦੇ ਖਰੜੇ ਨੂੰ ਪ੍ਰਵਾਨਗੀ ਦੇ ਕੇ ਇਸ ਨੂੰ ਇੱਕ ਡਾਕੂਮੈਂਟ ਬਣਾ ਚੁੱਕੀ ਸੀ। ਫਿਰ 9 ਸਾਲਾਂ ਬਾਅਦ, ਬਣੇ ਡਾਕੂਮੈਂਟ ਵਿੱਚ, ਦੋ ਹੋਰ ਬ੍ਰਾਹਮਣਵਾਦੀ ਰਚਨਾਵਾਂ ਜੋੜ ਦਿੱਤੀਆਂ ਗਈਆਂ ਜਿਸ ਤੋਂ ਪਤਾ ਲੱਗਦਾ ਹੈ ਕਿ ‘ਸਿੱਖ ਰਹਤ ਮਰਯਾਦਾ’ ਬਣਨ ਸਮੇਂ ਬ੍ਰਾਹਮਣਵਾਦ ਇਸ ਉੱਤੇ ਕਿੰਨਾਂ ਕੁ ਹਾਵੀ ਰਿਹਾ।
ਪੜ੍ਹਨ ਵਿੱਚ ਆਇਆ ਹੈ ਕਿ ਕਈ ਸਿੱਖ ਪ੍ਰਚਾਰਕ ਅਤੇ ਸੰਸਥਾਵਾਂ ਇਸ ਰਹਤ ਮਰਯਾਦਾ ਨੂੰ ਰੱਬੀ ਹੁਕਮ ਮੰਨ ਕੇ ਚੱਲ ਰਹੀਆਂ ਹਨ ਤੇ ਇੱਸ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਬਦੀਲੀ ਦੇ ਹੱਕ ਵਿੱਚ ਨਹੀਂ ਹਨ, ਭਾਵੇਂ, ਸ਼੍ਰੋ. ਕਮੇਟੀ ਇੱਸ ਵਿੱਚ ਹੁਣ ਤਕ ਕਈ ਤਬਦੀਲੀਆਂ ਕਰ ਵੀ ਚੁੱਕੀ ਹੈ। ਕਈਆਂ ਨੇ ਤਾਂ ਭਰਮ ਪਾਲਦੇ ਹੋਏ ਸ਼੍ਰੋ. ਕਮੇਟੀ ਦੀ ਬਣਾਈ ਮਰਯਾਦਾ ਨੂੰ ਗੁਰੂ ਕ੍ਰਿਤ ਰਚਨਾ ਭਾਵ ਗੁਰਬਾਣੀ ਨਾਲ਼ ਹੀ ਤੁਲਨਾ ਦਿੱਤੀ ਹੋਈ ਹੈ ਅਖੇ ਇਹ ਸਿੱਖ ਪੰਥ ਦੀ ਬਾਣੀ ਹੈ ਭਾਵੇਂ ਉਨ੍ਹਾਂ ਨੇ ਅਜਿਹਾ ਕਹਿ ਕੇ ਸ਼੍ਰੋ. ਕਮੇਟੀ ਨੂੰ ਸਤਿਗੁਰੂ ਪਾਤਿਸ਼ਾਹਾਂ ਨਾਲ਼ ਸਮਾਨਤਾ ਦੇ ਕੇ ਗੁਰੂ ਪਦਵੀ ਦੀ ਘੋਰ ਨਿਰਾਦਰੀ ਹੀ ਕੀਤੀ ਹੈ। ਗੁਰੂ ਨਾਲ਼ੋਂ ਸਿੱਖ ਪੰਥ. ਖ਼ਾਲਸਾ ਪੰਥ, ਕਿਸੇ ਕਮੇਟੀ, ਜਥੇਦਾਰ ਆਦਿਕ ਦੇ ਵੱਡੇ ਹੋਣ ਦਾ ਭਰਮ ਪਾਲਣਾ ਸਿੱਖੀ ਲਈ ਘਾਤਕ ਸਿੱਧ ਹੋ ਰਿਹਾ ਹੈ।
ਨੋਟ: 2. ਸ਼੍ਰੋ. ਕਮੇਟੀ ਨੇ 4-8-1973 ਨੂੰ ਪੱਤਰ ਨੰਬਰ 366723 ਮੁਤਾਬਕ ਦਸ਼ਮ ਗ੍ਰੰਥ ਦੇ ਚਰਿੱਤ੍ਰੋ ਪਾਖਯਾਨ ਨੂੰ ਦਸ਼ਮੇਸ਼ ਬਾਣੀ ਨਹੀਂ ਮੰਨਿਆ ਹੈ। ਇਹ ਮਤਾ ਦਰਬਾਰ ਸਾਹਿਬ ਅਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰਾਂ ਦੀ ਰਾਇ ਨਾਲ਼ ਕੀਤਾ ਗਿਆ ਸੀ। ਇਸ ਮਤੇ ਅਨੁਸਾਰ ‘ਕਬਿਯੋ ਬਾਚ ਬੇਨਤੀ ਚੌਪਈ’ ਦਸ਼ਮੇਸ਼ ਬਾਣੀ ਨਹੀਂ ਹੈ, ਪਰ ਫਿਰ ਵੀ ਸ਼੍ਰੋ. ਕਮੇਟੀ ਨੇ ਇਸ ਰਚਨਾ ਨੂੰ ਹੁਣ ਤਕ ਨਿੱਤ-ਨੇਮ ਵਿੱਚੋਂ ਬਾਹਰ ਨਹੀਂ ਕੱਢਿਆ।
ਦੋ ਬੇੜੀਆਂ ਵਿੱਚ ਲੱਤਾਂ:
ਬਹੁਤ ਸਾਰੇ ਪ੍ਰਚਾਰਕ ਕਹਿੰਦੇ ਹਨ ਕਿ ‘ਸਿੱਖ ਰਹਤ ਮਰਯਾਦਾ’ ਨੂੰ ਉਹ ਸਮਰਪਿਤ ਹਨ, ਜਿਸ ਨਾਲ਼ ਸਿੱਖਾਂ ਵਿੱਚ ਏਕਤਾ ਹੋ ਸਕਦੀ ਹੈ। ਨਾਲ ਹੀ ਉਹ ਇਹ ਵੀ ਕਹਿੰਦੇ ਹਨ ਕਿ ਉਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਵਿਚਾਰਧਾਰਾ ਨੂੰ ਹੀ ਸਮਰਪਿਤ ਹਨ। ਇਹ ਦੋ ਗੱਲਾਂ ਪ੍ਰਸਪਰ ਵਿਰੋਧੀ ਹਨ।
‘ਰਹਤ ਮਰਯਾਦਾ’ ਵਿੱਚ ਲਿਖੀਆਂ ਜਾਪੁ, ਸਵੱਯੇ, ਚੌਪਈ ਅਤੇ ਪ੍ਰਿਥਮ ਭਗਉਤੀ ਸਿਮਰਿ ਕੈ ਵਾਲ਼ੀਆਂ ਰਚਨਨਾਵਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਬਾਹਰ ਹਨ, ਕਿਉਂਕਿ ਇਹ ਦੁਰਗਾ ਅਤੇ ਮਹਾਂਕਾਲ਼ ਦੀ ਸਿਫ਼ਤਿ ਕਰਦੀਆਂ ਹਨ। ਦਸਵੇਂ ਪਾਤਿਸ਼ਾਹ ਜੀ ਨੇ ਸਿੱਖ ਕੌਮ ਨੂੰ ਅਖੌਤੀ ਦਸਮ ਗ੍ਰੰਥ ਜਾਂ ਇਸ ਦੀਆਂ ਰਚਨਾਵਾਂ ਨਹੀਂ ਦਿੱਤੀਆਂ। ਉਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖ ਕੌਮ ਦਾ ਗੁਰੂ ਮੰਨਿਆਂ ਹੈ। ਰਹਤ ਮਰਯਾਦਾ ਸ਼੍ਰੋ. ਕਮੇਟੀ ਨੇ ਬਣਾਈ ਹੈ। ਜਦੋਂ ‘ਸਿੱਖ ਰਹਤ ਮਰਯਾਦਾ’ ਦਾ ਕਿਤਾਬਚਾ ਨਹੀਂ ਬਣਿਆਂ ਸੀ, ਕੀ ਓਦੋਂ ਸਿੱਖਾਂ ਵਿੱਚ ਏਕਤਾ ਨਹੀਂ ਸੀ? ਦਸਵੇਂ ਪਾਤਿਸ਼ਾਹ ਤੱਕ ਸਿੱਖਾਂ ਦੀ ਅਗਵਾਈ ਗੁਰੂ ਜੀ ਅਤੇ ਉਨ੍ਹਾਂ ਦੀ ਗੁਰਬਾਣੀ ਹੀ ਕਰਦੀ ਆਈ ਹੈ। ਅੱਜ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਉੱਪਰ ਕੋਈ ਕਮੇਟੀ, ਕੋਈ ਜਥੇਦਾਰ, ਕੋਈ ਗ੍ਰੰਥ, ਕੋਈ ਮਰਯਾਦਾ ਆਦਿਕ ਨਹੀਂ ਹੈ। ਗੁਰੂ ਹੀ ਸੱਭ ਤੋਂ ਵੱਡਾ ਹੈ ਤੇ ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਸ ਦੀ ਬਾਣੀ ਨਾਲ਼ ਕੋਈ ਹੋਰ ਨਕਲੀ ਬਾਣੀ ਨਿੱਤ-ਨੇਮ, ਅੰਮ੍ਰਿਤ ਅਤੇ ਅਰਦਾਸਿ ਵਿੱਚ ਨਹੀਂ ਰਲ਼ਾਈ ਜਾ ਸਕਦੀ।
ਦੋ ਬੇੜੀਆਂ ਵਿੱਚ ਲੱਤਾਂ ਰੱਖਣ ਵਾਲ਼ੇ ਕਦੇ ਇਹ ਵੀ ਸਪੱਸ਼ਟ ਕਰਨਗੇ?
1.) ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਪੰਜਵੇਂ ਗੁਰੂ ਜੀ ਦਾ (ਸੰਨ 1604 ਦਾ) ਬਣਾਇਆ ਅਤੇ ਦਸਵੇਂ ਗੁਰੂ ਜੀ ਤੋਂ (ਦਮਦਮੀ ਬੀੜ ਲਿਖਵਾਉਣ ਸਮੇਂ) ਪ੍ਰਵਾਨ ਹੋਇਆ ਨਿੱਤ-ਨੇਮ ਸ਼੍ਰੋ. ਕਮੇਟੀ ਦੇ ਬਣਾਏ ਨਿੱਤ-ਨੇਮ ਤੋਂ ਘਟੀਆ ਹੈ?
2.) ਕੀ ਗੁਰੂ ਜੀ ਸ਼੍ਰੋ. ਕਮੇਟੀ ਨਾਲ਼ੋਂ ਛੋਟੇ ਹਨ?
3.) ਕੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚਲੀ ਰਹਤ ਮਰਯਾਦਾ ਸ਼੍ਰੋ. ਕਮੇਟੀ ਦੀ ਬਣਾਈ ਰਹਤ ਮਰਯਾਦਾ ਨਾਲ਼ੋਂ ਘਟੀਆ ਹੈ?
4.) ਸ਼੍ਰੋ. ਕਮੇਟੀ ਨੂੰ ਕਿੱਸ ਨੇ ਇਹ ਅਧਿਕਾਰ ਦਿੱਤਾ ਸੀ ਕਿ ਉਹ ਗੁਰੂ ਪਾਤਿਸ਼ਾਹਾਂ ਦਾ ਬਣਾਇਆ ਨਿੱਤ-ਨੇਮ ਬਦਲੇ, ਅੰਮ੍ਰਿਤ ਦੀਆਂ ਬਾਣੀਆਂ ਵਿੱਚ ਨਕਲੀ ਬਾਣੀਆਂ ਰਲ਼ਾਵੇ ਅਤੇ ਪ੍ਰਿਥਮ ਭਗਉਤੀ ਸਿਮਰ ਕੈ ਵਾਲ਼ੀ ਪਉੜੀ ਰਾਹੀਂ ਸਿੱਖਾਂ ਨੂੰ ਨਾਨਕ ਤੋਂ ਪਹਿਲਾਂ ਦੁਰਗਾ ਦੇਵੀ ਦਾ ਨਾਂ ਲੈਣਾਂ ਸਿਖਾਵੇ?
5.) ਕੀ ਰਹਤ ਮਰਯਾਦਾ ਗੁਰਬਾਣੀ ਤੋਂ ਵੀ ਵੱਡੀ ਹੋ ਗਈ, ਕਿ ਇਸ ਦੇ ਬ੍ਰਾਹਣਮਣਵਾਦੀ ਅੰਸ਼ਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿੱਚ ਸਿੱਖ ਬਦਲ ਨਹੀਂ ਸਕਦੇ?
ਸਿੱਟਾ:
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ (ਰਾਗ ਮਾਲ਼ਾ ਤੋਂ ਬਿਨਾਂ) ਤਾਂ ਗੁਰੂ ਪਾਤਿਸ਼ਾਹਾਂ ਵਲੋਂ ਹੀ ਪਰਵਾਨ ਹਨ। ਇਨ੍ਹਾਂ ਗੁਰੂ ਪ੍ਰਵਾਨਤ ਬਾਣੀਆਂ ਨੂੰ ਨਿੱਤ-ਨੇਮ ਕਰਨ, ਅੰਮ੍ਰਿਤ ਛਕਾਉਣ ਸਮੇਂ ਪੜ੍ਹਨ ਅਤੇ ਅਰਦਾਸਿ ਵਿੱਚ ਪੜ੍ਹਨ ਦੀ, ਗੁਰੂ ਦੋਖੀਆਂ ਤੋਂ ਬਿਨਾਂ, ਕੋਈ ਮਨਾਹੀ ਨਹੀਂ ਕਰ ਸਕਦਾ। ਜਾਪੁ, ਸਵੱਯੇ, ਚੌਪਈ ਅਤੇ ਪ੍ਰਿਥਮ ਭਗਉਤੀ ਸਿਮਰ ਕੈ ਵਾਲ਼ੀਆਂ ਰਚਨਾਵਾਂ ਕਿਸੇ ਗੁਰੂ ਜੀ ਤੋਂ ਗੁਰਬਾਣੀ ਵਜੋਂ ਪ੍ਰਵਾਨ ਨਹੀਂ ਹਨ, ਕਿਉਂਕਿ ਪ੍ਰਵਾਨ ਹੋਈ ਬਾਣੀ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਹੀ ਦਰਜ ਹੈ, ਜਿਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਪਈ ਕੋਈ ਵੀ ਕਵਿ-ਰਚਨਾ ਗੁਰਬਾਣੀ ਨਹੀਂ ਅਤੇ ਨਾ ਹੀ ਉਸ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ। ਗੁਰੂ ਨਾਲ਼ ਜੁੜਨ ਦਾ ਅਰਥ ਹੈ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ, ਵਿਚਾਰਨਾ, ਸਮਝਣਾ ਅਤੇ ਉਸ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਕਮਾਉਣਾ। ਮੱਕਿਓਂ ਪਰੇ ਓਜਾੜ ਹੀ ਓਜਾੜ ਹੈ।
ਭੁੱਲ ਚੁੱਕ ਦੀ ਖਿਮਾ।
ਕਸ਼ਮੀਰਾ ਸਿੰਘ (ਪ੍ਰੋ.) U.S.A.
ਦੋ ਬੇੜੀਆਂ ਵਿੱਚ ਲੱਤਾਂ !
Page Visitors: 2677