ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਰਾਜ ਕਰੇਗਾ ਖਾਲਸਾ
ਰਾਜ ਕਰੇਗਾ ਖਾਲਸਾ
Page Visitors: 2743

ਰਾਜ ਕਰੇਗਾ ਖਾਲਸਾ
ਸਰਵਜੀਤ ਸਿੰਘ ਸੈਕਰਾਮੈਂਟੋ
ਪਿਛਲੇ ਕਈ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣੀ ਇਹ ਪੰਗਤੀ, “ਰਾਜ ਕਰੇਗਾ ਖਾਲਸਾ” ਜਿਸ ਬਾਰੇ ਪੰਜਾਬੀ ਪਾਰਟੀ ਦੇ ਬੁਲਾਰੇ ਮਨਜਿੰਦਰ ਸਿੰਘ ਸਿਰਸਾ ਦਾ ਬਿਆਨ ਆਇਆ ਹੈ, “ਭਗਵੰਤ ਵੱਲੋਂ ਗੁਰਬਾਣੀ ਦੇ ਸ਼ਬਦ ਨਾਲ ਖਿਲਵਾੜ, ਨੀਚ ਕਿਰਦਾਰ ਦਾ ਪ੍ਰਗਟਾਵਾ”। ਭਗਵੰਤ ਮਾਨ ਨੂੰ ਅਗਿਆਨੀ ਦੱਸਣ ਵਾਲੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੂੰ ਖ਼ੁਦ ਇਹ ਵੀ ਨਹੀ ਪਤਾ ਕਿ ਇਹ ਪੰਗਤੀ ਗੁਰਬਾਣੀ ਨਹੀਂ ਹੈ। ਇਸ ਚਰਚਾ ਦਾ ਆਰੰਭ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਆਰ ਪੀ ਸਿੰਘ ਵੱਲੋਂ ਕੀਤਾ ਗਿਆ ਹੈ। ਭਗਵੰਤ ਮਾਨ ਨੇ ਕਈ ਸਾਲ ਪਹਿਲਾ ਕਿਸੇ ਸਟੇਜ ਤੇ ਇਕੱਤਰ ਹੋਏ ਕਲਾਕਾਰਾਂ ਦੇ ਇਕੱਠ ਵਿੱਚ, “ਰਾਜ ਕਰੇਗਾ ਖਾਲਸਾ, ਆਕੀ ਰਹੇ ਨ ਕੋਇ” ਨੂੰ ਵਿਗਾੜ ਕੇ “ਰਾਜ ਕਰੇਗਾ ਖਾਲਸਾ, ਮਰਾਸੀ ਰਹੇ ਨ ਕੋਇ” ਉਚਾਰਿਆ ਸੀ। ਇਸ ਕਾਰਨ ਉਸ ਦਾ ਹਿਰਦਾ ਵਲੂੰਧਰਿਆ ਗਿਆ ਹੈ। ਆਰ ਪੀ ਸਿੰਘ ਨੇ ਗਿਆਨੀ ਗੁਰਬਚਨ ਸਿੰਘ ਜੀ ਨੂੰ ਲਿਖਤੀ ਸ਼ਿਕਾਇਤ ਅਤੇ ਸਬੂਤ ਵੱਜੋਂ ਇਕ ਸੀ ਡੀ ਦੇ ਕੇ ਅਪੀਲ ਕੀਤੀ ਕਿ ਭਗਵੰਤ ਮਾਨ ਵੱਲੋਂ ਕੀਤੀ ਗਈ ਇਸ ਅਵੱਗਿਆ ਲਈ ਉਸ ਖਿਲਾਫ਼ ਗੁਰਮਤਿ ਅਨੁਸਾਰ ਕਾਰਵਾਈ ਕੀਤੀ ਜਾਵੇ। ਗਿਆਨੀ ਗੁਰਬਚਨ ਸਿੰਘ ਨੇ ਇਸ ਸ਼ਿਕਾਇਤ ਬਾਰੇ ਕਿਹਾ ਕਿ ਇਸ ਤੇ ਪੰਜ ਸਿੰਘ ਸਾਹਿਬ ਦੀ 12 ਦਸੰਬਰ ਨੂੰ ਹੋ ਰਹੀ ਮੀਟਿੰਗ ਵਿੱਚ ਵਿਚਾਰ ਕੀਤੀ ਜਾਵੇਗੀ। ਭਗਵੰਤ ਮਾਨ ਤੇ ਇਹ ਦੋਸ਼ ਵੀ ਹੈ ਕਿ ਉਸ ਨੇ ਜਾਤੀ ਸੂਚਕ ਸ਼ਬਦ ਦੀ ਵਰਤੋ ਕੀਤੀ ਹੈ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਈ ਸਾਲ ਪੁਰਾਣੀ ਵੀਡਿਓ ਵੇਖ ਕੇ ਭਾਰਤੀ ਜੰਤਾ ਪਾਰਟੀ ਦੇ ਕੌਮੀ ਸਕੱਤਰ ਦਾ ਹਿਰਦਾ ਤਾਂ ਛਲਨੀ ਹੋ ਗਿਆ ਹੈ ਪਰ ਜਿਸ ਲਈ ਜਾਤੀ ਸੂਚਕ ਸ਼ਬਦ ਵਰਤਿਆ ਗਿਆ ਹੈ; ਭਾਵ ਸਰਦੂਲ ਸਿਕੰਦਰ ਨੇ ਤਾਂ ਕਦੇ ਕੋਈ ਇਤਰਾਜ਼ ਨਹੀ ਕੀਤਾ। ਉਂਝ ਜੇ ਫ਼ੋਟੋ ਨੂੰ ਧਿਆਨ ਨਾਲ ਵੇਖੀਏ ਤਾਂ ਭਾਰਤੀ ਜੰਤਾ ਪਾਰਟੀ ਦਾ ਇਹ ਨੇਤਾ, ਸਿੱਖ ਰਹਿਤ ਮਰਿਯਾਦਾ ਮੁਤਾਬਕ ਖ਼ੁਦ ਹੀ ਤਨਖ਼ਾਹੀਆਂ ਹੈ। ਅਸਲ ਦੋਸ਼ੀ ਤਾਂ ਆਰ ਪੀ ਸਿੰਘ ਅਤੇ ਮਨਜਿੰਦਰ ਸਿੰਘ ਸਿਰਸਾ ਹਨ ਜੋ ਕਿਸੇ ਕਵੀ ਦੀ ਰਚਨਾ ਨੂੰ ਗੁਰਬਾਣੀ ਦੱਸ ਰਹੇ ਹਨ।
 ............................
ਟਿੱਪਣੀ:-  ਸਿੱਖੀ ਦੇ ਇਨ੍ਹਾਂ ਆਪੂੰ ਬਣੇ ਠੇਕੇਦਾਰਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਕਿ ਹੁਣ ਤਾਂ ਸਾਰੇ ਪੰਥ ਵਿਚ ਇਨ੍ਹਾਂ ਦੀ ਥੂ-ਥੂ ਹੁੰਦੀ ਪਈ ਹੈ, ਇਨ੍ਹਾਂ ਲੋਕਾਂ ਤਾਂ ਇਨ੍ਹਾਂ ਮਹਾਨ-ਸਤਿਕਾਰਤ ਓਹਦਿਆਂ ਨੂੰ ਵੀ ਕਲੰਕਤ ਕਰ ਦਿੱਤਾ ਹੈ, ਜੇ ਅਜੇ ਵੀ ਇਹ ਆਪੂੰ ਬਣੇ ਠੇਕੇਦਾਰ ਬਾਜ ਨਾ ਆਏ ਤਾਂ ਉਹ ਦਿਨ ਦੂਰ ਨਹੀਂ ਜਦ ਲੋਕ ਇਨ੍ਹਾਂ ਦੀ ਸ਼ਰੇ-ਆਮ ਮੌਜਿਆਂ ਨਾਲ ਸੇਵਾ ਕਰਿਆ ਕਰਨਗੇ। ਅਜੇ ਵੀ ਇਹ ਸੰਭਲ ਜਾਣ ਤਾਂ ਇਹ ਇਨ੍ਹਾਂ ਲਈ ਵੀ ਚੰਗਾ ਹੈ ਅਤੇ ਪੰਥ ਲਈ ਵੀ ਚੰਗਾ ਹੈ।
                   ਅਮਰ ਜੀਤ ਸਿੰਘ ਚੰਦੀ

 

 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.