ਕੈਟੇਗਰੀ

ਤੁਹਾਡੀ ਰਾਇ



ਜਸਬੀਰ ਸਿੰਘ ਵਿਰਦੀ
-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ ਭਾਗ 3 :-
-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ ਭਾਗ 3 :-
Page Visitors: 3157

-: ‘ਅੰਤਿ ਕਾਲਿ’ ਦੇ ਅਰਥਾਂ ਬਾਰੇ ਭਾਗ 3 :-
ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ ਲੁਧਿਆਣਾ, ਨਾਲ ਜੁੜੇ ਸੁਖਵਿੰਦਰ ਸਿੰਘ ਦਦੇਹਰ
‘ਅੰਤਿ ਕਾਲਿ ਜੋ ਲਛਮੀ ਸਿਮਰੈ’ ਸ਼ਬਦ ਵਿੱਚ ਆਏ ‘ਅੰਤਿ ਕਾਲਿ’ ਦੇ ਅਰਥ ਸਮਝਾਉਂਦੇ ਹੋਏ ਲਿਖਦੇ ਹਨ:--
“ਅਰਥ ਕਰਦੇ ਵਕਤ ਇਹ ਫਿਰ ਅਸਾਂ ਧਿਆਨ ਰਖਣਾ ਹੈ ਕਿ *ਅੰਤਿ ਕਾਲਿ* ਤੇ *ਮਰਨਾ* ਸਰੀਰਕ ਨਹੀਂ ਹੈ, ਮਾਨਸਿਕ ਹੈ, ਭਾਵ ਗੁਣਹੀਣ ਹੋਣਾ ਹੈ। … ਗੁਰਬਾਣੀ ਸਿਧਾਂਤਾਂ ਦੀ ਸੇਧ ਵਿੱਚ .. ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ *ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ*।
ਸ਼ਬਦ ਦਾ ਪਹਿਲਾ ਬੰਦ:- … ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ। ਮਾਇਆ ਦਾ ਸਿਮਰਨ ਭਾਵ ਭੈੜੀਆਂ ਲਾਲਸਾਵਾਂ ਦਾ ਹੀ ਪੂਜਾਰੀ ਹੋ ਗਿਆ। ….
ਸ਼ਬਦ ਦਾ ਦੂਜਾ ਬੰਦ:- ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਇਸਤਰੀ ਸਿਮਰੈ। ਕਾਮ ਵਾਸ਼ਨਾਵਾਂ ਦੀ ਪੂਰਤੀ ਕਰਦਾ ਕਰਦਾ ਜ਼ਮੀਰ ਦੀ ਮੌਤ ਵੱਲ ਵਧੀ ਗਿਆ ਜੇ ਇਸ ਵਿੱਚੋਂ ਬਾਹਰ ਨਿਕਲਣ ਲਈ ਕੋਈ ਉਪਰਾਲਾ ਨਾ ਕੀਤਾ
ਸ਼ਬਦ ਦਾ ਤੀਜਾ ਬੰਦ:-ਇਥੇ ਲੜਕੇ ਸਿਮਰਨ ਦਾ ਅਰਥ ਹੈ ਆਪਣੀ ਹੀ ਔਲਾਦ ਦੇ ਹਿਤਾਂ ਨੂੰ ਸੁਰੱਖਿਅਤ ਕਰਨ ਖਾਤਿਰ ਦੂਜਿਆਂ ਨਾਲ ਵਧੀਕੀਆਂ ਤੇ ਉਤਰ ਆਉਂਦਾ ਹੈ। ਇਥੇ ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲੜਕੇ ਸਿਮਰੈ।
ਸ਼ਬਦ ਦਾ ਚਾਉਥਾ ਬੰਦ:-ਇਥੇ ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਮੰਦਰ ਸਿਮਰੈ। ਮੰਦਰ ਦਾ ਅਰਥ ਹੈ ਘਰ। ਘਰ ਹਰ ਮਨੁੱਖ ਦ ਹੋਣਾ ਚਾਹੀਦਾ ਹੈ ਘਰ ਚਲਾਉਣ ਦਾ ਫਿਕਰ ਹੋਣਾ ਸੁਭਾਵਿਕ ਹੈ। ਪਰ ਅਪਣਾ ਹੀ ਘਰ ਵਸੇ ਦੂਜੇ ਦਾ ਭਾਵੇਂ ਤਬਾਹ ਹੋ ਜਾਵੇ ਜਾਂ ਅਪਣਾ ਵਸਦਾ ਰਖਣ ਲਈ ਦੂਜਿਆਂ ਦਾ ਹਰ ਵਕਤ ਬੁਰਾ ਸੋਚਣਾ ਤੇ ਇਸ ਵਿੱਚੋਂ ਨਿਕਲਣ ਦੀ ਬਜਾਏ ਇਸੇ ਵਿੱਚ ਹੀ ਇੰਨਾ ਖਚਿਤ ਹੋ ਜਾਣਾ ਕਿ ਜ਼ਮੀਰ ਹੀ ਸਾਥ ਛੱਡ ਜਾਏ ਪ੍ਰੇਤ ਜੂਨੀ ਹੈ।
ਸ਼ਬਦ ਦਾ ਪੰਜਵਾਂ ਬੰਦ:-ਹੁਣ ਆਖਰੀ ਬੰਦ ਤੇ ਰਹਾਉ ਦਾ ਬੰਦ ਰਲਾ ਕੇ ਸਾਰਾ ਤੱਤ ਸਾਰ ਕੱਢਿਆ ਗਿਆ ਹੈ। ਇਥੇ ਹੁਣ ਮੌਤ ਦਾ ਪ੍ਰਸੰਗ ਬਦਲ ਗਿਆ ਹੈ।
** ਤ੍ਰਿਲੋਚਨ ਜੀ ਆਖਦੇ ਹਨ ਅੰਤਿ ਕਾਲਿ ਵਾਲੀ ਹਾਲਤ ਬਣ ਜਾਣ ਤੇ ਵੀ ਅਰੀ ਬਾਈ ਗੋਬਿਦ ਨਾਮੁ ਮਤਿ ਬੀਸਰੈ॥** ਵਾਲੀ ਅਰਦਾਸ ਬਣੀ ਰਹੀ ਨਾਰਾਇਣੁ ਸਿਮਰੈ। ਇਸੇ ਜਤਨ ਵਿੱਚ ਮਾਇਆ ਵਲੋਂ ਵਿਕਾਰਾਂ ਵਲੋਂ ਮਰ ਗਿਆ ਗੋਬਿੰਦ ਨਾਲੋਂ ਟੁਟਣੋਂ ਬਚ ਗਿਆ ਜ਼ਮੀਰ ਜਿੰਦਾ ਬਚ ਗਈ ਤਾਂ ਐਸੇ ਮਨੁੱਖ ਨੂੰ ਹੇ ਤ੍ਰਿਲੋਚਨ! ਵਿਕਾਰਾਂ ਤੋਂ ਮੁਕਤ ਮੰਨਣਾ ਚਾਹੀਦਾ ਹੈ ਤੇ ਉਸੇ ਦੇ ਹਿਰਦੇ ਵਿੱਚ ਪ੍ਰਮਾਤਮਾ ਵਸਦਾ ਸਮਝੋ ਜਿਸ ਨੇ ਸਾਰੀਆਂ ਭੈੜੀਆਂ ਹਾਲਤਾਂ ਵਿੱਚ ਵੀ ਸੱਚ ਦਾ ਸਾਥ ਨਾ ਛੱਡਿਆ। ਜ਼ਮੀਰ ਜਿੰਦਾ ਰਖਣ ਦੀ ਖਾਤਿਰ ਹਰ ਉਸ ਗਲ ਦਾ ਤਿਆਗ ਕਰ ਦਿਤਾ ਜੋ ਇਨਸਾਨੀਅਤ ਤੋਂ ਦੂਰ ਲਿਜਾਂਦੀ ਸੀ।”
ਵਿਚਾਰ:-- ਜਿਸ ਤਰ੍ਹਾਂ ਕਿ ਪਹਿਲਾਂ ਵੀ ਕਈ ਵਾਰੀਂ ਸੂਚਿਤ ਕੀਤਾ ਜਾ ਚੁੱਕਾ ਹੈ ਕਿ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਜਵੱਦੀ ਲੁਧਿਆਣਾ ਵਾਲਿਆਂ ਨੁੰ ਗੁਰਮਤਿ ਦੇ ਕਈ ਸੰਕਲਪ ਮਨਜ਼ੂਰ ਨਹੀਂ ਹਨ।ਜਿਹੜੇ ਸੰਕਲਪ ਇਹਨਾਂ ਨੂੰ ਮਨਜ਼ੂਰ ਨਹੀਂ ਉਹਨਾਂ ਦੇ ਆਪਣੀ ਬਣੀ ਸੋਚ ਮੁਤਾਬਕ ਅਰਥ ਕਰਕੇ ਪ੍ਰਚਾਰ ਰਹੇ ਹਨ।ਇਹਨਾਂ ਲੋਕਾਂ ਨੂੰ ਗੁਰਮਤਿ ਦਾ ਇਸ ਜਨਮ ਤੋਂ ਬਾਅਦ ਫੇਰ ਜਨਮ ਵਾਲਾ ਕੌਨਸੈਪਟ ਮਨਜ਼ੂਰ ਨਹੀਂ ਹੈ, ਸੋ ‘… ਕੌਲੇਜ’ ਨਾਲ ਜੁੜੇ ਪ੍ਰਿੰਸੀਪਲ ਅਤੇ ਪ੍ਰੋਫੈਸਰਾਂ ਨੇ ‘ਅੰਤਿ ਕਾਲਿ’ ਦੇ ਅਸਲੀ ਅਰਥ ਬਦਲਕੇ ਆਪੋ ਆਪਣੇ ਢੰਗ ਨਾਲ ਵੱਖਰੇ ਅਰਥ ਘੜਨ ਤੇ ਜ਼ੋਰ ਲਗਾ ਰੱਖਿਆ ਹੈ।ਇਹਨਾਂ ਦਾ ਮੁੱਖ ਮਕਸਦ ਅਸਲੀ ਅਰਥਾਂ ਨੂੰ ਬਦਲਣਾ ਹੈ।
ਆਓ ਸੁਖਵਿੰਦਰ ਸਿੰਘ ਦਦੇਹਰ ਦੀ ਮੌਜੂਦਾ ਵਿਆਖਿਆ ਬਾਰੇ ਵਿਚਾਰ ਕਰੀਏ—
ਅੰਤਿ ਕਾਲਿ ਜੋ ਲਛਮੀ ਸਿਮਰੈ’— ਕੋਈ ਵਲ-ਫੇਰ, ਕੋਈ ਝਮੇਲੇ ਵਾਲੀ ਗੱਲ ਨਹੀਂ ਹੈ, ਬੜੇ ਸੌਖੇ ਜਿਹੇ ਅਰਥ ਬਣਦੇ ਹਨ ਕਿ- ‘ਜੋ ‘ਅੰਤ ਸਮੇਂ ਲਛਮੀ (ਧਨ, ਦੌਲਤ) ਸਿਮਰਦਾ ਹੈ…’।ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਨਾਲ ਜੁੜੇ ਵਿਦਵਾਨਾਂ ਨੂੰ ਛੱਡਕੇ ਹੋਰ ਤਕਰੀਬਨ ਸਾਰੇ ਹੀ ਵਿਦਵਾਨਾਂ ਨੇ ‘ਅੰਤਿ ਕਾਲਿ’ ਦੇ, ਮਰਨ ਵੇਲੇ ਦਾ ਸਮਾਂ ਅਰਥ ਕੀਤੇ ਹਨ। ਪਰ … ਕੌਲੇਜ ਵਾਲੇ ਅੰਤਿ ਕਾਲਿ ਦੇ ਅਰਥ ਜ਼ਮੀਰ ਦੀ ਮੌਤ ਦੱਸਦੇ ਹਨ।
ਮਿਸਾਲ ਦੇ ਤੌਰ ਤੇ ਸੁਖਵਿੰਦਰ ਸਿੰਘ ਦੁਆਰਾ ਕੀਤੇ ਪਹਿਲੇ ਬੰਦ ਦੇ ਅਰਥਾਂ ਬਾਰੇ ਵਿਚਾਰ ਕਰੀਏ- ‘ਅੰਤਿ ਕਾਲਿ ਭਾਵ ਅਖੀਰਲਾ ਸਮਾਂ ਭਾਵ ਜ਼ਮੀਰ ਦੀ ਮੌਤ ਦੇ ਬਿਲਕੁਲ ਨੇੜੇ ਪਹੁੰਚ ਗਿਆ। ਅੰਤਿ ਕਾਲਿ ਆ ਜਾਣ ਦਾ ਕਾਰਨ ਬਣਿਆ ਜੋ ਲਛਮੀ ਸਿਮਰੈ।’
ਵਿਚਾਰ:- ਜੇ ਦਦੇਹਰ ਦੇ ‘ਅੰਤਿ ਕਾਲਿ’ ਦੇ ਕੀਤੇ ਅਰਥ ‘ਜ਼ਮੀਰ ਦੀ ਮੌਤ’ ਸਹੀ ਮੰਨ ਵੀ ਲਈਏ ਤਾਂ ਪਾਠਕ ਤੁਕ ਦੇ ਅਰਥਾਂ ਨੂੰ ਖੁਦ ਗ਼ੋਰ ਨਾਲ ਦੇਖ-ਵਿਚਾਰ ਲੈਣ ਕਿ- ‘ਅੰਤਿ ਕਾਲਿ ਜੋ ਲਛਮੀ ਸਿਮਰੈ’ ਦੇ ਅਰਥ- ‘ਜ਼ਮੀਰ ਦੀ ਮੌਤ(?)’ ਵੇਲੇ ਜੇ ਕੋਈ ਲਛਮੀ (ਧਨ-ਦੌਲਤ) ਨੂੰ ਸਿਮਰਦਾ ਹੈ, ਅਰਥ ਬਣਦੇ ਹਨ ਜਾਂ ਨਹੀਂ? ਸਾਰੇ ਸ਼ਬਦ ਵਿੱਚ- ‘ਜ਼ਮੀਰ ਦੀ ਮੌਤ ਦਾ **ਕਾਰਣ’ ਕੀ ਬਣਿਆ** ਜਾਂ ਕੀ ਨਹੀਂ ਬਣਿਆ ਦਾ ਤਾਂ ਕਿਤੇ ਜ਼ਿਕਰ ਹੀ ਨਹੀਂ ਹੈ।ਸੁਖਵਿੰਦਰ ਸਿੰਘ ਆਪਣੇ ਕੋਲੋਂ ਹੀ ‘ਕਾਰਣ ਬਣਿਆ ਦੀ ਗੱਲ ਕਰੀ ਜਾ ਰਹੇ ਹਨ।ਸਾਰੇ ਸ਼ਬਦ ਵਿੱਚ, ‘ਅੰਤਿ ਕਾਲਿ ਜੋ ਲਛਮੀ ਸਿਮਰੈ’ ਦਾ ਜ਼ਿਕਰ ਹੈ, ਜਿਸ ਦਾ ਕਿ ਦਦੇਹਰ ਦੇ ‘ਜ਼ਮੀਰ ਦੀ ਮੌਤ’ ਅਰਥਾਂ ਨਾਲ ਵੀ ਅਰਥ ਬਣਦੇ ਹਨ ਕਿ ‘ਜ਼ਮੀਰ ਦੀ ਮੌਤ ਵੇਲੇ ਜੇ ਕੋਈ ਲਛਮੀ ਸਿਮਰਦਾ ਹੈ…’ (ਅਤੇ ਐਸੀ ਚਿੰਤਾ ਮਹਿ ਜੇ *ਮਰੇ* ਇਸ ਤੋਂ ਬਾਅਦ ਆਉੰਦਾ ਹੈ)।
ਹੁਣ ਦਦੇਹਰ ਦੇ ਕੀਤੇ ਪੰਜਵੇਂ ਬੰਦ ਦੇ ਅਰਥਾਂ ਤੇ ਵਿਚਾਰ ਕਰੀਏ—
ਜੇ ਸਿਰਫ ‘ਗੋਬਿਦ ਨਾਮੁ ਮਤਿ ਬੀਸਰੈ’ ਦੀ ਹੀ ਗੱਲ ਹੋਵੇ ਤਾਂ ਠੀਕ ਹੈ।ਪਰ ਸੁਖਵਿੰਦਰ ਸਿੰਘ ਤਾਂ ਅਰਥ ਕਰ ਰਹੇ ਹਨ ਕਿ *ਅੰਤਿ ਕਾਲਿ, ਅਰਥਾਤ ਜ਼ਮੀਰ ਦੀ ਮੌਤ ਵਾਲੀ ਹਾਲਤ ਬਣ ਜਾਣ ਤੇ ਵੀ* ਜੇ ਗੋਬਿੰਦ ਦਾ ਨਾਮ ਨਾ ਵਿਸਰੇ ਤਾਂ ਉਸ ਨੂੰ ਵਿਕਾਰਾਂ ਤੋਂ ਮੁਕਤ ਮੰਨਣਾ ਚਾਹੀਦਾ ਹੈ’।
ਦੇਖੋ ਇਹਨਾਂ ਅਜੋਕੇ ਵਿਦਵਾਨਾਂ ਵੱਲੋਂ ਗੁਰਮਤਿ ਵਿਚਾਰਧਾਰਾ ਦਾ ਕਿਵੇਂ ਘਾਣ ਕੀਤਾ ਜਾ ਰਿਹਾ ਹੈ।ਪਹਿਲੀ ਤੇ ਗੱਲ ਹੈ ਕਿ ਜੇ ਕੋਈ ਵਿਕਾਰਾਂ ਵਿੱਚ ਗ੍ਰਸਿਆ ਪਿਆ ਹੈ, ਉਹ ਮਨ ਕਰਕੇ ਕਦੇ ਵੀ ‘ਗੋਬਿੰਦ ਨੂੰ ਨਹੀਂ ਸਿਮਰ ਸਕਦਾ (ਗੋਬਿੰਦ ਨੂੰ ਸਿਮਰਨ ਦਾ ਪਖੰਡ ਹੀ ਕਰ ਸਕਦਾ ਹੈ)।
ਦੂਸਰੀ ਖਾਸ ਧਿਆਨ ਦੇਣ ਵਾਲੀ ਗੱਲ ਹੈ ਕਿ, ਜੇ ਇਹ ਮੰਨ ਲਿਆ ਜਾਵੇ ਕਿ ਵਿਕਾਰਾਂ ਵਿੱਚ ਗ੍ਰਸਿਆ ਮਨੁੱਖ ਜੇ ਗੋਬਿੰਦ ਦਾ ਨਾਮ ਸਿਮਰਦਾ ਹੈ ਤਾਂ ਉਸ ਨੂੰ ਵਿਕਾਰਾਂ ਤੋਂ ਮੁਕਤ ਮੰਨਣਾ ਚਾਹੀਦਾ ਹੈ ਤਾਂ ਇਹ ਸਰਾ-ਸਰ ਗੁਰਮਤਿ ਫਲੌਸਫੀ ਦਾ ਘਾਣ ਹੈ। ਇਸ ਦਾ ਤੇ ਮਤਲਬ ਇਹ ਬਣਦਾ ਹੈ ਕਿ ‘ਗੁਰੂ ਸਾਹਿਬ/ ਭਗਤ ਜੀ’ ਵਿਕਾਰਾਂ ਵਿੱਚ ਗ੍ਰਸਣ ਦੀ ਨਾ ਸਿਰਫ ਛੁਟ ਦਿੰਦੇ ਹਨ, ਬਲਕਿ ਵਿਕਾਰਾਂ ਵਿੱਚ ਗ੍ਰਸਣ ਲਈ ਪ੍ਰੇਰਿਤ ਵੀ ਕਰਦੇ ਹਨ।ਉਹ ਇਸ ਤਰ੍ਹਾਂ ਕਿ ਜੇ ਸਿਰਫ ਗੋਬਿੰਦ ਨੂੰ ਸਿਮਰਨ ਦੀ ਹੀ ਗੱਲ ਹੁੰਦੀ ਤਾਂ ਇਸ ਵਿੱਚ ਕੋਈ ਖਰਾਬੀ ਨਹੀਂ, ਪਰ ਜਦੋਂ ਨਾਲ ਵਿਕਾਰਾਂ ਵਿੱਚ ਗ੍ਰਸਕੇ ਗੋਬਿੰਦ ਨਾਮ ਨਾ ਵਿਸਰਨ ਦੀ ਗੱਲ ਕਰਨੀ ਅਤੇ ਉਸ ਤੋਂ ਵੀ ਉਪਰ, ਐਸੇ ਮਨੁੱਖ ਨੂੰ ਵਿਕਾਰਾਂ ਤੋਂ ਮੁਕਤ ਸਮਝਣਾ ਚਾਹੀਦਾ ਹੈ, ਇਸ ਤੋਂ ਵੱਧ ਗੁਰਮਤਿ ਦਾ ਹੋਰ ਅਨਾਦਰ ਕੀ ਹੋ ਸਕਦਾ ਹੈ।
ਪਾਠਕਾਂ ਅਗੇ ਬੇਨਤੀ ਹੈ ਕਿ ਉਹ ਖੁਦ ਗੁਰਬਾਣੀ ਨੂੰ ਸਮਝਣ, ਵਿਚਾਰਨ ਦੀ ਆਦਤ ਪਾਉਣ।ਇਹਨਾਂ ਨਵੀਂ ਕਿਸਮ ਦੇ ਪ੍ਰੋਫੈਸਰ-ਬਾਬਿਆਂ ਦੇ ਭੁਲਾਵੇ ਵਿੱਚ ਆ ਕੇ ਰਾਹ ਛੱਡਕੇ ਕੁਰਾਹੇ ਨਾ ਪਿਆ ਜਾਵੇ।ਇਹਨਾਂ ਬਾਬਿਆਂ ਅਤੇ ਉਹਨਾਂ ਬਾਬਿਆਂ ਵਿੱਚ ਕੋਈ ਫਰਕ ਨਹੀਂ ਹੈ।ਫਰਕ ਹੈ ਤਾਂ ਬੱਸ ਇਹ ਕਿ ਉਹ ਬਾਬੇ ਸਿੱਖਾਂ ਨੂੰ ਅੰਧ-ਵਿਸ਼ਵਾਸ਼ ਵੱਲ ਧਕ ਰਹੇ ਹਨ ਅਤੇ ਇਹ ਬਾਬੇ ਗੁਰਮਤਿ ਵਿੱਚ ‘ਦੇਵ ਸਮਾਜੀ’ ਵਿਚਾਰਧਾਰਾ ਦੀ ਘੁਸਪੈਠ ਕਰ ਰਹੇ ਹਨ।
ਨੋਟ: ਇਹ ਲੇਖ ਸੁਖਵਿੰਦਰ ਸਿੰਘ ਦਦੇਹਰ ਦੇ ਲੇਖ ਦੇ ਸੰਬੰਧ ਵਿੱਚ ਹੈ ਅਤੇ ਇਸ ਵਿੱਚ ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਨਾਲ ਜੁੜੇ ਵਿਦਵਾਨਾਂ ਦਾ ਜ਼ਿਕਰ ਹੈ।ਇਸ ਲਈ ਮੇਰੇ ਲੇਖ ਵਿੱਚੋਂ ਜੇ ਕੋਈ ਗੱਲ ਜਾਂ ਗੱਲਾਂ ਇਤਰਾਜ ਯੋਗ ਲੱਗਦੀਆਂ ਹਨ ਤਾਂ ਸਿਰਫ ਸੰਬੰਧਤ ਵਿਅਕਤੀ ਹੀ ਆਪਣੇ ਇਤਰਾਜ ਰੱਖਕੇ ਸਵਾਲ ਕਰਨ।ਜੇ ਕਿਸੇ ਹੋਰ ਵਿਅਕਤੀ ਦਾ ਕੋਈ ਸਵਾਲ ਹੈ ਤਾਂ ਉਸ ਨੂੰ ਜਵਾਬ ਦੇਣ ਲਈ ਮੈਂ ਵਚਨ-ਬੱਧ ਨਹੀਂ।ਗੁਰਮਤਿ ਗਿਆਨ ਮਿਸ਼ਨਰੀ ਕੌਲੇਜ ਦਾ ਕੋਈ ਪ੍ਰਿੰਸੀਪਲ ਜਾਂ ਪ੍ਰੋ: ਵਿਚਾਰ ਵਟਾਂਦਰਾ ਕਰਨ ਦੀ ਇੱਛਾ ਰੱਖਦਾ ਹੋਵੇ ਤਾਂ ਉਸਦਾ ਸਵਾਗਤ ਹੈ।
ਜਸਬੀਰ ਸਿੰਘ ਵਿਰਦੀ

 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.