ਗਉੜੀ ਬੈਰਾਗਣਿ ਰਹੋਏ ਕੇ ਛੰਤ ਘਰਿ ਮ: 5 ( ਪੰਨਾ 203 )
ੴ ਸਤਿਗੁਰ ਪ੍ਰਸਾਦਿ॥
ਹੈ ਕੋਈ ਰਾਮ ਪਿਆਰੋ ਗਾਵੈ॥
ਸਰਬ ਕਲਿਆਣ ਸੂਖ ਸਚੁ ਪਾਵੈ॥ਰਹਾਉ॥-
--ਹੈ ਕੋਈ ਐਸਾ ਜੋ ਪਿਆਰੇ ਰਾਮ ਨੂੰ ਪਿਆਰ ਨਾਲ ਗਾਉਂਦਾ ਹੈ ? ਜੇ ਕੋਈ ਐਸਾ ਹੈ ਤਾਂ ਉਹ ਸਾਰੇ ਮੰਗਲ ਸੁਖ ਪ੍ਰਾਂਪਤ ਕਰ ਲੈਂਦਾ ਹੈ ਅਤੇ ਵਾਹਿਗੁਰੂ ਨੂੰ ਪਾ ਲੈਂਦਾ ਹੈ।ਰਹਾਉ।
ਬਨੁ ਬਨੁ ਖੋਜਤ ਫਿਰਤ ਬੈਰਾਗੀ॥
ਬਿਰਲੇ ਕਾਹੂ ਏਕ ਲਿਵ ਲਾਗੀ॥
ਜਿਨਿ ਹਰਿ ਪਾਇਆ ਸੇ ਵਡਭਾਗੀ॥1॥-
--ਕਈ ਲੋਕ ਵੈਰਾਗਵਾਨ ਹੋਕੇ ਬਨ-ਬਨ ਖੋਜਦੇ ਫਿਰਦੇ ਹਨ। ਪਰ ਕਿਸੇ ਵਿਰਲੇ ਨੂੰ ਵਾਹਿਗੁਰੂ ਦੀ ਲਿਵ ਲਗੀ ਹੋਈ ਹੈ। ਇਹਨਾਂ ਲਿਵ ਵਾਲਿਆਂ ਨੇ ਵਾਹਿਗੁਰੂ ਪਾ ਲਿਆ ਤੇ ਇਹ ਵਡੇ ਭਾਗਾਂ ਵਾਲੇ ਹਨ।1।
ਬ੍ਰਹਮਾਦਿਕ ਸਨਕਾਦਿਕ ਚਾਹੈ॥
ਜੋਗੀ ਜਤੀ ਸਿਧ ਹਰਿ ਆਹੈ॥
ਜਿਸਹਿ ਪਰਾਪਤਿ ਸੋ ਹਰਿ ਗੁਣ ਗਾਹੈ॥2॥-
--ਬ੍ਰਹਮਾ ਆਦਿਕ, ਸਨਕ ਆਦਿਕ ਹਰੀ ਨੂੰ ਚਾਹੁੰਦੇ ਹਨ।ਜਤੀ ਸਤੀ ਸਿਧ ਵੀ ਹਰੀ ਨੂੰ ਲੋਚਦੇ ਹਨ। ਪਰ ਹਰੀ ਦੇ ਗੁਣ ਉਹੀ ਗਾਉਂਦਾ ਹੈ ਜਿਸ ਨੂੰ ਇਹ ਦਾਤ ਹਰੀ ਵਲੋਂ ਪ੍ਰਾਪਤ ਹੋਵੇ।2।
ਤਾਕੀ ਸਰਣਿ ਜਿਨ ਬਿਸਰਤ ਨਾਹੀ॥
ਵਡਭਾਗੀ ਹਰਿ ਸੰਤ ਮਿਲਾਹੀ॥
ਜਨਮ ਮਰਨ ਤਿਹ ਮੂਲੇ ਨਾਹੀ॥3॥-
---ਮੈਂ ਉਨਹਾਂ ਦੀ ਸਰਣ ਪਿਆ ਹਾਂ ਜਿਨਹਾਂ ਨੂੰ ਵਾਹਿਗੁਰੂ ਨਹੀਂ ਵਿਸਰਦਾ। ਐਸੇ ਹਰੀ ਸੰਤ ਜਿਨਹਾਂ ਨੂੰ ਵਾਹਿਗੁਰੂ ਨਹੀਂ ਵਿਸਰਦਾ ਵਡੇ ਭਾਗਾਂ ਨਾਲ ਮਿਲਦੇ ਹਨ। ਐਸੇ ਸੰਤਾਂ ਨੂੰ ਮਿਲ ਪਿਆਂ ਜਨਮ ਮਰਨ ਮੂਲੋਂ ਨਹੀਂ ਹੁੰਦਾ।3।
ਕਰਿ ਕਿਰਪਾ ਮਿਲੁ ਪ੍ਰੀਤਮ ਪਿਆਰੇ॥
ਬਿਨਉ ਸੁਨਹੁ ਪ੍ਰਭ ਊਚ ਅਪਾਰੇ॥
ਨਾਨਕ ਮਾਂਗਤੁ ਨਾਮੁ ਅਧਾਰੇ॥4॥1॥117॥--
--ਹੇ ਉਚੇ ਤੇ ਪਿਆਰੇ ਪ੍ਰੀਤਮ ! ਹੇ ਅਪਾਰ ਪ੍ਰਭੂ ਮੇਰੀ ਬੇਨਤੀ ਸੁਣੋ ! ਨਾਨਕ ਆਪ ਤੋਂ ਨਾਮ ਦਾ ਆਸਰਾ ਮੰਗਦਾ ਹੈ, ਇਸ ਨਾਮ ਦੇ ਆਸਰੇ ਮੈਨੂੰ ਮਿਲ ਪਵੋ।4।1।117।
ਰਹੋਏ ਕੇ ਛੰਤ:- ਪੰਜਾਬੀ ਇਸਤ੍ਰੀਆਂ ਕਈ ਤਰ੍ਹਾਂ ਦੇ ਪੰਜਾਬੀ ਗੀਤ, ਘੋੜੀਆਂ, ਸੁਹਾਗ ਦੇ ਗੀਤ ਅਤੇ ਕਈ ਤਰ੍ਹਾਂ ਦੇ ਛੰਦ ਬੜੇ ਸੁਰ ਤਾਲ ਵਿਚ ਵਿਆਹ ਤੇ ਹੋਰ ਕਈ ਮੌਕਿਆਂ ਤੇ ਗਉਂਦੀਆਂ ਸਨ। ਰਹੋਏ ਵੀ ਹਿਨਾਂ ਛੰਦਾਂ ਵਿਚੋਂ ਹੀ ਇਕ ਕਿਸਮ ਦੇ ਛੰਦ ਹਨ। ਰਹੋਏ ਛੰਦੇ ਵਿਚ ਅਸਥਾਈ ਦੀ ਤੁਕ ਬਾਰ-ਬਾਰ ਠਹਿਰਾ ਕੇ ਬੜੀ ਮਿਠੀ ਸੁਰ ਵਿਚ ਗਾਈ ਜਾਂਦੀ ਹੈ। ਰਹੋਏ ਪਦ ਦਾ ਅਰਥ ਵੀ ਇਹੋ ਹੈ ਜੋ ਰਹਾਉ ਦੀ ਤੁਕ ਵਾਂਗ ਰਹਿ-ਰਹਿ ਕੇ ਗਾਵਿਆ ਜਾਵੇ। ਗੁਰੂ ਸਾਹਿਬ ਜੀ ਦੇ ਸਮੇਂ ਇਹ ਰਹੋਏ ਛੰਦ ਪ੍ਰਚਲਤ ਸਨ। ਇਸ ਸ਼ਬਦ ਨੂੰ ਰਹੋਏ ਕੇ ਛੰਤ ਦੀ ਸੁਰ ਤਾਲ ਵਿਚ ਗਉਂਣ ਦੀ ਹਦਾਇਤ ਹੈ। ਹੁਣ ਤਾਂ ਇਹ ਛੰਦ ਅਲੋਪ ਹੁੰਦੇ ਜਾ ਰਹੇ ਹਨ। ਇਹਨਾਂ ਦੀ ਥਾਂ ਜ਼ਿਆਦਾ ਤਰ ਹੁਣ ਲੱਚਰ ਗਾਣੇ ਗਾਏ ਜਾਂਦੇ ਹਨ। ਇਹਨਾਂ ਲੱਚਰ ਗਾਣਿਆਂ ਵਿਚ ਰਕੀਬ ਇਕ ਦੂਜੇ ਤੇ ਬੰਦੂਕਾਂ, ਖੂੰਡੇ, ਗੰਡਾਸੇ ਉਲਾਰਦੇ ਬਕਰਾ ਬਲਉਂਦੇ ਹਨ।
ਸਮਾਜ ਵਿਚ ਇਹੋ ਜਿਹੇ ਗਾਣਿਆਂ ਦਾ ਪ੍ਰਚਲਤ ਹੋ ਜਾਣਾ ਸਮਾਜ ਦੀ ਢਹਿੰਦੀ ਕਲਾ ਦਾ ਪਰਤੀਕ ਹੈ। ਟੀ.ਵੀ. ਚੈਨਲ ਇਹਨਾਂ ਲੱਚਰ ਗਾਣਿਆਂ ਨੂੰ ਪੰਜਾਬੀ ਲੋਕ ਗੀਤ ਦਾ ਨਾਮ ਦੇਕੇ ਪ੍ਰਸਾਰਣ ਕਰਦੇ ਹਨ। ਇਹੋ ਜਿਹੇ ਪ੍ਰਸਾਰਣ ਕੀਤੇ ਜਾ ਰਹੇ ਗੀਤ ਪੰਜਾਬੀ ਲੋਕ ਗੀਤ ਹਨ ਕਿ ਪੰਜਾਬੀ ਸੱਭਿਅਤਾ ਦੀ ਮੌਤ ਗੀਤ ?
ਵਿਆਖਿਆ:- ਇਸ ਸ਼ਬਦ ਦੇ ਆਰੰਭ ਵਿਚ ‘ਹੈ’ ਤੇ ‘ਪਿਆਰੋ’ ਤੇ ਜ਼ੋਰ ਦਿੱਤਾ ਹੈ। ‘ਹੈ’ ਇਥੇ ਪ੍ਰਸ਼ਨ ਵਾਚੀ ਹੈ ਅਤੇ ‘ਪਿਆਰੋ’ ਦੁਹਲੀ ਦੀਪਕ ਹੈ। ਭਾਵ ਦੁਰਲੱਭਤਾ ਜਤਾਉਣ ਤੋਂ ਹੈ। ਹੈ ਕੋਈ ਐਸਾ ਜੋ ਪਿਆਰੇ ਪ੍ਰਭੂ ਨੂੰ ਪਿਆਰ ਨਾਲ ਗਾਉਂਦਾ ਹੈ ? ਸ਼ਬਦ ਵਿਚ ਅੱਗੇ ਚੱਲ ਕੇ ਵੈਰਾਗੀ , ਬ੍ਰਹਮਾਦਿਕ ( ਬ੍ਰਹਮਾ, ਵਿਸ਼ਨੂ, ਮਹਾਂਦੇਵ ), ਸਨਕਾਦਿਕ (ਬ੍ਰਹਮਾ ਦੇ ਪੁਤਰ ਸਨਕ, ਸਨੰਦਨ, ਸਨਾਤਨ, ਸਨਤ ਕੁਮਾਰ) ਅਤੇ ਜਤੀ ਸਤੀ ਗਿਣੇ ਹਨ। ਇਹਨਾਂ ਨੂੰ ਵੀ ਵਾਹਿਗੁਰੂ ਦੀ ਲੋਚਾ ਹੈ। ਪਰ ਇਹ ਗਿਆਨ ਧਿਆਨ, ਕਰਮ ਆਦਿ ਰਸਤਿਆਂ ਤੇ ਤੁਰਣ ਵਾਲੇ ਹਨ। ਵਾਹਿਗੁਰੂ ਵਿਚ ਲਿਵ ਲਗੀ ਵਾਲੇ ਵਿਰਲੇ ਹਨ। ਸ਼ਬਦ ਵਿਚ ਪ੍ਰੇਮ ਵਿਚ ਲਿਵ ਲਗੀ ਵਾਲਿਆਂ ਦੀ ਵਿਸ਼ੇਸ਼ਤਾ ਦੱਸੀ ਹੈ ਜੋ ਵਾਹਿਗੁਰੂ ਨੂੰ ਕਿਸੇ ਵੇਲੇ ਵੀ ਵਿਸਾਰਦੇ ਨਹੀਂ, ਲਿਵ ਲਗੀ ਹੀ ਰਹਿੰਦੀ ਹੈ। ਉਹਨਾਂ ਦੀ ਸ਼ਰਣ ਲੈਣ ਦਾ ਗੁਰੂ ਜੀ ਆਪਣਾ ਤਜਰਬਾ ਦੱਸਦੇ ਹਨ ਤੇ ਵਾਹਿਗੁਰੂ ਤੋਂ ਨਾਮ ਦਾ ਆਸਰਾ ਤੇ ਨਾਮੀ ਦਾ ਮਿਲਾਪ ਮੰਗਦੇ ਹਨ। ਸ਼ਬਦ ਵਿਚ ਪ੍ਰੇਮਾਂ ਭਗਤੀ ਨੂੰ ਹੋਰ ਤਰੀਕਿਆਂ ਨਾਲੋਂ ਉਤਮ ਦੱਸਿਆ ਹੈ। ਦਸਵੇਂ ਜਾਮੇ ਵਿਚ ਵੀ ਗੁਰੂ ਜੀ ਫੁਰਮਾੳਂਦੇ ਹਨ:-
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ॥
ਸੁਰਜਨ ਸਿੰਘ--+919041409041
ਸੁਰਜਨ ਸਿੰਘ
ਗਉੜੀ ਬੈਰਾਗਣਿ ਰਹੋਏ ਕੇ ਛੰਤ ਘਰਿ ਮ: 5 ( ਪੰਨਾ 203 )
Page Visitors: 2834