ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿਇਹੈ
ਸਰਵਜੀਤ ਸਿੰਘ ਸੈਕਰਾਮੈਂਟੋ
ਅੱਜ ਤੋਂ ਠੀਕ 10 ਸਾਲ ਪਹਿਲਾਂ, ਕੇਂਦਰੀ ਮੰਤਰੀ ਅਰਜਨ ਸਿੰਘ ਨੇ ਐਲਾਨ ਕੀਤਾ ਸੀ ਕਿ ਸਾਰੇ ਸਕੂਲਾਂ ਵਿੱਚ 7 ਸਤੰਬਰ ਨੂੰ ‘ਬੰਦੇ ਮਾਤਰਮ’ ਗਾਇਆ ਜਾਵੇ। ਇਸ ਦਾ ਕਾਰਨ ਇਹ ਸੀ ਕਿ 7 ਸਤੰਬਰ 1906ਈ: ਨੂੰ ਕੋਲਕਾਤਾ ਵਿਚ ਹੋਈ ਬੰਗਾਲ ਦੀ ਵੰਡ ਵਿਰੋਧੀ ਇਤਿਹਾਸਕ ਰੈਲੀ (ਬੰਗ-ਭੰਗ ਅੰਦੋਲਨ) ਵਿਚ ਇਹ ਗੀਤ, ਰਾਸ਼ਟਰੀ ਗੀਤ ਵਜੋਂ ਗਾਇਆ ਗਿਆ ਸੀ। ਕੇਂਦਰੀ ਮੰਤਰੀ ਦੇ ਇਸ ਬਿਆਨ ਦੇ ਵਿਰੋਧ ਵਿੱਚ, ਉਸ ਵੇਲੇ ਦੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਅਵਤਾਰ ਸਿੰਘ ਮੱਕੜ ਦਾ ਬਿਆਨ ਆਇਆ ਸੀ ਕਿ ਸਿੱਖ ਬੱਚੇ ‘ਬੰਦੇ ਮਾਤਰਮ’ ਨਹੀ ਗਾਉਣਗੇ, ਸਗੋਂ ‘ਦੇਹੁ ਸ਼ਿਵਾ ਬਰ ਮੋਹਿਇਹੈ' ਸ਼ਬਦ ਦਾ ਉਚਾਰਨ ਕਰਨਗੇ। ਇਹ ਵੱਖਰੀ ਗੱਲ ਹੈ ਕਿ ਮੱਕੜ ਆਪਣੇ ਇਸ ਬਿਆਨ ਤੇ ਕਾਇਮ ਨਹੀ ਸੀ ਰਹਿ ਸਕਿਆ। ਬੁਨਿਆਦੀ ਤੌਰ ਤੇ ਇਨ੍ਹਾਂ ਦੋਵਾਂ ਵਿੱਚ ਕੋਈ ਫ਼ਰਕ ਨਹੀ ਹੈ। ‘ਬੰਦੇ ਮਾਤਰਮ’ ਵਿੱਚ ਦੁਰਗਾ ਦੀ ਸਿਫਤ ਸਲਾਹ ਕਰਕੇ ਉਸ ਤੋਂ ਵਰ ਮੰਗੇ ਜਾਂ ਰਹੇ ਹਨ ਅਤੇ ‘ਦੇਹੁ ਸ਼ਿਵਾ ਬਰ ਮੋਹਿਇਹੈ’ ਵਿੱਚ ਸ਼ਿਵਾ ਤੋਂ ਵਰ ਮੰਗਿਆ ਗਿਆ ਹੈ। ਉਂਝ ਇਹ ਦੋਵੇਂ ਨਾਮ ਇਕੋ ਦੇਵੀ ਦੇ ਹੀ ਹਨ।
ਸ਼ਿਵਾ - ਸ਼ਿਵ ਦੀ ਇਸਤ੍ਰੀ ਦੁਰਗਾ (ਪਾਰਵਤੀ)। (ਮਹਾਨ ਕੋਸ਼)
ਦੁਰਗਾ- 'ਅਪਹੁੰਚ' ਸ਼ਿਵ ਦੀ ਪਤਨੀ। (ਹਿੰਦੂ ਮਿਥਿਹਾਸ ਕੋਸ਼)
“ਜਿਵੇਂ ਰਾਮ, ਕ੍ਰਿਸ਼ਨ, ਪਰਸ ਰਾਮ ਆਦਿਕ 24 ਅਵਤਾਰਾਂ ਦਾ ਹੇਤੂ ਵਿਸ਼ਨੂੰ ਭਗਵਾਨ ਹੈ, ਭਾਵ 24 ਅਵਤਾਰ ਕਲਾਂ (ਅੰਸੂ) ਸੰਜੁਗਤ ਵਿਸ਼ਨੂੰ ਹੀ ਧਾਰਦਾ ਹੈ, ਤਿਵੇਂ ਖੋੜਸਾ ਮਾਤ੍ਰੀ (16 ਦੇਵੀਆਂ) ਦੀ ਹੇਤੂ ਸ਼ਿਵ ਪਤਨੀ ਪਾਰਵਤੀ ਹੈ। ਅਰਥਾਤ ਅਡੋ-ਅੱਡ 16 ਦੇਵੀਆਂ ਦਾ ਰੂਪ ਇਹ ਮਹਾਂ ਮਾਈ ਪਾਰਵਤੀ ਹੀ ਹੈ ਅਤੇ ਪਾਰਵਤੀ ਦੇ ਹਿੰਗੁਲਾ, ਪਿੰਗਲਾ, ਚੰਡਕਾ, ਦੁਰਗਾ, ਸੀਤਲਾ ਆਦਿਕ ਅਨੇਕਾਂ ਨਾਮਾਂ ਵਿਚੋਂ ਸ਼ਿਵਾ ਵੀ ਇਕ ਨਾਮ ਹੈ”। (ਦਸਮ ਗ੍ਰੰਥ ਦਰਪਣ ਪੰਨਾ 37)
30 ਨਵੰਬਰ 2016 ਈ: ਨੂੰ ਭਾਰਤ ਦੀ ਸਰਬ ਉਚ ਅਦਾਲਤ ਨੇ ਹੁਕਮ ਕੀਤਾ ਹੈ ਕਿ ਦੇਸ਼ ਦੇ ਸਾਰੇ ਸਿਨਮਿਆਂ ਵਿੱਚ ਫਿਲਮ ਅਰੰਭ ਕਰਨ ਤੋਂ ਪਹਿਲਾ ਰਾਸ਼ਟਰੀ ਗੀਤ 'ਜਨ ਗਣ ਮਨ' ਚਲਾਇਆ ਜਾਵੇ ਅਤੇ ਸਾਰੇ ਦਰਸ਼ਕ ਸਾਵਧਾਨ ਹੋ ਕੇ ਸ਼ਮੂਲੀਅਤ ਅਤੇ ਸਤਿਕਾਰ ਕਰਨ। ਅਪਾਹਜਾਂ ਨੂੰ ਕੌਮੀ ਤਰਾਨਾ ਵਜਣ ਵੇਲੇ ਖੜ੍ਹੇ ਹੋਣ ਤੋਂ ਛੋਟ ਹੈ। ਜਿਵੇਂ ਕਿ ਆਸ ਹੀ ਸੀ, ਸੁਪਰੀਮ ਕੋਰਟ ਦੇ ਹੁਕਮ ਖਿਲਾਫ਼ ਕਈ ਪਾਸਿਆਂ ਤੋਂ ਵਿਰੋਧੀ ਸੁਰਾਂ ਉਠੀਆਂ ਹਨ। ਸਿਨਮਾ ਵੇਖਣ ਵਿਅਕਤੀ ਆਪਣੇ ਮਨੋਰੰਜਨ ਲਈ ਜਾਂਦਾ ਹੈ ਜੋ ਉਸ ਦਾ ਬੁਨਿਆਦੀ ਅਧਿਕਾਰ ਹੈ। ਸਰਵ ਉਚ ਅਦਾਲਤ ਦਾ ਇਹ ਫੈਸਲਾ ਰਾਸ਼ਟਰਵਾਦ ਦੇ ਨਾਂ ’ਤੇ ਵਿਅਕਤੀਗਤ ਆਜ਼ਾਦੀ ਉੱਤੇ ਬੰਦਸ਼ਾਂ ਲਾਉਣ ਦੇ ਤੁਲ ਹੈ। ਜਦੋਂ ਕਿ ਭਾਰਤੀ ਸੰਵਿਧਾਨ ਵਿਅਕਤੀਗਤ ਆਜ਼ਾਦੀ ਦਾ ਪਹਿਰੇਦਾਰ ਹੈ। ਅੱਜ-ਕੱਲ ਫਿਲਮਾਂ ਰਾਹੀ ਜੋ ਵਿਖਾਇਆ ਜਾ ਰਿਹਾ ਹੈ, ਉਹ ਕੁਝ ਵੇਖਣ ਗਿਆ ਵਿਅਕਤੀ ਕੀ ਰਾਸ਼ਟਰੀ ਗੀਤ ਦਾ ਸਨਮਾਨ ਉਸੇ ਭਾਵਨਾ ਨਾਲ ਕਰ ਸਕੇਗਾ, ਜਿਸ ਨਾਲ ਇਹ ਹੋਣਾ ਚਾਹੀਦਾ ਹੈ? ਇਸੇ ਸਬੰਧ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਦਾ ਬਿਆਨ ਅਖ਼ਬਾਰਾਂ ਨੇ ਪਹਿਲ ਦੇ ਅਧਾਰ ਤੇ ਛਾਪਿਆ ਹੈ। “ਸੁਪਰੀਮ ਕੋਰਟ ਦਾ ਹੁਕਮ ਕਿ ਸਿਨਮਿਆਂ ਵਿਚ ਕੌਮੀ ਤਰਾਨੇ ‘ਜਨ ਗਨ ਮਨ’ ਨਾਲ ਸ਼ੁਰੂਆਤ ਹੋਵੇਗੀ, ਗਲਤ ! ਸਿੱਖ ਕੌਮ ਦਾ ਕੌਮੀ ਤਰਾਨਾ ਤਾਂ ‘ਦੇਹ ਸ਼ਿਵਾ ਬਰ ਮੋਹਿਇਹੈ’ ਹੈ : ਮਾਨ”। ਆਪਣੇ ਬਿਆਨ ਵਿੱਚ ਉਨ੍ਹਾਂ ਨੇ ਭਾਰਤ ਵਰਗੇ ਜਮਹੂਰੀਅਤ ਮੁਲਕ ਵਿੱਚ ਰਹਿ ਰਹੇ ਵੱਖ-ਵੱਖ ਧਰਮਾਂ ਨੂੰ ਮੰਨਣ ਵਾਲਿਆਂ ਦੀ ਧਾਰਮਿਕ ਆਜ਼ਾਦੀ ਦਾ ਹਵਾਲਾ ਦੇ ਕੇ ਸਰਬ ਉਚ ਅਦਾਲਤ ਨੂੰ ਆਪਣੇ ਫੈਸਲੇ ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਨ ਦੇ ਨਾਲ ਹੀ ਸ. ਮਾਨ ਨੇ ਇਹ ਵੀ ਕਿਹਾ ਹੈ ਕਿ ਸਿੱਖ ਕੌਮ ਦਾ ਕੌਮੀ ਤਰਾਨਾ ‘ਦੇਹ ਸ਼ਿਵਾ ਬਰ ਮੋਹਿਇਹੈ’ ਹੈ।
ਅੰਗਰੇਜ ਹਕੂਮਤ ਨੇ 1870 ਈ: ਵਿਚ ਇਕ ਐਲਾਨ ਰਾਹੀ ਉਹ ਗੀਤ ਗਾਉਣਾ ਜਰੂਰੀ ਕਰ ਦਿੱਤਾ ਸੀ ਜਿਸ ਗੀਤ ਵਿਚ ਇੰਗਲੈਂਡ ਦੀ ਰਾਣੀ ਦੀ ਰੱਖਿਆ ਲਈ ਰੱਬ ਤੋਂ ਵਰ ਮੰਗਦੇ ਹਨ। ਇਸ ਦੇ ਵਿਰੋਧ ਵਿਚ, ਬੰਗਾਲੀ ਭਾਸ਼ਾ ਦੇ ਉੱਘੇ ਨਾਵਲਕਾਰ ਬੰਕਿਮ ਚੰਦਰ ਚੈਟਰਜੀ ਨੇ 1876 ਈ: ਵਿਚ ਲਿਖੇ ਆਪਣੇ ਨਾਵਲ 'ਅਨੰਦਮਠ' ਵਿਚ 'ਬੰਦੇ ਮਾਤਰਮ' ਗੀਤ ਲਿਖਿਆ ਸੀ। ਜਿਸ ਵਿਚ ਉਹ ਦੁਰਗਾ ਤੋਂ ਵਰ ਮੰਗਦਾ ਹੈ। ਇਹ ਗੀਤ 1896 ਈ: ਵਿਚ ਕਾਂਗਰਸ ਦੇ ਸਮਾਗਮ ਵਿਚ ਪਹਿਲੀ ਬਾਰ ਰਵਿੰਦਰ ਨਾਥ ਟੈਗੋਰ ਵੱਲੋਂ ਗਾਇਆ ਗਿਆ ਸੀ। ਇਹ ਗੀਤ ਬੰਗਾਲ ਦੇ ਅੰਦੋਲਨ ਦੌਰਾਨ ਬਹੁਤ ਜੋਸ਼ ਨਾਲ ਗਾਇਆ ਜਾਂਦਾ ਸੀ। 7 ਦਸੰਬਰ 1906 ਨੂੰ ਕੋਲਕਾਤਾ ਵਿਚ ਹੋਈ ਬੰਗਾਲ ਦੀ ਵੰਡ ਵਿਰੋਧੀ ਇਤਿਹਾਸਕ ਰੈਲੀ (ਬੰਗ-ਭੰਗ ਅੰਦੋਲਨ) ਵਿਚ ਇਹ ਗੀਤ 'ਰਾਸ਼ਟਰੀ ਗੀਤ' ਵਜੋਂ ਗਾਇਆ ਗਿਆ ਸੀ। ਦੂਜੇ ਪਾਸੇ ਇਸ ਗੀਤ ਦੇ ਬੋਲ ਇਸਲਾਮ ਧਰਮ ਦੀ ਮੂਲ ਭਾਵਨਾ ਦੇ ਵਿਰੋਧੀ ਹੋਣ ਕਾਰਨ, ਮੁਸਲਿਮ ਲੀਗ ਵੱਲੋਂ ਇਸ ਗੀਤ ਦੀ ਵਿਰੋਧਤਾ ਵੀ ਅਰੰਭ ਹੋ ਗਈ ਸੀ। 1923 ਈ: ਵਿਚ ਮੌਲਾਨਾ ਮੁਹੰਮਦ ਅਲੀ ਦੀ ਪ੍ਰਧਾਨਗੀ ਹੇਠ ਹੋਏ ਕਾਂਗਰਸ ਦੇ ਸਮਾਗਮ ਵਿਚ ਇਹ ਗੀਤ ਨਹੀਂ ਗਾਇਆ ਗਿਆ ਸੀ। ਇਸ ਪਿਛੋਂ ਇਸ ਗੀਤ ਵਿਚ ਰਬਿੰਦਰ ਨਾਥ ਟੈਗੋਰ ਦੀ ਸਲਾਹ ਨਾਲ ਇਸ ਦੀ ਕਾਂਟ-ਛਾਂਟ ਕੀਤੀ ਗਈ, ਜਿਸ ਕਾਰਨ ਟੈਗੋਰ ਦੀ ਅਲੋਚਨਾ ਵੀ ਹੋਈ ਸੀ। ਕੁਝ ਵਿਦਵਾਨਾਂ ਦਾ ਇਹ ਖਿਆਲ ਸੀ ਕਿ ਉਹ ਆਪਣੇ ਲਿਖੇ ਗੀਤ 'ਜਨ ਗਣ ਮਨ' ਨੂੰ ਰਾਸ਼ਟਰੀ ਗੀਤ ਬਣਾਉਣਾ ਚਾਹੁੰਦਾ ਹੈ। ਜਿਸ ਵਿਚ ਉਸ ਨੂੰ ਸਫ਼ਲਤਾ ਵੀ ਮਿਲੀ ਹੈ।
‘ਜਨ ਗਨ ਮਨ’ ਦਾ ਲੇਖਕ ਰਵਿੰਦਰ ਨਾਥ ਟੈਗੋਰ ਹੈ। ਜਿਸ ਨੇ ਇਹ ਗੀਤ ਜਾਰਜ ਪੰਚਮ ਦੀ ਖ਼ੁਸ਼ਾਮਦ ਲਈ 1911 ਈ: ਵਿੱਚ ਲਿਖਿਆ ਅਤੇ ਗਾਇਆ ਸੀ। ਭਾਸ਼ਾ ਦੀ ਸਮੱਸਿਆ ਕਾਰਨ ਜਾਰਜ ਪੰਚਮ ਇਹ ਗੀਤ ਸਮਝ ਨਾ ਆਇਆ ਤਾ ਉਸ ਨੇ ਰਵਿੰਦਰ ਨਾਥ ਤੋਂ ਹੀ ਇਸ ਦਾ ਅਨੁਵਾਦ ਅੰਗਰੇਜੀ ਵਿੱਚ ਕਰਵਾ ਲਿਆ। ਜਦੋਂ ਰਾਜੇ ਨੂੰ ਇਸ ਗੀਤ ਦੀ ਸਮਝ ਆਈ ਤਾਂ ਉਹ ਬੜਾ ਖੁਸ਼ ਹੋਇਆ ਅਤੇ ਟੈਗੋਰ ਨੂੰ ਵੱਡੇ-ਵੱਡੇ ਮਾਨ-ਸਨਮਾਨ ਦੇਣ ਦੀ ਸਫ਼ਾਰਸ਼ ਕੀਤੀ। ਟੈਗੋਰ ਦੀ ਇਸੇ ਪ੍ਰਸਿੱਧੀ ਕਾਰਨ ਹੀ 1950 ਈ: ਵਿੱਚ ਸੰਵਿਧਾਨ ਸਭਾ ਵੱਲੋਂ ਇਸ ਦੇ ਗੀਤ ‘ਜਨ ਗਨ ਮਨ’ ਨੂੰ ਰਾਸ਼ਟਰੀ ਗੀਤ ਵੱਜੋਂ ਪ੍ਰਵਾਨ ਕਰ ਲਿਆ ਗਿਆ। ਇਸ ਗੀਤ ਦੀ ਅਸਲੀਅਤ, ਯੂ ਟਿਊਬ ਤੇ (Reality of jangan man) ਸੁਣੀ ਜਾ ਸਕਦੀ ਹੈ। ਕਿਸੇ ਵੀ ਦੇਸ਼ ਦੇ ਰਾਸ਼ਟਰੀ ਗੀਤ ਵਿੱਚ ਉਥੇ ਦੇ ਸਭਿਆਚਾਰ, ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਵਿਸ਼ੇਸ਼ ਤੌਰ ਤੇ ਜਿਕਰ ਹੋਣਾ ਚਾਹੀਦਾ ਹੈ ਤਾਂ ਜੋ ਉਸ ਦੇਸ਼ ਦੇ ਸਾਰੇ ਵਾਸੀ, ਉਸ ਗੀਤ ਨੂੰ ਗਾਉਣ ਵਿੱਚ ਫਖਰ ਮਹਿਸੂਸ ਕਰਨ । ਪਰ ਸਾਡੇ ਕੌਮੀ ਤਰਾਨੇ ਵਿਚ ਤਾਂ ਵਿਦੇਸ਼ੀ ਹਾਕਮਾਂ ਦੀ ਖ਼ੁਸ਼ਾਮਦ ਭਾਰੂ ਹੈ।
‘ਜਨ ਗਨ ਮਨ’ ਨੂੰ ਗਾਉਣ ਦੇ ਜਬਰੀ ਹੁਕਮ ਦਾ ਵਿਰੋਧ ਤਾਂ ਕਿਸੇ ਹੱਦ ਤਾਈਂ ਸਹੀ ਮੰਨਿਆ ਜਾ ਸਕਦਾ ਹੈ ਪਰ! ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਸਿਮਰਨਜੀਤ ਸਿੰਘ ਮਾਨ ਵੱਲੋਂ ਇਸ ਦੇ ਬਦਲ ਵਿੱਚ ਕੀ ਦਿੱਤਾ ਜਾਂ ਰਿਹਾ ਹੈ? ਉਹ ਹੈ ‘ਦੇਹ ਸ਼ਿਵਾ ਬਰ ਮੋਹਿਇਹੈ’। ‘ਸ਼ਿਵਾ’ ਨਾਲ ਸਿੱਖਾਂ ਕੀ ਸਬੰਧ ਹੈ? ਇਕ ਅਕਾਲ ਪੁਰਖ ਨੂੰ ਮੰਨਣ ਵਾਲੀ ਸਿੱਖ ਕੌਮ, ਹਿੰਦੂ ਮਿਥਿਹਾਸ ਦੇ ਪਾਤਰ ਸ਼ਿਵਜੀ ਦੀ ਪਤਨੀ ਭਾਵ ਦੁਰਗਾ-ਪਾਰਵਤੀ ਅੱਗੇ ਅਰਦਾਸ ਬੇਨਤੀ ਕਿਉਂ ਕਰੇ? ਅਖੌਤੀ ਦਸਮ ਗ੍ਰੰਥ ਵਿਚ ਦਰਜ 'ਚੰਡੀ ਚਰਿਤ੍ਰ ਉਕਿਤ ਬਿਲਾਸ' ਸਾਕਤ ਮੱਤ ਦੇ ਕਿਸੇ ਕਵੀ ਦੀ ਰਚਨਾ ਹੈ, ਜਿਸ ਦੇ 233 ਛੰਦ ਹਨ। 'ਦੇਹੁ ਸ਼ਿਵਾ ਬਰ ਮੋਹਿਇਹੈ' ਪੰਗਤੀ 231 ਨੰ: ਛੰਦ ਵਿਚ ਦਰਜ ਹੈ। ਜਿਸ ਨੂੰ ਬਿਨਾਂ ਸੋਚੇ-ਸਮਝੇ ਹੀ ਕੁਝ ਪ੍ਰਚਾਰਕਾਂ ਵੱਲੋਂ ਗੁਰੂ ਗੋਬਿੰਦ ਸਿੰਘ ਦੇ ਨਾਮ ਨਾਲ ਜੋੜ ਕੇ ਪ੍ਰਚਾਰਿਆ ਗਿਆ ਹੈ। ਹੁਣ ਇਸ ਸਵਾਲ ਦਾ ਜਵਾਬ ਕੌਣ ਦੇਵੇਗਾ ਕਿ ਜੇ ਇਹ ਛੰਦ, ਗੁਰੂ ਗੋਬਿੰਦ ਸਿੰਘ ਜੀ ਦਾ ਲਿਖਿਆ ਹੋਇਆ ਹੈ ਤਾਂ ਇਸ ਤੋਂ ਪਹਿਲਾ ਆਏ 230 ਛੰਦ ਅਤੇ ਇਸ ਤੋਂ ਪਿਛੋਂ ਆਏ 2 ਛੰਦਾਂ ਦਾ ਲੇਖਕ ਕੌਣ ਹੈ ਅਤੇ ਪੂਰੇ ਪ੍ਰਸੰਗ `ਚ ਕਿ ਸਿੱਖਿਆ ਮਿਲਦੀ ਹੈ? ‘ਸ਼ਿਵਾ’ ਨੂੰ ਅਕਾਲ ਪੁਰਖ ਮੰਨਣ ਵਾਲਿਓਂ! ਇਸ ਛੰਦ ਦੇ ਅਗਲੇ-ਪਿਛਲੇ ਛੰਦਾਂ ਨੂੰ ਵੀ ਪੜ੍ਹ/ਸਮਝ ਲਵੋ।
ਅਖੌਤੀ ਦਸਮ ਗ੍ਰੰਥ `ਚ ਦਰਜ ਇਕ ਰਚਨਾ ਜਿਸ ਦਾ ਨਾਮ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਪੰਨਾ 74 ਤੋਂ 99 ਤਾਈਂ ਦਰਜ ਹੈ। ਜਿਸ ਦੇ ਕੁਲ 233 ਛੰਦ ਅਤੇ 8 ਭਾਗ ਹਨ। ਹਰ ਅਧਿਆਏ ਦੇ ਅਖੀਰ ਦੇ ਇਸ ਰਚਨਾ ਦੇ ਅਸਲ ਸੋਮੇ ਦਾ ਨਾਮ, “ਇਤਿ ਸ੍ਰੀ ਮਾਰਕੰਡੇ ਪੁਰਾਣੇ” ਲਿਖਿਆ ਹੋਇਆ ਹੈ। ਅਸਲ ਲਿਖਤ ਮੁਤਾਬਕ ਇਹ ਮਾਰਕੰਡੇ ਪੁਰਾਣ ਦੇ ਚੰਡੀ ਚਰਿਤ੍ਰ ਦਾ ਉਹ ਭਾਗ ਹੈ ਜਿਸ ਵਿਚ ਮਧੁਕੈਟਭ, ਮਹਿਖਾਸਰ, ਧੂਮ੍ਰਨੈਣ, ਚੰਡਮੁੰਡ, ਰਕਤਬੀਜ, ਨਿਸੁੰਭ, ਸੁੰਭ ਆਦਿ ਦੈਤਾਂ ਦੇ ਬਧਿ ਕਰਨ ਦੀ ਕਥਾ ਬਹੁਤ ਵਿਸਥਾਰ ਨਾਲ ਲਿਖੀ ਹੋਈ ਹੈ। ‘ਦੇਹ ਸ਼ਿਵਾ ਬਰ ਮੋਹਿਇਹੈ’ ਵਾਲਾ ਛੰਦ ਇਸ ਰਚਨਾ ਦੇ ਅਖੀਰ ਤੇ 231 ਨੰਬਰ ਤੇ ਦਰਜ ਹੈ। ਇਹ ਸਾਰੀ ਰਚਨਾ ਮਾਰਕੰਡੇ ਪੁਰਾਣ ਦੀ ਹੀ ਨਕਲ ਹੈ। ਸ਼ਿਵਾ, ਦੁਰਗਾ, ਭਗਉਤੀ, ਚਮੁੰਡਾ, ਚੰਡੀ, ਚੰਡਕਾ, ਪਿੰਗਲੀ, ਭਵਾਨੀ ਆਇ ਸਾਰੇ ਹੀ ਨਾਮ ਪਾਰਵਤੀ ਦੇ ਹੀ ਹਨ। “ਦੁਰਗਾ, ਭਗਉਤੀ ਤੇ ਭਗਵਤੀ” ਦੇ ਕਰਤਾ ਸੰਤ ਸੁਰਜੀਤ ਸਿੰਘ ਨਿਰਮਲ ਨੇ ਸ਼ਿਵਾ/ਪਾਰਵਤੀ ਦੇ 43 ਨਵਾਂ ਦੀ ਸੂਚੀ ਦਿੱਤੀ ਹੈ (ਪੰਨਾ 14)। ਯਾਦ ਰਹੇ “ਲੋਪ ਚੰਡਕਾ ਹੋਇ ਗਈ ਸੁਰਪਤਿ ਕੋ ਦੇ ਰਾਜ”, ਆਰਤੀ ਵੇਲੇ ਕੁਝ ਅਗਿਆਨੀਆਂ ਵੱਲੋਂ ਪੜੀਆਂ ਜਾਣ ਵਾਲੀਆਂ ਇਹ ਪੰਗਤੀਆਂ ਵੀ, “ਇਤਿ ਸ੍ਰੀ ਮਾਰਕੰਡੇਪੁਰਾਨੇ ਚੰਡੀ ਚਰਿਤ੍ਰ ਉਕਿਤ ਬਿਲਾਸ ਧੁਮ੍ਰਨੈਣਬਧਹਿ ਨਾਮ ਤ੍ਰਿਤਯਧਯਾਇ” (ਪੰਨਾ 79) ਇਸੇ ਰਚਨਾ `ਚ ਹੀ ਦਰਜ ਹਨ। ਕਈ ਸੱਜਣਾ ਵੱਲੋਂ ਸ਼ਿਵਾ ਦੇ ਅਰਥ ਅਪਾਰ ਸ਼ਕਤੀ ਵੀ ਕੀਤੇ ਗਏ ਹਨ। 233 ਛੰਦਾਂ `ਚ ਇਕ ਛੰਦ (231) ਨੂੰ ਵੱਖ ਕਰਕੇ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਮੰਨ ਲੈਣਾ ਜਾਂ ਕਿਸੇ ਇਕ ਥਾਂ ‘ਸ਼ਿਵਾ’ ਦੇ ਅਰਥ ਆਪਣੀ ਮਰਜ਼ੀ ਮੁਤਾਬਕ ਕਰ ਲੈਣੇ, ਕਿਸੇ ਵੀ ਤਰ੍ਹਾਂ ਸਿਆਣਪ ਨਹੀ ਮੰਨਿਆ ਜਾ ਸਕਦਾ। ਇਸ ਸਾਰੀ ਰਚਨਾ ‘ਅਬ ਚੰਡੀ ਚਰਿਤ੍ਰ ਉਕਿਤ ਬਿਲਾਸ’ ਨੂੰ ਆਦਿ ਤੋਂ ਅੰਤ ਤਾਈ ਪੜ੍ਹਨ/ਸਮਝਣ ਉਪ੍ਰੰਤ ਹੀ ਸ਼ਿਵਾ ਦੇ ਅਰਥ ਕਰਨੇ ਚਾਹੀਦੇ ਹਨ। ਇਸ ਰਚਨਾ ਦਾ ਆਖਰੀ ਛੰਦ ਹੀ ਅਸਲੀਅਤ ਨੂੰ ਸਪੱਸ਼ਟ ਕਰ ਦਿੰਦਾ ਹੈ।
ਦੋਹਰਾ। ਗਰੰਥਸਤਿਸਯ ਕੋ ਕਰਿਓ ਜਾ ਸਮ ਅਵੁਰ ਨਾ ਕੋਇ।
ਜਿਹ ਨਮਿਤ 'ਕਵਿ' ਨੇ ਕਹਿਉ ਸੁ ਦੇਹ ਚੰਡਕਾ ਸੋਇ। (233)
ਇਨ੍ਹਾਂ ਪੰਗਤੀਆਂ ਦੇ ਅਰਥ ਡਾ ਜੱਗੀ ਨੇ ਇਹ ਲਿਖੇ ਹਨ:- “(ਮੈਂ) ਸਤਸਈ (ਦੁਰਗਾ ਸਪਤਸ਼ਤੀ) ਗ੍ਰੰਥ ਦੀ ਰਚਨਾ ਕੀਤੀ ਹੈ ਜਿਸ ਦੇ ਸਮਾਨ ਹੋਰ ਕੋਈ (ਗ੍ਰੰਥ) ਨਹੀਂ ਹੈ। ਹੇ ਚੰਡਿਕਾ! ਜਿਸ ਮਨੋਰਥ ਲਈ ਕਵੀ ਨੇ (ਇਹ ਕਥਾ) ਕਹੀ ਹੈ, ਉਸ ਦਾ ਉਹੀ (ਮਨੋਰਥ) ਪੂਰਾ ਕਰੋ।੨੩੩। ਇਥੇ ਸ੍ਰੀ ਮਾਰਕੰਡੇ ਪੁਰਾਣ ਦੇ ਸ੍ਰੀ ਚੰਡੀ ਚਰਿਤ੍ਰ ਉਕਿਤ ਬਿਲਾਸ ਪ੍ਰਸੰਗ ਦੇ ਦੇਵ ਸੁਰੇਸ ਸਹਿਤ ਜੈ ਜੈ ਕਾਰਾ, ਅੱਠਵਾਂ ਅਧਿਆਇ ਸਮਾਪਤ ਹੋਇਆ ਸਭ ਸ਼ੁਭ ਹੈ”।
ਸ਼ਿਵਾ ਜਾਂ ਦੁਰਗਾ ਨੂੰ ਕੋਈ ਆਪਣੀ ਮਾਤਾ ਮੰਨੇ, ਉਸ ਦੀ ਪੂਜਾ ਕਰੇ, ਉਸ ਤੋਂ ਵਰ ਮੰਗੇ, ਕਿਸੇ ਨੂੰ ਕੀ ਇਤਰਾਜ਼ ਹੋ ਸਕਦਾ ਹੈ। ਹੈਰਾਨੀ ਤਾਂ ਉਦੋਂ ਹੁੰਦੀ ਹੈ ਜਦੋਂ ਆਪਣੇ ਆਪ ਨੂੰ ਕੌਮ ਦੇ ਮਲਾਹ ਸਮਝਣ ਵਾਲੇ, ਕਿਸੇ ਦੀ ਲਿਖੀ ਕਵਿਤਾ ਵਿਚੋਂ ਚਾਰ ਪੰਗਤੀਆਂ ਲੈ ਕੇ, ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਜੋੜ ਕੇ ਇਹ ਬਿਆਨ ਦੇਣ ਕਿ 'ਦੇਹੁ ਸ਼ਿਵਾ ਬਰ ਮੋਹਿਇਹੈ' ਸਿੱਖਾਂ ਦਾ ਕੌਮੀ ਤਰਾਨਾ ਹੈ! ਇਸ ਨੂੰ ਉਨ੍ਹਾਂ ਦੀ ਅਗਿਆਨਤਾ ਸਮਝੀਏ ਜਾਂ ਕੁਝ ਹੋਰ?
ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥ ਆਗੂ ਲੈ ਉਝੜਿ ਪਵੇ ਕਿਸੁਕਰੈਪੁਕਾਰਾ॥ (ਭਾਈ ਗੁਰਦਾਸ ਜੀ)
ਕਿੰਨਾ ਚੰਗਾ ਹੋਵੇ ਜੇ ਸਿੱਖ ਸਿਧਾਂਤ ਨੂੰ ਸਮਝਣ ਵਾਲੇ ਅਤੇ ਕੌਮ ਨੂੰ ਬੁਲੰਦੀਆਂ ਵੱਲ ਲੈ ਜਾਣ ਦੇ ਚਾਹਵਾਨ ਆਗੂ ਅ
ਤੇ ਪ੍ਰਚਾਰਕ, “ਦੇਹੁ ਸ਼ਿਵਾ ਬਰ ਮੋਹਿਇਹੈ” ਭਾਵ ਕਿਸੇ ਦੇਵੀ ਨੂੰ ਪੂਜਣ ਦੀ ਥਾਂ, ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੇਠ ਲਿਖੇ ਸ਼ਬਦ ਨੂੰ ਸਿੱਖਾਂ ਦੇ ਕੌਮੀ ਤਰਾਨੇ ਵਜੋ ਪ੍ਰਚਾਰਨ ਵਾਸਤੇ ਯਤਨਸ਼ੀਲ ਹੋਣ।
ਗਗਨ ਦਮਾਮਾ ਬਾਜਿਓਪਰਿਓਨੀਸਾਨੈਘਾਉ ॥ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥ਪੁਰਜਾ ਪੁਰਜਾਕਟਿਮਰੈ ਕਬਹੂ ਨ ਛਾਡੈਖੇਤੁ ॥
ਸਰਵਜੀਤ ਸਿੰਘ ਸੈਕਰਾਮੈਂਟੋ
ਕੌਮੀ ਤਰਾਨਾ ਬਨਾਮ ਦੇਹ ਸ਼ਿਵਾ ਵਰ ਮੋਹਿਇਹੈ
Page Visitors: 2857