*ਅਸੀਂ "ਕਬਿਯੋ ਬਾਚ ਬੇਨਤੀ ॥ਚੌਪਈ ॥ " ਨਹੀਂ ਪੜ੍ਹਦੇ, ਕਿਉਂਕਿ ਇਹ "ਗੁਰਬਾਣੀ "ਨਹੀਂ !
ਬਹੁਤ ਸਾਰੇ ਬਚਿੱਤਰੀਏ ਸਾਨੂੰ ਕਹਿੰਦੇ ਹਨ ਕਿ , "ਇਹ ਗੁਰੂ ਨਿੰਦਕ ਹਨ........... ਇਹ ਪੰਥ ਦੋਖੀ ਹਨ ........ ਇਹ ਗੁਰੂ ਦੀ ਬਾਣੀ "ਚੌਪਈ" ਦਾ ਵਿਰੋਧ ਕਰਦੇ ਹਨ " ......ਆਦਿਕ ।
ਉਨ੍ਹਾਂ ਦੀ ਇਹ ਗੱਲ ਉੱਕਾ ਹੀ ਸੱਚੀ ਨਹੀ ਹੈ ! ਨਾਂ ਤਾਂ ਅਸੀ ਕਦੀ "ਚੌਪਈ " ਦਾ ਵਿਰੋਧ ਕੀਤਾ ਹੈ ਅਤੇ ਨਾਂ ਹੀ ਇਸਨੂੰ ਪੜ੍ਹਨ ਵਾਲਿਆਂ ਦਾ ਹੀ ਵਿਰੋਧ ਕੀਤਾ ਹੈ । ਨਾਂ ਹੀ ਅਸੀਂ ਇਸਨੂੰ ਪੜ੍ਹਨ ਵਾਲਿਆਂ ਦੀਆਂ ਜੁਬਾਨਾਂ ਵਡ੍ਹਨ ਦੇ ਫਤਵੇ ਦਿੰਦੇ ਹਾਂ । ਨਾਂ ਹੀ
ਇਸਨੂੰ ਪੜ੍ਹਨ ਵਾਲਿਆਂ ਦੀਆਂ ਛਬੀਲਾਂ ਲਾਉਣ ਦੀਆਂ ਧਮਕੀਆਂ ਦਿੰਦੇ ਹਾਂ । ਫਿਰ ਇਸ ਨੂੰ ਨਾਂ ਪੜ੍ਹਣ ਅਤੇ ਨਾਂ ਮੰਨਣ ਵਾਲਿਆਂ ਨਾਲ ਇਨ੍ਹਾਂ ਬਚਿੱਤਰੀਆਂ ਦਾ ਗਿਲਾ ਕਿਸ ਗੱਲ ਦਾ ਹੈ ?
ਰਹੀ ਗਲ , ਅਸੀਂ ਇਸ "ਕਵੀਆਂ ਦੀ ਬਾਚੀ ਚੌਪਈ" ਨੂੰ ਅਪਣੇ ਨਿਤਨੇਮ ਦਾ ਹਿੱਸਾ ਕਿਉ ਨਹੀ ਬਣਾਂ ਸਕਦੇ ? ਇਸਨੂੰ ਕਿਉ ਨਹੀ ਪੜ੍ਹ ਸਕਦੇ ? ਇਸਦੇ ਬਹੁਤ ਸਾਰੇ ਕਾਰਣ ਹਨ ਜੋ ਇਸ ਪ੍ਰਕਾਰ ਹਨ :
* ਇਸ ਉਪਰ ਤਾਂ ਸਾਫ ਸਾਫ ਲਿਖਿਆ ਹੋਇਆ ਹੈ ਕਿ ਇਹ " ਕਵੀਆਂ ਦੀ ਬਾਚੀ (ਕਹੀ) ਚੌਪਈ " ਹੈ । "ਹੁਣ ਕਵੀਆਂ ਦੀ ਕਹੀ ਚੌਪਈ" ਨੂੰ ਅਸੀ ਅਪਣੇ ਨਿਤਨੇਮ ਦਾ ਹਿੱਸਾ ਕਿਸ ਤਰ੍ਹਾਂ ਬਣਾਂ ਸਕਦੇ ਹਾਂ ? ਜਾਨ ਬੂਝ ਕੇ ਅਸੀ ਕਵੀਆਂ ਦੀ ਵਾਚੀ ਚੌਪਈ ਨੂੰ ਗੁਰਬਾਣੀ ਸਮਝ ਕੇ ਕਿਵੇ ਪੜ੍ਹੀ ਜਾਈਏ ? ਕੀ ਅਸੀਂ ਕਮਲੇ ਹਾਂ ?
* ਚੌਪਈ ਦੀ ਦੁਹਾਈ ਪਾਉਣ ਵਾਲੇ ਸਿੱਖਾਂ ਨੂੰ ਤਾਂ ਆਪ ਹੀ ਇਹ ਨਹੀ ਪਤਾ ਕਿ ਪੂਰੀ ਚੌਪਈ ਕਿਥੋਂ ਸ਼ੁਰੂ ਹੂੰਦੀ ਹੈ ਅਤੇ ਕਿੱਥੇ ਸਮਾਪਤ ਹੂੰਦੀ ਹੈ । ਗੁਟਕੇ ਪੜ੍ਹਨ ਵਾਲੇ ਕਿਸੇ ਸਿੱਖ ਨੂੰ ਇਸ ਪੂਰੀ 29 ਪੰਨਿਆਂ ਦੀ ਚੌਪਈ ਨੂੰ ਕਦੀ ਪੜ੍ਹ ਲਿਆ ਹੂੰਦਾ ਤਾਂ ਉਹ ਵੀ ਇਸਨੂੰ ਹੁਣ ਤਕ ਰੱਦ ਕਰ ਚੁਕੇ ਹੂੰਦੇ ! ਅਸੀ ਕਵੀਆਂ ਦੀ ਕਹੀ ਇਸ ਪੂਰੀ ਚੌਪਈ ਨੂੰ ਪੜ੍ਹ ਅਤੇ ਸਮਝ ਲਿਆ ਹੈ , ਇਸ ਲਈ ਅਸੀ ਇਸ ਨੂੰ ਤਿਆਗ ਦਿੱਤਾ ਹੈ ।
* ਨਿਤਨੇਮ ਦੀ ਇਸ ਕੱਚੀ ਰਚਨਾਂ ਨੂੰ ਅਸੀਂ ਇਸ ਲਈ ਵੀ ਨਹੀ ਪੜ੍ਹਦੇ ਕਿਉ ਕਿ ਇਹ ਬਚਿੱਤਰ ਨਾਟਕ ਪੋਥੇ ਦੀ ਅਤਿ ਦੀ ਅਸ਼ਲੀਲ ਅਤੇ ਗੰਦੀ ਰਚਨਾਂ "ਪਾਖਯਾਨ ਤਰਿਤ੍ਰ" ਦਾ 404 ਵਾਂ ਚਰਿਤ੍ਰ ਹੈ । ਜਿਨ੍ਹਾਂ ਨੇ ਇਸਦੇ 404 ਚਰਿਤ੍ਰ ਨਹੀ ਪੜ੍ਹੇ ਉਹ ਹੀ ਇਸਨੂੰ ਪੜ੍ਹ ਰਹੇ ਹਨ ।
ਅਸੀ ਇਨ੍ਹਾਂ ਸਾਰੇ ਚਰਿਤ੍ਰਾਂ ਨੂੰ ਪੜ੍ਹ ਲਿਆ ਹੈ । ਜਿਨ੍ਹਾਂ ਚਰਿਤ੍ਰਾਂ ਨੂੰ ਬੀਬੀਆਂ ਅਤੇ ਬਚਿੱਆਂ ਨਾਲ ਬਹਿ ਕੇ ਨਹੀ ਪੜ੍ਹਿਆ ਜਾ ਸਕਦਾ । ਇਸ ਲਈ ਅਸੀ "ਕਵੀਆਂ ਦੀ ਕਹੀ ਇਸ ਚੌਪਈ " ਨੂੰ ਤਿਆਗ ਦਿੱਤਾ ਹੈ ।
* ਜੇ "ਪਖਯਾਨ ਤਰਿਤ੍ਰ" " ਦੇ 403 ਚਰਿਤ੍ਰ ਅਤਿ ਦੇ ਅਸ਼ਲੀਲ ਅਤੇ ਮਾਵਾਂ ਭੈਣਾਂ ਦੇ ਸਾਮ੍ਹਣੇ ਨਹੀ ਪੜੇ ਜਾ ਸਕਦੇ ਤਾਂ ਉਸਦੇ 404 ਵੇਂ ਚਿਰਿਤ੍ਰ ਦੀ ਇਸ ਰਚਨਾਂ ਨੂੰ , ਅਸੀਂ ਗੁਰਬਾਣੀ ਕਿਸ ਤਰ੍ਹਾਂ ਕਹਿ ਸਕਦੇ ਹਾਂ ? ਜੇ ਅਸੀ ਚੌਪਈ ਵਾਲੇ 404 ਵੇਂ ਅਤੇ ਅਖੀਰਲੇ ਚਰਿਤ੍ਰ ਨੂੰ
ਗੁਰਬਾਣੀ ਮਨ ਲਈਏ ਤਾਂ ਇਸ ਪੂਰੀ ਰਚਨਾਂ ਨੂੰ ਵੀ ਗੁਰੂ ਦੀ ਬਾਣੀ ਮਨਣਾਂ ਪਵੇਗਾ । ਅਸੀਂ ਐਸਾ ਕਰਕੇ , ਗੁਰੂ ਘਰ ਦੇ ਗੱਦਾਰ ਨਹੀ ਬਣਨਾਂ ਚਾਂਉਦੇ , ਇਸ ਲਈ ਅਸੀ ਇਸਨੂੰ ਤਿਆਗ ਦਿੱਤਾ ਹੈ ।
* ਇਹ ਕੱਚੀ ਰਚਨਾਂ ਗੁਟਕੇ ਛਾਪਣ ਵਾਲਿਆਂ ਦੀ ਕੋਝੀ ਸਾਜਿਸ਼ ਦਾ ਨਤੀਜਾ ਹੈ , ਜਿਸਨੂੰ ਇਨ੍ਹਾਂ ਨੇ ਸੋ ਦਰੁ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਰਲ ਗਡ ਕਰਕੇ ਛਾਪ ਦਿੱਤਾ ਹੈ । ਇਨ੍ਹਾਂ ਗੁਟਕਿਆਂ ਵਿੱਚ ਇਸ ਦੀਆਂ ਪੌੜ੍ਹੀਆਂ ਦੇ ਨੰਬਰ ਅਤੇ ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਦੇ ਮੂਲ ਸ੍ਰੋਤ ਤੋਂ ਹੱਟ ਕੇ ਇਸ ਦਾ ਸਰੂਪ ਬਦਲ ਦਿੱਤਾ ਗਿਆ ਹੈ । ਜੇ ਇਹ "ਗੁਰਬਾਣੀ" ਹੂੰਦੀ ਤਾਂ ਇਸ ਵਿੱਚ ਰੱਦੋ ਬਦਲ ਕਰਣ ਦਾ ਅਧਿਕਾਰ ਕਿਸ ਨੂੰ ਮਿਲਿਆ ਹੋਇਆ ਹੈ ? ਇਸ ਚੌਪਈ ਦੇ ਨੰਬਰ ਬਦਲਣ ਵਾਲੇ ਨੂੰ ਅਸੀਂ ਪੰਥ ਦੋਖੀ ਕਹੀਏ ਕਿ ਉਸ ਦਾ ਸਤਕਾਰ ਕਰੀਏ ? ਇਨ੍ਹਾਂ ਗੱਲਾਂ ਕਾਰਣ ਅਸੀ ਇਸ ਨੂੰ ਨਹੀਂ ਪੜ੍ਹਦੇ ।
* ਪੰਨਾਂ ਨੰਬਰ 1359 ਤੋਂ ਇਹ ਚੌਪਈ , ਸਬੁਧਿ ਬਾਚ ॥ ਚੌਪਈ ॥ ਦੇ ਸਿਰਲੇਖ ਹੇਠ ਪਉੜੀ ਨੰਬਰ ॥1॥ ਨਾਲ ਸ਼ੁਰੂ ਹੂੰਦੀ ਹੈ ਅਤੇ ਪੰਨਾਂ ਨੰਬਰ 1388 ਤੇ 405 ਵੀਂ ਪਉੜ੍ਹੀ ਤੇ ਸਮਾਪਤ ਹੂੰਦੀ ਹੈ ।
ਕੀ ਨਿਤਨੇਮ ਵਿੱਚ ਇਸ "ਕਵੀਆਂ ਦੀ ਵਾਚੀ ਚੌਪਈ" ਨੂੰ ਪੜ੍ਹਨ ਵਾਲੇ ਸਿੱਖਾਂ ਨੂੰ ਇਸ ਬਾਰੇ ਦਸਿਆ ਗਿਆ ਹੈ ?
ਕੀ ਉਨ੍ਹਾਂ ਨੂੰ ਇਸ ਪੂਰੀ ਚੌਪਈ ਦੇ ਅਰਥ ਕੋਈ ਰਾਗੀ ਜਾਂ ਪ੍ਰਚਾਰਕ ਦਸਦਾ ਹੈ ?
ਜਾਂ ਪਾਹੁਲ ਛਕਾਉਣ ਵਾਲੇ ਪੰਜ ਪਿਆਰੇ ਇਸ ਬਾਰੇ ਸਿੱਖਾਂ ਨੂੰ ਅੱਜ ਤਕ ਦਸਿਆ ਹੈ ਕਿ, ਪੂਰੀ ਚੌਪਈ 29 ਪੰਨਿਆਂ ਦੀ ਹੈ ਅਤੇ ਇਸਦੀਆਂ ਕੁਲ 405 ਪੌੜ੍ਹੀਆਂ ਹਨ ? ਨਹੀ ਨਾਂ ? ਅਸੀ ਇਸਨੂੰ ਪੜ੍ਹ ਲਿਆ ਹੈ , ਇਸ ਲਈ ਅਸੀ ਇਸਨੂੰ ਤਿਆਗ ਦਿੱਤਾ ਹੈ !
* ਪੂਰੀ ਚੌਪਈ ਨੂੰ ਕੋਈ ਵੀ ਨਹੀ ਪੜ੍ਹਦਾ ,ਸਣੇ ਬਚਿੱਤਰੀਆਂ ਦੇ । ਇਸ ਵਿਚ ਮਹਾਕਾਲ,ਖੜਗਕੇਤੁ ਅਤੇ ਅਸਿਧੁਜ ਨਾਮ ਦੇ ਦੇਵਤੇ ਯੁਧ ਲੜ ਰਹੇ ਹਨ । ਦੈਂਤਾਂ ਨੂੰ ਲਹੂ ਲੁਹਾਨ ਕਰ ਰਹੇ ਹਨ । ਹਥ ਵਿੱਚ ਤਲਵਾਰਾਂ ਫੜੀਆਂ ਹੋਈਆਂ ਨੇ ਤੇ ਇਕ ਦੂਜੇ ਦੇ ਸਿਰ ਲਾਹ ਰਹੇ ਹਨ । ਇਹ ਸਾਰੇ
ਤਾਂ ਦੇਹਧਾਰੀ ਅਤੇ ਹਿੰਦੂ ਮਿਥਿਹਾਸ ਦੇ ਪਾਤਰ ਹਨ । ਸਾਡਾ "ਸ਼ਬਦ ਗੁਰੂ" ਤਾਂ ਇਕ ਨਿਰੰਕਾਰ ਪਰਮਾਤਮਾਂ ਦੀ ਉਸਤਤਿ ਕਰਣ ਦਾ ਸੰਦੇਸ਼ ਅਤੇ ਸਿਖਿਆ ਦਿੰਦਾ ਹੈ । ਜੇ ਅਸੀਂ ਇਸ ਚੌਪਈ ਨੂੰ ਪੜ੍ਹੀਏ ਤਾਂ ਸਾਨੂੰ ਮਹਾਂ ਕਾਲ ਦੇਵਤੇ ਦੀ ਖੁਸ਼ਾਮਦ ਕਰਦਿਆਂ ਕਹਿੰਣਾਂ ਪੈਦਾ ਹੈ ...ਮੇਰਾ ਰਖਵਾਲਾ ਮਹਾਂ ਕਾਲ ਹੈ........"ਮਹਾਂ ਕਾਲ ਕੀ ਸ਼ਰਨਿ ਜੇ ਪਰੇ ਸੁ ਲਏ ਬਚਾਇ ॥366॥
ਜੇ ਪੂਜਾ ਅਸਿਕੇਤੁ ਕੀ ਨਿਤਪਤਿ ਕਰੈਂਂ ਬਨਾਇ ॥ ਤਿਨ ਪਰ ਅਪਨੇ ਹਾਥ ਦੈ ਅਸਿਧੁਜ ਲੇਤ ਬਚਾਇ ॥367॥
ਚੌਪਈ ॥ ਦੁਸ਼ਟ ਦੈਤ ਕਛੁ ਬਾਤ ਨ ਜਾਨੀ ॥ ਮਹਾਂ ਕਾਲ ਤਨ ਪੁਨਿ ਰਿਸਿ ਠਾਨੀ ॥.... ....॥368 ॥ ( ਬਚਿੱਤਰੀਉ ! ਲਉ ! ਤੁਹਾਡੇ ਸਾਰੇ ਅਕਾਲਪੁਰਖ , ਇਸ ਚੌਪਈ ਦੋ ਬੰਦਾ ਵਿੱਚ ਹੀ ਆ ਗਏ ਹਨ , ਹੁਣ ਫੈਸਲਾ ਕਰ ਲਵੋ ਕਿ ਇਨ੍ਹਾਂ ਤਿੱਨਾਂ ਵਿੱਚ ਤੁਹਾਡਾ ਅਕਾਲਪੁਰਖ ਕੇੜ੍ਹਾ ਹੈ ?) ।
ਖੜਗਕੇਤੁ, ਜੋ ਦੇਂਤਾਂ ਨਾਲ ਯੁਧ ਕਰ ਰਿਹਾ ਹੈ, ਸਾਨੂੰ ਉਸ ਦੀ ਸ਼ਰਣੀ ਪੈਣਾਂ ਪੈੰਦਾ ਹੈ........ ......ਖੜਗ ਕੇਤੁ ਮੈ ਸ਼ਰਨਿ ਤਿਹਾਰੀ ॥..........ਸ਼੍ਰੀ ਅਸਿਧੁਜ ਦੇਵਤੇ ਕੋਲੋਂ ਅਪਣੀ ਰਖਿਆ ਕਰਣ ਦੇ ਤਰਲੇ ਪਾਉਣੇ ਪੈੰਦੇ ਹਨ । ਸ਼੍ਰੀ ਅਸਿਧੁਜ ਜੂ ਕਰਿਯਹੂ ਰੱਛਾਂ ॥381॥
ਇਹ ਸਭ ਕੁਝ ਕਰਕੇ ਅਸੀਂ ਅਪਣੇ ਇਕੋ ਇਕ "ਸ਼ਬਦ ਗੁਰੂ" ਤੋਂ ਬੇਮੁੱਖ ਕਿਵੇ ਹੋ ਜਾਈਏ ? ਅਸੀ ਉਸਨੂੰ ਬੇਦਾਵਾ ਕਿਵੇਂ ਲਿਖ ਕੇ ਦੇ ਦਈਏ ? ਇੱਸੇ ਲਈ ਅਸੀ ਕਵੀਆਂ ਦੀ ਬਾਚੀ (ਕਹੀ) ਇਸ ਚੌਪਈ ਨੂੰ ਨਹੀ ਪੜ੍ਹਦੇ ਅਤੇ ਨਾਂ ਹੀ ਇਸਨੂੰ ਗੁਰੂ ਦੀ ਬਾਣੀ ਮੰਨਦੇ ਹਾਂ ।
ਅਸੀ ਇਸ ਨੂੰ ਗੁਰਬਾਣੀ ਮੰਨ ਕੇ ਅਪਣੇ ਨਿਤਨੇਮ ਦਾ ਹਿੱਸਾ ਕਿਵੇਂ ਬਣਾਂ ਲਈਏ ? ਅਸੀ ਇਹ ਨਹੀ ਕਰ ਸਕਦੇ !
ਇਸ ਲਈ ਅਸੀ ਇਸਨੂੰ ਤਿਆਗ ਦਿੱਤਾ ਹੈ ।
ਬਚਿਤੱਰੀਉ ! ਤੁਸੀ ਇਸਨੂੰ ਜਮ ਜਮ ਕੇ ਪੜ੍ਹੋ ! 404ਵੇਂ ਚਰਿਤ੍ਰ ਤੋਂ ਅਲਾਵਾ, ਬਾਕੀ ਦੇ 403 ਵੀ ਸੰਗਤਾਂ ਨੂੰ ਵਿਆਖਿਆ ਸਹਿਤ ਪੜ੍ਹਵਾਉ ! ਸਾਨੂੰ ਕੋਈ ਇਤਰਾਜ ਨਹੀ ! ਨਾਂ ਅਸੀਂ ਤੁਹਾਨੂੰ ਗਾਲ੍ਹਾਂ ਕਡ੍ਹਾਂ ਗੇ ! ਨਾਂ ਤੁਹਾਨੂੰ ਧਮਕੀਆਂ ਦੇਵਾਂਗੇ ! ਨਾਂ ਤੁਹਾਡੀਆਂ ਜੁਬਾਨਾਂ ਵਡ੍ਹਾਂ ਗੇ ਅਤੇ ਨਾਂ ਹੀ ਤੁਹਾਡੀਆਂ ਛਬੀਲਾਂ ਲਾਵਾਂਗੇ । ਇਹ ਕੰਮ ਤਾਂ ਸੰਗਤ ਆਪ ਹੀ ਕਰ ਲਵੇਗੀ , ਜਦੋਂ ਉਸਨੂੰ ਇਸ "ਚੌਪਈ" ਦੀ ਅਸਲਿਅਤ ਦਾ ਪਤਾ ਲੱਗੇਗਾ । ਤੁਸੀ ਰੁਮਾਲੇ ਪਾ ਪਾ ਕੇ ਇਸ ਪੂਰੀ ਚੌਪਈ ਨੂੰ ਢੱਕੀ ਰੱਖੋ , ਅਸੀ ਰੁਮਾਲੇ ਖਿਚਦੇ ਰਹਾਂ ਗੇ ,ਅਪਣੇ ਅਖੀਰਲੇ ਸਾਹ ਤਕ ।
ਇੰਦਰਜੀਤ ਸਿੰਘ , ਕਾਨਪੁਰ
ਇੰਦਰਜੀਤ ਸਿੰਘ ਕਾਨਪੁਰ
*ਅਸੀਂ "ਕਬਿਯੋ ਬਾਚ ਬੇਨਤੀ ॥ਚੌਪਈ ॥ " ਨਹੀਂ ਪੜ੍ਹਦੇ, ਕਿਉਂਕਿ ਇਹ "ਗੁਰਬਾਣੀ "ਨਹੀਂ ! *
Page Visitors: 2886