ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀਆਂ ਅਸਲ ਤਾਰੀਖਾਂ
ਸਰਵਹੀਤ ਸਿੰਘ ਸੈਕਰਾਮੈਂਟੋ
ਸਿੱਖ ਇਤਿਹਾਸ ਵਿੱਚ ਸ਼ਹੀਦੀਆਂ, ਇਕ ਖਾਸ ਮੁਕਾਮ ਰੱਖਦੀਆਂ ਹਨ। ਗੁਰੂ ਸਾਹਿਬਾਨ ਨੇ ਬਾਣੀ ਰਾਹੀ ਸਿਰਫ ਉਪਦੇਸ ਹੀ ਨਹੀ ਦਿੱਤਾ ਸਗੋਂ ਉਸ ਤੇ ਖ਼ੁਦ ਅਮਲ ਕਰਕੇ ਇਹ ਸਬਕ ਦ੍ਰਿੜ ਵੀ ਕਰਵਾਇਆਂ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਆਰੰਭ ਹੋ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਧਰਮ ਦੀ ਰੱਖਿਆ ਕਰਦਿਆਂ ਸਿੱਖਾਂ ਵੱਲੋਂ ਦਿੱਤੀਆਂ ਗਈਆਂ ਸ਼ਹੀਦੀਆਂ, ਗੁਰੂ ਤੇਗ ਬਹਾਦਰ ਜੀ ਦੀ ਮਨੁੱਖੀ ਅਧਿਕਾਰਾਂ ਦੀ ਖਾਤਰ ਲਾਸਾਨੀ ਸ਼ਹਾਦਤ, ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਅਨੇਕਾਂ ਸਿੰਘਾਂ ਸਮੇਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਇਹ ਸਿਲਸਿਲਾ ਬਾਬਾ ਬੰਦਾ ਬਹਾਦਰ, ਛੋਟੇ ਅਤੇ ਵੱਡੇ ਘਲੂਘਾਰੇ ਰਾਹੀਂ ਹੁੰਦਾ ਹੋਇਆ ਅੱਜ ਦੇ ਆਧੁਨਿਕ ਸਮੇਂ ਤਾਈਂ ਨਿਰੰਤਰ ਜਾਰੀ ਹੈ। ਅੱਜ ਅਸੀਂ ਇਸੇ ਲੜੀ ਦੇ ਅਣਮੋਲ ਹੀਰੇ, ਨਿੱਕੀਆਂ ਉਮਰਾਂ `ਚ ਵੱਡੇ ਸਾਕੇ ਕਰਨ ਵਾਲੇ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹੀਦੀ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਜਿਥੇ ਸਾਹਿਬਜ਼ਾਦਿਆਂ ਵੱਲੋਂ ਨਿੱਕੀਆਂ ਉਮਰਾਂ `ਚ ਕੀਤੇ ਗਏ ਵੱਡੇ ਸਾਕਿਆਂ ਦਾ ਇਤਿਹਾਸ ਅਤੇ ਇਤਿਹਾਸ ਅਸਥਾਨ ਸਾਡੇ ਪ੍ਰੇਰਨਾ ਸਰੋਤ ਹੈ। ਚਾਹੀਦਾ ਤਾਂ ਇਹ ਸੀ ਕਿ ਅਸੀਂ ਆਪਣੇ ਪ੍ਰੇਰਣਾ ਸਰੋਤਾਂ ਦੀ ਉਸੇ ਰੂਪ `ਚ ਸਾਂਭ-ਸੰਭਾਲ ਕਰਦੇ ਪਰ ਕਾਰ ਸੇਵਾ ਵਾਲੇ ਬਾਬਿਆਂ ਨੇ ਜਿਥੇ ਇਤਿਹਾਸਕ ਯਾਦਗਾਰਾਂ ਨੂੰ ਸੰਗਮਰਮਰ ਦੇ ਥੱਲੇ ਦੱਬ ਦਿੱਤਾ ਹੈ ਉਥੇ ਹੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੀ ਇਤਿਹਾਸਕ ਤਾਰੀਖ਼ਾਂ ਨੂੰ ਵਿਗਾੜਨ `ਚ ਆਪਣਾ ਯੋਗਦਾਨ ਪਾ ਰਹੀ ਹੈ।
ਗੁਰੂ ਗੋਬਿੰਦ ਸਿੰਘ ਜੀ ਦੇ ਸੰਘਰਸ਼ ਮਈ ਜੀਵਨ `ਚ ਇਕ ਸਮਾ ਅਜੇਹਾ ਵੀ ਆਇਆ ਜਦੋਂ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਦਾ ਕਿਲਾ ਖਾਲੀ ਕਰਨਾ ਪਿਆ। ਪਹਾੜੀ ਰਾਜਿਆਂ ਅਤੇ ਸ਼ਾਹੀ ਫੌਜਾਂ ਵੱਲੋਂ ਦਿਵਾਏ ਭਰੋਸੇ ਅਤੇ ਕਿਲੇ ਦੇ ਅੰਦਰੂਨੀ ਹਾਲਾਤ ਨੂੰ ਮੁਖ ਰੱਖ ਕੇ ਗੁਰੂ ਜੀ ਨੇ 6 ਪੋਹ ਸੰਮਤ 1761 ਬਿਕ੍ਰਮੀ (5 ਦਸੰਬਰ 1704 ਈ: ਜੂਲੀਅਨ) ਦੀ ਰਾਤ ਨੂੰ ਕਿਲਾ ਖਾਲੀ ਕਰ ਦਿੱਤਾ। ਵੈਰੀ ਦੀਆਂ ਫੌਜਾਂ ਨੇ ਖਾਧੀਆਂ ਕਸਮਾਂ ਨੂੰ ਭੁੱਲਾ ਕੇ, ਸਿੱਖਾਂ ਦਾ ਪਿੱਛਾ ਕਰਨਾ ਅਰੰਭ ਦਿੱਤਾ। ਬਹੁਤ ਸਾਰੇ ਸਿੰਘ, ਬਹਾਦਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਸ਼ਹੀਦੀਆਂ ਪ੍ਰਾਪਤ ਕਰ ਗਏ। ਇਸੇ ਦੌਰਾਨ ਗੁਰੂ ਜੀ ਸਰਸਾ ਨਦੀ ਨੂੰ ਪਾਰ ਕਰ ਨੇ ਚਮਕੌਰ ਦੇ ਚੌਧਰੀ ਦੀ ਇੱਕ ਕੱਚੀ ਗੜੀ ਵਿੱਚ ਮੋਰਚੇ ਸੰਭਾਲ ਲਏ। ਮੁਗਲਾਂ ਨੇ ਰਾਤ ਦੇ ਸਮੇ ਹਜ਼ਾਰਾਂ ਦੀ ਗਿਣਤੀ `ਚ ਫੌਜ ਨਾਲ ਗੜੀ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਜੀ, ਦੋ ਵੱਡੇ ਸਾਹਿਬਜ਼ਾਦੇ ਤੇ 40 ਸਿੰਘਾਂ ਨੇ ਮੁਗਲ ਫੌਜ ਦਾ ਡਟ ਕੇ ਟਾਕਰਾ ਕੀਤਾ। ਪੰਜ–ਪੰਜ ਸਿੰਘਾਂ ਦਾ ਜਥਾ ਮੈਦਾਨ `ਚ ਜਾਂਦਾ ਅਤੇ ਵੈਰੀ ਦੇ ਸੱਥਰ ਵਿਛਾਉਂਦਾ ਹੋਇਆ ਸ਼ਹੀਦ ਹੋ ਜਾਂਦਾ। ਸਾਹਿਬਜ਼ਾਦਾ ਅਜੀਤ ਸਿੰਘ ਵੀ ਗੁਰੂ ਜੀ ਤੋਂ ਆਗਿਆ ਲੈ ਕੇ ਮੈਦਾਨ `ਚ ਜਾ ਗੱਜਿਆ। ਕਈਆਂ ਨੂੰ ਪਾਰ ਬੁਲਾ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਗਏ। ਸਾਹਿਬਜ਼ਾਦਾ ਜੁਝਾਰ ਸਿੰਘ ਜੀ ਵੀ ਵੈਰੀਆਂ ਦੇ ਆਹੂ ਲਾਉਂਦੇ ਹੋਏ ਅੱਗੇ ਵੱਧਦੇ-ਵੱਧਦੇ ਸ਼ਹੀਦੀ ਪ੍ਰਾਪਤ ਕਰ ਗਏ। ਇਹ ਯੁੱਧ 8 ਪੋਹ ਸੰਮਤ 1761 ਬਿਕ੍ਰਮੀ (7 ਦਸੰਬਰ 1704 ਈ: ਜੂਲੀਅਨ) ਦਿਨ ਵੀਰਵਾਰ ਨੂੰ ਹੋਇਆ ਸੀ। ਸਰਸਾ ਨਦੀ ਤੇ ਪਏ ਵਿਛੋੜੇ ਕਾਰਨ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਜੀ, ਮਾਤਾ ਗੁਜਰੀ ਜੀ, ਗੰਗੂ ਬ੍ਰਾਹਮਣ ਦੇ ਘਰ, ਉਸ ਦੇ ਪਿੰਡ ਖੇੜੀ ਪੁਜ ਗਏ ਸਨ। ਲੂਣ ਹਰਾਮੀ ਗੰਗੂ ਨੇ ਲਾਲਚ ਵੱਸ ਮੋਰਿੰਡਾ ਦੇ ਥਾਣੇ ਜਾ ਖ਼ਬਰ ਕਰ ਦਿੱਤੀ। ਅਹਿਲਕਾਰਾਂ ਨੇ ਮਾਤਾ ਗੁਜਰੀ ਅਤੇ ਦੋਵੇਂ ਮਾਸੂਮਾਂ ਨੂੰ ਗ੍ਰਿਫਤਾਰ ਕਰਕੇ ਸਰਹਿੰਦ ਦੇ ਸੂਬੇਦਾਰ ਵਜ਼ੀਰ ਖਾਂ ਦੇ ਸਪੁਰਦ ਕਰ ਦਿੱਤਾ। ਕਚਹਿਰੀ `ਚ 11 ਅਤੇ 12 ਪੋਹ ਨੂੰ ਪੇਸ਼ੀਆਂ ਉਪ੍ਰੰਤ ਕਾਜ਼ੀ ਵੱਲੋਂ ਸੁਣਾਏ ਫ਼ਤਵੇ ਤੇ ਅਮਲ ਕਰਦਿਆਂ, ਸਾਹਿਬਜ਼ਾਦਿਆਂ ਨੂੰ ਦੀਵਾਰ `ਚ ਚਿਣ ਕੇ ਸ਼ਹੀਦ ਕਰ ਦਿੱਤਾ ਗਿਆ। ਇਹ ਸ਼ਹੀਦੀ ਸਾਕਾ 13 ਪੋਹ ਸੰਮਤ 1761 ਬਿਕ੍ਰਮੀ (12 ਦਸੰਬਰ 1704 ਈ: ਜੂਲੀਅਨ) ਦਿਨ ਮੰਗਲਵਾਰ ਨੂੰ ਵਾਪਰਿਆ ਸੀ।