ਏਨਾ ਕਸੂਰ ਇਨ੍ਹਾਂ ਪੰਥ-ਦੋਖੀਆਂ ਦਾ ਨਹੀਂ, ਜਿੱਨਾ ਕਸੂਰ ਸਾਡਾ ਆਪਣਾ ਹੈ
ਜਦੋਂ ਵੀ ਕੋਈ ਪੰਥ ਦੋਖੀ ਅਨਸਰ ਸਾਡੇ ਗੁਰੂਆਂ ਬਾਰੇ ਜਾਂ ਸਾਡੇ ਪੁਰਖਿਆਂ ਬਾਰੇ ਕੋਈ ਗਲਤ ਬਿਆਨ ਦਿੰਦਾ ਹੈ ਤਾਂ ਅਸੀ ਭੁੜਕ ਡੰਡਿਉ ਪਾਰ ਹੋ ਜਾਂਦੇ ਹਾਂ । ਇੰਜ ਲਗਦਾ ਹੈ ਕਿ ਸਾਡੇ ਤੋਂ ਵੱਡਾ ਪੰਥ ਦਰਦੀ ਸ਼ਾਇਦ ਇਸ ਦੁਨੀਆਂ ਵਿਚ ਕੋਈ ਦੂਜਾ ਨਹੀ । ਗਰੀਬ ਗ੍ਰੰਥੀਆਂ ਅਤੇ ਪਾਠੀਆਂ ਉੱਤੇ ਤਸ਼ਦਦ ਕਰਣ ਅਤੇ ਉਨ੍ਹਾਂ ਨੂੰ ਕੁੱਟ ਕੁੱਟ ਕੇ ਤੋੜ ਦੇਣ ਵਾਲੀਆਂ ਅਖੌਤੀ ਸਤਕਾਰ ਕਮੇਟੀਆਂ ਉਸ ਵੇਲੇ ਅੰਦਰਲੇ ਖੁੱਡੇ ਜਾ ਵੜਦੀਆ ਨੇ । ਇਕ ਬੋਲ ਵੀ ਇਨ੍ਹਾਂ ਲੋਕਾਂ ਦੇ ਖਿਲਾਫ ਉਨ੍ਹਾਂ ਦੇ ਮੂੰਹੋਂ ਨਹੀ ਨਿਕਲਦਾ । ਅਖੌਤੀ ਫੇਡਰੇਸ਼ਨਾਂ ਅਤੇ ਟਕਸਾਲੀਆਂ ਨੂੰ ਜਿਵੇਂ ਸੱਪ ਸੁੰਘ ਜਾਂਦਾ ਹੈ । ਭੰਗ ਖਾਣੇ ਅਤੇ ਨੰਗੀਆਂ ਟੰਗਾਂ ਵਾਲਿਆਂ ਦੇ ਝੂੰਡ , ਪਤਾ ਨਹੀ ਕਿੱਥੇ ਅਪਣੇ ਦੌਰੀ ਡੰਡੇ ਅਤੇ ਬਰਛੇ ਲੈ ਕੇ ਅਲੋਪ ਹੋ ਜਾਂਦੇ ਹਨ ? ਇਨ੍ਹਾਂ ਵਿਚੋਂ ਨਾਂ ਕੋਈ "ਸਕੱਤਰੇਤ" ਵਿੱਚ ਸ਼ਿਕਾਅਤੀ ਚਿੱਠੀ ਦੇਣ ਜਾਂਦਾ ਹੈ ,ਅਤੇ ਨਾਂ ਹੀ ਇਨ੍ਹਾਂ ਲਈ ਕੋਈ ਛਬੀਲਾਂ ਲਾਉਣ ਦੀ ਗਲ ਹੀ ਕਰਦਾ ਹੈ । ਸਾਰੀ ਕੌਮ ਇਕ ਮਜਾਕ ਬਣ ਕੇ ਰਹਿ ਗਈ ਹੈ । ਸੁੱਤੀ ਅਤੇ ਬੇਹੋਸ਼ ਕੌਮ !
ਧਰਮ ਮਾਫੀਆਂ ਸਿਆਸਤ ਅਤੇ ਧੰਨ ਦੌਲਤ ਦੀ ਪਾਵਰ ਨੂੰ ਵਰਤ ਕੇ ਸਿੱਖ ਵਿਰੋਧੀ ਤਾਕਤਾਂ ਦਾ ਪੱਖ ਪੂਰ ਰਿਹਾ ਹੈ । ਇਕ ਸਿੱਖ ਥੋੜੇ ਦਿਨ ਇਸ ਬੇਅਦਬੀ ਬਾਰੇ ਰੋਸ਼ ਜਤਾਉਦਾ ਹੈ ਫਿਰ ਭੁਲ ਜਾਂਦਾ ਹੈ । ਕੀ ਗੁਰੂਆਂ ਅਤੇ ਪੰਥ ਦੀਆਂ ਸ਼ਖਸ਼ੀਅਤਾਂ ਦੀ ਆਏ ਦਿਨ ਹੋ ਰਹੀ ਬੇਅਦਬੀ ਦਾ ਸਾਡੇ ਕੋਲ ਕੋਈ ਇਲਾਜ ਨਹੀ ਹੈ ? ਪੈਸੇ ਦੇ ਬਲ ਤੇ ਉਹ ਧਰਮ ਮਾਫੀਏ ਨੂੰ ਖਰੀਦ ਕੇ ਜੋ ਮਰਜੀ ਕਰੀ ਜਾਂਨ ? ਜਦੋਂ ਕੁੱਤੀ ਹੀ ਚੋਰ ਨਾਲ ਰਲੀ ਹੋਵੇ ਤਾਂ ਇਨ੍ਹਾਂ ਦੇ ਖਿਲਾਫ ਕਿਸ ਨੇ ਬੋਲਨਾਂ ਹੈ ? ਗੁਰਬਚਨ ਸਿੰਘ ਤਾਂ ਆਪ ਇਸ ਪੀਪਨੀ ਵਾਲੇ ਦਾ ਪਿੱਠੂ ਹੈ ਅਤੇ ਦੌਲਤ ਦੇ ਲਾਲਚ ਵਿੱਚ ਹਵਾਈ ਜਹਾਜਾਂ ਦੇ ਸਫਰ ਕਰਕੇ ਥਾਈਲੈੰਡ ਅਪੱੜ ਜਾਂਦਾ ਹੈ ਅਤੇ ਇਸ ਪੀਪਨੀ ਵਾਲੇ ਨੂੰ ਗੁਰੂ ਸਾਹਿਬ ਜੀ ਦੀ ਹਜੂਰੀ ਵਿੱਚ ਬ੍ਰਹਮਗਿਆਨੀ ਸਾਬਿਤ ਕਰਣ ਵਾਲੇ ਬਿਆਨ ਦੇ ਆਂਉਦਾ ਹੈ । ਕੀ ਇਹੋ ਜਹੇ ਹੂੰਦੇ ਨੇ ਬ੍ਰਹਮ ਗਿਆਨੀ ? ਪਟਨੇ ਵਾਲਾ ਇਕਬਾਲ ਚੰਦ ਆਪ ਕਬੂਲਦਾ ਹੈ ਕਿ ," ਪੈਸੇ ਦੀ ਕਿੱਲਤ ਦੀ ਗਲ ਕੀਤੀ ਤਾਂ ਸੰਤ ਬਾਬਾ ਸਤਨਾਮ ਸਿੰਘ , ਰਾਜਾ ਜੋਗੀ ਪੀਪਲੀ ਵਾਲੇ 51 ਲੱਖ ਦਾ ਚੈਕ ਲੈ ਕੇ ਪਰਿਵਾਰ ਸਹਿਤ ਪਟਨੇ ਆ ਗਏ ।" ਜਿਨ੍ਹਾਂ ਜੱਫੇਮਾਰਾਂ ਨੂੰ 51 ਲੱਖ ਅਤੇ ਇਕ ਇਕ ਕਰੋੜ ਰੁਪਿਏ ਦੀਆਂ ਭੇਟਾ ਇਨ੍ਹਾਂ ਪੰਥ ਦੋਖੀ ਅਨਸਰਾਂ ਕੋਲੋਂ ਮਿਲਦੀਆਂ ਹੋਣ ਉਨ੍ਹਾਂ ਦੀ ਜਾਂਚੇ ਤਾਂ ਪੰਥ ਜਾਏ ਢੱਠੇ ਖੂਹ ਵਿੱਚ !
ਹੁਣ ਇਸ ਦਾ ਇਲਾਜ ਕੀ ਹੈ ? ਵੇਲਾ ਹੈ ਇਹ ਸੋਚਨ ਦਾ ! ਲੇਕਿਨ ਸੋਚ ਕੇ ਹੋਵੇ ਗਾ ਵੀ ਕੀ ? ਸਾਡੀ ਗੱਲ ਅਗੇ ਕਿਸੇ ਨੇ ਮੱਨੀ ਹੈ ? ਜੇੜ੍ਹੀ ਹੁਣ ਮਨ ਲੈਣੀ ਹੈ ! ਆਦਤ ਹੈ ਚੋਰ ਵੇਖ ਕੇ ਭੌਕਣ ਦੀ, ਇਸ ਲਈ ਇਸ ਵਿਸ਼ੈ ਤੇ ਵੀ ਭੌਕ ਹੀ ਲੈੰਦੇ ਹਾਂ । ਅਸਰ ਹੋਵੇ ਭਾਂਵੇਂ ਨਾਂ ਹੋਵੇ ! ਇਕ ਕਹਾਵਤ ਹੈ ਕਿ ਪਾਪੀ ਨੂੰ ਖਤਮ ਕਰਣ ਨਾਲ ਕਦੀ ਵੀ ਪਾਪ ਖਤਮ ਨਹੀ ਹੂੰਦਾ । ਉਸ ਬੁਰਾਈ ਦੀ ਜੱੜ ਨੂੰ ਖਤਮ ਕਰਣਾਂ ਪਵੇਗਾ । ਲੇਕਿਨ ਬੁਰਾਈ ਦੀ ਉਸ ਜੱੜ ਨੂੰ ਤਾਂ ਸਾਰੀ ਕੌਮ, ਰੋਜ ਖਾਦ ਪਾਣੀ ਦੇ ਦੇ ਕੇ ਸਿੰਝ ਰਹੀ ਹੈ । ਬੁਰਾਈ ਤਾਂ ਦਿਨ ਬ ਦਿਨ ਪੱਲ੍ਹਰ ਰਹੀ ਹੈ । ਆਉ ਗੱਲ ਖੁਲ ਕੇ ਕਰ ਲੈੰਦੇ ਹਾਂ ।
ਜੇ ਪੂਰਨ ਸਿੰਘ ਵਰਗਾ ਗੱਫੇਮਾਰ ਪੰਥ ਦੋਖੀਆਂ ਦਾ ਅਜੈੰਡਾ ਪੂਰਾ ਕਰਣ ਲਈ ਸਤਕਾਰਤ ਗੁਰੂਆਂ ਨੂੰ ਲਵ ਅਤੇ ਕੁਸ਼ ਦੀ ਅੰਸ਼ ਵਿਚੋਂ ਦਸਦਾ ਹੈ । ਭਾਵ ਗੁਰੂ ਸਾਹਿਬਾਨ ਨੂੰ ਸੂਰਜਵੰਸ਼ੀ ਬ੍ਰਾਂਹਮਣਾਂ ਦੀ ਅੰਸ਼ ਕਹਿੰਦਾ ਹੈ ਤਾਂ ਅਸ਼ੀਂ ਸਾਰੇ ਉਸ ਦੇ ਦੁਆਲੇ ਹੋ ਜਾਂਦੇ ਹਾਂ । ਇਕ ਗਲ ਯਾਦ ਰਖਿਉ ! ਕਿ ਤੁਸੀ ਨਾਂ ਤਾਂ ਉਸਨੂੰ ਚੈਲੈੰਜ ਕਰ ਸਕਦੇ ਹੋ, ਅਤੇ ਨਾਂ ਹੀ ਕਿਸੇ ਅਦਾਲਤ ਵਿੱਚ ਹੀ ਘਸੀਟ ਸਕਦੇ ਹੋ ! ਕਿਉ ਕਿ ਉਹ ਤਾਂ ਉਹੀ ਕਹਿੰਦਾ ਹੈ ਜੋ ਤੁਹਾਡੇ ਬਚਿੱਤਰ ਨਾਟਕ (ਅਖੋਤੀ ਦਸਮ ਗ੍ਰੰਥ ) ਵਿਚ ਲਿਖਿਆਂ ਹੋਇਆ ਹੈ ।
ਲਵੀ ਸਰਬ ਜੀਤੇ ਕੁਸੀ ਸਰਬ ਹਾਰੇ ॥ ਬਚੇ ਜੇ ਬਲੀ ਪ੍ਰਾਨ ਲੈ ਕੇ ਸਿਧਾਰੇ ।
ਚਤੁਰ ਬੇਦ ਪਠਿਯੰ ਕੀਯੋ ਕਾਸਿ ਬਾਸੰ ॥ ਘਨੇ ਬਰਖ ਕੀਨੇ ਤਹਾਂ ਹੀ ਨਿਵਾਸੰ ।੫੨।
ਭੂਜੰਗ ਪ੍ਤੁਰਯਾਤ ਛੰਦ ।
ਅੜਿਲ । ਜਿਨੈ ਬੇਦ ਪਠਿਓ ਸੁ ਬੇਦੀ ਕਹਾਏ । ਤਿਨੈ ਧਰਮ ਕੇ ਕਰਮ ਨੀਕੇ ਚਲਾਏ ।
ਬੇਦੀ ਭਏ ਪ੍ਰਸੰਨ ਰਾਜ ਕਹ ਪਾਇ ਕੈ । ਦੇਤ ਭਯੋ ਬਰਦਾਨ ਹੀਐ ਹੁਲਸਾਇ ਕੈ ।
ਜਬ ਨਾਨਕ ਕਲਿ ਮੈ ਹਮ ਆਨ ਕਹਾਇਹੈਂ । ਹੋ ਜਗਤ ਪੂਜ ਕਰਿ ਤੋਹਿ ਪਰਮ ਪਦ ਪਾਇਹੈਂ । ੭।
ਬਚਿੱਤਰ ਨਾਟਕ ( ਅਖੌਤੀ ਦਸਮ ਗ੍ਰੰਥ ) ਪੰਨਾਂ 52, 53
ਤੁਸੀ ਤਾਂ ਆਪ ਇਸ ਨੂੰ "ਦਸਮ ਦੀ ਬਾਣੀ" ਕਹਿੰਦੇ ਹੋ ਅਤੇ ਇਸ ਵਿੱਚ ਲਿਖੀਆਂ ਕੱਚੀਆਂ ਬਾਣੀਆਂ ਨੂੰ ਅਪਣੀ ਅਰਦਾਸ , ਅੰਮ੍ਰਿਤ ਅਤੇ ਨਿਤਨੇਮ ਵਿੱਚ ਪੜ੍ਹਦੇ ਹੋ । ਫਿਰ ਉਸ ਪੂਰਨ ਸਿੰਘ ਦੇ ਮਗਰ ਕਿਉ ਪੈੰਦੇ ਹੋ ? ਪੂਰਨ ਸਿੰਘ ਤਾਂ ਸ਼ਾਇਦ ਅਪਣੇ ਸਵਾਰਥ ਪਿੱਛੇ ਇਸ ਗਲ ਨੂੰ ਕਹਿੰਦਾ ਹੋਣਾਂ ਹੈ । ਤੁਹਾਨੂੰ ਕਿਸ ਗਲ ਦਾ ਲਾਲਚ ਹੈ ? ਉਸਨੂੰ ਤਾਂ ਸ਼ਾਇਦ ਇਕਬਾਲੇ ਵਾਂਗ ਪੰਜਾਹ ਪੰਜਾਹ ਲੱਖ ਦੇ ਚੇਕ ਮਿਲਦੇ ਹੋਣੇ ਆ, ਤੁਹਾਨੂੰ ਕੀ ਮਿਲਦਾ ਹੈ ?
ਜੇ ਆਸੂਤੋਸ਼ (ਨੂਰ ਮਹਲੀਆਂ ) ਇਹ ਕਹਿੰਦਾ ਸੀ ਕਿ ਸਿੱਖਾਂ ਦੇ ਗੁਰੂ ਗੋਬਿੰਦ ਸਿੰਘ ਨੇ ਦੁਰਗਾ ਦੇਵੀ ਨੂੰ ਤਪਸਿਆ ਕਰਕੇ ਉਸਦੀ ਅਰਾਧਨਾਂ ਕੀਤੀ ਅਤੇ ਸ਼ਿਵਾ (ਦੁਰਗਾ ਦੇਵੀ) ਕੋਲੋਂ ਵਰ ਮੰਗਿਆ । ਇਹ ਸੁਣ ਕੇ ਸਿੱਖ ਅਪਣੀ ਜਾਂਨ ਦੇ ਦੇਣ ਲਈ ਤਿਆਰ ਹੋ ਜਾਂਦੇ ਸਨ । ਉਸਦੇ ਪ੍ਰੋਗ੍ਰਾਮ ਨੂੰ ਰੁਕਵਾਉਣ ਲਈ ਸ਼ਹਾਦਤ ਦਾ ਜਾਮ ਵੀ ਪੀ ਜਾਂਦੇ ਸਨ । ਲੇਕਿਨ ਅਸਲ ਜੜ ਨੂਰ ਮਹਲੀਆਂ ਨਹੀ , ਬਚਿੱਤਰ ਨਾਟਕ (ਅਖੌਤੀ ਦਸਮ ਗ੍ਰੰਥ) ਨਾਮ ਦੀ ਉਹ ਕੂੜ ਕਿਤਾਬ ਹੈ ਜਿਸਦੇ ਪੰਨਾਂ ਨੰਬਰ 81 ਤੇ ਸਾਫ ਸਾਫ "ਸ਼ਿਵਾ" ਦਾ ਅਰਥ "ਦੁਰਗਾ" ਲਿਖਿਆ ਹੋਇਆ ਹੈ । ਅਤੇ ਤੁੁਹਾਡਾ ਗੁਰੂ ਤਾਂ ਇਸ ਕੂੜ ਕਿਤਾਬ ਵਿੱਚ ਆਪ ਕਹਿ ਰਿਹਾ ਹੈ ਕਿ ।
ਤਹ ਹਮ ਅਧਿਕ ਤਪੱਸਿਆ ਸਾਧੀ । ਮਹਾਕਾਲ ਕਾਲਿਕਾ ਅਰਾਧੀ ।੨।
ਫਿਰ ਕਿਊਂ ਹੁਣ ਕਲਪਦੇ ਹੋ ? ਆਖੀ ਜਾਉ ਕਿ ਇਹ ਗ੍ਰੰਥ ਸਾਡੇ ਗੁਰੂ ਦਾ ਲਿਖਿਆ ਹੋਇਆ ਹੈ । ਜਾਉ ਹੁਣ ਉਸਨੂੰ ਫਰਿਜ ਵਿਚੋਂ ਕਡ੍ਹ ਕੇ ਪੁੱਛੋ ਕਿ ਉਹ ਸਹੀ ਕਹੀੰਦਾ ਸੀ ਕਿ ਗਲਤ ? ਬਹੁਤਾ ਕਸੂਰ ਉਸਦਾ ਸੀ , ਕਿ ਇਸ ਕੂੜ ਪੋਥੇ ਨੂੰ "ਦਸਮ ਬਾਣੀ" ਕਹਿੰਣ ਵਾਲਿਆਂ ਦਾ ? ਤੁਸੀ ਤਾਂ ਆਪ ਕਹਿੰਦੇ ਹੋ ਕਿ ਇਹ ਗ੍ਰੰਥ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਲਿਖਿਆ ਹੋਇਆ ਹੈ । ਫਿਰ ਗਲੇ ਗਲੇ ਰੋਂਦੇ ਕਿਉ ਹੋ ?
ਇਨ੍ਹਾਂ ਹੀ ਨਹੀ ਜਿਸ ਬਚਿੱਤਰ ਨਾਟਕ ਨੂੰ ਤੁਸੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਲਿਖੀ ਹੋਈ ਉਨ੍ਹਾਂ ਦੀ ਆਤਮ ਕਥਾ ਕਹਿੰਦੇ ਹੋ , ਉਸ ਵਿੱਚ ਤਾਂ ਸਾਫ ਸਾਫ ਲਿਖਿਆ ਹੋਇਆ ਹੈ ਕਿ, ਮੇਰਾ ਪਿਤਾ ਸਰਬ ਕਾਲ ਹੈ ਅਤੇ ਮੇਰੀ ਮਾਤਾ ਕਾਲਕਾ ਦੇਵੀ ਹੈ । ਮੇਰਾ ਗੁਰੂ ਮਨਸਾ ਦੇਵੀ (ਸਰਸਵਤੀ ਦੇਵੀ) ਹੈ , ਜਿਸਨੇ ਮੈਨੂੰ ਸਾਰੀ ਵਿਦਿਆਂ ਦਿੱਤੀ ਹੈ ।
ਵਾਹ ਉਏ ਸਿੱਖੋ ! ਵਾਹ ! ਜਿਸ ਸਰਬੰਸਦਾਨੀ ਗੁਰੂ ਦਾ ਪਿਤਾ ਗੁਰੂ ਤੇਗ ਬਹਾਦੁਰ ਸਾਹਿਬ ਵਰਗਾ ਸਿਦਕੀ ਹੋਵੇ , ਉਸ ਕੋਲੋਂ ਅਖਵਾ ਰਹੇ ਹੋ ਕਿ ਉਸਦਾ ਪਿਤਾ ਸਰਬਕਾਲ ਹੈ ? ਜਿਸ ਮਹਾਨ ਗੁਰੂ ਦੀ ਮਾਤਾ ਗੁੱਜਰ ਕੌਰ ਵਰਗੀ ਮਹਾਨ ਹੋਵੇ ਉਸ ਕੋਲੋਂ ਕਾਲਕਾ ਦੇਵੀ ਨੂੰ ਅਪਣੀ ਮਾਂ ਅਖਵਾ ਰਹੇ ਹੋ ? ਜਿਸ ਗੁਰੂ ਦਾ ਸ਼ਬਦ ਗੁਰੂ ਵਰਗਾ ਸਮਰੱਥ ਗੁਰੂ ਹੋਵੇ ਅਤੇ ਉਹ ਅਪਣੇ ਸਿੱਖਾਂ ਨੂੰ ਇਹ ਹੁਕਮ ਕਰਦਾ ਹੋਵੇ ਕਿ "ਗੁਰੂ ਗ੍ਰੰਥ ਜੀ ਮਾਨਉ , ਪ੍ਰਗਟ ਗੁਰਾਂ ਕੀ ਦੇਹ...........। ਉਹ ਮਨਸਾ ਮਾਈ (ਸਰਸਵਤੀ ਦੇਵੀ) ਨੂੰ ਅਪਣਾਂ ਗੁਰੂ ਕਿਸ ਤਰ੍ਹਾਂ ਕਹਿ ਸਕਦਾ ਹੈ ? ਵਿਸ਼ਵਾਸ਼ ਨਹੀ ਹੂੰਦਾ ਨਾਂ ! ਤਾਂ ਆਪ ਪੜ੍ਹ ਕੇ ਵੇਖ ਲਵੋ ।
ਸਰਬ ਕਾਲ ਹੈ ਪਿਤਾ ਅਪਾਰਾ । ਦੇਬਿ ਕਾਲਿਕਾ ਮਾਤ ਹਮਾਰਾ ।
ਮਨੂਆ ਗੁਰ ਮੁਰਿ ਮਨਸਾ ਮਾਈ । ਜਿਨ ਮੋ ਕੋ ਸੁਭ ਕ੍ਰਿਆ ਪੜ੍ਹਾਈ ।੫ । ਬਚਿਤੱਰ ਨਾਟਕ ਪੰਨਾਂ 73
ਮੇਰੇ ਵੀਰੋ ! ਤੁਹਾਡੇ ਕਲਪਣ, ਕਿਲ੍ਹਣ ਨਾਲ ਕੁਝ ਨਹੀ ਜੇ ਹੋਣਾਂ ! ਇਨ੍ਹਾਂ ਪੰਥ ਦੋਖੀ ਤਾਕਤਾਂ ਦੇ ਹਥ ਵਿਕ ਚੁਕੇ ਅਨਸਰਾ ਨੇ ਤਾਂ ਹੱਲੀ ਸ਼ੁਰੂਆਤ ਕੀਤੀ ਹੈ , ਇਨ੍ਹਾਂ ਕੂੜ ਕਿਤਾਬਾਂ ਨੂੰ ਕੋਟ ਕਰਣ ਦੀ । ਹੱਲੀ ਤਾਂ ਇਨ੍ਹਾਂ ਨੇ 404 ਚਰਿਤੱਰਾਂ ਦਾ ਹਵਾਲਾ ਦੇਣਾਂ ਹੈ ਅਤੇ ਤੁਹਾਡੇ ਮਹਾਨ ਗੁਰੂ ਨੂੰ ਵੇਸ਼ਵਾ ਦੇ ਕੋਠੇ ਤੇ ਜਾਣ ਵਾਲਾ ਸਾਬਿਤ ਕਰਣਾਂ ਹੈ । ਜਿੱਥੇ ਉਹ ਵੇਸ਼ਵਾ ਤੁਹਾਡੇ ਗੁਰੂ ਨੂੰ ਉਸ ਨਾਲ ਸੰਭੋਗ ਕਰਣ ਲਈ ਕਹਿੰਦੀ ਹੈ ਤੇ ਤੁਹਾਡਾ ਗੁਰੂ ਅਪਣਾਂ ਚੋਲਾ ਅਤੇ ਜੁੱਤੀ ਉਥੇ ਹੀ ਛੱਡ ਕੇ ਭੱਜ ਜਾਂਦਾ ਹੈ (ਪੜ੍ਹੋ ਚਰਿਤ੍ਰ ਨੰਬਰ 21) ਪੰਨਾਂ ਨੰਬਰ 838 ਆਨੰਦਪੁਰ ਜੇੜ੍ਹਾਂ ਜਮਨਾਂ ਨਦੀ ਦੇ ਕੰਡੇ ਤੇ ਵਸਿਆ ਹੈ ਉਸਦਾ ਰਾਜਾ ਕੌਣ ਹੈ ? ਸਿੱਖ ਕਿਸਦੇ ਦਰਸ਼ਨਾਂ ਨੂੰ ਉੱਥੇ ਆਉਦੇ ਸਨ ? ਇਸਨੂੰ ਦਸਮ ਬਾਣੀ ਕਹਿਣ ਵਾਲੇ ਮੂਰਖੋ ! ਕਿਸ ਤਰ੍ਹਾਂ ਇਸ ਦਾ ਵਿਰੋਧ ਕਰੋਗੇ ਤੁਸੀ ? ਇਹ ਤਾਂ ਦਸ ਦਿਉ ?
ਤੀਰ ਸਤੁੱਦ੍ਰਵ ਕੇ ਹੁਤੋ ਪੁਰ ਅਨੰਦ ਇਕ ਗਾਂਉ । ਨੇਤ੍ਰ ਤੁੰਗ ਕੇ ਢਿਗ ਬਸਤ ਕਾਹਲੂਰ ਕੇ ਠਾਉ । 3 ।
ਤਹਾਂ ਸਿੱਖ ਸਾਖਾ ਬਹੁਤ ਆਵਤ ਮੋਦ ਬਢਾਇ । ਮਨ ਬਾਂਛਤ ਮੁਖਿ ਮਾਂਗ ਬਰ ਜਾਤ ਗ੍ਰਹਿਨ ਸੁਖ ਪਾਇ ।4।
ਚਰਿਤ੍ਰ 21 ਪੰਨਾਂ ਨੰਬਰ 838-839-840
ਹਲੀ ਤਾਂ ਇਨ੍ਹਾਂ ਨੇ ਤੁਹਾਡੇ ਮਹਾਨ ਗੁਰੂ ਨੂੰ ਸੂਰਾਂ ਤੇ ਹਿਰਣਾਂ ਦਾ ਸ਼ਿਕਾਰ ਕਰਣ ਵਾਲਾ ਸ਼ਿਕਾਰੀ ਦਸਣਾਂ ਹੈ । ਹਲੀ ਤਾਂ ਇਨ੍ਹਾਂ ਨੇ ਤੁਹਾਡੇ ਗੁਰੂ ਨੂੰ ਅਪਣੇ ਸਿੱਖਾਂ ਨਾਲ ਧੋਖਾ ਕਰਣ ਵਾਲਾ ਧੋਖੇਬਾਜ ਸਾਬਿਤ ਕਰਣਾਂ ਹੈ । ਜੋ ਅਪਣੇ ਹੀ ਸਿੱਖਾਂ ਦੀਆਂ ਪੱਗਾਂ ਉਤਾਰ ਕੇ ਵੇਚ ਦਿੰਦਾ ਹੈ ਅਤੇ ਉਨ੍ਹਾਂ ਨੂੰ ਮੂਰਖ ਕਹਿੰਦਾ ਹੈ । ਪੜ੍ਹੋ ਚਰਿਤ੍ਰ ਨੰਬਰ 71 ਪੰਨਾਂ ਨੰਬਰ 901
ਦੋਹਰਾ। ਨਗਰ ਪਾਂਵਟਾ ਬਹੁ ਬਸੈ ਸਾਰਮੌਰ ਕੇ ਦੇਸ । ਜਮੁਨਾਂ ਨਦੀ ਨਿਕਟਿ ਬਹੈ ਜਨੁਕ ਪੁਰੀ ਅਲਿਕੇਸ ।1।
ਤਹਾ ਹਮਾਰੇ ਸਿਖਯ ਸਭ ਅਮਿਤ ਪਹੂੰਚੇ ਆਇ । ਤਿਨੈ ਦੈਨ ਕੋ ਚਾਹਿਯੈ ਜੋਰ ਭਲੋ ਸਿਰਪਾਇ ।4।
...............ਦੋਹਰਾ । ਰਾਤਿ ਬੀਚ ਕਰਿ ਆਠ ਸੈ ਪਗਰੀ ਲਈ ਉਤਾਰਿ । ਆਨਿ ਤਿਨੈ ਹਮ ਦੀਹ ਮੈ ਧੋਵਨਿ ਦਈ ਸੁਧਾਰਿ । 8 ।
ਚੌਪਈ॥ ਪ੍ਰਾਤ ਲੇਤ ਸਭ ਧੋਇ ਮੰਗਾਈ । ਸਭ ਹੀ ਸਿਖਯਨ ਕੋ ਬੰਧਵਾਈ । ਬਚੀ ਸੁ ਬੇਚਿ ਤੁਰਤੁ ਤਹ ਲਈ ॥ ਬਾਕੀ ਬਚੀ ਸਿਪਾਹਿਨ ਦਈ । 9 । ਬਚਿੱਤਰ ਨਾਟਕ ਪੰਨਾ ਨੰਬਰ 901-902
ਸੁੱਤੇ ਹੋਏ ਮੇਰੇ ਬੇਹੋਸ਼ ਵੀਰੋ ! ਹੱਲੀ ਵੀ ਜਾਗ ਜਾਉ ! ਇਹ ਪੰਥ ਦੋਖੀ ਦੇ ਛੱਡੇ ਜਹਿਰੀਲੇ ਸੱਪ ਅਪਣੇ ਫੱਨ ਚੁਕ ਕੇ ਤੁਹਾਨੂੰ ਡੱਸਣ ਲਈ ਸਿੱਖੀ ਦੇ ਵੇੜ੍ਹੇ ਵਿੱਚ ਵੜ ਕੇ ਅਾਪਣੀਆਂ ਖੁੱਡਾਂ ਬਣਾਂ ਚੁਕੇ ਹਨ । ਇੰਨਾ ਕਸੂਰ ਇਨ੍ਹਾਂ ਪੰਥ ਦੋਖੀ ਅਨਸਰਾਂ ਦਾ ਨਹੀ , ਜਿੰਨ੍ਹਾਂ ਕਸੂਰ ਸਾਡਾ ਆਪਣਾਂ ਹੈ । ਜਿਨ੍ਹਾਂ ਗ੍ਰੰਥਾਂ ਨੂੰ ਤੁਸੀ ਗੁਰੂ ਦੀ ਬਾਣੀ , ਗੁਰੂ ਦੀਆਂ ਸਾਖੀਆਂ , ਗੁਰੂ ਦਾ ਲਿਖਿਆ ਇਤਿਹਾਸ ਕਹਿੰਦੇ ਨਹੀ ਥਕਦੇ । ਅਸਲ ਵਿੱਚ ਇਹ ਕੂੜ ਕਿਤਾਬਾਂ ਹੀ ਸਿੱਖੀ ਦੇ ਤਾਬੂਤ ਦੀਆਂ ਅਖੀਰਲੀਆਂ ਕਿੱਲਾਂ ਬਣ ਚੁਕੀਆਂ ਹਨ । ਇਨ੍ਹਾਂ ਕੂੜ ਕਿਤਾਬਾਂ ਨੂੰ ਪੜ੍ਹੋ ਤੇ ਇਨ੍ਹਾਂ ਨੂੰ ਮੁੰਡ੍ਹੋ ਹੀ ਰੱਦ ਕਰ ਦਿਉ, ਨਹੀ ਤਾਂ ਤੁਹਾਨੂੰ ਕੋਈ ਬਚਾ ਨਹੀ ਜੇ ਸਕਦਾ । ਸਾਡੀ ਨਾਂ ਮਨੋਂ , ਘਟੋ ਘੱਟ ਇਕ ਵਾਰ ਇਨ੍ਹਾਂ ਨੂੰ ਪੜ੍ਹ ਕੇ ਤਾਂ ਵੇਖੋ ਕਿ ਇਨ੍ਹਾਂ ਵਿੱਚ ਲਿਖਿਆ ਕੀ ਹੋਇਆ ਹੈ ? ਇਹ ਗੁਰਬਾਣੀ ਹੈ ਕਿ ਉਹ ਜਹਿਰ ਜੋ ਸਿੱਖੀ ਨੂੰ ਮਾਰ ਮੁਕਾੁਣ ਲਈ ਸਾਡੇ ਵੇੜ੍ਹੇ ਵਿੱਚ ਸੁਟਿਆ ਗਿਆ ਹੈ ।
ਇੰਦਰਜੀਤ ਸਿੰਘ, ਕਾਨਪੁਰ