ਨਜੀਬ ਜੰਗ ਦੇ ਅਸਤੀਫ਼ੇ ਦੇ ਮਾਅਨੇ:
1. ਲਗਾਤਾਰ ਵਿਵਾਦਾਂ ਵਿੱਚ ਘਿਰੇ ਰਹੇ ਦਿੱਲੀ ਦੇ ਉਪ ਰਾਜਪਾਲ ਨਜੀਬ ਜੰਗ ਵੱਲੋਂ ਵੀਰਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇਣ ਨਾਲ ਸਿਆਸੀ ਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਚੁੰਝ-ਚਰਚਾ ਹੋਣੀ ਸੁਭਾਵਿਕ ਹੈ। ਭਾਵੇਂ ਜੰਗ ਦੇ ਅਸਤੀਫ਼ੇ ਨੂੰ ਅਚਾਨਕ ਅਤੇ ਹੈਰਾਨੀਜਨਕ ਦੱਸਿਆ ਜਾ ਰਿਹਾ ਹੈ, ਪਰ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਨ੍ਹਾਂ ਨੂੰ ਜਾਣ ਲਈ ਮਜਬੂਰ ਕਰਨ ਸਬੰਧੀ ਸਿਆਸੀ ਖਿਚੜੀ ਪਹਿਲਾਂ ਹੀ ਰਿੱਝ ਰਹੀ ਸੀ।
2. ਜੰਗ ਦੀ ਨਿਯੁਕਤੀ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਵੱਲੋਂ ਕੀਤੇ ਹੋਣ ਕਰਕੇ ਭਾਜਪਾ ਅਤੇ ਸੰਘ ਦੇ ਕੁਝ ਆਗੂ ਇਸ ਨੂੰ ਐੱਨਡੀਏ ਸਰਕਾਰ ਦੇ ਆਉਣ ’ਤੇ ਹੀ ਹਟਾਉਣਾ ਚਾਹੁੰਦੇ ਸਨ, ਪਰ ਮੋਦੀ ਸਰਕਾਰ ਦੇ ਹਰ ਹੁਕਮ ’ਤੇ ਵਧ ਚੜ੍ਹ ਕੇ ਫੁੱਲ ਚੜ੍ਹਾਉਣ ਦਾ ਵਾਅਦਾ ਕੁਰਸੀ ਦੀ ਸਲਾਮਤੀ ਦਾ ਕਾਰਨ ਹੋ ਨਿੱਬੜਿਆ।
3. ਨਜੀਬ ਜੰਗ ਨੇ ਆਪਣੇ ਕਾਰਜਕਾਲ ਦੌਰਾਨ ਭਾਵੇਂ ਨੈਤਿਕਤਾ ਅਤੇ ਪ੍ਰਸ਼ਾਸਨਿਕ ਜ਼ਿੰਮੇਵਾਰਾਨਾ ਪਹੁੰਚ ਦੀ ਵੀ ਪ੍ਰਵਾਹ ਨਾ ਕਰਦਿਆਂ ਆਪਣੇ ਆਕਾਵਾਂ ਦੀਆਂ ਸਿਆਸੀ ਖ਼ਵਾਹਿਸ਼ਾਂ ਦੀ ਪੂਰਤੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ, ਫਿਰ ਵੀ ਉਹ ਭਾਜਪਾ ਅਤੇ ਸੰਘ ਨੇਤਾਵਾਂ ਦਾ ਦਿਲ ਨਾ ਜਿੱਤ ਸਕਿਆ।
4. ਕੁਝ ਦਿਨ ਪਹਿਲਾਂ ਹੀ ਭਾਜਪਾ ਦੇ ਸੀਨੀਅਰ ਸੰਸਦ ਮੈਂਬਰ ਸੁਬਰਾਮਨੀਅਨ ਸਵਾਮੀ ਦਾ ਇਹ ਕਹਿਣਾ ਕਿ ਦਿੱਲੀ ਦਾ ਉਪ ਰਾਜਪਾਲ ਇਸ ਅਹੁਦੇ ਦੇ ਅਨੁਕੂਲ ਨਹੀਂ ਹੈ; ਜੰਗ ਨੂੰ ਹਟਾਉਣ ਦਾ ਸਪੱਸ਼ਟ ਸੰਕੇਤ ਸੀ।
5. ਨਜੀਬ ਜੰਗ ਭਾਵੇਂ ਦਿੱਲੀ ਦੇ ਉਪ ਰਾਜਪਾਲ ਦੇ ਅਹੁਦੇ ਤੋਂ ਰੁਖ਼ਸਤ ਹੋ ਗਏ ਹਨ, ਪਰ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਲਗਤਾਰ ਚਲਦਾ ਰਿਹਾ ਇੱਟ-ਖੜਿੱਕਾ ਲੰਮੇ ਸਮੇਂ ਤਕ ਜਾਣਿਆ ਜਾਂਦਾ ਰਹੇਗਾ।
6. ਆਪਣੇ ਆਕਾਵਾਂ ਨੂੰ ਖ਼ੁਸ਼ ਕਰਨ ਲਈ ਜਿਸ ਤਰ੍ਹਾਂ ਉਨ੍ਹਾਂ ਲੋਕਾਂ ਦੀ ਚੁਣੀ ਹੋਈ ਕੇਜਰੀਵਾਲ ਸਰਕਾਰ ਦੇ ਫ਼ੈਸਲਿਆਂ ਉੱਪਰ ਸਹੀ ਪਾਉਣ ਸਬੰਧੀ ਨਾਕਾਰਾਤਮਕ ਵਤੀਰਾ ਧਾਰਨ ਕਰਕੇ ਰੱਖਿਆ; ਉਹ ਮੁਲਕ ਦੀ ਜਮਹੂਰੀਅਤ ਉੱਤੇ ਧੱਬੇ ਤੋਂ ਘੱਟ ਨਹੀਂ ਕਿਹਾ ਜਾ ਸਕਦਾ।
7. ਮੁੱਖ ਸਕੱਤਰ ਦੀ ਨਿਯੁਕਤੀ, ਮਹਿਲਾ ਆਯੋਗ ਦੇ ਮੁਖੀ, ਵੈਟ ਆਯੁਕਤ ਨੂੰ ਅਧਿਕਾਰ ਰਹਿਤ ਕਰਨ, ਖੇਤੀ ਜ਼ਮੀਨ ਦੇ ਸਰਕਲ ਰੇਟ ਵਧਾਉਣ ਅਤੇ ਡੇਂਗੂ ਫੈਲਣ ਮੌਕੇ ਅਧਿਕਾਰੀਆਂ ਨੂੰ ਅਸਿੱਧੇ ਰੂਪ ਵਿੱਚ ‘ਆਪ’ ਸਰਕਾਰ ਦੇ ਹੁਕਮ ਨਾ ਮੰਨਣ ਜਿਹੇ ਦਰਜਨਾਂ ਮੁੱਦਿਆਂ ਉੱਪਰ ਕੇਜਰੀਵਾਲ ਅਤੇ ਜੰਗ ਵਿੱਚ ਤਣਾਤਣੀ ਰਹੀ ਹੈ।
8. ਜੰਗ ਨੇ ਕੇਜਰੀਵਾਲ ਸਰਕਾਰ ਵੱਲੋਂ 1000 ਮੁਹੱਲਾ ਕਲੀਨਿਕ ਖੋਲ੍ਹਣ, ਸੜਕਾਂ ਦੀ ਸਫ਼ਾਈ ਲਈ ਸਫ਼ਾਈ ਮਸ਼ੀਨਾਂ ਖ਼ਰੀਦਣ, ਸਰਕਾਰੀ ਸਕੂਲਾਂ ਦੇ ਗੈਸਟ ਅਧਿਆਪਕਾਂ ਨੂੰ ਪੱਕੇ ਕਰਨ ਅਤੇ ਬੱਸ ਸੇਵਾ ਵਿੱਚ ਸੁਧਾਰ ਦੇ ਕਈ ਲੋਕਪੱਖੀ ਕਾਰਜਾਂ ਨਾਲ ਸਬੰਧਤ ਫ਼ਾਈਲਾਂ ਉੱਤੇ ਵੀ ਸਹੀ ਨਹੀਂ ਸੀ ਪਾਈ।
9. ਸਿੱਟੇ ਵਜੋਂ ਦਿੱਲੀ ਦੇ ਨਾਗਰਿਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਪੁਲੀਸ ਦੇ ਕੰਟਰੋਲਰ ਵਜੋਂ ਵੀ ਨਜੀਬ ਜੰਗ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਸਫ਼ਲ ਨਹੀਂ ਰਹੇ।
10. ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਅਤੇ ਦਿੱਲੀ ਯੂਨੀਵਰਸਿਟੀ ਵਿੱਚ ਅਣਸੁਖਾਵੇਂ ਹਾਲਾਤ, ਔਰਤਾਂ ਵਿਰੁੱਧ ਵਧ ਰਹੇ ਅਪਰਾਧ ਅਤੇ ਗ਼ੈਰ ਸਮਾਜਿਕ ਘਟਨਾਵਾਂ ਵਿੱਚ ਵਾਧਾ ਉਸਦੀ ਕਾਰਜਕੁਸ਼ਲਤਾ ਉੱਤੇ ਸਵਾਲੀਆ ਨਿਸ਼ਾਨ ਲਾਉਂਦੇ ਹਨ।
11. ‘ਆਪ’ ਦੇ ਮੰਤਰੀਆਂ, ਵਿਧਾਇਕਾਂ, ਕਾਰਕੁਨਾਂ ਅਤੇ ਬੁੱਧੀਜੀਵੀਆਂ ਉਪਰ ਪੁਲੀਸ ਵੱਲੋਂ ਬਣਾਏ ਗਏ ਕੇਸਾਂ ਵਿੱਚ ਵੀ ਜੰਗ ਦੀ ਭੂਮਿਕਾ ਸੰਦੇਹਪੂਰਨ ਰਹੀ। ਇੰਨਾ ਹੀ ਨਹੀਂ, ਜੰਗ ਵੱਲੋਂ ਮਹਿਲਾ ਕਮਿਸ਼ਨ ਮੁਖੀ ਦੀ ਕੀਤੀ ਗਈ ਨਿਯੁਕਤੀ ਨੂੰ ਕੇਜਰੀਵਾਲ ਵੱਲੋਂ ਸਹਿਮਤੀ ਨਾ ਦੇਣ ’ਤੇ ਉੁਸਨੇ ਅਗਲੇ ਹੀ ਦਿਨ ਦਿੱਲੀ ਡਾਇਲਾਗ ਕਮਿਸ਼ਨ ਦੇ ਗਠਨ ਨਾਲ ਜੁੜੀਆਂ 400 ਫਾਈਲਾਂ ਦੀ ਜਾਂਚ ਕਰਨ ਦੇ ਸੰਕੇਤ ਦੇ ਦਿੱਤੇ ਸਨ ਅਤੇ ਇਸ ਮੰਤਵ ਲਈ ‘ਸ਼ੁੰਗਲੂ ਕਮੇਟੀ’ ਦਾ ਗਠਨ ਵੀ ਕਰ ਦਿੱਤਾ।
12. ਨਜੀਬ ਜੰਗ ਅਤੇ ਮੁੱਖ ਮੰਤਰੀ ਕੇਜਰੀਵਾਲ ਦਰਮਿਆਨ ਵਿਵਾਦ ਕੇਂਦਰ-ਰਾਜ ਦੇ ਸਬੰਧਾਂ ਦੇ ਸੰਦਰਭ ਵਿੱਚ ਕੌਮੀ ਮਹੱਤਤਾ ਰੱਖਣ ਵਾਲਾ ਵੀ ਹੈ।
13. ਇਸ ਮੁੱਦੇ ’ਤੇ ਹਾਈਕੋਰਟ ਅਤੇ ਸੁਪਰੀਮ ਕੋਰਟ ਤਕ ਜਾਰੀ ਇਸ ਜੰਗ ਦੌਰਾਨ ਹਾਈਕੋਰਟ ਨੇ ਭਾਵੇਂ ਜੰਗ ਨੂੰ ਰਾਹਤ ਦਿੱਤੀ, ਪਰ ਸਰਵਉੱਚ ਅਦਾਲਤ ਨੇ ਜਮਹੂਰੀਅਤ ਨੂੰ ਪ੍ਰਸ਼ਾਸਕ ਤੋਂ ਉੱਪਰ ਹੋਣ ਦੇ ਸੰਕੇਤ ਦੇ ਕੇ ਜੰਗ ਦੇ ਖੰਭ ਕੱਟਣ ਦੇ ਸੰਕੇਤ ਦੇ ਦਿੱਤੇ।
14. ਇਸ ਮਾਮਲੇ ਦੀ ਸੁਣਵਾਈ ਭਾਵੇਂ ਅਗਲੇ ਮਹੀਨੇ ਹੋਣੀ ਹੈ, ਪਰ ਜਾਪਦਾ ਹੈ ਕਿ ਇੱਕ ਬੁੱਧੀਮਾਨ ਅਧਿਕਾਰੀ ਵਜੋਂ ਇਸ ਜੰਗ ਵਿੱਚ ਆਪਣੀ ਹਾਰ ਨੂੰ ਭਾਂਪਦਿਆਂ ਆਖ਼ਿਰ ਉਨ੍ਹਾਂ ਇਸ ਰੋਜ਼ ਦੇ ਕਾਟੋ-ਕਲੇਸ਼ ਤੋਂ ਕਿਨਾਰਾ ਕਰਨਾ ਹੀ ਵਾਜਬ ਸਮਝਿਆ ਹੈ।
15. ਨਜੀਬ ਜੰਗ ਦੇ ਜਾਣ ਨਾਲ ‘ਆਪ’ ਤੇ ਮੋਦੀ ਸਰਕਾਰ ਦੀ ਜੰਗ ਖ਼ਤਮ ਹੋਵੇਗੀ ਜਾਂ ਨਹੀਂ; ਇਹ ਤਾਂ ਸਮਾਂ ਹੀ ਦੱਸੇਗਾ, ਪਰ ਭਾਜਪਾ ਦੇ ਮਨਸੂਬਿਆਂ ਤੋਂ ਨਹੀਂ ਜਾਪਦਾ ਕਿ ਉਹ ਜੰਗ ਖ਼ਤਮ ਕਰਨ ਦੇ ਰੌਂਅ ਵਿੱਚ ਹੈ।
Courtesy by: Punjabi Tribune, CHANDIGARH.
CONCLUSION: Thus ‘Political revolution in India has begun. Bharat jaldi badlega’. Arvind Kejriwal rightly said and Balbir Singh Sooch-Sikh Vichar Manch also similarly concluded and agreed.
Voice of People
ਨਜੀਬ ਜੰਗ ਦੇ ਅਸਤੀਫ਼ੇ ਦੇ ਮਾਅਨੇ:
Page Visitors: 2418