ਕੈਟੇਗਰੀ

ਤੁਹਾਡੀ ਰਾਇ



ਗੁਰਦੇਵ ਸਿੰਘ ਸੱਧੇਵਾਲੀਆ
ਮਾਇਆਧਾਰੀ ਸੱਪ
ਮਾਇਆਧਾਰੀ ਸੱਪ
Page Visitors: 2742

                             ਮਾਇਆਧਾਰੀ ਸੱਪ
(ਗੁਰਦੇਵ ਸਿੰਘ ਸੱਧੇਵਾਲੀਆ)
ਮੇਰੇ ਚੇਤੇ ਵਿਚੋਂ ਨਿਕਲ ਗਿਆ ਕਿ ਖ਼ਬਰ ਸੀ ਕਿ ਜਾਂ ਹੱਡਬੀਤੀ ਪੋਸਟ ਕੀਤੀ ਕਿਸੇ ਭਰਾ ਕਿ ਉਹ ਢੱਡਰੀ ਵਾਲੇ ਦੇ ਡੇਰੇ ਗਿਆ ਉਥੇ ਕਿਸੇ ਪਿੰਡ ਦੇ ਮੋਹਤਬਰ ਸਮਾਗਮ ਤੋਂ ਬਾਅਦ ਢੱਡਰੀ ਵਾਲੇ ਦੇ ‘ਝਾੜ’ ਦੀ ਪੰਡ ਬੰਨ ਲਿਆਏ ਪਰ ਉਹ ਅਗੋਂ ਪੈ ਗਿਆ ਕਿ ਤੁਹਾਨੂੰ ਕਿੰਨੀ ਵਾਰੀ ਕਿਹਾ ਕਿ ‘ਥਈਆਂ’ ਬਣਾ ਕੇ ਲਿਆਇਆ ਕਰੋ?
ਤੁਸੀਂ ਢੱਡਰੀ ਵਾਲੇ ਨੂੰ ‘ਕੀਰਤਨ’ ਕਰਦੇ ਦੇਖਿਆ ਹੋਣਾ ਉਸ ਦੀ ਸਟੇਜ ਦੀ ਆਲ੍ਹੀਸ਼ਾਨ ‘ਡੈਕੋਰੇਸ਼ਨ’ ਸਟੇਜ ਉਪਰਲੀ ਮਹਿੰਗੀ ਛੋਛੇਬਾਜੀ, ਕੰਨ ਪਾੜਵੇ ਸਪੀਕਰ, ਫੁੱਲਾਂ ਦੇ ਹਾਰਾਂ ਦੀ ਵੰਨ-ਸੁਵੰਨਤਾ, ਮਹਿੰਗੇ ਗਲੀਚੇ, ਚੰਦੋਏ, ਚਾਨਣੀਆਂ, ਲਿਸ਼ਕ-ਪੁਸ਼ਕ! ਇਹ ਪ੍ਰੋਗਰਾਮ ਕਰਾਉਂਣ ਵਾਲੇ ਕੋਈ ਸ਼ੌਕ ਨਾਲ ਨਹੀ ਲਵਾਉਂਦੇ ਬਲਕਿ ਮਹਿੰਗੀਆਂ ਕੰਪਨੀਆਂ ਵਾਂਗ ਇਹ ਢੱਡਰੀ ਦੀਆਂ ਸ਼ਰਤਾਂ ਹੁੰਦੀਆਂ ਪ੍ਰੋਗਰਾਮ ਕਰਨ ਦੀਆਂ। ਕਾਰਨ?
ਪਾਠਕਾਂ ਨੂੰ ਸ਼ਾਇਦ ਪਤਾ ਹੋਵੇ ਕਿ ਵੱਡੇ ‘ਫ੍ਰੈਚਆਈਜ਼ ਫਾਸਟ-ਫੂਡ’  ਜਿਵੇਂ ਮੈਕਡੋਨਲ ਆਦਿ ਵਰਗੇ ਸਾਰੇ ਥਾਂ ‘ਫੂਡ’ ਵੀ ਅਪਣਾ ਸਪਲਾਈ ਕਰਦੇ ਹਨ ਯਾਨੀ ‘ਪ੍ਰਸੈਟੇਜ਼’ ਵਿਚੋਂ ਤਾਂ ਉਹ ਪੈਸਾ ਬਣਾਉਂਦੇ ਹੀ ਹਨ ਬਲਕਿ ‘ਫੂਡ’  ਵਿਚੋਂ ਵੀ ਉਹ ਖੂਭ ਹੱਥ ਰੰਗਦੇ ਹਨ। ਇਸੇ ਤਰ੍ਹਾਂ ਢੱਡਰੀ ਵਰਗੇ ਮਹਿੰਗੇ ਕਲਾਕਾਰ ਗੋਲਕ ਅਤੇ ਵਾਜੇ ਉਪਰ ਹੋਏ ਢੇਰਾਂ ਨੂੰ ਤਾਂ ਹੱਥ ਫੇਰਦੇ ਹੀ ਹਨ ਬਲਕਿ ਟੈਂਟ, ਸਟੇਜ ਦੀ ਸੱਜ-ਧੱਜ, ਸਪੀਕਰ, ਫੁੱਲਾਂ ਦੇ ਢੇਰ, ਚਾਨਣੀਆਂ ਤੇ ਹੋਰ ਛੋਛੇਬਾਜੀ ਵੀ ਇਨ੍ਹਾਂ ਦੀ ਆਪ ਦੀ ਦੁਕਾਨਦਾਰੀ ਹੁੰਦੀ ਯਾਨੀ ਦੋਵੇਂ ਹੱਥ ਲੁੱਟ???? ਅਖੰਡ ਪਾਠਾਂ ਅਤੇ ਪਾਠਾਂ ਦੀਆਂ ਕੋਤਰੀਆਂ ਅਤੇ ਸੰਪਟ ਪਾਠਾਂ ਦੇ ਧੰਦੇ ਵਿਚੋਂ ਵੀ ਇਹ ਅੰਨ੍ਹੀ ਲੁੱਟ ਕਰਦੇ ਹਨ। ਮਾੜਾ ਬੰਦਾ ਤਾਂ ਇਨ੍ਹਾਂ ਦੀ ‘ਮਰਿਯਾਦਾ’ ਵਾਲੀ ਸਮੱਗਰੀ ਹੀ ਪੂਰੀ ਨਹੀ ਕਰ ਸਕਦਾ। ਪਾਠੀਆਂ ਦੀ ਸੇਵਾ ਦੇ ਨਾਂ ਤੇ ਸ਼ਰਦਾਨਿਆਂ ਨੂੰ ਕਿਤੇ ਰਗੜੇ ਲੱਗਦੇ? ਹਾਲੇ ਪਸ਼ੂ ਵੀ ਖੁਰਲੀ ਵਿਚ ਪਏ ਵੰਡ ਤੇ ਤਰਸ ਕਰ ਜਾਂਦਾ ਕਿ ਚਲ ਯਾਰ ਬਾਕੀ ਕੱਲ ਖਾਲਾਂਗੇ ਪਰ ਇਨ੍ਹਾਂ ‘ਬਾਬਿਆਂ’ ਦੇ ਪਾਠੀ? ਉਹ ਕਹਿੰਦੇ ਪਾਠ ਕਰਾਉਂਣ ਵਾਲਾ ਨੰਗ ਨਾ ਹੋਇਆ ਤਾਂ ਫਲ ਕਾਹਦਾ? ਡੇਰੇ ਵਿਚ ਬਣਾਈ ਲਾਇਬ੍ਰੇਰੀ ਜਾਂ ਦੁਕਾਨ ਵੀ ਢੱਡਰੀ ਦੀ ਹੈ ਜਿਥੇ ਇਸ ਦੀਆਂ ਖੁਦ ਦੀਆਂ ਜਾਂ ਇਸ ਦੇ ਮਰ ਚੁੱਕੇ ਸਾਧੜਿਆਂ ਦੀਆਂ ਹੀ ਮੂਰਤੀਆਂ ਵਿੱਕਦੀਆਂ ਜਾਂ ਬਲਦਾਂ ਦੀਆਂ ਗਾਨੀਆਂ ਵਰਗੀਆਂ ਰੰਗ-ਬਰੰਗੀਆਂ ਮਾਲਾ ਜਾਂ ਸਿਮਰਨੇ ਵਿੱਕਦੇ। ਉਂਝ ਢੱਡਰੀ ਵਾਲਾ ਮੂਰਤੀਆਂ ਖਿਲਾਫ ਬੋਲ ਹੱਟਿਆ ਪਰ ਕੀ ਇਸ ਨੇ ਖੁਦ ਦੀਆਂ ਮੂਰਤੀਆਂ ਚੁੱਕ ਦਿੱਤੀਆਂ? ਹਾਲੇ ਪਿੱਛਲੇ ਹਫਤੇ ਸ੍ਰ ਸਕੰਦਰਜੀਤ ਸਿੰਘ ਜਾ ਕੇ ਆਇਆ ਇਸ ਦੇ ਡੇਰੇ। ਇਸ ਦੀਆਂ ਬੰਬੇ ਦੇ ਐਕਟਰਾਂ ਵਾਲੇ ਪੋਜ ਵਰਗੇ ਮੂਰਤੇ ਹਾਲੇ ਉਂਝ ਦੇ ਉਂਝ ਹੀ ਉਥੇ ਵਿੱਕ ਰਹੇ ਹਨ।
ਇਨ੍ਹਾਂ ਕ੍ਰੋੜਾ ਤੋਂ ਇਲਾਵਾ ‘ਟੀ-ਸੀਰਜ’ ਵਰਗੀਆਂ ਕੰਪਨੀਆਂ ਨਾਲ ਮਹਿੰਗੇ ‘ਕੰਨਰੈਕਟ’ ਵਿਚਲੀ ਲੁੱਟ ਵੱਖਰੀ ਤੇ ਉਨ੍ਹਾਂ ‘ਕੰਟਰੈਕਟਾਂ’ ਦੇ ਸਾਇਨਾ ਉਪਰ ਇਨ੍ਹਾਂ ਨੂੰ ਗੁਰੂ ਘਰ ਦੇ ਕੀਰਤੀਨੇ ਜਾਂ ਕੋਈ ਸੰਤ-ਸਾਧ ਨਹੀ ਬਲਕਿ ਕਲਾਕਾਰ ਲਿਖਿਆ ਹੁੰਦਾ। ਸੰਤ-ਸਾਧ ਤਾਂ ਇਹ ਲੋਕਾਂ ਉਪਰ ਧੌਂਸ ਪਾਉਂਣ ਜਾਂ ਮੂਰਖ ਬਣਾਉਂਣ ਲਈ ਲਿਖਦੇ ਹਨ ਪਰ ਉਥੇ ਇਨ੍ਹਾਂ ਦੀ ਜਾਂ ਟੁੱਚਲ ਗਾਇਕਾਂ ਦੀ ਵੁਕਤ ਇਕੋ ਜਿੰਨੀ ਹੁੰਦੀ! ਯਾਨੀ ਨਚਾਰ? ਯਾਨੀ ਗੱਧਾ-ਘੋੜਾ ਇੱਕੋ ਕਿੱਲੇ? ਹਾਲੇ ਜਮੀਨੀ ਕਬਜੇ ਜਾਂ ‘ਪੁੰਨ-ਦਾਨ’ ਦੇ ਨਾਂ ਤੇ ਦਾਨ ਕੀਤੀਆਂ ਮਹਿੰਗੀਆਂ ਜਮੀਨਾਂ ਦੇ ਵੱਡੇ ਘੁਟਾਲੇ ਇਸ ਵਿਚ ਸ਼ਾਮਲ ਨਹੀ।
ਸਟੇਜ ਦਾ ਪੈਸਾ, ਵਾਜੇ ਦਾ ਪੈਸਾ, ਟੈਟਾਂ-ਚਾਨਣੀਆਂ ਦਾ ਪੈਸਾ, ਫੁੱਲਾਂ-ਹਾਰਾਂ ਦਾ ਪੈਸਾ, ਸਪੀਕਰਾਂ-ਸੌਂਡ ਸਿਸਟਮ ਦਾ ਪੈਸਾ, ਟੀ-ਸੀਰਜ ਵਾਲਿਆਂ ਦਾ ਪੈਸਾ, ਮੋਟੇ ਲਫਾਫਿਆਂ ਦਾ ਪੈਸਾ, ਵਿੱਕ ਰਹੀਆਂ ਮੂਰਤੀਆਂ-ਮਾਲਾਂ ਦਾ ਪੈਸਾ, ਡੇਰੇ ਉਪਰ ਚੜ੍ਹਾਵੇ ਦਾ ਪੈਸਾ, ਪਾਠਾਂ-ਕੋਤਰੀਆਂ-ਸੰਪਟਪਾਠਾਂ ਦਾ ਪੈਸਾ, ਦਾਨ ਹੁੰਦੀਆਂ ਜਮੀਨਾਂ ਦਾ ਪੈਸਾ ਯਾਨੀ ਪੈਸਾ ਹੀ ਪੈਸਾ? ਹਾਲੇ ਲੀਡਰਾਂ ਨੂੰ ਵੋਟਾਂ ਵੇਚਣ ਦਾ ਮੋਟਾ ਪੈਸਾ ਵੱਖਰਾ? ਹੋਰ ‘ਹਿਡਨ ਬਿਜਨੈੱਸ’ ਵੀ ਇਨ੍ਹਾਂ ਦੇ ਹੋਣਗੇ ਜੇ ਕਿਸੇ ਨੂੰ ਪਤਾ ਹੋਵੇ ਤਾਂ ਦੱਸਣ ਦੀ ਕ੍ਰਿਪਾਲਤਾ ਕਰਨੀ। ਹਰੇਕ ਪਾਸੇ ਨਾਗਣੀ ਫੰਨ ਚੁੱਕੀ ਖੜੀ ਤੇ ਇਹ ਉਪਦੇਸ਼ ਲੋਕਾਂ ਨੂੰ ਦਿੰਦੇ ਬਚਣ ਦਾ?
ਅੰਮ੍ਰਤਿਸਰ ਮੇਰੀ ਮਾਸੀ ਦੇ ਪੁੱਤਰ ਦੇ ਬਿੱਲਕੁਲ ਗੁਆਂਢ ‘ਕੌਲਾਂ ਭਗਤ’ ਅਤੇ ਆਰ.ਐਸ ਐਸ ਦੇ ਪੱਕੇ ਬੇਲੀ ਗੁਰਇਕਬਾਲ ਸਿੰਘ ਦਾ ਕੌਲਾਂ ਦਾ ਡੇਰਾ, ਹਸਪਤਾਲ ਅਤੇ ਸਕੂਲ ਹੈ। ਮੇਰੀ ਮਾਸੀ ਦੇ ਪੁੱਤਰ ਨੇ ਜਵਾਨੀ ਵੇਲੇ ਡੁਬਈ ਵਲੋਂ ਚੰਗਾ ਪੈਸਾ ਬਣਾ ਖੜਿਆ ਹੈ। ਉਸ ਦੀ ਜਮੀਨ ਵੀ ਚੰਗੀ ਮਹਿੰਗੀ ਹੋ ਗਈ ਸੀ ਯਾਨੀ ਹੁਣ ਉਸ ਕੋਲੇ ਕੈਸ਼ ਪੈਸਾ ਵੀ ਚੰਗਾ ਅਤੇ ਉਹ ਵਿਹਲਾ ਹੈ। ਉਹ ਨੇੜੇ ਅਤੇ ਗੁਆਂਢ ਹੋਣ ਕਾਰਨ ਇਨ੍ਹਾਂ ਦਾ ਚੰਗਾ ਮਿੱਤਰ ਅਤੇ ਸ਼ਰਧਾਲੂ ਵੀ ਰਿਹਾ ਹੈ। ਉਹ ਕੀ ਕਰਦਾ ਕਿ ਆੜਤੀਏ ਕੋਲੇ ਪੈਸਾ ਫਸਾਉਂਣ ਨਾਲੋਂ 15 ਤੋਂ 20 ਲੱਖ ਰੁ ਇਨ੍ਹਾਂ ਨੂੰ 2 ਰੁਪਏ ਤੇ ਵਿਆਜੀ ਦੇ ਛੱਡਦਾ ਤਾਂ ਕਿ ਉਸ ਦਾ ਘਰ ਦਾ ਖਰਚਾ ਚਲੀ ਜਾਵੇ। ਇਹ ਅਗੋਂ ਉਹੀ ਪੈਸਾ ਲਾਲਿਆਂ-ਭਾਪਿਆਂ ਨੂੰ 6 ਤੋਂ 8 ਰੁ ਨੂੰ ਦੇ ਕੇ ਬੈਂਕਾਂ ਵਾਂਗ ਬੈਠੇ ਹੀ ਬਣਾ ਜਾਂਦੇ ਹਨ। ਹਾਲੇ ਹੋਰ ਪਤਾ ਨਹੀ ਕਿੰਨੇ ਲੋਕ ਇੰਝ ਪੈਸਾ ਦਿੰਦੇ ਅਤੇ ਅਗੇ ਇੰਝ ਲੈਦੇ ਹੋਣਗੇ। ਡੇਰੇ ਦੇ ਵਿਚ ਹੀ ਉਨ੍ਹੀ ਪਿੰਡਾਂ ਵਿਚੋਂ ਆਏ ਗਰੀਬ ਘਰਾਂ ਦੇ ਮੁੰਡਿਆ ਨੂੰ ਗੱਡੀਆਂ ਪਾ ਕੇ ਦਿੱਤੀਆਂ ਜਿਹੜੇ ਸ਼ਰਧਾ ਵਿਚ ਇਉਂ ਵੱਗਦੇ ਜਿਵੇਂ ਨਵਾਂ ਜੋੜਿਆ ਵਹਿੜਾ ਵੱਗਦਾ। ਗੁਰਇਕਬਾਲ ਸਿੰਘ ਦੀ ਟਰਾਂਸਪੋਟ ਤੇ ਪਾਈਆਂ ਵੈਨਾਂ ਕਦੇ ਵਿਹਲੀਆਂ ਨਹੀ ਰਹਿੰਦੀਆਂ ਕਿਉਂਕਿ ਉਸ ਦੇ ਸ਼ਰਧਾਲੂ ਹੀ ਵਾਰ ਨਹੀ ਆਉਣ ਦਿੰਦੇ ਤੇ ਉਹ ਕਰਾਇਆ-ਭਾੜਾ ਵੀ ਹੇਠ-ਉਤੇ ਨਹੀ ਕਰਦੇ ਯਾਨੀ ਇਸ ਲੁੱਟ ਨੂੰ ਵੀ ਉਹ ‘ਸੇਵਾ’ ਸਮਝ ਕੇ ਹਜਮ ਕਰ ਜਾਂਦੇ ਹਨ। ਇਹ ਵਪਾਰ ਵੀ ਉਸ ਦਾ ਖੂਭ ਚਲਦਾ ਹੈ। ਅੰਮ੍ਰਤਿਸਰ ਵਿਚ ਹੀ ਉਸ ਮੁੰਡੇ ਅਪਣੇ ਨੂੰ ਕੰਘੇ-ਕੜਿਆਂ ਦੀ ਦੁਕਾਨ, ਸੀਡੀਜ਼-ਕੈਸਟਾਂ ਦੀ ਦੁਕਾਨ, ਰੁਮਾਲਿਆਂ-ਚੰਦੌਆਂ ਦੀ ਦੁਕਾਨ ਪਾ ਕੇ ਦਿੱਤੀ ਹੋਈ ਹੈ ਜਿਥੋਂ ਉਸ ਦਾ ਸਮ੍ਹਾਨ ਇੰਝ ਵਿੱਕਦਾ ਜਿਵੇਂ ਸੌਦੇ ਸਾਧ ਦੀਆਂ ਬੀਜੀਆਂ ਮੂਲੀਆਂ-ਗਾਜਰਾਂ । ਨਾਨਕਸਰੀਆਂ ਦੇ ‘ਉਤਮ ਭੰਡਾਰ’ ਵਾਲੇ ਸੁੱਚੇ ਤੇ ਪਵਿੱਤਰ ਪ੍ਰਸ਼ਾਦ ਵਾਂਗ ?ਪਾਠਾਂ, ਸੰਪਟ-ਪਾਠਾਂ ਦਾ ਤਾਂ ਵਾਰ ਨਹੀ ਬੱਝਦਾ। ਦੁੱਗਣਾ ਫਲ ਹੈ ਨਾ!! ਇਸ ਦੇ ਵੀ ਟੀ-ਸੀਰਜ ਨਾਲ ਸਬੰਧ ਪਤਾ ਨਹੀ ਹਨ ਕਿ ਨਹੀ ਪਰ ਇਸ ਦੀਆਂ ਗੱਪਾਂ ਵੀ ਗਰਮ ਪਕੌੜਿਆਂ ਵਾਂਗ ਵਿੱਕਦੀਆਂ ਹਨ ਜਿਹੜੀਆਂ ਸ਼ਾਇਦ ਇਸ ਦਾ ਮੁੰਡਾ ਹੀ ਵੇਚਦਾ ਹੈ।
ਮੇਰੀ ਮਾਸੀ ਦਾ ਪੁੱਤਰ ਹਰੇਕ ਸਾਲ ਉਨ੍ਹਾਂ ਤੋਂ ਅਪਣੇ ਘਰੇ ਅਖੰਡ ਪਾਠ ਕਰਾਉਂਦਾ ਹੈ। ਦੋ ਕੁ ਸਾਲ ਦੀ ਗੱਲ ਹੈ ਮੈਂ, ਮੇਰਾ ਗਿੱਟਾ ਟੁੱਟਾ ਹੋਣ ਕਾਰਨ ਸ਼ਹਿਰ ਦੀ ਸਹੂਲਤ ਕਾਰਨ ਉਥੇ ਹੀ ਕੋਈ ਡੇਹੜ ਮਹੀਨਾ ਰਿਹਾ। ਇਨੇ ਨਾਲ ਉਨ੍ਹਾਂ ਦੇ ਸਿਰ ਵਿਚ ਇਨੀ ਕੁ ਗੱਲ ਤਾਂ ਪੈ ਗਈ ਕਿ ਨਾਰੀਅਲ, ਜੋਤਾਂ ਤੇ ਲਾਲ ਕੱਪੜੇ ਪਤਾ ਨਹੀ ਬ੍ਰਹਾਮਣ ਤੋਂ ਅੱਖ ਚੁਰਾ ਕੇ ਡੇਰਿਆ ਵਾਲੇ ਕਿਵੇਂ ਚੁੱਕ ਲਿਆਏ ਪਰ ਉਂਝ ਸ੍ਰੀ ਗੁਰੂ ਗਰੰਥ ਸਾਹਿਬ ਜੀ ਜਿਥੇ ਆ ਜਾਣ ਉਥੇ ਇਨ੍ਹਾਂ ਚੁੰਨੀਆਂ-ਝੱਗਿਆ ਦਾ ਕੀ ਕੰਮ। ਤੇ ਮੇਰੀ ਮਾਸੀ ਦੀ ਨੂੰਹ ਕਹਿਣ ਲੱਗੀ ਕਿ ਵੀਰ ਜੀ ਪਾਠੀ ਸਾਨੂੰ ਪਿੰਡੋ ਲਿਆਉਂਣੇ ਪੈਣੇ ਕਿਉਂਕਿ ਇਨ੍ਹਾਂ ਦੀ ‘ਮਰਿਯਾਦਾ’ ਨੇ ਤਾਂ ਚੁੰਨੀਆਂ-ਕਲੀਰੇ ਰੱਖਣੇ ਹੀ ਰੱਖਣੇ ਹਨ। ਮੈਂ ਉਸ ਨੂੰ ਕਿਹਾ ਕਿ ਭੈਣ ਮੇਰੀਏ ਤੇਰਾ ਭੁਲੇਖਾ ਹੈ ਤੁਸੀਂ ਇਨ੍ਹਾਂ ਦੇ ਪੱਕੇ ਗਾਹਕ ਹੋ ਇਹ ਤੁਹਾਨੂੰ ਕਦੇ ਨਹੀ ਜਾਣ ਦੇਣਗੇ ਤੇ ਉਹੀ ਗੱਲ ਹੋਈ ਭਰਾ ਮੇਰੇ ਕਿਹਾ ਕਿ ਪਾਠ ਅਸੀਂ ਤਾਂ ਕਰਾਉਂਣਾ ਤੁਹਾਡੇ ਕੋਲੋਂ ਜੇ ਆਹ ਨਾਰੀਅਲ-ਮੌਲੀਆਂ ਨਹੀ ਰੱਖਣੀਆਂ ਤੇ ਉਹ ਝੱਟ ਮੰਨ ਗਏ ਕਿ ਤੁਹਾਡੀ ਮਰਜੀ ਤੇ ਹੁਣ ਹਰੇਕ ਸਾਲ ਬਿਨਾ ‘ਮਰਿਯਾਦਾ’ ਪਾਠ ਹੁੰਦਾ ਉਥੇ???
ਮੇਰੇ ਵੱਡੇ ਸਾਲੇ ਦਾ ਸੌਹਰਾ ਹੈ। ਉਹ ਪੰਜਾਬ ਰੋਡਵੇਜ ਉਪਰ ਕੋਈ ਸੁਪਰਵਾਈਜਰ ਬਗੈਰਾ ਲੱਗਾ ਹੋਇਆ ਸੀ। ਉਹ ਵੀ ਇਨ੍ਹਾਂ ਕਿਤੇ ਪੱਟ ਲਿਆ। ਗੁਰਇਕਬਾਲ ਸਿੰਘ ਦੀਆਂ ਹੋਰ ਵੱਡੇ ਸ਼ਹਿਰਾਂ ਵਿਚ ਵੀ ਅਜਿਹੀਆਂ ਦੁਕਾਨਾਂ ਹਨ ਜਿਹੜੀਆਂ ਅਪਣੇ ਸ਼ਰਧਾਲੂਆਂ ਨੂੰ ਇਸ ਖ੍ਹੋਲ ਕੇ ਦਿੱਤੀਆਂ ਤੇ ਜਿਥੋਂ ਇਹ ਪ੍ਰਸੈਂਟਜ ਵੀ ਲੈਂਦਾ ਅਤੇ ‘ਫਾਸਟ-ਫੂਡ’ ਵਾਂਗ ਸਮ੍ਹਾਨ ਵੀ ਅਪਣਾ ਸਪਲਾਈ ਕਰਦਾ। ਮੇਰੇ ਸਾਲੇ ਦੇ ਸੌਹਰੇ ਨੂੰ ਇਸ ਕੰਮ ਲਈ ਵਰਤਦੇ ਸਨ ਕਿ ਰੋਡਵੇਜ਼ ਦੀਆਂ ਬੱਸਾਂ ਰਾਹੀਂ ਅੰਮ੍ਰਤਿਸਰ ਤੋਂ ਬੋਰਿਆਂ ਦੇ ਬੋਰੇ ਡਿਲੀਵਰੀ ਮੁਫਤ ਜਾਂਦੀ ਸੀ ਵੱਡੇ ਸ਼ਹਿਰਾਂ ਵਿਚ, ਤੇ ਨਾਲੇ ਡਰਾਈਵਰ ਧੁਰ ਲਾਹ ਕੇ ਆਉਂਦੇ ਸਨ! ਐਨ ਪੂਰੀ ਸ਼ਰਧਾ ਨਾਲ? ਇਹ ਉਸ ਨੇ ਮੈਨੂੰ ਆਪ ਦੱਸਿਆ ਕਿਉਂਕਿ ਹੁਣ ਉਹ ਇਨ੍ਹਾਂ ਦਾ ‘ਸ਼ਰਧਾਲੂ’ ਨਹੀ ਸੀ ਰਿਹਾ।
ਸਕੂਲ ਦੀਆਂ ਫੀਸਾਂ ਇਨੀਆਂ ਸਸਤੀਆਂ ਨਹੀ ਕਿ ਆਮ ਗਰੀਬ ਦਾ ਬੱਚਾ ਉਥੇ ਪੜ ਸਕੇ। ਸਕੂਲ ਦੀਆਂ ਫੀਸਾਂ ਵਿਚੋਂ ਤਾਂ ਪੈਸਾ ਜਿਹੜਾ ਬਣਾਉਂਦੇ ਹੀ ਹਨ ਯੂਨੀਫਾਰਮ ਤੱਕ ਦੀਆਂ ਇਨ੍ਹਾਂ ਦੀਆਂ ਆਪ ਦੀਆਂ ਦੁਕਾਨਾ ਹਨ ਤੇ ਯੂਨੀਫਾਰਮ ਹਰੇਕ ਨੂੰ ਲੈਣੀ ਹੀ ਪੈਣੀ ਹੈ ਤੇ ਉਹ ਵੀ ਇਨ੍ਹਾਂ ਦੀ ਦੁਕਾਨ ਤੋਂ!! ਹਸਪਤਾਲ  ਵਿਚ ਢਿੱਡ ਦੁੱਖਦਾ, ਸਿਰ ਦੁੱਖਦਾ, ਬਲੈਡਪ੍ਰੈਸ਼ਰ, ਸ਼ੂਗਰ ਟੈਸਟ ਤੇ ਹੋਰ ਨਿੱਕੀਆਂ ਮੋਟੀਆਂ ਮੁਸ਼ਕਲਾਂ ਦਾ ਹੱਲ ਹੈ ਉਸ ਦੀ ਵੀ ਪਰਚੀ ਹੈ ਪਰ ਹਸਪਤਾਲ ਦੇ ਨਾਂ ਤੇ ਜਿਹੜਾ ਬਾਹਰ ਧਨਾਢ ਲੋਕਾਂ ਨੂੰ ਲੁੱਟਿਆ ਜਾਂਦਾ ਉਸ ਦਾ ਕੋਈ ਲੇਖਾ-ਜੋਖਾ ਨਹੀ। ਤੇ ਸੰਘ ਪਾੜਵਾਂ ਪ੍ਰਚਾਰ ਵੱਖਰਾ ਚੇਲਿਆਂ ਵਲੋਂ ਕਿ ‘ਸਾਡੇ ਭਾਈ ਸਾਹਬ’ ਤਾਂ ਦਰਗਾਹ ਚੋਂ ਭੇਜੇ ਹੀ ਪਰਉਪਕਾਰ ਲਈ ਸਨ ਤੇ ਨਾਲ ਗੁਰਬਾਣੀ ਦੀ ‘ਜਨ ਪਰਉਪਕਾਰੀ ਆਏ’ ਪੰਗਤੀ ਸੁਣਾ ਦਿੰਦੇ ਹਨ!! ਗੁਰਇਕਬਾਲ ਸਿੰਘ ਦੀਆਂ ਹੈਦਰਾਬਾਦ ਤੱਕ ਬਰਾਚਾਂ ਹਨ ਕੌਲਾਂ ਦੇ ਨਾਂ ਤੇ ਤੇ ਹਰੇਕ ਬਰਾਂਚ ਦੇ ਦੁਆਲੇ ਇਸ ਦਾ ਆਪ ਦਾ ਹੀ ਧੰਦਾ ਹੈ। ਯਾਨੀ ਕਾਮਯਾਬ ਤੇ ਸਫਲ ਵਪਾਰੀ ਹੈ ਘਾਟੇ ਦੀ ਕਦੇ ਕੋਈ ਸੰਭਾਵਨਾ ਨਹੀ! ਹਾਲੇ ਇਹ ਛੋਟਾ ਸੱਪ ਹੈ ਵੱਡੇ ਸੱਪਾਂ ਦੀਆਂ ਤਾਂ ਬਾਤਾਂ ਹੀ ਅਗਾਂਹ ਹਨ।
ਆਲੇ-ਦੁਆਲੇ ਗੁਰਇਕਬਾਲ ਨੇ ਲੋਕਾਂ ਦੇ ਸਿਰ ਵਿਚ ਕੌਲਾਂ ਇਸ ਕਦਰ ਤੂਸ ਦਿੱਤੀ ਹੈ ਕਿ ਮੇਰੀ ਮਾਸੀ ਦੀ ਨੂੰਹ ਨੇ ਚੰਗੇ ਗਹਿਣੇ-ਗੱਟੇ ਪਾਈ ਖੜੀ ਇਕ ਨਕਲੀ ਜਿਹੀ ਔਰਤ ਦੀ ਫੋਟੋ ਲਾਈ ਹੋਈ ਸੀ ਘਰ ਵਿਚ ਤੇ ਸਵੇਰੇ-ਸਵੇਰੇ ਬਾਕੀ ਮੂਰਤੀਆਂ ਨਾਲ ਉਸ ਨੂੰ ਵੀ ਧੂਪ ਦੇ ਰਹੀ ਸੀ ਜਦ ਮੈਂ ਉਸ ਨੂੰ ਪੁੱਛਿਆ ਕਿ ਇਹ ਮਾਈ ਕੌਣ ਹੈ ਤਾਂ ਉਹ ਕਹਿਣ ਲੱਗੀ ਮਾਤਾ ਕੌਲਾਂ ਜੀ…? ਕਿੰਨੇ ਦਿਨ ਲਾ ਕੇ ੳੇੁਸ ਦੇ ਸਿਰ ਵਿਚੋਂ ਤਾਂ ਚਲੋ ਮੈਂ ਕੋਲਾਂ ਕੱਢ ਦਿੱਤੀ ਪਰ ਬਾਕੀ ਲੋਕ? ਉਨ੍ਹਾਂ ਨੂੰ ਇਨਾ ਵੀ ਪਤਾ ਨਹੀ ਕਿ ਕੌਲਸਰ ਸਰੋਵਰ ਗੁਰੂ ਅਰਜਨ ਸਾਹਿਬ ਜੀ ਨੇ ਬਣਵਾਇਆ ਸੀ ਅਤੇ ਕੌਲ ਫੁਲਾਂ ਦੀ ਉਥੇ ਢਾਬ ਹੋਣ ਕਾਰਨ ਨਾਮ ਵੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਨੇ ਰੱਖਿਆ ਸੀ ਨਾ ਕਿ ਸ੍ਰੀ ਗੁਰੂ ਹਰ ਗੋਬਿੰਦ ਸਾਹਿਬ ਜੀ ਨੇ! ਉਥੇ ਉਂਝ ਹੀ ਅੰਨੇ ਨੂੰ ਬੋਲਾ ਘਸੀਟੀ ਫਿਰਦਾ ਹੈ ਕਿ ‘ਮਾਤਾ ਕੌਲਾਂ’ ਦੀ ਯਾਦ ਵਿਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਸਰੋਵਰ ਬਣਵਾਇਆ ਸੀ? ਆਲੇ-ਦੁਆਲੇ ਇਹੀ ਕਹਾਣੀ ਪ੍ਰਚਲਤ ਹੈ।
ਮੈਨੂੰ ਯਾਦ ਏ ਅਸੀਂ ਕਿਸੇ ਕੰਮ ਚੰਡੀਗੜ ਜਾਣਾ ਸੀ। ਮੇਰੀ ਮਾਸੀ ਦਾ ਪੁੱਤਰ ਕਹਿਣ ਲੱਗਾ ਕਿ ਟ੍ਰੈਫਿਕ ਬੜੀ ਵਾਯਾਤ ਇਥੇ, ਕਾਰ ਆਪਾਂ ਅਪਣੀ ਲੈ ਚਲਦੇ ਹਾਂ ਪਰ ਡਰਾਈਵਰ ‘ਭਾਈ ਸਾਹਬ’ ਯਾਨੀ ਕੌਲਾਂ ਵਾਲਿਆਂ ਦਾ ਲੈ ਚਲਦੇ ਹਾਂ। ਅਸੀਂ ਚਾਰ ਜਣੇ ਸਾਂ। ਮੈਂ, ਮੇਰੀ ਮਾਸੀ ਦਾ ਪੁੱਤਰ, ਮੇਰਾ ਇਥੋਂ ਹੀ ਗਿਆ ਸਾਢੂੰ ਅਤੇ ਗੁਰਇਕਬਾਲ ਸਿੰਘ ਦਾ ਡਰਾਈਵਰ। ਉਸ ਬਹਿੰਦਿਆਂ ਹੀ ਗੁਰਇਕਬਾਲ ਸਿੰਘ ਦੀਆਂ ਗੱਪਾਂ ਲਾ ਲਈਆਂ। ਮੇਰੇ ਤੋਂ ਕਹਿ ਹੋ ਗਿਆ ਕਿ ਤੁਹਾਡੇ ਇਸ ਭਾਈ ਸਾਹਬ ਨੂੰ ਕੌਲਾਂ ਹੀ ਲੱਭੀ ਸੀ ਨਾਮ ਰੱਖਣ ਲਈ ਕੋਈ ਹੋਰ ਸਿੱਖ ਬੀਬੀ ਹੈ ਨਹੀ ਸੀ? ਉਹ ਬੜਾ ਤਲਖੀ ਵਿਚ ਬੋਲਿਆ ਕਿ ਜਿਸ ਕੋਲੋਂ ਦਾਤਾਂ ਮਿਲਣਨੀਆਂ ਸਨ ਉਸ ਦੇ ਨਾਮ ਹੀ ਰੱਖਣੀ ਸੀ ਸੰਸਥਾ।
ਦਾਤਾਂ ਕੀ ਸ੍ਰੀ ਗੁਰੂੁ ਗਰੰਥ ਸਾਹਿਬ ਜੀ ਕੋਲੋਂ ਮੁੱਕ ਗਈਆਂ ਸਨ ਕਿ ਹੁਣ ਕੌਲਾਂ ਕੋਲੇ ਦੌੜਨਾ ਪਿਆ? ਉਝ ਵੀ ਹੋਰ ਬੀਬੀਆਂ ਸਨ, ਮਾਤਾ ਗੁਜਰੀ ਜੀ ਸਨ, ਮਾਤਾ ਖੀਵੀ ਜੀ ਸਨ, ਬੇਬੇ ਨਾਨਕੀ ਜੀ ਸਨ।
ਪਰ ਉਹ ਝੱਗ ਸੁੱਟਣ ਲੱਗ ਪਿਆ ਤੇ ਅਵਾਜ ਉਸ ਦੀ ਕੰਬਣ ਲੱਗ ਪਈ।
ਲੋਕ ਚੰਗੇ ਕੰਮ ਕਰਨ ਵਾਲਿਆਂ ਦੀ ਹਮੇਸ਼ਾਂ ਨਿੰਦਾ ਕਰਦੇ ਹਨ, ਭਨਿੰਆਰੇ ਵਲ ਕੋਈ ਨਹੀ ਹੁੰਦਾ, ਸੌਦੇ ਸਾਧ ਵਲ ਕੋਈ ਨਹੀ ਹੁੰਦਾ ਤੁਹਾਨੂੰ ਲੋਕਾਂ ਨੂੰ ਭਾਈ ਸਾਹਬ ਹੀ ਲੱਭੇ ਹਨ? ਸਕੂਲ, ਹਸਪਤਾਲ ਚਲ ਰਹੇ ਹਨ ਉਨ੍ਹਾਂ ਦੀ ਗੱਲ ਕਿਉਂ ਨਹੀ ਤੁਸੀਂ ਕਰਦੇ?
ਪਰ ਭਰਾ ਸਕੂਲ ਹਸਪਤਾਲਾਂ ਕਰਕੇ ਜੇ ਤੇਰਾ ਭਾਈ ਸਾਹਬ ਵੱਡਾ ਹੈ ਤਾਂ ਸਕੂਲ ਹਸਪਤਾਲ ਤਾਂ ਰਾਧਾ-ਸੁਆਮੀ ਕਿਤੇ ਵੱਡੇ ਅਤੇ ਵਧੀਆ ਚਲਾਈ ਜਾ ਰਿਹਾ ਫਿਰ ਤੂੰ ਉਸ ਦਾ ਹੀ ਚੇਲਾ ਬਣ ਜਾਣਾ ਸੀ!
ਹੁਣ ਗੱਲ ਉਸ ਦੇ ਵਸੋਂ ਬਾਹਰ ਸੀ ਤੇ ਉਸ ਦਾ ਕ੍ਰੋਧ ਗੱਡੀ ਦੀ ਡਾਵਾਂ-ਡੋਲਤਾ ਤੋਂ ਸਾਫ ਦਿੱਸ ਰਿਹਾ ਸੀ। ਮੈਨੂੰ ਵੀ ਜਾਪਿਆ ਕਿ ਮੈ ਗਲਤ ਸਮੇ ਪੰਗਾ ਲੈ ਲਿਆ, ਇਸ ਦਾ ਨੰਗ ਦਾ ਕੀ ਜਾਣਾ। ਤੇ ਮੇਰੀ ਮਾਸੀ ਦਾ ਪੁੱਤਰ ਵੀ ਕਹਿਣ ਲੱਗਾ ਕਿ ਭਰਾ ਤੂੰ ਵਾਪਸ ਕਨੇਡਾ ਮੁੜਨਾ ਜਾਂ ਇਥੇ ਹੀ ਕਿਤੇ ਟਾਹਲੀ ਨਾਲ ਜੱਫੀ ਪਾਉਂਣੀ। ਤੇ ਚਲੋ ਮੈ ਵੀ ਚੁੱਪ ਕਰ ਗਿਆ ਤੇ ਉਸ ਨੂੰ ਵੀ ਉਸ ਚੁੱਪ ਕਰਾ ਦਿੱਤਾ ਪਰ ਉਸ ਦੀ ਜ਼ਹਿਰ ਅਗਲੇ ਦਿਨ ਮੁੜਨ ਤੱਕ ਨਾ ਸੀ ਉਤਰੀ। ਉਸ ਮੁੜ ਮੈਨੂੰ ਨਹੀ ਕਵਾਇਆ।
ਮਾਇਆ ਦੇ ਕਾਲੇ ਨਾਗ ਨੇ ਇਨ੍ਹਾਂ ਸਾਧੜਿਆਂ ਨੂੰ ਬੁਰੀ ਤਰ੍ਹਾਂ ਡੱਸ ਲਿਆ ਹੈ। ਮਾਇਆ ਦੇ ਸੱਪ ਦਾ ਜ਼ਹਿਰ ਇਨ੍ਹਾਂ ਦੇ ਪਿੰਡਿਆਂ ਉਪਰ, ਇਨ੍ਹਾਂ ਦੇ ਬੋਲਾਂ ਵਿਚੋਂ ਸਾਫ ਸਪੱਸ਼ਟ ਦੇਖਿਆ ਜਾ ਸਕਦਾ ਹੈ। ਇਨ੍ਹਾਂ ਦੇ ਬੋਲ ਨੀਲੇ ਹੋ ਗਏ ਹਨ, ਇਨ੍ਹਾਂ ਦੇ ਮਨ ਜ਼ਹਿਰੀਲੇ ਹੋ ਗਏ ਹਨ, ਮਾਇਆ ਦੇ ਜ਼ਹਿਰ ਨੇ ਇਨ੍ਹਾਂ ਦੀ ਗੈਰਤ ਦਾ ਲਹੂ ਮੁਕਾ ਦਿੱਤਾ ਹੈ, ਮਾਇਆ ਦੇ ਕਾਲੇ ਸੱਪ ਨੇ ਇਨ੍ਹਾਂ ਵਿਚੋਂ ਅਣਖ ਦੇ ਸੈੱਲ ਖਤਮ ਕਰ ਦਿੱਤੇ ਹਨ ਤੇ ਅੱਖਾਂ ਅੰਨ੍ਹੀਆਂ। ਇਹ ਮਾਇਆ-ਧਾਰੀ ਅੰਨ੍ਹੇ-ਬੋਲੇ ਹੋ ਗਏ ਹਨ। ਮਾਇਆ ਦੇ ਢੇਰ ਲਾ ਕੇ ਉਪਰ ਸੱਪ ਬਣਕੇ ਬੈਠ ਗਏ ਹਨ ਤੇ ਹੁਣ ਲੋਕਾਂ ਨੂੰ ਫੁੰਕਾਰੇ ਮਾਰਦੇ ਹਨ। ਇਨ੍ਹਾਂ ਵੱਡੀਆਂ ਸਰ੍ਹਾਲਾਂ ਨੇ ਪੂਰੀ ਕੌਮ ਨੂੰ ਅਪਣੇ ਜੱਫੇ ਵਿਚ ਵਲ ਲਿਆ ਹੈ ਤੇ ਉਹ ਹੁਣ ਬੇਬਸ ਹੋਈ ਦਮ ਤੋੜ ਰਹੀ ਤੜਫ ਰਹੀ ਹੈ।
ਇਹ ਮਾਇਆ ਦੇ ਡੱਸੇ ਲੋਭ ਵਿਚ ਹਰਕ ਚੁੱਕੇ ਹੋਏ ਹਨ। ਅੰਨ੍ਹਾਂ ਸਰਮਾਇਆ ਪਾ ਕੇ ਵੀ ਇਨ੍ਹਾਂ ਨੂੰ ਸਬਰ ਨਹੀ ਆ ਰਿਹਾ। ਇਨ੍ਹਾਂ ਨੂੰ ਕਿਰਤੀ ਸਿੱਖਾਂ ਦੀ ਕਮਾਈ ਦੀ ਕੋਈ ਪ੍ਰਵਾਹ ਨਹੀ ਬਲਕਿ ਅਪਣੀਆਂ ਸਟੇਜਾਂ ਦੀ ਛੋਛੇਬਾਜੀ ਅਤੇ ਵਪਾਰ ਇਨ੍ਹਾਂ ਦਾ ਮੁੱਖ ਧੰਦਾ ਹੈ। ਉਹ ਤਾਂ ਅਪਣੀ ਅਗਿਆਨਤਾ ਵੱਸ ਇਨ੍ਹਾਂ ਕੋਲੋਂ ਅਪਣੇ ਗੁਰੂ ਦੀ ਗੱਲ ਸੁਣਨਾ ਚਾਹੁੰਦੇ ਪਰ ਇਹ ਉਨ੍ਹਾਂ ਦੀ ਉਨ ਲਾਹੁੰਦੇ ਹਨ। ਲੁਕਾਈ ਨੂੰ ਮਾਇਆ ਤੋਂ ਬਚਾਉਂਣ ਵਾਲੇ ਖੁਦ ਮਾਇਆ ਦੇ ਡੰਗੇ ਹੋਏ ਹਨ। ਮਲਕ ਭਾਗੋਆਂ, ਬਾਬਰਾਂ ਨਾਲ ਇਨ੍ਹਾਂ ਦੀਆਂ ਯਾਰੀਆਂ। ਗੁਰਇਕਬਾਲ ਵਰਗੇ ਸਿੱਖਾਂ ਦੀ ਕੱਟੜ ਦੁਸ਼ਮਣ ਜਮਾਤ ਆਰ,ਐਸ,ਐਸ ਕੋਲੋਂ ਸਿਰੋਪੇ ਲੈਂਦੇ ਅਤੇ ਉਨ੍ਹਾਂ ਨਾਲ ਅਪਣੀਆਂ ਸਟੇਜਾਂ ਸਾਝੀਆਂ ਕਰਦੇ ਹਨ।
ਅੱਜ ਸਿੱਖ ਨੂੰ ਪੰਜਾਬ ਦੇ ਹਰੇਕ ਵੱਡੇ ਮੋੜ ਤੇ ਲਿੱਖ ਦੇਣਾ ਚਾਹੀਦਾ ਕਿ ਇਨ੍ਹਾਂ ਮਾਇਆ ਖਾਧੀਆਂ ਲਾਸ਼ਾਂ ਤੋਂ ਬਚੋ! ਬਚੋ! ਬਚੋ!

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.