ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਚੋਣਵੀਆਂ ਪ੍ਰੇਰਣਾਵਾਂ
ਗੁਰੂ ਗੋਬਿੰਦ ਸਿੰਘ ਜੀ ਦੇ 350ਸਾਲਾ ਆਗਮਨ ਪੁਰਬ ਤੇ ਭੇਂਟ
ਗੁਰ ਇਤਿਹਾਸ ਪੜ੍ਹਨ-ਸੁਣਨ ਦੇ ਦੋ ਢੰਗ ਹਨ :
੧. ਘਟਨਾਵਾਂ ਦੀ ਜਾਣਕਾਰੀ ਲੈਣੀ। ਇਤਿਹਾਸਕ ਦਿਹਾੜੇ, ਸੰਨ ਆਦਿ ਪਤਾ ਕਰਨੇ। ਕਿਸ ਦਾ, ਕਿਸ ਨਾਲ, ਕੀ ਰਿਸ਼ਤਾ ਸੀ? ਕਿਸ-ਕਿਸ ਨੇ ਕੀ-ਕੀ ਕੀਤਾ? ਇਸਨੂੰ ਕੇਵਲ ਜਾਣਕਾਰੀ (information) ਕਿਹਾ ਜਾਵੇਗਾ।
੨. ਘਟਨਾਵਾਂ ਤੋਂ ਸੇਧ ਲੈਣੀ, ਪ੍ਰੇਰਣਾ ਲੈਣੀ । ਗੁਰੂ ਸਾਹਿਬ ਦੀ ਜੀਵਨ ਤੋਂ ਸਿਖਿਆ ਲੈ ਕਿ ਅੱਜ ਅਸੀਂ ਆਪਣਾ ਜੀਵਨ ਕਿਵੇਂ ਸੁਧਾਰ ਸਕਦੇ ਹਾਂ। ਇਸਨੂੰ ਪ੍ਰੇਰਣਾਮਈ (inspirational) ਢੰਗ ਕਿਹਾ ਜਾਵੇਗਾ।
ਅੱਜ ਸਾਡਾ ਬਹੁਤਾ ਸਾਹਿਤ ਕੇਵਲ ਜਾਣਕਾਰੀਆਂ (information) ਹੀ ਦੇ ਰਿਹਾ ਹੈ। ਆਓ! ਦਸਵੇਂ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੋਂ ਕੁਝ ਪ੍ਰੇਰਣਾਵਾਂ ਸਾਂਝੀਆਂ ਕਰੀਏ :
ਛੋਟੀ ਉਮਰੇ ਵੱਡੀਆਂ ਜਿੰਮੇਵਾਰੀਆਂ :
ਬਾਲਕ ਗੋਬਿੰਦ ਰਾਏ ਦੀ ਉਮਰ ਕੇਵਲ ੯ ਸਾਲ ਦੀ ਸੀ ਜਦ ਪਿਤਾ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਹੋਈ। ਸਾਡੇ ਲਈ ਪ੍ਰੇਰਣਾ ਹੈ ਕਿ ਏਨੀ ਛੋਟੀ ਉਮਰੇ ਵੀ ਮੁਸ਼ਕਿਲਾਂ ਦੇ ਬਾਵਜੂਦ ਆਪਣੇ ਮਿੱਥੇ ਨਿਸ਼ਾਨੇ ਵੱਲ ਕਾਰਜਸ਼ੀਲ ਰਹੀਏ । ਜੇਕਰ ਸਾਡੇ ਪਰਿਵਾਰ ਵਿੱਚ ਐਸੀ ਗੱਲ ਬਣ ਆਵੇ ਕਿ ਵਾਹਿਗੁਰੂ ਦੇ ਹੁਕਮ ਵਿੱਚ ਮਾਤਾ-ਪਿਤਾ ਦਾ ਸਾਇਆ ਨਾ ਰਹੇ ਤਾਂ ਵੀ ਅਸੀਂ ਕਿਸੇ ਪਾਸੋਂ ਹਮਦਰਦੀ ਦੀ ਆਸ ਰੱਖਣ ਦੀ ਬਜਾਏ, ਆਪਣੇ ਪੈਰਾਂ ਤੇ ਖੜੇ ਹੋਈਏ। ਕੁਟੰਬ ਅਤੇ ਪਰਿਵਾਰ ਦੇ ਮੋਹ ਨਾਲੋਂ ਜੀਵਨ ਆਦਰਸ਼ ਤੇ ਸਰਬੱਤ ਦਾ ਭਲਾ ਵਧੇਰੇ ਜ਼ਰੂਰੀ ਹਨ। ਇਹ ਪ੍ਰਸੰਗ ਐਸਾ ਪ੍ਰੇਰਣਾ ਸ੍ਰੋਤ ਹੈ ਕਿ ਕੋਈ ਵੀ ਸਿੱਖ ਕਦੇ ਵੀ ਨਿਰਾਸ਼ਾ ਵਿੱਚ ਨਹੀਂ ਆਉਣਾ ਚਾਹੀਦਾ।
ਮਨੁੱਖਤਾ ਨਾਲ ਪ੍ਰੇਮ :
ਸਿੱਖਾਂ ਨੇ ਭਾਈ ਘਨੱਈਆ ਜੀ ਦੀ ਸ਼ਿਕਾਇਤ ਕੀਤੀ ਕਿ ਉਹ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਉਂਦਾ ਹੈ। ਪਾਤਸ਼ਾਹ ਨੇ ਸ਼ਾਬਾਸ਼ ਦਿੱਤੀ ਤੇ ਨਾਲ ਹੀ ਮੱਲ੍ਹਮ ਦੀ ਡੱਬੀ ਦਿੱਤੀ ਕਿ ਉਹ ਜ਼ਖਮੀਆਂ ਨੂੰ ਲੱਗੀਆਂ ਸੱਟਾਂ ਦਾ ਵੀ ਇਲਾਜ ਕਰਨ। ਇਹ ਘਟਨਾ ਸਾਡੇ ਲਈ ਸਪੱਸ਼ਟ ਪ੍ਰੇਰਣਾ ਹੈ ਕਿ ਸਿੱਖ ਕਦੇ ਵੀ ਕਿਸੇ ਨਾਲ ਨਫ਼ਰਤ ਜਾਂ ਵੈਰ ਨਾ ਕਰੇ। ਕਿਸੇ ਨੂੰ ਉਸ ਦੇ ਧਰਮ ਕਾਰਨ ਨੀਵਾਂ ਜਾਣਨਾ ਜਾਂ ਉਸ ਪ੍ਰਤੀ ਗੁੱਸਾ ਰੱਖਣਾ, ਉਸ ਨੂੰ ਫਿੱਕੇ ਬੋਲ ਬੋਲਣੇ … ਇਹ ਸਿੱਖੀ ਦਾ ਰਾਹ ਨਹੀਂ। ਸਿੱਖ ਤਾਂ ਹਰੇਕ ਮਨੁੱਖ ਵਿੱਚ ਪਰਮਾਤਮਾ ਦੀ ਜੋਤ ਵੇਖੇ।
ਦਿਖਾਵਾ ਨਹੀਂ – ਸੱਚ ਤੇ ਕੇਵਲ ਸੱਚ :
ਅਨੰਦਪੁਰ ਸਾਹਿਬ ਦੇ ਜੰਗਲਾਂ ਵਿੱਚ ਇੱਕ ਸ਼ੇਰ ਨੂੰ ਵਿਚਰਦੇ ਵੇਖ ਕੇ ਲੋਕ ਡਰ ਗਏ, ਪਰ ਜਦੋਂ ਪਤਾ ਲੱਗਾ ਕਿ ਇਹ ਤਾਂ ਅਸਲ ਵਿੱਚ ਖੋਤਾ ਸੀ, ਜਿਸ ਦੇ ਉਪਰ ਕਿਸੇ ਨੇ ਸ਼ੇਰ ਦੀ ਖੱਲ੍ਹ ਪਾ ਦਿੱਤੀ ਸੀ, ਤਾਂ ਲੋਕਾਂ ਵਿੱਚ ਬਹੁਤ ਹਾਸਾ ਪਿਆ। ਪਾਤਸ਼ਾਹ ਨੇ ਕਿਹਾ ਕਿ ਇਹ ਖੇਡ ਸਿੱਖਾਂ ਨੂੰ ਇਹ ਦ੍ਰਿੜ ਕਰਵਾਉਣ ਲਈ ਰਚੀ ਗਈ ਕਿ ਉਹ ਕੇਵਲ ਆਪਣੀ ਸ਼ਕਲ ਕਰਕੇ ਹੀ ਨਾ ਸਿੱਖ ਹੋਣ, ਸਗੋਂ ਉਨ੍ਹਾਂ ਵਿੱਚ ਸਿੱਖੀ ਗੁਣ ਵੀ ਹੋਣ।
ਅੱਜ ਵੀ ਅਸੀਂ ਬਹੁਤੇ ਸਿੱਖ ਕੇਵਲ ਸਿੱਖੀ ਦਾ ਪਹਿਰਾਵਾ ਹੀ ਪਾਈ ਬੈਠੇ ਹਾਂ। ਸਾਡੇ ਅੰਦਰ ਸਿੱਖੀ ਦੇ ਗੁਣ ਨਹੀਂ ਹਨ। ਸਿੱਖ ਕੇਵਲ ਆਪਣੇ ਸਰੂਪ ਕਰਕੇ ਹੀ ਨਿਆਰਾ ਨਹੀਂ ਹੈ, ਸਗੋਂ ਉਸ ਦਾ ਬੋਲ ਚਾਲ; ਖਾਣ-ਪੀਣ; ਜੀਵਨ-ਸੋਚ; ਆਚਾਰ-ਵਿਹਾਰ ਸਭ ਕੁਝ ਹੀ ਸੰਸਾਰ ਤੋਂ ਨਿਆਰਾ ਹੈ। ਆਮ ਮਨੁੱਖ ਬੱਸ/ਰੇਲ ਵਿੱਚ ਸਫ਼ਰ ਕਰਦਿਆਂ ਆਪਣੀ ਸਹੂਲਤ ਵੇਖਦਾ ਹੈ, ਪਰ ਸਿੱਖ ਦੂਜੇ ਯਾਤਰੂਆਂ ਨੂੰ ਨਾਲ ਬਿਠਾਉਣ ਜਾਂ ਦੁਖੀ-ਕਮਜ਼ੋਰ-ਲੋੜਵੰਦ ਨੂੰ ਆਪਣੀ ਸੀਟ ਦੇ ਦਿੰਦਾ ਹੈ। ਆਮ ਮਨੁੱਖ ਕ੍ਰੋਧ ਕਰਦਾ ਹੈ ਅਤੇ ਕ੍ਰੋਧ ਵੱਸ ਫਿੱਕੇ ਬੋਲ ਬੋਲਦਾ ਹੈ। ਕਲਗੀਧਰ ਦਾ ਸਿੱਖ ਆਪਣੇ ਗੁੱਸੇ ਤੇ ਕਾਬੂ ਕਰਦਾ ਹੈ ਅਤੇ ਫਿੱਕਾ ਬੋਲਣ ਤੋਂ ਸੰਕੋਚ ਕਰਦਾ ਹੈ। ਉਹ ਮਿੱਠ-ਬੋਲੜਾ ਹੈ।
ਆਮ ਮਨੁੱਖ ਕਿਸੇ ਦੇ ਨਾਲ ਵਧੀਕੀ ਹੁੰਦੇ ਵੇਖਕੇ ਪਾਸਾ ਵੱਟ ਲੈਂਦਾ ਹੈ ਅਤੇ ਸੋਚਦਾ ਹੈ - 'ਮੈਨੂੰ ਕੀ', ਪਰ ਕਲਗੀਧਰ ਦਾ ਸਿੱਖ ਮਜ਼ਲੂਮ ਦੀ ਰਾਖੀ ਕਰਦਾ ਹੈ। ਸਮਾਜ ਵਿੱਚ ਵਿਚਰਦਿਆਂ ਕਿਸੇ ਤੇ ਵੀ ਹੁੰਦੀ ਵਧੀਕੀ ਨੂੰ ਵੇਖਕੇ ਉਹ ਅੱਖਾਂ ਨਹੀਂ ਮੀਟਦਾ ਸਗੋਂ ਆਪ ਭੱਜਕੇ ਉਸ ਦੀ ਮੱਦਦ ਕਰਦਾ ਹੈ। "ਜੋ ਬੋਲੇ ਸੋ ਨਿਹਾਲ" ਸਿੱਖ ਦਾ ਆਦਰਸ਼ ਹੈ। ਜਦੋਂ ਵੀ ਕੋਈ ਮਦਦ ਲਈ ਬੁਲਾਉਂਦਾ ਹੈ ਤਾਂ ਸਿੱਖ ਬੋਲਦਾ ਹੈ। ਇਸੇ ਲਈ ਪਾਤਸ਼ਾਹ ਉਸ ਨੂੰ ਸਦਾ ਨਿਹਾਲ ਕਰਦੇ ਹਨ। ਸਿੱਖ ਲੋੜਵੰਦ ਨੂੰ ਖੂਨ ਦਾਨ ਕਰਦਾ ਹੈ, ਨੇਤਰ ਦਾਨ ਕਰਦਾ ਹੈ, ਅੰਗ ਦਾਨ ਕਰਦਾ ਹੈ, ਇੱਥੋਂ ਤੱਕ ਕਿ ਜੀਵਨ ਵੀ ਦਾਨ ਕਰ ਦਿੰਦਾ ਹੈ।
ਆਮ ਮਨੁੱਖ ਡਰਦਾ ਵੀ ਹੈ ਤੇ ਡਰਾਉਂਦਾ ਵੀ ਹੈ, ਪਰ ਕਲਗੀਧਰ ਦਾ ਸਿੱਖ ਨਾ ਕਿਸੇ ਤੋਂ ਡਰਦਾ ਹੈ ਤੇ ਨਾ ਹੀ ਕਿਸੇ ਨੂੰ ਡਰਾਉਂਦਾ ਹੈ। ਅੱਜ ਅਸੀਂ ਵੀ ਅਸਲ ਸ਼ੇਰ ਬਣੀਏ, ਨਾ ਕਿ ਕੇਵਲ ਸਰੂਪ ਸਿੱਖਾਂ ਵਾਲਾ ਹੋਵੇ ਤੇ ਆਚਾਰ ਢਿੱਲਾ।
ਵਿਦਿਅਕ ਸਰਵ ਸਰੇਸ਼ਠਤਾ Academic Excellence:-
ਦਸਮੇਸ਼ ਪਿਤਾ ਨੇ ਸਿੱਖਾਂ ਨੂੰ ਗਿਆਨਵਾਨ ਬਣਾਉਣ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਦੀ ਵਿਦਿਆ ਹਾਸਲ ਕਰਨ ਦੀ ਪ੍ਰੇਰਣਾ ਦਿੱਤੀ। ਇਥੋਂ ਤੱਕ ਕਿ ਉਨ੍ਹਾ ਨੇ ਪੰਜ ਸਿੱਖਾਂ ਨੂੰ ਸੰਸਕ੍ਰਿਤ ਪੜ੍ਹਣ ਲਈ ਕਾਂਸ਼ੀ ਭੇਜਿਆ। ਅੱਜ ਸਾਡੇ ਲਈ ਚੈਲੰਜ ਹੈ ਕਿ ਹਰੇਕ ਸਿੱਖ ਵੱਧ ਤੋਂ ਵੱਧ ਗਿਆਨ ਹਾਸਲ ਕਰੇ। ਵੱਧ ਤੋਂ ਵੱਧ ਭਾਸ਼ਾਵਾਂ ਸਿੱਖੇ। ਗਿਆਨ ਦੀ ਖੜਗ ਦਾ ਉਹ ਧਾਰਨੀ ਹੋਵੇ ਅਤੇ ਵਹਿਮਾਂ ਭਰਮਾਂ ਦੇ ਸਭ ਟਾਟ ਉਡਾ ਦੇਵੇ। ਦੁਨੀਆਂ ਦੇ ਹਰੇਕ ਖੇਤਰ, ਘਟਨਾ ਕ੍ਰਮ ਦੀ ਤਹਿ ਤੱਕ ਸਿੱਖ ਦੀ ਪਹੁੰਚ ਹੋਵੇ, ਇਹ ਵੀ ਸਿੱਖ ਦਾ ਧਰਮ ਹੈ ਅਤੇ ਪਾਤਸ਼ਾਹ ਦਾ ਹੁਕਮ ਹੈ ਕਿ ਸਿੱਖ ਗਿਆਨ ਪੱਖੋਂ ਕਿਸੇ ਤੋਂ ਪਿੱਛੇ ਨਾ ਰਹੇ। ਸਿੱਖ ਜਿਸ ਵੀ ਖੇਤਰ ਵਿੱਚ ਬੈਠਾ ਹੈ, ਉਹ ਉਸ ਖੇਤਰ ਦਾ ਸਰਦਾਰ ਬਣੇ, ਮੋਹਰੀ ਬਣੇ।
ਹੋਲੀ ਤੋਂ ਹੋਲਾ:-
ਪਾਤਸ਼ਾਹ ਨੇ ਸਮਾਜ ਨੂੰ ਹਰ ਤਰ੍ਹਾਂ ਦੇ ਚਿੱਕੜ ਅਤੇ ਗੰਦ ਤੋਂ ਕੱਢਣ ਦਾ ਭਰਪੂਰ ਜਤਨ ਕੀਤਾ। ਸਿੱਖਾਂ ਨੂੰ ਹੋਲੀ ਦੀਆਂ ਰੰਗ ਰਲੀਆਂ ਤੋਂ ਹਟਾ ਕੇ ਹੋਲੇ ਦਾ ਸੰਕਲਪ ਦਿੱਤਾ, ਜਿਸ ਵਿਚ ਬੀਰ ਰਸ ਕਰੱਤਵ, ਸ਼ਸਤਰ ਵਿਦਿਆ ਦੇ ਅਭਿਆਸ ਅਤੇ ਮਰਦਾਵੀਆਂ ਖੇਡਾਂ ਸ਼ਾਮਿਲ ਕੀਤੀਆ ਗਈਆਂ।
ਇਹ ਸਾਡੇ ਲਈ ਪ੍ਰੇਰਣਾ ਸਰੋਤ ਹੈ ਕਿ ਅੱਜ ਅਸੀਂ ਵੀ ਆਪਣੇ ਜੀਵਨ ਵਿੱਚ ਆਈਆਂ ਕੁਰੀਤੀਆਂ ਕੱਢਣ ਲਈ ਸੁਚੇਤ ਹੋਈਏ। ਸਾਨੂੰ ਹੋਲੀ ਵਾਲੇ ਦਿਨ ਹੋਲਾ ਮਨਾਉਣਾ ਚਾਹੀਦਾ ਹੈ। ਬੱਚੇ, ਨੌਜਵਾਨ, ਬਜ਼ੁਰਗ, ਬੀਬੀਆਂ ਸਭ ਮਰਦਾਵੀਆਂ ਖੇਡਾਂ ਖੇਡਣ। ਬੀਰ ਰਸੀ ਕਰੱਤਬ ਅਤੇ ਗੱਤਕੇ ਦੇ ਅਖਾੜੇ ਲਗਾਉਣ। ਕਸਰਤਾਂ ਅਤੇ ਖੇਡਾਂ ਸਿੱਖ ਦੇ ਜੀਵਨ ਦਾ ਅਨਿਖੜਵਾਂ ਅੰਗ ਬਣਨ। ਸਿੱਖ ਕਦੇ ਵੀ ਢਿੱਲਾ ਅਤੇ ਸਰੀਰਕ ਪੱਖੋਂ ਬਿਮਾਰ ਨਾ ਹੋਵੇ, ਸਗੋਂ ਉਹ ਚੜਦੀਆਂ ਕਲਾਂ ਅਤੇ ਸਰੀਰਕ ਤੰਦਰੁਸਤੀ ਦਾ ਮਾਲਕ ਹੋਵੇ।
ਲੀਡਰਸ਼ਿਪ ਗੁਣ :
ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਜੀ ਹਰੇਕ ਜੰਗ ਵਿੱਚ ਅੱਗੇ ਹੋ ਕੇ ਅਗਵਾਈ ਦਿੰਦੇ ਸਨ, ਪਰ ਦਸਵੇਂ ਪਾਤਸ਼ਾਹ ਵੇਲੇ ਸਿੱਖ ਕੌਮ ਦੀ ਤਿਆਰੀ ਏਨੀ ਹੋ ਚੁੱਕੀ ਸੀ ਕਿ ਪਾਤਸ਼ਾਹ ਨੇ ਸਿੱਖਾਂ ਨੂੰ ਜੰਗ ਦੀ ਅਗਵਾਈ ਸੌਂਪੀ ਅਤੇ ਆਪ ਪਿੱਛੇ ਰਹਿ ਕੇ ਉਨ੍ਹਾਂ ਨੂੰ ਵਾਚਦੇ । ਸਿੱਖਾਂ ਕੋਲ ਲੀਡਰਸ਼ਿਪ ਦੇ ਐਸੇ ਗੁਣ ਹੋਣੇ ਚਾਹੀਦੇ ਹਨ ਕਿ ਉਹ ਨਾ ਕੇਵਲ ਸਿੱਖ ਕੌਮ ਦੀ ਅਗਵਾਈ ਕਰਨ ਸਗੋਂ ਸਮੁੱਚੇ ਸੰਸਾਰ ਦੀ ਅਗਵਾਈ ਕਰਨ ਦੇ ਸਮਰੱਥ ਹੋਣ।
ਹੱਥੀ ਕੰਮ ਕਰਏ – ਸੁਕ੍ਰਿਤ ਕਰੀਏ :
ਇੱਕ ਵਾਰੀ ਗੁਰੂ ਜੀ ਨੇ ਕਿਹਾ ਕਿ ਕੋਈ ਸਿੱਖ ਪੀਣ ਲਈ ਪਾਣੀ ਦਾ ਗਿਲਾਸ ਲਿਆਵੇ। ਇੱਕ ਨੌਜਵਾਨ ਤੁਰੰਤ ਪਾਣੀ ਦਾ ਗਿਲਾਸ ਲੈ ਕੇ ਹਾਜ਼ਰ ਹੋਇਆ। ਪਾਤਸ਼ਾਹ ਨੇ ਉਸਦੇ ਨਰਮ ਹੱਥਾਂ ਨੂੰ ਵੇਖ ਕੇ ਪੁੱਛਿਆ ਕਿ ਇਹ ਇਨੇ ਕੂਲ੍ਹੇ ਕਿਉਂ ਹਨ? ਸਿੱਖ ਨੇ ਜੁਆਬ ਦਿੱਤਾ ਕਿ ਮੈਂ ਸੌਖੇ ਘਰ ਦਾ ਜੰਮਪਲ ਹਾਂ ਅਤੇ ਇਨ੍ਹਾਂ ਹੱਥਾਂ ਨਾਲ ਕਦੇ ਕੋਈ ਕੰਮ ਨਹੀਂ ਕਰਦਾ। ਸਤਿਗੁਰੂ ਜੀ ਨੇ ਉਸ ਦੇ ਹੱਥੋਂ ਪਾਣੀ ਦਾ ਗਿਲਾਸ ਲੈਣ ਤੋਂ ਇਨਕਾਰ ਕਰ ਦਿੱਤਾ: ਅਸੀਂ ਸਾਰੇ ਪ੍ਰਣ ਕਰੀਏ ਕਿ ਵੱਧ ਤੋਂ ਵੱਧ ਹੱਥੀ ਕੰਮ ਆਪ ਕਰਾਂਗੇ ਅਤੇ ਨੌਕਰਾਂ ਤੇ ਨਿਰਭਰ ਨਹੀਂ ਹੋਵਾਂਗੇ।
ਜਿਹੜੇ ਹੱਥ ਨਾ ਕਰਦੇ ਕਾਰ, ਦੁਨੀਆਂ ਉਤੇ ਹੁੰਦੇ ਭਾਰ।
ਗਰੀਬ ਦਾ ਮੂੰਹ – ਗੁਰੂ ਦੀ ਗੋਲਕ:
ਜੇਕਰ ਸਿੱਖ ਜਗਤ ਗਰੀਬ ਦੇ ਮੂੰਹ ਨੂੰ ਗੁਰੂ ਦੀ ਗੋਲਕ ਸਮਝ ਕੇ ਕਾਰਜ਼ਸ਼ੀਲ ਹੋ ਜਾਵੇ ਤਾਂ ਜਿੱਥੇ ਸਮਾਜ ਦੀ ਭਲਾਈ ਹੋਣੀ ਸੰਭਵ ਹੋਏਗੀ, ਉਥੇ ਨਾਲ ਹੀ ਗੁਰਦੁਆਰਿਆਂ ਵਿਚ ਚੌਧਰਾਂ ਅਤੇ ਜਾਇਦਾਦਾਂ ਦੇ ਝਗੜੇ ਵੀ ਖਤਮ ਹੋਣਗੇ। ਅੱਜ ਕਈ ਜਾਗਰੂਕ ਵੀਰਾਂ-ਭੈਣਾਂ ਨੇ ਆਪਣਾ ਦਸਵੰਧ ਗੋਲਕਾਂ ਵਿੱਚ ਪਾਉਣ ਨਾਲੋਂ ਗਰੀਬ ਵਿਦਿਆਰਥੀਆਂ ਦੀ ਫੀਸਾਂ, ਕਿਤਾਬਾਂ, ਵਰਦੀਆਂ, ਦਸਤਾਰਾਂ ਤੋਂ ਇਲਾਵਾ ਮਰੀਜ਼ਾਂ ਲਈ ਦਵਾਈਆਂ ਅਤੇ ਹੋਰ ਸਮਾਜ ਭਲਾਈ ਦੇ ਕਾਰਜਾਂ ਤੇ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਆਪਣੇ ਦਸਵੰਧ ਨਾਲ ਗੁਰਬਾਣੀ ਦੇ ਗੁਟਕੇ ਅਤੇ ਇਤਿਹਾਸ ਦੀਆਂ ਪੁਸਤਕਾਂ ਘਰ-ਘਰ ਵੰਡ ਰਹੇ ਹਨ। ਭਾਂਤ-ਭਾਂਤ ਦੇ ਲੰਗਰ ਚਲਾਉਣ ਅਤੇ ਕੀਮਤੀ ਮਠਿਆਈਆਂ ਵੰਡ ਕੇ ਰੱਜਿਆਂ ਨੂੰ ਹੋਰ ਰਜਾਉਣ ਨਾਲੋਂ ਚੰਗਾ ਹੈ ਖਲਕਤ ਦੀ ਸੇਵਾ ਲਈ ਆਪਣਾ ਦਸਵੰਧ ਲਗਾਉਣ ਲੱਗ ਪਈਏ ਤਾਂ ਇਹ ਪ੍ਰਬੰਧਕਾਂ ਦੀ ਹਉਮੈ ਵਿੱਚ ਜਾਂ ਬੈਕਾਂ ਦੇ ਅਕਾਊਂਟਾਂ ਵਿੱਚ ਪਹੁੰਚਣ ਨਾਲੋਂ ਸਿੱਧਾ ਗੁਰੂ ਕੋਲ ਪੁੱਜੇਗਾ ਅਤੇ ਸਾਨੂੰ ਮੋੜਵੀਆਂ ਬਖਸ਼ਿਸ਼ਾਂ ਮਿਲਣਗੀਆਂ।
ਅਨਪੜ੍ਹਤਾ ਦਾ ਸਫਾਇਆ :
ਪਾਤਸ਼ਾਹ ਨੇ ੪੨ ਸਾਲ ਦੀ ਛੋਟੀ ਜਿਹੀ ਉਮਰ ਵਿੱਚ ੧੬ ਜੰਗਾਂ ਲੜੀਆਂ। ਇਹ ਵੀ ਇਤਿਹਾਸਕ ਤੱਥ ਹੈ ਕਿ ਸੰਨ ੧੬੯੦ ਤੱਕ ਕੋਈ ਸਿੱਖ ਅਨਪੜ੍ਹ ਨਹੀਂ ਸੀ। ਅੱਜ ਸਾਨੂੰ ਵੀ ਪ੍ਰਚਾਰ ਪ੍ਰਬੰਧ ਨੂੰ ਵਿਗਿਆਨਕ ਲੀਹਾਂ ਤੇ ਚਲਾਉਣਾ ਚਾਹੀਦਾ ਹੈ। ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਆਪੋ-ਆਪਣੇ ਇਲਾਕੇ ਵਿੱਚੋਂ ਅਨਪੜ੍ਹਤਾ ਸਮਾਪਤ ਕਰਨ ਦੇ ਉਪਰਾਲੇ ਆਰੰਭਣੇ ਚਾਹੀਦੇ ਹਨ।
ਕਦੇ ਘਬਰਾਹਟ ਨਹੀਂ, ਕਦੇ ਨਿਰਾਸ਼ਾ ਨਹੀਂ :
ਪਰਿਵਾਰ ਦੇ ਵਿਛੋੜੇ, ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਅਤੇ ਹਰ ਤਰ੍ਹਾਂ ਦੀਆਂ ਔਕੜਾਂ ਝੱਲਣ ਦੇ ਬਾਵਜੂਦ ਪਾਤਸ਼ਾਹ ਨੇ ਔਰੰਗਜੇਬ ਨੂੰ ਜਿੱਤ ਦੀ ਚਿੱਠੀ ਭਾਵ ਜਫ਼ਰਨਾਮਾ ਲਿਖਿਆ। ਇਸ ਚਿੱਠੀ ਨੂੰ ਪੜ੍ਹਕੇ ਔਰੰਗਜੇਬ ਨੂੰ ਗਹਿਰਾ ਧੱਕਾ ਲੱਗਾ ਅਤੇ ਉਸ ਦੀ ਮੌਤ ਦਾ ਇੱਕ ਕਾਰਨ ਇਹ ਜਫ਼ਰਨਾਮਾ ਵੀ ਸੀ, ਜਿਸ ਨੇ ਉਸ ਦੀ ਆਤਮਾ ਨੂੰ ਹਲੂਣ ਕੇ ਰੱਖ ਦਿੱਤਾ ਸੀ।
ਜਫ਼ਰਨਾਮਾ ਸਾਨੂੰ ਕਮਾਲ ਦੀ ਪ੍ਰੇਰਣਾ ਦਿੰਦਾ ਹੈ। ਸਿੱਖ ਕਦੇ ਵੀ ਨਿਰਾਸ਼ ਨਾ ਹੋਵੇ। ਉਸ ਦੇ ਦਿਮਾਗ ਵਿਚ ਢਹਿੰਦੀ ਕਲਾ, (Depression) ਡਿਪਰੈਸ਼ਨ ਨਾ ਹੋਵੇ। ਉਸ ਅੰਦਰ ਹੀਨ ਭਾਵਨਾ ਨਾ ਉਤਪੰਨ ਹੋਵੇ। ਸਿੱਖ ਤਾਂ ਸਦ-ਸਦਾ ਉਸਾਰੂ ਸੋਚ ਵਾਲਾ ਅਤੇ ਹਰ ਹਾਲੇ ਚੜ੍ਹਦੀਆਂ ਕਲਾਂ ਵਿੱਚ ਰਹਿਣ ਵਾਲਾ ਜਿਊੜਾ ਹੈ। ਸੰਸਾਰ ਦੀ ਕੋਈ ਝੱਖੜ ਹਨੇਰੀ ਉਸ ਨੂੰ ਹਿਲਾ ਨਹੀਂ ਸਕਦੀ, ਡੁਲਾ ਨਹੀਂ ਸਕਦੀ।
ਜਫਰਨਾਮਾ ਸਾਨੂੰ ਚਿੱਠੀ ਲਿਖਣ ਦਾ ਢੰਗ (Way of writing a letter) ਵੀ ਸਿਖਾaਂਦਾ ਹੈ। ਪਾਤਸ਼ਾਹ ਨੇ ਜਫਰਨਾਮੇ ਵਿੱਚ ਪਹਿਲਾਂ ਔਰੰਗਜੇਬ ਦੇ ਗੁਣਾਂ ਦੀ ਵਿਚਾਰ ਕੀਤੀ, ਫਿਰ ਉਸਦੇ ਅਤਿਆਚਾਰ ਬਿਆਨ ਕੀਤੇ, ਧਾਰਮਿਕ ਜਨੂੰਨ ਤੇ ਤਰਕ ਕੀਤਾ ਅਤੇ ਉਸ ਦੀ ਮਨੁੱਖਤਾ ਪ੍ਰਤੀ ਮਾੜੀ ਨੀਅਤ ਤੇ ਹਮਲਾ ਕੀਤਾ।
ਪਹਿਲ (Initiative) ਕਰੀਏ:
ਸੰਨ ੧੬੯੯ ਦੀ ਵਿਸਾਖੀ ਤੇ ਪਾਤਸ਼ਾਹ ਜੀ ਪੰਜ ਸਿਰਾਂ ਦੀ ਮੰਗ ਕਰਕੇ ਖੰਡੇ ਦੀ ਪਾਹੁਲ ਤਿਆਰ ਕੀਤੀ । ਪੰਜ ਪਿਆਰਿਆਂ ਦੀ ਸਾਜਨਾ ਕੀਤੀ। ਫਿਰ ਉਹਨਾਂ ਹੀ ਪੰਜ ਪਿਆਰਿਆਂ ਨੂੰ ਗੁਰੂ ਥਾਪ ਕੇ ਆਪ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਸਜ ਗਏ। ਇਹ ਸੰਸਾਰ ਦੇ ਇਤਿਹਾਸ ਲਈ ਬੇਮਿਸਾਲ ਘਟਨਾ ਹੈ। ਗੁਰੂ ਆਪ ਚੇਲਾ ਬਣ ਗਿਆ। ਗੁਰੂ ਜੀ ਨੇ ਇੱਕ ਇੱਕ ਕਰਕੇ ਪੰਜ ਸਿਰ ਮੰਗੇ, ਪੰਜ ਹਾਜ਼ਰ ਹੋ ਗਏ। ਇਹ ਕਹਿਣਾ ਯੋਗ ਨਹੀਂ ਕਿ ਕੇਵਲ ਪੰਜ ਹੀ ਨਿਤਰੇ। ਅਸਲ ਵਿੱਚ ਮੰਗੇ ਹੀ ਪੰਜ ਸਨ। ਹੋਰ ਮੰਗਦੇ ਹੋਰ ਵੀ ਉਠ ਖਲੋਂਦੇ। ਅੱਜ ਅਸੀਂ ਵੀ ਧਰਮ ਲਈ ਸੇਵਾ ਕਰਨ ਤੋਂ ਘਬਰਾਈਏ ਨਾ। ਸਭ ਤੋਂ ਪਹਿਲਾਂ ਭਾਈ ਦਇਆ ਰਾਮ ਅੱਗੇ ਆਏ ਸਨ। ਉਨ੍ਹਾਂ ਪਹਿਲ (Initiative) ਕੀਤੀ। ਸਾਡੇ ਅੰਦਰ ਸਦਾ ਲਈ ਪਹਿਲ ਕਦਮੀ (Initiative) ਦਾ ਚਾਅ ਹੋਵੇ। ਦੇਰ ਨਾ ਕਰੀਏ, ਇਹ ਨਾ ਸੋਚੀਏ, ਉਹ ਕਰੇਗਾ ਤਾਂ ਮੈਂ ਕਰਾਂਗਾ, ਉਹ ਚਲੇਗਾ ਤਾਂ ਮੈਂ ਚਲਾਂਗਾ, ਸਗੋਂ ਗੁਰੂ ਦੀ ਕਾਰ ਲਈ ਅੱਗੇ, ਸਭ ਤੋਂ ਅੱਗੇ ਵੱਧ-ਚੜ ਕੇ ਸੇਵਾਵਾਂ ਲਈਏ ਤੇ ਨਿਭਾਈਏ।
ਵਿਸਾਖੀ ਦਾ ਇੱਕ ਹੋਰ ਅਹਿਮ ਸੁਨੇਹਾ ਹੈ – ਮਜ਼ਲੂਮਾਂ ਦੀ ਸੰਭਾਲ। ਪਹਾੜੀ ਰਾਜੇ ਕਹਿੰਦੇ ਸਨ ਕਿ ਨੀਵੀਆਂ ਜਾਤਾਂ ਵਾਲਿਆਂ ਨੂੰ ਦੂਰ ਕਰੋ ਤਾਂ ਅਸੀਂ ਅੰਮ੍ਰਿਤ ਛੱਕ ਲਵਾਂਗੇ। ਪਰ ਗੁਰੂ ਜੀ ਨੇ ਕਿਹਾ ਸੀ 'ਇਨ ਗਰੀਬ ਸਿਖਨ ਕੋ ਦੇਊਂ ਪਾਤਸ਼ਾਹੀ।' ਅੱਜ ਸਾਨੂੰ ਫਿਰ ਲੋੜ ਹੈ ਕਿ ਅਸੀਂ ਗਰੀਬ ਬਸਤੀਆਂ ਵਿੱਚ ਜਾ ਕੇ, ਕਿਰਤੀ ਤੇ ਲੋੜਵੰਦਾਂ ਦੀ ਸਾਂਭ ਕਰੀਏ। ਸਾਡੇ ਪ੍ਰਚਾਰ ਦੀ ਘਾਟ ਕਾਰਨ ਇਹ ਦੇਹਧਾਰੀਆਂ ਤੇ ਪਾਖੰਡੀਆਂ ਵੱਲ ਜਾ ਰਲ ਰਹੇ ਹਨ। ਗੁਰਸਿੱਖਾਂ ਨੂੰ ਚਾਹੀਦਾ ਹੈ ਕਿ ਉਹ ਗੁਰਪੁਰਬ ਇੰਨਾਂ ਬਸਤੀਆਂ ਵਿੱਚ ਜਾ ਕੇ ਮਨਾਉਣ, ਇੰਨਾਂ ਦੀ ਵਿਦਿਅਕ ਤੇ ਆਰਥਿਕ ਮੱਦਦ ਕਰਨ।
ਰੇਣੁਕਾ ਸਰਬਜੀਤ ਸਿੰਘ
(੯੧) ੯੮੧੪੬-੧੨੦੦੪
ਰੇਣੁਕਾ ਸਰਬਜੀਤ ਸਿੰਘ
ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ , ਚੋਣਵੀਆਂ ਪ੍ਰੇਰਣਾਵਾਂ
Page Visitors: 2623