ਸਾਲ ਨਵਾਂ... ਪਰ ਮੈਂ ਪੁਰਾਣਾ !!!
-: ਗੁਰਦੇਵ ਸਿੰਘ ਸੱਧੇਵਾਲੀਆ
ਨਵਾਂ ਸਾਲ ਹੋ ਲਿਆ ਹੈ, ਪਰ ਮੇਰੇ ਵਿਚ ਕੁੱਝ ਵੀ ਨਵਾਂ ਨਹੀਂ। ਸਾਲ ਨਵਾਂ, ਪਰ ਮੈਂ ਇੱਕ ਸਾਲ ਹੋਰ ਪੁਰਾਣਾ? ਮੇਰੀ ਦੇਹ ਇੱਕ ਸਾਲ ਹੋਰ ਪੁਰਾਣੀ ਹੋ ਗਈ ਹੈ। ਦੇਹ ਤਾਂ ਚਲੋ ਕੁਦਰਤੀ ਵਰਤਾਰਾ ਸਾਲਾਂ ਦੇ ਵਿਚਦੀ ਇਸ ਨੂੰ ਲੰਘਣਾ ਹੀ ਪੈਣਾ, ਪਰ ਵਿਚਾਰ ਤਾਂ ਕੋਈ ਨਵਾ ਜਨਮਦਾ ਮੇਰੇ ਅੰਦਰ। ਕੋਈ ਆਦਤ ਤਾਂ ਨਵੀਂ ਪੈਦਾ ਹੁੰਦੀ।
ਬਾਹਰੋਂ ਵੀ ਪੁਰਾਣਾ, ਅੰਦਰੋਂ ਵੀ ਪੁਰਾਣਾ। ਜੋ ਕੂੜਾ ਕਚਰਾ ਪਹਿਲਾਂ ਚੁੱਕੀ ਫਿਰਦਾ ਸਾਂ, ਉਹੀ ਹੁਣ? ਸਭ ਪੁਰਾਣੇ ਮਾਲ ਨੂੰ ਲੈ ਕੇ ਮੈਂ ਨਵੇਂ ਸਾਲ ਵਿਚ ਪੈਰ ਧਰ ਰਿਹਾ ਹਾਂ। ਦੁਕਾਨਦਾਰ ਵੀ ਪੁਰਾਣੇ ਮਾਲ ਦੀ ਸੇਲ ਲਾ ਕੇ ਸਭ ਕੱਢ ਦਿੰਦਾ ਹੈ, ਤੇ ਨਵੇਂ ਸਾਲ ਲਈ ਨਵਾਂ ਲਿਆ ਕੇ ਰੱਖਦਾ ਹੈ। ਪਰ ਮੇਰੇ ਅੰਦਰ ਉਹੀ ਪੁਰਾਣੇ ਥਾਨ, ਪੁਰਾਣਾ ਸਮ੍ਹਾਨ। ਲੰਘ ਚੁੱਕੇ, ਵਿਹਾ ਚੁੱਕੇ ਵਿਚਾਰ।
ਬਿੱਲੀ ਰਾਹ ਕੱਟਣੋਂ ਨਹੀਂ ਹਟੀ, ਵੀਰਵਾਰ ਨਹਾਉਣਾ ਨਹੀਂ ਗਿਆ, ਨਿੱਛ ਮਾਰਨੀ ਤੇ ਸ਼ੱਕ ਕਰਨਾ ਨਹੀਂ ਗਿਆ। ਮਾਸ਼ਟਰਾਂ, ਅਜਮੇਰੀਆਂ, ਪੰਡਤਾਂ, ਮੁਲਾਣਿਆਂ, ਭਾਈਆਂ, ਬਾਬਿਆਂ ਦੇ ਭੀੜਾਂ ਉਝ ਦੀਆਂ ਉਂਝ! ਮੁੰਡਾ ਡਾਕਟਰੀ ਕਰ ਰਿਹੈ, ਪਰ ਇਹ ਢਿੱਢਲ ਅਤੇ ਅਨਪ੍ਹੜ ਸਾਧ ਦੇ ਅਸ਼ੀਰਵਾਦ ਦਿਵਾਉਂਣ ਲਈ ਫਿਰਦਾ ਉਸ ਨੂੰ। ਕਮਲਿਆ ਜਿਸ ਬੰਦੇ ਨੂੰ ਅਪਣੀ ਦੇਹ ਨਹੀਂ ਸਾਂਭਣੀ ਆਈ ਸਾਰੀ ਉਮਰ, ਉਹ ਦੇਹ ਉਪਰ ਡਾਕਟਰੀ ਕਰ ਰਹੇ ਨਿਆਣੇ ਤੇਰੇ ਨੂੰ ਕੀ ਅਸ਼ੀਰਵਾਦ ਦਏਗਾ!
ਸਾਲ ਨਵਾਂ, ਪਰ ਸੌਦਾ ਸਾਰਾ ਹੀ ਪੁਰਾਣਾ ਚੁੱਕੀ ਫਿਰਦਾ। ਗਲਿਆ ਸੜਿਆ। 'ਐਕਸਪਾਇਰ' ਹੋ ਚੁੱਕਿਆ! ਇਨਾ ਪੁਰਾਣਾ ਕਿ ਖੋਹਲੋ ਤਾਂ ਮੁਸ਼ਕ ਆਵੇ ਵਿਚੋਂ? ਕਿਸੇ ਬੰਦੇ ਨੂੰ ਖੋਹਲ ਲਵੋ ਉਸ ਵਿਚੋਂ ਕੋਈ ਨਾ ਕੋਈ ਮੁਸ਼ਕਿਆ 'ਸੰਤ' ਨਿਕਲ ਆਉਂਦਾ! ੨੧ਵੀਂ ਸਦੀ ਵਿਚ ਵੀ ਦਾਤੀਆਂ ਨਾਲ ਹਥੌਲੇ ਕਰਾ ਰਿਹਾ! ਫੂਕਾਂ ਮਰਵਾ ਰਿਹਾ! ਵਿਕਾਸ ਕਿਵੇਂ ਹੋਵੇ, ਤਰੱਕੀ ਵੰਨੀ ਕਿਵੇਂ ਵਧੇ। ਨਾ ਕੋਈ ਅੰਦਰ ਤਬਦੀਲੀ ਨਾ ਬਾਹਰ। ਬਾਹਰ ਵੀ ਪੁਰਾਣਾ ਹੋ ਗਿਆ ਅੰਦਰ ਵੀ। ਅੰਦਰ ਤਾਂ ਹੋਰ ਪੱਕੀਆਂ ਗੰਢਾਂ ਬੱਝ ਗਈਆਂ।ਜਿਉਂ ਜਿਉਂ ਬੁੱਢਾ ਹੋਈ ਜਾਂਦਾ ਗੰਢਾਂ ਹੋਰ ਪੱਕੀਆਂ ਕਰੀ ਜਾਂਦਾ। ਬਾਹਰੋਂ ਵੀ ਪੁਰਾਣਾ ਅੰਦਰੋਂ ਹੋਰ ਪੁਰਾਣਾ!
ਛੁਟੀਆਂ 'ਚ ਸਾਰਾ ਹਫਤਾ ਟੁੰਨ, ਪਰ ਨਵਾਂ ਸਾਲ ਚੜਾਉਂਣ ਚਲ ਗੁਰਦੁਆਰੇ। ਉਥੇ ਬਾਰਾਂ ਵਜੇ ਦੇਹ ਬੋਲੇ ਸੋ ਨਿਹਾਲ! ਤੇ ਚਲੋ ਜੀ ਚੜ ਗਿਆ ਨਵਾਂ ਸਾਲ? ਅਗਲਾ ਅਹਿਸਾਨ ਪਤਾ ਕੀ?
ਓ ਜੀ ਪੱਬਾਂ ਵਿਚ ਜਾ ਕੇ ਗੰਦ ਪਾਉਂਣ ਵਾਲਿਆਂ ਨਾਲੋਂ ਚੰਗੇ ਆਂ ਨਾ!
ਯਾਣੀ ਅਪਣੀਆਂ ਉਨ੍ਹਾਂ ਸਭ ਯੱਬਲੀਆਂ ਤੋਂ ਮੁਕਤ ਜਿਹੜੀਆਂ ਸਾਰਾ ਹਫਤਾ ਮਾਰੀਆਂ ਸਨ? ਹੋਰ ਹੈਰਾਨੀ ਕਿ ਰਾਤੀਂ ਬਾਰਾਂ ਵੱਜੇ ਗੁਰਦੁਆਰੇ ਅੱਖਾਂ ਮੀਟੀ ਬੈਠਾ ਸੀ, ਕਿ ਪਰ ਅਗਲੇ ਦਿਨ ਬਚੀ ਹੋਈ ਫਿਰ ਖੋਹਲ ਲਈ! ਰਾਤ ਸਿੱਖ ਕੇ ਕੀ ਆਇਆ ਉਥੋਂ ਜੇ ਇਹੀ ਘੱਟਾ ਫਿਰ ਸਿਰ ਪਾਉਂਣਾ ਸੀ। ਤਾਂ ਫਿਰ ਨਵਾ ਕੀ ਹੋਇਆ? ਕੁਝ ਵੀ ਨਵਾਂ ਨਹੀਂ ਵਾਪਰਿਆ। ਬਾਰਾ ਵੱਜ ਕੇ ਇੱਕ ਮਿੰਟ 'ਤੇ ਜੈਕਾਰੇ ਗਜਾਓ ਤੇ ਮਾਫੀ ਪਾਓ! ਮਾਫੀ ਲੈ ਕੇ ਦੇਣ ਵਾਲਾ ਉਥੇ ਭਾਈ ਜੂ ਬੈਠਾ। ਲੰਮੀ ਅਰਦਾਸ ਵਿੱਚ ਕਹਿੰਦਾ ਪਰਿਵਾਰਾਂ ਵਿਚ ਸੁੱਖ ਸ਼ਾਂਤੀ, ਚੜ੍ਹਦੀ ਕਲਾ! ਭਾਈ ਨਾ ਪ੍ਰਬਧੰਕ ਇਹ ਨਹੀਂ ਦੱਸਦਾ ਕਿ ਸੁੱਖ ਸ਼ਾਂਤੀ ਆਉਂਣੀ ਕਾਹਦੇ ਨਾਲ? ਸਾਰਾ ਹਫਤਾ ਤਾਂ ਤੂੰ ਬੋਤਲ ਨਾਲੋਂ ਮੂੰਹ ਨਹੀਂ ਲਾਹਿਆ ਤੇ ਇਸ ਇੱਕ ਦੋ ਘੰਟੇ ਨਾਲ ਸ਼ਾਂਤੀ ਆ ਜੂ?
ਯਾਦ ਰਹੇ ਕਿ ਭਾਈ ਜਾਂ ਪ੍ਰਬੰਧਕ ਨੇ ਤੁਹਾਡੀ ਸੁੱਖ ਸ਼ਾਂਤੀ ਤੋਂ ਕੁਝ ਲੈਣਾ ਦੇਣਾ ਨਹੀਂ। ਕੋਈ ਮੱਤਲਬ ਹੀ ਨਹੀਂ ਉਸਦਾ। ਉਨ੍ਹਾਂ ਦਾ ਮੱਤਲਬ ਤੁਹਾਡੇ ਜਾਣ ਤੋਂ ਬਾਅਦ ਇਹ ਹੁੰਦਾ ਜਦ ਉਹ ਰਾਤ ਗੋਲਕਾਂ ਉਲਟਾਉਂਦਾ। ਉਸ ਵਿਚੋਂ ਫਿਰ ਉਹ ਤੁਹਾਡੀ 'ਸੁੱਖ ਸ਼ਾਂਤੀ' ਕੱਢਦਾ ਤੇ ਥੁੱਕ ਲਾ ਲਾ ਗਿਣਦਾ ਤੁਹਾਡੀ ਸੁੱਖ ਸ਼ਾਂਤੀ! ਬਅਸ ਇਨਾ ਮੱਤਲਬ! ਜਿਵੇਂ ਕੁ ਦੇ ਤੁਸੀਂ, ਉਵੇਂ ਦਾ ਉਹ। ਤੁਸੀਂ ਵੀ ਮੱਤਲਬੀ, ਉਹ ਵੀ। ਤੁਸੀਂ ਮੱਤਲਬੀ ਨਾ ਹੁੰਦੇ ਖੁਦ ਨਾ ਕੁਝ ਪੜਦੇ? ਸਭ ਕੁਝ ਰੁਟੀਨ ਜਿਹਾ! ਚਲਾਵਾਂ ਜਿਹਾ। ਢਿੱਲਾ ਢਿੱਲਾ ਬੇਜਾਨ ਜਿਹਾ! ਪੁਰਾਣਾ ਹੰਡ ਚੁੱਕਾ! ਕਿਉਂਕਿ ਮੈਂ ਪੁਰਾਣਾ ਹੀ ਰਹਿਣਾ ਚਾਹੁੰਦਾ ਹਾਂ।
ਨਵਾਂ ਸਾਲ ਹੈ, ਪਰ ਮੈਂ ਪੁਰਾਣਾ ਕਿਉਂ ਰਹਾਂ? ਇਸ ਸਵਾਲ ਦੇ ਖੁਦ ਮੈਨੂੰ ਸੱਨਮੁਖ ਹੋਣਾ ਹੈ, ਤੇ ਇਸ ਦਾ ਜਵਾਬ ਵੀ ਮੈਂ ਖੁਦ ਕੋਲੋਂ ਲੈਣਾ ਹੈ, ਕਿ ਸਾਲ ਤਾਂ ਨਵੇ ਤੋਂ ਨਵਾਂ ਆਈ ਜਾਂਦਾ, ਪਰ ਮੈਂ ਪੁਰਾਣਾ ਕਿਉਂ?
ਗੁਰਦੇਵ ਸਿੰਘ ਸੱਧੇਵਾਲੀਆ
ਸਾਲ ਨਵਾਂ... ਪਰ ਮੈਂ ਪੁਰਾਣਾ !!!
Page Visitors: 2536