ਅਰਦਾਸ ਅਤੇ ਸਿੱਖੀ ਦੀ ਵਿਲੱਖਣਤਾ ਬਾਰੇ ਵਿਸ਼ੇਸ਼ ਲੇਖ
ਅਵਤਾਰ ਸਿੰਘ ਮਿਸ਼ਨਰੀ (5104325827)
ਗੁਰੂ ਗ੍ਰੰਥ ਸਾਹਿਬ ਦਾ ਸਿੱਖ-
ਤੂ ਠਾਕੁਰ ਤੁਮ ਪਹਿ ਅਰਦਾਸਿ॥ ਜੀਉ ਪਿੰਡੁ ਸਭੁ ਤੇਰੀ ਰਾਸਿ॥
ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥
ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥
ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ਤੁਮ ਤੇ ਹੋਇ ਸੁ ਆਗਿਆਕਾਰੀ॥
ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥੮॥੪॥ (੨੬੮)
ੴਸਤਿ ਗੁਰ ਪ੍ਰਸਾਦਿ॥
ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪ੍ਰਿਥਮ ਅਕਾਲ ਪੁਰਖ ਸਿਮਰ ਕੈ ਗੁਰੂ ਨਾਨਕ ਲਈਂ ਧਿਆਇ। ਨਾਲ ਅਰਦਾਸ ਆਰੰਭ ਕਰਦਾ ਹੈ ਨਾ ਕਿ "ਪ੍ਰਿਥਮ ਭਗਾਉਤੀ ਸਿਮਰ ਕੈ" ਕਿਉਂਕਿ ਭਗੌਤੀ ਦੁਰਗਾ ਦੇਵੀ ਜਿਸ ਦਾ ਜਿਕਰ "ਦੁਰਗਾ ਕੀ ਵਾਰ" (ਚੰਡੀ ਕੀ ਵਾਰ) ਜੋ ਬਾਅਦ ਵਿੱਚ ਕੂਟਨੀਤੀ ਨਾਲ ਬਦਲ ਕੇ “ਵਾਰ ਸ੍ਰੀ ਭਗਾਉਤੀ ਜੀ ਕੀ” ਕਰ ਦਿੱਤਾ ਗਿਆ, ਵਿਖੇ ਕਵੀਆਂ ਦੀ ਰਚਨਾ ਦਸਮ ਗ੍ਰੰਥ ਵਿੱਚ ਹੈ। ਇਸ ਵਾਰ ਦੇ ਅਖੀਰ ਤੇ ਕਵੀ ਲਿਖਦਾ ਹੈ ਕਿ-ਦੁਰਗਾ ਪਾਠ ਬਣਾਇਆ ਸਭੈ ਪਾਉੜੀਆਂ...।
ਵਿਦਵਾਨ ਸੱਜਨ ਡਾ.ਜਸਵੰਤ ਸਿੰਘ ਨੇਕੀ (1925) ਆਪਣੀ ਕਿਤਾਬ “ਅਰਦਾਸਿ” ਦੇ ਧਿਆਇ ਦਸ ਅਤੇ ਸਫਾ 57 ਤੇ ਲਿਖਦੇ ਹਨ ਕਿ-ਭਗੌਤੀ ਦੀ ਵਾਰ ਨੂੰ “ਦੁਰਗਾ ਪਾਠ” ਦਾ ਅਨੁਵਾਦ ਮੰਨਿਆ ਗਿਆ ਹੈ ਅਤੇ ਫੁੱਟ ਨੋਟ ਦੇ ਨੰਬਰ 3 ਵਿੱਚ ਹੋਰ ਲਿਖਦੇ ਹਨ ਕਿ-ਮ੍ਰਿਗਕੁੰਡ ਰਿਸ਼ੀ ਦੇ ਪੁੱਤਰ ਮਾਰਕੰਡੇ ਰਿਸ਼ੀ ਰਚਿਤ ਮਾਰਕੰਡਯ ਪੁਰਾਣ ਦੇ ਚੌਧਵੇਂ ਅਧਿਆਇ ਦੇ ਇੱਕ ਭਾਗ ਦਾ ਨਾਮ “ਦੁਰਗਾ ਪਾਠ” ਅਥਵਾ “ਦੁਰਗਾ ਸਪਤਸਤੀ” ਹੈ। 700 ਪਦਾਂ ਦੀ ਇਸ ਰਚਨਾਂ ਦਾ ਸੰਖੇਪ ਖੁਲ੍ਹਾ ਅਨੁਵਾਦ ‘ਭਗਾਉਤੀ ਕੀ ਵਾਰ’ ਦੇ 55 ਪਦਾਂ ਵਿੱਚ ਕੀਤਾ ਗਿਆ ਹੈ।
ਅੱਗੇ “ਅਰਦਾਸ” ਬਾਰੇ ਵਿਸਥਾਰ ਨਾਲ ਵਿਚਾਰਦੇ ਹਾਂ ਕਿ ਅਰਦਾਸ ਦੋ ਤਰ੍ਹਾਂ ਵਿਅਕਤੀ ਅਤੇ ਸੰਗਤੀ ਤੌਰ ਤੇ ਹੁੰਦੀ ਹੈ। ਵਿਅਕਤੀਗਤ ਤੌਰ ਤੇ ਕੋਈ ਵੀ ਆਪਣੇ ਹਾਵ ਭਾਵੀ ਲਫਜਾਂ ਵਿੱਚ ਅਰਦਾਸ ਕਰ ਸਕਦਾ ਹੈ ਪਰ ਸੰਗਤੀ ਤੌਰ ਤੇ ਇਕੋ ਤਰਾਂ ਨਾਲ ਅਰਦਾਸ ਕੀਤੀ ਜਾਂਦੀ ਹੈ। ਸੰਸਕ੍ਰਿਤ ਵਿੱਚ ਅਰਦ+ਆਸ=ਅਰਦਾਸ ਅਰਦ-ਮੰਗਣਾ ਅਤੇ ਆਸ-ਮੁਰਾਦ ਮੰਗਣ ਦੀ ਕ੍ਰਿਆ। ਫਾਰਸੀ ਵਿੱਚ ਅਰਜ਼ਦਾਸ਼ਤ ਭਾਵ ਅਰਜ਼-ਬੇਨਤੀ, ਬਿਨੈ, ਪ੍ਰਾਰਥਨਾ ਅਤੇ ਅਰਜ਼ੋਈ ਗੁਰੂ ਗ੍ਰੰਥ ਸਾਹਿਬ ਵਿਖੇ ਜਿੱਥੇ ਅਰਦਾਸ ਲਈ ਹੋਰ ਲਫਜ਼ ਵੀ ਵਰਤੇ ਗਏ ਓਥੇ ਅਰਦਾਸ ਸ਼ਬਦ ਬਹੁਤੀ ਵਾਰ ਵਰਤਿਆ ਗਿਆ ਹੈ। ਕਿਸੇ ਵੀ ਸੰਕਟ, ਸੁੱਖ-ਦੁੱਖ, ਖੁਸ਼ੀ-ਗਮੀ ਵੇਲੇ ਸਿੱਖ ਗੁਰ ਪ੍ਰਮੇਸ਼ਰ ਅੱਗੇ ਹੀ ਅਰਦਾਸ ਕਰਦਾ ਹੈ-
ਜੀਅ ਕੀ ਬਿਰਥਾ ਹੋਇ ਸੁ ਗੁਰ ਪਹਿ ਅਰਦਾਸਿ ਕਰਿ॥(੫੧੯)
ਭਾਈ ਕਾਹਨ ਸਿੰਘ ਨ੍ਹਾਭਾ ਅਨੁਸਾਰ (ਸ਼ੁੱਧ ਮਨੋਰਥਾਂ ਦੀ ਸਫਲਤਾ, ਭੁੱਲਾਂ ਅਪਰਾਧਾਂ ਦੀ ਮੁਆਫੀ, ਕਰਣੀ ਦਾ ਅਭਿਮਾਨ ਤਿਆਗ ਕੇ, ਬਖਸ਼ਿਸ਼ ਦੀ ਮੰਗ ਅਤੇ ਕਰਤਾਰ ਦੀ ਰਜ਼ਾ ਅੰਦਰ ਰਹਿ ਕੇ ਆਤਮ ਸਮਰਪਣ ਲਈ ਸਤਿਗੁਰਾਂ ਨੇ ਅਰਦਾਸ ਵਿਧਾਨ ਕੀਤੀ ਹੈ) ਅਰਦਾਸ ਕੋਈ ਕਰਾਮਾਤ ਜਾਂ ਹੁਕਮ ਨਹੀਂ ਜੋ ਕਿਸੇ ਦੇ ਕਹੇ ਤੇ ਵਾਪਰ ਜਾਵੇ। ਜੇ ਪ੍ਰਮਾਤਮਾ ਕਰਨ ਕਾਰਨ ਸਮਰੱਥ, ਅੰਤਰਜਾਮੀ ਹੈ ਤਾਂ ਉਹ ਸਾਡੇ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਹੈ-
ਵਿਣੁ ਬੋਲਿਆ ਸਭੁ ਕਿਛੁ ਜਾਣਦਾ ਕਿਸ ਆਗੈ ਕੀਚੈ ਅਰਦਾਸਿ॥(੧੪੨੦)
ਉਸ ਦਾ ਹੁਕਮ, ਭਾਣਾ, ਨਿਯਮ ਸਦਾ ਅਟੱਲ ਨੇ, ਅਰਦਾਸ ਕਰਕੇ ਉਨ੍ਹਾਂ ਨੂੰ ਬਦਲਿਆ ਨਹੀਂ ਜਾ ਸਕਦਾ। ਹਾਂ ਉਸ ਦੇ ਧੰਨਵਾਦ, ਸ਼ੁਕਰਾਨੇ, ਮਨ ਦੀ ਚੜ੍ਹਦੀ ਕਲਾ, ਸ਼ੁਭ ਗੁਣ ਧਾਰਨ ਕਰਨ ਦੀ ਸਮਰੱਥਾ, ਬਲ ਬੁੱਧਿ ਦੀ ਬਖਸ਼ਿਸ਼, ਗੁਸਤਾਖੀਆਂ ਲਈ ਮੁਆਫੀ ਅਤੇ ਭਾਣਾ ਮੰਨਣ ਦੀ ਸਮਰੱਥਾ ਲਈ ਉਸ ਅੱਗੇ ਅਰਦਾਸ ਕੀਤੀ ਜਾ ਸਾਕਦੀ ਹੈ। ਜਦ ਦੁਨੀਆਂ ਦੇ ਸਾਰੇ ਓਟ ਆਸਰੇ ਖਤਮ ਹੋ ਜਾਣ ਤਾਂ ਇੱਕ ਉਸ ਦਾ ਆਸਰਾ ਤੱਕਣ ਰੂਪ ਅਰਦਾਸ ਹੀ ਕਰਨੀ ਚਾਹੀਦੀ ਹੈ-
ਧਰ ਜੀਅੜੇ ਇਕ ਟੇਕ ਤੂ ਲਾਹਿ ਬਿਡਾਨੀ ਆਸ॥(੨੫੭)
ਜਿਵੇਂ ਭੋਜਨ ਖਾਣ ਨਾਲ ਭੁੱਖ ਅਤੇ ਪਾਣੀ ਪੀਣ ਨਾਲ ਪਿਆਸ ਦੂਰ ਹੁੰਦੀ ਅਤੇ ਕਿਸੇ ਦਾ ਖਾਦਾ ਭੋਜਨ ਤੇ ਪੀਤਾ ਪਾਣੀ ਸਾਡੀ ਭੁੱਖ ਪਿਆਸ ਦੂਰ ਨਹੀਂ ਕਰ ਸਕਦੇ ਇਵੇਂ ਹੀ ਬਾਣੀ ਪੜ੍ਹਨੀ, ਵਿਚਾਰਨੀ, ਧਾਰਨੀ ਅਤੇ ਅਰਦਾਸ ਆਪ ਹੀ ਕਰਨੀ ਚਾਹੀਦੀ ਹੈ ਨਾਂ ਕਿ ਕਿਸੇ ਪੁਜਾਰੀ ਜਾਂ ਗ੍ਰੰਥੀ ਤੋਂ ਪੜ੍ਹਾਉਣੀ-ਕਰਵਾਉਣੀ ਚਾਹੀਦੀ ਹੈ ਕਿਸੇ ਦੀ ਕੀਤੀ ਸਾਡੀ ਆਤਮਕ ਭੁੱਖ-ਪਿਆਸ ਨਹੀਂ ਮੇਟ ਸਕਦੀ। ਰੱਬੀ ਭਗਤਾਂ ਅਤੇ ਸਿੱਖ ਗੁਰੂ ਸਾਹਿਬਾਨਾਂ ਨੇ ਪੁਜਾਰੀਵਾਦ ਅਤੇ ਥੋਥੇ ਕਰਮਕਾਂਡਾਂ ਤੋਂ ਸਾਡਾ ਖਹਿੜਾ ਛੁਡਵਾਇਆ ਸੀ ਪਰ ਅਸੀਂ ਗੁਰੂ ਨੂੰ ਭੁੱਲ ਕੇ ਫਿਰ ਉਨ੍ਹਾਂ ਦਾ ਹੀ ਲੜ ਫੜ ਲਿਆ ਹੈ।
ਰੱਬੀ ਭਗਤਾਂ ਅਤੇ ਸਿੱਖ ਗੁਰੂਆਂ ਵੇਲੇ ਰੱਬੀ ਬਾਣੀ ਹੀ ਅਰਦਾਸ ਅਤੇ ਉਹ ਸਦਾ ਕਰਤਾਰ ਦੇ ਭਾਣੇ ਵਿੱਚ ਰਹਿੰਦੇ ਸਨ। ਕਿਰਤ ਕਰਨੀ, ਵੰਡ ਛੱਕਣਾ ਤੇ ਨਾਮ ਜਪਣਾ (ਰੱਬੀ ਨਿਯਮਾਂ ਦੀ ਪਾਲਣਾ ਕਰਨੀ) ਹੀ ਉਨ੍ਹਾਂ ਦਾ ਮੁੱਖ ਉਪਦੇਸ਼ ਸੀ। ਉਹ ਲੋਕਾਈ ਨੂੰ ਗਿਆਨ ਵੰਡਦੇ ਨਾਂ ਕਿ ਅਰਦਾਸਾਂ ਦੇ ਲਾਰੇ ਲਾਉਂਦੇ ਸਨ। ਵੇਖੋ! ਜਦ ਕੋਈ ਚੋਰੀ ਜਾਂ ਕਤਲ ਕਰਦਾ ਫੜ ਕੇ ਜੇਲ੍ਹ ਡੱਕਿਆ ਜਾਵੇ ਤੇ ਦੋਨਾਂ ਦੇ ਵਾਰਸ ਜਾਂ ਪ੍ਰਵਾਰ ਕਿਸੇ ਧਰਮ ਅਸਥਾਨ ਜਾਂ ਗੁਰਦੁਆਰੇ ਰਿਹਾਈ ਦੀ ਅਰਦਾਸ ਕਰਨ ਜਾਂ ਕਰਾਉਣ ਕਿਉਂਕਿ ਉਹ ਜਾਣਦਾ ਹੈ ਕਿ ਕੌਣ ਸੱਚਾ ਤੇ ਕੌਣ ਝੂਠਾ ਹੈ?
ਅਰਦਾਸਾਂ ਦੋਵੇਂ ਹੀ ਕਰ ਰਹੇ ਹਨ। ਕਰਤਾਰ ਦੇ ਦਰਬਾਰ ਵਿੱਚ ਅਰਦਾਸਾਂ ਜਾਂ ਭੇਟਾ ਚੜ੍ਹਾਵਿਆਂ ਦੀ ਰਿਸ਼ਵਤ ਨਹੀਂ ਚਲਦੀ। ਇਵੇਂ ਜੇ ਕਿਸੇ ਦੀ ਅਰਦਾਸ ਪੂਰੀ ਨਾਂ ਹੋਵੇ ਤਾਂ ਉਹ ਕਰਤਾਰ ਤੇ ਭਰੋਸਾ ਵੀ ਛੱਡ ਦਿੰਦਾ ਹੈ, ਕਈ ਸੌਦੇਬਾਜ ਤਾਂ ਉਸ ਨੂੰ ਗਾਲ੍ਹਾਂ ਕੱਡਣ ਤੱਕ ਵੀ ਜਾਂਦੇ ਹਨ। ਉਹ ਸਮਝਦੇ ਹਨ ਕਿ ਪ੍ਰਮਾਤਮਾਂ ਨੇ ਸਾਡੀ ਮਹਿੰਗੀ ਤੋਂ ਮਹਿੰਗੀ ਅਰਦਾਸ ਵੀ ਪੂਰੀ ਨਹੀਂ ਕੀਤੀ।
ਗੁਰਮਤਿ ਮਾਰਤੰਡ ਦੇ ਸਫਾ ੩੬ ਤੇ ਲਿਖਿਆ ਹੈ ਕਿ-ਪਰ ਧਨ ਪਰ ਇਸਤ੍ਰੀ ਦੀ ਪ੍ਰਾਪਤੀ, ਚੋਰੀ, ਜੂਏ ਵਿੱਚ ਸਫਲਤਾ, ਝੂਠੇ ਮੁਕੱਦਮੇ ਵਿੱਚ ਕਾਮਯਾਬੀ, ਕਿਸੇ ਨੂੰ ਨੁਕਸਾਨ ਪਹੁੰਚਾਉਣ ਦਾ ਮਨੋਰਥ ਆਦਿਕ ਮੰਦ ਮਨੋਰਥਾਂ ਦੀ ਸਫਲਤਾ ਲਈ ਅਰਦਾਸ ਕਰਨ ਕਰਾਉਣ ਵਾਲੇ ਸਿੱਖੀ ਦੇ ਸਿਧਾਂਤ ਤੋਂ ਅਗਿਆਤ ਹਨ।
ਵੇਖੋ! ਸੰਸਾਰ ਵਿਚਲੇ ਬੇਅੰਤ ਤਰ੍ਹਾਂ ਦੇ ਬਦਲਾਵਾਂ ਅਤੇ ਘਟਨਾਵਾਂ ਦਾ ਤੂਫਾਨ ਚਲਦਾ ਹੈ, ਜਿਸ ਕਰਕੇ ਮਨੁੱਖੀ ਮਨ ਦ੍ਰਿੜ ਰੱਖਣਾ ਮੁਸ਼ਕਿਲ ਹੋ ਜਾਂਦਾ ਹੈ ਅਤੇ ਕਈ ਵਾਰ ਮਨ ਉਚਾਟ ਹੋ ਕੇ ਡੋਲਦਾ ਹੈ ਤਾਂ ਉਸ ਨੂੰ ਆਪਣੇ ਤੋਂ ਤਾਕਤਵਾਰ ਸ਼ਕਤੀ ਦੇ ਆਸਰੇ ਦੀ ਲੋੜ ਹੁੰਦੀ ਹੈ ਉਹ ਪ੍ਰਮਾਤਮਾ ਆਪ ਹੈ, ਜੋ ਸਭ ਕੁੱਝ ਕਰਨ ਦੇ ਸਮਰੱਥ ਹੈ। ਫਿਰ ਉਸ ਅੱਗੇ ਅਰਦਾਸ ਕਰਨ ਨਾਲ ਮਨ ਨੂੰ ਧੀਰਜ ਮਿਲਦੀ, ਆਸ ਬੱਝਦੀ, ਉਮੀਦ ਜਾਗਦੀ ਅਤੇ ਮਨੁੱਖ ਨੂੰ ਇੱਕ ਭਰੋਸਾ ਹੁੰਦਾ ਹੈ ਕਿ ਉਹ ਅਪਾਰ ਸ਼ਕਤੀ ਨਾਲ ਜੁੜਿਆ ਹੈ। ਉਸ ਵੇਲੇ ਮਨ ਵਿੱਚ ਪੈਦਾ ਹੋਏ ਆਪ ਮੁਹਾਰੇ ਸੱਚੇ ਵਿਸ਼ਵਾਸ਼ ਨੂੰ ਅਰਦਾਸ ਕਿਹਾ ਜਾਂਦਾ ਹੈ। ਇਸ ਨਾਲ ਸਾਨੂੰ ਕਾਦਰ ਨਾਲ ਸਾਂਝ ਹੋਈ ਪ੍ਰਤੀਤ ਹੁੰਦੀ ਹੈ ਕਿਉਂਕਿ ਸਿੱਖ ਮੱਤ ਵਿੱਚ ਕਰਤਾਰ ਨਾਲ ਸਾਂਝ ਪਾਉਣਾ ਅਤੇ ਉਸ ਨਾਲ ਇੱਕ ਮਿੱਕ ਹੋ ਜਾਣਾ ਹੀ ਮਨੁੱਖਾ ਜਿੰਦਗੀ ਦਾ ਮਨੋਰਥ ਹੈ। ਅਰਦਾਸ ਕਿਸੇ ਦੇ ਬੁਰੇ ਲਈ ਨਹੀਂ ਬਲਕਿ ਭਲੇ ਲਈ ਕੀਤੀ ਜਾਂਦੀ ਹੈ।
ਗੁਰੂ ਗ੍ਰੰਥ ਦੀ ਬਾਣੀ ਅਨੁਸਾਰ ਅਰਦਾਸ ਨਿਯਮ-ਗੁਰਬਾਣੀ ਵਿੱਚ ਨਿਯਮ ਸਪੱਸ਼ਟ ਹੈ ਕਿ ਅਰਦਾਸ ਕੇਵਲ ਪ੍ਰਭੂ ਅੱਗੇ ਹੀ ਕਰੋ ਨਾ ਕਿ ਕਿਸੇ ਕਲਪਿਤ ਦੇਵੀ ਦੇਵਤੇ ਅਤੇ ਵਸਤਾਂ ਅੱਗੇ-
ਅਰਦਾਸਿ ਕਰੀ ਪ੍ਰਭ ਅਪਨੇ ਆਗੈ ਸੁਣਿ ਸੁਣਿ ਜੀਵਾ ਤੇਰੀ ਬਾਣੀ॥(ਗੁਰੂ ਗ੍ਰੰਥ)
ਅਰਦਾਸ ਅਦਬ ਨਾਲ, ਪ੍ਰਭੂ ਨੂੰ ਹਾਜ਼ਰ ਸਮਝ ਕਰਨੀ ਚਾਹੀਦੀ ਹੈ-
ਜਿਸੁ ਨਾਲਿ ਜੋਰੁ ਨ ਚਲਈ ਖਲੇ ਕੀਚੈ ਅਰਦਾਸਿ॥ (ਗੁਰੂ ਗ੍ਰੰਥ)
ਅਰਦਾਸ ਕਰਨ ਵੇਲੇ ਨਿਮਰਤਾ ਧਾਰਨੀ, ਆਪਾ ਭਾਵ ਤਿਆਗਣਾ ਅਤੇ ਕਰਤਾਰ ਪਰ ਪੂਰਨ ਭਰੋਸਾ ਰੱਖਣਾ ਚਾਹੀਦਾ ਹੈ। ਮਨ ਦੀ ਅਵਸਥਾ ਐਸੀ ਹੋਵੇ ਕਿ-
ਮੈ ਤਾਣੁ ਦੀਬਾਣੁ ਤੂਹੈ ਮੇਰੇ ਸੁਆਮੀ ਮੈ ਤੁਧੁ ਆਗੈ ਅਰਦਾਸਿ॥
ਮੈ ਹੋਰੁ ਥਾਉ ਨਾਹੀ ਜਿਸੁ ਪਹਿ ਕਰਉ ਬੇਨੰਤੀ ਮੇਰਾ ਸੁਖੁ ਸੁਖੁ ਤੁਝ ਹੀ ਪਾਸਿ॥(੭੩੫)
ਕਈ ਵਾਰ ਗੁਰਬਾਣੀ ਦੇ ਅਟੱਲ ਸਿਧਾਂਤਾਂ ਤੋਂ ਅਣਜਾਨ ਸਿੱਖ ਅਰਦਾਸ ਦੇ ਸਬੰਧ ਵਿੱਚ ਕਈ ਟਪਲੇ ਖਾਂਦੇ ਇਤਰਾਜ਼ ਕਰਦੇ ਹਨ ਕਿ-ਜੇ ਪ੍ਰਮਾਤਮਾ ਸਾਡੇ ਅੰਦਰ ਵੱਸਦਾ ਹੈ, ਸਾਡੇ ਮਨ ਦੀ ਜਾਨਣ ਵਾਲਾ ਹੈ ਫਿਰ ਉਸ ਨੂੰ ਕੁੱਝ ਕਹਿਣ ਦੀ ਕੀ ਲੋੜ ਹੈ? ਪ੍ਰਮਾਤਮਾ ਨੇ ਜੋ ਸਾਡੇ ਕਰਮ ਲਿਖੇ ਨੇ ਉਹ ਬਦਲੇ ਨਹੀਂ ਜਾ ਸਕਦੇ ਤਾਂ ਫਿਰ ਅਰਦਾਸ ਕਰਨ ਦੀ ਕੀ ਲੋੜ ਹੈ? ਅਸੀਂ ਕਹਿ ਸਕਦੇ ਹਾਂ ਕਿ ਉਸ ਅੰਤਰਯਾਮੀ ਦੀ ਮਰਜ਼ੀ ਵਿੱਚ ਸਭ ਕੁਝ ਹੋ ਰਿਹਾ ਹੈ। ਅਸੀਂ ਉਸਦੀ ਕ੍ਰਿਪਾ, ਨਦਰਿ, ਬਖਸ਼ਿਸ਼ ਦੀ ਮੰਗ ਕਰਦੇ ਹਾਂ। ਅਗਲੇ ਪਿਛਲੇ ਕਰਮਾਂ ਨੂੰ ਗੁਰਮਤਿ ਨਹੀਂ ਮੰਨਦੀ ਅਤੇ ਸਿੱਖ ਚੰਗੇ ਕਰਮਾਂ ਦੇ ਨਾਲ ਕਰਤਾਰ ਦੀ ਬਖਸ਼ਿਸ਼ ਉੱਤੇ ਪੂਰਨ ਭਰੋਸਾ ਰੱਖਦਾ ਨਾਂ ਕਿ ਕੇਵਲ ਕਰਮਾਂ ਤੱਕ ਸੀਮਤ ਰਹਿੰਦਾ ਹੈ। ਸਿੱਖ ਦੀ ਕੀਤੀ ਅਰਦਾਸ ਪ੍ਰਵਾਨ ਜਾਂ ਨਾਂ ਪ੍ਰਵਾਨ ਕਰਨਾ ਤਾਂ ਪ੍ਰਭੂ ਭਾਣੇ ਵਿੱਚ ਹੈ-
ਦੁਇ ਕਰ ਜੋੜਿ ਕਰਉ ਅਰਦਾਸਿ॥ਤੁਧੁ ਭਾਵੈ ਤਾ ਆਣਹਿ ਰਾਸਿ॥(੭੩੭)
ਸਿੱਖ ਦਾ ਭਰੋਸਾ ਹੈ ਕਿ ਸਾਫ ਅਤੇ ਸ਼ੁੱਧ ਮਨ ਨਾਲ ਕੀਤੀ ਅਰਦਾਸ ਪ੍ਰਭੂ ਦੇ ਦਰ ਪ੍ਰਵਾਨ ਹੁੰਦੀ ਹੈ ਪਰ ਭਾਣੇ ਨਿਯਮ ਵਿਰੁੱਧ ਕੁਝ ਵੀ ਨਹੀਂ ਹੁੰਦਾ।
ਅਰਦਾਸ ਵਿੱਚ ਗੁਰੂਆਂ-ਭਗਤਾਂ ਦਾ ਨਾਮ ਲੈਣ ਨਾਲ ਹੀ ਉਨ੍ਹਾਂ ਵੱਲੋਂ ਦਿੱਤੇ ਗਏ ਆਤਮਿਕ, ਰੂਹਾਨੀ ਗੁਣਾਂ ਦੀ ਯਾਦ ਤਾਜ਼ਾ ਹੋ ਜਾਂਦੀ ਹੈ। ਉਪ੍ਰੰਤ ਪੰਜਾਂ ਪਿਆਰਿਆਂ ਜ੍ਹਿਨਾਂ ਨੇ ਆਪਣਾ ਆਪਾ, ਗੁਰੂ ਨੂੰ ਸੱਚੇ ਦਿਲੋਂ ਸਮ੍ਰਪਿਤ ਕਰਕੇ, ਸਾਨੂੰ ਸੇਧ ਦਿੱਤੀ ਕਿ ਗੁਰੂ ਦਾ ਹੁਕਮ ਮੰਨਣ ਵਿੱਚ ਦੇਰੀ ਨਹੀਂ ਲਾਉਣੀ ਚਾਹੀਦੀ। ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਸੰਸਾਰ ਵਿੱਚ ਇੱਕ ਵਿਲੱਖਣ ਮਿਸਾਲ ਹੈ ਜੋ ਸਾਡੀ ਅਗਵਾਈ ਕਰਦੀ ਹੈ ਕਿ ਗੁਰੂ ਦੀ ਬਖਸ਼ੀ ਸਿੱਖੀ ਨੂੰ ਕਿਵੇਂ ਕਾਇਮ ਰੱਖਿਆ ਜਾ ਸਕਦਾ ਹੈ। ਚਾਲੀ ਮੁਕਤੇ, ਸ਼ਹੀਦਾਂ, ਮੁਰੀਦਾਂ, ਸੇਵਕਾਂ, ਭਗਤਾਂ, ਸੂਰਬੀਰਾਂ ਦੀ ਯਾਦ ਤਾਜ਼ਾ ਹੁੰਦੀ ਹੈ। ਅਰਦਾਸ ਦੇ ਤੀਸਰੇ ਬੰਦ ਵਿੱਚ ਸਿੱਖ ਕੌਮ ਦੇ ਤਖਤਾਂ, ਸਮੂੰਹ ਗੁਰਦੁਆਰਿਆਂ ਦਾ ਚਿੰਤਨ ਕੀਤਾ ਜਾਂਦਾ ਹੈ। ਉਪ੍ਰੰਤ ਸਮੁੱਚੇ ਖ਼ਾਲਸਾ ਪੰਥ ਵੱਲੋਂ ਸਾਂਝੀ ਅਰਦਾਸ ਕਰਤਾਰ ਪਾਸ ਕੀਤੀ ਜਾਂਦੀ ਹੈ ਕਿ ਖਾਲਸੇ ਨੂੰ ਉਹ ਕਦੇ ਨਾ ਵਿਸਰੇ ਅਤੇ ਤੇਰਾ ਖ਼ਾਲਸਾ ਹਰ ਮੈਦਾਨ ਫਤਹਿ ਹਾਸਿਲ ਕਰੇ। ਇਸ ਪਿਛੋਂ ਨਿਰੰਕਾਰ ਕੋਲ ਮੰਗ ਕੀਤੀ ਜਾਂਦੀ ਹੈ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਿਬੇਕ ਦਾਨ, ਭਰੋਸਾ ਦਾਨ ਅਤੇ ਫਿਰ ਨਾਮ (ਨਿਯਮ ਦੀ ਪਾਲਣਾ ਕਰਨ) ਦਾ ਦਾਨ ਜੋ ਸਭ ਤੋਂ ਵੱਧ ਕੀਮਤੀ ਏ, ਦੀ ਮੰਗ ਕੀਤੀ ਜਾਂਦੀ ਹੈ। ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਦੀ ਭਾਵਨਾ ਵੀ ਪ੍ਰਗਟ ਕੀਤੀ ਜਾਂਦੀ ਹੈ। ਗੁਰਬਾਣੀ ਵਿੱਚ ਵਿਸ਼ੇਸ਼ ਕਰਕੇ ਕਿਸੇ ਇੱਛਾ ਨੂੰ ਮੁੱਖ ਰੱਖ ਕੇ ਅੰਧਵਿਸ਼ਵਾਸ਼ ਜਾਂ ਕਰਮਕਾਂਡ ਅਧੀਨ ਕੀਤੇ ਗਏ ਤੀਰਥ ਇਸ਼ਨਾਨ ਦੀ ਕੋਈ ਮਹਾਨਤਾ ਨਹੀਂ ਪਰ ਜ਼ਾਲਮ ਮੁਗਲ ਰਾਜ ਦੇ ਸਮੇਂ ਦੌਰਾਨ ਸਿੱਖਾਂ ਉੱਤੇ ਸ੍ਰੀ ਦਰਬਾਰ ਸਾਹਿਬ (ਅੰਮ੍ਰਿਤਸਰ) ਜਾਣ ਅਤੇ ਸਰੋਵਰ ਵਿੱਚ ਇਸ਼ਨਨ ਕਰਨ ਦੀ ਪਾਬੰਧੀ ਲਗਾਈ ਗਈ ਸੀ, ਹੋ ਸਕਦਾ ਹੈ ਕਿ ਉਸ ਸਮੇਂ ਸਿੱਖਾਂ ਨੇ ਕਾਦਰ ਕੋਲੋਂ ਇਹ ਮੰਗ ਵੀ ਕਰ ਲਈ ਹੋਵੇ। ਵੈਸੇ ਤਾਂ ਗੁਰੂ ਸਾਹਿਬਾਨ ਵੱਲੋਂ ਸਰੋਵਰ ਬਣਾਉਣ ਦਾ ਮੁੱਖ ਮਕਸਦ ਉਸ ਸਮੇਂ ਪਾਣੀ ਦੀ ਲੋੜ ਪੂਰੀ ਕਰਨਾ,ਜਾਤ-ਪਾਤ ਜਾਂ ਛੂਆ-ਛਾਤ ਨੂੰ ਖਤਮ ਕਰਨਾ ਸੀ।
ਉਪ੍ਰੰਤ ਸਿੱਖੀ ਦੇ ਝੰਡੇ, ਬੁੰਗੇ, ਨਿਸ਼ਾਨ ਸਾਹਿਬ ਨੂੰ ਯਾਦ ਕੀਤਾ ਜਾਂਦਾ ਹੈ, ਕਿਉਂਕਿ ਝੰਡਾ ਜਾਂ ਨਿਸ਼ਾਨ ਕਿਸੇ ਕੌਮ, ਦੇਸ ਦੇ ਸੁਤੰਤਰ ਹੋਣ ਦਾ ਪ੍ਰਤੀਕ ਹੁੰਦਾ ਹੈ। ਇਸ ਤੋਂ ਬਾਅਦ ਮਨ ਨੀਵਾਂ, ਮੱਤ ਉੱਚੀ (ਦੂਰ ਅੰਦੇਸ਼ੀ ਸੋਚ) ਦੀ, ਫਿਰ ਪੰਥ ਤੋਂ ਵਿਛੜੇ ਗੁਰਧਾਮਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੇ ਖੁਲ੍ਹੇ ਦਰਸ਼ਨ-ਦੀਦਾਰਿਆਂ ਦੀ ਮੰਗ ਕੀਤੀ ਜਾਂਦੀ ਹੈ ਜਿਸ ਬਾਰੇ ਅੱਜ ਸਾਨੂੰ ਮੁੜ ਵਿਚਾਰਨ ਦੀ ਲੋੜ ਹੈ। ਕਰਤਾਰ ਅੱਗੇ ਪੰਜਾਂ ਵਿਕਾਰਾਂ ਨੂੰ ਕਾਬੂ ਰੱਖਣ ਦੀ ਜੋਦੜੀ ਅਤੇ ਫਿਰ ਸਭ ਦੇ ਭਲੇ ਦੀ ਮੰਗ ਕਰਦਿਆਂ ਅਰਦਾਸ ਨੂੰ ਸਮਾਪਿਤ ਕੀਤਾ ਜਾਂਦਾ ਹੈ-
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। (ਯਾਦ ਰਹੇ ਕਿ ਇਹ ਅਰਦਾਸ ਦੀ ਤੁਕ ਹੈ ਨਾਂ ਕਿ ਗੁਰਬਾਣੀ)
ਆਉ! ਇਸ ਲਈ ਜਦੋਂ ਵੀ ਅਰਦਾਸ ਕਰੀਏ ਸੱਚੇ ਮਨ ਨਾਲ ਚੜ੍ਹਦੀ ਕਲਾ ਨਾਲ ਕਰੀਏ। ਜਰਾ ਧਿਆਨ ਦਿਓ! ਰੱਬੀ ਭਗਤਾਂ, ਸਿੱਖ ਗੁਰੂਆਂ, ਗੁਰੂ ਨਾਨਕ ਸਾਹਿਬ (੧੪੬੯ ਈ.) ਤੋਂ ਲੈ ਕੇ ੧੯੩੪ ਈ. ਤੱਕ ਅਜੋਕੀ ਬਣਾਈ ਗਈ ਅਰਦਾਸ ਦਾ ਕੋਈ ਸਰੋਤ ਨਹੀਂ ਮਿਲਦਾ। ਉਹ ਸਿੱਧੀ ਹੀ ਸ਼ਬਦ ਬਾਣੀ ਵਾਲੀ ਅਰਦਾਸ ਕਰਦੇ ਸਨ। ਅਜੋਕੀ ਅਰਦਾਸ ਤਾਂ ਲਗ-ਪਗ ਸੰਨ ੧੯੩੪ ਤੋਂ ਸ਼ੁਰੂ ਹੋ ੧੯੪੫ ਵਿੱਚ ਪੂਰੀ ਹੋਈ ਤੇ ਇਸ ਵਿੱਚ ਸਿੱਖ ਧੜਿਆਂ ਦੇ ਨਾਲ ਡੇਰੇਦਾਰ ਸੰਪ੍ਰਦਾਵਾਂ ਵੀ ਸ਼ਾਮਲ ਹੋ ਗਈਆਂ, ਜਿਨ੍ਹਾਂ ਦਾ ਪਲੜਾ ਭਾਰੀ ਹੋਣ ਕਰਕੇ, ਅਜੋਕੀ ਅਰਦਾਸ ਦੀ ਬਣਤਰ ਵਿੱਚ, ਬਚਿੱਤ੍ਰ ਨਾਟਕ ਦੀ ਭਗਾਉਤੀ (ਦੁਰਗਾ) ਦੀ ਅਰਾਧਨਾ ਮੂਲ ਰੂਪ ਵਿੱਚ ਘਸੋੜ ਦਿੱਤੀ ਗਈ। ਸਿੱਖ ਧਰਮ ਦੇ ਮੂਲ ਵਿਸ਼ਵਾਸ਼ ਇੱਕ ਅਕਾਲ ਪੁਰਖ ਦੀ ਅਰਾਧਨਾ ਉੱਪਰ ਅਖੌਤੀ ਦੇਵੀ ਦੁਰਗਾ ਦੇ ਭਗਵੇ ਰੰਗ ਦੀ ਅਰਾਧਨਾ ਚੜ੍ਹਾ ਦਿੱਤੀ ਗਈ। ਦੂਜਾ ਦਸਾਂ ਪਾਤਸ਼ੀਆਂ ਦੀ ਆਤਮ ਜੋਤਿ ਗੁਰੂ ਗ੍ਰੰਥ ਸਾਹਿਬ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ! ਨਾਲ ਰੱਬੀ ਭਗਤਾਂ ਅਤੇ ਹੋਰ ਬਾਣੀਕਾਰਾਂ ਨਾਲ ਵਿਤਕਰਾ ਕੀਤਾ ਗਿਆ। ਵਾਸਤਵ ਵਿੱਚ ਗੁਰੂ ਗ੍ਰੰਥ ਸਾਹਿਬ ਵਿਖੇ ੧੫ ਭਗਤਾਂ, ੬ ਸਿੱਖ ਗੁਰੂਆਂ, ੧੧ ਭੱਟਾਂ ਅਤੇ ੩ ਗੁਰਸਿੱਖਾਂ ਟੋਟਲ ੩੫ ਮਹਾਂਪੁਰਖਾਂ ਦੀ ਬਾਣੀ ਹੈ ਫਿਰ ਕੇਵਲ ਦਸਾਂ ਗੁਰੂਆਂ ਦੀ ਜੋਤਿ ਹੀ ਕਹਿਣਾ, ਬਾਕੀਆਂ ਨਾਲ ਵਿਤਕਰਾ ਕਰਨਾ ਹੈ ਜਦ ਕਿ ਗੁਰੂ ਗ੍ਰੰਥ ਸਾਹਿਬ ਵਿਖੇ ਛੇ ਗੁਰੂ ਸਹਿਬਾਨ ਦੀ ਬਾਣੀ ਨਾ ਕਿ ਦਸਾਂ ਦੀ ਹੈ। ਇਸ ਵਿਤਕਰੇ ਕਰਕੇ ਭਗਤਾਂ ਦੇ ਅਨੁਯਾਈ ਪ੍ਰਵਾਰ, ਸਿੱਖਾਂ ਨਾਲੋਂ ਵੱਖ ਹੋ ਆਪੋ ਆਪਣੇ, ਡੇਰੇ, ਗ੍ਰੰਥ ਅਤੇ ਅਰਦਾਸਾਂ ਬਣਾ ਰਹੇ ਹਨ।ਲਿਖਣਾ ਚਾਹੀਦਾ ਸੀ ਕਿ ਗੁਰੂਆਂ-ਭਗਤਾਂ ਦੀ ਆਤਮ ਜੋਤਿ ਗੁਰੂ ਗ੍ਰੰਥ ਸਾਹਿਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ!
ਬਾਕੀ ਰੱਬੀ ਭਗਤਾਂ ਅਤੇ ਸਿੱਖ ਗੁਰੂ ਸਹਿਬਾਨਾਂ ਵੇਲੇ ਕਿਹੜੀ ਅਰਦਾਸ ਸੀ?
ਜੇ ਸੀ ਤਾਂ ਉਸ ਨੂੰ ਬਦਲਣ ਦਾ ਅਧਿਕਾਰ ਸੰਪ੍ਰਦਾਈ ਡੇਰੇਦਾਰਾਂ ਅਤੇ ਸਿੱਖ ਲੀਡਰਾਂ ਨੂੰ ਕਿਸ ਨੇ ਦਿੱਤਾ?
ਜਦ ਕਿ ਗੁਰੂ ਗ੍ਰੰਥ ਸਾਹਿਬ ਵਿਖੇ-ਤੂ ਠਾਕੁਰੁ ਤੁਮ ਪਹਿ ਆਰਦਾਸਿ॥..(੨੬੮) ਆਦਿਕ ਕਈ ਸ਼ਬਦ ਹਨ ਉਨ੍ਹਾਂ ਨੂੰ ਛੱਡ ਕੇ, ਅਖੌਤੀ ਦਸਮ ਗ੍ਰੰਥ ਦੀ ਭਗੌਤੀ (ਦੁਰਗਾ) ਨੂੰ ਕਿਸ ਸ਼ਾਜਿਸ਼ ਅਧੀਨ ਅਰਦਾਸ ਦੇ ਮੂਲ ਵਿੱਚ ਦਰਜ ਕੀਤਾ ਗਿਆ? ਅਖੌਤੀ ਦਸਮ ਗ੍ਰੰਥ, ਬਚਿਤ੍ਰ ਨਾਟਕ, ਗੁਰਬਿਲਾਸ ਪਾ: 10ਵੀਂ, ਲਵ ਕੁਛ ਦੀ ਉਲਾਦ, ਦੇਹਿ ਸ਼ਿਵਾ ਬਰ, ਭਗਾਉਤੀ (ਦੁਰਗਾ) ਦੀ ਅਰਾਧਨਾਂ, ਮੂਰਤੀ ਪੂਜਾ, ਡੇਰੇ, ਸੰਪ੍ਰਦਾਵਾਂ, ਬਿਕਰਮੀ ਕੈਲੰਡਰ, ਮੱਸਿਆ, ਪੁੰਨਿਆਂ, ਪੰਚਕਾਂ ਅਤੇ ਸੰਗ੍ਰਾਂਦਾਂ ਆਦਿਕ ਬ੍ਰਾਹਮਣੀ ਵਿਸ਼ਵਾਸ਼ਾਂ ਅਤੇ ਕਰਮਕਾਂਡਾਂ ਦਾ ਖਮਿਆਜਾ ਅੱਜ ਸਿੱਖ ਕੌਮ ਭੁਗਤ ਰਹੀ ਹੈ।ਸਿੱਖ ਕੈਸੀ ਵੱਖਰੀ ਨਿਰਾਲੀ ਕੌਮ ਹੈ? ਜਿਸ ਦੀ ਅਰਦਾਸ ਅਖੌਤੀ ਭਗੌਤੀ (ਦੁਰਗਾ) ਦੀ ਅਰਾਧਨਾ ਅਤੇ ਕੌਮੀ ਤਰਾਨਾ ਸ਼ਿਵਾ (ਪਾਰਬਤੀ) ਤੋਂ ਵਰ ਮੰਗ ਕੇ ਪੂਰਾ ਕੀਤਾ ਜਾਂਦਾ ਹੈ। ਕੋਈ ਵੇਲਾ ਸੀ ਸਾਡੇ ਦੁਸ਼ਮਣ ਵੀ ਸੱਚ ਬੋਲ ਗਏ ਕਿ-
ਹਿੰਦੂ ਤੁਰਕਨ ਤੇ ਹੈ ਨਿਆਰਾ॥ਫਿਰਕਾ ਇਨ ਕਾ ਅਪਰ ਅਪਾਰਾ॥.
..ਗੁਰੂ ਨਾਨਕ ਜੋ ਰਟੀ ਕਲਾਮ॥ ਤਾਂ ਪਰ ਰਾਖਤ ਇਮਾਨ ਤਮਾਮ॥ (ਪੰਥ ਪ੍ਰਕਾਸ਼)
ਤੇ ਗੁਰੂ ਗ੍ਰੰਥ ਤਾਂ ਪੁਕਾਰ ਪੁਕਾਰ ਕੇ ਕਹਿ ਰਿਹਾ ਹੈ ਕਿ-
ਨਾ ਹਮ ਹਿੰਦੂ ਨ ਮੁਸਲਮਾਨ॥(੧੧੩੬)
ਹਿੰਦੂ ਪੂਜੈ ਦੇਹੁਰਾ ਮੁਸਲਮਾਣੁ ਮਸੀਤਿ॥ (੮੭੫) ਅਤੇ
ਹਮਰਾ ਝਗਰਾ ਰਹਾ ਨ ਕੋਊ॥ ਪੰਡਿਤ ਮੁਲਾਂ ਛਾਡੈ ਦੋਊ॥੧॥ ਰਹਾਉ॥
ਪੰਡਿਤ ਮੁਲਾਂ ਜੋ ਲਿਖਿ ਦੀਆ॥ ਛਾਡਿ ਚਲੇ ਹਮ ਕਛੂ ਨ ਲੀਆ॥ (੧੧੫੯)
ਪਰ ਅੱਜ ਅਸੀਂ ਬਹੁਤ ਕੁਝ ਲਈ ਜਾ ਰਹੇ ਹਾਂ, ਕੀ ਸਿੱਖ ਕੌਮ ਕਦੇ ਇਸ ਬਾਰੇ ਗੰਭੀਰਤਾ ਨਾਲ ਸੋਚੇਗੀ?
ਅਵਤਾਰ ਸਿੰਘ ਮਿਸ਼ਨਰੀ
ਅਰਦਾਸ ਅਤੇ ਸਿੱਖੀ ਦੀ ਵਿਲੱਖਣਤਾ ਬਾਰੇ ਵਿਸ਼ੇਸ਼ ਲੇਖ
Page Visitors: 2865