ਲਹੂ-ਭਿੱਜੀ ਸਰਹਿੰਦ ਕਿਸ਼ਤ ਪੰਜਵੀਂ (A)
ਸਾਹਿਬਜਾਦਿਆਂ ਦੀਆਂ ਕਚਹਿਰੀ ਵਿੱਚ ਪੇਸ਼ੀਆਂ (Chapter 5/7)
ਨੋਟ:- ਲੜੀ ਜੋੜਣ ਲਈ ਕਿਸ਼ਤ ਨੰ. 4 (B) ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)
ਬਾਬਾ ਫ਼ਤਹਿ ਸਿੰਘ ਜੀ ਅਤੇ ਬਾਬਾ ਜ਼ੋਰਾਵਰ ਸਿੰਘ ਦੀ ਜਿਨ੍ਹਾਂ ਦੀ ਲਗਭਗ ਉਮਰ ਹੈ ਛੋਟੇ ਦੀ 6 ਸਾਲ ਅਤੇ ਵੱਡੇ ਦੀ 8 ਸਾਲ। ਇਹ 6 ਤੇ 8 ਸਾਲ ਦੀ ਸਰੀਰਕ ਆਰਜਾ ਹੈ। ਪਰ ਇਹਨਾਂ ਲਈ “ਬਾਬਾ” ਸ਼ਬਦ ਵਰਤਣੇ ਵੀ ਜਰੂਰੀ ਹਨ ਕਿਉਂਕਿ ਅਸੀਂ ਇਹਨਾ ਸਾਹਿਜਾਦਿਆਂ ਨੂੰ ਆਖਦੇ ਹਾਂ, ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ।
ਕਦੀ ਕਿਸੇ ਨੇ ਕਿਸੇ ਵੀ ਬੱਚੇ ਨੂੰ “ਬਾਬਾ” ਨਹੀਂ ਆਖਿਆ। ਬਾਬਾ ਤਾਂ ਆਖਦੇ ਹਨ, 60-70 ਸਾਲ ਦੇ ਮਨੁੱਖ ਨੂੰ, ਜਿਸ ਦੇ ਚਿਹਰੇ ਤੇ ਝੁਰੜੀਆਂ ਪੈ ਗਈਆ ਹੋਣ, ਧਉਲਿਆਂ ਨਾਲ ਦਾੜ੍ਹਾ ਤੇ ਸਿਰ ਭਰਿਆ ਹੋਵੇ, ਪਰ ਇਹ 8-6 ਸਾਲ ਦੀ ਸਰੀਰਕ ਆਰਜਾ ਵਿੱਚ ਇਹਨਾਂ ਨੂੰ “ਬਾਬਾ” ਆਖਿਆ ਗਿਆ ਹੈ ਕਿਉਂ?
ਮੈਂ ਇਤਿਹਾਸਕ ਦਲੀਲ ਦੇ ਕੇ ਆਪ ਜੀ ਦੇ ਸਾਹਮਣੇ ਇਹ ਜਵਾਬ ਦਿਆਂ। ਇਹਨਾਂ ਨੂੰ ਬਾਬਾ ਕਹਿਣ ਦੀ ਸ਼ੁਰੂਆਤ ਕਿਥੋਂ ਹੋਈ।
ਸੰਨ 1699 ਈ. ਦੀ ਵਿਸਾਖੀ, ਸ੍ਰੀ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਪਵਿੱਤਰ ਅਸਥਾਨ। ਗੁਰੂ ਕਲਗੀਧਰ ਪਾਤਸ਼ਾਹ ਅੰਮ੍ਰਿਤ ਦੀ ਦਾਤ ਦੇ ਕੇ ਪੰਜ ਪਿਆਰਿਆਂ ਦੀ ਸਾਜਨਾ ਕਰਦੇ ਹਨ। ਬਾਅਦ ਵਿੱਚ ਉਸੇ ਦਿਨ ਪਹਿਲਾਂ ਸਾਹਿਬਜਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੇ ਅੰਮ੍ਰਿਤਪਾਨ ਕੀਤਾ। ਫਿਰ ਮਾਂ ਗੁਜਰੀ ਨੇ ਤੀਸਰੇ ਸਾਹਿਬਜਾਦੇ ਜੋਰਾਵਰ ਸਿੰਘ ਨੂੰ ਵੀ ਤਿਆਰ ਕਰਕੇ ਅੰਮ੍ਰਿਤ ਛਕਣ ਲਈ ਲੈ ਆਂਦਾ। ਉਸ ਸਮੇਂ ਉਸ ਦੀ ਸਰੀਰਕ ਆਰਜਾ ਲਗਭਗ 4 ਸਾਲ ਦੀ ਸੀ। ਉਸ ਸਮੇਂ ਮਾਤਾ ਸੁੰਦਰੀ ਜੀ ਕਹਿਣ ਲੱਗੇ ਕਿ ਇਹ ਤਾਂ ਅਜੇ ਛੋਟਾ ਹੈ। ਉਸ ਵਕਤ ਭਰੋਸੇ ਦੀ ਮੂਰਤ ਮਾਂ ਗੁਜਰੀ ਨੇ ਬੜਾ ਬਾ-ਕਮਾਲ ਸ਼ਬਦ ਆਖੇ ਸਨ ਕਿ ਇਹ ਬਹੁਤ ਉੱਚ ਅਵਸਥਾ ਦਾ ਸੁਆਮੀ ਹੈ ਤੇ ਇਹ ਛੋਟਾ ਨਹੀਂ ਹੈ, ਇਹ ਬਾਬਾ ਹੈ। ਉਥੋਂ ਹੀ ਇਹ ਲਫ਼ਜ਼ ਮਾਤਾ ਗੁਜਰੀ ਜੀ ਦਾ ਬਖ਼ਸ਼ਿਆ ਹੋਇਆ ਹੈ। ਛੋਟੀ ਉਮਰ ਵਿੱਚ ਹੀ ਉਹਨਾਂ ਨੇ ਉਹ ਕਾਰਨਾਮੇ ਕਰ ਕੇ ਵਿਖਾ ਦਿੱਤੇ ਜੋ ਕਾਰਨਾਮੇ ਵੱਡੇ-ਵੱਡੇ ਬਾਬੇ ਵੀ ਨਾ ਕਰ ਸਕਣ ਜੋ ਇਹਨਾਂ ਨੇ ਗੁਰੂ ਕਲਗੀਧਰ ਦੀ ਰਹਿਮਤ ਦੇ ਨਾਲ, ਪ੍ਰਮੇਸ਼ਰ ਦੀ ਬਖ਼ਸ਼ਿਸ਼ ਦੇ ਨਾਲ ਕਰ ਕੇ ਵਿਖਾ ਦਿੱਤੇ।
ਕਲਗੀਧਰ ਦੇ ਲਾਡਲੇ, ਜਿਨਾਂ ਦੀ ਗਾਥਾ ਅਸੀਂ ਪੜ੍ਹ ਰਹੇ ਹਾਂ, ਵਜ਼ੀਰ ਖ਼ਾਂ ਦੇ ਸਾਹਮਣੇ ਪੇਸ਼ ਹੋ ਗਏ। ਵਜ਼ੀਰ ਖ਼ਾਂ ਦਾ ਪੇਸ਼ੀਆਂ ਤੇ ਬਾਰ-ਬਾਰ ਬੁਲਾਉਣ ਦਾ ਇਹੀ ਮਨਸ਼ਾ ਸੀ ਕਿ ਕਿਤੇ ਇਹਨਾਂ ਦਾ ਪਿਤਾ ਮਮਤਾ ਵਿੱਚ ਬੰਨਿਆ ਹੋਇਆ, ਮੇਰੇ ਕੋਲ ਆ ਕੇ ਪੇਸ਼ ਹੋ ਜਾਵੇ।
ਖ਼ਿਆਲ ਕਰਿਉ! ਕਿਸੇ ਨੂੰ ਵੀ ਆਪਣੇ ਨਿਸ਼ਾਨੇ ਤੋਂ ਬਦਲਾਉਣ ਲਈ, ਪਤਿਆਉਣ ਲਈ, ਤਿੰਨ ਤਰੀਕੇ ਹਨ। ਉਸ ਨੂੰ ਅਥਾਹ ਪਿਆਰ ਕੀਤਾ ਜਾਵੇ, ਉਸ ਨੂੰ ਲਾਲਚ ਦਿੱਤਾ ਜਾਵੇ ਜਾਂ ਫਿਰ ਉਸਨੂੰ ਡਰਾਇਆ ਜਾਵੇ।
ਪਰ ਜਦੋਂ ਅਸੀਂ ਕਲਗੀਧਰ ਦੇ ਲਾਡਲਿਆਂ ਨੂੰ ਉਹਨਾਂ ਦੇ ਇਤਿਹਾਸ ਨੂੰ ਜਾਣਾਂਗੇ ਤਾਂ ਸਾਨੂੰ ਪਤਾ ਲਗੇਗਾ ਕਿ ਉਹਨਾਂ ਮਹਾਨ ਸਪੁੱਤਰਾਂ ਤੇ ਤਿੰਨ ਤਰੀਕੇ ਪੂਰਨ ਤੌਰ ਤੇ ਅਜ਼ਮਾਏ ਗਏ। ਕਲਗੀਧਰ ਦੇ ਲਾਡਲੇ, ਇਹਨਾਂ ਤਿੰਨੇ ਹੀ ਤਰੀਕਿਆਂ ਵਿਚੋ ਅਕਾਲ ਪੁਰਖ ਦੀ ਮਿਹਰ ਨਾਲ ਪੂਰਨ ਤੌਰ ਤੇ ਸਫਲਤਾ ਨਾਲ ਪ੍ਰਵਾਨ ਹੋ ਗਏ। ਇਹ ਤਰੀਕੇ ਸਾਹਿਬਜਾਦਿਆਂ ਦੇ ਪੂਰੇ ਦਬਾਅ ਨਾਲ ਅਜ਼ਮਾਏ ਗਏ। ਪਰ ਉਹ ਡੋਲੇ ਨਹੀ। ਲਾਡਲਿਆਂ ਨੂੰ ਕਹਿੰਦੇ ਕਿ ਧਰਮ ਛੱਡ ਕੇ ਮੁਸਲਮਾਨ ਹੋ ਜਾਓ, ਤੁਹਾਨੂੰ ਹੂਰਾਂ ਮਿਲਣਗੀਆਂ, ਵੱਡੇ ਹੋ ਕੇ ਤੁਹਾਨੂੰ ਨਵਾਬਾਂ ਦੀਆਂ ਬੇਟੀਆਂ ਦੇ ਡੋਲੇ ਮਿਲਣਗੇ। ਧਰਮ ਤਿਆਗਣ ਦੀ ਬਾਤ ਨੂੰ ਲੈ ਕੇ ਭਰੀ ਕਚਹਿਰੀ ਵਿੱਚ ਲਾਡਲਿਆਂ ਨੇ ਵਜ਼ੀਰ ਖ਼ਾਂ ਨੂੰ ਪਤਾ ਕੀ ਆਖਿਆ? ਇੱਕ ਕਵੀ ਲਿਖਦਾ ਹੈ-
ਧਰਮ ਤਿਆਗਣ ਅਸੀਂ ਨਾ ਆਏ, ਧਰਮ ਤਿਆਗਣ ਖੋਤੇ।
ਸੀਸ ਦਿੱਤਾ ਜਿਸ ਦਿੱਲੀ ਜਾ ਕੇ, ਅਸੀਂ ਉਸ ਦਾਦੇ ਦੇ ਪੋਤੇ।
ਕਿਉਂਕਿ ਵਾਰਿਸ ਕਿਸ ਦੇ ਨੇ।
ਗੁਰੂ ਤੇਗ ਬਹਾਦਰ ਸਾਹਿਬ ਦੇ।
ਗੁਰੂ ਹਰਿਗੋਬਿੰਦ ਸਾਹਿਬ ਦੇ।
ਗੁਰੂ ਅਰਜਨ ਪਾਤਸ਼ਾਹ ਦੇ।
ਗੁਰੂ ਨਾਨਕ ਜੀ ਦੇ ਵਿਰਸੇ ਦੇ ਵਾਰਿਸ ਕਿਵੇਂ ਡੋਲ ਸਕਦੇ ਸੀ?
ਜਦੋਂ ਬੱਚਿਆਂ ਨੂੰ ਸਿਪਾਹੀ ਲੈ ਕੇ ਕਚਹਿਰੀ ਵੱਲ ਨੂੰ ਤੁਰੇ ਆ ਰਹੇ ਸੀ ਤਾਂ ਰਸਤੇ ਵਿੱਚ ਉਹ ਸਿਪਾਹੀ ਬੱਚਿਆਂ ਨੂੰ ਸਮਝਾਉਂਦੇ ਆਏ “ਬੱਚਿਉ! ਜਿਸ ਤਰਾਂ ਕਚਹਿਰੀ ਵਿੱਚ ਜਾ ਕੇ ਨਵਾਬ ਨੂੰ ਅਸੀਂ ਸਲਾਮ ਕਰਾਂਗੇ ਤੁਸੀਂ ਵੀ ਉਸੇ ਤਰ੍ਹਾਂ ਸਲਾਮ ਕਰਿਉ,
ਉਹ ਬਹੁਤ ਜ਼ਾਲਮ ਹੈ, ਉਹ ਗੁੱਸੇ ਵਿੱਚ ਆ ਕੇ ਪਤਾ ਨਹੀਂ ਕੀ ਕਰ ਦੇਵੇਗਾ। ਜੇਕਰ ਤੁਸੀਂ ਉਸ ਨੂੰ ਸਲਾਮ ਕਰੋਗੇ ਤਾਂ ਹੋ ਸਕਦਾ ਹੈ ਕਿ ਉਹ ਖ਼ੁਸ਼ ਹੋ ਕੇ ਤੁਹਾਡੀ ਜਾਨ ਬਖ਼ਸ਼ੀ ਕਰ ਦੇਵੇ ਤੇ ਜੇਕਰ ਸਲਾਮ ਨਾ ਕੀਤੀ ਤਾਂ ਫਿਰ ਉਹ ਜਾਲਮ ਵੀ ਬੜਾ ਜੇ। “ ਇਨ੍ਹਾਂ ਨਸੀਹਤਾਂ ਨਾਲ ਬੱਚਿਆਂ ਨੂੰ ਭਰਮਾਇਆ ਵੀ ਜਾ ਰਿਹਾ ਹੈ ਤੇ ਡਰਾਵੇ ਵੀ ਦਿੱਤੇ ਜਾ ਰਹੇ ਹਨ।
ਕਲਗੀਧਰ ਦੇ ਲਾਡਲੇ ਜਦੋਂ ਕਚਹਿਰੀ ਵਿੱਚ ਪਹੁੰਚੇ ਤਾਂ ਸਿਪਾਹੀ ਨਵਾਬ ਵਜ਼ੀਰ ਖ਼ਾਂ ਨੂੰ ਸਲਾਮਾਂ ਪਏ ਕਰਦੇ ਸੀ, ਪਰ ਲਾਡਲਿਆਂ ਨੇ ਕੋਈ ਸਲਾਮ ਨਾ ਕੀਤੀ। ਬੱਚਿਆਂ ਨੇ ਉਹੀ ਕੀਤਾ ਜੋ ਉਹਨਾਂ ਅੰਦਰ ਭਾਵਨਾਵਾਂ ਸਨ। ਬੱਚਿਆਂ ਨੇ ਕਚਹਿਰੀ ਦੇ ਅੰਦਰ ਖੜੇ ਹੋ ਕੇ ਜ਼ੋਰ ਦੀ ਫ਼ਤਹਿ ਗਜਾਈ
ਵਾਹਿਗੁਰੂ ਜੀ ਕਾ ਖ਼ਾਲਸਾ ।
ਵਾਹਿਗੁਰੂ ਜੀ ਕੀ ਫ਼ਤਿਹ ।
ਇਹ ਸੁਣ ਕੇ ਨਵਾਬ ਵਜ਼ੀਰ ਖ਼ਾਂ ਕਹਿਣ ਲੱਗਾ “ਉਏ ਗੁਸਤਾਖ ਬੱਚਿਓ! ਇਹ ਤੁਹਾਡੇ ਪਿਤਾ ਦਾ ਅਨੰਦਪੁਰ ਨਹੀਂ ਹੈ, ਇਹ ਵਜ਼ੀਰ ਖ਼ਾਂ ਦੀ ਕਚਹਿਰੀ ਹੈ। ਝੁਕ ਕੇ ਸਲਾਮ ਕਰੋ। “ ਤਾਂ ਕਲਗੀਧਰ ਦੇ ਲਾਡਲੇ ਕਹਿਣ ਲੱਗੇ-
ਹਮ ਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ , ਕਿਸੀ ਅਉਰ ਕੋ ਸਲਾਮ ਨਹੀਂ ਕਰਤੇ।
ਇਥੇ ਖ਼ਿਆਲ ਕਰਿਉ ਕਿ ਸਾਹਿਬਜਾਦਿਆਂ ਦਾ ਜਵਾਬ ਜੇਕਰ ਸਾਡੀ ਸਮਝ ਵਿੱਚ ਆ ਗਿਆ ਹੋਵੇ ਤਾਂ ਸਾਨੂੰ ਪੱਲ੍ਹੇ ਬੰਨ ਲੈਣਾ ਚਾਹੀਦਾ ਹੈ। ਜੇਕਰ ਅਸੀਂ ਪੱਲੇ ਬੰਨ ਲਵਾਂਗੇ ਤਾਂ ਫਿਰ ਅਸੀਂ ਵੀਰਵਾਰ ਨੂੰ ਹੱਥ ਵਿੱਚ ਤੇਲ ਦੀ ਸ਼ੀਸ਼ੀ ਫੜ ਕੇ ਦਰਗਾਹਾਂ ਤੇ, ਮੜੀਆ-ਮਸਾਣਾਂ, ਕਬਰਾਂ ਤੇ ਜਾ ਕੇ ਦੀਵਿਆਂ ਵਿੱਚ ਤੇਲ ਨਹੀਂ ਪਾਵਾਂਗੇ। ਕਿਤੇ ਸ਼ਨੀਵਾਰ ਨੂੰ ਸ਼ਨੀ ਦੇਵਤੇ ਨੂੰ ਨਹੀਂ ਮਨਾਵਾਂਗੇ, ਕਿਤੇ ਐਤਵਾਰ ਕੰਨਾਂ ਵਿੱਚ ਫ਼ੂਕਾਂ ਮਾਰਨ ਵਾਲਿਆਂ ਦੇ ਡੇਰਿਆਂ ਤੇ ਜਾ ਕੇ ਨੱਕ ਨਹੀ ਰਗੜਾਂਗੇ। ਪਰ ਸ਼ਰਤ ਹੈ ਕਿ ਕਲਗੀਧਰ ਪਾਤਸ਼ਾਹ ਦੇ ਲਾਡਲਿਆਂ ਦਾ ਜਵਾਬ ਜੇਕਰ ਸਮਝ ਲਈਏ, ਕੀ ਜੁਆਬ ਸੀ?
ਹਮਨੇ ਸੱਚੇ ਪਾਤਸ਼ਾਹ ਕੋ ਸਲਾਮ ਕੀਆ ਹੈ , ਕਿਸੀ ਅਉਰ ਕੋ ਸਲਾਮ ਨਹੀਂ ਕਰਤੇ।
ਇਥੇ ਮੈਂ ਇਸ ਜਵਾਬ ਨੂੰ ਲੈ ਕੇ ਇਸ ਗਾਥਾ ਨੂੰ ਥੋੜਾ ਅੱਗੋਂ ਦਸਣਾ ਚਾਹਾਂਗਾ, ਫਿਰ ਦੁਬਾਰਾ ਇਥੇ ਇਸੇ ਬਾਤ ਤੇ ਆ ਜਾਵਾਂਗਾ। ਜਦੋਂ “ਰਾਇ ਕੱਲੇ” ਦਾ ਭੇਜਿਆ ਹੋਇਆ ਹਰਕਾਰਾ “ਨੂਰਾ ਮਾਹੀ” ਵਾਪਸ ਆ ਕੇ ਕਲਗੀਧਰ ਪਾਤਸ਼ਾਹ ਨੂੰ ਸਾਹਿਬਜਾਦਿਆਂ ਦੀ ਸ਼ਹੀਦੀ ਗਾਥਾ ਸੁਣਾਉਂਦਾ ਹੈ ਤਾਂ ਕਲਗੀਧਰ ਪਾਤਸ਼ਾਹ ਨੂਰੇ ਮਾਹੀ ਨੂੰ ਕਹਿੰਦੇ ਹਨ ਕਿ ਨੂਰੇ ਮਾਹੀ! ਮੈਨੂੰ ਜ਼ਰਾ ਵਿਸਥਾਰ ਨਾਲ ਦੱਸ ਕਿ ਮੇਰੇ ਸਾਹਿਬਜਾਦਿਆਂ ਨੇ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ੀਆਂ ਕਿਸ ਤਰਾਂ ਭੁਗਤੀਆਂ? ਨੂਰੇ ਮਾਹੀ ਨੇ ਗੁਰੂ ਕਲਗੀਧਰ ਪਾਤਸ਼ਾਹ ਦੇ ਸਾਹਮਣੇ, ਜਿਵੇਂ ਉਹ ਗਾਥਾ ਬਿਆਨ ਕੀਤੀ, ਕਵੀ ਕਰਤਾਰ ਸਿੰਘ ਬੱਲਗਣ ਨੇ ਬੜੇ ਸੁੱਚਜੇ ਸ਼ਬਦਾਂ ਵਿੱਚ ਕਲਮਬੱਧ ਕੀਤਾ ਹੈ।
ਨੂਰਾ ਮਾਹੀ ਕਲਗੀਧਰ ਪਾਤਸ਼ਾਹ ਨੂੰ ਗਾਥਾ ਹੂ-ਬੂ-ਹੂ ਸੁਣਾ ਰਿਹਾ ਹੈ।
ਦਾਤਾ! ਜਾਂਦਿਆਂ ਭਰੇ ਦਰਬਾਰ ਅੰਦਰ , ਸਾਹਿਬਜਾਦਿਆਂ ਫ਼ਤਹਿ ਗਜਾ ਦਿੱਤੀ।
ਸਤਿ ਸ੍ਰੀ ਅਕਾਲ ਦਾ ਮਾਰ ਨਾਹਰਾ , ਤਸਬੀਹ ਕਾਜ਼ੀ ਦੇ ਹੱਥੋਂ ਛੁਡਾ ਦਿੱਤੀ।
ਸੂਬੇ ਆਖਿਆ! ਕਰੋ ਸਲਾਮ ਮੁੰਡਿਓ , ਉਨ੍ਹਾਂ ਸਾਹਮਣੇ ਜੁੱਤੀ ਵਿਖਾ ਦਿੱਤੀ।
ਉਨ੍ਹਾਂ ਜਦੋਂ ਤਲਵਾਰ ਦਾ ਖ਼ੌਫ ਦਿੱਤਾ , ਅੱਗੋਂ ਹੱਸ ਕੇ ਧੌਣ ਅਕੜਾ ਦਿੱਤੀ।
ਪਾਤਸ਼ਾਹ ਤੇਰੇ ਲਾਲਾਂ ਦਾ ਝੂਠੇ ਸ਼ਹਿਨਸ਼ਾਹਾ ਅੱਗੇ ਸੀਸ ਨਾ ਝੁਕਿਆ, ਕਿਉਂਕਿ ਲਾਡਲੇ ਆਖਦੇ ਸਨ ਕਿ:
ਜ਼ੁਲਮ ਦੇ ਅੱਗੇ ਸੀਸ ਅਸਾਡਾ , ਨਾ ਝੁਕਿਐ ਨਾ ਝੁਕਣੈ ਖ਼ਾਨਾ।
ਤੇਰੀਆਂ ਰੰਬੀਆਂ ਛਵੀਆਂ ਪਾਸੋਂ , ਤੇਰੀਆ ਤੇਜ਼ ਕਟਾਰਾਂ ਪਾਸੋਂ ਗੁਰੂ ਗੋਬਿੰਦ ਸਿੰਘ ਦਾ ਲਹੂ ਅਣਖੀਲਾ , ਨਾ ਮੁੱਕਣੈ ਨਾ ਸੁਕਣੈ ਖ਼ਾਨਾ।
(ਪ੍ਰੀਤਮ ਸਿੰਘ ‘ਕਾਸਿਦ`)
ਇਹ ਗੱਲ ਦੱਸਣ ਦਾ ਮੇਰਾ ਮਤਲਬ ਇਹ ਸੀ ਕਿ ਸਾਡੇ ਬਹੁਤਾਤ ਸਿੱਖਾਂ ਦਾ ਸੀਸ ਦਰ-ਦਰ ਤੇ ਝੁਕ ਰਿਹਾ ਹੈ, ਇਸ ਦਾ ਮਤਲਬ ਇਹੀ ਹੋਇਆ ਕਿ ਸਾਡੇ ਸਰੀਰ ਵਿੱਚ ਕਲਗੀਧਰ ਪਿਤਾ ਦੇ ਖ਼ੂਨ ਦਾ ਇੱਕ ਵੀ ਕਤਰਾ ਨਹੀ ਹੈ ਜਾਂ ਅਸੀਂ ਕਲਗੀਧਰ ਪਾਤਸ਼ਾਹ ਨੂੰ ਆਪਣਾ ਪਿਤਾ ਨਹੀ ਮੰਨਿਆ। ਜੇ ਅਸੀਂ ਕਲਗੀਧਰ ਨੂੰ ਪਿਤਾ ਮੰਨ ਲਈਏ ਤਾਂ ਫਿਰ ਸਾਹਿਬਜਾਦੇ ਸਾਡੇ ਭਾਈ ਨੇ ਤੇ ਉਹਨਾਂ ਵਾਂਗ ਉਹਨਾਂ ਦੇ ਪੂਰਨਿਆਂ ਤੇ ਸਾਨੂੰ ਚਲਣਾ ਪੈਣਾ ਹੈ।
ਜੋਗੀ ਅੱਲ੍ਹਾ ਯਾਰ ਖ਼ਾਂ ਸਾਹਿਬਜਾਦਿਆਂ ਦੀਆਂ ਬਾਤਾਂ ਨੂੰ ਆਪਣੇ ਸ਼ਬਦਾਂ ਵਿੱਚ ਕਲਮ-ਬੱਧ ਕਰਦਾ ਕਹਿ ਰਿਹਾ ਹੈ-
ਤਸਲੀਮ ਕਰਕੇ ਦਾਦੀ ਸੇ ਬੱਚੇ ਜੁਦਾ ਹੂਏ।
ਦਰਬਾਰ ਮੇਂ ਨਵਾਬ ਕੇ ਦਾਖ਼ਿਲ ਵੁਹ ਆ ਹੂਏ।
ਹੁਣ ਸਾਹਿਬਜਾਦੇ ਨਵਾਬ ਵਜ਼ੀਰ ਖ਼ਾਂ ਦੀ ਕਚਹਿਰੀ ਵਿੱਚ ਪੇਸ਼ੀ ਲਈ ਆ ਪਹੁੰਚੇ।
ਥੀ ਪਯਾਰੀ ਸੂਰਤੋਂ ਸੇ ਸ਼ੁਜਾਅਤ ਬਰਸ ਰਹੀ।
ਨੰਨ੍ਹੀ ਸੀ ਸੂਰਤੋਂ ਸੇ ਥੀ ਜ਼ੁਰਅਤ ਬਰਸ ਰਹੀ।
ਰੁਖ਼ ਪਰ ਨਵਾਬ ਕੇ ਥੀ ਸ਼ਕਾਵਤ ਬਰਸ ਰਹੀ।
ਰਾਜੋਂ ਕੋ ਮੂੰਹ ਪਿ ਸਾਫ਼ ਥੀ ਲਾਅਨਤ ਬਰਸ ਰਹੀ।
ਬੜੀਆਂ ਪਿਆਰੀਆਂ ਸੂਰਤਾਂ ਸਨ, ਸਾਹਿਬਜਾਦਾ ਫ਼ਤਹਿ ਸਿੰਘ ਅਤੇ ਸਾਹਿਬਜਾਦਾ ਜ਼ੋਰਾਵਰ ਸਿੰਘ ਦੀਆਂ ਬੀਰਤਾ ਉਹਨਾਂ ਦੇ ਚਿਹਰੇ ਤੋਂ ਡਲਕ-ਡਲਕ ਪੈਂਦੀ ਸੀ।
ਇਸ ਦੇ ਉਲਟ ਨਵਾਬ ਵਜ਼ੀਰ ਖ਼ਾਂ ਨੇ ਤੱਕਿਆ ਕਿ ਸਾਹਿਬਜਾਦੇ ਤਾਂ ਫ਼ਤਹਿ ਬੁਲਾਉਂਦੇ ਨੇ, ਤਾਂ ਨਵਾਬ ਵਜ਼ੀਰ ਖ਼ਾਂ ਦੇ ਚਿਹਰੇ ਦੀਆਂ ਹਵਾਈਆਂ ਉੱਡਣ ਲੱਗ ਪਈਆਂ। ਵਜ਼ੀਰ ਖ਼ਾਂ ਕਹਿੰਦਾ, ਮੈਂ ਤਾਂ ਬੜਾ ਸੋਚ ਰਿਹਾ ਸੀ ਕਿ ਇਹ ਨਿੱਕੇ-ਨਿੱਕੇ ਬੱਚੇ ਹਨ ਤੇ ਮੈਂ ਇਹਨਾਂ ਨੂੰ ਲਾਲਚ ਵਿੱਚ ਐਵੇਂ ਲੈ ਆਉਣਾ ਹੈ, ਮੈਂ ਤਾਂ ਇਹਨਾਂ ਨੂੰ ਪਿਆਰ ਨਾਲ ਭਰਮਾ ਲੈਣਾ ਹੈ। ਪਰ ਪਤਾ ਨਹੀ ਇਹ ਕਿਹੜੀ ਮਿੱਟੀ ਦੇ ਬਣੇ ਹੋਏ ਹਨ। ਜਿਹੜੇ ਦਰਬਾਰੀ ਰਾਜ ਦਰਬਾਰ ਅੰਦਰ ਉਸ ਦੇ ਸਾਹਮਣੇ ਬੈਠੇ ਹੋਏ ਸਨ, ਉਹਨਾਂ ਦੇ ਚਿਹਰਿਆਂ ਤੇ ਵੀ ਲਾਹਨਤ ਬਿਖਰੀ ਪਈ ਸੀ।
ਸਾਹਿਬਜਾਦਿਆਂ ਨੇ ਆਖਿਆ “ਅਸੀਂ ਰੱਬ ਤੋਂ ਬਗੈਰ ਕਿਸੇ ਅੱਗੇ ਸੀਸ ਨਹੀ ਝੁਕਾਉਂਦੇ। ਇਹ ਸਿੱਖਿਆ ਸਾਡੇ ਪਿਤਾ ਗੁਰੂ ਕਲਗੀਧਰ ਨੇ ਸਾਨੂੰ ਦਿੱਤੀ ਹੈ। “
ਬਚੋਂ ਕਾ ਰੁਅਬ ਛਾ ਗਯਾ ਹਰ ਇੱਕ ਮੁਸ਼ੀਰ ਪਰ।
ਲਰਜ਼ਾ ਸਾ ਪੜ੍ਹ ਗਯਾ ਥਾ ਅਮੀਰੋ-ਵਜ਼ੀਰ ਪਰ।
ਪਹਿਲੀ ਪੇਸ਼ੀ ਦੇ ਦੌਰਾਨ ਸਾਹਿਬਜਾਦਿਆਂ ਦਾ ਰੋਅਬ ਸਾਰੇ ਦਰਬਾਰੀਆਂ ਅਤੇ ਵਜ਼ੀਰ ਖ਼ਾਂ ਤੇ ਛਾਂ ਗਿਆ। ਇਸ ਦੇ ਉਲਟ ਜਿਹੜੇ ਦਰਬਾਰੀ, ਜਿਹੜੇ ਵਜ਼ੀਰ ਖਾਂ ਦੀ ਕਚਿਹਰੀ ਦੇ ਅੰਦਰ ਬੈਠੇ ਸਨ ਉਹਨਾਂ ਦੇ ਸਰੀਰਾਂ ਨੂੰ ਕੰਬਣੀਆਂ ਛਿੜ ਗਈਆਂ। ਇੰਨੀ ਛੋਟੀ ਉਮਰ ਦੇ ਬਾਲਕ ਇੰਨੀਆਂ ਦ੍ਰਿੜਤਾ ਦੀਆਂ ਗੱਲਾਂ ਇਹ ਹੁਣੇ ਹੀ ਕਰਦੇ ਪਏ ਨੇ, ਉਹ ਹੈਰਾਨ ਹੋ ਗਏ।
ਨਾਜ਼ਿਮ ਕੀ ਬਾਤ ਬਾਤ ਪਰ ਰੁਕਨੇ ਲਗੀ ਜ਼ਬਾਂ।
ਖ਼ੁਦ ਕੋ ਸੰਭਾਲ ਕਰ ਕੇ ਵੁਹ ਕਹਨੇ ਲਗਾ ਕਿ ਹਾਂ।
ਖ਼ਾਹਾਂ ਹੋ ਮੌਤ ਕੇ ਯਾ ਤੁਮੇਂ ਚਾਹੀਏ ਅਮਾਂ।
ਬਤਲਾਓ ਸਾਫ਼ ਸਾਫ਼ ਅਬ ਐ ਆਲੀ ਖ਼ਾਨਦਾ।
ਵਜ਼ੀਰ ਖ਼ਾਂ ਨੇ ਆਪਣੇ ਆਪ ਸੰਭਾਲਿਆ ਪਰ ਉਸਦੀ ਜ਼ਬਾਨ ਸਾਥ ਨਹੀ ਦੇ ਰਹੀ, ਉਸ ਦਾ ਸਰੀਰ ਠੰਡਾ ਹੋ ਗਿਆ। ਉਹ ਥੋੜਾ ਸੰਭਲਿਆ ਤੇ ਸਾਹਿਬਜਾਦਿਆਂ ਨੂੰ ਸੰਬੋਧਨ ਹੋ ਕੇ ਬੋਲਿਆ “ਹੁਣ ਤੁਸੀਂ ਦੱਸੋਂ ਬੱਚਿਉ ਤੁਹਾਨੂੰ ਮੌਤ ਚਾਹੀਦੀ ਹੈ ਕਿ ਪਨਾਹ ਚਾਹੀਦੀ ਹੈ। ਬੱਚਿਉ! ਮੈਨੂੰ ਪਤਾ ਹੈ ਕਿ ਤੁਸੀਂ ਉੱਚ ਖਾਨਦਾਨ ਦੇ ਵਾਰਿਸ ਹੋ, ਇਸ ਲਈ ਮੈਨੂੰ ਸਾਫ਼ ਸਾਫ਼ ਦੱਸ ਦਿਉ। “
ਇਸ ਦਮ ਕੋ ਕਬੂਲ ਕਰੋਂ ਅਗਰ ਸ਼ਾਹ ਕੇ ਦੀਨ ਕੋ।
ਫਿਰ ਆਸਮਾਂ ਬਨਾ ਦੂੰ ਤੁਮਾਰੀ ਜਮੀਨ ਕੋ।
“ਸ਼ਾਹ ਕੇ ਦੀਨ ਕੋ” ਔਰੰਗਜੇਬ ਦੇ ਧਰਮ ਨੂੰ ਕਿਹਾ ਗਿਆ ਹੈ। ਵਜ਼ੀਰ ਖ਼ਾਂ ਕਹਿੰਦਾ ਹੈ “ਬੱਚਿਉ! ਜੇਕਰ ਤੁਸੀ “ਸ਼ਾਹ ਕੇ ਦੀਨ ਕੋ” ਔਰੰਗਜੇਬ ਦਾ ਇਸਲਾਮ ਕਬੂਲ ਕਰ ਲਉ ਤਾਂ ਮੈਂ ਤੁਹਾਨੂੰ ਆਸਮਾਨ ਦੀਆਂ ਉਚਾਈਆਂ ਤੱਕ ਰਹਿਮਤਾਂ ਨਾਲ ਨਿਵਾਜ ਦਿਆਂਗਾ। ਮੈਂ ਤੁਹਾਨੂੰ ਇੰਨੇ ਇਨਾਮ ਦੇਵਾਂਗਾ ਕਿ ਤੁਸੀਂ ਕਦੀ ਦੇਖੇ ਵੀ ਨਹੀ ਹੋਣਗੇ। “ ਇਹ ਸਭ ਸੁਣ ਕੇ ਕਲਗੀਧਰ ਜੀ ਦੇ ਲਾਡਲੇ ਫਿਰ ਵਜ਼ੀਰ ਖ਼ਾਂ ਨੂੰ ਕੀ ਜਵਾਬ ਦੇਂਦੇ ਹਨ।
“ਤੂੰ ਕਿਹੜੇ ਬਾਤਸ਼ਾਹ ਦਾ ਧਰਮ ਕਬੂਲਣ ਦੀ ਗੱਲ ਕਰ ਰਿਹਾ ਏਂ। ਵਜ਼ੀਰ ਖ਼ਾਂ? ਉਹ ਬਾਦਸ਼ਾਹ ਜਿਹੜਾ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਤੋੜ ਜਾਂਦਾ ਹੈ। ਬਾਦਸ਼ਾਹ ਦਾ ਤਾਂ ਧਰਮ ਈਮਾਨ ਹੀ ਕੋਈ ਨਹੀ ਹੈ। “
ਜਿਵੇਂ ਸਿਆਣੇ ਕਹਿੰਦੇ ਹਨ ਕਿ ਬੱਚੇ ਦੇ ਆਉਣ ਵਾਲੇ ਸਮੇਂ ਦੇ ਲੱਛਣ ਪੰਘੂੜੇ ਤੋਂ ਹੀ ਨਜਰ ਆ ਜਾਂਦੇ ਹਨ। ਬਿਲਕੁਲ ਔਰੰਗਜੇਬ ਦੇ ਜੀਵਨ ਦੇ ਲੱਛਣਾਂ ਦਾ ਹੀ ਅਸੀਂ ਪਹਿਲਾਂ ਅੰਦਾਜਾ ਲਗਾ ਸਕਦੇ ਹਾਂ, ਉਸ ਦੇ ਜੀਵਨ ਵਿੱਚ ਵੀ ਇਹੀ ਕੁੱਝ ਹੋਇਆ। ਉਸ ਬਾਦਸ਼ਾਹ ਔਰਗਜੇਬ ਦੇ ਲੱਛਣਾਂ ਦਾ ਵੀ ਉਸ ਦੇ ਬਚਪਨ ਵਿੱਚ ਹੀ ਪਤਾ ਲਗ ਗਿਆ ਸੀ।
ਇੱਕ ਵਾਰ ਬਾਦਸ਼ਾਹ ਸ਼ਾਹਜਹਾਨ ਆਪਣੇ ਬੇਟੇ ਔਰੰਗਜੇਬ ਅਤੇ ਪੂਰੇ ਪਰਿਵਾਰ ਦੇ ਨਾਲ ਦਿੱਲੀ ਦੀ ਸ਼ਾਹੀ ਮਸਜਿਦ ਵਿੱਚ ਨਮਾਜ਼ ਪੜ੍ਹਨ ਗਿਆ। ਸ਼ਾਹਜਹਾਨ ਦਾ ਸਾਰਾ ਪਰਿਵਾਰ ਮਸਜਿਦ ਦੇ ਬਾਹਰ ਜੋੜੇ ਉਤਾਰ ਕੇ ਅੰਦਰ ਨਮਾਜ਼ ਪੜ੍ਹਨ ਲਈ ਚਲਿਆ ਗਿਆ। ਅੰਦਰ ਨਮਾਜ ਪੜ੍ਹੀ, ਨਮਾਜ਼ ਅਦਾ ਕਰਕੇ ਜਦੋਂ ਸ਼ਾਹਜਹਾਨ ਪਰਿਵਾਰ ਸਮੇਤ ਮਸਜਿਦ ਤੋਂ ਬਾਹਰ ਆਇਆ ਤਾਂ ਕੀ ਦੇਖਦਾ ਹੈ ਕਿ ਛੋਟਾ ਬੱਚਾ ਔਰੰਗਜੇਬ ਬਾਹਰ ਹੀ ਖੜਾ ਹੈ, ਉਹ ਮਸਜਿਦ ਦੇ ਅੰਦਰ ਨਮਾਜ ਪੜ੍ਹਨ ਲਈ ਗਿਆ ਹੀ ਨਹੀ ਹੈ। ਸ਼ਾਹਜਹਾਨ ਨੇ ਬੱਚੇ ਔਰੰਗਜੇਬ ਨੂੰ ਬਾਹਰ ਖੜੇ ਰਹਿਣ ਦਾ ਕਾਰਨ ਪੁੱਛਿਆ “ਬੇਟਾ! ਤੂੰ ਸਾਡੇ ਨਾਲ ਅੰਦਰ ਨਮਾਜ਼ ਪੜ੍ਹਨ ਲਈ ਅੰਦਰ ਕਿਉਂ ਨਹੀ ਆਇਆ? “ ਤਾਂ ਜੋ ਜਵਾਬ ਉਸ ਵੇਲੇ ਔਰੰਗਜੇਬ ਨੇ ਦਿੱਤਾ ਉਸ ਜਵਾਬ ਵਿਚੋਂ ਉਸਦਾ ਭੱਵਿਖ ਨਜਰ ਆਵੇਗਾ।
ਜਵਾਬ ਕੀ ਸੀ?
“ਅੱਬਾ ਜੀ! ਤੁਸੀਂ ਸਾਰੇ ਪਰਿਵਾਰ ਨੂੰ ਲੈ ਕੇ ਅੰਦਰ ਨਮਾਜ਼ ਪੜ੍ਹਨ ਚਲੇ ਗਏ ਤੇ ਖ਼ੁਦਾ ਨਾ ਖਾਸਤਾ ਜੇਕਰ ਮਸਜਿਦ ਦਾ ਗੁੰਬਦ ਡਿੱਗ ਪੈਂਦਾ ਤਾਂ ਸਾਰਾ ਪਰਿਵਾਰ ਮਾਰਿਆ ਜਾਣਾ ਸੀ ਤੇ ਫਿਰ ਦਿੱਲੀ ਦਾ ਤਖ਼ਤ ਸਾਂਭਣ ਵਾਲਾ ਕੌਣ ਬਚਦਾ, ਇਸ ਲਈ ਮੈਂ ਅੰਦਰ ਤੁਹਾਡੇ ਨਾਲ ਨਮਾਜ਼ ਪੜ੍ਹਨ ਲਈ ਨਹੀਂ ਗਿਆ। “ ਬਚਪਨ ਵਿੱਚ ਔਰੰਗਜੇਬ ਦੀ ਸੋਚ ਇਹੋ ਜਿਹੀ ਸੀ। ਇਸੇ ਭਾਵਨਾ ਨੂੰ ਲੈ ਕੇ ਔਰੰਗਜੇਬ ਨੇ ਆਪਣੇ ਭਰਾਵਾਂ ਦਾ ਕਤਲ ਵੀ ਕੀਤਾ ਸੀ। ਆਪਣੇ ਬਾਪ ਨੂੰ ਕੈਦ ਵਿੱਚ ਸੁੱਟ ਕੇ, ਬਾਪ ਦੀ ਛਾਤੀ ਤੇ ਪੈਰ ਰੱਖ ਕੇ ਤਖ਼ਤ ਤੇ ਬੈਠਾ ਸੀ। ਐਸੀ ਨਿਰਦਈ ਭਾਵਨਾ ਉਸਦੇ ਬਚਪਨ ਵਿੱਚ ਹੀ ਨਜ਼ਰ ਆ ਗਈ ਸੀ।
ਇਧਰ ਸਾਹਿਬਜਾਦੇ ਵਜ਼ੀਰ ਖ਼ਾਂ ਨੂੰ ਇਹੀ ਗੱਲ ਕਹਿ ਰਹੇ ਹਨ ਕਿ ਤੂੰ ਕਿਹੜੇ ਬਾਦਸ਼ਾਹ ਦੇ ਧਰਮ ਦੀ ਗੱਲ ਕਰ ਰਿਹਾ ਏਂ।
ਸਤਗੁਰ ਕੇ ਲਾਡਲੋਂ ਨੇ ਦੀਯਾ ਰੁਅਬ ਸੇ ਜਵਾਬ।
ਆਤੀ ਨਹੀਂ ਸ਼ਰਮ ਹੈ ਜ਼ਰਾ ਤੁਝ ਕੋ ਐ ਨਵਾਬ।
ਦੁਨੀਯਾ ਕੇ ਪੀਛੇ ਕਰਤਾ ਹੈ ਕਯੋਂ ਦੀਨ ਕੋਂ ਖ਼ਰਾਬ।
ਕਿਸ ਜਾ ਲਿਖਾ ਹੈ ਜ਼ੁਲਮ, ਦਿਖਾ ਤੋਂ ਹਮੇ ਕਿਤਾਬ।
ਸਾਹਿਬਜ਼ਾਦੇ ਨਵਾਬ ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ “ਤੈਨੂੰ ਸ਼ਰਮ ਨਹੀਂ ਆਉਂਦੀ ਤੂੰ ਸਾਡੇ ਨਾਲ ਐਸੀਆਂ ਬਾਤਾਂ ਕਰ ਰਿਹਾ ਏਂ। ਤੂੰ ਸਾਨੂੰ ਜਾਣਦਾ ਨਹੀਂ। ? ਤੂੰ ਸਾਨੂੰ ਦੱਸ ਉਹ ਦੁਨੀਆਂ ਵਿੱਚ ਕਿਹੜਾ ਧਰਮ ਹੈ, ਜੋ ਜਬਰ ਜ਼ੁਲਮ ਦੀ ਆਗਿਆ ਦਿੰਦਾ ਹੈ। ਤੂੰ ਦੁਨੀਆਦਾਰੀ ਦੇ ਪਿਛੇ ਲੱਗ ਕੇ ਆਪਣਾ ਈਮਾਨ ਕਿਉਂ ਖ਼ਰਾਬ ਕਰ ਰਿਹਾ ਏ? “
ਖ਼ਿਆਲ ਕਰਿਉ! ਅਸੀਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਜਰੂਰ ਟੇਕਦੇ ਹਾਂ, ਪਰ ਸ਼ਾਇਦ ਉਹਨਾਂ ਦੇ ਉਪਦੇਸ਼ਾਂ ਨੂੰ ਜੀਵਨ ਵਿੱਚ ਧਾਰਨ ਕਰਨ ਦਾ ਯਤਨ ਨਹੀਂ ਕਰਦੇ।
ਇਸ ਪ੍ਰਥਾਏ ਭਗਤ ਕਬੀਰ ਜੀ ਆਪਣੀ ਬਾਣੀ ਵਿੱਚ ਸਾਨੂੰ ਉਪਦੇਸ਼ ਦੇ ਰਹੇ ਹਨ-
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ।।
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ।। (ਸਲੋਕ ਕਬੀਰ ਜੀਉ ਕੇ -੧੩੬੫)
ਐ ਮਨੁੱਖ! ਤੂੰ ਯਾਦ ਰੱਖ, ਤੂੰ ਦੁਨੀਆਂ ਦੀਆਂ ਖੁਸ਼ਾਮਦਾਂ ਕਰਦਾ, ਆਪਣਾ ਈਮਾਨ ਵੀ ਗੁਆ ਲੈਂਦਾ ਏਂ ਪਰ ਜਦੋਂ ਲੇਖਾ ਦੇਣਾ ਪੈਣਾ ਏ ਤਾਂ ਇਸ ਦੁਨੀਆਂ ਵਿਚੋਂ ਕਿਸੇ ਨੇ ਤੇਰਾ ਸਾਥ ਨਹੀ ਦੇਣਾ, ਇਹ ਤਾਂ ਆਪਣੇ ਪੈਰਾਂ ਤੇ ਆਪਣੇ ਹੱਥੀਂ ਕੁਹਾੜਾ ਮਾਰਨ ਦੀ ਗੱਲ ਹੈ। ਇਹ ਕਿਥੋਂ ਦੀ ਸਿਆਣਪ ਹੈ?
ਕੁਹਾੜੇ ਤੋਂ ਮੈਨੂੰ ਇੱਕ ਗੱਲ ਯਾਦ ਆ ਗਈ ਜੋ ਕਿ ਅੱਜ ਦੇ ਸਮੇਂ ਵਿੱਚ ਬਿਲਕੁਲ ਪੂਰੀ ਹੋ ਰਹੀ ਹੈ। ਇੱਕ ਵਾਰ ਜੰਗਲ ਵਿੱਚ ਕਿਸੇ ਦਾ ਦਸਤੇ ਤੋਂ ਬਿਨ੍ਹਾਂ ਹੀ ਕੁਹਾੜਾ ਡਿੱਗ ਪਿਆ। ਜੰਗਲ ਦੇ ਦਰਖ਼ਤ ਕੰਬਣ ਲੱਗ ਪਏ। ਉਧਰੋਂ ਇੱਕ ਮਹਾਤਮਾ ਲੰਘ ਰਹੇ ਸਨ ਤਾਂ ਉਹਨਾਂ ਦਰਖ਼ਤਾਂ ਦੀ ਥਰਥਰਾਹਟ ਨੂੰ ਮਹਿਸੂਸ ਕੀਤਾ ਤੇ ਆਪਣੀ ਭਾਵਨਾ ਨਾਲ ਦਰਖ਼ਤਾਂ ਨੂੰ ਪੁੱਛਦੇ ਹਨ “ਤੁਸੀਂ ਕਿਉਂ ਕੰਬ ਰਹੇ ਹੋ? ਤੁਸੀਂ ਕਿਉਂ ਡਰ ਰਹੇ ਹੋ? “ ਦਰਖ਼ਤਾਂ ਨੇ ਜਵਾਬ ਦਿੱਤਾ “ਆਹ ਕੁਹਾੜਾ ਡਿੱਗਿਆ ਹੈ। ਅਸੀਂ ਇਸ ਲਈ ਕੰਬ ਰਹੇ ਹਾਂ ਅਸੀਂ ਇਸ ਲਈ ਡਰੇ ਰਹੇ ਹਾਂ ਕਿ ਹੁਣ ਪਤਾ ਨਹੀ, ਇਸ ਕੁਹਾੜੇ ਦੇ ਨਾਲ ਸਾਡੇ ਵਿਚੋਂ ਕਿਸ-ਕਿਸ ਦੀ ਹੋਂਦ ਮਿਟ ਜਾਵੇਗੀ। “ ਮਹਾਤਮਾ ਬੋਲੇ “ਭਲਿਓ! ਇਹ ਸਿਰਫ ਲੋਹਾ ਹੈ ਇਸ ਤੋਂ ਤੁਸੀਂ ਨਾ ਡਰੋ ਇਹ ਇਕੱਲਾ ਤੁਹਾਡਾ ਕੁੱਝ ਲਈ ਵਿਗਾੜ ਸਕਦਾ, ਪਰ ਹਾਂ! ਜੇਕਰ ਤੁਹਾਡੇ ਵਿਚੋਂ ਹੀ ਕੋਈ ਇਸਤਾ ਦਸਤਾ ਬਣ ਜਾਵੇਗਾ ਤਾਂ ਇਹੀ ਕੁਹਾੜਾ ਤੁਹਾਡਾ ਨੁਕਸਾਨ ਕਰੇਗਾ, ਪਰ ਜੇਕਰ ਤੁਹਾਡੇ ਵਿਚੋਂ ਕੋਈ ਇਸ ਕੁਹਾੜੇ ਦਾ ਦਸਤਾ ਨਹੀਂ ਬਣੇਗਾ ਤਾਂ ਤੁਹਾਨੂੰ ਕੋਈ ਵੀ ਖ਼ਤਰਾ ਨਹੀਂ ਹੈ। “
ਖ਼ਿਆਲ ਕਰਿਓ! ਸਾਡੀ ਕੌਮ ਦਾ ਵੀ ਦੁਨੀਆਂ ਦੀ ਕੋਈ ਤਾਕਤ ਨੁਕਸਾਨ ਨਹੀਂ ਕਰ ਸਕਦੀ, ਜੇਕਰ ਸਾਡੇ ਆਪਣੇ ਹੀ ਉਹਨਾਂ ਦਾ ਦਸਤਾ ਨਾ ਬਨਣ ਤਾਂ। ਸਾਡੇ ਆਪਣੇ ਹੀ ਉਹਨਾਂ ਕੁਹਾੜਿਆਂ ਦੇ ਦਸਤੇ ਬਣ ਜਾਂਦੇ ਨੇ। ਅੱਜ ਸਾਡੀ ਕੌਮ ਵਿੱਚ ਬਹੁਤਾਤ ਲੋਕ ਦਸਤੇ ਬਨਣ ਨੂੰ ਤਿਆਰ ਬੈਠੇ ਨੇ। ਸਿਰਫ ਆਪਣੀਆਂ ਕੁਰਸੀਆਂ ਦੇ ਪਿੱਛੇ, ਆਪਣੀਆ ਗਰਜ਼ਾਂ ਦੇ ਪਿੱਛੇ, ਆਪਣੇ ਮਾਮੂਲੀ ਫ਼ਾਇਦੇ ਲਈ ਪੂਰੀ ਕੌਮ ਦਾ ਕਦੀ ਨਾ ਭਰਨ ਵਾਲਾ ਨੁਕਸਾਨ ਵੀ ਇਹੀ ਲੋਕ ਕਰਵਾ ਜਾਂਦੇ ਨੇ। ਕਾਸ਼! ਅਸੀਂ ਆਪਣੇ ਅਮੀਰ ਵਿਰਸੇ ਨੂੰ ਸਮਝ ਕੇ ਸੰਭਾਲ ਲਈਏ।
ਮੈਂ ਬੇਨਤੀ ਕਰ ਜਾਵਾਂ ਕਿ ਲੱਖਾਂ ਗੋਲੀਆਂ ਓਪਰੇਸ਼ਨ ਬਲਿਊਂ ਸਟਾਰ ਦੇ ਦੌਰਾਨ ਚੱਲੀਆਂ, ਪਰ ਇਹਨਾਂ ਵਿਚੋਂ ਇੱਕ ਵੀ ਗੋਲੀ ਇਹਨਾਂ ਦਸਤਿਆਂ ਲਈ ਨਹੀਂ ਬਣੀ। ਕਹਿੰਦੇ ਸੀ ਕਿ ਫ਼ੌਜ ਸਾਡੀਆਂ ਲਾਸ਼ਾਂ ਦੇ ਉਪਰੋਂ ਲੰਘ ਕੇ ਅੰਦਰ ਜਾਵੇਗੀ, ਪਰ ਆਪ ਹੀ ਬਾਹਵਾਂ ਖੜੀਆ ਕਰਕੇ ਸਿੰਘ ਸੂਰਮਿਆਂ, ਸ਼ਰਧਾਲੂਆਂ ਦੀਆਂ ਲਾਸ਼ਾਂ ਉਪਰੋਂ ਦੀ ਲੰਘ ਗਏ। ਇਹ ਇਤਿਹਾਸ ਹੈ ਇਨ੍ਹਾਂ ਅਜੋਕੇ ਦਸਤਿਆਂ ਦਾ। ਜ਼ਰਾ ਨਿਰਪੱਖਤਾ ਨਾਲ ਕਦੀ ਪੜ੍ਹਿਓ।
ਇਹ ਵੱਖਰੀ ਗੱਲ ਹੈ ਕਿ ਇਤਿਹਾਸ ਕਦੀ ਇਨਸਾਫ ਨਹੀਂ ਕਰਦਾ। ਇਤਿਹਾਸ ਕਦੀ ਵੀ ਨਿਰਪੱਖ ਨਹੀਂ ਹੁੰਦਾ। ਇਤਿਹਾਸ ਸਦਾ ਹੀ ਹਾਕਮ ਖੇਮਿਆਂ ਦੇ ਹੱਕ ਵਿੱਚ ਭੁਗਤਦਾ ਹੈ। ਸਾਨੂੰ ਉਹ ਪੜਾਇਆ ਜਾਂਦਾ ਹੈ ਜੋ ਹਕੂਮਤ ਪੜ੍ਹਾਉਣਾ ਚਾਹੁੰਦੀ ਹੈ। ਸਾਨੂੰ ਉਹ ਦਿਖਾਇਆ ਜਾਂਦਾ ਹੈ, ਜੋ ਹਕੂਮਤ ਦਿਖਾਉਣਾ ਚਾਹੁੰਦੀ ਹੈ, ਜੇਕਰ ਅਸੀਂ ਨਿਰਪੱਖਤਾ ਨਾਲ ਧਿਆਨ ਕਰੀਏ ਤਾਂ ਸੱਚ ਸਾਡੇ ਸਾਹਮਣੇ ਆ ਜਾਵੇਗਾ। ਇਸ ਸੱਚ ਤੋਂ ਕੌਣ ਮੂੰਹ ਮੋੜੇਗਾ, ਜਿਹੜੇ ਕਹਿੰਦੇ ਸੀ ਕਿ ਫ਼ੌਜ ਸਾਡੀਆਂ ਲਾਸ਼ਾਂ ਤੋਂ ਲੰਘੇਗੀ, ਪਰ ਫ਼ੌਜ ਸਿੰਘ ਸੂਰਬੀਰਾਂ, ਸ਼ਰਧਾਲੂਆਂ ਦੀਆਂ ਲਾਸ਼ਾਂ ਉਪਰੋਂ ਤਾਂ ਲੰਘ ਗਈ। ਇਸ ਗੱਲ ਤੋ ਕੌਣ ਇਨਕਾਰ ਕਰੇਗਾ। ਜਿਨਾਂ ਨੇ ਸਾਕਾ 1984 ਨੂੰ ਨੇੜਿਓਂ ਤੱਕਿਆ ਹੈ, ਉਹ ਜਾਣਦੇ ਨੇ, ਉਹਨਾਂ ਨੂੰ ਮੌਕਾ ਮਿਲਿਆ ਹੈ ਇਹ ਸਭ ਕੁੱਝ ਤੱਕਣ ਦਾ। ਜਿਨ੍ਹਾਂ ਨੇ ਮਰਜੀਵੜੇ ਭਰਤੀ ਕੀਤੇ ਸਨ, ਉਹ ਆਪ ਹੀ ਬਾਹਵਾਂ ਖੜੀਆਂ ਕਰ ਕੇ ਸਿੰਘਾਂ ਸ਼ਰਧਾਲੂਆਂ ਦੀਆਂ ਲਾਸ਼ਾਂ ਦੇ ਉੱਪਰੋਂ ਲੰਘ ਕੇ ਬਾਹਰ ਆ ਗਏ ਸਨ। ਜ਼ਰਾ ਅਜੋਕੇ ਇਤਿਹਾਸ ਵੱਲ ਨਿਰਪੱਖਤਾ ਨਾਲ ਝਾਤੀ ਮਾਰਿਓ।
ਜੋਗੀ ਅੱਲ੍ਹਾਂ ਯਾਰ ਖ਼ਾਂ ਆਪਣੀ ਕਲਮ ਤੋਂ ਇਹ ਬਿਆਨ ਕਰ ਰਿਹਾ ਹੈ ਕਿ:
ਦੁਨੀਯਾ ਕੇ ਪੀਛੇ ਕਰਤਾ ਹੈ ਕਯੌਂ ਦੀਨ ਕੋ ਖ਼ਰਾਬ।
ਕਿਸ ਜਾ ਲਿਖਾ ਹੈ ਜ਼ੁਲਮ, ਦਿਖਾ ਤੋਂ ਹਮੇਂ ਕਿਤਾਬ।
ਸਾਹਿਬਜਾਦੇ ਬੜੀ ਦ੍ਰਿੜਤਾ ਨਾਲ ਵਜ਼ੀਰ ਖ਼ਾਂ ਨੂੰ ਕਹਿੰਦੇ ਹਨ “ਸਾਨੂੰ ਦਿਖਾ ਤਾਂ ਸਹੀ, ਕਿਹੜੇ ਧਰਮ ਵਿਚ, ਕਿਹੜੀ ਕਿਤਾਬ ਵਿੱਚ ਲਿਖਿਆ ਹੈ ਕਿ ਕਿਸੇ ਤੇ ਜ਼ੁਲਮ ਕਰਕੇ ਧੱਕੇ ਨਾਲ ਧਰਮ ਤਬਦੀਲ ਕਰ ਦਿੱਤਾ ਜਾਵੇ, ਦੱਸ ਕਿਹੜੀ ਕੁਰਾਨ ਵਿੱਚ ਲਿਖਿਆ ਹੈ? “
ਇਸ ਤਰ੍ਹਾਂ ਦਾ ਸਵਾਲ ਬਾਬੇ ਨਾਨਕ ਤੇ ਵੀ ਮੱਕੇ ਵਿੱਚ ਕੀਤਾ ਗਿਆ ਸੀ, ਜੋ ਕਿ ਭਾਈ ਗੁਰਦਾਸ ਜੀ ਦੀ ਕਲਮ ਬਿਆਨ ਕਰ ਰਹੀ ਹੈ:
ਪੁਛਨਿ ਫੋਲਿ ਕਿਤਾਬ ਨੋ ਹਿੰਦੂ ਵਡਾ ਕਿ ਮੁਸਲਮਾਨੋਈ।।
ਬਾਬਾ ਆਖੇ ਹਾਜ਼ੀਆ ਸੁਭਿ ਅਮਲਾ ਬਾਝਹੁ ਦੋਨੋ ਰੋਈ।। (ਵਾਰ ੧- ਪਉੜੀ ੩੩)
ਨਾ ਕੇਵਲ ਹਿੰਦੂ ਹੋਇਆਂ ਅਕਾਲ ਪੁਰਖ ਦੀ ਦਰਗਾਹ ਵਿੱਚ ਕੋਈ ਟਿਕਾਣਾ ਮਿਲਣਾ ਹੈ ਤੇ ਨਾ ਹੀ ਕੇਵਲ ਮੁਸਲਮਾਨ ਬਨਣ ਨਾਲ ਦਰਗਾਹ ਵਿੱਚ ਕੋਈ ਟਿਕਾਣਾ ਮਿਲਣਾ ਹੈ। ਖ਼ਿਆਲ ਕਰਨਾ ਕਿ ਬਾਬੇ ਨਾਨਕ ਨੇ ਸਾਨੂੰ ਵੀ ਇਥੇ ਹੀ ਰੱਖਿਆ ਹੈ ਕਿ ਕੇਵਲ ਸਿੱਖ ਅਖਵਾਇਆਂ ਵੀ ਦਰਗਾਹ ਵਿੱਚ ਟਿਕਾਣਾ ਨਹੀ ਜੇ ਮਿਲਣਾ, ਜੇਕਰ ਅੰਦਰ ਸਿੱਖੀ ਨਾ ਹੋਈ। ਮੱਤ ਕਿਧਰੇ ਸੋਚਿਉ ਕਿ ਅਸੀਂ ਸਿੱਖ ਹਾਂ, ਸਾਨੂੰ ਤਾਂ ਟਿਕਾਣਾ ਮਿਲ ਹੀ ਜਾਣਾ ਹੈ। ਬਾਬੇ ਨੇ ਤਾਂ ਕਿਹਾ ਕਿ ਜੇਕਰ ਸ਼ੁੱਭ ਕਰਮ ਹੋਣਗੇ ਤਾਂ ਹੀ ਟਿਕਾਣਾ ਮਿਲਣਾ ਹੈ।
ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ।।
ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ।। (ਜਪੁ-੮)
ਬਾਬੇ ਨਾਨਕ ਦਾ ਕਹਿਣਾ ਹੈ ਕਿ ਦਰਗਾਹ ਵਿੱਚ ਤਾਂ ਚੰਗਿਆਈਆਂ ਅਤੇ ਬੁਰਿਆਈਆਂ ਦੇ ਅਧਾਰ ਤੇ ਟਿਕਾਣਾ ਮਿਲਣਾ ਹੈ।
ਇੱਕ ਵਾਰ ਕਲਗੀਧਰ ਪਾਤਸ਼ਾਹ ਦੀ ਆਗਰੇ ਦੀ ਧਰਤੀ ਤੇ ਬਾਦਸ਼ਾਹ ਬਹਾਦਰ ਸ਼ਾਹ ਨਾਲ ਮੁਲਾਕਾਤ ਹੋਈ। ਬਹਾਦਰ ਸ਼ਾਹ ਨੂੰ ਕਲਗੀਧਰ ਪਾਤਸ਼ਾਹ ਨੇ ਫ਼ੌਜੀ ਮਦਦ ਦੇ ਕੇ ਦਿੱਲੀ ਦਾ ਤਖ਼ਤ ਦਿਵਾਇਆ ਸੀ। ਜਦੋਂ ਔਰੰਗਜੇਬ ਦੇ ਪੁੱਤਰਾਂ ਵਿੱਚ ਦਿੱਲੀ ਦੇ ਤਖ਼ਤ ਦੀ ਪ੍ਰਾਪਤੀ ਲਈ ਆਪਸੀ ਭਰਾ-ਮਾਰੂ ਜੰਗ ਲੱਗੀ ਸੀ ਤੇ ਔਰੰਗਜੇਬ ਦੇ ਸਭ ਤੋਂ ਛੋਟੇ ਪੁੱਤਰ ਸ਼ਹਿਜਾਦਾ ਮੁੱਅਜ਼ਮ ਨੇ ਕਲਗੀਧਰ ਪਾਤਸ਼ਾਹ ਤੋਂ ਫੌਜੀ ਮਦਦ ਮੰਗੀ ਸੀ ਤੇ ਕਲਗੀਧਰ ਪਿਤਾ ਨੇ ਉਸ ਨੂੰ ਫੌਜੀ ਮਦਦ ਦੇ ਕੇ ਦਿੱਲੀ ਦਾ ਤਖ਼ਤ ਦਿਵਾਇਆ ਸੀ। ਜਦੋਂ ਕਲਗੀਧਰ ਪਾਤਸ਼ਾਹ ਦੀ ਬਹਾਦਰ ਸ਼ਾਹ ਨਾਲ ਆਗਰੇ ਦੀ ਧਰਤੀ ਤੇ ਮੁਲਾਕਾਤ ਹੋਈ ਤਾਂ ਕਲਗੀਧਰ ਪਾਤਸ਼ਾਹ ਉਸ ਦੇ ਦਰਬਾਰ ਅੰਦਰ ਨੀਲੇ ਘੋੜੇ ਤੇ ਸਵਾਰ ਹੋ ਕੇ ਗਏ ਸਨ। ਇਹ ਚੜ੍ਹਦੀ ਕਲਾ ਦੀ ਬਾਤ ਹੈ।
ਸ਼ਹਿਜਾਦਾ ਮੁਅੱਜ਼ਮ ਜੋ ਕਿ ਬਹਾਦਰ ਸ਼ਾਹ ਦੇ ਨਾਮ ਨਾਲ ਦਿੱਲੀ ਦੇ ਤਖ਼ਤ ਤੇ ਬੈਠਾ ਸੀ। ਆਪਣੇ ਤਖ਼ਤ ਦੇ ਨਾਲ ਇੱਕ ਹੋਰ ਤਖ਼ਤ ਲਗਵਾ ਕੇ ਕਲਗੀਧਰ ਪਾਤਸ਼ਾਹ ਨੂੰ ਉਸ ਤਖ਼ਤ ਤੇ ਬਿਰਾਜਮਾਨ ਕਰਵਾ ਕੇ ਇੰਨਾ ਮਾਣ-ਸਨਮਾਨ ਕਲਗੀਧਰ ਪਿਤਾ ਨੂੰ ਦਿੱਤਾ ਸੀ। ਉਸ ਸਮੇਂ ਬਾਦਸ਼ਾਹ ਬਹਾਦਰ ਸ਼ਾਹ ਨੇ ਕਲਗੀਧਰ ਪਾਤਸ਼ਾਹ ਨੂੰ ਆਪਣੇ ਦਰਬਾਰ ਦੇ ਅੰਦਰ ਹੀ ਇੱਕ ਸਵਾਲ ਕੀਤਾ ਸੀ - “ਸਤਿਗੁਰੂ ਜੀ! ਮਜ੍ਹਬ ਤੁਮਾਰਾ ਖੂਬ ਕਿ ਹਮਾਰਾ ਖ਼ੂਬ। “
ਖ਼ਿਆਲ ਕਰਨਾ! ਜੇਕਰ ਇਹੀ ਸਵਾਲ ਅੱਜ ਸਾਡੇ ਤੇ ਕੀਤਾ ਜਾਵੇ ਤਾਂ ਅਸੀਂ ਕਹਾਂਗੇ ਕਿ ਸਾਡਾ ਸਿੱਖ ਧਰਮ ਵਧੀਆ ਹੈ। ਮਜ਼੍ਹਬ ਦਾ ਅਰਥ ਹੈ, ਧਰਮ। ਹਿੰਦੂ ਨੇ ਕਹਿਣਾ ਹੈ ਕਿ ਹਿੰਦੂ ਧਰਮ ਵਧੀਆ ਹੈ। ਮੁਸਲਮਾਨ ਨੇ ਕਹਿਣਾ ਹੈ ਕਿ ਮੇਰਾ ਧਰਮ ਵਧੀਆ ਹੈ। ਈਸਾਈ ਨੇ ਕਹਿਣਾ ਹੈ ਕਿ ਮੇਰਾ ਧਰਮ ਵਧੀਆ ਹੈ। ਗੱਲ ਕੀ ਅਸੀਂ ਸਭ ਨੂੰ ਆਪਣੇ-ਆਪਣੇ ਧਰਮਾਂ ਨੂੰ ਵਧੀਆ ਅਤੇ ਦੂਸਰੇ ਦੇ ਧਰਮ ਨੂੰ ਮਾੜਾ ਹੀ ਕਹਿਣਾ ਹੈ, ਪਰ ਬਲਿਹਾਰ ਜਾਈਏ ਗੁਰੂ ਕਲਗੀਧਰ ਦੀ ਸੋਚ ਤੋਂ, ਜਿਨ੍ਹਾਂ ਨੇ ਬਾ-ਕਮਾਲ ਜਵਾਬ ਬਹਾਦਰ ਸ਼ਾਹ ਨੂੰ ਦਿੱਤਾ ਸੀ। ਬਹਾਦਰ ਸ਼ਾਹ ਨੇ ਪੁਛਿਆ ਕਿ ਸਤਿਗੁਰੂ ਜੀ-
“ਮਜ੍ਹਬ ਤੁਮਾਰਾ ਖੂਬ ਕਿ ਹਮਾਰਾ ਖੂਬ। “
ਤਾਂ ਕਲਗੀਧਰ ਪਾਤਸ਼ਾਹ ਨੇ ਜਵਾਬ ਦਿੱਤਾ, ਬਹਾਦਰ ਸ਼ਾਹ:
“ਤੁਮ ਕੋ ਤੁਮਾਰਾ ਖੂਬ, ਹਮ ਕੋ ਹਮਾਰਾ ਖੂਬ। “
ਆਹ ਹੈ ਅਸਲ ਧਰਮ ਦੀ ਬਾਤ, ਪਰ ਅਸੀਂ ਤਾਂ ਈਰਖਾ ਦੀ ਅੱਗ ਵਿੱਚ ਹੀ ਸੜਦੇ ਰਹੇ ਹਾਂ, ਸਾਡੀ ਸੋਚ ਇਹ ਹੈ ਕਿ ਸਾਡਾ ਧਰਮ ਤਾਂ ਬਚਦਾ ਹੈ ਜੇਕਰ ਦੂਜੇ ਦਾ ਧਰਮ ਅਸਥਾਨ ਢਾਹਾਂਗੇ।
ਜੇਕਰ ਉਹਨਾਂ ਲੋਕਾਂ ਨੇ ਬਾਬਾ ਬੁੱਲ੍ਹੇ ਸ਼ਾਹ ਨੂੰ ਕਦੀ ਪੜ੍ਹ ਲਿਆ ਹੁੰਦਾ ਤਾਂ ਸ਼ਾਇਦ ਉਹ ਇਹੋ ਜਿਹਾ ਕਰਮ ਨਾ ਕਰਦੇ। ਬੁੱਲੇ ਸ਼ਾਹ ਪਤਾ ਕੀ ਕਹਿੰਦਾ ਹੈ:
ਮੰਦਰ ਢਾਹ ਦੇ, ਮਸਜਿਦ ਢਾਹ ਦੇ, ਢਾਹ ਦੇ ਜੋ ਕੁੱਝ ਢਹਿੰਦਾ ਈ।
ਐਪਰ ਕਿਸੇ ਦਾ ਦਿਲ ਨਾ ਢਾਹਵੀਂ, ਦਿਲ ਦੇ ਵਿੱਚ ਰੱਬ ਰਹਿੰਦਾ ਈ।
ਮੁਆਫ ਕਰਨਾ, ਕੌਣ ਆਖੇਗਾ ਕਿ ਬਾਬਰੀ ਮਸਜਿਦ ਢਾਹ ਕੇ ਰੱਬ ਨੂੰ ਖੁਸ਼ ਕੀਤਾ ਹੋਵੇਗਾ, ਅਸੀਂ ਮੂਰਖ ਲੋਕ ਰਾਜਨੀਤਕ ਲੋਕਾਂ ਦੀਆਂ ਚਾਲਾਂ ਵਿੱਚ ਆ ਕੇ ਆਪਸ ਵਿੱਚ ਹੀ ਲੜੀ-ਮਰੀ ਜਾਂਦੇ ਹਾਂ।
ਕਲਗੀਧਰ ਪਾਤਸ਼ਾਹ ਦਾ ਜਵਾਬ ਪੱਲੇ ਬੰਨਣ ਦੀ ਲੋੜ ਹੈ। ਕਹਿੰਦੇ ਕਿ ਬਹਾਦਰ ਸ਼ਾਹ! “ਤੁਮਕੋ ਤੁਮਾਰਾ ਖੂਬ ਹਮ ਕੋ ਹਮਾਰਾ ਖੂਬ। “ ਗੁਰੂ ਕਲਗੀਧਰ ਪਾਤਸ਼ਾਹ ਨੇ ਗਨੀ ਖ਼ਾਂ, ਨਬੀ ਖ਼ਾਂ ਨੂੰ ਕਦੀ ਨਹੀ ਸੀ ਆਖਿਆ ਕਿ ਤੁਸੀਂ ਮੇਰੇ ਨਾਲ ਤਾਂ ਹੀ ਰਹਿ ਸਕਦੇ ਹੋ ਜੇਕਰ ਤੁਸੀਂ ਗਨੀ ਸਿੰਘ ਨਬੀ ਸਿੰਘ ਬਣ ਜਾਉਗੇ। ਕਲਗੀਧਰ ਪਾਤਸ਼ਾਹ ਨੇ ਤਾਂ ਆਖਿਆ ਸੀ ਕਿ ਤੁਸੀਂ ਭਾਵੇਂ ਗਨੀ ਖਾਂ, ਨਬੀ ਖਾਂ ਹੀ ਬਣੇ ਰਹੋ, ਪਰ ਉਸ ਅਕਾਲ ਪੁਰਖ ਨਾਲ ਜੁੜੇ ਰਹੋ। ਤੇ ਇਧਰ ਕਲਗੀਧਰ ਪਾਤਸ਼ਾਹ ਦੇ ਲਾਡਲੇ ਕਹਿ ਰਹੇ ਹਨ:
ਤਅਲੀਮ ਜ਼ੋਰ ਕੀ ਕਹੀਂ ਕੁਰਾਨ ਮੇਂ ਨਹੀਂ।
ਖੂਬੀ ਤੁਮਾਰੇ ਸ਼ਾਹ ਕੇ ਈਮਾਨ ਮੇਂ ਨਹੀਂ।
ਕਹਿੰਦੇ “ਕਿਹੜੇ ਧਰਮ ਦੀ ਬਾਤ ਤੂੰ ਕਰ ਰਿਹਾ ਏ, ਤੂੰ ਤਾਂ ਕੁਰਾਨ ਨੂੰ ਸਿਰਫ ਇੱਕ ਧਾਰਮਿਕ ਪੁਸਤਕ ਕਿਹਾ ਹੋਵੇਗਾ, ਪਰ ਅਸੀਂ ਧਰਮ ਪੁਸਤਕ ਦੀ ਵਿਚਾਰ ਨੂੰ ਸਮਝਿਆ ਹੈ। ਉਸ ਧਰਮ ਪੁਸਤਕ ਕੁਰਾਨ ਵਿੱਚ ਕੋਈ ਜ਼ਬਰ ਜੁਲਮ ਦੀ ਸਿਖਿਆ ਨਹੀ ਹੈ ਤੇ ਜਿਹੜੇ ਸ਼ਾਹ ਔਰੰਗਜੇਬ ਦਾ ਧਰਮ ਧਾਰਨ ਕਰਨ ਲਈ ਤੂੰ ਸਾਨੂੰ ਕਹਿ ਰਿਹਾ ਏ ਉਹ ਤੁਹਾਡਾ ਸ਼ਾਹ ਸਿਰੇ ਦਾ ਬੇਈਮਾਨ ਹੈ। ਜਿਹੜਾ ਕੁਰਾਨ ਦੀਆਂ ਝੂਠੀਆਂ ਕਸਮਾਂ ਖਾਂ ਕੇ ਉਹਨਾਂ ਨੂੰ ਤੋੜ ਦਿੰਦਾ ਹੈ। ਐ ਵਜ਼ੀਰ ਖ਼ਾਂ! ਤੂੰ ਕਿਹੜੇ ਧਰਮ ਦੀ ਗੱਲ ਕਰ ਰਿਹਾ ਏ? “
ਔਰੰਗਜੇਬ ਡਰਤਾ ਨਹੀਂ ਹੈ ਗੁਨਾਹ ਸੇ।
ਬੇਕਸ ਕੇ ਇਜ਼ਤਿਰਾਬ ਸੇ ਦੁਖੀਯੋਂ ਕੀ ਆਹ ਸੇ।
“ਉਹ ਔਰੰਗਜੇਬ ਜਿਹੜਾ ਧੱਕੇ ਨਾਲ, ਜਬਰ ਜ਼ੁਲਮ ਦੇ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਏ। ਉਹ ਦੀਨ ਦੁਖੀਆਂ ਨਿਮਾਣਿਆਂ ਦੀ ਹਾਹਾਕਾਰ ਤੋਂ ਨਹੀਂ ਡਰਦਾ, ਤੂੰ ਕਿਹੜੇ ਔਰੰਗਜੇਬ ਦੀਆਂ ਬਾਤਾਂ ਕਰਦਾ ਏ, ਸਾਡੇ ਨਾਲ। “
ਮਜਬ ਬਦਲ ਰਹਾ ਏ ਵੁਹ ਜ਼ੋਰਿ ਸਿਪਾਹ ਸੇ।
ਫੈਲਾਨਾ ਦੀਨ ਪਾਪ ਹੈ ਜ਼ਬਰੋ ਕਰਾਹ ਸੇ।
“ਉਹ ਦੁਨੀਆਂ ਦੇ ਦੂਸਰੇ ਧਰਮਾਂ ਵਾਲਿਆਂ ਦਾ ਧਰਮ ਜ਼ਬਰਦਸਤੀ ਬਦਲ ਰਿਹਾ ਹੈ ਤੇ ਜ਼ਬਰਦਸਤੀ ਕਿਸੇ ਦਾ ਧਰਮ ਬਦਲਣਾ ਪਾਪ ਹੈ। “ ਔਰਗਜੇਬ ਦੇ ਇਸ ਪਾਪ ਦਾ ਭਾਂਡਾ ਵਜ਼ੀਰ ਖ਼ਾਂ ਦੀ ਕਚਿਹਰੀ ਵਿੱਚ ਸਾਹਿਬਜਾਦੇ 6-8 ਸਾਲ ਦੀ ਸਰੀਰਕ ਆਰਜਾ ਵਿੱਚ ਭੰਨ ਰਹੇ ਹਨ।
ਲਿਖਾ ਹੈ ਸਾਫ ਸਾਫ ਤੁਮਾਰੀ ਕਿਤਾਬ ਮੇਂ।
ਫੈਲਾਓ ਦੀਂ ਬਜਬ ਨਾ ਤੁਮ ਸ਼ੈਖੋਂ ਸ਼ਾਬ ਮੇਂ।
ਕਹਿੰਦੇ ਇਹ ਤੁਹਾਡੀ ਧਰਮ ਦੀ ਕਿਤਾਬ ਵਿੱਚ ਇਹ ਲਿਖਿਆ ਹੈ ਕਿ ਜਬਰੋ ਜ਼ੁਲਮ ਦੀ ਕੋਈ ਵੀ ਧਰਮ ਆਗਿਆ ਨਹੀਂ ਦਿੰਦਾ, ਪਰ ਤੂੰ ਤੇ ਤੇਰਾ ਬਾਦਸ਼ਾਹ ਔਰੰਗਜੇਬ ਜਬਰ ਜ਼ੁਲਮ ਕਰ ਕੇ ਧੱਕੇ ਨਾਲ ਇਹ ਸਾਰਾ ਕੰਮ ਕਰ ਰਹੇ ਹੋ। ਤੁਸੀਂ ਉਹ ਕੰਮ ਕਰ ਰਹੇ ਹੋ, ਜਿਸ ਦੀ ਆਗਿਆ ਤੁਹਾਡਾ ਧਰਮ ਗ੍ਰੰਥ ਕਦਾਚਿਤ ਨਹੀ ਦਿੰਦਾ।
ਸਾਹਿਬਜਾਦੇ ਬੇ-ਖੌਫ ਹਨ ਤੇ ਵਜ਼ੀਰ ਖ਼ਾਂ ਨਾਲ ਇਹ ਵਾਰਤਾ ਕਰ ਰਹੇ ਹਨ।
ਪੜ੍ਹ ਕੇ ਕੁਰਾਨ ਬਾਪ ਤੋ ਕਰਤਾ ਜ਼ੋ ਕੈਦ ਹੋ।
ਮਰਨਾ ਪਿਤਾ ਕਾ ਜਿਸ ਕੋ ਖ਼ੁਸ਼ੀ ਕੀ ਨਵੈਦ ਹੋ।
ਉਹ ਔਰੰਗਜੇਬ ਜਿਹੜਾ ਆਪਣੇ ਬਾਪ ਨੂੰ ਕੈਦਖ਼ਾਨੇ ਵਿੱਚ ਸੁੱਟ ਕੇ ਉਡੀਕ ਕਰਦਾ ਸੀ ਕਿ ਉਹ ਕਦੋਂ ਮਰੇਗਾ?
ਖ਼ਿਆਲ ਕਰਿਓ! ਬਾਦਸ਼ਾਹ ਜਹਾਂਗੀਰ, ਜਿਸ ਦਾ ਪਹਿਲਾ ਨਾਮ ਸ਼ਹਿਜਾਦਾ ਸਲੀਮ ਸੀ। ਹਿੰਦੁਸਤਾਨ ਦੇ ਇਤਿਹਾਸ ਦੇ ਅੰਦਰ ਮੁਗਲ ਕਾਲ ਦੀ ਹਿਸਟਰੀ ਪੜ੍ਹ ਲਓ, ਮੁਗਲ ਕਾਲ ਦੇ ਵਿਚੋਂ ਸਭ ਤੋ ਲੰਮਾਂ ਸਮਾਂ ਬਾਦਸ਼ਾਹਤ ਅਕਬਰ ਨੇ ਕੀਤੀ ਹੈ ਤੇ ਸਭ ਤੋਂ ਵਧੀਆ ਤੇ ਸੁਚੱਜਾ ਮੁਗਲ ਰਾਜ ਵੀ ਅਕਬਰ ਨੇ ਕੀਤਾ ਹੈ ਤੇ ਅਕਬਰ ਬਾਦਸ਼ਾਹ ਸ੍ਰੀ ਗੁਰੂ ਅਮਰਦਾਸ ਜੀ ਪਾਸ ਗੋਇੰਦਵਾਲ ਸਾਹਿਬ ਵਿਖੇ ਦਰਸ਼ਨਾ ਲਈ ਆਇਆ ਸੀ।
ਪਰ ਦੂਸਰੀ ਤਰਫ਼ ਮੁਗਲ ਰਾਜ ਵਿੱਚ ਇਹ ਇਹਨਾਂ ਦਾ ਸੁਭਾਓ ਰਿਹਾ ਹੈ ਕਿ ਸ਼ਹਿਜਾਦਾ ਸਲੀਮ ਜਿਹੜਾ ਜਹਾਂਗੀਰ ਦੇ ਨਾਮ ਨਾਲ ਤਖ਼ਤ ਤੇ ਬੈਠਾ ਸੀ, ਉਸ ਨੇ ਬਾਰ-ਬਾਰ ਆਪਣੇ ਬਾਪ ਨੂੰ ਮਾਰਨ ਦਾ ਯਤਨ ਕੀਤਾ ਸੀ। ਇੱਕ ਵਾਰ ਉਸਨੇ ਆਪਣੇ ਬਾਪ ਨੂੰ ਖਾਣੇ ਵਿੱਚ ਜ਼ਹਿਰ ਪਾ ਕੇ ਦੇ ਦਿੱਤਾ ਸੀ। ਇਸ ਲਈ ਕਿ ਕਦੋਂ ਮਰੇਗਾ ਬਾਪ ਮੇਰਾ ਤੇ ਮੇਰੀ ਤਖ਼ਤ ਤੇ ਬੈਠਣ ਦੀ ਵਾਰੀ ਆਵੇਗੀ।
ਮੁਗਲ ਬਾਦਸ਼ਾਹ ਸ਼ਾਹਜਹਾਨ ਨੂੰ ਵੀ ਉਸ ਦੇ ਪੁੱਤਰ ਔਰੰਗਜੇਬ ਨੇ 1658 ਈ. ਵਿੱਚ ਕੈਦ ਕੀਤਾ ਸੀ ਤੇ 8 ਸਾਲ ਤੱਕ ਕੈਦਖ਼ਾਨੇ ਵਿੱਚ ਰਹਿੰਦੇ ਹੀ ਸ਼ਾਹਜਹਾਨ ਦੀ ਮੌਤ ਹੋ ਗਈ ਸੀ। ਜਿਹੜਾ ਆਪਣੇ ਬਾਪ ਦਾ ਸਕਾ ਨਹੀ ਹੋਇਆ, ਉਹ ਕਿਹੜੇ ਧਰਮ ਦੀ ਗੱਲ ਕਰੇਗਾ?
ਕਤਲੇ ਬਰਾਦਰਾਂ ਜਿਸੇ ਮਾਮੂਲੀ ਸੈਦ ਹੋ।
ਨੇਕੀ ਕੀ ਇਸ ਸੇ ਖ਼ਲਕ ਕੋ ਫਿਰ ਕਯਾ ਉਮੈਦ ਹੋ।
ਆਪਣੇ ਭਰਾਵਾਂ ਨੂੰ ਮਾਰਨਾ ਜਿਸ ਲਈ ਮਾਮੂਲੀ ਗੱਲ ਹੋਵੇ, ਉਸ ਕੋਲੋਂ ਤੂੰ ਨੇਕੀ ਦੀ ਕੀ ਉਮੀਦ ਰੱਖ ਸਕਦਾ ਏ। ਵਜ਼ੀਰ ਖ਼ਾਂ! ਜਿਹੜਾ ਆਪਣੇ ਬਾਪ ਦਾ ਸਕਾ ਨਹੀਂ, ਉਹ ਆਪਣੀ ਪਰਜਾ ਦਾ ਸਕਾ ਕਿਵੇਂ ਹੋ ਸਕਦਾ ਹੈ?
ਜ਼ਰਾ ਹੋਰ ਵੇਖਓ, ਜਿਉਂ-ਜਿਉਂ ਅਸੀਂ ਇਤਿਹਾਸ ਦੀ ਪੜਚੋਲ ਕਰਾਂਗੇ ਤਾਂ ਹੋਰ ਵੀ ਸਚਾਈਆਂ ਸਾਹਮਣੇ ਆਉਂਦੀਆਂ ਜਾਣਗੀਆਂ। ਔਰੰਗਜੇਬ ਦੀ ਲੜਕੀ, ਜਿਸ ਦਾ ਨਾਮ ਸੀ ਜੈਬੁਲ ਨਿਸ਼ਾ। ਬਾਦਸ਼ਾਹ ਔਰੰਗਜੇਬ ਨੇ ਆਪਣੀ ਲੜਕੀ ਜੈਬੁਲ ਨਿਸ਼ਾ ਦਾ ਨਿਕਾਹ ਹੀ ਨਹੀ ਸੀ ਕੀਤਾ, ਉਸ ਦਾ ਕਾਰਨ ਪਤਾ ਕੀ ਸੀ? ਔਰੰਗਜੇਬ ਦੀ ਸੋਚ ਇਹ ਸੀ ਕਿ ਜੇਕਰ ਮੈਂ ਆਪਣੀ ਲੜਕੀ ਦਾ ਨਿਕਾਹ ਕਰ ਦਿੱਤਾ ਤਾਂ ਕਿਧਰੇ ਮੇਰਾ ਜਵਾਈ (ਦਾਮਾਦ) ਹੀ ਮੇਰੇ ਕੋਲੋਂ ਰਾਜ ਨਾ ਖੋਹ ਲਵੇ। ਆਹ ਹੈ ਬਾਦਸ਼ਾਹ ਔਰੰਗਜੇਬ ਦਾ ਚਰਿਤਰ ਤੇ ਉਸ ਦੀ ਸੋਚ।
ਸਾਹਿਬਜਾਦੇ ਔਰੰਗਜੇਬ ਦੀ ਸਚਾਈ ਵਜ਼ੀਰ ਖ਼ਾਂ ਦੇ ਸਾਹਮਣੇ, ਕਚਹਿਰੀ ਦੇ ਵਿੱਚ ਬਿਆਨ ਕਰਦਿਆਂ ਕਹਿੰਦੇ ਹਨ:
ਗੈਰੋਂ ਪਰ ਫਿਰ ਵੁਹ ਜ਼ੋਰ ਕਰੇ ਯਾ ਜ਼ਫਾ ਕਰੇ।
ਹਮ ਕਯਾ ਕਹੇਂ ਕਿਸੀ ਕੋ ਹਿਦਾਯਤ ਖ਼ੁਦਾ ਕਰੇ।
ਐ ਵਜ਼ੀਰ ਖ਼ਾਂ! ਅਸੀਂ ਕੀ ਕਰੀਏ, ਜਿਹੜਾ ਆਪਣਿਆਂ ਤੇ ਜਬਰ ਜ਼ੁਲਮ ਕਰ ਸਕਦਾ ਹੈ, ਉਹ ਦੂਸਰਿਆਂ ਨੂੰ ਕਦ ਬਖ਼ਸ਼ੇਗਾ। ਖ਼ੁਦਾ ਨੇ ਤਾਂ ਉਸ ਦੀ ਮੱਤ ਹੀ ਮਾਰੀ ਹੋਈ ਹੈ। ਇਸ ਵਿੱਚ ਹੁਣ ਅਸੀਂ ਕੀ ਕਰੀਏ।
ਹਦ ਸੇ ਬੜਾ ਹੂਆ ਹੀ ਜੁ ਜ਼ਾਲਿਮ ਬਸ਼ਰ ਹੂਆ।
ਮੌਲਾ ਕਾ ਖ਼ੌਫ ਜਿਸ ਕੋ ਨਾ ਹਾਦੀ ਕਾ ਡਰ ਹੂਆ।
ਮੁਸਲਿਮ ਕਹਾ ਕੇ ਹਾਏ ਜੋ ਕੋਤਾਹ-ਨਜਰ ਹੂਆ।
ਸਰਮਦ ਕੇ ਕਤਲ ਸੇ ਭੀ ਨਾ ਜਿਸ ਕੋ ਹਜ਼ਰ ਹੂਆ।
ਉਹ ਆਪਣੇ ਜ਼ੁਲਮਾਂ ਨੂੰ ਇੰਨਾ ਵਧਾ ਬੈਠਾ ਹੈ ਕਿ ਉਸ ਨੂੰ ਅਕਾਲ ਪੁਰਖ ਦਾ ਵੀ ਡਰ ਨਹੀਂ ਹੈ। ਉਸ ਦੇ ਜੀਵਨ ਵਿੱਚ ਡਰ ਨਾਮ ਦੀ ਕੋਈ ਚੀਜ਼ ਹੈ ਹੀ ਨਹੀ। ਬਾਦਸ਼ਾਹ ਔਰੰਗਜੇਬ ਕਾਹਦਾ ਮੁਸਲਮਾਨ ਹੈ, ਜਿਸ ਨੇ ਦਿੱਲੀ ਦੇ ਵਿੱਚ ‘ਸਰਮਦ` ਨਾਮ ਦੇ ਫਕੀਰ ਨੂੰ ਵੀ ਕਤਲ ਕਰ ਦਿੱਤਾ ਸੀ।
‘ਸਰਮਦ` ਇੱਕ ਫਕੀਰ ਸੀ ਤੇ ਦਿੱਲੀ ਦੀਆਂ ਸੜਕਾਂ ਤੇ ਨੰਗਾ ਹੀ ਘੁੰਮਦਾ ਰਹਿੰਦਾ ਸੀ। ਕਿਸੇ ਨੇ ਬਾਦਸ਼ਾਹ ਔਰੰਗਜੇਬ ਪਾਸ ਇਸ ਸਬੰਧੀ ਸਰਮਦ ਫਕੀਰ ਦੀ ਸ਼ਿਕਾਇਤ ਕਰ ਦਿਤੀ ਸੀ। ਔਰੰਗਜੇਬ ਨੇ ਸਰਮਦ ਫਕੀਰ ਨੂੰ ਆਪਣੇ ਕੋਲ ਬੁਲਾ ਕੇ ਪੁਛਿਆ “ਤੂੰ ਸੜਕਾਂ ਤੇ ਕਿਉਂ ਨੰਗਾ ਘੁੰਮਦਾ ਏਂ? “ ਸਰਮਦ ਫਕੀਰ ਨੇ ਜਵਾਬ ਦਿੱਤਾ “ਬਾਦਸ਼ਾਹ ਸਲਾਮਤ! ਮੈਂ ਤਾਂ ਸਰੀਰਕ ਕੱਪੜਿਆਂ ਤੋਂ ਨੰਗਾ ਹਾਂ ਪਰ ਤੂੰ ਤਾਂ ਆਪਣੇ ਬੁਰੇ ਕੰਮਾਂ ਕਰਕੇ ਨੰਗਾਂ ਹੈ। “ ਸਰਮਦ ਫ਼ਕੀਰ ਨੇ ਬਾਦਸ਼ਾਹ ਦੇ ਪਾਪਾਂ ਦਾ ਕੱਚਾ ਚਿੱਠਾ ਖੋਲ ਕੇ ਬਾਦਸ਼ਾਹ ਦੇ ਅੰਦਰਲੇ ਕੁਕਰਮਾਂ ਕਾਰਣ ਭਰੇ ਦਰਬਾਰ ਵਿੱਚ ਉਸ ਨੂੰ ਨੰਗਿਆਂ ਕਰ ਦਿੱਤਾ ਸੀ। ਬਾਦਸ਼ਾਹ ਔਰੰਗਜੇਬ ਸਰਮਦ ਫਕੀਰ ਦੀ ਸਚਾਈ ਤੋ ਇੰਨਾਂ ਭੜਕਿਆ ਕਿ ਉਸ ਨੇ ਗੁੱਸੇ ਵਿੱਚ ਆ ਕੇ ਸੰਨ 1661 ਵਿੱਚ ਸਰਮਦ ਫ਼ਕੀਰ ਨੂੰ ਕਤਲ ਕਰਵਾ ਦਿੱਤਾ। ਕੈਸਾ ਮਨੁੱਖ ਹੈ ਔਰੰਗਜੇਬ, ਜੋ ਸਰਮਦ ਵਰਗੇ ਫ਼ਕੀਰਾਂ ਨੂੰ ਵੀ ਕਤਲ ਕਰਵਾ ਦਿੰਦਾ ਹੈ।
ਮੈਂ ਬੇਨਤੀ ਕਰ ਰਿਹਾ ਸੀ ਕਿ ਸਾਹਿਬਜਾਦੇ ਭਰੀ ਕਚਿਹਰੀ ਵਿੱਚ ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ:
ਬੁਲਵਾ ਕੇ ਦਿੱਲੀ ਤੇਗ ਬਹਾਦਰ ਕੀ ਜਾਨ ਲੀ।
ਮਰਨੇ ਕੀ ਹਮ ਨੇ ਭੀ ਹੈ ਜਬੀ ਆਨ ਠਾਨ ਲੀ।
ਉਹ ਔਰੰਗਜੇਬ ਬਾਦਸ਼ਾਹ ਜਿਸ ਨੇ ਆਪ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਬੁਲਾਇਆ ਸੀ ਤੇ ਬੁਲਾ ਕੇ 1675 ਈ. ਵਿੱਚ ਸ਼ਹੀਦ ਕਰ ਦਿੱਤਾ ਸੀ। ਅਸੀਂ ਵੀ ਉਸ ਦਾਦੇ ਦੇ ਪੋਤੇ ਹਾਂ, ਅਸੀਂ ਵੀ ਮਰਨ ਨੂੰ ਤਿਆਰ ਹਾਂ:
ਜ਼ਾਲਿਮ ਕਾ ਦੀਨ ਕਿਸ ਲੀਏ ਕਰਨੇ ਲਗੇ ਕਬੂਲ।
ਤਬਦੀਲੀਏ ਮਜਹਬ ਸੇ ਨਹੀਂ ਕੁਛ ਭੀ ਹੈ ਹਸੂਲ।
ਅਸੀਂ ਉਸ ਜ਼ਾਲਿਮ ਔਰੰਗਜੇਬ ਦਾ ਧਰਮ ਕਦੀ ਵੀ ਕਬੂਲ ਕਰਨ ਨੂੰ ਤਿਆਰ ਨਹੀ ਹਾਂ। ਸਾਨੂੰ ਪਤਾ ਹੈ ਕਿ ਧਰਮ ਛੱਡਣ ਦੇ ਨਾਲ ਉਸ ਅਕਾਲ ਪੁਰਖ ਦੀ ਦਰਗਾਹ ਵਿੱਚ ਕਦੀ ਵੀ ਟਿਕਾਣਾ ਨਹੀਂ ਮਿਲਦਾ ਤੇ ਅਸੀਂ ਇਥੇ ਤੇਰੇ ਕੋਲ ਧਰਮ ਤਿਆਗਣ ਲਈ ਨਹੀਂ ਆਏ ਤੇ ਨਾ ਹੀ ਧਰਮ ਬਦਲਣ ਲਈ ਆਏ ਹਾਂ।
ਤੌਹੀਦ ਕੇ ਸਿਵਾ ਹੈਂ ਯਿਹ ਬਾਤੇਂ ਹੀ ਸਭ ਫ਼ਜ਼ੂਲ।
ਮਨਵਾਨੇ ਵਾਹਗੁਰੂ ਕੋ ਹੀ ਆਏ ਥੇ ਸਭ ਰਸੂਲ।
ਇਸ ਧਰਤੀ ਤੇ ਜਿੰਨੇ ਵੀ ਪੀਰ ਪੈਗੰਬਰ ਆਏ ਹਨ, ਸਾਰੇ ਹੀ ਇੱਕ ਅਕਾਲ ਪੁਰਖ ਪਰਮੇਸ਼ਰ ਦੀ ਬਾਤ ਹੀ ਮੰਨਵਾਉਣ ਲਈ ਆਏ ਹਨ, ਪਰ ਹਾਂ ਨਾਮ ਜਪਣ ਵਾਲਿਆਂ ਲਈ ਉਸ ਦੇ ਨਾਮ ਵੱਖਰੇ-ਵੱਖਰੇ ਹੋ ਸਕਦੇ ਹਨ, ਪਰ ਹੈ ਉਹ ਇੱਕ ਹੀ।
ਕੁਝ ਬੁਤ ਪ੍ਰਸਤ ਭੀ ਨਹੀਂ, ਨ ਬੁਤ-ਸ਼ਿਕਨ ਹੈ ਹਮ।
ਅੰਮ੍ਰਿ੍ਰਤ ਛਕਾ ਹੈ ਜਬ ਸੇ ਨਿਹਾਯਤ ਮਗਨ ਹੈਂ ਹਮ।
ਜੇਕਰ ਅਸੀਂ ਬੁੱਤ ਪੂਜਦੇ ਨਹੀਂ ਹਾਂ ਤਾਂ ਫਿਰ ਬੁੱਤਾਂ ਨੂੰ ਤੋੜਦੇ ਵੀ ਨਹੀਂ ਹਾਂ ਇਹ ਸਾਡੇ ਗੁਰੂ ਨਾਨਕ ਦਾ ਸਿਧਾਂਤ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵੀ ਸਾਨੂੰ ਸਮਝਾਉਂਦੀ ਹੈ:
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ।।
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੁ ਨ ਪਾਈ।। (ਸੋਰਠਿ ਕਬੀਰ ਜੀ- ੬੫੪)
ਬੰਦਿਆ! ਐਵੇ ਫੋਕੇ ਧਰਮ ਦੇ ਝਗੜਿਆਂ ਵਿੱਚ ਤੂੰ ਉਸ ਅਕਾਲ ਪੁਰਖ ਨੂੰ ਕਿਉਂ ਭੁਲੀ ਜਾ ਰਿਹਾ ਏਂ। ਜਿਹੜਾ ਰੱਬ ਤੇਰੇ ਵਿੱਚ ਵਸਦਾ ਹੈ, ਉਹੀ ਰੱਬ ਦੂਸਰਿਆਂ ਵਿੱਚ ਵੀ ਵਸਦਾ ਹੈ।
ਸਭ ਮਹਿ ਜੋਤਿ ਜੋਤਿ ਹੈ ਸੋਇ।। ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ।। (ਧਨਾਸਰੀ ਮਹਲਾ ੧-੧੩)
ਇਹ ਨਹੀ ਕਿ ਸਿਖ ਦੇ ਅੰਦਰ ਕੋਈ ਵਧੀਆ ਜੋਤ ਹੈ ਤੇ ਉਹ ਜੋਤ ਦੂਸਰਿਆਂ ਵਿੱਚ ਨਹੀ ਹੈ। ਨਹੀਂ ਸਾਰਿਆਂ ਵਿੱਚ ਬਰਾਬਰ ਦੀ ਰੱਬੀ ਜੋਤ ਹੈ।।
ਗੁਰੂ ਨਾਨਕ ਜੀ ਆਪਣੀ ਬਾਣੀ ਵਿੱਚ ਸਾਨੂੰ ਕਹਿ ਰਹੇ ਹਨ, ਪਰ ਸਾਨੂੰ ਤਾਂ ਆਪਣੇ ਅੰਦਰ ਦੀ ਜੋਤ ਦੀ ਪਹਿਚਾਣ ਨਹੀਂ ਹੈ ਤੇ ਅਸੀਂ ਦੂਸਰਿਆਂ ਦੀ ਅੰਦਰਰਲੀ ਜੋਤ ਨੂੰ ਕਿਵੇਂ ਪਹਿਚਾਣ ਸਕਦੇ ਹਾਂ। ਅਸੀਂ ਤਾਂ ਆਪਣੀ ਜੋਤ ਨੂੰ ਹੀ ਕਾਲਖ ਨਾਲ ਢੱਕ ਲਿਆ। ਆਹ ਜੇ ਸਾਡੀ ਹਾਲਤ।
=====================
(ਚਲਦਾ …)
-ਸੁਖਜੀਤ ਸਿੰਘ, ਕਪੂਰਥਲਾ
ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਸਰਹਿੰਦ ਕਿਸ਼ਤ ਪੰਜਵੀਂ (A)
Page Visitors: 2949