ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ
ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ
Page Visitors: 2740

ਰਾਜਨੀਤਕ ਆਗੂ ਨਿਮਾਣੇ ਸਿੱਖ ਵਾਂਗ ਤਨਖ਼ਾਹ ਲਵਾ ਕੇ ਸੁਰਖੁਰੂ ਹੋਣ ਦਾ ਨਾਟਕ ਬੰਦ ਕਰਨ
ਕਿਰਪਾਲ ਸਿੰਘ ਬਠਿੰਡਾ ਫ਼ੋਨ ਨੰ: 98554-80797, 73409-79813
ਰਾਮਪੁਰਾ ਫੂਲ ਵਿਧਾਨ ਸਭਾ ਹਲਕੇ ਦੇ ਅਕਾਲੀ-ਭਾਜਪਾ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੇ ਚੋਣ ਦਫਤਰ ਦਾ ਉਦਘਾਟਨ ਕਰਦੇ ਸਮੇਂ ਰਮਾਇਣ ਦਾ ਅਖੰਡਪਾਠ ਕਰਨ ਉਪ੍ਰੰਤ ਸਿੱਖਾਂ ਦੀ ਅਰਦਾਸ ਦੀ ਨਕਲ ਵਰਗੀ ਅਰਦਾਸ ਕਰਨ ਦੇ ਕੇਸ ਵਿਚ; ਜਿਸ ਤਰ੍ਹਾਂ ਉਮੀਦ ਸੀ ਅਕਾਲ ਤਖ਼ਤ ਸਾਹਿਬ ਜੀ ਦੇ ਪਾਵਨ ਅਸਥਾਨ ’ਤੇ ਬੈਠ ਕੇ ਅਖੌਤੀ ਜਥੇਦਾਰਾਂ ਨੇ ਹਮੇਸ਼ਾਂ ਵਾਂਗ ਫਿਰ ਸਿਕੰਦਰ ਸਿੰਘ ਮਲੂਕਾ ਨੂੰ ਤਨਖ਼ਾਹੀਆ ਕਰਾਰ ਦੇ ਕੇ ਚਾਰ ਦਿਨਾਂ ਲਈ ਸੰਗਤਾਂ ਦੇ ਜੋੜੇ ਝਾੜਨ ਅਤੇ ਲੰਗਰ ਦੇ ਜੂਠੇ ਭਾਂਡੇ ਮਾਂਜਨ ਦੀ ਤਨਖ਼ਾਹ ਲਾਉਣ ਦਾ ਨਾਟਕ ਕੀਤਾ ਹੈ। ਇਸੇ ਤਰ੍ਹਾਂ ਮਲੂਕਾ ਵੀ ਚਲਦੀ ਰਵਾਇਤ ਅਨੁਸਾਰ ਚਾਰ ਕੁ ਦਿਨ ਆਪਣੇ ਆਪ ਨੂੰ ਨਿਮਾਣੇ ਸਿੱਖ ਵਾਂਗ ਪੇਸ਼ ਕਰਨ ਲਈ ਸੇਵਾ ਕਰਨ ਦਾ ਢੌਂਗ ਰਚ ਕੇ ਆਖਰ ਚੌਥੇ ਦਿਨ ਅਰਦਾਸ ਕਰਵਾ ਕੇ ਅਕਾਲ ਤਖ਼ਤ ਸਾਹਿਬ ਤੋਂ ਬਖ਼ਸ਼ੇ ਜਾਣ ਦਾ ਨਾਟਕ ਕਰਨਗੇ।
ਇਸ ਤਰ੍ਹਾਂ ਦਾ ਨਾਟਕ ਪਹਿਲੀ ਵਾਰ ਨਹੀਂ ਬਲਕਿ ਜਦੋਂ ਤੋਂ ਸਤਾ ਦੇ ਲਾਲਚੀ ਪਰ ਸਿੱਖ ਧਰਮ  ਤੋਂ ਕੋਰੇ ਅਕਾਲੀਆਂ ਦਾ ਅਕਾਲ ਤਖ਼ਤ ’ਤੇ ਕਬਜ਼ਾ ਹੋਇਆ ਹੈ ਉਸ ਸਮੇਂ ਤੋਂ ਅਨੇਕਾਂ ਵਾਰ ਕੀਤਾ ਜਾ ਚੁੱਕਾ ਹੈ। ਪਰ ਅਜੇਹੇ ਨਾਟਕਾਂ ਨਾਲ ਨਾ ਹੁਣ ਤੱਕ ਸਿੱਖ ਧਰਮ ਦਾ ਕੁਝ ਸੰਵਰਿਆ ਹੈ ਅਤੇ ਨਾ ਹੀ ਅੱਗੇ ਤੋਂ ਕੁਝ ਸੰਵਰਨਾ ਦੀ ਸੰਭਾਵਨਾ ਹੈ ਸਗੋਂ ਸਿਧਾਂਤਕ ਤੌਰ ’ਤੇ ਸਿੱਖ ਧਰਮ ਦਿਨੋ ਦਿਨ ਗਿਰਾਵਟ ਵੱਲ ਜਾ ਰਿਹਾ ਹੈ। ਹੁਣ ਤਾਂ ਹਾਲਤ ਇੱਥੋਂ ਤੱਕ ਨਿੱਘਰ ਗਈ ਹੈ ਕਿ ਆਪਣੇ ਵੱਲੋਂ “ਪੰਥ ਰਤਨ, ਫ਼ਖ਼ਰ-ਏ-ਕੌਮ” ਦੇ ਅਵਾਰਡ ਨਾਲ ਨਿਵਾਜ਼ੇ ਗਏ ਪ੍ਰਕਾਸ਼ ਸਿੰਘ ਬਾਦਲ ਵਿਰੁੱਧ ਤਾਂ ਇਹ ਅਖੌਤੀ ਜਥੇਦਾਰ ਸ਼ਿਕਾਇਤ ਸੁਣਨ ਤੋਂ ਪਹਿਲਾਂ ਹੀ ਉਸ ਨੂੰ ਇਹ ਕਹਿ ਕੇ ਮੁਆਫ਼ ਕਰ ਦਿੰਦੇ ਹਨ ਕਿ ਬਾਦਲ ਸਾਹਿਬ ਸੂਬੇ ਦੇ ਮੁੱਖ ਮੰਤਰੀ ਅਤੇ ਇਕ ਰਾਜਨੀਤਕ ਆਗੂ ਹਨ ਇਸ ਲਈ ਉਸ ਨੇ ਤਾਂ ਹਰ ਥਾਂ ਹੀ ਜਾਣਾ ਹੁੰਦਾ ਹੈ; ਜਰੂਰੀ ਨਹੀਂ ਕਿ ਹਰ ਥਾਂ ਸਿੱਖ ਰਹਿਤ ਮਰਯਾਦਾ ਦਾ ਦਾ ਧਿਆਨ ਰੱਖਿਆ ਜਾਂਦਾ ਹੋਵੇ ਜਾਂ ਰੱਖਣਾ ਜਰੂਰੀ ਹੈ।
ਜੇ ਕਰ ਸਿਰਸਾ ਸਾਧ ਦੀ ਮੁਆਫੀ ਵਾਲੇ ਕੇਸ ਵਿੱਚ ਇਨ੍ਹਾਂ ਅਖੌਤੀ ਜਥੇਦਾਰਾਂ ਦੀ ਥੂ-ਥੂ ਨਾ ਹੋਈ ਹੁੰਦੀ ਤਾਂ ਪੂਰਾ ਯਕੀਨ ਹੈ ਕਿ ਮਲੂਕੇ ਨੂੰ ਵੀ ਕਿਸੇ ਨੇ ਨਹੀਂ ਸੀ ਸੱਦਣਾ। ਜੇ ਆਪਣੀ ਖੁੱਸੀ ਹੋਈ ਭੱਲ ਬਣਾਉਣ ਲਈ ਮਲੂਕੇ ਨੂੰ ਸੱਦ ਕੇ ਤਨਖ਼ਾਹ ਸੁਣਾ ਹੀ ਦਿੱਤੀ ਹੈ ਅਤੇ ਉਹ ਵੀ ਚਾਰ ਦਿਨ ਸੇਵਾ ਦਾ ਨਾਟਕ ਕਰ ਵੀ ਲੈਣਗੇ ਤਾਂ ਇਸ ਨਾਲ ਕਿਹੜੇ ਕੱਦੂ ਵਿੱਚ ਤੀਰ ਵੱਜ ਜਾਵੇਗਾ ?
      ਜਥੇਦਾਰਾਂ ਵੱਲੋਂ ਮਲੂਕੇ ਨੂੰ ਤਨਖ਼ਾਹੀਆ ਕਰਾਰ ਦੇਣ ਉਪ੍ਰੰਤ ਉਨ੍ਹਾਂ ਤੋਂ ਇਹ ਸਵਾਲ ਤਾਂ ਪੁੱਛਣਾ ਬਣਦਾ ਹੀ ਹੈ ਕਿ ਮਲੂਕੇ ਨਾਲੋਂ ਤਾਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਹਰਸਿਮਰਤ ਕੌਰ ਬਾਦਲ ਕਈ ਗੁਣਾਂ ਵੱਧ ਕਸੂਰਵਾਰ ਹਨ ਕਿਉਂਕਿ ਮਲੂਕੇ ਨੇ ਖ਼ੁਦ ਨਕਲੀ ਅਰਦਾਸ ਨਹੀਂ ਸੀ ਕੀਤੀ ਬਲਕਿ ਇਕ ਹਿੰਦੂ ਪੁਜਾਰੀ ਵੱਲੋਂ ਕੀਤੀ ਗਈ ਨਕਲੀ ਅਰਦਾਸ ਵਿੱਚ ਕੇਵਲ ਸੰਗਤੀ ਤੌਰ ’ਤੇ ਹਾਜਰੀ ਭਰੀ ਸੀ ਜਦੋਂ ਕਿ ਅਖੌਤੀ “ਪੰਥ ਰਤਨ, ਫ਼ਖ਼ਰ-ਏ-ਕੌਮ” ਸਮੇਤ ਉਸ ਦੇ ਪ੍ਰਵਾਰ ਦੇ ਉਕਤ ਮੈਂਬਰਾਂ ਨੇ ਤਾਂ ਗੁਰਮਤਿ ਵਿਰੋਧੀ ਕਰਮ ਕਾਂਡ ਹਵਨ, ਭੂਮੀ ਪੂਜਨ ਅਤੇ ਸ਼ਿਵਲਿੰਗ ਪੂਜਾ ਵਰਗੀਆਂ ਰਸਮਾਂ ਖ਼ੁਦ ਆਪਣੇ ਹੱਥੀਂ ਨਿਭਾਈਆਂ ਹਨ। ਜੇ ਕਰ ਜਥੇਦਾਰ ਇਨ੍ਹਾਂ ਕਰਮ ਕਾਂਡਾਂ ਜਿਨ੍ਹਾਂ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਤੇ ਸਿੱਖ ਰਹਿਤ ਮਰਿਆਦਾ ਵਿੱਚ ਸਖਤ ਮਨਾਹੀ ਕੀਤੀ ਹੋਈ ਹੈ; ਦੇ ਦੋਸ਼ ਵਿੱਚ ਇਨ੍ਹਾਂ ਦੀ ਜਵਾਬ ਤਲਬੀ ਕਰਨ ਦੀ ਜੁਰਹਤ ਨਹੀਂ ਵਿਖਾ ਸਕਦੇ ਤਾਂ ਮਲੂਕੇ ਨੂੰ ਤਨਖ਼ਾਹ ਲਾਉਣ ਨਾਲ ਪੰਥ ਦਾ ਕੀ ਸੰਵਰ ਜਾਣਾ ਹੈ?
    ਜੇ ਕਰ ਮਲੂਕੇ ਨੂੰ ਜਥੇਦਾਰ ਤਨਖ਼ਾਹ ਲਾਉਣੀ ਜਾਇਜ਼ ਸਮਝਦੇ ਹਨ ਤਾਂ ਉਨ੍ਹਾਂ ਨੂੰ ਚਾਹੀਦਾ ਇਹ ਹੈ ਕਿ ਕਿਸੇ ਵੀ ਸਮਾਗਮ ਵਿੱਚ ਜਿੱਥੇ ਹਿੰਦੂ ਧਰਮ ਵਾਲੀਆਂ ਰਹੁ-ਰੀਤਾਂ ਨਿਭਾਈਆਂ ਜਾਂਦੀਆਂ ਹੋਣ ਜਾਂ ਉਸ ਸਮਾਗਮ ਦੇ ਮੁੱਖ ਪ੍ਰਬੰਧਕ; ਸਿੱਖੀ ਦੇ ਮੂਲ ਸਿਧਾਂਤ ‘ਸ਼ਬਦ ਗੁਰੂ’ ਸਿਧਾਂਤ ਦੇ ਵਿਰੋਧੀ ਦੇਹਧਾਰੀ ਗੁਰੂਡੰਮ ਨਿਰੰਕਾਰੀ, ਨਾਮਧਾਰੀ, ਰਾਧਾਸਵਾਮੀ, ਸਿਰਸਾ ਤੇ ਨੂਰ ਮਹਿਲੀਏ ਆਦਿਕ ਡੇਰੇਦਾਰਾਂ ਦੇ ਸ਼੍ਰਧਾਲੂ ਹੋਣ; ਉਥੇ ਅਕਾਲੀ ਆਗੂਆਂ ਸਮੇਤ ਸਮੁੱਚੇ ਸਿੱਖਾਂ ਵੱਲੋਂ ਸ਼ਮੂਲੀਅਤ ਕਰਨ ਦੀ ਸਖਤ ਮਨਾਹੀ ਦਾ ਆਦੇਸ਼ ਜਾਰੀ ਕਰਨ ਕਿਉਂਕਿ ਜਿੱਥੇ ਵੀ ਹਿੰਦੂ ਰਹੁ-ਰੀਤਾਂ ਨਿਭਾਈਆਂ ਜਾਣੀਆਂ ਹਨ ਉਥੇ ਉਨ੍ਹਾਂ ਨੇ ਗੁਰੂ ਦੀ ਸਿੱਖਿਆ ਦੇ ਉਲਟ ਹਵਨ, ਭੂਮੀ ਪੂਜਨ, ਜਗਰਾਤੇ ਅਤੇ ਮੂਰਤੀ/ਬੁੱਤ ਪੂਜਾ ਵਰਗੇ ਕਰਮ ਕਰਮ ਕਾਂਡ ਕਰਨੇ ਹੀ ਹਨ। ਪਰ ਜਦ ਤੱਕ ਅਕਾਲ ਤਖ਼ਤ ’ਤੇ ਧਰਮ ਤੋਂ ਹੀਣੇ ਸਿੱਖ ਸਿਆਸਤਦਾਨਾਂ ਖ਼ਾਸ ਕਰਕੇ ਜਿਨ੍ਹਾਂ ਦਾ ਰਾਜਨੀਤਕ ਗਠਜੋੜ ਹੀ ਆਰਐੱਸਐੱਸ/ਭਾਜਪਾ ਨਾਲ ਹੈ; ਦਾ ਕਬਜ਼ਾ ਹੈ ਉਤਨੀ ਦੇਰ ਜਥੇਦਾਰਾਂ ਵੱਲੋਂ ਇਸ ਤਰ੍ਹਾਂ ਦਾ ਅਦੇਸ਼ ਜਾਰੀ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਕਿਉਂਕਿ ਆਰਐੱਸਐੱਸ/ਭਾਜਪਾ ਦਾ ਮੁਖ ਏਜੰਡਾ ਹੀ ਇਹ ਹੈ ਕਿ ਸਿੱਖ ਧਰਮ ਵਿੱਚ ਹੌਲ਼ੀ ਹੌਲ਼ੀ ਰਲਾਵਟ ਕਰਕੇ ਇਸ ਨੂੰ ਸਿੱਖ ਧਰਮ ਵਿੱਚ ਜਜ਼ਬ ਕਰਨਾ ਹੈ।
   ਇਨ੍ਹਾਂ ਹਾਲਤਾਂ ਵਿੱਚ ਜਥੇਦਾਰਾਂ ਦੇ ਅਸਲ ਕਰਨ ਵਾਲਾ ਕੰਮ ਇਹ ਹੈ ਕਿ ਸ਼ੋਸ਼ਿਲ ਮੀਡੀਏ ’ਤੇ ਨਕਲੀ ਅਰਦਾਸ ਦੀ ਵਾਇਰਲ ਹੋਈ ਵੀਡੀਓ ਦੇ ਨਾਲ ਹੀ ਵਾਇਰਲ ਹੋਈ ਗੀਤਾ ਦੀ ਪੋਥੀ ਦੇ ਦੋ ਪੰਨਿਆਂ ਦੀ ਸਕੈਨ ਕਾਪੀ; ਜਿਨ੍ਹਾਂ ਉਪਰ ਸਿੱਖਾਂ ਦੀ ਨਕਲ ਵਾਲੀ ਹਿੰਦੂ ਅਰਦਾਸ ਛਪੀ ਹੋਈ ਹੈ; ਦੀ ਪੜਤਾਲ ਕਰਵਾਈ ਜਾਵੇ ਕਿ ਇਹ ਅਰਦਾਸ ਕਿਸ ਨੇ ਅਤੇ ਕਦੋਂ ਛਪਵਾਈ ਸੀ? ਇਸ ਦੇ ਨਾਲ ਹੀ ਸਿੱਖ ਇਤਿਹਾਸ ਦੇ ਮੂਲ ਸ੍ਰੋਤ ਵਜੋਂ ਪ੍ਰਚਾਰੇ ਜਾ ਰਹੇ ਬਚਿੱਤਰ ਨਾਟਕ, ਗੁਰਬਿਲਾਸ ਪਾ: ੬, ਗੁਰਬਿਲਾਸ ਪਾ: ੧੦, ਭਾਈ ਬਾਲੇ ਵਾਲੀ ਜਨਮ ਸਾਖੀ, ਸੂਰਜ ਪ੍ਰਕਾਸ਼, ਪੰਥ ਪ੍ਰਕਾਸ਼ ਆਦਿਕ ਗ੍ਰੰਥਾਂ, ਪੋਥੀਆਂ ਦੀ ਡੂੰਘੀ ਪੜਤਾਲ ਕਰਵਾਈ ਜਾਵੇ ਕਿ ਇਸ ਵਿੱਚ ਕੁਝ ਅਜੇਹਾ ਤਾਂ ਦਰਜ ਨਹੀਂ ਹੈ ਜੋ ਗੁਰੂ ਸਾਹਿਬਾਨ ਦੀ ਅਸਲੀ ਸਿਖਿਆ ਤੇ ਜੀਵਨ ਨੂੰ ਦਰਸਾ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਿਧਾਂਤ ਨਾਲ ਮੇਲ ਨਹੀਂ ਖਾਂਦਾ। ਇਨ੍ਹਾਂ ਪੁਰਾਤਨ ਪੁਸਤਕਾਂ ਵਿੱਚ ਇਤਰਾਜਯੋਗ ਜਾਂ ਗੁਰਬਾਣੀ ਦੇ ਸਿਧਾਂਤ ਨਾਲ ਮੇਲ ਨਾ ਖਾਣ ਵਾਲੀ ਰਚਨਾ ਦੀ ਤੁਰੰਤ ਸੁਧਾਈ ਕਰਨ ਲਈ ਇਹ ਪੁਸਤਕਾਂ ਦੀ ਮੁੜ ਸੰਪਾਦਨਾ ਕੀਤੀ ਜਾਵੇ। ਜਾਗਰੂਕ ਸਿੱਖ ਬਹੁਤ ਸਮੇਂ ਤੋਂ ਅਵਾਜ਼ ਉਠਾ ਰਹੇ ਹਨ ਕਿ ਮੰਨੂਵਾਦੀ ਸੋਚ ਵਾਲੀਆਂ ਜਥੇਬੰਦੀਆਂ ਬਹੁਤ ਪਹਿਲਾਂ ਤੋਂ ਹੀ ਡੂੰਘੀ ਸਾਜਿਸ਼ ਅਧੀਨ ਸਿੱਖ ਇਤਿਹਾਸ ਤੇ ਸਿਧਾਂਤ ਵਿੱਚ ਬੜੇ ਯੋਜਨਾਵੱਧ ਢੰਗ ਨਾਲ ਰਲਾਵਟ ਕਰਦੇ ਆ ਰਹੇ ਹਨ ਅਤੇ ਸਿੱਖਾਂ ਨੂੰ ਚਿੜਾਉਣ ਲਈ ਸਿੱਖੀ ਰਵਾਇਤਾਂ ਦੀ ਨਕਲ ਉਤਾਰਨ ਵਿੱਚ ਲੱਗੀਆਂ ਹਨ ਤਾ ਕਿ ਸਿੱਖਾਂ ਵਿੱਚ ਦੁਬਿਧਾ ਖੜ੍ਹੀ ਕਰਕੇ ਸਿੱਖਾਂ ਵਿੱਚ ਵੰਡੀਆਂ ਪਾਈਆਂ ਤੇ ਸਿੱਖੀ ਸਿਧਾਂਤਾਂ ਨੂੰ ਹਿੰਦੂ ਨਾਲ ਰਲ ਗੱਡ ਕਰਕੇ ਅਖਰ ਨੂੰ ਹਿੰਦੂ ਧਰਮ ਵਿੱਚ ਹੀ ਜਜ਼ਬ ਕਰ ਲਿਆ ਜਾਵੇ। ਸਿੱਖਾਂ ਦੇ ਰਾਜਸੀ ਤੇ ਧਾਰਮਿਕ ਆਗੂਆਂ ਵੱਲੋਂ ਇਸ ਅਤਿ ਮਹੱਤਵਪੂਰਨ ਕੰਮ ਵੱਲ ਧਿਆਨ ਨਾ ਦੇਣ ਹੀ ਇਨ੍ਹਾਂ ਬੁਰਾਈਆਂ ਨੂੰ ਜਨਮ ਦੇ ਰਿਹਾ ਹੈ ਕਿ ਪੰਥ ਵਿਰੋਧੀ ਸ਼ਕਤੀਆਂ ਸ਼੍ਰੋਮਣੀ ਕਮੇਟੀ ਰਾਹੀਂ ਸਿੱਖ ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਸਤਿਕਾਰਤ ਪ੍ਰਵਾਰਕ ਮੈਂਬਰਾਂ ਦੇ ਆਚਰਨ ’ਤੇ ਉਂਗਲ ਉਠਾਉਂਦੀ ਹਿੰਦੀ ਵਿੱਚ ਸਿੱਖ ਇਤਿਹਾਸ ਵਰਗੀਆਂ ਪੁਸਤਕਾਂ ਛਪਵਾ ਕੇ ਵੰਡਣ ਵਿੱਚ ਸਫਲ ਹੋ ਰਹੀਆਂ ਹਨ ਤੇ ਸ੍ਰੋਮਣੀ ਕਮੇਟੀ ਤੇ ਇਹ ਜਥੇਦਾਰ ਅਜਿਹੇ ਪੰਥ ਵਿਰੋਧੀ ਮਾਨਸਿਕਤਾ ਵਾਲਿਆਂ ਵਿਰੁੱਧ ਕਾਰਵਾਈ ਕਰਨ ਤੋਂ ਬੇਵੱਸ ਰਹੇ ਹਨ।
    ਹੁਣ ਨੀਲਧਾਰੀ ਸੰਪ੍ਰਦਾ ਦੇ ਮੁਖੀ ਸਤਨਾਮ ਸਿੰਘ ਵੱਲੋਂ ਮਾਤਾ ਗੁਜਰੀ ਜੀ ਵਿਰੁੱਧ ਬੋਲੇ ਜਾਣ ਦਾ ਕੇਸ ਸਾਹਮਣੇ ਆ ਚੁੱਕਾ ਹੈ ਤੇ ਉਸ ਦੇ ਸ਼੍ਰਧਾਲੂਆਂ ਵੱਲੋਂ ਉਕਤ ਪੁਸਤਕਾਂ ਦੇ ਹੀ ਹਵਾਲੇ ਦਿੱਤੇ ਹਨ ਕਿ ਉਨ੍ਹਾਂ ਦੇ ਮੁਖੀ ਨੇ ਜੋ ਕੁਝ ਬੋਲਿਆ ਹੈ ਉਹ ਪਹਿਲਾਂ ਹੀ ਪੁਰਾਤਨ ਸਿੱਖ ਇਤਿਹਾਸ ਵਿੱਚ ਲਿਖਿਆ ਹੋਇਆ ਹੈ। ਪਰ ਹੈਰਾਨੀ ਇਹ ਹੈ ਕਿ ਇੱਥੇ ਤਾਂ ਹਾਲ ਇਹ ਹੋਇਆ ਪਿਆ ਹੈ ਕਿ ਜੇ ਕੋਈ ਸਿੱਖ ਵਿਦਵਾਨ ਮੰਗ ਕਰਦਾ ਹੈ ਕਿ ਉਕਤ ਪੁਰਾਤਨ ਪੁਸਤਕਾਂ ਵਿੱਚ ਬਹੁਤ ਕੁਝ ਐਸਾ ਹੈ ਜੋ ਗੁਰਬਾਣੀ ਸਿਧਾਂਤ ਨਾਲ ਮੇਲ ਨਹੀਂ ਖਾਂਦਾ, ਜਿਸ ਦੀ ਪੜਚੋਲ ਕਰਕੇ ਰੱਦ ਕਰ ਦੇਣਾ ਚਾਹੀਦਾ ਹੈ ਤਾਂ ਉਸ ਨੂੰ ਹੀ ਤਨਖ਼ਾਹੀਆ ਕਰਾਰ ਦੇਣ ਅਤੇ ਪੰਥ ਵਿੱਚੋਂ ਛੇਕਣ ਦੀ ਨੌਬਤ ਪਹੁੰਚ ਜਾਣ ਕਰ ਕੇ ਜਿੱਥੇ ਸਿੱਖਾਂ ਦਾ ਬੌਧਿਕ ਵਿਕਾਸ ਰੁਕਿਆ ਪਿਆ ਹੈ ਉਥੇ ਦਸਮ ਗ੍ਰੰਥ, ਰਾਗਮਾਲਾ, ਸਿੱਖ ਰਹਿਤ ਮਰਯਾਦਾ ਦੀ ਭਿੰਨਤਾ ਆਦਿਕ ਅਨੇਕਾਂ ਮਸਲੇ ਪੰਥ ਲਈ ਗੰਭੀਰ ਸੰਕਟ ਦਾ ਰੂਪ ਧਾਰਨ ਕਰ ਚੁੱਕੇ ਹਨ ਜਦੋਂਕਿ ਸਾਡੇ ਅਖੌਤੀ ਜਥੇਦਾਰ ਦੋਸ਼ੀਆਂ ਨੂੰ ਤਨਖਾਹੀਆ ਕਰਾਰ ਦੇ ਕੇ ਤੇ ਧਰਮ ਬਿਹੂਨੇ ਅਕਾਲੀ ਆਪਣੇ ਆਪ ਨੂੰ ਦੋਸ਼ ਮੁਕਤ ਜਾਂ ਬਖ਼ਸ਼ੇ ਜਾਣ ਦੇ ਨਾਟਕ ਰਚ ਕੇ ਪੰਥ ਪ੍ਰਸਤ ਦੱਸਣ ਦੀ ਬੀਨ ਵਜਾ ਕੇ ਸਿੱਖੀ ਸੰਕਟ ਰੂਪੀ ਵਿਕਰਾਲ ਸੱਪ ਨੂੰ ਪਟਾਰੀ ਵਿੱਚ ਬੰਦ ਕਰਨ ਦੇ ਅਸਫਲ ਯਤਨ ਵਿੱਚ ਰੁੱਝੇ ਹੋਏ ਹਨ।
   ਸੋ ਉਪ੍ਰੋਕਤ ਨੂੰ ਧਿਆਨ ਵਿੱਚ ਰਖਦੇ ਹੋਏ ਜਿੰਮੇਵਾਰ ਸਿੱਖ ਆਗੂਆਂ ਤੇ ਜਥੇਦਾਰਾਂ ਲਈ ਕੀਤੇ ਜਾਣ ਵਾਲਾ ਅਤਿ ਜਰੂਰੀ ਕੰਮ ਇਹ ਹੈ ਕਿ ਆਪਣੀਆਂ ਸਾਰੀਆਂ ਵਿਵਾਦਤ ਪੁਸਤਕਾਂ ਦੀ ਪੜਚੋਲ ਕਰ ਕੇ ਸਿੱਖ ਸਿਧਾਂਤਾਂ ਅਤੇ ਪੰਥਕ ਰਵਾਇਤਾਂ ਵਿੱਚ ਗਿਣੇ ਮਿਥੇ ਸਾਜਸ਼ੀ ਢੰਗ ਨਾਲ ਕੀਤੀ ਜਾ ਰਹੀ ਰਲਾਵਟ ਨੂੰ ਠੱਲ ਪਾਉਣ ਲਈ ਜਰੂਰੀ ਕਦਮ ਉਠਾਏ ਜਾਣ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.