ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
1 ਅਕਤੂਬਰ 1990 ਨੂੰ ਭਾਰਤ ਦੀ ਸੰਸਦ ਵਿਚ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਦੀ ਸਰਕਾਰ ਬਣਾਈ ਜਾਵੇ ਦੀ ਚੁੱਕੀ ਮੰਗ ਨੂੰ ਪੰਥ ਦੀ ਹਿਮਾਇਤ ਪ੍ਰਾਪਤ ਪੰਥਕ ਧਿਰਾਂ ਨੇ ਇੰਜ ਤਾਰਪੀਡੋ ਕੀਤਾ
ਅਤਿੰਦਰ ਪਾਲ ਸਿੰਘ M.P. ਨੇ 1 ਅਕਤੂਬਰ 1990 ਨੂੰ ਭਾਰਤੀ ਸੰਸਦ ਵਿਚ ਆਪਣੇ ਦਰਜ ਕਰਵਾਏ ਭਾਸ਼ਣ ਵਿਚ; ਖਾੜਕੂਆਂ ਦੀ ਲੀਡਰਸ਼ਿਪ ਹੇਠਾਂ ਸਰਕਾਰ ਬਣਾਉਣ ਦੀ ਮੰਗ ਕਰ ਰਿਹਾ ਸੀ ਤੇ ਮਾਨ, ਬਾਦਲ, ਬਾਬਾ ਧੜਾ, ਬੱਬਰ ਨਾਰੰਗ ਤੇ ਆਰ ਪੀ, ਫੈਡਰੇਸ਼ਨ ਮਨਜੀਤ ਤੇ ਮਹਿਤਾ-ਚਾਵਲਾ, ਪੰਥਕ ਕਮੇਟੀਆਂ ਦੇ ਖਾੜਕੂਆਂ ਨੇ ਚੋਣਾਂ ਦੇ ਬਾਈਕਾਟ ਦਾ ਸੱਦਾ ਦਿੱਤਾ ਅਤੇ ਅਤਿੰਦਰ ਪਾਲ ਸਿੰਘ ਨੂੰ ਸਰਕਾਰੀ ਏਜੰਟ ਤੇ ਪੰਥ ਦਾ ਗ਼ੱਦਾਰ ਦੱਸਿਆ।
ਰਾਸ਼ਟਰਪਤੀ ਰਾਜ ਖ਼ਤਮ ਕਰਕੇ ਪੰਜਾਬ ਦੀਆਂ ਮੰਗਾ ਦੇ ਹੱਕ ਵਿਚ ਲੋਕਤੰਤਰੀ ਪ੍ਰਣਾਲੀ ਅਧੀਨ ਜੂਝਾਰੂਆਂ ਦੀ ਰਾਜਨੀਤਕ ਲੀਡਰਸ਼ਿਪ ਰਾਹੀਂ ਲੋਕ ਫ਼ਤਵਾ ਲਿਆ ਜਾਵੇ ਅਤੇ ਜੁਝਾਰੂਆਂ ਦੀ ਲੀਡਰਸ਼ਿਪ ਦੀ ਸਰਕਾਰ ਬਣਾਈ ਜਾਵੇ ਦੀ ਮੰਗ ਕੀਤੀ
ਮੈਂ ਆਪ ਤੋਂ ਪੰਜਾਬ ਦੇ ਲੋਕਾਂ ਵੱਲੋਂ; ਅਤੇ ਉਨ੍ਹਾਂ ਵੱਲੋਂ ਮੈਨੂੰ ਦਿੱਤੇ ਗਏ ਹੱਕਾਂ ਦੇ ਇਸਤੇਮਾਲ ਨਾਲ ਆਪਣੇ (ਵਿਧਾਨ ਅਤੇ ਆਪਣੇ ਨਿਸ਼ਾਨ) ਦੀ ਮੰਗ ਕਰਦਾ ਹਾਂ । ਅਗਰ ਤੁਸੀਂ ਸਾਨੂੰ ਇਹ ਨਹੀਂ ਦੇ ਸਕਦੇ ਤਾਂ ਸਾਨੂੰ ਉਹ ਰਸਤਾ ਅਖ਼ਤਿਆਰ ਕਰਨਾ ਪਏਗਾ ਜਿਸ ਦੇ ਰਾਹੀਂ ਅਸੀਂ ਆਪਣਾ ਹੱਕ ਹਾਸਿਲ ਕਰ ਸਕੀਏ। ਅੱਜ ਪੰਜਾਬ ਦੀ ਜਨਤਾ ਇਹੋ ਕਰ ਰਹੀ ਹੈ ।
ਸਿ. ਅਤਿੰਦਰਪਾਲ ਸਿੰਘ (ਪਟਿਆਲਾ) : ਸਪੀਕਰ ਸਾਹਿਬ, ਅੱਜ ਦਾ ਦਿਨ ਲੋਕਤੰਤਰੀ ਵਿਵਸਥਾ ਲਈ ਅਤੇ ਚੁਣੀ ਹੋਈ ਸੰਸਦੀ ਪ੍ਰਣਾਲੀ ਲਈ ਅਤਿਅੰਤ ਸ਼ਰਮਨਾਕ ਤੇ ਦੁਖਦਾਈ ਹੈ । ਇਹ ਸਭਾ ਜੋ ਲੋਕਤੰਤਰ ਦਾ ਮੰਦਰ ਕਹਾਉਂਦੀ ਹੈ ਇਸ ਵਿੱਚ ਅੱਸੀ ਲੋਕਤੰਤਰ ਨੂੰ ਸਥਗਿਤ ਕਰਨ ਲਈ ਸੰਵਿਧਾਨ ਵਿੱਚ ਸੰਸ਼ੋਧਨ ਕਰਨ (ਸੰਵਿਧਾਨ ਬਦਲਣ)ਦਾ ਬਿੱਲ ਪਾਸ ਕਰਨ ਜਾ ਰਹੇ ਹਾਂ ।
ਸਪੀਕਰ ਸਾਹਿਬ ਇੰਝ ਲਗਦਾ ਹੈ ਜਿਵੇਂ ਪੂਰੇ ਭਾਰਤ ਨੇ ਇਹ ਨਿਸ਼ਚਾ ਕਰ ਲਿਆ ਹੈ ਕਿ ਪੰਜਾਬ ਨੂੰ ਹਮੇਸ਼ਾ ਲਈ ਪੁਲਿਸ ਨੂੰ ਠੇਕੇ ਤੇ ਦੇ ਦਿੱਤਾ ਜਾਏਗਾ । ਇੰਝ ਲਗਦਾ ਹੈ ਕਿ ਜਿਵੇਂ ਪੂਰੇ ਭਾਰਤ ਨੇ ਇਹ ਸੌਦਾ ਕਰ ਲਿਆ ਹੈ, ਨੌਕਰਸ਼ਾਹੀ ਨਾਲ ਪੰਜਾਬ ਵਿੱਚ ਸਿੱਖ ਨੌਜੁਆਨਾਂ ਦਾ ਲਗਾਤਾਰ ਕਤਲੇਆਮ ਜਾਰੀ ਰੱਖਿਆ ਜਾਵੇਗਾ । ਇੰਝ ਲਗਦਾ ਹੈ ਜਿਵੇਂ ਪੂਰੇ ਭਾਰਤ ਨੇ ਇਹ ਫ਼ੈਸਲਾ ਕਰ ਲਿਆ ਹੈ ਕਿ ਨੀਮ ਫ਼ੌਜੀ ਦਲਾਂ ਨੂੰ ਪੰਜਾਬ ਵਿਚ ਜੰਗਲ ਰਾਜ ਕਾਇਮ ਕਰਨ ਲਈ ਠੇਕੇ ਤੇ ਦੇ ਦਿੱਤਾ ਗਿਆ ਹੈ । ਸਪੀਕਰ ਸਾਹਿਬ, ਮੈਂ ਉਨ੍ਹਾਂ ਸਾਰਿਆਂ ਤੋਂ ਜੋ ਲੋਕਤੰਤਰੀ ਵਿੱਚ ਵਿਸ਼ਵਾਸ ਰੱਖਦੇ ਨੇ, ਅਤੇ ਇਸ ਦੇਸ਼ ਦੇ ਨਾਗਰਿਕਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਆਖ਼ਰ ਪੰਜਾਬ ਨੂੰ ਇਹ ਵਿਸ਼ੇਸ਼ ਦਰਜਾ ਕਿਉਂ ਦਿੱਤਾ ਹੈ ?
ਅਸੀਂ ਪੰਜਾਬ ਨੂੰ ਖ਼ਾਸ ਅਧਿਕਾਰ ਦੇਣ ਦੀ ਮੰਗ ਕਰਦੇ ਆਏ ਹਾਂ, ਹੋਰ ਤੁਸੀਂ ਜਿਹੜਾ ('ਵਿਸ਼ੇਸ਼') ਖ਼ਾਸ ਦਰਜਾ ਪੰਜਾਬ ਨੂੰ ਦਿੱਤਾ ਹੈ : ਉਸ ਵਿਚ ਤੁਸੀਂ ਪੰਜਾਬ ਨੂੰ ਲਗਾਤਾਰ ਕਤਲੇਆਮ ਅਤੇ ਸੰਵਿਧਾਨ ਤੇ ਕਾਨੂੰਨੀ ਵਿਵਸਥਾ ਵਿਚ ਵਿਤਕਰੇ ਭਰਪੂਰ ਵਰਤਾਰਾ ਦਿੱਤਾ ਹੈ। ਇਸੇ ਵਿਵਸਥਾ ਦਾ ਪੰਜਾਬ ਲਗਾਤਾਰ ਕਰੜਾ ਵਿਰੋਧ ਕਰ ਰਿਹਾ ਹੈ । ਮੈਂ ਪੰਜਾਬ ਦੀ ਜਨਤਾ ਵੱਲੋਂ ਇਸ ਸਭਾ ਦੀ ਜਨਤਾ ਵੱਲੋਂ ਦੁਨੀਆ ਭਰ ਵਿਚ ਬੈਠੇ ਸਿੱਖ ਸਮਾਜ ਵੱਲੋਂ, ਇਸ ਸਭਾ ਵਿੱਚ ਇਸ ਅਮੈਂਡਮੈਂਟ (ਪੰਜਾਬ ਵਿੱਚ ਗਵਰਨਰ ਰੂਲ ਰਾਹੀਂ ਸੰਵਿਧਾਨ ਸੰਸ਼ੋਧਨ ਬਿਲ) ਦਾ ਆਪਣੇ ਲਹੂ ਦੇ ਆਖ਼ਰੀ ਕਤਰੇ ਤੱਕ ਵਿਰੋਧ ਕਰਦਾ ਰਹਾਂਗਾ ।
ਮੈਂ ਭਾਰਤ ਦੀ ਜਨਤਾ ਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਪੰਜਾਬ ਦੇ ਲੋਕਾਂ ਨੂੰ ਕਿਸੇ ਵੀ ਤਰੀਕੇ ਨਾਲ, ਪੁਲਸ ਰਾਜ ਦੇ ਮਾਧਿਅਮ ਰਾਹੀਂ, ਬੰਦੂਕ ਦੀ ਨੋਕ ਤੇ ਨਹੀਂ ਜਿੱਤ ਸਕਦੇ । ਜਦੋਂ ਤੱਕ ਇਹ ਦੇਸ਼ ਆਪਣੇ ਦਿੱਤੇ ਗਏ ਵਾਅਦਿਆਂ ਨੂੰ ਪੂਰਾ ਨਹੀਂ ਕਰਦਾ ਉਦੋਂ ਤੱਕ ਪੰਜਾਬ ਦੇ ਲੋਕਾਂ ਦਾ ਭਰੋਸਾ ਨਹੀਂ ਜਿੱਤ ਸਕਦਾ । ਮੈਂ ਇਹ ਵੀ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਪੰਜਾਬ ਦੇ ਲੋਕ ਭਾਰਤ ਵਿਚ ਆਪਣਾ ਵਿਸ਼ਵਾਸ ਹਮੇਸ਼ਾ ਹੀ ਪਰਗਟ ਕਰਦੇ ਆਏ ਹਨ। ਪਰ ਹੁਣ ਇਸ ਭਰੋਸੇ ਨੂੰ ਪਰਗਟ ਕਰਨ ਲਈ ਆਪਣੀ ਪਹਿਲਾਂ ਦੀ ਸੋਚ ਤੇ ਪੁਨਰ ਵਿਚਾਰ ਕਰਨ ਦੇ ਮੋੜ ਤੇ ਖੜੇ ਹਨ । ਤੁਸੀਂ ਇਸ ਤਰ੍ਹਾਂ ਦੀ ਅਮਲੀ ਕਾਰਵਾਈ ਨ ਕਰੋ ਜਿਸ ਵਜ੍ਹਾ ਨਾਲ ......(ਦਖ਼ਲ ਅੰਦਾਜ਼ੀ)
......ਖੁਰਾਨਾ ਜੀ, ਤੁਹਾਨੂੰ ਬੋਲਣ ਦਾ ਮੌਕਾ ਮਿਲ ਚੁੱਕਿਆ ਹੈ ਹੁਣ ਤਹੱਮਲ ਨਾਲ ਮੈਨੂੰ ਸੁਣੋ । ਜਦੋਂ ਤੁਹਾਡੇ ਵਿੱਚ ਸਚਾਈ ਨੂੰ ਸਵੀਕਾਰ ਕਰਨ ਦਾ ਜਿਗਰਾ ਹੀ ਨਹੀਂ ਹੈ ਤਾਂ ਫਿਰ ਤੁਸੀਂ ਕਿਸੇ ਵੀ ਅਰਥ ਵਿਚ ਦੇਸ਼ ਦਾ ਭਲਾ ਨਹੀਂ ਕਰ ਸਕਦੇ। ਦੇਸ਼ ਦਾ ਭਲਾ ਇਸੇ ਵਿੱਚ ਹੈ ਕਿ ਅਸੀਂ ਸਚਾਈ ਨੂੰ, ਸੱਚ ਨੂੰ, ਦਿਲ ਤੋਂ ਅਤੇ ਭਰੋਸੇ ਨਾਲ ਸਵੀਕਾਰ ਕਰੀਏ ਪੰਜਾਬ ਵਿਚ ਅੱਜ ਜੋ ਲੋਕ ਸੰਘਰਸ਼ ਕਰ ਰਹੇ ਹਨ ਉਹ ਸਭ ਇਸ ਦੇਸ਼ ਦੇ ਓਨੇ ਹੀ ਸ਼ਹਿਰੀ ਹਨ ਜਿਤਨੇ ਤੁਸੀਂ ਸਾਰੇ ਅਤੇ ਅਸੀਂ ਸਾਰੇ ਜੋ ਇਸ ਸਭਾ ਵਿਚ ਬੈਠੇ ਹਾਂ । ਤੁਸੀਂ ਉਨ੍ਹਾਂ ਨੂੰ ਕਿਵੇਂ ਵਿਤਕਰੇ ਭਰਪੂਰ ਨਜ਼ਰ ਨਾਲ ਦੇਖ ਸਕਦੇ ਹੋ ? ਤੁਸੀਂ ਉਨ੍ਹਾਂ ਨੂੰ ਫਿਰ ਕਿਵੇਂ ਬੰਦੂਕ ਦੀ ਨਾਲ ਦੀ ਨੋਕ ਅੱਗੇ ਡਾਹ ਸਕਦੇ ਹੋ .........(ਦਖ਼ਲ ਅੰਦਾਜ਼ੀ)......।
ਅਗਰ ਤੁਸੀਂ ਪੰਜਾਬ ਵਿੱਚ ਪੁਲਸ ਨੂੰ ਪੂਰੀ ਖੁੱਲ੍ਹ ਦੇ ਸਕਦੇ ਹੋ ਤਾਂ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਸਾਨੂੰ ਵੀ ਜਿਊਣ ਦਾ ਉਨ੍ਹਾਂ ਹੀ ਹੱਕ ਹੈ ਜਿਨ੍ਹਾਂ ਬਾਕੀ ਸਾਰਿਆਂ ਨੂੰ ਹੈ। ਚੇਤਾ ਰੱਖੋ, ਇਕ ਬੱਕਰੀ ਨੂੰ ਵੀ ਜੇ ਬੁੱਚੜਖ਼ਾਨੇ ਵਿਚ ਬੰਨ੍ਹ ਦਿੱਤਾ ਜਾਵੇ ਤਾਂ ਉਹ ਬੱਕਰੀ ਵੀ ਕਸਾਈ ਦੀ ਛੁਰੀ ਅੱਗੇ ਸਿੰਗ ਮਾਰਦੀ ਹੈ। ਇਹ ਗੱਲ ਤੁਸੀਂ ਹਮੇਸ਼ਾ ਆਪੋ ਆਪਣੇ ਦਿਮਾਗਾਂ ਵਿੱਚ ਯਾਦ ਰੱਖੋ ?
ਹੁਣ ਪੰਜਾਬ ਵਿੱਚ ਕੋਈ ਵੀ ਸਮੱਸਿਆ ਜਿਵੇਂ ਪਾਣੀ ਜਾਂ ਭਾਸ਼ਾਈ ਇਲਾਕਿਆਂ ਦੀ ਸਮੱਸਿਆ, ਜਾਂ ਚੰਡੀਗੜ੍ਹ ਦੀ ਸਮੱਸਿਆ ਅਜਿਹੀਆਂ ਸਾਰੀਆਂ ਸਮੱਸਿਆਵਾਂ ਗੋਣ ਹੋ ਕੇ ਰਹਿ ਗਈਆਂ ਹਨ। ਪੰਜਾਬ ਵਿੱਚ ਇਸ ਸਮੇਂ ਪੰਜਾਬ ਦਾ ਸ਼ਹਿਰੀ ਇਸ ਦੇਸ਼ ਦਾ ਸ਼ਹਿਰੀ, ਆਪਣੇ ਵਿਧਾਨਿਕ ਹੱਕਾਂ ਲਈ ਜੂਝ ਰਿਹਾ ਹੈ ।
ਪੰਜਾਬ ਦਾ ਸ਼ਹਿਰੀ ਖ਼ੁਦ ਆਪਣੇ ਵਿਧਾਨ ਅਤੇ ਆਪਣੇ ਹੱਕਾਂ ਦੀ ਗਲ ਕਰ ਰਿਹਾ ਹੈ। ਜਦੋਂ ਤੱਕ ਤੁਸੀਂ ਇਹ ਪੂਰੀ ਨਹੀਂ ਕਰਦੇ ਉਦੋਂ ਤੱਕ ਪੰਜਾਬ ਵਿਚ ਕੋਈ ਵੀ ਹੱਲ ਕਦੇ ਵੀ ਨਹੀਂ ਹੋ ਸਕਦਾ ।
ਪੂਰੇ ਦੇ ਪੂਰੇ ਭਾਰਤ ਨੇ (ਪਾਲ ਜੋਜ਼ਫ਼ ਗੋਇਬਲਜ਼, ਅਡੋਲਫ਼ ਹਿਟਲਰ ਦਾ ਪ੍ਰਚਾਰ ਮੰਤਰੀ ਅਤੇ ਨਾਜ਼ੀ ਜਰਮਨ ਦਾ ਚਾਂਸਲਰ) "ਗੋਇਬਲਜ਼ਿਯਨ ਅਪਰੋਚ" ਅਪਨਾ ਲਈ ਹੈ (ਇਹ ਹਿਟਲਰੀ ਨੀਤੀ ਹੈ ਇਸ ਦਾ ਅਸੂਲ ਸੀ ਕਿ ਝੂਠ ਨੂੰ ਹਜ਼ਾਰ ਵਾਰ ਬੋਲੋ ਉਹ ਵੀ ਸੱਚ ਬਣ ਜਾਂਦਾ ਹੈ । ਇਸੇ ਸਿਧਾਂਤ ਦਾ ਨਾਮ ਪਿਆ ਗੋਇਬਲਜ਼ਿਯਨ ਅਪਰੋਚ) ਇਸ ਤਰੀਕੇ ਨਾਲ ਤੁਸੀਂ ਸਿੱਖ ਕੌਮ ਦਾ ਵਿਸ਼ਵਾਸ ਨਹੀਂ ਜਿੱਤ ਸਕਦੇ। ਅਤੇ ਤੁਸੀਂ ਲੋਕ ਸਾਨੂੰ ਆਪਣੇ ਤੋਂ ਲਗਾਤਾਰ ਦੂਰ ਕਰਦੇ ਜਾ ਰਹੇ ਹੋ । ਇਸ ਪਾਰਲੀਮੈਂਟ ਨੇ ਦੇਖਣਾ ਹੈ ਕਿ ਪੰਜਾਬ ਤੁਹਾਡੇ ਨੇੜੇ ਕਿਵੇਂ ਆ ਸਕਦਾ ਹੈ। ਹੁਣ ਤੁਸੀਂ ਜਿਤਨੇ ਸਾਡੇ ਨੇੜੇ ਆਉਗੇ, ਹੁਣ ਅਸੀਂ ਵੀ ਉਤਨੇ ਹੀ ਤੁਹਾਡੇ ਨੇੜੇ ਆਵਾਂਗੇ ।
ਮੈਂ ਪਾਰਲੀਮੈਂਟ ਰਾਹੀਂ ਪੂਰੇ ਦੇਸ਼ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਵਕਤ ਪੰਜਾਬ ਵਿਚ ਦੇਸ਼
ਦੀ 50 ਪ੍ਰਤਿਸ਼ਤ ਤੋਂ ਵੱਧ ਬੀ. ਐਸ. ਐਫ. 70 ਪ੍ਰਤਿਸ਼ਤ ਤੋਂ ਜ਼ਿਆਦਾ ਸੀ. ਆਰ. ਪੀ. ਐਫ. ਅਤੇ ਮਹਾਰਾਸ਼ਟਰ ਪੁਲਸ (ਪੰਜਾਬੀ ਦੀ ਪੀ.ਏ.ਪੀ. ਪੁਲਸ ਤੋਂ ਇਲਾਵਾ) ਕੰਮ ਕਰ ਰਹੀਆਂ ਹਨ । ਜਿਸ ਵੇਲੇ ਪੰਜਾਬ ਪੁਲਸ ਦੇ ਢਾਂਚੇ ਨੀਤੀ ਵਿਚ ਬਦਲਾ ਦੀ ਗੱਲ ਕੀਤੀ ਜਾਂਦੀ ਹੈ ਤਾਂ ਦਲੀਲ ਦਿੱਤੀ ਜਾਂਦੀ ਹੈ ਕਿ ਪੰਜਾਬ ਪੁਲਸ ਦਾ ਹੌਸਲਾ ਪਸਤ ਹੋ ਜਾਏਗਾ । ਡਿਮਾਰੇਲਾਈਜ਼ ਹੋ ਜਾਏਗੀ। ਮੈਂ ਸਰਕਾਰ ਨੂੰ ਅਤੇ ਪ੍ਰਧਾਨ ਮੰਤਰੀ ਜੀ ਨੂੰ ਕਹਿਣਾ ਚਾਹੁੰਦਾ ਹਾਂ ਕਿ ਜਿਸ ਫੋਰਸ ਵਿਚ ਆਚਰਨ ਹੀ ਨਾ ਹੋਏ (ਮਾਰਲ ਹੀ ਨਾ ਹੋਏ) ਉਹ ਫੋਰਸ ਫਿਰ ਡਿਮਾਰੇਲਾਈਜ਼ ਹੋਣ ਦਾ ਸਵਾਲ ਕਿਵੇਂ ਹੁੰਦਾ ਹੈ। ਉਹ ਤਾਂ ਪਹਿਲਾਂ ਹੀ ਆਚਰਨ ਹੀਣ ਹੈ । ਅਗਰ ਮਿਲਟਰੀ ਵਿੱਚ ਮਾਰਲ ਉੱਚਾ ਚੁੱਕਣ ਲਈ ਅਨੁਸ਼ਾਸਨ ਪੱਧਤੀ ਅਪਣਾਈ ਜਾਂਦੀ ਹੈ ਤਾਂ ਦੂਜੇ ਪਾਸੇ ਅਨੁਸ਼ਾਸਨਹੀਣਤਾ ਰਾਹੀਂ ਪੰਜਾਬ ਪੁਲਸ ਅਤੇ ਨੀਮ ਫ਼ੌਜੀ ਦਲਾਂ ਨੂੰ ਅਰਾਜਕ ਬਣਾਇਆ ਜਾ ਰਿਹਾ ਹੈ। ਜੋ ਅਰਾਜਕ ਬਣ ਚੁੱਕੇ ਨੇ ਉਨ੍ਹਾਂ ਨੂੰ ਤੁਸੀਂ ਫਿਰ ਤੁਸੀਂ ਆਚਰਨ ਸ਼ੀਲ ਕਿਵੇਂ ਕਹੋਗੇ ਉਹ ਤਾਂ ਪਹਿਲਾਂ ਹੀ ਆਚਰਨ ਤੋਂ, ਕਾਨੂੰਨ ਤੋਂ ਮਰਿਆਦਾ ਤੋਂ, ਡਿਗ ਚੁੱਕੇ ਹਨ ?
ਅਗਰ ਪੰਜਾਬ ਦੇ ਲੋਕਾਂ ਦਾ ਸਰਕਾਰ ਭਰੋਸਾ ਜਿਤਨਾ ਚਾਹੁੰਦੀ ਹੈ ਤਾਂ ਪਾਰਲੀਮੈਂਟ ਨੂੰ ਇਸੇ ਵਕਤ 1984 ਵਿੱਚ ਜੋ ਕੁਝ ਵੀ ਹੋਇਆ ਉਸ ਲਈ ਅਫ਼ਸੋਸ ਪ੍ਰਗਟ ਕਰਦੇ ਹੋਏ ਦੋ ਮਿੰਟ ਦਾ ਮੋਨ ਰੱਖਣਾ ਚਾਹੀਦਾ ਹੈ। ਅਗਰ ਪਾਰਲੀਮੈਂਟ ਪੰਜਾਬ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ ਤਾਂ ਅੱਜ ਪ੍ਰਧਾਨ ਮੰਤਰੀ ਨੂੰ ਹੁਣੇ ਇਸੇ ਵਕਤ ਪੰਜਾਬ ਵਿਚ ਚੋਣਾਂ ਕਰਾਉਣ ਦਾ ਐਲਾਨ ਕਰਨਾ ਚਾਹੀਦਾ ਹੈ । ਅਗਰ ਇਹ ਸਭਾ ਪੰਜਾਬ ਦੇ ਲੋਕਾਂ ਦਾ ਭਰੋਸਾ ਜਿੱਤਣਾ ਚਾਹੁੰਦੀ ਹੈ ਤਾਂ ਪੰਜਾਬ ਵਿੱਚ ਜਿੰਨੀਆਂ ਵੀ ਸਿੱਖ ਔਰਤਾਂ, ਸਿੱਖ ਨੌਜਵਾਨ, ਉੱਥੇ 250 ਤੋਂ ਜ਼ਿਆਦਾ ਸਿੱਖ ਔਰਤਾਂ ਗ੍ਰਿਫ਼ਤਾਰ ਹਨ ਅਤੇ ਉਨ੍ਹਾਂ ਤੇ ਕੇਸ ਦਰਜ ਹਨ । ਉਨ੍ਹਾਂ ਸਾਰਿਆ ਨੂੰ ਰਿਹਾ ਕਰਨ ਦਾ ਐਲਾਨ ਕੀਤਾ ਜਾਣਾ ਚਾਹੀਦਾ ਹੈ । ਅਗਰ ਸਰਕਾਰ ਪੰਜਾਬ ਦੇ ਲੋਕਾਂ ਦਾ ਭਰੋਸਾ ਜਿਤਨਾ ਚਾਹੁੰਦੀ ਹੈ ਤਾਂ ਤੁਹਾਨੂੰ ਸਿਵਲ ਪ੍ਰਸ਼ਾਸਨ ਤੇ, ਪੁਲਸ ਉੱਪਰ ਆਪਣੀ ਪਕੜ ਮਜ਼ਬੂਤ ਕਰਨ ਅਤੇ ਆਪਣੇ ਅਧਿਕਾਰ ਨੂੰ ਜਤਾਉਣ ਦਾ ਐਲਾਨ ਕਰਨਾ ਚਾਹੀਦਾ ਹੈ ।
ਸਪੀਕਰ ਸਾਹਿਬ, ਮੈਂ ਅਖੀਰ ਵਿਚ ਪਾਰਲੀਮੈਂਟ ਰਾਹੀਂ ਸਰਕਾਰ ਨੂੰ ਅਤੇ ਸਮੁੱਚੇ ਦੇਸ਼ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਹ ਅਮੈਂਡਮੈਂਟ ਇਸ ਦੇਸ਼ ਵਿਚ ਵੱਖਵਾਦ ਨੂੰ ਬੜ੍ਹਾਵਾ ਦੇਣ ਵਾਲੀ ਹੈ ।
ਮੈਂ ਤੁਹਾਡੇ ਰਾਹੀਂ ਸਮੁੱਚੇ ਦੇਸ਼ ਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਇਸ ਅਮੈਂਡਮੈਂਟ ਰਾਹੀਂ ਪੰਜਾਬ ਤੁਹਾਡੇ ਨੇੜੇ ਨਹੀਂ ਆਏਗਾ, ਸਗੋਂ ਉਹ ਹੋਰ ਦੂਰ ਹੋ ਜਾਏਗਾ । ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਲਹੂ ਦੇ ਆਖ਼ਰੀ ਕਤਰੇ ਤੱਕ ਇਸ ਅਮੈਂਡਮੈਂਟ ਦਾ ਵਿਰੋਧ ਕਰਦਾ ਹਾਂ । ਅਤੇ ;
ਮੈਂ ਆਪ ਤੋਂ ਪੰਜਾਬ ਦੇ ਲੋਕਾਂ ਵੱਲੋਂ; ਅਤੇ ਉਨ੍ਹਾਂ ਵੱਲੋਂ ਮੈਨੂੰ ਦਿੱਤੇ ਗਏ ਹੱਕਾਂ ਦੇ ਇਸਤੇਮਾਲ ਨਾਲ ਆਪਣੇ (ਵਿਧਾਨ ਅਤੇ ਆਪਣੇ ਨਿਸ਼ਾਨ) ਦੀ ਮੰਗ ਕਰਦਾ ਹਾਂ । ਅਗਰ ਤੁਸੀਂ ਸਾਨੂੰ ਇਹ ਨਹੀਂ ਦੇ ਸਕਦੇ ਤਾਂ ਸਾਨੂੰ ਉਹ ਰਸਤਾ ਅਖ਼ਤਿਆਰ ਕਰਨਾ ਪਏਗਾ ਜਿਸ ਦੇ ਰਾਹੀਂ ਅਸੀਂ ਆਪਣਾ ਹੱਕ ਹਾਸਿਲ ਕਰ ਸਕੀਏ। ਅੱਜ ਪੰਜਾਬ ਦੀ ਜਨਤਾ ਇਹੋ ਕਰ ਰਹੀ ਹੈ ।
ਅਗਰ ਤੁਸੀਂ ਕੋਈ ਹੱਲ ਲੱਭਣਾ ਹੈ ਤਾਂ ਤੁਹਾਨੂੰ ਉਨ੍ਹਾਂ ਨਾਲ ਗੱਲ ਕਰਨੀ ਹੋਏਗੀ ਜਿਨ੍ਹਾਂ ਕਰਕੇ ਇਹ ਸਮੱਸਿਆ ਪੈਦਾ ਹੋਈ ਹੈ । ਮੇਰੀ ਸਮਝ ਅਤੇ ਦੇਸ਼ ਦੀ ਸਮਝ ਤੋਂ ਪਰੇ ਦੀ ਗੱਲ ਹੈ ਕਿ ਤੁਸੀਂ ਜੁਝਾਰੂਆਂ ਨਾਲ ਗੱਲ ਕਰਨ ਤੋਂ ਕਿਉਂ ਕਤਰਾਉਂਦੇ ਹੋ । ਇਸ ਲਈ ਜਿਨ੍ਹਾਂ ਕਰਕੇ ਕੋਈ ਵੀ ਸਮੱਸਿਆ ਪੈਦਾ ਹੋਏ ਤੁਸੀਂ ਉਨ੍ਹਾਂ ਨੂੰ ਹੀ ਕਿਨਾਰੇ ਰੱਖ ਕੇ ਕੋਈ ਹੱਲ ਢੂੰਡਣ ਦੀ ਕੋਸ਼ਿਸ਼ ਕਰੋ ਤਾਂ ਇੰਜ ਕੋਈ ਵੀ ਹੱਲ ਸੰਭਵ ਨਹੀਂ ਹੁੰਦਾ । ਤੁਸੀਂ ਅਗਰ ਵਾਕੇ ਹੀ ਕੋਈ ਹੱਲ ਚਾਹੁੰਦੇ ਹੋ ਤਾਂ ਤੁਸੀਂ ਖੁੱਲ੍ਹੇ ਦਿਲ ਨਾਲ ਉਨ੍ਹਾਂ ਜੁਝਾਰੂ ਨੌਜਵਾਨਾਂ ਨੂੰ ਸੱਦੋ, ਗੱਲਬਾਤ ਕਰੋ ਤੇ ਉਨ੍ਹਾਂ ਦੀ ਰਾਜਨੀਤਕ ਲੀਡਰਸ਼ਿਪ ਨੂੰ ਸਵੀਕਾਰ ਕਰੋ ।
ਮੈਂ ਇਸ ਅਮੈਡਮੈਂਟ ਦਾ ਪੂਰੇ ਦਿਲ ਨਾਲ ਵਿਰੋਧ ਕਰਦੇ ਹੋਏ ਇਸ ਸਭਾ ਤੋਂ ਵਾਕਆਊਟ ਕਰਦਾ ਹਾਂ।
ਸ੍ਰੀ ਮਦਨ ਲਾਲ ਖੁਰਾਨਾ (ਦੱਖਣੀ ਦਿੱਲੀ) : ਮੇਰਾ ਪਵਾਇੰਟ ਆਫ਼ ਆਰਡਰ ਹੈ। ਇਸ ਸਦਨ ਦੇ ਅੰਦਰ ਜੋ ਕਿ ਭਾਰਤ ਦਾ ਸਰਵਉੱਚ ਸੰਸਥਾ ਹੈ : ਸੰਵਿਧਾਨਕ ਦਾਇਰੇ ਵਿਚ ਹੀ ਭਾਸ਼ਣ ਦਿੱਤੇ ਜਾ ਸਕਦੇ ਹਨ ਪਰੰਤੂ ਆਪਣੇ ਭਾਸ਼ਣ ਵਿਚ ਇਹ ਕਹਿਣਾ ਕਿ (ਅਲੱਗ ਵਿਧਾਨ ਅਲੱਗ ਨਿਸ਼ਾਨ ਸਾਨੂੰ ਚਾਹੀਦਾ ਹੈ)। ਅਜਿਹੀ ਗੱਲ ਨਹੀਂ ਕੀਤੀ ਜਾ ਸਕਦੀ ਅਤੇ ਕੀ ਇਹ ਕਾਰਵਾਈ ਵਿੱਚ ਆਉਣੀ ਚਾਹੀਦੀ ਹੈ ? ਆਉਣ ਵਾਲੀਆਂ ਪੀੜੀਆਂ ਵਿਚ ਇਸ ਦਾ ਕੀ ਪ੍ਰਭਾਵ ਪਏਗਾ ਜਦੋਂ ਉਹ ਦੇਖਣਗੀਆਂ ਕਿ ਇੱਥੇ ਅਲੱਗ ਵਿਧਾਨ ਅਲੱਗ ਨਿਸ਼ਾਨ ਦੀਆਂ ਮੰਗਾਂ ਕੀਤੀਆਂ ਜਾਂਦੀਆਂ ਹਨ ? ਇਸ ਲਈ ਅਸੀਂ ਤੁਹਾਡੀ ਰੂਲਿੰਗ ਚਾਹੁੰਦੇ ਹਾਂ ਕੀ ਅਜਿਹੀਆਂ ਗੱਲਾਂ ਨੂੰ ਅਲਾਉ ਕੀਤਾ ਜਾਣਾ ਚਾਹੀਦਾ ਹੈ ?
ਸ੍ਰੀ ਜਗਪਾਲ ਸਿੰਹੁ (ਹਰਿਦਵਾਰ) : ਜਦੋਂ ਤੁਸੀਂ ਹਿੰਦੂ ਰਾਸ਼ਟਰ ਦੀਆ ਗੱਲਾਂ ਕਰਦੇ ਹੋ ਤਾਂ ਕੀ ਉਹ ਠੀਕ ਹੈ ?
ਨੋਟ : (ਸ਼੍ਰੋਮਣੀ ਅਕਾਲੀ ਦਲ ਅਤੇ ਮਾਨ ਸਾਹਿਬ ਦੇ ਕਿਸੇ ਵੀ ਪ੍ਰਤੀਨਿਧ ਨੇ ਸ. ਅਤਿੰਦਰ ਪਾਲ ਸਿੰਘ ਦੀ ਇਸ ਮੰਗ ਦੀ ਹਿਮਾਇਤ ਨਹੀਂ ਕੀਤੀ , ਡਿਬੇਟ ਵਿੱਚ ਵੀ ਲੋੜ ਵੇਲੇ ਉਨ੍ਹਾਂ ਸਾਥ ਵੀ ਨਹੀਂ ਦਿੱਤਾ ਤੇ ਪੰਥ ਨੂੰ ਤੇ ਪੰਥ ਦੀ ਇਸ ਮੰਗ ਨੂੰ ਪਿੱਠ ਦਿਖਾ ਗਏ। ਇਨ੍ਹਾਂ ਨੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਰਾਹੀਂ ਪੁਲਸ ਤਾਨਾਸ਼ਾਹੀ ਵਾਲਾ ਜੰਗਲ ਰਾਜ ਪੰਜਾਬ ਵਿਚ ਜਾਰੀ ਰੱਖਣ ਦੀ ਹਿਮਾਇਤ ਕੀਤੀ ਤੇ ਇਸ ਦੇ ਪੱਖ ਵਿੱਚ ਵੋਟ ਪਾਈ। ਮੇਰੇ ਨਾਲ ਕਿਸੇ ਨੇ ਵੀ ਸਦਨ ਦਾ ਵਾਕਆਊਟ ਨਹੀਂ ਕੀਤਾ )
ਭਾਰਤੀ ਸੰਸਦੀ ਗਜ਼ਟ ਵਿੱਚ ਛਪੇ ਦਾ ਵੇਰਵਾ :
(Ref:Lok Sabha Gazette Vol. X contains No. 22 To 24 ) COLUMNS 79 - 82
#sikhbard
ਦਾਸ ਸਿੱਖ ਸੰਘਰਸ਼ ਨੂੰ ਮੰਜ਼ਿਲ ਤੱਕ ਲੈ ਕੇ ਜਾਣਾ ਚਾਹੁੰਦਾ ਸੀ ਤੇ ਇਹ ਲੋਕ ਸਿੱਖ ਸੰਘਰਸ਼ ਅਤੇ ਖਾੜਕੂਆਂ ਦਾ ਨਸਲ ਘਾਤ ਕਰਵਾ ਕੇ ਮੁਕਾ ਦੇਣ ਵਿਚ ਸਹਾਈ ਹੋ ਰਹੇ ਸਨ। ਬਦਕਿਸਮਤੀ ਨਾਲ ਸੰਸਾਰ ਭਰ ਦਾ ਸਿੱਖ ਵੀ ਇਨ੍ਹਾਂ ਦੀ ਹੀ ਪਿੱਠ ਤੇ ਸੀ ਤੇ ਅੱਜ ਵਾਂਗ ਹੀ ਸੱਚ ਦੀ ਆਵਾਜ਼ ਨੂੰ ਸੁਣਨ ਅਤੇ ਮੰਨਣ ਲਈ ਤਿਆਰ ਨਹੀਂ ਸੀ। ਨਤੀਜਾ ਹੁਣ ਸਿੱਖਾਂ ਦੇ ਸਾਹਮਣੇ ਹੈ ਪਰ ਸਿੱਖ ਕੀ ਕੁੱਝ ਸਮਝੇ ਅਤੇ ਸੰਭਲੇ ਹਨ ?
ਅਤਿੰਦਰ ਪਾਲ ਸਿੰਘ
ਅਤਿੰਦਰ ਪਾਲ ਸਿੰਘ ਖਾਲਸਤਾਨੀ
ਕੌਮ ਹੁਣ ਤਾਂ ਫ਼ੈਸਲਾ ਕਰੇ ਪੰਥਕ ਹਿਤ ਵਿਚ ਕੋਣ ਸੀ ?
Page Visitors: 2861