ਕੈਟੇਗਰੀ

ਤੁਹਾਡੀ ਰਾਇ

New Directory Entries


ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਸਰਹਿੰਦ ਕਿਸ਼ਤ ਪੰਜਵੀਂ (B)
ਲਹੂ-ਭਿੱਜੀ ਸਰਹਿੰਦ ਕਿਸ਼ਤ ਪੰਜਵੀਂ (B)
Page Visitors: 3010

ਲਹੂ-ਭਿੱਜੀ ਸਰਹਿੰਦ ਕਿਸ਼ਤ ਪੰਜਵੀਂ (B) 
   ਸਾਹਿਬਜਾਦਿਆਂ ਦੀਆਂ ਕਚਹਿਰੀ ਵਿੱਚ ਪੇਸ਼ੀਆਂ  (Chapter 5/7)
 ਨੋਟ:- ਲੜੀ ਜੋੜਣ ਲਈ  ਕਿਸ਼ਤ ਨੰ. 5 (A) ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)
ਸਾਹਿਬਜਾਦੇ, ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ ਕਿ ਅਸੀਂ ਬੁੱਤਾਂ ਨੂੰ ਪੂੱਜਣ ਵਾਲੇ ਨਹੀਂ ਤੇ ਨਾ ਹੀ ਬੁੱਤਾਂ ਨੂੰ ਤੋੜਣ ਵਾਲੇ ਹਾਂ। ਜਦੋਂ ਦਾ ਅਸੀਂ ਅੰਮ੍ਰਿਤਪਾਨ ਕੀਤਾ ਹੈ, ਸਾਡੇ ਅੰਦਰ ਵੈਰ, ਵਿਰੋਧ, ਦੂਈ-ਦਵੈਸ਼ ਵਾਲੀ ਭਾਵਨਾ ਪੂਰੀ ਤਰ੍ਹਾਂ ਖ਼ਤਮ ਹੋ ਗਈ ਹੈ।
ਅੱਜ ਸਾਡੇ ਵਿੱਚ ਬਹੁ-ਗਿਣਤੀ ਉਹਨਾਂ ਵੀਰਾਂ ਭੈਣਾਂ ਦੀ ਹੈ ਕਿ ਜਦੋਂ ਅੰਮ੍ਰਿਤ ਦੀ ਗੱਲ ਚਲਦੀ ਹੈ ਤਾਂ ਉਹ ਕਹਿੰਦੇ ਹਨ ਕਿ ਨਹੀਂ ਜੀ! ਅੰਮ੍ਰਿਤ ਦੀ ਕੀ ਲੋੜ ਹੈ। ਬਾਣੀ ਪੜ੍ਹਣੀ ਚਾਹੀਦੀ ਹੈ। ਅਸੀਂ ਗੁਰਦੁਆਰੇ ਵੀ ਜਾਂਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸੰਗਤ ਵੀ ਕਰਦੇ ਹਾਂ, ਜੇਕਰ ਅੰਮ੍ਰਿਤ ਨਹੀ ਛਕਿਆ ਤਾਂ ਕੀ ਗੱਲ ਹੈ। ਸਾਡਾ ਮਨ ਸਾਫ ਤਾਂ ਹੈ ਨਾ ਆਦਿ। ਪਰ ਕਲਗੀਧਰ ਪਾਤਸ਼ਾਹ ਦੇ ਬਚਨਾਂ ਨੂੰ ਯਾਦ ਰੱਖੋ। ਕਲਗੀਧਰ ਪਾਤਸ਼ਾਹ ਪਤਾ ਜੇ ਕੀ ਆਖਦੇ ਨੇ:
ਧਰੇ ਕੇਸ ਪਾਹੁਲ ਬਿਨਾ, ਭੇਖੀ ਮੂੜਾ ਸਿੱਖ।
ਮੇਰਾ ਦਰਸ਼ਨ ਨਾਹਿ ਤਿਸ, ਪਾਪੀ ਤਿਆਗੇ ਭਿੱਖ

ਇਹ ਗੁਰੂ ਕਲਗੀਧਰ ਪਾਤਸ਼ਾਹ ਦਾ ਬਚਨ ਹੈ ਕਿ ਅੰਮ੍ਰਿਤ ਤੋਂ ਬਿਨਾਂ ਕੇਸਾਧਾਰੀ ਸਿੱਖ ਭੇਖੀ ਹੈ ਤੇ ਉਸ ਨੂੰ ਮੇਰੇ ਦਰਸ਼ਨ ਨਹੀ ਹੋ ਸਕਦੇ। ਗੁਰੂ ਦੇ ਬਖ਼ਸ਼ੇ ਹੋਏ ਖੰਡੇ ਬਾਟੇ ਦੀ ਪਾਹੁਲ ਛਕਣ ਤੋਂ ਬਿਨਾਂ ਦਰਸ਼ਨ ਨਹੀਂ ਹੋ ਸਕਦੇ। ਹੁਣ ਦੱਸੋ! ਕੌਣ ਐਸਾ ਹੋਵੇਗਾ ਜੋ ਗੁਰੂ ਕਲਗੀਧਰ ਦੇ ਦਰਸ਼ਨ ਨਹੀ ਕਰਨਾ ਚਾਹੇਗਾ। ਕੌਣ ਗੁਰੂ ਕਲਗੀਧਰ ਤੋਂ ਦੂਰ ਰਹਿਣਾ ਚਾਹੇਗਾ, ਪਰ ਅਸੀਂ ਗੁਰੂ ਸਾਹਿਬ ਦੇ ਹੁਕਮ ਨੂੰ ਮੰਨਣ ਲਈ ਤਿਆਰ ਨਹੀਂ ਹਾਂ।
ਮੈਂ ਇਥੇ ਗੁਰੂ ਕਲਗੀਧਰ ਦੇ ਜੀਵਨ ਦੀ ਇੱਕ ਬਾਤ ਕਹਿਣੀ ਚਾਹਾਂਗਾ, ਬੜੀ ਕਮਾਲ ਦੀ ਬਾਤ ਹੈ। ਜਦੋਂ ਕਲਗੀਧਰ ਪਾਤਸ਼ਾਹ ਨੇ ਆਪ ਪੰਜ ਪਿਆਰਿਆਂ ਪਾਸੋਂ ਅੰਮ੍ਰਿਤ ਦੀ ਜਾਚਨਾ ਕੀਤੀ ਸੀ, ਉਸ ਸਮੇਂ ਉਨ੍ਹਾਂ ਤੇ ਕੋਈ ਦਬਾਅ ਨਹੀਂ ਸੀ, ਕੋਈ ਜਰੂਰੀ ਨਹੀ ਸੀ, ਜੇਕਰ ਉਹ ਆਪ ਅੰਮ੍ਰਿਤ ਦੀ ਦਾਤ ਨਾ ਵੀ ਲੈਂਦੇ ਤਾਂ ਵੀ ਕਲਗੀਧਰ ਦੀ ਮਹਿਮਾ ਨਹੀਂ ਸੀ ਘਟਾਈ ਜਾ ਸਕਦੀ।
ਪਰ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਦੀ ਜਾਚਨਾ ਕਿਉਂ ਕੀਤੀ?
ਕਿਉਂਕਿ ਕਲਗੀਧਰ ਪਾਤਸ਼ਾਹ ਨੂੰ ਸ਼ਾਇਦ ਇਹ ਵੀ ਪਤਾ ਸੀ ਕਿ ਆਉਣ ਵਾਲੇ ਸਮੇਂ ਦੇ ਸਿੱਖਾਂ ਨੇ ਕਹਿਣਾ ਹੈ ਕਿ ਮੈਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਹੈ। ਦੋਖੋ! ਕਲਗੀਧਰ ਪਾਤਸ਼ਾਹ ਨੇ ਆਪਣੇ ਆਪ ਨੂੰ ਅੰਮ੍ਰਿਤ ਤੋਂ ਪਾਸੇ ਨਹੀ ਰੱਖਿਆ। ਪੰਜ ਪਿਆਰਿਆਂ ਨੇ ਜਦੋਂ ਕਲਗੀਧਰ ਪਾਤਸ਼ਾਹ ਨੂੰ ਅੰਮ੍ਰਿਤ ਛਕਾਇਆ ਸੀ ਤਾਂ ਅੰਮ੍ਰਿਤ ਦੀ ਦਾਤ ਬਖ਼ਸ਼ਿਸ਼ ਕਰਦਿਆਂ 16 ਵਾਰ ਕਲਗੀਧਰ ਦੇ ਮੁਖਾਰਬਿੰਦ ਤੋਂ ਆਪਣੇ ਹੁਕਮ ਨਾਲ ਬੁਲਾਇਆ ਸੀ- “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕਾ ਫ਼ਤਹਿ”। ਤੇ ਕਲਗੀਧਰ ਪਾਤਸ਼ਾਹ ਨੇ ਪੰਜਾ ਪਿਆਰਿਆਂ ਦੇ ਸਾਹਮਣੇ ਸੀਸ ਝੁਕਾ ਕੇ 16 ਵਾਰ ਕਿਹਾ ਸੀ- “ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ”।
ਜਦੋਂ ਪੰਜ ਪਿਆਰਿਆਂ ਨੇ ਕਲਗੀਧਰ ਪਾਤਸ਼ਾਹ ਨੂੰ ਰਹਿਤਾਂ ਦ੍ਰਿੜ ਕਰਵਾਈਆਂ ਸਨ ਤਾਂ ਕਿਹਾ ਸੀ “ਪਾਤਸ਼ਾਹ! ਆਪ ਜੀ ਨੂੰ ਇੱਕ ਰਹਿਤ ਵਾਧੂ ਦੇਣੀ ਹੈ, ਕਲਗੀਧਰ ਪਾਤਸ਼ਾਹ! ਜਦੋਂ ਵੀ ਕਦੀ ਪੰਥ ਤੇ ਭੀੜ ਬਣੇ ਤਾਂ ਤੁਸੀਂ ਆਪ ਵੱਖਰੇ ਨਹੀ ਹੋਵੋਗੇ, ਆਪ ਖ਼ੁਦ ਪੰਥ ਦਾ ਹਿੱਸਾ ਹੋ ਕੇ ਵਿੱਚ ਹੋ ਕੇ ਲੜਿਉ। “ ਤਾਂ ਕਲਗੀਧਰ ਪਾਤਸ਼ਾਹ ਨੇ ਪੰਜ ਪਿਆਰਿਆਂ ਅੱਗੇ ਸੀਸ ਝੁਕਾ ਕੇ ਕਿਹਾ “ਜੋ ਆਪ ਜੀ ਦਾ ਹੁਕਮ ਹੈ, ਉਹ ਪਰਵਾਨ ਹੈ। “
ਦੇਖੋ! ਕਲਗੀਧਰ ਪਾਤਸ਼ਾਹ ਤਾਂ ਅੱਜ ਵੀ ਤਲਵਾਰ ਲੈ ਕੇ ਪੰਥ ਲਈ ਲੜਣ ਨੂੰ ਤਿਆਰ ਹਨ, ਪਰ ਅਸੀਂ ਪੰਥ ਦਾ ਹਿੱਸਾ ਬਨਣ ਨੂੰ ਤਿਆਰ ਨਹੀ ਹਾਂ। ਅਸੀਂ ਧਰਮ ਨੂੰ ਕੀ ਬਣਾਕੇ ਰੱਖ ਦਿੱਤਾ ਹੈ? ਅਸੀਂ ਅਸੀਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਆਪਸ ਵਿੱਚ ਹੀ ਲੜਣ ਲੱਗ ਪੈਂਦੇ ਹਾਂ, ਤਾਹਨੇ-ਮਿਹਨੇ, ਕੀ ਇਹ ਪੰਥ ਹੈ, ਇੰਨਾ ਫੋਕਾ ਕਟੜਵਾਦ।
ਹਾਂ! ਇਹ ਠੀਕ ਹੈ ਕਿ ਜਿੱਥੇ ਕੱਟੜਵਾਦ ਰਹਿਣਾ ਚਾਹੀਦਾ ਹੈ ਉਥੇ ਕੱਟੜਵਾਦ ਜਰੂਰ ਰੱਖੋ, ਜਿਵੇਂ ਕਿ ਸਿੱਖ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਹੋਰ ਅੱਗੇ ਸੀਸ ਨਹੀਂ ਝੁਕਾਉਣਾ ਤੇ ਕਿਸੇ ਹੋਰ ਨੂੰ ਗੁਰੂ ਨਹੀਂ ਮੰਨਣਾ, ਕੇਸ ਦਾੜ੍ਹੀ ਸਾਬਤ ਰਹਿਣੇ ਚਾਹੀਦੇ ਹਨ। ਇਥੇ ਕੋਈ ਸਮਝੌਤਾ ਨਹੀ ਹੋਣਾ ਚਾਹੀਦਾ, ਇਹ ਸਾਡਾ ਕਟੱੜਵਾਦ ਹਰ ਹਾਲਤ ਵਿੱਚ ਕਾਇਮ ਰਹਿਣਾ ਚਾਹੀਦਾ ਹੈ। ਸਿੱਖ ਨੇ ਪਰ-ਇਸਤਰੀ, ਪਰ-ਪੁਰਸ਼ ਗਾਮੀ ਨਹੀਂ ਹੋਣਾ, ਸਿੱਖ ਨੇ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਨਾ, ਇਹ ਸਾਡਾ ਜਰੂਰੀ ਕੱਟੜਵਾਦ ਹੈ। ਪਰ ਅਸੀਂ ਧਿਆਨ ਮਾਰੀਏ ਕਿ ਕਿੱਥੇ ਖੜੇ ਹਾਂ, ਇੱਕ ਕਵੀ ਲਿਖਦਾ ਹੈ:
ਕਿਸੇ ਨੇ ਬੰਨ੍ਹ ਲਈ ਸਾੜੀ, ਤਾਂ ਧਰਮ ਨੂੰ ਖ਼ਤਰਾ।
ਕਿਸੇ ਨੇ ਬੰਨ੍ਹ ਲਈ ਦਾੜ੍ਹੀ, ਤਾਂ ਧਰਮ ਨੂੰ ਖਤਰਾ।
ਧਰਮ ਨਾ ਹੋਇਆ, ਹੋ ਗਈ ਮੋਮਬੱਤੀ।
ਲੱਗੀ ਧੁੱਪ ਤੇ ਪਿਘਲ ਗਈ ਮੋਮਬੱਤੀ

ਭਗਤ ਪੂਰਨ ਸਿੰਘ ਪਿੰਗਲਵਾੜੇ ਵਾਲਿਆਂ ਦੇ ਜੀਵਨ ਨੂੰ ਸਿੱਖ ਨੀਤੀਆਂ ਦੇ ਪਰਥਾਏ ਅਤੇ ਉਹਨਾਂ ਦੇ ਖ਼ਿਆਲਾਂ ਨੂੰ ਨਿਰਪੱਖਤਾ ਨਾਲ ਵਾਚਣਾ, ਤਾਂ ਸਾਨੂੰ ਲੱਗੇਗਾ ਕਿ ਉਹ ਸਹੀ ਅਰਥਾਂ ਵਿੱਚ ਭਗਤ ਸਨ।
ਕੈਸੇ ਭਗਤ ਸਨ ਉਹ?
  ਜਦੋਂ 1947 ਵਿੱਚ ਪਾਕਿਸਤਾਨ ਵਿਚੋਂ ਕੋਈ ਗੱਡੇ ਭਰ ਕੇ ਸਮਾਨ ਲਿਆ ਰਿਹਾ ਸੀ, ਕੋਈ ਆਪਣਾ ਮਾਲ-ਅਸਬਾਬ ਘੋੜੇ ਲੱਦ ਕੇ ਲਿਆ ਰਿਹਾ ਸੀ। ਉਸ ਸਮੇਂ ਭਗਤ ਪੂਰਨ ਸਿੰਘ ਆਪਣਾ ਸਮਾਨ ਲੱਦ ਕੇ ਲਿਆ ਰਹੇ ਸਨ ਤੇ ਸਮਾਨ ਪਤਾ ਕੀ ਸੀ, ਆਪ ਹੈਰਾਨ ਹੋਵੇਗੇ ਕਿ ਭਗਤ ਪੂਰਨ ਸਿੰਘ ਜੀ ਆਪਣੇ ਨਾਲ ਇੱਕ ਵਿਅਕਤੀ ਜੋ ਕਿ ਪਿੰਗਲਾ ਸੀ ਤੇ ਉਸ ਦਾ ਨਾਮ ਸੀ ਪਿਆਰਾ ਸਿੰਘ, ਜਿਸ ਨੂੰ ਭਗਤ ਪੂਰਨ ਸਿੰਘ ਆਪਣੇ ਮੋਢਿਆਂ ਤੇ ਚੁੱਕ ਲਿਆਏ ਸਨ। ਇਹ ਸਨ ਭਗਤ ਪੂਰਨ ਸਿੰਘ ਜੀ। ਜਦੋਂ ਪਿੰਗਲੇ (ਪਿਆਰਾ ਸਿੰਘ) ਨੂੰ ਭਗਤ ਪੂਰਨ ਸਿੰਘ ਜੀ ਨੇ ਨਹਾ-ਧੁਆ ਕੇ ਘਰ ਲਿਆਂਦਾ ਤਾਂ ਭਗਤ ਜੀ ਦੀ ਮਾਤਾ ਮਹਿਤਾਬ ਕੌਰ ਨੇ ਕਿਹਾ “ਪੁੱਤਰ! ਹੁਣ ਤੂੰ ਇਸ ਪਿੰਗਲੇ ਨੂੰ ਸਾਂਭ ਰਿਹਾ ਏਂ, ਪਰ ਜਦੋਂ ਤੇਰਾ ਵਿਆਹ ਹੋ ਜਾਵੇਗਾ, ਤੇਰੇ ਆਪਣੇ ਬੱਚੇ ਹੋਣਗੇ ਫਿਰ ਕੌਣ ਸਾਂਭੇਗਾ? “ ਭਗਤ ਜੀ ਨੇ ਅੱਗੋ ਮਾਤਾ ਜੀ ਨੂੰ ਪਤਾ ਕੀ ਉੱਤਰ ਦਿੱਤਾ “ਮਾਂ! ਇਸ ਦੀ ਸੇਵਾ ਲਈ ਮੈਂ ਵਿਆਹ ਹੀ ਨਹੀ ਕਰਵਾਵਾਂਗਾ। “ ਮਾਂ ਜਾਣਦੀ ਹੈ ਕਿ ਮੇਰਾ ਇਕੋ ਇੱਕ ਪੁੱਤਰ ਹੈ ਤੇ ਜੇਕਰ ਇਸ ਨੇ ਵਿਆਹ ਨਾ ਕਰਵਾਇਆ ਤਾਂ ਅੱਗੇ ਕੁਲ ਨਹੀ ਚਲੇਗੀ, ਪਰ ਮਾਂ ਪਿਆਰ ਵਿੱਚ ਭਿੱਜੀ ਹੋਈ, ਗੁਰੂ ਬਖ਼ਸ਼ਿਸ਼ ਨਾਲ ਆਖਦੀ ਹੈ, “ਪੁੱਤਰਾ! ਅੱਜ ਮੇਰੀ ਕੁਖ ਸਫਲੀ ਹੋ ਗਈ ਹੈ। “ ਤੇ ਇਹ ਸਚਾਈ ਵੀ ਹੈ ਕਿ ਭਗਤ ਪੂਰਨ ਸਿੰਘ ਜੀ ਨੇ ਆਪਣੀ ਮਾਂ ਦੀ ਕੁਖ ਵੀ ਸਫਲੀ ਕਰ ਦਿੱਤੀ।
ਭਗਤ ਪੂਰਨ ਸਿੰਘ ਜੀ ਨੇ ਇੱਕ ਬਚਨ ਕਿਹਾ ਸੀ ਕਿ “ਸਿੱਖ ਬੀਬੀਆਂ ਦਾ ਪਹਿਰਾਵਾ ਉਹਨਾਂ ਦੀ ਸੁਰਖਿਆ ਦਾ ਜਾਮਨ ਹੈ। “ ਅੱਜ ਜਦੋਂ ਸਾਡੀ ਭੈਣ, ਕਿਸੇ ਬੀਬੀ ਨੇ ਸਿੱਖੀ ਦਾ ਸੁੱਚਜਾ ਪਹਿਰਾਵਾ ਪਾਇਆ ਹੋਵੇਗਾ ਤਾਂ ਦੁਨੀਆਂ ਦੀ ਕੋਈ ਮੈਲੀ ਨਜ਼ਰ ਉਸ ਵੱਲ ਨਹੀ ਉਠ ਸਕੇਗੀ ਅਤੇ ਜਦੋਂ ਸਿਰਫ ਦਿਖਾਵੇ ਮਾਤਰ ਫੈਸ਼ਨਾਂ ਵੱਲ ਪਏ ਹੋਵਾਂਗੇ ਤਾਂ ਦੁਨੀਆਂ ਦੀਆਂ ਪਾੜਵੀਆਂ ਨਜ਼ਰਾਂ ਸਾਡੇ ਵੱਲ ਵੀ ਬੁਰੇ ਰੂਪ ਵਿੱਚ ਤੱਕਣਗੀਆਂ। ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਉਪਦੇਸ਼ ਭੁੱਲ ਗਏ।
ਬਾਬਾ ਹੋਰੁ ਪੈਨਣੁ ਖੁਸੀ ਖੁਆਰੁ।।
ਜਿਤੁ ਪੈਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ
।। (ਸਿਰੀਰਾਗ ਮਹਲਾ ੧-੧੬)
ਜਿਸ ਪਹਿਰਾਵੇ ਨੂੰ ਵੇਖ ਕੇ ਮਨ ਵਿੱਚ ਵਿਕਾਰ ਪੈਦਾ ਹੋਵਣ, ਉਹ ਪਹਿਰਾਵਾ ਗੁਰੂ ਨਾਨਕ ਦੀ ਸਿੱਖਿਆ ਅਨੁਸਾਰ ਨਹੀਂ ਹੋ ਸਕਦਾ। ਹੁਣ ਇਹ ਗੱਲ ਨਹੀਂ ਸਮਝ ਲੈਣੀ ਕਿ ਇਹਨਾਂ ਅੱਖਾਂ ਨਾਲ ਕੁੱਝ ਵੇਖਣਾ ਹੀ ਨਹੀਂ ਹੈ, ਵੇਖੋ! ਪਰ ਕਿਸ ਤਰ੍ਹਾਂ? ਇਸ ਤਰ੍ਹਾਂ ਕਿ ਸਾਡੇ ਮੂੰਹ ਵਿਚੋਂ ਆਪ ਮੁਹਾਰੇ ਇਹ ਨਿਕਲੇ ਕਿ “ਵਾਹ ਮੇਰੇ ਸਾਹਿਬਾ ਵਾਹ” ਤੂੰ ਇਸ ਸੰਸਾਰ ਵਿੱਚ ਕਿੰਨੀ ਸੁੰਦਰਤਾ ਪੈਦਾ ਕੀਤੀ ਹੈ ਤੇ ਮਨ ਵਿਚੋਂ ਇਹੀ ਨਿਕਲੇ:
ਬਲਿਹਾਰੀ ਕੁਦਰਤਿ ਵਸਿਆ।। ਤੇਰਾ ਅੰਤ ਨ ਜਾਈ ਲਖਿਆ।। (ਸਲੋਕ ਮਹਲਾ ੧-੪ ੬੯)
ਇਸ ਤਰਾਂ ਦੀ ਸਾਡੀ ਜੀਵਨ ਜਾਚ ਬਣ ਜਾਵੇ। ਮਾਂ ਗੁਜਰੀ ਜੀ ਦੀ ਇਹ ਸਿੱਖਿਆ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਬੱਚਿਓ! ਯਾਦ ਰੱਖਿਉ ਕਿ ਤੁਸੀਂ ਗੁਰੂ ਨਾਨਕ ਦੇ ਸਿੱਖ ਹੋ। ਭਰੀ ਕਚਿਹਰੀ ਵਿੱਚ ਸਾਹਿਬਜਾਦੇ, ਵਜ਼ੀਰ ਖ਼ਾਂ ਨੂੰ ਕਹਿ ਰਹੇ ਹਨ:
ਕਰ ਲੇ ਮੁਕਾਬਲਾ ਤੂੰ ਜ਼ਰਾ ਅਪਨੇ ਸ਼ਾਹ ਸੇ।
ਪਾਪੀ ਹੈ ਵਹੁ ਤੋ ਹਮ ਹੈਂ ਬਰੀ ਹਰ ਗੁਨਾਹ ਸੇ

ਜ਼ਰਾ ਆਪਣੇ ਸ਼ਹਿਨਸ਼ਾਹ ਔਰੰਗਜੇਬ ਨਾਲ ਸਾਡਾ ਮੁਕਾਬਲਾ ਤਾਂ ਕਰ, ਉਸ ਦੇ ਜੀਵਨ ਵਿੱਚ ਪਾਪ ਹੀ ਪਾਪ ਦਿਖਾਈ ਦੇਣਗੇ ਤੇ ਸਾਡੇ ਜੀਵਨ ਵਿੱਚ ਗੁਣ ਹੀ ਗੁਣ ਦਿਖਾਈ ਦੇਣਗੇ।
ਉਸ ਨੇ ਫ਼ਰੇਬ ਖੇਲਾ ਥਾ ਪੁਸ਼ਤੇ-ਪਨਾਹ ਸੇ।
ਮਰਨੇ ਪਿਤਾ ਕੇ ਵਾਸਤੇ ਹਮ ਆਏ ਚਾਹ ਸੇ

ਤੇਰੇ ਬਾਦਸ਼ਾਹ ਨੇ ਹਰ ਇੱਕ ਨਾਲ ਧੋਖਾ ਹੀ ਧੋਖਾ ਕੀਤਾ ਹੈ। ਝੂਠੀਆਂ ਕਸਮਾਂ ਹੀ ਖਾਧੀਆਂ ਨੇ, ਬਾਦਸ਼ਾਹ ਔਰੰਗਜੇਬ ਝੂਠਾ ਹੈ, ਧੋਖੇਬਾਜ਼ ਹੈ, ਫ਼ਰੇਬੀ ਹੈ, ਬੇਈਮਾਨ ਹੈ, ਪਰ ਅਸੀਂ ਇਥੇ ਆਪਣੇ ਗੁਰੂ ਪਿਤਾ ਦੇ ਪਾਏ ਪੂਰਨਿਆਂ ਤੇ ਚਲਦਿਆਂ ਆਏ ਹਾਂ। ਕਿਹੜੇ ਪੂਰਨੇ?
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰ ਧਰਿ ਤਲੀ ਗਲੀ ਮੇਰੀ ਆੳ।।
ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।
। (ਸਲੋਕ ਮਹਲਾ ੧-੧੪੧੨)
ਵਜ਼ੀਰ ਖ਼ਾਂ ਅਸੀਂ ਉਸ ਗੁਰੂ ਨਾਨਕ ਦੇ ਪਾਏ ਪੂਰਨਿਆਂ ਤੇ ਚਲਦਿਆਂ ਚਲਦਿਆਂ ਤੇਰੇ ਪਾਸ ਪਹੁੰਚੇ ਹਾਂ।
ਕਾਮ ਇਸ ਨੇ ਭਾਈਯੋਂ ਸੇ ਕੀਆ ਥਾ ਯਜ਼ੀਦ ਕਾ।
ਦਾਰਾ ਕਾ ਹੈ, ਮੁਰਾਦ ਕਾ ਰੁਤਬਾ ਸ਼ਹੀਦ ਕਾ

ਇਹ ਨਾਮ ਔਰੰਗਜੇਬ ਦੇ ਭਰਾਵਾਂ ਦੇ ਆਏ ਹਨ ਜਿਨ੍ਹਾਂ ਨੂੰ ਕਤਲ ਕਰਕੇ ਔਰੰਗਜੇਬ ਨੇ ਤਖ਼ਤ ਤੇ ਕਬਜਾ ਕਰ ਲਿਆ ਸੀ। ਸਾਹਿਬਜਾਦੇ ਵਜ਼ੀਰ ਖ਼ਾਂ ਦੇ ਸਾਹਮਣੇ ਨਿਡਰਤਾ ਨਾਲ ਇਹ ਆਖ ਰਹੇ ਹਨ ਕਿ ਆਪਣੀ ਮਾਂ ਦੇ ਜਾਇਆਂ ਦਾ ਆਪਣੇ ਭਰਾਵਾਂ ਦੇ ਕਤਲ ਕਰਨ ਵਾਲਾ ਤੇਰਾ ਸ਼ਹਿਨਸ਼ਾਹ ਕਿੰਨਾ ਕੁ ਇਮਾਨਦਾਰ ਹੋ ਸਕਦਾ ਹੈ।
ਹੁਣ ਕਲਗੀਧਰ ਦੇ ਲਾਡਲੇ ਆਪਣੀ ਮਨ ਦੀ ਇੱਛਾ ਵਜ਼ੀਰ ਖ਼ਾਂ ਨੂੰ ਦੱਸਦੇ ਹੋਏ ਕੀ ਆਖਦੇ ਹਨ? ਵਜ਼ੀਰ ਖ਼ਾਂ ਤੂੰ ਸਾਨੂੰ ਲਾਲਚ ਤੇ ਡਰਾਵੇਂ ਦੇ ਰਿਹਾ ਏਂ, ਪਰ ਸਾਡੇ ਮਨ ਵਿੱਚ ਕੀ ਹੈ?
ਮੈਂ ਇਥੇ ਇੱਕ ਗੱਲ ਕਹਾਂ ਕਿ ਵਜ਼ੀਰ ਖ਼ਾਂ ਨੇ ਲਾਡਲਿਆਂ ਨੂੰ ਪਹਿਲਾਂ ਪਿਆਰ, ਫਿਰ ਲਾਲਚ, ਫਿਰ ਡਰਾਵੇ ਵੀ ਦਿੱਤੇ। ਕੈਸੇ ਲਾਲਚ ਤੇ ਕੈਸੇ ਡਰਾਵੇ ਦਿੱਤੇ ਤੇ ਲਾਲਾਂ ਨੇ ਅੱਗੋ ਜਵਾਬ ਕੀ ਦਿੱਤੇ।
ਬੜੇ ਬਾ-ਕਮਾਲ ਜਵਾਬ ਨੇ ਬੱਚਿਆਂ ਦੇ, ਜ਼ਰਾ ਧਿਆਨ ਦੇਣਾ:
ਵਜ਼ੀਰ ਖ਼ਾਂ ਨੇ ਆਪਣੀ ਕਚਹਿਰੀ ਵਿੱਚ ਤਿੱਖਿਆਂ ਦੰਦਿਆਂ ਵਾਲਾ ਆਰਾ ਲਿਆ ਕੇ ਰੱਖਿਆ। ਇੱਕ ਲੋਹ ਲਿਆ ਕੇ ਲਾਲ ਸੁਰਖ ਕੀਤੀ ਤੇ ਇੱਕ ਦੇਗ ਪਾਣੀ ਦੀ ਉਬਾਲ ਕੇ ਰੱਖੀ। ਵਜ਼ੀਰ ਖ਼ਾਂ ਸਾਹਿਬਜਾਦਾ ਜ਼ੋਰਾਵਰ ਸਿੰਘ ਨੂੰ ਆਖਦਾ ਹੈ “ਬੇਟੇ ਜ਼ੋਰਾਵਰ ਸਿੰਘ! ਆਹ ਆਰੇ ਦੇ ਦੰਦੇ ਕਿੰਨੇ ਤਿੱਖੇ ਹਨ, ਇਸ ਆਰੇ ਨਾਲ ਦੋ ਫਾੜ ਕਰ ਦਿਆਂਗਾ” ਇਹ ਸੁਣ ਕੇ ਸਾਹਿਬ ਜ਼ੋਰਾਵਰ ਸਿੰਘ ਨੇ ਜਵਾਬ ਦਿੱਤਾ “ਵਜ਼ੀਰ ਖ਼ਾਂ! ਇਹਨਾਂ ਆਰਿਆਂ ਦਾ ਤਿੱਖਾਪਨ ਭਾਈ ਮਤੀ ਦਾਸ ਨੇ ਪਹਿਲਾਂ ਹੀ ਦੇਖ ਲਿਆ ਹੈ। “ ਹੁਣ ਵਜ਼ੀਰ ਖ਼ਾਂ ਨੇ ਛੇ ਸਾਲ ਦੀ ਆਰਜ਼ਾ ਵਾਲੇ ਬਾਬਾ ਫ਼ਤਹਿ ਸਿੰਘ ਨੂੰ ਕਿਹਾ, “ਫ਼ਤਹਿ ਸਿੰਘ! ਆਹ ਤਪਦੀ ਹੋਈ ਲੋਹ ਵਲ ਝਾਤੀ ਮਾਰ ਲੈ ਇਸ ਲੋਹ ਤੇ ਤੈਨੁੰ ਮੱਛੀ ਵਾਂਗ ਭੁੰਨ ਦਿਆਂਗਾ। “ ਸਾਹਿਬ ਫ਼ਤਹਿ ਸਿੰਘ ਨੇ ਅਗੋ ਜਵਾਬ ਦਿੱਤਾ “ਇਸ ਤੱਤੀ ਲੋਹ ਦੀ ਤਪਸ਼ ਨੂੰ ਸਾਡੇ ਲੱਕੜ ਦਾਦੇ ਗੁਰੂ ਅਰਜਨ ਪਾਤਸ਼ਾਹ  ਨੇ ਪਹਿਲਾਂ ਹੀ ਦੇਖ ਲਿਆ ਹੈ। “ਵਜ਼ੀਰ ਖ਼ਾਂ ਫਿਰ ਬਾਬਾ ਜ਼ੋਰਾਵਰ ਸਿੰਘ ਵੱਲ ਵੇਖ ਕੇ ਕਹਿੰਦਾ ਹੈ “ਜ਼ੋਰਾਵਰ ਸਿੰਘ! ਆਹ ਉਬਲਦੀ ਹੋਈ ਦੇਗ ਵਾਲਾ ਦੇਖ, ਇਸ ਵਿੱਚ ਮੈਂ ਤੈਨੂੰ ਆਲੂਆਂ ਵਾਂਗ ਉਬਾਲ ਦਿਆਂਗਾ। “ ਲਾਡਲੇ ਜ਼ੋਰਾਵਰ ਸਿੰਘ ਕਹਿਣ ਲੱਗੇ “ਵਜ਼ੀਰ ਖ਼ਾਂ! ਭਾਈ ਦਿਆਲਾ ਜੀ ਨੇ ਇਸ ਦੇਗ ਵਿੱਚ ਪਹਿਲਾਂ ਹੀ ਉਬਾਲ ਖਾ ਕੇ ਦੇਖ ਲਿਆ ਹੈ। “
ਇਹ ਸਨ ਕਲਗੀਧਰ ਦੇ ਲਾਡਲਿਆਂ ਦੇ ਜਵਾਬ।
ਵਜ਼ੀਰ ਖ਼ਾਂ ਫਿਰ ਕਹਿਣ ਲੱਗਾ “ਉਏ! ਤੁਹਾਡਾ ਪਿਤਾ ਮਾਰ ਦਿੱਤਾ ਗਿਆ ਹੈ, ਤੁਹਾਡੇ ਭਰਾ ਵੀ ਮਾਰ ਦਿੱਤੇ ਗਏ ਹਨ, ਹੁਣ ਤੁਹਾਡੀ ਬਾਂਹ ਫੜਣ ਵਾਲਾ ਕੋਈ ਵੀ ਨਹੀ ਹੈ। “ ਜਦੋਂ ਵਜ਼ੀਰ ਖ਼ਾਂ ਨੇ ਇਹ ਕਿਹਾ ਕਿ ਤੁਹਾਡਾ ਪਿਤਾ ਮਾਰ ਦਿੱਤਾ ਗਿਆ ਤਾਂ ਸਾਹਿਬਜਾਦੇ ਬੋਲ ਉਠੇ “ਐ ਵਜ਼ੀਰ ਖ਼ਾਂ! ਜ਼ਰਾ ਜਬਾਨ ਸੰਭਾਲ ਕੇ ਬੋਲ, ਤੂੰ ਕੀ ਬੋਲ ਰਿਹਾ ਹੈਂ। ਅਜੇ ਤੱਕ ਮਾਂ ਨੇ ਉਹ ਸੂਰਮਾ ਪੈਦਾ ਹੀ ਨਹੀ ਕੀਤਾ, ਜਿਹੜਾ ਸਾਡੇ ਪਿਤਾ ਨੂੰ ਮਾਰ ਸਕਦਾ ਹੋਵੇ, ਅਜੇ ਤੱਕ ਉਹ ਸ਼ਸਤਰ ਹੀ ਨਹੀਂ ਬਣਿਆ ਜੋ ਸਾਡੇ ਪਿਤਾ ਨੂੰ ਮਾਰ ਸਕਦਾ ਹੋਵੇ। ਜ਼ਰਾ ਜਬਾਨ ਨੁੰ ਸੰਭਾਲ ਕੇ ਗੱਲ ਕਰ। “
ਜਦੋਂ ਵਜੀਰ ਖ਼ਾਂ ਨੇ ਇਹ ਸਭ ਕੁੱਝ ਸੁØਣਿਆ ਤਾਂ ਕਹਿੰਦਾ “ਬੱਚਿਉ! ਚਲੇ ਜਾਉ ਆਪਣੀ ਦਾਦੀ ਮਾਂ ਦੇ ਕੋਲ, ਜਾ ਕੇ ਆਪਣੀ ਦਾਦੀ ਨਾਲ ਸਲਾਹ ਕਰ ਲੈਣਾ, ਕਿਉਂ ਐਵੇਂ ਆਪਣੀਆਂ ਕੀਮਤੀ ਜਾਨਾਂ ਵਿਅਰਥ ਗੁਆਉਂਦੇ ਹੋ। “
ਸਾਹਿਬਜਾਦੇ ਆਪਣੀ ਦਾਦੀ ਮਾਂ ਦੇ ਕੋਲ ਚਲੇ ਗਏ। ਹੁਣ ਦਾਦੀ ਮਾਂ ਦੇ ਕੋਲ ਆ ਕੇ ਸਾਹਿਬਜਾਦਿਆਂ ਨੇ ਸਾਰੇ ਦਿਨ ਦੀ ਵਾਰਤਾਲਾਪ ਸੁਣਾ ਦਿੱਤੀ। ਦਾਦੀ ਮਾਂ ਨੇ ਬੱਚਿਆਂ ਨੂੰ ਘੁਟ ਕੇ ਗਲਵੱਕੜੀ ਵਿੱਚ ਲੈ ਲਿਆ, ਪਿਆਰ ਭਰੀ ਸ਼ਾਬਾਸ਼ ਦਿੱਤੀ ਤੇ ਆਖਿਆ “ਸ਼ਾਬਾਸ਼! ਤੁਸੀਂ ਆਪਣੇ ਪਿਤਾ, ਆਪਣੇ ਦਾਦੇ ਤੇ ਆਪਣੇ ਗੁਰੂ ਨਾਨਕ ਦੀ ਰੱਖ ਵਿਖਾਈ ਹੈ। ਸ਼ਾਬਾਸ਼! ਬੱਚਿਉ ਸ਼ਾਬਾਸ਼! ਕਲ੍ਹ ਨੂੰ ਤੁਹਾਨੂੰ ਇਸ ਨਾਲੋ ਵੀ ਜਿਆਦਾ ਲਾਲਚ ਤੇ ਡਰਾਵੇ ਦਿੱਤੇ ਜਾਣਗੇ, ਪਰ ਤੁਸੀਂ ਡੋਲਣਾ ਨਹੀਂ। “ ਉਸ ਸਮੇਂ ਕਲੀਗੀਧਰ ਦੇ ਲਾਡਲਿਆਂ ਨੇ ਮਾਂ ਗੁਜਰੀ ਨੂੰ ਕਿਹਾ:
ਧੰਨਯ ਭਾਗ ਹਮਰੇ ਹੈਂ ਮਾਈ।
ਧਰਮ ਹੇਤ ਤਨ ਜੇਕਰ ਜਾਈ
। (ਪੰਥ ਪ੍ਰਕਾਸ਼-ਗਿ: ਗਿਆਨ ਸਿੰਘ)
ਹਮਰੇ ਬੰਸ ਰੀਤਿ ਇਮ ਆਈ।
ਸੀਸ ਦੇਤਿ ਪਰ ਧਰਮ ਨ ਜਾਈ
। (ਗੁਰ ਪ੍ਰਤਾਪ ਸੂਰਜ-੬: ੫੨)
ਦਾਦੀ ਮਾਂ! ਅਸੀਂ ਉਸ ਖਾਨਦਾਨ ਦੇ ਵਾਰਿਸ ਹਾਂ, ਜਿਸ ਖ਼ਾਨਦਾਨ ਦੇ ਵਿੱਚ ਤਾਂ ਸੀਸ ਤਾਂ ਦਿੱਤਾ ਜਾ ਸਕਦਾ ਹੈ, ਪਰ ਧਰਮ ਨਹੀ ਤਿਆਗਿਆ ਜਾ ਸਕਦਾ।
ਦੂਸਰੇ ਦਿਨ ਵੀ ਜਦੋਂ ਦਾਦੀ ਮਾਂ ਦੇ ਕੋਲੋਂ ਸਾਹਿਬਜਾਦਿਆਂ ਨੂੰ ਸਿਪਾਹੀ ਲੈਣ ਆਏ ਤਾਂ ਦਾਦੀ ਮਾਂ ਨੇ ਬੱਚਿਆਂ ਨੂੰ ਫਿਰ ਦ੍ਰਿੜ ਕਰਵਾ ਕੇ ਤੋਰਿਆ ਹੈ-
ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ।
ਬੱਚਿਉ! ਯਾਦ ਰੱਖਣਾ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਦੇ ਪੋਤਰੇ ਹੋ

===========
(ਚਲਦਾ …. .)
-
ਸੁਖਜੀਤ ਸਿੰਘ, ਕਪੂਰਥਲਾ

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.