ਲਹੂ-ਭਿੱਜੀ ਸਰਹਿੰਦ ਕਿਸ਼ਤ ਛੇਵੀਂ
ਸੁੱਚਾ ਨੰਦ ਵਲੋਂ ਵਜ਼ੀਰ ਖ਼ਾਂ ਨੂੰ ਭੜਕਾਉਣਾ
(Chapter 6/7)
ਨੋਟ:- ਲੜੀ ਜੋੜਣ ਲਈ ਕਿਸ਼ਤ ਨੰ. 5 (B) ਪੜ੍ਹੋ (ਸੁਖਜੀਤ ਸਿੰਘ ਕਪੂਰਥਲਾ)
ਇਤਨੇ ਮੇਂ ਸੁੱਚਾ ਨੰਦ ਵੁਹ ਦੀਵਾਨਿ-ਨਾਬਕਾਰ।
ਝੁੰਝਲਾ ਕੇ ਬੋਲਾ ਹਾਏ ਵੁਹ ਸ਼ੈਤਾਨਿ-ਨਾਬਕਾਰ।
ਸੁੱਚਾ ਨੰਦ ਸ਼ੈਤਾਨ ਬਿਰਤੀ ਦਾ ਮਾਲਕ ਸੋਚਦਾ ਹੈ ਕਿ ਮੈਂ ਤਾਂ ਹੋਰ ਖੇਡ ਖੇਡ ਰਿਹਾ ਹਾਂ, ਪਰ ਇਥੇ ਤਾਂ ਸਭ ਕੁੱਝ ਹੀ ਖ਼ਤਮ ਹੋ ਰਿਹਾ ਹੈ, ਇਸ ਤਰ੍ਹਾਂ ਇਹ ਖੇਡ ਹੁਣ ਸ਼ਿਖਰ ਤੇ ਕਿਸ ਤਰ੍ਹਾਂ ਜਾਵੇਗੀ? ਸੁੱਚਾ ਨੰਦ ਆਪਣੀ ਚਾਲ ਨੂੰ ਕਿਵੇਂ ਚਲਦਾ ਹੈ ਤੇ ਵਜ਼ੀਰ ਖ਼ਾਂ ਨੂੰ ਸੰਬੋਧਨ ਹੋ ਕੇ ਕੀ ਕਹਿੰਦਾ ਹੈ?
ਕਯਾ ਖੂਬ ਹੈ ਨਵਾਬ ਭੀ ਬਾਤੋਂ ਮੇਂ ਆ ਗਏ।
ਉਸ ਬੁਤ-ਸ਼ਿਕਨ ਕੇ ਬੱਚੋਂ ਕੀ ਘਾਤੋ ਮੇ ਆ ਗਏ।
ਸਰਦਾਰ ਹੋ ਕੇ ਆਪ ਭੀ ਲਾਤੋਂ ਮੇ ਆ ਗਏ।
ਸੰਭਲੋ ਕਹੀਂ ਜੁ ਉਨ ਕੇ ਹਾਥੋਂ ਮੇਂ ਆ ਗਏ।
ਗੁਰੂ ਕਲਗੀਧਰ ਪਿਤਾ ਬੁੱਤਾਂ ਨੂੰ ਤੋੜਨ ਵਾਲਾ ਇਹ ਕੰਮ ਨਹੀਂ ਕਰਦੇ ਕਿਉਂਕਿ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਹੀ ਨਹੀਂ ਹੈ।
ਵੇਖਿਉ! ਕਿਧਰੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਅਸੂਲਾਂ ਨੂੰ ਪੜ੍ਹ ਕੇ, ਕਿਵੇਂ ਲੜਾਈ ਦੇ ਮੈਦਾਨ ਵਿੱਚ ਵੀ ਅਸੂਲਾਂ ਦਾ ਪੱਲਾ ਨਹੀਂ ਛਡਣਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਸੂਰਮਿਆਂ ਨੂੰ ਸੱਤ ਅਸੂਲ ਦ੍ਰਿੜ ਕਰਵਾਏ ਹੋਏ ਸਨ। ਉਹ ਸੱਤ ਅਸੂਲ ਕਿਹੜੇ ਸਨ?
ਪਹਿਲਾ- ਡਿੱਗ ਪਏ
ਦੂਸਰਾ-ਹਥਿਆਰ ਹੀਨ
ਤੀਸਰਾ-ਇਸਤਰੀ
ਚੌਥਾ- ਬਾਲਕ
ਪੰਜਵਾਂ- ਬਿਰਧ
ਛੇਵਾਂ-ਰੋਗੀ
ਸਤਵਾਂ- ਸ਼ਰਨਾਗਤ (ਸ਼ਰਨ ਵਿੱਚ ਆਏ)
ਇਨ੍ਹਾਂ ਉਪਰ ਜੰਗ ਦੇ ਮੈਦਾਨ ਵਿੱਚ ਵੀ ਹਮਲਾ ਨਹੀਂ ਕਰਨਾ। ਪਾਤਸ਼ਾਹ ਨੇ ਇਹ ਸੱਤ ਅਸੂਲ ਆਪਣੇ ਸੂਰਮਿਆਂ ਦੇ ਜ਼ਹਿਨ ਵਿੱਚ ਵਸਾਏ ਹੋਏ ਸਨ। ਮੀਰੀ-ਪੀਰੀ ਦੇ ਮਾਲਕ ਕਹਿੰਦੇ ਸਨ ਕਿ “ਇਹਨਾਂ ਸੱਤਾਂ ਵਿਚੋਂ ਕਿਸੇ ਤੇ ਵੀ ਹਮਲਾ ਕਰਨ ਵਾਲੇ ਦਾ ਸਭ ਤੇਜ਼ ਪ੍ਰਤਾਪ ਨਸ਼ਟ ਹੋ ਜਾਂਦਾ ਹੈ। “
ਸੁੱਚਾ ਨੰਦ ਵਜ਼ੀਰ ਖ਼ਾਂ ਨੂੰ ਇਹ ਗੱਲ ਕਹਿ ਰਿਹਾ ਹੈ ਕਿ ਕਲਗੀਧਰ ਬੁੱਤ ਸ਼ਿਕਨ (ਬੁੱਤਾਂ ਨੂੰ ਤੋੜਨ ਵਾਲਾ) ਹਨ। ਉਹ ਕਲਗੀਧਰ ਜਿਹੜੇ ਆਪਣੇ ਤੀਰਾਂ ਨੂੰ ਸੋਨਾ ਲਗਾ ਕੇ ਚਲਾਉਂਦੇ ਹਨ, ਕਲਗੀਧਰ ਤਾਂ ਉਸੇ ਸੋਨੇ ਰਾਹੀਂ ਵੈਰੀ ਦੇ ਵੀ ਕਫ਼ਨ/ ਦਵਾ ਦਾਰੂ ਦਾ ਪ੍ਰਬੰਧ ਕਰਨ ਵਾਲੇ ਹਨ। ਸੁੱਚਾ ਨੰਦ ਚਲਾਕੀ ਦੇ ਨਾਲ ਆਪਣੀ ਵਿਉਂਤ ਨੂੰ ਨੇਪਰੇ ਲਾਉਣ ਦਾ ਯਤਨ ਕਰ ਰਿਹਾ ਹੈ ਤੇ ਵਜ਼ੀਰ ਖ਼ਾਂ ਨੂੰ ਕਹਿੰਦਾ ਹੈ:
ਕਯਾ ਖੂਬ ਹੈ ਨਵਾਬ ਭੀ ਬਾਤੋਂ ਮੇਂ ਆ ਗਏ।
ਉਸ ਬੁਤ-ਸ਼ਿਕਨ ਕੇ ਬੱਚੋਂ ਕੀ ਘਾਤੋ ਮੇ ਆ ਗਏ।
ਸਰਦਾਰ ਹੋ ਕੇ ਆਪ ਭੀ ਲਾਤੋਂ ਮੇ ਆ ਗਏ।
ਸੰਭਲੋ ਕਹੀਂ ਜੁ ਉਨ ਕੇ ਹਾਥੋਂ ਮੇਂ ਆ ਗਏ।
ਕਹਿੰਦਾ “ਐ ਵਜ਼ੀਰ ਖ਼ਾਂ! ਤੂੰ ਤਾਂ ਸਰਹਿੰਦ ਦਾ ਸਰਦਾਰ ਏਂ, ਆਪਣੇ ਆਪ ਨੂੰ ਸੰਭਾਲ, ਮੈਨੂੰ ਤਾਂ ਲੱਗ ਰਿਹਾ ਹੈ ਕਿ ਤੂੰ ਆਹ ਛੋਟੇ-ਛੋਟੇ ਬਾਲਾਂ ਦੀਆਂ ਗੱਲਾਂ ਵਿੱਚ ਆਣ ਕੇ ਇਹਨਾਂ ਦਾ ਹੀ ਪੱਖ ਕਰਨ ਲੱਗ ਪਿਆ ਏਂ, ਵਾਹ ਵਜ਼ੀਰ ਖ਼ਾਂ ਵਾਹ! ਸੰਭਾਲ ਆਪਣੇ ਆਪ ਨੂੰ। “
ਕਹਤੇ ਹੈਂ ਯਿਹ ਬੁਰਾ ਸ਼ਾਹੇ-ਹਿੰਦੁਸਤਾਨ ਕੋ।
ਤੁਮ ਦੇਖਤੇ ਹੋ ਰਹਿਮ ਸੇ ਕਯੋਂ ਇਨ ਕੀ ਜਾਨ ਕੋ।
ਵਜ਼ੀਰ ਖ਼ਾਂ ਤੂੰ ਸੁਣਿਆ ਨਹੀ, ਇਹ ਸ਼ਹਿਨਸ਼ਾਹ ਔਰੰਗਜੇਬ ਨੂੰ ਬੁਰਾ ਭਲਾ ਕਹਿ ਰਹੇ ਨੇ।
ਮੈਂ ਬੇਨਤੀ ਕਰ ਦਿਆਂ ਕਿ ਬੁਰਾ ਭਲਾ ਉਹ ਹੁੰਦਾ ਹੈ ਜੋ ਝੂਠ ਬੋਲਿਆ ਗਿਆ ਹੋਵੇ, ਇਥੇ ਸਾਹਿਬਜਾਦਿਆਂ ਨੇ ਔਰੰਗਜੇਬ ਪ੍ਰਤੀ ਕੋਈ ਵੀ ਝੂਠਾ ਸ਼ਬਦ ਨਹੀਂ ਬੋਲਿਆ।
ਤੇ ਵਜ਼ੀਰ ਖ਼ਾਂ ਨੂੰ ਸੁੱਚਾ ਨੰਦ ਹੁਣ ਕਿਵੇਂ ਭੜਕਾ ਰਿਹਾ ਹੈ?
ਖੈਂਚੋ ਜ਼ਬਾਨੇ ਬਰ-ਸਰੇ-ਦਰਬਾਰ ਐਸੋਂ ਕੀ।
ਮੇਰਾ ਜੋ ਬਸ ਚਲੇ ਹੈ ਸਜ਼ਾਵਾਰ ਐਸੋਂ ਕੀ।
ਕਹਿੰਦਾ ਹੈ ਕਿ ਮੇਰਾ ਵੱਸ ਚੱਲੇ ਤਾਂ ਮੈਂ ਇਹਨਾਂ ਦੀਆਂ ਜ਼ਬਾਨਾਂ ਨੂੰ ਖਿੱਚ ਲਵਾਂ।
ਦਿਲੀ ਮੇਂ ਜੋ ਰਪਟ ਸੁਨੇ ਸਰਕਾਰ ਐਸੋਂ ਕੀ।
ਨਾਹਕ ਕੋ ਹਮ ਪਿ ਆ ਪੜੇ ਫਿਟਕਾਰ ਐਸੋਂ ਕੀ।
ਤਕਦੀਰ ਫਿਰ ਗਈ ਹੈ ਤੋ ਕੁਛ ਅਪਨਾ ਬਸ ਨਹੀਂ।
ਇਨ ਪਰ ਦੁਹਾਈ ਰਾਮ ਕੀ ਖਾਨਾ ਤਰਸ ਨਹੀਂ।
ਦੇਖੋ! ਸੁੱਚਾ ਨੰਦ, ਵਜ਼ੀਰ ਖ਼ਾਂ ਨੂੰ ਧਮਕੀ ਦਿੰਦਾ ਹੋਇਆ ਕਹਿ ਰਿਹਾ ਹੈ ਕਿ ਐ ਵਜ਼ੀਰ ਖ਼ਾਂ! ਜੇਕਰ ਔਰੰਗਜੇਬ ਨੂੰ ਦਿੱਲੀ ਵਿੱਚ ਇਨ੍ਹਾਂ ਸਭ ਗੱਲਾਂ ਦਾ ਪਤਾ ਲਗ ਗਿਆ ਤਾਂ ਗਲਤੀ ਇਹਨਾਂ ਬੱਚਿਆਂ ਦੀ ਹੈ, ਪਰ ਸਜ਼ਾ ਆਪਾਂ ਸਾਰਿਆਂ ਨੂੰ ਭੁਗਤਣੀ ਪੈਣੀ ਹੈ। ਤੂੰ ਇਹ ਕੀ ਕਰ ਰਿਹਾ ਏਂ? ਵੇਖੋ! ਧਮਕੀ ਵੀ ਦੇ ਰਿਹਾ ਏ ਤੇ ਖ਼ੁਸ਼ਾਮਦ ਵੀ ਕਰ ਰਿਹਾ ਏ।
ਅੱਗੇ ਸੁੱਚਾ ਨੰਦ ਕਹਿੰਦਾ ਹੈ ਕਿ ਵਜ਼ੀਰ ਖ਼ਾਂ! ਜੇਕਰ ਹੁਣ ਤੇਰੀ ਤਕਦੀਰ ਹੀ ਮਾੜੀ ਹੈ ਤਾਂ ਮੈਂ ਕੀ ਕਰ ਸਕਦਾ ਹਾਂ। ਤੇਰੀ ਤਾਂ ਕਿਸਮਤ ਹੀ ਮਾੜੀ ਹੈ। ਮੈਂ ਤੈਨੂੰ ਆਪਣੇ ਰਾਮ ਦਾ ਵਾਸਤਾ ਪਾ ਕੇ ਕਹਿੰਦਾ ਹਾਂ ਕਿ ਤੂੰ ਇਹਨਾਂ ਤੇ ਤਰਸ ਨਾ ਕਰੀਂ।
ਖ਼ਿਆਲ ਕਰਿਉ! ਇਥੇ ਸੁੱਚਾ ਨੰਦ, ਵਜ਼ੀਰ ਖ਼ਾਂ ਨੂੰ ਮਰਿਆਦਾ ਪਰਸ਼ੋਤਮ ਸ੍ਰੀ ਰਾਮ ਚੰਦਰ ਦਾ ਵਾਸਤਾ ਪਾ ਕੇ ਬੱਚਿਆਂ ਤੇ ਜ਼ੁਲਮ ਕਰਨ ਦੀ ਸਿਫਾਰਸ਼ ਕਰ ਰਿਹਾ ਹੈ। ਇਹਨਾਂ ਗੱਲਾਂ ਤੋ ਸੁਭਾਵਿਕ ਹੀ ਪਤਾ ਲੱਗ ਜਾਂਦਾ ਹੈ ਕਿ ਸੁੱਚਾ ਨੰਦ ਕਿੰਨਾ ਧਰਮੀ ਹੋਵੇਗਾ, ਜਿਹੜਾ ਜਬਰ-ਜ਼ੁਲਮ ਕਰਨ ਲਈ ਸ੍ਰੀ ਰਾਮ ਦਾ ਵਾਸਤਾ ਵੀ ਪਾ ਰਿਹਾ ਹੈ।
ਹੁਣ ਦੇਖੋ, ਉਹ ਵਜ਼ੀਰ ਖ਼ਾਂ ਨੂੰ ਕਿੰਨੀ ਕਮਾਲ ਨਾਲ ਧਮਕੀ ਦੇ ਰਿਹਾ ਹੈ:
ਵਜ਼ੀਰ ਖ਼ਾਂ! ਇਹ ਨਾ ਹੋਵੇ ਕਿ ਤੈਨੂੰ ਇਹਨਾਂ ਤੇ ਤਰਸ ਕਰ ਕੇ ਤਖ਼ਤ ਤੋਂ ਤਖਤੇ (ਰਾਜ ਗੱਦੀ ਤੋਂ ਫ਼ਾਂਸੀ) ਤੇ ਜਾਣਾ ਪਵੇ ਤੇ ਤੇਰੀ ਜਾਨ ਦੇ ਦੁਸ਼ਮਣ ਤੇਰੇ ਆਪਣੇ ਹੀ ਦੋਸਤ ਬਣ ਜਾਣ।
ਤੁਮ ਆਲੀ-ਖਾਨਦਾਂ ਹੋ, ਸ਼ਰੀਫੋ-ਨਜੀਬ ਹੋ।
ਦੇਖੋ ਬਚਾ ਰਹਾ ਹੂੰ ਗੜ੍ਹੇ ਕੇ ਕਰੀਬ ਹੋ।
ਕਯੋਂ ਰਹਿਮ ਕਰਕੇ ਲੇਤੇ ਹੋ ਦੋਜ਼ਖ਼ ਜਹਾਨ ਮੇਂ।
ਜੋੜੇ ਹੂਏ ਹੈਂ ਤੀਰ ਮੁੱਕਦਸ ਕਮਾਨ ਮੇਂ।
ਸੁੱਚਾ ਨੰਦ ਖ਼ੁਸ਼ਾਮਦ ਦੇ ਲਹਿਜੇ ਵਿੱਚ ਆ ਕੇ ਵਜ਼ੀਰ ਖ਼ਾਂ ਨੂੰ ਕਹਿ ਰਿਹਾ ਹੈ ਕਿ ਤੂੰ ਉੱਚੇ ਖ਼ਾਨਦਾਨ ਦਾ ਹੈਂ ਤੇ ਡੂੰਘੀ ਖੱਡ ਵਿੱਚ ਡਿੱਗ ਰਿਹਾ ਹੈਂ, ਪਰ ਮੈਂ ਤੈਨੂੰ ਬਚਾਉਣ ਦਾ ਯਤਨ ਕਰ ਰਿਹਾ ਹਾਂ। ਵਜ਼ੀਰ ਖ਼ਾਂ! ਤੂੰ ਮੇਰੇ ਤੇ ਸ਼ੱਕ ਨਾ ਕਰ, ਮੈਂ ਤੇਰੀ ਮਦਦ ਕਰ ਰਿਹਾ ਹਾਂ ਤੂੰ ਮੇਰੀ ਗੱਲ ਮੰਨ ਲੈ। ਕਿਉਂ ਇਹਨਾਂ ਤੇ ਰਹਿਮ ਕਰ ਕੇ ਆਪਣੀ ਜਾਨ ਦਾ ਆਪ ਹੀ ਵੈਰੀ ਬਣ ਰਿਹਾ ਏਂ। ਜੇਕਰ ਤੂੰ ਇਹਨਾਂ ਤੇ ਤਰਸ ਕਰ ਲਿਆ ਤਾਂ ਬਾਦਸ਼ਾਹ ਔਰੰਗਜੇਬ ਨੇ ਆਪਣੀ ਕਮਾਨ ਵਿੱਚ ਤੀਰ ਤਿਆਰ ਰੱਖੇ ਹੋਏ ਨੇ, ਉਹ ਤੈਨੂੰ ਤੀਰਾਂ ਵਿੱਚ ਪਰੋ ਕੋ ਰੱਖ ਦੇਵੇਗਾ।
ਮਨਜ਼ੂਰ ਜਬ ਕਿ ਸਾਂਪ ਕਾ ਸਰ ਭੀ ਹੈ ਤੋੜਨਾ।
ਬੇਜਾ ਹੈ ਫਿਰ ਤੋ ਬੱਚਾ-ਏ-ਅਫ਼ਈ ਕੋ ਛੋੜਨਾ।
“ਬੱਚਾ-ਏ-ਅਫ਼ਈ” ਸੱਪ ਦੇ ਬੱਚੇ (ਸਪੋਲੀਏ) ਨੂੰ ਕਿਹਾ ਜਾਂਦਾ ਹੈ। ਕਹਿੰਦਾ ਹੈ ਕਿ ਵਜ਼ੀਰ ਖ਼ਾਂ ਤੂੰ ਸੱਪ ਨੂੰ (ਗੁਰੂ ਗੋਬਿੰਦ ਸਿੰਘ) ਤਾਂ ਮਾਰਨਾ ਚਾਹੁੰਦਾ ਏਂ, ਪਰ ਸੱਪ ਦੇ ਬੱਚਿਆਂ ਤੇ ਤਰਸ ਕਰ ਰਿਹਾ ਏਂ। ਇਹ ਕਿਥੋਂ ਦੀ ਸਿਆਨਪ ਹੈ? ਸੱਪ ਨਾਲ ਵੈਰ ਕਮਾ ਰਿਹਾ ਏਂ, ਪਰ ਸਪੋਲੀਆਂ ਤੇ ਤਰਸ ਕਰ ਰਿਹਾ ਏਂ।
ਦੇਖੋ! ਸੁੱਚਾ ਨੰਦ, ਗੁਰੂ ਗੋਬਿੰਦ ਸਿੰਘ ਜੀ ਨੂੰ ਸੱਪ ਤੇ ਸਾਹਿਬਜਾਦਿਆਂ ਨੂੰ ਸਪੋਲੀਏ ਕਹਿ ਰਿਹਾ ਹੈ। ਕਹਿੰਦਾ ਹੈ ਕਿ ਇਹ ਸੱਪ ਦੇ ਬੱਚੇ ਸਪੋਲੀਏ ਵੱਡੇ ਹੋ ਕੇ ਸੱਪ ਹੀ ਬਣਨਗੇ, ਇਸ ਲਈ ਇਹਨਾਂ ਦੇ ਸਿਰ ਹੁਣੇ ਹੀ ਫੇਹ ਦੇਣੇ ਚਾੀਦੇ ਹਨ।
ਦਸਵੇਂ ਗੁਰੂ ਕਾ ਹੈ ਜੋ ਖ਼ਜ਼ਾਨਾ ਬਟੋਰਨਾ।
ਬੱਚੋਂ ਕੀ ਪਹਲੇ ਬਾਪ ਸੇ ਗਰਦਨ ਮਰੋੜਨਾ।
ਸੁੱਚਾ ਨੰਦ ਬੇ-ਰੋਕ, ਬੇ-ਟੋਕ, ਨਵਾਬ ਵਜ਼ੀਰ ਖ਼ਾਂ ਨੂੰ ਇਹ ਗੱਲਾਂ ਕਹਿ ਰਿਹਾ ਹੈ ਕਿ ਤੂੰ ਢੰਡੋਰਾ ਪਿਟਵਾਇਆ ਹੈ ਕਿ ਦਸਵੇਂ ਗੁਰੂ ਦਾ ਖ਼ਜਾਨਾ ਸਰਕਾਰੀ ਖ਼ਜਾਨੇ ਵਿੱਚ ਜਮ੍ਹਾਂ ਕਰਵਾਇਆ ਜਾਵੇ ਤੇ ਜੇਕਰ ਤੂੰ ਖ਼ਜਾਨਾ ਹਾਸਲ ਕਰਨਾ ਚਾਹੁੰਦਾ ਏਂ ਤੇ ਇਹਨਾਂ ਬਾਲਾਂ ਦੀਆਂ ਧੌਣਾਂ ਮਰੋੜ ਦੇ। ਦਸਵੇਂ ਗੁਰੂ ਨੇ ਤੇਰੇ ਪਤਾ ਨਹੀਂ ਕਾਬੂ ਆਉਣਾ ਹੈ ਕਿ ਨਹੀਂ ਆਉਣਾ। ਪਰ ਇਹ ਤਾਂ ਤੇਰੇ ਹੱਥ ਆਏ ਹੋਏ ਨੇ, ਤੂੰ ਕਮਲਾ ਨਾ ਬਣ ਤੂੰ ਇਹਨਾਂ ਦੀਆਂ ਚਲਾਕੀਆਂ ਵਿੱਚ ਆ ਕੇ ਇਹਨਾਂ ਤੇ ਤਰਸ ਨਾ ਕਰ, ਮੇਰੀ ਗੱਲ ਮੰਨ ਲੈ, ਸਿਆਣਪ ਤੋਂ ਕੰਮ ਲੈ।
ਨਾਜਿਮ ਥਾ ਇਸ ਲਅੀਨ ਕੀ ਬਾਤੋਂ ਮੇਂ ਆ ਗਯਾ।
ਬੇਮਿਹਰ, ਬੇਧਰਮ, ਕੀ ਥਾ ਘਾਤੋਂ ਮੇਂ ਆ ਗਯਾ।
ਹੁਣ ਸ਼ੈਤਾਨ, ਬੇਈਮਾਨ, ਬੇਧਰਮੀ, ਸੁੱਚਾ ਨੰਦ ਦੀਆਂ ਗੱਲਾਂ ਵਿੱਚ ਨਵਾਬ ਵਜ਼ੀਰ ਖ਼ਾਂ ਆ ਹੀ ਗਿਆ।
ਸੁੱਚਾ ਨੰਦ ਨੇ ਕਿਵੇਂ-ਕਿਵੇਂ ਦੀਆਂ ਚਾਲਾਂ ਚੱਲ ਕੇ ਵਜ਼ੀਰ ਖ਼ਾਂ ਨੂੰ ਭੜਕਾਇਆ ਹੈ। ਨਿਰਣਾ ਤੁਸੀਂ ਆਪ ਕਰ ਸਕਦੇ ਹੋ।
ਇੱਕ ਕਵੀ ਜਿਸ ਦਾ ਨਾਮ “ਦਾਨ ਸਿੰਘ ਕੋਮਲ” ਹੈ। ਉਸ ਨੇ ਸੁੱਚਾ ਨੰਦ ਅਤੇ ਸਾਹਿਬਜਾਦਾ ਫ਼ਤਹਿ ਸਿੰਘ ਦੇ ਸਵਾਲ-ਜਵਾਬ ਨੂੰ ਬੜੇ ਹੀ ਵਧੀਆ ਢੰਗ ਨਾਲ ਲਿਖਿਆ ਹੈ। ਜ਼ਰਾ ਦੇਖਿਉ ਕਿ ਚਲਾਕ ਸੁੱਚਾ ਨੰਦ ਦੇ ਸਵਾਲਾਂ ਦੇ ਜਵਾਬ ਛੇ ਸਾਲਾਂ ਦੇ ਬਾਲਕ ਬਾਬਾ ਫ਼ਤਹਿ ਸਿੰਘ ਕਿੰਨੀਆਂ ਵਧੀਆ ਦਲੀਲਾਂ ਨਾਲ ਦੇ ਰਹੇ ਹਨ:
ਸੁੱਚਾ ਨੰਦ ਦਾ ਸੁਝਾਅ ਹੈ-
ਸੂਬਾ ਤੁਸਾਂ ਤੇ ਬੜਾ ਦਿਆਲ ਹੋਇਆ, ਕਿਉਂ ਨਹੀਂ ਸਮੇਂ ਦਾ ਫ਼ਾਇਦਾ ਉਠਾ ਲੈਂਦੇ?
ਦੋਵੇਂ ਦੀਨ ਇਸਲਾਮ ਕਬੂਲ ਕਰ ਕੇ, ਕਿਉਂ ਨਹੀਂ ਕੀਮਤੀ ਜਾਨਾਂ ਬਚਾਅ ਲੈਂਦੇ?
ਇਹ ਸੁੱਚਾ ਨੰਦ ਕਹਿ ਰਿਹਾ ਹੈ ਕਿ ਬੱਚਿਉ! ਤੁਸੀਂ ਦੀਨ ਇਸਲਾਮ ਕਬੂਲ ਕਰ ਕੇ ਸੂਬੇ ਦੀ ਮਿਹਰ ਭਰੀ ਨਜ਼ਰ ਦਾ ਫ਼ਾਇਦਾ ਉਠਾ ਲਵੋ। ਮੁਸਲਮਾਨ ਬਣ ਜਾਵੋ ਤੇ ਆਪਣੀਆਂ ਕੀਮਤੀ ਜਾਨਾਂ ਬਚਾਅ ਲਉ। ਸਾਹਿਬਜਾਦਾ ਬਾਬਾ ਫ਼ਤਹਿ ਸਿੰਘ, ਸੁੱਚਾ ਨੰਦ ਦੀਆਂ ਇਹ ਮੋਮੋ-ਠੱਗਣੀਆਂ ਗੱਲਾਂ ਸੁਣ ਕੇ ਅੱਗੋਂ ਉਸ ਦੇ ਲਹਿਜੇ ਵਿੱਚ ਜਵਾਬ ਕੀ ਦਿੰਦੇ ਹਨ?
ਹਿੰਦੂ ਜਾਤੀ ਨੂੰ ਤੂੰ ਕਲੰਕ ਲਗੈਂ, ਝੂਠੇ ਲਾਲਚਾਂ ਵਿੱਚ ਗਲਤਾਨ ਹੋ ਕੇ।
ਕਿਉਂ ਨਹੀਂ ਆਪ ਤੂੰ ਫ਼ਾਇਦਾ ਉਠਾ ਲੈਂਦਾ, ਧਰਮ ਛੱਡ ਕੇ ਤੇ ਮੁਸਲਮਾਨ ਹੋ ਕੇ।
ਬਾਬਾ ਫ਼ਤਹਿ ਸਿੰਘ ਜੀ, ਸੁੱਚਾ ਨੰਦ ਨੂੰ ਜਵਾਬ ਦੇ ਰਹੇ ਹਨ ਕਿ ਤੂੰ ਸਾਨੂੰ ਜੋ ਕਹਿੰਦਾ ਏਂ, ਪਹਿਲਾਂ ਤੂੰ ਆਪ ਮੁਸਲਮਾਨ ਬਣ ਕੇ ਇਹ ਸਭ ਫ਼ਾਇਦਾ ਕਿਉਂ ਨਹੀਂ ਉਠਾ ਲੈਂਦਾ। ਅੱਗੇ ਬਾਬਾ ਫ਼ਤਹਿ ਸਿੰਘ ਹੋਰ ਕਹਿ ਰਹੇ ਹਨ:
ਸਾਡੇ ਸਿਰ ਤੇ ਹੱਥ ਪਰਮਾਤਮਾ ਦਾ, ਅਸਾਂ ਵੇਖਿਐ, ਅੰਤਰ ਧਿਆਨ ਹੋ ਕੇ।
ਇਹਨਾਂ ਜਾਨਾਂ ਤੋਂ ਕੀਮਤੀ ਧਰਮ ਸਾਡਾ, ਧਰਮ ਰੱਖਣਾ, ਅਸਾਂ ਕੁਰਬਾਨ ਹੋ ਕੇ।
ਲਾਲ ਕਹਿੰਦੇ ਕਿ ਸਾਡੇ ਅੰਗ-ਸੰਗ ਉਹ ਅਕਾਲ ਪੁਰਖ, ਪਰਮਾਤਮਾ ਆਪ ਹੈ, ਅਸੀਂ ਆਪਣੀਆਂ ਕੁਰਬਾਨੀਆਂ ਦੇ ਕੇ ਵੀ ਆਪਣੇ ਕੀਮਤੀ ਧਰਮ ਦੀ ਸ਼ਾਨ ਨੂੰ ਬਰਕਰਾਰ ਰੱਖਾਂਗੇ।
ਹੁਣ ਸੱਚਾ ਨੰਦ ਜਦੋਂ ਸਾਹਿਬਜਾਦਿਆਂ ਸਾਹਮਣੇ ਲਾਜਵਾਬ ਹੋ ਗਿਆ ਤਾਂ ਫਿਰ ਉਸ ਨੇ ਵਜ਼ੀਰ ਖ਼ਾਂ ਨੂੰ ਭੜਕਾਉਣ ਲਈ ਇੱਕ ਹੋਰ ਚਾਲ ਚੱਲੀ।
ਡਾਕਟਰ ‘ਜਸਵੰਤ ਸਿੰਘ ਨੇਕੀ` ਦੀ ਪੁਸਤਕ, ਜਿਸ ਦਾ ਸਿਰਲੇਖ ਹੈ “ਅਰਦਾਸ। “ ਇਸ ਪੁਸਤਕ ਵਿੱਚ ਚਾਰ ਸਾਹਿਬਜਾਦੇ ਵਾਲਾ ਚੈਪਟਰ ਪੜ੍ਹਨਾ। ਦਾਸ ਇਹਨਾਂ ਪ੍ਰਮਾਣਾਂ ਦੀ ਵਰਤੋਂ ਨਾਲ-ਨਾਲ ਇਸ ਲਈ ਕਰ ਰਿਹਾ ਹੈ, ਕਿਉਂਕਿ ਇਹ ਲਿਟਰੇਚਰ ਇਹ ਇਤਿਹਾਸਕ ਕਿਤਾਬਾਂ ਦਾਸ ਦੀਆਂ ਨਿੱਜੀ ਨਹੀਂ ਹਨ। ਕਿਤਾਬਾਂ ਦਾ ਨਾਮ ਦੱਸ ਰਿਹਾ ਹਾਂ, ਕਿਤੇ ਸਮਾਂ ਲੱਗੇ ਤਾਂ ਜਰੂਰ ਪੜ੍ਹਣਾ, ਕਦੀ ਤਾਂ ਸਾਡੇ ਅੰਦਰ ਪੜ੍ਹਣ ਦੀ ਕਸਕ ਪੈਦਾ ਹੋਵੇ, ਕਿਧਰੇ ਪੜ੍ਹਣ ਨਾਲ ਸਾਨੂੰ ਵੀ ਸੱਚ ਦਾ ਸੰਗ ਮਿਲ ਜਾਵੇ, ਕਿਤੇ ਪੜ੍ਹਦਿਆਂ-ਪੜ੍ਹਦਿਆਂ ਸਾਡੇ ਘਰਾਂ ਵਿੱਚ ਵੀ ਕੋਈ ਗੁਰੂ ਦੀ ਗੱਲ ਹੋ ਜਾਵੇ। ਅਜੋਕੇ ਸਮੇਂ ਵਿੱਚ ਸਾਡੇ ਹਰ ਘਰ ਦੀ ਜਰੂਰਤ ਹੈ, ਸੰਗਤ ਗੁਰੂ ਦੀ ਕਰਨ ਦੀ, ਪਰ ਅਫ਼ਸੋਸ ਅਸੀਂ ਸੰਗਤ ਟੈਲੀਵਿਜ਼ਨ ਦੀ ਕਰ ਰਹੇ ਹਾਂ।
ਕਦੀ “ਮਨੋਹਰ ਸਿੰਘ ਮਾਰਕੋ” ਦੀ ਲਿਖੀ ਕਿਤਾਬ ਪੜਿਉ, ਕਿਤਾਬ ਦਾ ਨਾਮ ਹੈ “ਚਿੱਠੀਆਂ ਲਿਖ ਸਤਿਗੁਰਾਂ ਵੱਲ ਪਾਈਆਂ”। ਉਸ ਕਿਤਾਬ ਵਿਚੋਂ ਮੈਂ ਸੰਖੇਪ ਦੱਸ ਰਿਹਾ ਹਾਂ ਕਿ ਲੇਖਕ ਨੇ ਗੁਰੂ ਨਾਨਕ ਜੀ ਨੂੰ ਸੰਬੋਧਨ ਕਰ ਕੇ 17 ਦੇ ਕਰੀਬ ਚਿਠੀਆਂ ਲਿਖੀਆਂ ਹਨ ਤੇ ਉਹ ਚਿਠੀਆਂ ਪੜ੍ਹ ਕੇ ਹਾਸਾ ਵੀ ਆਉਂਦਾ ਹੈ ਤੇ ਰੋਣਾ ਵੀ ਆਉਂਦਾ ਹੈ, ਕਿਉਂਕਿ ਉਹਨਾਂ ਨੇ ਕੌਮੀ ਦਰਦ ਨੂੰ ਬੜੇ ਹੀ ਵਧੀਆ ਅਤੇ ਵਿਅੰਗਆਤਕ ਢੰਗ ਨਾਲ ਪੇਸ਼ ਕੀਤਾ ਹੈ। ਮੈਂ ਆਪ ਨੂੰ ਉਸ ਕਿਤਾਬ ਵਿਚੋਂ ਇੱਕ ਇਸ਼ਾਰਾ ਦਿੰਦਾ ਜਾਵਾਂ, ਸ਼ਾਇਦ ਆਪ ਦੇ ਅੰਦਰ ਪੜ੍ਹਣ ਦੀ ਚੇਟਕ ਪੈਦਾ ਹੋ ਜਾਵੇ।
ਉਹ ਪੁਰਾਣੀ ਕਿਤਾਬ ਹੈ ਤੇ ਉਸ ਸਮੇਂ ਇੱਕ ਫ਼ਿਲਮ ਬਹੁਤ ਪ੍ਰਚਲਤ ਹੋਈ ਸੀ। ਜਿਸ ਦਾ ਨਾਮ ਸੀ “ਬੌਬੀ”। ਉਸ ਫ਼ਿਲਮ ਦੇ ਇੱਕ ਗੀਤ ਦਾ ਇਸ਼ਾਰਾ ਮਨੋਹਰ ਸਿੰਘ ਮਾਰਕੋ ਨੇ ਦਿੱਤਾ ਹੈ। ਕਹਿੰਦਾ ਹੈ ਕਿ ਅਜੇ ਵਿਆਹ ਹੋ ਰਿਹਾ ਹੁੰਦਾ ਹੈ ਤੇ ਲੜਕੀ ਦੀ ਡੋਲੀ ਵੀ ਨਹੀਂ ਤੁਰੀ ਹੁੰਦੀ ਤੇ ਗੀਤ ਵਜਣਾ ਸ਼ੁਰੂ ਹੋ ਜਾਂਦਾ ਹੈ “ਮੈਂ ਮਾਇਕੇ ਚਲੀ ਜਾਊਂਗੀ, ਤੁਮ ਦੇਖਤੇ ਰਹੀਓ। “ ਭਲੀਏ ਅਜੇ ਪਹਿਲਾਂ ਸਹੁਰੇ ਤੇ ਚਲੀ ਜਾ, ਮਾਇਕੇ ਤਾਂ ਅਜੇ ਤੁਰੀਂ ਫਿਰਦੀ ਏਂ। ਆਹ ਅਸੀਂ ਸਿਖਾ ਰਹੇ ਹਾਂ ਆਪਣੇ ਬੱਚਿਆਂ ਨੂੰ ਕਿ ਅਜੇ ਡੋਲੀ ਤੁਰੀ ਨਹੀਂ ਹੈ ਤੇ ਪਹਿਲਾਂ ਹੀ ਵਾਪਸ ਮਾਇਕੇ ਆਉਣ ਦੀਆਂ ਬਾਤਾਂ ਸ਼ੁਰੂ ਹੋ ਜਾਂਦੀਆਂ ਨੇ।
ਮਨੋਹਰ ਸਿੰਘ ਮਾਰਕੋ ਹੋਰ ਲਿਖਦਾ ਹੈ। “ਬਾਬਾ ਨਾਨਕ ਜੀ! ਮੈਨੂੰ ਲੱਗਦਾ ਹੈ ਕਿ ਆਪ ਨੂੰ ਆਪਣੇ ਸੁੱਖਾਂ ਨਾਲ ਵੈਰ ਸੀ, ਤੁਸੀਂ ਐਵੇਂ ਹੀ ਭਾਈ ਮਰਦਾਨਾ ਨੂੰ ਨਾਲ ਲੈ ਕੇ ਪੈਦਲ ਚਲਦੇ ਰਹੇ, ਕਿਤੇ ਤੁਸੀਂ ਅੱਜ ਦੇ ਸਮੇਂ ਇਸ ਦੁਨੀਆ ਵਿੱਚ ਆ ਜਾਉ ਤਾਂ ਕਿਸੇ ਨੇ ਵੀ ਤੁਹਾਨੂੰ ਪਹਿਚਾਨਣਾ ਨਹੀਂ ਹੈ, ਕਿਉਂਕਿ ਅੱਜ ਤਾਂ ਓਡੀ 20-25 ਲੱਖ ਵਾਲੀ ਕਾਰ ਉਪਰ ਬਾਬਾ ਜੀ ਸਵਾਰ ਹੋਣੇ ਚਾਹੀਦੇ ਹਨ। ਜੇਕਰ ਤੁਸੀਂ ਇਸ ਤਰਾਂ ਆਉਗੇ ਮੇਰੇ ਬਾਬਾ ਨਾਨਕ ਜੀ ਤਾਂ ਹੀ ਤੁਹਾਡੀ ਵਧੀਆ ਪਹਿਚਾਣ ਬਣੇਗੀ। ਬਾਬਾ ਨਾਨਕ ਜੀ ਤੁਹਾਨੂੰ ਤਾਂ ਲੱਗਦਾ ਹੈ ਕਿ ਆਪਣੇ ਸੁੱਖਾਂ ਨਾਲ ਵੈਰ ਸੀ। “
ਜੇਕਰ ਅਸੀਂ ਗੁਰੂ ਸਾਹਿਬਾਂ ਨੂੰ ਨਮਸਕਾਰ ਵੀ ਕਰਨੀ ਹੁੰਦੀ ਹੈ ਤਾਂ 10 ਦਾ ਨੋਟ ਉਂਗਲਾਂ ਵਿੱਚ ਫੜ ਕੇ, ਸਭ ਨੂੰ ਦਿਖਾ ਕੇ ਫਿਰ ਮੱਥਾ ਟੇਕਦੇ ਹਾਂ। ਸਾਡੀ ਆਪਣੇ ਅੰਦਰ ਦੀ ਹਾਲਤ ਨੂੰ ਉਹ ਕਿਤਾਬ ਬਾ-ਖੂਬੀ ਬਿਆਨ ਕਰਦੀ ਹੈ, ਕਿਤੇ ਸਮਾਂ ਲੱਗ ਜਾਵੇ ਤਾਂ ਪੜਿਉ ਉਹ ਕਿਤਾਬ। ਫਿਰ ਵੇਖਣਾ ਕਿ ਅਸੀਂ ਕਿਥੇ ਖੜੇ ਹਾਂ?
ਤੇ ਸੁੱਚਾ ਨੰਦ ਆਪਣੀ ਚਾਲ ਚਲਦਿਆਂ ਸਾਹਿਬਜਾਦਿਆਂ ਨੂੰ ਸਵਾਲ ਕਰਦਾ ਹੈ “ਬੱਚਿਉ! ਜੇਕਰ ਅਸੀਂ ਤੁਹਾਨੂੰ ਛੱਡ ਦੇਈਏ ਤਾਂ ਤੁਸੀਂ ਕੀ ਕਰੋਗੇ? “
ਕਲਗੀਧਰ ਦੇ ਸਾਹਿਬਜਾਦਿਆਂ ਨੇ ਫਿਰ ਜਵਾਬ ਕੀ ਦਿੱਤਾ ਸੀ। ਇਹ ਡਾ: ਜਸਵੰਤ ਸਿੰਘ ਨੇਕੀ ਦੀ ਪੁਸਤਕ “ਅਰਦਾਸ” ਵਿੱਚ ਬਾਖੂਬੀ ਲਿਖਿਆ ਗਿਆ ਹੈ ਕਿ ਸਾਹਿਬਜਾਦੇ, ਸੁੱਚਾ ਨੰਦ ਦੀ ਗੱਲ ਦਾ ਜਵਾਬ ਦਿੰਦਿਆਂ ਕਹਿ ਰਹੇ ਹਨ ਜੇਕਰ ਤੁਸੀਂ ਛੱਡ ਦੇਵੋਗੇ ਤਾਂ ਅਸੀਂ ਬਾਹਰ ਜਾ ਕੇ-
ਵਿਚ ਜੰਗਲਾਂ ਜਾਵਾਂਗੇਂ।
ਸਿੰਘਾਂ ਜੋੜ ਲਿਆਵਾਂਗੇਂ।
ਸ਼ਸਤਰ ਇੱਕਠੇ ਕਰਾਂਗੇਂ।
ਘੋੜਿਆਂ ਉੱਪਰ ਚੜ੍ਹਾਂਗੇ।
ਨਾਲ ਤੁਹਾਡੇ ਲੜਾਂਗੇਂ।
ਸੁੱਚਾ ਨੰਦ ਅਗਲਾ ਸਵਾਲ ਕਰਦਾ ਹੈ “ਕਿੰਨਾ ਚਿਰ ਲੜੋਗੇ? “ ਤੇ ਕੜਕਦਿਆਂ ਹੋਇਆਂ ਲਾਡਲੇ ਕਹਿੰਦੇ ਹਨ “ਜਿਨ੍ਹਾਂ ਚਿਰ ਤੁਹਾਡੇ ਜ਼ੁਲਮੀ ਰਾਜ ਦਾ ਖ਼ਾਤਮਾ ਨਹੀ ਕਰ ਲੈਂਦੇ, ਓਨਾ ਚਿਰ ਅਸੀਂ ਤੁਹਾਡੇ ਨਾਲ ਲੜਾਂਗੇ। “ ਇਹ ਨੇ ਮੇਰੇ ਕਲਗੀਧਰ ਦੇ ਲਾਡਲਿਆਂ ਦੇ ਜਵਾਬ।
ਹੁਣ ਸੁੱਚਾ ਨੰਦ ਵਜ਼ੀਰ ਖ਼ਾਂ ਨੂੰ ਕਹਿੰਦਾ ਹੈ “ ਆਹ ਸੁਣ ਲੈ, ਇਹ ਨੇ ਮਾਸੂਮਾਂ ਦੇ ਜਵਾਬ। ਇਹ ਬਾਗੀ ਬਾਪ ਦੇ ਬਾਗੀ ਪੁੱਤਰ ਨੇ, ਇਹ ਇੰਨੀ ਛੋਟੀ ਉਮਰ ਵਿੱਚ ਹੀ ਅੱਗ ਦੇ ਭਾਂਬੜ ਬਾਲਦੇ ਪਏ ਨੇ, ਵੱਡੇ ਹੋ ਕੇ ਇਹ ਜੁਆਲਾ ਭੜਕਾ ਦੇਣਗੇ, ਤੂੰ ਇਹਨਾਂ ਤੇ ਤਰਸ ਕਿਉਂ ਕਰ ਰਿਹਾ ਏਂ।
ਵਜ਼ੀਰ ਖ਼ਾਂ ਸਭ ਸੁਣ ਕੇ ਬੱਚਿਆਂ ਨੂੰ ਡਰਾਉਂਦਾ ਹੋਇਆ ਕਹਿੰਦਾ ਹੈ “ਉਏ ਬੱਚਿਉ! ਮਾਰ ਦਿੱਤੇ ਜਾਵੋਗੇ, ਮੇਰੀ ਗੱਲ ਮੰਨ ਜਾਵੋ, ਚੁੱਪ ਹੋ ਜਾਵੋ, ਤੁਸੀਂ ਅਜੇ ਕੋਮਲ ਹੋ, ਤੁਸੀਂ ਆਪਣਾ ਜੀਵਨ ਖ਼ੁਸ਼ੀਆਂ ਨਾਲ ਬਤੀਤ ਕਰੋ। “
ਤੇ ਸਾਹਿਬਜਾਦੇ ਅੱਗੋਂ ਜਵਾਬ ਦਿੰਦੇ ਹਨ:
“ਐ ਵਜ਼ੀਰ ਖ਼ਾਂ! ਤੂੰ ਸਾਡੇ ਸਰੀਰਾਂ ਵੱਲ ਵੇਖ ਕੇ ਹੀ ਸਾਨੂੰ ਕੋਮਲ ਆਖਦਾ ਏਂ, ਸਾਨੂੰ ਕੋਮਲ ਸਮਝ ਕੇ ਡਰਾਉਣ ਦਾ ਯਤਨ ਕਰ ਰਿਹਾ ਹੈਂ, ਇਹ ਤੇਰੀ ਗਲਤੀ ਹੈ। “ ਸਾਹਿਬਜਾਦਿਆਂ ਦੇ ਇਸ ਦਲੇਰੀ ਭਰੇ ਲਲਕਾਰੇ ਨੂੰ ਕਵੀ ਬੜੇ ਸੁੰਦਰ ਢੰਗ ਨਾਲ ਲਿਖਦਿਆਂ ਕਹਿੰਦੇ ਹਨ:
-ਦਸ਼ਮੇਸ਼ ਪਿਤਾ ਦੇ ਬੱਚੜੇ ਹਾਂ, ਭਾਗਾਂ ਵਾਲੀ ਮਾਂ ਦੇ ਜਣੇ ਹੋਏ ਹਾਂ।
ਉਪਰੋਂ ਮੱਖਣ ਵਰਗੇ ਕੋਮਲ ਨਾ ਸਮਝੀਂ, ਅੰਦਰੋਂ ਫੌਲਾਦ ਦੇ ਬਣੇ ਹੋਏ ਹਾਂ।
- ਸਾਹਿਬਜਾਦਿਆਂ ਕੜਕ ਕੇ ਕਿਹਾ ਸੂਬੇ! ਪਰਬਤ ਦਾਬਿਆਂ ਨਾਲ ਨਹੀਂ ਹਲ ਜਾਂਦੇ।
ਪੁੱਤਰ ਹੋਣ ਜਿਹੜੇ ਸ਼ੇਰ ਬੱਬਰਾਂ ਦੇ, ਕਦੀ ਭੇਡਾਂ ਦੇ ਵਿੱਚ ਨਹੀਂ ਰਲ ਜਾਂਦੇ। (ਕਰਤਾਰ ਸਿੰਘ ਬੱਲਗਣ)
ਖ਼ਿਆਲ ਕਰਿਉ! ਸ਼ਾਇਦ ਅੱਜ ਕੱਲ ਦੇ ਨੌਜੁਆਨ ਸ਼ਾਇਦ ਭੇਡਾਂ ਵਿੱਚ ਰਲਣ ਵਾਲਾ ਕੰਮ ਕਰ ਰਹੇ ਹਨ, ਭਾਵ ਕਿ ਸਿੱਖੀ ਤੋਂ ਪਤਿਤ ਹੁੰਦੇ ਜਾ ਰਹੇ ਹਨ। ਇਥੇ ਦਾਸ ਸਾਹਿਬਜਾਦਿਆਂ ਦੀ ਗਾਥਾ ਦੇ ਨਾਲ-ਨਾਲ ਗੁਰਮਤਿ ਦੀ ਗੱਲ ਕਰਨ ਦੀ ਵੀ ਜ਼ਰੂਰਤ ਮਹਿਸੂਸ ਕਰਦਾ ਹੈ।
ਇੱਕ ਬੱਸ ਦੇ ਅੰਦਰ ਬੜੀ ਭੀੜ ਹੈ ਤੇ ਸਵਾਰੀਆਂ ਖੜੀਆਂ ਵੀ ਹਨ। ਇੱਕ ਬਜ਼ੁਰਗ ਬਾਬੇ ਨੇ ਚੀਖ ਮਾਰੀ ਤੇ ਉੱਚੀ ਅਵਾਜ ਵਿੱਚ ਨਾਲ ਖੜੇ ਕਲੀਨਸ਼ੇਵ ਨੌਜੁਆਨ ਨੂੰ ਕਹਿਣ ਲੱਗਾ “ਉਏ ਬਾਊ! ਆਪਣੇ ਪੈਰਾਂ ਤੇ ਖੜੇ ਹੋ, ਮੇਰੇ ਪੈਰ ਤੇ ਪੈਰ ਕਿਉਂ ਰੱਖੀ ਜਾ ਰਿਹਾ ਏਂ? “ ਉਹ ਨੌਜੁਆਨ ਕਹਿਣ ਲੱਗਾ “ਬਾਬਾ! ਤੂੰ ਮੈਨੂੰ ਬਾਊ ਆਖ ਕੇ ਮੇਰੀ ਬੇ- ਇੱਜ਼ਤੀ ਕਰ ਰਿਹਾ ਏਂ, ਮੈਂ ਸਰਦਾਰਾਂ ਦਾ ਪੁੱਤ ਹਾਂ, ਤੂੰ ਮੈਨੂੰ ਬਾਊ ਆਖ ਰਿਹਾ ਏ। “ ਉਹ ਬਜ਼ੁਰਗ ਬਾਬਾ ਬੜਾ ਸਿਆਣਾ ਸੀ। ਬਾਬਾ ਹੱਥ ਜੋੜ ਕੇ ਕਹਿਣ ਲੱਗਾ “ਉਏ ਪੁੱਤਰਾ! ਮੈਨੂੰ ਤੂੰ ਆਪਣੇ ਚਿਹਰੇ ਤੇ ਇੱਕ ਵੀ ਚਿੰਨ੍ਹ ਸਰਦਾਰਾਂ ਵਾਲਾ ਵਿਖਾ ਦੇ, ਨਾ ਤੇਰੇ ਸਿਰ ਤੇ ਦਸਤਾਰ ਨਾ ਤੇਰੇ ਚਿਹਰੇ ਤੇ ਦਾੜ੍ਹੀ, ਨਾ ਸਿਰ ਤੇ ਕੇਸ, ਮੈਨੂੰ ਕੋਈ ਚਿੰਨ੍ਹ ਤਾਂ ਸਰਦਾਰਾਂ ਵਾਲਾ ਦਿਖਾ, ਮੈਂ ਤੈਨੂੰ ਸਰਦਾਰ ਜੀ ਕਹਿ ਦਿੰਦਾ ਹਾਂ। “
ਅੱਜ ਸਾਨੂੰ ਸਰਦਾਰ ਅਖਵਾਉਣ ਦਾ ਸ਼ੌਂਕ ਜ਼ਰੂਰ ਹੈ, ਪਰ ਸਰਦਾਰੀ ਦਾ ਕੋਈ ਵੀ ਚਿੰਨ੍ਹ ਰੱਖਣ ਨੂੰ ਅਸੀਂ ਤਿਆਰ ਨਹੀ ਹਾਂ ਤੇ ਫਿਰ ਅਸੀਂ ਕਿਵੇਂ ਸੋਚ ਸਕਦੇ ਹਾਂ ਕਿ ਲੋਕ ਸਾਨੂੰ ਸਰਦਾਰ ਜੀ ਆਖਣ। ਜੇਕਰ ਸਰਦਾਰ ਅਖਵਾਉਣਾ ਹੈ ਤਾਂ ਸਾਨੂੰ ਸਰਦਾਰਾਂ ਵਾਲੀ ਜੀਵਨ ਜਾਚ ਵੀ ਸਿੱਖਣੀ ਪੈਣੀ ਹੈ। ਐਸੀ ਘਾਟ ਕਾਰਨ ਹੀ ਅੱਜ ਦੇ ਸਿੱਖ ਅਖਵਾਉਂਦੇ ਨੌਜੁਆਨਾ ਨੂੰ ਲੰਡੀ ਜੀਪ ਦੇ ਪਿੱਛੇ ‘ਪੁੱਤ ਸਰਦਾਰਾਂ ਦੇ` ਲਿਖਾਵਉਣ ਦੀ ਲੋੜ ਮਹਿਸੂਸ ਹੋ ਰਹੀ ਹੈ।
ਨਵਾਬ ਵਜ਼ੀਰ ਖ਼ਾਂ ਨੇ ਸਾਹਿਬਜਾਦਿਆਂ ਨੂੰ ਫਿਰ ਇੱਕ ਹੋਰ ਸਵਾਲ ਕੀਤਾ, ਜਿਸ ਨੂੰ ਕਵੀ ‘ਦਾਨ ਸਿੰਘ ਕੋਮਲ` ਦੀ ਕਲਮ ਲਿਖਦੀ ਹੈ:
ਸਾਰੇ ਮਜ਼ਹਬਾਂ ਤੋਂ ਮਜ਼ਹਬ ਇਸਲਾਮ ਚੰਗਾ, ਕੋਈ ਨਹੀ ਰੀਸ ਇਸਲਾਮ ਦੀ ਕਰ ਸਕਦਾ।
ਓਏ ਬੱਚਿਉ! ਤੁਸੀਂ ਮੁਸਲਮਾਨ ਹੋ ਜਾਓ, ਮੁਸਲਮਾਨ ਨਹੀਂ ਕਦੇ ਵੀ ਮਰ ਸਕਦਾ।
ਇਹ ਗੱਲ ਸਾਹਿਬਜਾਂਦਿਆਂ ਨੇ ਸੁਣੀ ਤੇ ਵਜ਼ੀਰ ਖ਼ਾਂ ਨੂੰ ਸੰਬੋਧਨ ਹੋ ਕੇ ਫਿਰ ਬਾਬਾ ਫ਼ਤਹਿ ਸਿੰਘ ਕਹਿ ਰਹੇ ਸਨ:
ਜੇ ਇਸਲਾਮ ਚੰਗਾ ਹੈ ਤਾਂ ਸਣੇ ਕਾਜ਼ੀ, ਮੁਸਲਮਾਨ ਇਹ ਕਿਵੇਂ ਸ਼ੈਤਾਨ ਬਣ ਗਏ?
ਜੇਕਰ ਮੁਸਲਿਮ ਨੇ ਹੁੰਦੇ ਈਮਾਨ ਵਾਲੇ, ਤਾਂ ਫਿਰ ਕਿੱਦਾਂ ਤੁਸੀਂ ਬੇਈਮਾਨ ਬਣ ਗਏ?
ਮੋਮਨਾਂ ਨੂੰ ਕਦੇ ਨਹੀਂ ਮੌਤ ਆਉਂਦੀ, ਮੀਲਾਂ ਤੀਕ ਕਿੰਜ ਇਹ ਕਬਰਸਤਾਨ ਬਣ ਗਏ?
ਇਥੇ ਸੁੱਚਾ ਨੰਦ ਆਪਣੀ ਚਾਲ ਵਿੱਚ ਕਾਮਯਾਬ ਹੋ ਗਿਆ, ਕਿਉਂਕਿ ਵਜ਼ੀਰ ਖ਼ਾਂ ਇਨ੍ਹਾਂ ਸਭ ਸਵਾਲਾਂ ਦੇ ਜਵਾਬ ਸੁਣ ਕੇ ਲਾਜੁਆਬ ਹੋ ਗਿਆ ਤੇ ਕਾਜ਼ੀ ਨੂੰ ਰਹਿਣ ਲੱਗਾ “ਐ ਕਾਜ਼ੀ! ਤੂੰ ਕਹਿੰਦਾ ਸੀ ਕਿ ਸ਼ਰ੍ਹਾ ਆਗਿਆ ਨਹੀਂ ਦੇਂਦੀ, ਆਹ ਦੇਖ, ਬਾਗੀ ਬਾਪ ਦੇ ਬਾਗੀ ਪੁੱਤਰ ਅੱਗ ਉਗਲਦੇ ਪਏ ਨੇ। ਕਾਜ਼ੀ! ਤੂੰ ਫਤਵਾ ਸੁਣਾ ਇਹਨਾਂ ਤੇ ਤਰਸ ਨਾ ਖਾਂਈ। “ਫ਼ਿਰ ਕਾਜ਼ੀ ਨੇ ਧਰਮ ਦੇ ਨਾਮ ਉੱਪਰ ਅਧਰਮ ਦਾ ਫ਼ਤਵਾ ਸੁਣਾ ਦਿੱਤਾ। ਫ਼ਤਵਾ ਕੀ ਸੁਣਾਇਆ? “ਇਹਨਾਂ ਨੂੰ ਜਿੰਦਾ ਹੀ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। “
ਜੋ ਦੁਨੀਆਂ ਨੇ ਕਦੀ ਨਹੀਂ ਸੀ ਦੇਖਿਆ, ਅੱਜ ਉਹ ਹੋਣ ਲੱਗਾ ਹੈ। ਜੋ ਦੁਨੀਆਂ ਵਿੱਚ ਕਿਸੇ ਵੀ ਸਥਾਨ ਤੇ ਨਹੀਂ ਹੋਇਆ, ਅੱਜ ਉਹ ਸਰਹਿੰਦ ਵਿੱਚ ਹੋਣ ਲੱਗਾ ਹੈ। ਜਿਹੜੀਆਂ ਨਿਰਪੱਖ ਕਲਮਾਂ ਨੇ ਉਹ ਕਿਸੇ ਵੀ ਧਰਮ ਨਾਲ ਸਬੰਧਿਤ ਹੋਵਣ, ਆਖ਼ਿਰ ਸਚਾਈ ਲਿਖ ਹੀ ਜਾਂਦੀਆਂ ਨੇ।
ਹਿਕ ਕਿਹੜੀ ਨਾ ਹਉਕਾ ਭਰਿਆ, ਅੱਖ ਕਿਹੜੀ ਨਾ ਰੋਈ।
ਧਰਤੀ ਮਾਂ ਨੇ ਕਦੀ ਨਾ ਵੇਖੀ, ਇਹ ਹੋਣੀ ਜੋ ਹੋਈ। (ਮਹਿੰਦਰ ਸਿੰਘ ਮਾਨੂੰਪੁਰੀ)
ਇੱਕ ਮੁਸਲਮਾਨ ਲਿਖਾਰੀ ‘ਅਤਾ ਉੱਲਾ ਖ਼ਾਂ ਬੁਖਾਰੀ` ਜੋ ਕਿ ਸਰਹਿੰਦ ਦੀ ਬਾਤ ਨੂੰ ਕਰਦਾ ਹੋਇਆ ਲਿਖਦਾ ਹੈ “ਜੇਕਰ ਇਹਨਾਂ ਦੋ ਛੋਟੇ ਸਾਹਿਬਜਾਦਿਆਂ ਦੇ ਬਦਲੇ ਮੁਸਲਮਾਨ ਆਪਣੇ ਦੋ ਸੌ ਬੱਚੇ ਸਿੱਖਾਂ ਨੂੰ ਭੇਟਾ ਕਰ ਦੇਣ ਤੇ ਸਿੱਖ ਉਹਨਾਂ ਨੂੰ ਕਤਲ ਵੀ ਕਰ ਦੇਣ, ਪਰ ਫਿਰ ਵੀ ਸਿੱਖਾਂ ਦੇ ਹਿਰਦਿਆਂ ਵਿਚੋਂ ਇਹ ਚੀਸ ਜਰੂਰ ਉਠਦੀ ਰਹੇਗੀ ਕਿ ਹਾਏ! ਸਾਡੇ ਦੋ ਸਾਹਿਬਜਾਦੇ। “ ਪਰ ਸਿੱਖ ਹਿਰਦਿਆਂ ਦੀ ਪੀੜਾ ਕਦੀ ਵੀ ਖ਼ਤਮ ਨਹੀਂ ਹੋਵੇਗੀ, ਜਿਵੇਂ ਕਿ ਦਾਸ ਪਹਿਲਾਂ ਵੀ ਬੇਨਤੀ ਕਰ ਚੁੱਕਾ ਹੈ:
ਇਹ ਦੁਨੀਆਂ ਨਹੀਂ ਕਮ ਦਿਲਿਆਂ ਦੀ, ਇਹ ਰਣ ਹੈ ਪੌਣ ਸਵਾਰਾਂ ਦਾ।
ਨੀਹਾਂ ਦੇ ਵਿੱਚ ਜੇ ਸਿਰ ਹੋਵਣ, ਮੁੱਲ ਪੈ ਜਾਏ ਦੀਵਾਰਾਂ ਦਾ।
ਦੀਵਾਰਾਂ ਤਾਂ ਦੁਨੀਆਂ ਅੰਦਰ ਬਹੁਤ ਹਨ, ਪਰ ਸਾਹਿਬਜਾਦਿਆਂ ਦੇ ਸਿਰਾਂ ਤੇ ਬਣੀ ਇਹ ਦੀਵਾਰ ਦੁਨੀਆਂ ਦੇ ਕੋਨੇ-ਕੋਨੇ ਵਿੱਚ ਵਸਦੇ ਹਰ ਸਿੱਖ ਦੇ ਹਿਰਦੇ ਵਿੱਚ ਵੱਸ ਗਈ ਹੈ।
ਚੀਨ ਦੀ ਮਹਾਨ ਦੀਵਾਰ (Great Wall of China) ਦੁਨੀਆਂ ਦੇ ਸੱਤ ਅਜੂਬਿਆਂ ਵਿਚੋਂ ਇੱਕ ਅਜੂਬਾ ਹੈ। ਜੇਕਰ ਕਦੀ ਕੋਈ ਸਿੱਖਾਂ ਨੂੰ ਕਹੇ ਕਿ ਚੀਨ ਦੀ ਦੀਵਾਰ ਲੈ ਲਵੋ ਤੇ ਤੁਸੀਂ ਸਰਹਿੰਦ ਦੀ ਦੀਵਾਰ ਸਾਨੂੰ ਦੇ ਦੇਵੋ ਤਾਂ ਸਿੱਖ ਕਦੇ ਵੀ ਨਹੀਂ ਮੰਨ ਸਕਦੇ, ਕਿਉਂਕਿ ਇਸ ਦੀਵਾਰ ਦੀ ਆਪਣੀ ਇੱਕ ਇਤਿਹਾਸਕ ਅਹਿਮੀਅਤ ਹੈ।
ਜਦੋਂ ਕਾਜ਼ੀ ਵਲੋ ਫ਼ਤਵਾ ਸੁਣਾ ਦਿੱਤਾ ਗਿਆ, ਪਰ ਇਸ ਧਰਮ ਦੇ ਨਾਮ ਤੇ ਜਾਰੀ ਅਧਰਮ ਦੇ ਫ਼ਤਵੇ ਤੇ ਅਮਲ ਕੌਣ ਕਰੇ, ਅਮਲੀ ਜਾਮਾ ਕੌਣ ਪਹਿਨਾਵੇ? ਇਸ ਦੁਨੀਆਂ ਦਾ ਕਿਹੜਾ ਮਨੁੱਖ ਹੋਵੇਗਾ, ਜਿਸ ਦੇ ਮਨ ਵਿੱਚ ਆਪਣੇ ਬੱਚਿਆਂ ਪ੍ਰਤੀ ਪਿਆਰ ਦੀ ਭਾਵਨਾ ਨਹੀਂ।
ਇਹਨਾਂ ਦੋ ਸਾਹਿਬਜਾਦਿਆਂ ਨੂੰ ਛੋਟੇ-ਛੋਟੇ ਬਾਲਾਂ ਨੂੰ ਸ਼ਹੀਦ ਕਰਨ ਲਈ ਬੜੇ ਵੱਡੇ ਜਿਗਰੇ ਵਾਲਾ ਚਾਹੀਦਾ ਹੈ, ਪਰ ਕਈ ਕੋਸ਼ਿਸ਼ਾਂ ਦੇ ਬਾਅਦ ਕੋਈ ਵੀ ਤਿਆਰ ਨਹੀ ਹੋ ਰਿਹਾ, ਕਿਸੇ ਦੇ ਅੰਦਰ ਇੰਨੀ ਦਲੇਰੀ ਨਹੀਂ ਹੈ ਕਿ ਉਹ ਇਹਨਾਂ ਛੋਟੇ-ਛੋਟੇ ਬਾਲਾਂ ਨੂੰ ਸ਼ਹੀਦ ਕਰ ਸਕੇ।
ਹੁਣ ਇਹ ਮਸਲਾ ਬਣ ਗਿਆ ਕਿ ਬੱਚਿਆਂ ਨੂੰ ਸ਼ਹੀਦ ਕੌਣ ਕਰੇ? ਕਿਉਂਕਿ ਮਮਤਾ ਤਾਂ ਸਾਰਿਆਂ ਦੇ ਹਿਰਦਿਆਂ ਵਿੱਚ ਹੁੰਦੀ ਹੈ ਤੇ ਇਹੀ ਮਮਤਾ ਰੋਕ ਰਹੀ ਹੈ ਕਿ ਕੋਈ ਇਨਸਾਨ, ਕੋਈ ਜਲਾਦ ਤਿਆਰ ਨਹੀਂ ਸੀ ਹੋ ਰਿਹਾ।
ਹੁਣ ਵਜੀਰ ਖ਼ਾਂ ਦੇ ਪਾਸ ਬੈਠਾ ਹੈ, ਮਲੇਰਕੋਟਲੇ ਦਾ ਨਵਾਬ ‘ਸ਼ੇਰ ਮੁਹੰਮਦ ਖ਼ਾਂ` ਤੇ ਵਜ਼ੀਰ ਖ਼ਾਂ ਉਸ ਵੱਲ ਇਸ਼ਾਰਾ ਕਰ ਕੇ ਆਖਦਾ ਹੈ, “ਤੂੰ ਆਪਣੇ ਭਰਾ ਨਾਹਰ ਖ਼ਾਨ ਦੀ ਮੌਤ ਦਾ ਬਦਲਾ ਲੈ ਲੈ। ਇਹਨਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੇ ਤੇਰੇ ਭਰਾ ਨੂੰ ਮਾਰਿਆ ਸੀ। “ (ਨਾਹਰ ਖ਼ਾਂ ਚਮਕੌਰ ਦੀ ਗੜ੍ਹੀ ਵਿੱਚ ਪੌੜੀ ਲਗਾ ਕੇ ਚੜ੍ਹਿਆ ਸੀ ਤੇ ਗੁਰੂ ਸਾਹਿਬ ਨੇ ਉਸ ਨੂੰ ਮਾਰ ਦਿੱਤਾ ਸੀ) ਉਹ ਸ਼ੇਰ ਮੁਹੰਮਦ ਖ਼ਾਂ ਨੂੰ ਉਕਸਾ ਰਿਹਾ ਹੈ ਕਿ ਆਪਣੇ ਭਰਾ ਅਤੇ ਆਪਣੇ ਬਾਪ ਦੀ ਮੌਤ ਦਾ ਵੀ ਬਦਲਾ ਇਹਨਾਂ ਬੱਚਿਆਂ ਤੋਂ ਲੈ ਲਾ (ਕਿਉਂਕਿ ਇਹਨਾਂ ਦੇ ਬਾਪ ਨੂੰ ਸਿੰਘਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਜੰਗ ਦੌਰਾਨ ਮਾਰ ਦਿੱਤਾ ਸੀ) ਵਜ਼ੀਰ ਖ਼ਾਂ ਕਹਿੰਦਾ ਹੈ ਕਿ ਮੈਂ ਇਹ ਬੱਚੇ ਤੇਰੇ ਹਵਾਲੇ ਕਰਦਾ ਹਾਂ। ਇਸ ਸਾਕੇ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਅੱਗੇ ਤੋਰਦਾ ਹੈ:
ਦੋ ਭਾਈ ਸ਼ੇਰ ਖ਼ਾਨ-ਓ-ਖ਼ਿਜ਼ਰ ਖ਼ਾਂ ਪਠਾਨ ਥੇ।
ਮਲੇਰ ਕੋਟਲਾ ਕੇ ਜੁ ਮਸ਼ਹੂਰ ਖ਼ਾਨ ਥੇ।
ਇਕ ਰੋਜ਼ ਆ ਕੇ ਰਣ ਮੇਂ ਲੜੇ ਕੁਛ ਜਵਾਨ ਥੇ।
ਗੋਬਿੰਦ ਇਨ ਕੇ ਬਾਪ ਕੀ ਲੇ ਬੈਠੇ ਜਾਨ ਥੇ।
ਨਾਜ਼ਿਮ ਨੇ ਸੁੱਚਾ ਨੰਦ ਨੇ ਉਨ ਸੇ ਕਹਾ ਕਿ ਲੋ।
ਬਦਲਾ ਪਿਦਰ ਕਾ ਇਨਕੇ ਲਹੂ ਕੋ ਬਹਾ ਕੇ ਲੋ।
ਆਪਣੇ ਭਰਾ ਅਤੇ ਬਾਪ ਦੀ ਮੌਤ ਦਾ ਬਦਲਾ ਲੈ ਲਉ। ਆਹ ਬੱਚੇ ਮੈਂ ਤੇਰੇ ਹਵਾਲੇ ਕਰਦਾ ਹਾਂ। ਹੁਣ ਨਵਾਬ ਵਜ਼ੀਰ ਖ਼ਾਂ ਦੀ ਸਾਰੀ ਗੱਲ ਸੁਣ ਕੇ ਨਵਾਬ ਮਲੇਰ ਕੋਟਲਾ ‘ਸ਼ੇਰ ਮੁਹੰਮਦ ਖ਼ਾਂ` ਕੀ ਆਖਦਾ ਹੈ-
ਕਹਨੇ ਲਗੇ ਵੁਹ ਤੁਮ ਤੋ ਨਿਹਾਯਤ ਜਲੀਲ ਹੋ।
ਨਾਮਰਦੀ ਕੀ ਬਤਾਤੇ ਜਰੀ ਕੋ ਸਬੀਲ ਹੋ।
ਕਹਿੰਦਾ! ਉਏ ਤੁਸੀਂ ਕਾਹਦੇ ਸਰਦਾਰ ਹੋ, ਬੜੇ ਘਟੀਆ ਇਨਸਾਨ ਜੇ ਤੁਸੀਂ ਨਾਮਰਦੀ ਦੀਆਂ ਬਾਤਾਂ ਪਏ ਕਰਦੇ ਹੋ?
ਸੁੱਚਾ ਨੰਦ ਕੀ ਅਸੀਂ ਤੈਨੂੰ ਮੁਖਤਾਰਨਾਮਾ ਦਿੱਤਾ ਹੈ? ਜੋ ਤੂੰ ਐਵੇਂ ਸਾਡੇ ਵਲੋਂ ਬੋਲੀ ਜਾ ਰਿਹਾ ਏਂ।
ਮੁਖ਼ਤਾਰ ਤੁਮ ਹਮਾਰੇ ਹੋ ਯਾ ਤੁਮ ਵਕੀਲ ਹੋ?
ਨਾਹਕ ਬਯਾਨ ਕਰਤੇ ਜੋ ਬੋਦੀ ਦਲੀਲ ਹੋ।
ਬਦਲਾ ਹੀ ਲੇਨਾ ਹੋਗਾ ਤੋ ਹਮ ਲੇਂਗੇ ਬਾਪ ਸੇ।
ਮਹਫ਼ੂਜ਼ ਰੱਖੇ ਹਮ ਕੋ ਖ਼ੁਦਾ ਐਸੇ ਪਾਪ ਸੇ।
ਨਵਾਬ ਮਲੇਰਕੋਟਲਾ ਕਹਿਣ ਲੱਗਾ ਕਿ ਸੁੱਚਾ ਨੰਦ ਕਿਉਂ ਥੋਥੀਆਂ ਦਲੀਲਾਂ ਦੇ ਰਿਹਾ ਏਂ?
ਦੇਖੋ, ਨਵਾਬ ਮਲੇਰਕੋਟਲਾ ਇਹ ਨਹੀਂ ਕਹਿ ਰਿਹਾ ਕਿ ਦਸਵੇਂ ਪਾਤਸ਼ਾਹ ਪ੍ਰਤੀ ਉਸ ਦੇ ਮਨ ਵਿੱਚ ਈਰਖਾ ਜਾਂ ਵਿਰੋਧ ਨਹੀਂ ਹੈ, ਉਸ ਦੇ ਮਨ ਵਿੱਚ ਅੱਜ ਵੀ ਦਸਵੇਂ ਪਾਤਸ਼ਾਹ ਦੇ ਕੋਲੋਂ ਬਦਲਾ ਲੈਣ ਦੀ ਭਾਵਨਾ ਹੈ, ਪਰ ਉਹ ਕਹਿੰਦਾ ਹੈ ਕਿ ਮੈਂ ਇਹ ਪਾਪ ਨਹੀਂ ਕਰ ਸਕਦਾ, ਮੈਂ ਆਪਣਾ ਬਦਲਾ ਬੱਚਿਆਂ ਦੇ ਪਿਤਾ ਕੋਲੋਂ ਲੈਣਾ ਹੈ, ਮੇਰਾ ਇਹਨਾ ਬੱਚਿਆਂ ਨੇ ਕੀ ਵਿਗਾੜਿਆ ਹੈ ਜੋ ਮੈਂ ਇਹਨਾਂ ਤੇ ਪਾਪ ਕਰਾਂ।
ਨਵਾਬ ਮਲੇਰਕੋਟਲਾ ‘ਹਾਅ` ਦਾ ਨਾਅਰਾ ਮਾਰਦਾ ਹੋØਇਆ ਉਠ ਪਿਆ ਅਤੇ ਇਹ ਕਹਿੰਦਾ ਹੋਇਆ ਬਾਹਰ ਚਲਾ ਗਿਆ “ਇਹ ਪਾਪ ਹੈ, ਇਹ ਪਾਪ ਹੈ। “ ਪਰ ਜਿਥੇ ਧਰਮ ਦੇ ਨਾਮ ਤੇ ਫੋਕੀ ਈਰਖਾ, ਦਵੈਸ਼ ਦੇ ਝੱਪੇ ਕੰਨਾ ਵਿੱਚ ਆਏ ਹੋਣ, ਉਥੇ ਨਵਾਬ ਮਲੇਰਕੋਟਲਾ ਦੇ ਸੱਚ ਦੀ ਅਵਾਜ ਕਿਸ ਨੇ ਸੁਨਣੀ ਸੀ।
ਇਤਿਹਾਸ ਗਵਾਹ ਹੈ ਕਿ ਨਵਾਬ ਮਲੇਰਕੋਟਲਾ ਨੇ ਇਥੇ ਹਾਅ ਦਾ ਨਾਹਰਾ ਮਾਰ ਕੇ ਹੀ ਬਸ ਨਹੀਂ ਕੀਤੀ, ਉਸ ਨੇ ਬਾਦਸ਼ਾਹ ਔਰੰਗਜੇਬ ਨੂੰ ਇੱਕ ਚਿੱਠੀ ਵੀ ਲਿਖੀ। ਚਿੱਠੀ ਵਿੱਚ ਲਿਖਿਆ ਹੈ ਕਿ “ਐ ਬਾਦਸ਼ਾਹ ਸਲਾਮਤ! ਨਵਾਬ ਵਜ਼ੀਰ ਖ਼ਾਂ ਨੂੰ ਇਹ ਪਾਪ ਕਰਨ ਤੋਂ ਰੋਕਿਆ ਜਾਵੇ, ਉਸ ਨੂੰ ਇਹ ਪਾਪ ਕਰਨ ਤੋਂ ਬਚਾਇਆ ਜਾਵੇ। “ ਪਰ ਕੌਣ ਸੁਣਦਾ ਸੀ ਸੱਚ ਦੀ ਅਵਾਜ ਨੂੰ, ਕਿਸੇ ਨੇ ਨਹੀਂ ਸੁਣੀ। ਨਵਾਬ ਮਲੇਰਕੋਟਲਾ ਦਾ ਹਾਅ ਦਾ ਨਾਅਰਾ ਅਤੇ ਕੀਤੀ ਹੋਈ ਕੋਸ਼ਿਸ਼ ਸਫਲ ਨਾ ਹੋ ਸਕੀ।
ਨਵਾਬ ਮਲੇਰਕੋਟਲਾ ਵਲੋਂ ਮਾਰਿਆ ਹਾਅ ਦਾ ਨਾਅਰਾ ਸਮੁੱਚੀ ਸਿੱਖ ਕੌਮ ਨੂੰ ਹਮੇਸ਼ਾ ਲਈ ਕਰਜ਼ਾਈ ਕਰ ਗਿਆ। ਗੁਰੂ ਨਾਨਕ ਦੇ ਘਰ ਦੇ ਪ੍ਰੇਮੀ ਸਿੰਘ ਸੂਰਬੀਰਾਂ ਨੇ ਇਹ ਕਰਜ਼ਾ ਉਤਾਰਨ ਦੀ ਕੋਸ਼ਿਸ਼ ਜ਼ਰੂਰ ਕੀਤੀ, ਪਰ ਕੁੱਝ ਕਿਸ਼ਤਾਂ ਹੀ ਉਤਾਰ ਸਕੇ। ਜਦੋਂ 12 ਰਿਆਸਤਾਂ ਬਣੀਆ ਸਨ ਤਾਂ ਸਿੱਖਾਂ ਨੇ ਨਵਾਬ ਮਲੇਰਕੋਟਲਾ ਦੀ ਰਿਆਸਤ ਨੂੰ ਕਦੀ ਵੀ ਛੇੜਣ ਦਾ ਯਤਨ ਨਹੀਂ ਸੀ ਕੀਤਾ ਅਤੇ ਕਰਜ਼ੇ ਦੀ ਕਿਸ਼ਤ ਉਤਾਰਦੇ ਰਹੇ।
ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵੀ ਆਇਆ, ਪਰ ਨਵਾਬ ਮਲੇਰਕੋਟਲੇ ਦੀ ਰਿਆਸਤ ਨੂੰ ਸਲਾਮਤ ਰੱਖਿਆ ਗਿਆ। ਕਾਰਨ ਉਹੀ ਹਾਅ ਦੇ ਨਾਹਰੇ ਪ੍ਰਤੀ ਅਹਿਸਾਨਮੰਦ ਹੋਣਾ ਹੀ ਸੀ। ਜਦੋਂ 1947 ਈ. ਵਿੱਚ ਏਨੀ ਕਤਲੋਗਾਰਤ ਹੋਈ ਸੀ ਤਾਂ ਇਤਿਹਾਸ ਗਵਾਹ ਹੈ ਕਿ ਸਿੱਖਾਂ ਨੇ 1947 ਈ. ਵਿੱਚ ਵੀ ਆਪਣੀ ਕਿਸ਼ਤ ਉਤਾਰੀ ਤੇ ਮਲੇਰਕੋਟਲੇ ਦੀ ਹਿਫ਼ਾਜਤ ਕੀਤੀ ਤੇ ਮਲੇਰਕੋਟਲੇ ਦੇ ਕਿਸੇ ਵੀ ਮੁਸਲਮਾਨ ਨੂੰ ਕੁੱਝ ਵੀ ਨਹੀਂ ਆਖਿਆ ਗਿਆ।
ਅੱਜ ਵੀ ਪੰਜਾਬ ਵਿੱਚ ਮੁਸਲਮਾਨਾਂ ਦੀ ਸਭ ਤੋਂ ਵੱਡੀ ਅਬਾਦੀ ਸੁਖ ਸਾਂਦ ਨਾਲ ਮਲੇਰਕਲੇ ਵਿੱਚ ਵੱਸ ਰਹੀ ਹੈ, ਕਿਉਂਕਿ ਸਿੱਖ ਕੌਮ ਅਕ੍ਰਿਤਘਣ ਨਹੀਂ ਹੈ, ਇਸ ਲਈ ਇਹ ਕੌਮ ਨਵਾਬ ਮਲੇਰਕੋਟਲੇ ਦਾ ਕਰਜ਼ਾ ਨਹੀਂ ਉਤਾਰ ਸਕਦੀ, ਪਰ ਹਾਂ! ਕਿਸ਼ਤਾਂ ਜਰੂਰ ਉਤਾਰ ਰਹੀ ਹੈ। ਪਰ ਪੂਰਾ ਕਰਜ਼ਾ ਕਦੀ ਵੀ ਨਹੀਂ ਉਤਰ ਸਕਦਾ।
ਝਾੜੂ ਸਾ ਖਾ ਕੇ ਦੋਨੋਂ ਸ਼ਰਮਸ਼ਾਰ ਹੋ ਗਏ।
ਜ਼ਲਾਦ ਸਾਰੇ ਕਤਲ ਸੇ ਬੇ-ਜ਼ਾਰ ਹੋ ਗਏ।
ਜ਼ਿਆਦਾ ਦਲੇਰ ਫਿਰ ਸਿਤਮ-ਆਜ਼ਾਰ ਹੋ ਗਏ।
ਦੀਵਾਰ ਮੇਂ ਚੁਨਾਨੇ ਕੋ ਤੈਯਾਰ ਹੋ ਗਏ।
ਨਵਾਬ ਮਲੇਰਕੋਟਲੇ ਦੀਆਂ ਸਖ਼ਤ ਬਾਤਾਂ ਤੇ ਝਿੜਕਾਂ ਖਾ ਕੇ ਨਵਾਬ ਵਜ਼ੀਰ ਖ਼ਾਂ ਤੇ ਸੁੱਚਾ ਨੰਦ ਬਹੁਤ ਸ਼ਰਮਸ਼ਾਰ ਹੋਏ। ਹੁਣ ਕੋਈ ਵੀ ਜਲਾਦ ਸਾਹਿਬਜਾਦਿਆਂ ਨੂੰ ਕਤਲ ਕਰਨ ਲਈ ਤਿਆਰ ਨਾ ਹੋਇਆ। ਜਦੋਂ ਵੱਡੇ-ਵੱਡੇ ਤੇ ਪੁਰਾਣੇ ਜਲਾਦ ਵੀ ਲਾਲਾਂ ਨੂੰ ਕਤਲ ਕਰਨ ਤੋਂ ਨਾਂਹ ਕਰ ਗਏ ਤਾਂ ਸੁੱਚਾ ਨੰਦ ਨੇ ਇਥੇ ਫਿਰ ਇੱਕ ਚਾਲ ਚੱਲੀ। ਕਹਿੰਦੇ, ਇਤਫਾਕ ਨਾਲ ਦਿੱਲੀ ਦੇ ਦੋ ਸ਼ਾਹੀ ਜਲਾਦ ਜਿਨਾਂ ਦੇ ਨਾਮ, ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ ਸਨ ਉਹ ਨਵਾਬ ਵਜ਼ੀਰ ਖ਼ਾਂ ਦੀ ਕਚਿਹਰੀ ਵਿੱਚ ਤਰੀਕ ਭੁਗਤਣ ਲਈ ਆ ਗਏ।
ਸੁੱਚਾ ਨੰਦ ਨੇ ਇਹ ਮੌਕਾ ਵੇਖਿਆ ਤੇ ਅੱਗੇ ਹੋ ਕੇ ਉਹਨਾਂ ਜਲਾਦਾਂ ਨਾਲ ਸੌਦੇਬਾਜੀ ਕਰਨ ਲੱਗ ਪਿਆ ਤੇ ਸੌਦੇਬਾਜੀ ਕੀ ਕੀਤੀ? ਕਹਿੰਦਾ “ਸ਼ਾਸ਼ਲ ਬੇਗ ਅਤੇ ਬਾਸ਼ਲ ਬੇਗ! ਜੇਕਰ ਤੁਸੀਂ ਇਹਨਾਂ ਦੋ ਬੱਚਿਆਂ ਨੂੰ ਕਤਲ ਕਰ ਦੇਵੋਗੇ ਤਾਂ ਮੈਂ ਨਵਾਬ ਸਾਹਿਬ ਨੂੰ ਕਹਿ ਕੇ ਤੁਹਾਡਾ ਮੁੱਕਦਮਾ ਖ਼ਤਮ ਕਰਾ ਕੇ ਤੁਹਾਨੂੰ ਬਰੀ ਕਰਵਾ ਸਕਦਾ ਹਾਂ। “ ਇਹ ਸੌਦੇਬਾਜ਼ੀ ਪੱਕੀ ਹੋ ਗਈ। ਵਜ਼ੀਰ ਖ਼ਾਂ ਨੇ ਹੁਕਮ ਸੁਣਾ ਦਿੱਤਾ ਕਿ ਤੁਹਾਡਾ ਮੁਕਦੱਮਾ ਬਰਖ਼ਾਸਤ ਕੀਤਾ ਜਾਂਦਾ ਹੈ। ਤੁਸੀਂ ਇਹਨਾਂ ਦੋਨੋਂ ਬੱਚਿਆਂ ਨੂੰ ਜਿੰਦਾ ਹੀ ਦੀਵਾਰਾਂ ਵਿੱਚ ਚਿਣ ਦਿਉ ਤੇ ਉਸ ਸਮੇਂ ਸਾਹਿਬਜਾਦਿਆਂ ਨੂੰ ਸ਼ਹੀਦ ਕਰਨ ਦੀ ਤਿਆਰੀ ਹੋਣ ਲੱਗੀ।
ਉਹ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਲਾਦ ਸਾਹਿਬਜਾਦਿਆਂ ਨੂੰ ਦੀਵਾਰਾਂ ਵਿੱਚ ਚਿਨਣ ਲਈ ਤਿਆਰ ਹੋ ਗਏ।
============
(ਚਲਦਾ …. .)
-ਸੁਖਜੀਤ ਸਿੰਘ, ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
ਸੁਖਜੀਤ ਸਿੰਘ ਕਪੂਰਥਲਾ
ਲਹੂ-ਭਿੱਜੀ ਸਰਹਿੰਦ ਕਿਸ਼ਤ ਛੇਵੀਂ
Page Visitors: 2778