ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
ਅੱਜ ਪਤਾ ਨਹੀਂ ਕਿਉਂ ਮਨ ਕਰਦਾ ਹੈ ਕਿ ਮੈਂ , ਅਕਾਲ-ਪੁਰਖ ਅੱਗੇ ਅਰਦਾਸ ਕਰਾਂ । ਬਹੁਤ ਪੁਰਾਣੀ ਗੱਲ ਹੈ ਕਿ ਮੈਂ , ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਇਕ ਤੁਕ ਪੜ੍ਹ ਬੈਠਾ ਸੀ ,
ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥ (736-37)
ਜਿਸ ਦਾ ਮਤਲਬ , ਮੈਨੂੰ ਕੁਝ ਇਵੇਂ ਸਮਝ ਆਇਆ , ਹੇ ਪ੍ਰਭੂ , ਮੈਂ ਆਪਣੇ ਦੋਵੇਂ ਹੱਥ ਜੋੜ ਕੇ , ਤੇਰੇ ਅੱਗੇ ਅਰਦਾਸ ਕਰਦਾ ਹਾਂ , ਮੇਰੇ ਤੇ ਬਖਸ਼ਿਸ਼ ਕਰ , ਜੋ ਤੈਨੂੰ ਭਾਉਂਦਾ ਹੋਵੇ , ਜੋ ਤੈਨੂੰ ਚੰਗਾ ਲਗਦਾ ਹੋਵੇ , ਜੋ ਤੇਰੀ ਰਜ਼ਾ , ਤੇਰਾ ਹੁਕਮ ਹੋਵੇ , ਉਹ ਹੀ ਮੈਨੂੰ ਰਾਸ ਆਵੇ , ਚੰਗਾ ਲੱਗੇ , ਮੇਰਾ ਮਨ ਉਸ ਵਿਚ ਹੀ ਰਾਜ਼ੀ ਰਹੇ । ਬਸ ਮੈਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਪਹੁੰਚਦਿਆਂ ਹੀ , ਪਰਮਾਤਮਾ ਅੱਗੇ ਇਹੀ ਅਰਦਾਸ ਕਰ ਦੇਣੀ ।
ਪਰ ਪਿਛਲੇ ਕੁਝ ਸਮੇ ਤੋਂ , ਸਿਸਟਮ ਕੁਝ ਸੁਧਰ ਗਿਆ ਹੈ , ਪਤਾ ਨਹੀਂ ਕਿਵੇਂ ਮੈਨੂੰ ਇਹ ਸਮਝ ਆ ਗਈ ਹੈ ਕਿ , ਚਲੋ ਬੰਦੇ ਨੂੰ ਆਪਣੇ ਲਈ ਤਾਂ ਕੁਝ ਨਹੀਂ ਮੰਗਣਾ ਚਾਹੀਦਾ , ਪਰ ਕਿਸੇ ਦੂਸਰੇ ਲਈ ਕੁਝ ਮੰਗਣ ਵਿਚ ਤਾਂ ਕੋਈ ਹਰਜ ਨਹੀਂ ਹੈ । ਹੁਣ ਇਹ ਸਵਾਲ ਆ ਖੜਾ ਹੋਇਆ ਕਿ , ਕਿਸ ਲਈ ਕੀ ਮੰਗਣਾ ਚਾਹੀਦਾ ਹੈ ? ਏਸੇ ਦੌਰਾਨ ਇਕ ਦਿਨ , ਬਾਬਾ ਨਾਨਕ ਜੀ ਦੀ ਫੋਟੌ ਤੇ ਨਿਗਾਹ ਪਈ , ਇਵੇਂ ਜਾਪਿਆ , ਜਿਵੇਂ ਬਾਬਾ ਨਾਨਕ ਜੀ ਨੇ ਚਪੇੜ ਵੱਟੀ ਹੋਈ ਹੈ , ਕਿ ਜੇ ਤੂੰ ਮੇਰੇ ਕਹੇ ਦੇ ਜ਼ਰਾ ਵੀ ਉਲਟ ਚੱਲਿਆ , ਤਾਂ ਥੱਪੜ ਮਾਰੂੰ । ਬਾਬਾ ਨਾਨਕ ਜੀ ਦਾ ਠੂਲ੍ਹਾ ਜਿਹਾ ਹੱਥ ਵੇਖ ਕੇ , ਮੈਂ ਡਰ ਗਿਆ । ਦਮਾਗ ਵਿਚ ਆਇਆ ਕਿ ਜੇ ਇਕ ਥੱਪੜ ਪੈ ਗਿਆ ਤਾਂ ਨਾਨੀ ਚੇਤੇ ਆ ਜਾਊਗੀ । ਅਤੇ ਕਈ ਦਿਨ ਮੈਂ ਇਹ ਵਿਚਾਰ ਦਿਲ ਵਿਚ ਹੀ ਨਹੀਂ ਆਉਣ ਦਿੱਤਾ ।
ਪਰ ਮਨ ਬੜਾ ਸ਼ੈਤਾਨ ਹੈ , ਇਕ ਦਿਨ ਉਸ ਨੇ ਮੈਨੂੰ ਹੌਲੀ ਦੇਣੀ ਕਿਹਾ , ਕਿਉਂ ਡਰਦਾ ਹੈਂ ? ਤੂੰ ਬਾਬੇ ਨਾਨਕ ਵਾਲਾ ਕੈਲੰਡਰ ਪੁੱਠਾ ਕਰ ਦੇਹ , ਫਿਰ ਤੈਨੂੰ ਡਰ ਨਹੀਂ ਲਗੇਗਾ । ਮੈਂ ਵੀ ਸੋਚਿਆ , ਹਾਂ ਯਾਰ , ਮਨ ਠੀਕ ਕਹਿੰਦਾ ਹੈ , ਫਿਰ ਇਹ ਤਸਵੀਰ ਹੀ ਤਾਂ ਹੈ , ਉਹ ਵੀ ਕਿਸੇ ਵਲੋਂ ਮਨ-ਘੜਤ ਬਣਾਈ ਹੋਈ , ਕੋਈ ਇਹ ਸਚ-ਮੁਚ ਬਾਬਾ ਨਾਨਕ ਥੋੜੇ ਹੈ ? ਮੈਂ ਕੈਲੰਡਰ ਪੁੱਠਾ ਕਰ ਦਿੱਤਾ , ਬਾਬਾ ਨਾਨਕ ਜੀ ਦਾ ਥੱਪੜ ਮੈਨੂੰ , ਦਿਸਣੋਂ ਹੱਟ ਗਿਆ । ਮਨ ਨੇ ਮੈਨੂੰ ਪ੍ਰੇਰਨਾ ਸ਼ੁਰੂ ਕੀਤਾ ਕਿ , ਵੇਖ ਮੈਂ ਬੜਾ ਸਿਆਣਾ ਹਾਂ , ਤੂੰ ਮੇਰੇ ਕਹੇ ਅਨੁਸਾਰ ਕੰਮ ਕਰਿਆ ਕਰ , ਅਤੇ ਮੈਂ ਮੰਨ ਗਿਆ ।
ਹੁਣ ਫਿਰ ਉਹੀ ਸਵਾਲ ਸੀ ਕਿ ਮੈਂ ਕਿਸ ਲਈ ? ਅਤੇ ਕੀ ਮੰਗਾਂ ?
ਇਕ ਦਿਨ ਗੁਰਦਵਾਰੇ ਵਿਚ , ਇਕ ਬੰਦੇ ਦੀ ਅੰਤਿਮ ਅਰਦਾਸ ਦਾ ਸਮਾਗਮ ਸੀ , ਭਾਈ ਜੀ ਗਾ ਰਹੇ ਸਨ ,
ਦੇਹੁ ਸਜਣ ਆਸੀਸੜੀਆ ਜਿਉ ਹੋਵੈ ਸਾਹਿਬ ਸਿਉ ਮੇਲੁ॥3॥ (157)
ਦਿਮਾਗ ਨੇ ਕਿਹਾ , ਜਦ ਭਾਈ ਜੀ ਕਹਿ ਰਹੇ ਹਨ ਤਾਂ ਤੂੰ ਵੀ , ਅਸੀਸ ਦੇ ਹੀ ਦੇਹ । ਮੈਂ ਪਰਮਾਤਮਾ ਅੱਗੇ ਹੱਥ ਜੋੜ ਕੇ ਕਿਹਾ , ਹੇ ਪ੍ਰਭੂ ਜੀ , ਤੁਸੀਂ ਇਸ ਨੂੰ ਆਪਣੇ ਨਾਲ ਇਕ-ਮਿਕ ਕਰ ਹੀ ਲਵੋ । ਇਹ ਪਤਾ ਨਹੀਂ , ਪਰਮਾਤਮਾ ਨੇ ਮੇਰੀ ਗੱਲ ਮੰਨੀ ਜਾਂ ਨਹੀਂ ਪਰ , ਮਨ ਨੇ ਮੈਨੂੰ ਕਿਹਾ “ ਇਹ ਜੋ ਤੂੰ ਅਸੀਸ ਦਿੱਤੀ ਹੈ , ਇਸ ਨਾਲ ਤੇਰਾ ਕੀ ਫਾਇਦਾ ਹੋਵੇਗਾ ? ” ਤੈਨੂੰ ਮੈਂ ਕਿਹਾ ਸੀ , ਤੂੰ ਮੇਰੇ ਕਹੇ ਚੱਲਣਾ ਹੈ , ਵੇਖ ਮੈਂ ਰੱਬ ਦੀ ਅੰਸ ਵਿਚੋਂ ਹਾਂ , ਤੇਰਾ ਫਾਇਦਾ ਇਸ ਵਿਚ ਹੀ ਹੈ ਕਿ , ਤੂੰ ਮੇਰੇ ਕਹੇ ਵਿਚ ਚਲਿਆ ਕਰ । ਮੈਂ ਸੰਤਾਂ ਦੇ ਚੇਲਿਆਂ ਵਾਙ , ਸੱਤ-ਬਚਨ ਕਹਿ ਕੇ ਪ੍ਰਵਾਨਗੀ ਦੇ ਦਿੱਤੀ ।
ਮਨ ਸਮਝ ਗਿਆ ਕਿ , ਇਹ ਹੁਣ ਮੇਰੇ ਕਾਬੂ ਵਿਚ ਆ ਗਿਆ ਹੈ , ਅਤੇ ਲੱਗਾ ਸੁਪਨੇ ਵੇਖਣ । ਇਕ ਦਿਨ ਮਨ ਨੇ ਕਿਹਾ ਵੇਖ ਯਾਰ , ਸਾਰੀ ਦੁਨੀਆ ਪੈਸੇ ਕਮਾਉਂਦੀ ਹੈ ਅਤੇ ਐਸ਼ ਕਰਦੀ ਹੈ , ਤੂੰ ਵੀ ਕੁਝ ਪੈਸੇ ਕਮਾ , ਫਿਰ ਆਪਾਂ ਐਸ਼ ਕਰਾਂਗੇ । ਮੈਂ ਕਿਹਾ ਵੇਖ ਯਾਰ , ਇਹ ਤਾਂ ਮੈਨੂੰ ਵੀ ਚੰਗਾ ਲਗਦਾ ਹੈ , ਪਰ ਮੇਰੇ ਗੁਰੂ ਨੇ ਕਿਹਾ ਹੈ , ਮਾਲਕ ਨੇ ਜੋ ਤੈਨੂੰ ਦੇਣਾ ਹੈ , ਉਹ ਤਾਂ ਦੇ ਹੀ ਰਿਹਾ ਹੈ , ਤੂੰ ਆਪਣੇ ਲਈ ਪਰਮਾਤਮਾ ਕੋਲੋਂ ਕੁਝ ਨਾ ਮੰਗੀਂ । ਮਨ ਸੋਚੀਂ ਪੈ ਗਿਆ , ਇਕ ਸਕੀਮ ਘੜੇ , ਇਕ ਢਾਵੇ । ਉਸ ਨੇ ਮੈਨੂੰ ਕਿਹਾ , ਵੇਖ ਯਾਰ ਕੰਮ ਤਾਂ ਬੜਾ ਸੌਖਾ ਹੈ , ਰੰਗ ਵੀ ਚੌਖਾ ਆਵੇਗਾ , ਬਸ ਤੂੰ ਆਰ. ਐਸ. ਐਸ. ਦਾ ਗੁਲਾਮ ਬਣ ਜਾ । ਰੱਬ ਕੋਲੋਂ ਕੁਝ ਮੰਗਣ ਦੀ ਲੋੜ ਨਹੀਂ , ਪੈਸਿਆਂ ਦੀ ਰੇਲ-ਪੇਲ ਹੋ ਜਾਵੇਗੀ ।
ਦਿਮਾਗ ਨੇ ਕਿਹਾ , ਪਤਾ ਨਹੀਂ ਤੂੰ ਸਾਲ-ਛਿਮਾਹੀ ਜੀਣਾ ਹੈ ਜਾਂ ਨਹੀਂ ? ਫਿਰ ਇਨ੍ਹਾਂ ਪੈਸਿਆਂ ਦਾ ਕੀ ਕਰੇਂਗਾ ? ਜਿਨ੍ਹਾ ਲਈ ਤੂੰ ਉਨ੍ਹਾਂ ਦਾ ਗੁਲਾਮ ਬਣੇਂਗਾ , ਜੋ ਗੁਰੂ ਸਾਹਿਬ ਦੇ ਹੀ ਦੋਖੀ ਹਨ । ਮਨ ਕਹੇ ਤੂੰ ਕਮਾ ਤਾਂ ਲੈ , ਬਾਕੀ ਫਿਰ ਸੋਚਾਂਗੇ , ਇਨ੍ਹਾਂ ਨੂੰ ਕਿਸੇ ਪੰਥਿਕ ਕਾਰਜ ਵਿਚ ਲਾ ਦੇਵਾਂਗੇ । ਦਿਮਾਗ ਕਹੇ ਪਹਿਲਾਂ ਸੋਚ ਫਿਰ ਕੰਮ ਕਰੀਂ । ਏਸੇ ਸ਼ਸ਼ੋ-ਪੰਜ ਵਿਚ ਕਈ ਦਿਨ ਬੀਤ ਗਏ , ਵਿਚੋਂ ਹੀ ਮੇਰੇ ਸਵੈ-ਮਾਨ ਨੇ ਜ਼ੋਰ ਮਾਰਿਆ , ਅਤੇ ਮੈਂ ਫੈਸਲਾ ਕਰ ਦਿੱਤਾ ਕਿ ਮੈਂ ਕਿਸੇ ਗੈਰ ਧਰਮੀਂ ਦਾ ਗੁਲਾਮ ਨਹੀਂ ਬਣ ਸਕਦਾ । ਕਈ ਦਿਨ ਮਨ ਅਤੇ ਦਿਮਾਗ ਆਪਸ ਵਿਚ ਨਾਰਾਜ਼ ਰਹੇ ਅਤੇ ਮੇਰੀ ਨੀਂਦ , ਹਰਾਮ ਹੋਈ ਰਹੀ ।
ਇਕ ਦਿਨ ਮਨ ਨੇ ਹੌਲੀ ਦੇਣੀ ਮੈਨੂੰ ਕੰਨ ਵਿਚ ਕਿਹਾ , “ ਵੇਖ ਯਾਰ ਤੂੰ ਐਵੇਂ ਹੀ ਚੱਕਰ ਨੂੰ ਪਿਆ ਹੋਇਆ ਹੈਂ , ਇਹ ਬਾਦਲ , ਕੀ ਬੇਵਕੂਫ ਹੈ ? ਜਦ ਦਾ ਇਸ ਨੇ ਬੀ. ਜੇ. ਪੀ. ਨੂੰ ਆਪਣਾ ਖਸਮ ਬਣਾਇਆ ਹੈ , ਰਾਜ ਕਰ ਰਿਹਾ ਹੈ , ਖਰਬਾਂ ਰੁਪਏ ਦੀ ਜਾਇਦਾਦ ਬਣਾ ਲਈ ਹੈ , ਐਸ਼ ਕਰਦਾ ਹੈ । ਬਾਦਲ ਦੀ ਗੁਲਾਮੀ ਕਰ ਕੇ ਮੱਕੜ ਵੀ ਐਸ. ਜੀ. ਪੀ. ਸੀ. ਦਾ ਪ੍ਰਧਾਨ ਬਣਿਆ ਕ੍ਰੋੜਾਂ ਰੁਪਏ ਕਮਾ ਰਿਹਾ ਹੈ ।ਮੱਕੜ ਦਾ ਚੇਲਾ ਬਣ ਕੇ , ਅਗਿਆਨੀ ਗੁਰਬਚਨ ਸਿੰਘ , ਪੰਥ ਦਾ ਬਾਦਸ਼ਾਹ (ਸਿੰਘ-ਸਾਹਿਬ) ਬਣਿਆ ਬੈਠਾ ਹੈ । ਮੇਰਾ ਵੀ ਜੀ ਕਰਦਾ ਹੈ ਕਿ ਮੈਂ ਵੀ ਕਦੀ ਪੰਥ ਦਾ ਮਾਲਕ (ਸਿੰਘ-ਸਾਹਿਬ) ਬਣਾਂ । ਦਿਮਾਗ ਕਹੇ , ਸਿੰਘਾਂ ਦਾ ਸਾਹਿਬ ਤਾਂ ਉਹੀ ਹੋ ਸਕਦਾ ਹੈ ਜੋ , ਪੰਥ ਲਈ ਸ਼ਹਾਦਤ ਦੇਵੇ ।
ਮਨ ਨੇ ਕਿਹਾ , ਜੋ ਸ਼ਹਾਦਤ ਦੇ ਕੇ ਮਰ ਹੀ ਗਿਆ , ਉਸ ਨੇ ਕੀ ਸਿੰਘ-ਸਾਹਿਬ ਬਣਨਾ ਹੈ ? ਸਿੰਘ ਸਾਹਿਬ , ਉਹੀ ਬਣਦਾ ਹੈ ਜੋ ਮਰਨੋਂ ਬਚ ਗਿਆ । ਮੇਰੇ ਪੱਲੇ ਮਨ ਦੀ ਗੱਲ ਪੈ ਗਈ । ਮੈਂ ਦਿਮਾਗ ਤੋਂ ਚੋਰੀ ਚੋਰੀ ਮਨ ਨਾਲ ਸਕੀਮਾਂ ਬਨਾਉਣੀਆਂ ਸ਼ੁਰੂ ਕਰ ਦਿੱਤੀਆਂ । ਮਨ ਕਹੇ ਤੂੰ ਪਹਿਲਾਂ ਪੈਸੇ ਕਮਾ , ਫਿਰ ਵੇਖਾਂਗੇ ਇਨ੍ਹਾਂ ਦਾ ਕੀ ਕਰਨਾ ਹੈ ? ਮੈਂ ਕਹਾਂ ਤੂੰ ਪਹਿਲਾਂ ਦੱਸ , ਕੀ ਕਰਨਾ ਹੈ ? ਫਿਰ ਹੀ ਮੈਂ ਕਿਸੇ ਦਾ ਗੁਲਾਮ ਬਣ ਸਕਦਾ ਹਾਂ । ਕਈ ਦਿਨ ਸਾਡੀ ਆਪਸ ਵਿਚ ਪਟੜੀ ਨਾ ਬੈਠੀ ।
ਇਕ ਦਿਨ ਮਨ ਨੂੰ ਇਕ ਜੁਗਤ ਸੁੱਝ ਗਈ , ਉਸ ਕਿਹਾ ਪਹਿਲੀ ਗੱਲ ਤਾਂ ਇਹ ਹੈ ਕਿ ਤੂੰ ਆਰ. ਐਸ. ਐਸ. ਦਾ ਗੁਲਾਮ ਨਾ ਬਣ , ਤੂੰ ਜਥੇਦਾਰ ਗੁਰਬਚਨ ਸਿੰਘ ਦਾ ਗੁਲਾਮ ਬਣ । ਇਸ ਵਿਚ ਤੈਨੂੰ ਕੋਈ ਨਮੋਸ਼ੀ ਨਹੀਂ ਹੋਵੇਗੀ । ਮੈਂ ਕਿਹਾ ਨਹੀਂ , ਇਸ ਵਿਚ ਤਾਂ ਬਹੁਤ ਘੱਟ ਪੈਸੇ ਮਿਲਣ ਦੀ ਆਸ ਹੈ । ਮਕੜ ਬਾਰੇ ਵੀ ਵਿਚਾਰ ਕੀਤੀ ਗਈ , ਪਰ ਗੱਲ ਏਥੇ ਵੀ ਉਹੀ ਸੀ ਕਿ ਇਸ ਵਿਚ ਵੀ ਕੋਈ ਬਹੁਤਾ ਫਾਇਦਾ ਨਹੀਂ ਹੈ । ਅਖੀਰ ਇਹ ਫੈਸਲਾ ਹੋਇਆ ਕਿ , ਬਾਦਲ ਦਾ ਗੁਲਾਮ ਬਣ ਲਿਆ ਜਾਵੇ , ਇਕ ਤਾਂ ਉਹ ਆਪਣਾ ਸਿੱਖ ਭਰਾ ਹੀ ਹੈ , ਦੂਸਰਾ ਕਮਾਈ ਕ੍ਰੋੜਾਂ ਵਿਚ ਤਾਂ ਹੋਵੇਗੀ ਹੀ । ਅਤੇ ਤੂੰ ਆਪਣੇ ਲਈ ਤਾਂ ਕੁਝ ਮੰਗਣਾ ਨਹੀਂ , ਦੂਸਰਿਆਂ ਲਈ ਤਾਂ ਮੰਗਆ ਜਾ ਸਕਦਾ ਹੈ ।
(ਜੋ ਤਰਕੀਬ ਮੈਨੂੰ ਮਨ ਨੇ ਦੱਸੀ , ਉਹ ਮੈਨੂੰ ਬੜੀ ਕਾਰਗਰ ਲੱਗੀ)
ਉਸ ਕਿਹਾ , ਤੂੰ ਪਰਮਾਤਮਾ ਅੱਗੇ ਅਰਦਾਸ ਕਰ ਕਿ , “ ਇਹ ਜੋ ਪੰਥ ਨਾਲ ਗੱਦਾਰੀ ਕਰ ਕਰ ਕੇ , ਖਰਬਾਂ ਪਤੀ ਬਣੇ ਬੈਠੇ ਹਨ , ਇਨ੍ਹਾਂ ਨੂੰ ਇਜਾਜ਼ਤ ਦੇ ਦੇਹ ਕਿ , ਇਹ ਆਪਣੀ ਸਾਰੀ ਮਾਇਆ , ਆਪਣੇ ਨਾਲ ਨਰਕਾਂ ਵਿਚ ਲਿਜਾ ਸਕਣ । ਕਿਉਂ ਕਿ ਇਨ੍ਹਾਂ , ਆਪਣੇ ਕਰਮਾਂ ਕਰ ਕੇ ਨਰਕ ਵਿਚ ਹੀ ਜਾਣਾ ਹੈ , ਸਵਰਗਾਂ ਵਿਚ ਇਨ੍ਹਾਂ ਨੂੰ ਥਾਂ ਮਿਲਣੀ ਨਹੀਂ ਅਤੇ ਤੇਰੀ ਅਰਦਾਸ ਵੀ ਪੂਰੀ ਹੋ ਹੀ ਜਾਣੀ ਹੈ , ਕਿਉਂਕਿ ਤੇਰਾ ਗੁਰੂ ਕਹਿੰਦਾ ਹੈ ,
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥ (819)
ਮੈਂ ਕਿਹਾ , ਯਾਰ ਇਹ ਤਾਂ ਗੱਲ ਠੀਕ ਹੈ , ਪਰ ਜੇ ਨਰਕਾਂ ਵਿਚ ਏਨਾ ਥਾਂ ਨਾ ਹੋਇਆ ਅਤੇ ਕਰਤਾਰ ਨੇ ਮੈਨੂੰ ਉਨ੍ਹਾਂ ਬੰਦਿਆਂ ਦੇ ਨਾਂ ਪੁੱਛ ਲਏ , ਜਿਨ੍ਹਾਂ ਲਈ ਮੈਂ ਅਰਦਾਸ ਕਰ ਰਿਹਾ ਹਾਂ , ਫਿਰ ਕੀ ਹੋਵੇਗਾ ? ਮਨ ਵਾਕਿਆ ਹੀ ਬਹੁਤ ਤੇਜ਼ ਹੈ , ਉਸ ਕਿਹਾ , ਯਾਰ ਤੈਨੂੰ ਤਾਂ ਭੋਰਾ ਵੀ ਅਕਲ ਨਹੀਂ , ਪਰਮਾਤਮਾ ਦੇ ਨਾਮ ਪੁੱਛਣ ਦੀ ਤਾਂ ਗੱਲ ਹੀ ਕਿੱਥੇ ਆਉਂਦੀ ਹੈ ? ਤੂੰ ਅਰਦਾਸ ਵਿਚ ਹੀ ਭਾਈਆਂ ਵਾਙ ਇਹ ਕਹਿ ਦੇਵੀਂ ਕਿ , ਪਰਮਾਤਮਾ ਜੀ ਤੁਸੀਂ ਆਪ ਹੀ ਜਾਣੀ-ਜਾਣ ਹੋ , ਉਨ੍ਹਾਂ ਦੇ ਨਾਮ ਤੁਹਾਨੂੰ ਪਤਾ ਹੀ ਹਨ । ਮੈਂ ਅਰਦਾਸ ਕਰਨ ਲਈ ਰਾਜ਼ੀ ਹੋ ਗਿਆ , ਪਰ ਦਿਮਾਗ ਨੇ ਫਿਰ ਸਿਰ ਚੁਕਿਆ , ਇਸ ਨਾਲ ਤੈਨੂੰ ਕੀ ਫਾਇਦਾ ਹੋਵੇਗਾ ? ਮੈਂ ਸੋਚੀਂ ਪੈ ਗਿਆ ਕਿ ਵਾਕਿਆ ਹੀ ਜੇ ਪਰਮਾਤਮਾ ਨੇ ਇਨ੍ਹਾਂ ਭ੍ਰਿਸ਼ਟਾ-ਚਾਰੀ ਲੋਕਾਂ ਨੂੰ , ਇਹ ਇਜਾਜ਼ਤ ਦੇ ਵੀ ਦਿੱਤੀ ਕਿ , ਇਹ ਲੋਕ ਆਪਣੀ ਨੇਕ-ਕਮਾਈ ਦੀ ਦੌਲਤ , ਨਰਕਾਂ ਵਿਚ ਲਿਜਾ ਸਕਦੇ ਹਨ , ਤਾਂ ਇਸ ਨਾਲ ਮੇਰਾ ਕੀ ਫਾਇਦਾ ਹੋਵੇਗਾ । ਕੁਝ ਦਿਨ ਫਿਰ ਮਨ ਅਤੇ ਦਿਮਾਗ ਦੀ ਆਪਸ ਵਿਚ ਪਟੜੀ ਨਾ ਬੈਠੀ ।
ਇਕ ਦਿਨ ਫਿਰ ਮਨ ਨੇ , ਹੌਲੀ ਦੇਣੀ ਕੰਨ ਵਿਚ ਕਿਹਾ , ਯਾਰ ਤੈਨੂੰ ਪਤਾ ਨਹੀਂ ਅਕਲ ਕਦੋਂ ਆਉਣੀ ਹੈ ? ਤੂੰ ਸਾਰੀਆਂ ਗੱਲਾਂ , ਦਿਮਾਗ ਨੂੰ ਕਿਉਂ ਦੱਸ ਦੇਂਦਾ ਹੈਂ ? ਜੇ ਤੂੰ ਪੈਸੇ ਕਮਾਉਣੇ ਹਨ , ਕਿਸੇ ਦਾ ਗੁਲਾਮ ਬਣਨਾ ਹੈ ਤਾਂ ਦਿਮਾਗ ਤੇ ਰੋਕ ਲਾ ਕੇ ਰੱਖ । ਫਇਦੇ ਵਾਲੀ ਗੱਲ ਮੈਂ ਤੈਨੂੰ ਸਮਝਾਉਂਦਾ ਹਾਂ , ਜਦ ਪਰਮਾਤਮਾ ਨੇ ਸਾਰੇ ਭਾਰਤ ਦੇ ਭ੍ਰਿਸ਼ਟਾ-ਚਾਰੀ ਲੋਕਾਂ ਨੂੰ , ਇਹ ਇਜਾਜ਼ਤ ਦੇ ਦਿੱਤੀ ਕਿ ਉਹ ਆਪਣੀ ਦੌਲਤ , ਆਪਣੇ ਨਾਲ ਨਰਕਾਂ ਵਿਚ ਲਿਜਾ ਸਕਦੇ ਹਨ , ਤਾਂ ਤੈਨੂੰ ਵੀ ਇਹ ਇਜਾਜ਼ਤ ਆਪਣੇ-ਆਪ ਮਿਲ ਜਾਵੇਗੀ । ਤੂੰ ਵੀ ਆਪਣੀ ਦੌਲਤ ਆਪਣੇ ਨਾਲ ਨਰਕਾਂ ਵਿਚ ਲਿਜਾ ਸਕੇਂਗਾ । ਮੈਂ ਕਿਹਾ , ਯਾਰ ਇਹ ਤਾਂ ਠੀਕ ਹੈ , ਪਰ ਮੈਂ ਨਰਕ ਵਿਚ ਨਹੀਂ ਜਾਣਾ , ਮੈਂ ਤਾਂ ਸਵਰਗ ਵਿਚ ਜਾਣਾ ਹੈ ।
ਮਨ ਨੇ ਕਿਹਾ , ਮੈਂ ਤੇਰੇ ਤੋਂ ਬਹੁਤ ਪ੍ਰੇਸ਼ਾਨ ਹਾਂ , ਤੈਨੂੰ ਸਾਰੀ ਉੇਮਰ ਅਕਲ ਨਹੀਂ ਆ ਸਕਦੀ , ਤੈਨੂੰ ਯਾਦ ਨਹੀਂ ਉਸ ਦਿਨ ਗੁਰਦਵਾਰੇ ਵਿਚ , ਵੱਡੇ ਬਾਬਾ ਜੀ ਕਥਾ ਕਰਦੇ ਕੀ ਕਹਿ ਰਹੇ ਸਨ ? ਮੈਂ ਕਿਹਾ , ਮੈਨੂੰ ਤਾਂ ਯਾਦ ਨਹੀਂ ਤੂੰ ਹੀ ਯਾਦ ਕਰਵਾ ਦੇਹ । ਮਨ ਨੇ ਕਿਹਾ , ਵੱਡੇ ਬਾਬਾ ਜੀ ਨੇ ਦੱਸਿਆ ਸੀ ਕਿ , ਇਕ ਦਿਨ ਇਕ ਸੰਤ ਜੀ ਨੇ ਕਿਸੇ ਦੂਸਰੇ ਪਿੰਡ ਵਿਚ ਕਥਾ ਕਰਨ ਜਾਣਾ ਸੀ , ਪੋਥੀਆਂ ਦਾ ਇਕ ਟ੍ਰੰਕ ਵੀ ਨਾਲ ਲਿਜਾਣਾ ਸੀ । ਸੰਤ ਜੀ ਨੇ ਇਕ ਮਜ਼ਦੂਰ ਨਾਲ ਕੁਝ ਮਜ਼ਦੂਰੀ ਟੁੱਕ ਕੇ , ਉਸ ਨੂੰ ਟ੍ਰੰਕ ਚੁੱਕਣ ਲਈ ਰਾਜ਼ੀ ਕਰ ਲਿਆ । ਅਤੇ ਦੋਵੇਂ ਦੂਸਰੇ ਪਿੰਡ ਵੱਲ ਚਲ ਪੲੈ ।
ਸੰਤਾਂ ਦਾ ਸੁਭਾਅ ਹੁੰਦਾ ਹੈ , ਦੂਸਰਿਆਂ ਦਾ ਭਲਾ ਕਰਨਾ , ਸੰਤ ਜੀ ਨੇ ਰਾਹ ਵਿਚ ਉਸ ਮਜ਼ਦੂਰ ਨਾਲ ਗੱਲ-ਬਾਤ ਸ਼ੁਰੂ ਕਰਦਿਆਂ ਕਿਹਾ , ਭਾਈ ਤੂੰ ਜ਼ਿੰਦਗੀ ਵਿਚ , ਕਦੇ ਕੋਈ ਭਲਾ ਕੰਮ ਵੀ ਕੀਤਾ ਹੈ ? ਮਜ਼ਦੂਰ ਨੇ ਕਿਹਾ , ਮਹਾਂ-ਪੁਰਸ਼ੋ ਇਹ ਭਲਾ ਕੰਮ ਕੀ ਹੁੰਦਾ ਹੈ ? ਮੈਂ ਤੇ ਅੱਜ-ਤਕ ਮਜ਼ਦੂਰੀ ਕੀਤੀ ਹੈ ਅਤੇ ਉਸ ਦੇ ਪੈਸੇ ਲਏ ਹਨ । ਸੰਤ ਜੀ ਨੇ ਕਿਹਾ , ਚਲੋ ਕੋਈ ਗੱਲ ਨਹੀਂ , ਤੂੰ ਮੇਰੀ ਗੱਲ ਧਿਆਨ ਨਾਲ ਸੁਣ । ਸੰਤ ਜੀ ਨੇ ਉਸ ਨਾਲ ਗਿਆਨ-ਗੋਸ਼ਟ ਸ਼ੁਰੂ ਕਰਦਿਆਂ , ਇਤਿਹਾਸ (ਮਿਥਿਹਾਸ) ਦੀ ਇਕ ਸਾਖੀ , ਸੁਣਾਈ । ਜਦ ਪਿੰਡ ਕੋਲ ਪੁੱਜੇ ਤਾਂ ਗਿਆਨ-ਗੋਸ਼ਟ ਵੀ ਮੁੱਕ ਗਈ । ਸੰਤ ਜੀ ਨੇ ਮਜ਼ਦੂਰ ਨੂੰ ਕਿਹਾ , ਵੈਸੇ ਤਾਂ ਤੇਰੇ ਕਰਮਾਂ ਦੇ ਹਿਸਾਬ ਨਾਲ ਤੂੰ ਨਰਕਾਂ ਵਿਚ ਜਾਣਾ ਸੀ , ਪਰ ਤੂਂ ਜੋ ਸਾਡੇ ਨਾਲ ਇਹ ਗਿਆਨ-ਗੋਸ਼ਟ ਕੀਤੀ ਹੈ , ਇਸ ਦੇ ਫਲ ਸਰੂਪ ਤੈਨੂੰ , ਕੁਝ ਦੇਰ ਲਈ ਸਵਰਗ ਵੀ ਮਿਲੇ ਗਾ ।
ਧਰਮ-ਰਾਜ ਤੈਨੂੰ ਪੁੱਛੇਗਾ ਕਿ ਤੂੰ ਪਹਿਲਾਂ ਨਰਕ ਵਿਚ ਜਾਣਾ ਹੈ , ਜਾਂ ਸਵਰਗ ਵਿਚ ? ਤਾਂ ਤੂੰ ਪਹਿਲਾਂ ਸਵਰਗ ਵਿਚ ਜਾਣ ਦੀ ਗੱਲ ਕਰੀਂ । ਜਦ ਤੂੰ ਸਵਰਗ ਵਿਚ ਚਲਾ ਜਾਵੇਂਗਾ , ਸਮਾ ਪੂਰਾ ਹੋਣ ਤੇ ਧਰਮ-ਰਾਜ ਦੇ ਦੂਤ ਤੈਨੂੰ ਸਵਰਗ ਤੋਂ ਬਾਹਰ ਆਉਣ ਲਈ ਆਖਣਗੇ , ਪਰ ਤੂੰ ਸਵਰਗ ਤੋਂ ਬਾਹਰ ਨਾ ਆਵੀਂ । ਧਰਮ-ਰਾਜ ਦੇ ਦੂਤ ਸਵਰਗ ਵਿਚ ਨਹੀਂ ਜਾ ਸਕਦੇ , ਇਵੇਂ ਤੂੰ ਜਦ ਤਕ ਸਵਰਗ ਤੋਂ ਬਾਹਰ ਨਹੀਂ ਆਵੇਂਗਾ ਤਦ ਤਕ ਤੂੰ ਸਵਰਗ ਵਿਚ ਟਿਕਿਆ ਰਹੇਂਗਾ ।
(ਇਹ ਗੱਲ ਤਾਂ ਉਨ੍ਹਾਂ ਦੱਸਣੀ ਹੀ ਨਹੀਂ ਸੀ ਕਿ , ਫਿਰ ਉਸ ਵਿਚਾਰੇ ਮਜ਼ਦੂਰ ਨੇ , ਸਵਰਗਾਂ ਦੇ ਏਨੇ ਵੱਡੇ ਲਾਲਚ ਕਾਰਨ , ਸੰਤ ਕੋਲੋਂ , ਮਜ਼ਦੂਰੀ ਦੇ ਪੈਸੇ ਤਾਂ ਕੀ ਲੈਣੇ ਸੀ ?)
ਇਵੈਂ ਆਪਾਂ ਵੀ ਕਿਸੇ ਸੰਤ ਨਾਲ ਗਿਆਨ-ਗੋਸ਼ਟ ਕਰ ਕੇ , ਕੁਝ ਸਮਾ ਸਵਰਗ ਲਈ ਰਿਜ਼ਰਵ ਕਰਵਾ ਲਵਾਂਗੇ , ਪਹਿਲਾਂ ਸਵਰਗ ਵਿਚ ਚਲੇ ਜਾਵਾਂਗੇ , ਫਿਰ ਬਾਹਰ ਕਿਉਂ ਆਉਣਾ ਹੋਇਆ ? ਇਵੇਂ ਆਪਾਂ ਨੂੰ ਧਨ-ਦੌਲਤ ਵੀ , ਪਰਲੋਕ ਵਿਚ ਲਿਜਾਣ ਦੀ ਇਜਾਜ਼ਤ ਮਿਲ ਜਾਵੇਗੀ ਅਤੇ ਸਵਰਗ ਵੀ ਮਿਲ ਜਾਵੇਗਾ । ਬਸ ਕੁਝ ਸਮਾ ਬਾਦਲ ਦੀ ਗੁਲਾਮੀ ਕਰਨੀ ਪਵੇਗੀ , ਉਸ ਨੇ ਵੀ ਕਿੰਨੇ ਦਿਨ ਹੋਰ ਜੀਉਣਾ ਹੈ ?
ਇਹ ਵੀ ਮਿਥ ਲਿਆ ਕਿ ਅਰਦਾਸ ਕਿਸੇ ਛੋਟੇ ਮੋਟੇ ਗੁਰਦਵਾਰੇ ਵਿਚ ਨਹੀਂ ਕੀਤੀ ਜਾਵੇ ਗੀ , ਹੋ ਸਕਦਾ ਹੈ ਉਸ ਅਰਦਾਸ ਦੇ ਮਨਜ਼ੂਰ ਹੋਣ ਵਿਚ ਬਹੁਤੀ ਦੇਰ ਲੱਗ ਜਾਵੇ , ਇਸ ਲਈ ਅਰਦਾਸ ਉਸ ਸਾਹਿਬ ਦੇ ਦਰਬਾਰ ਵਿਚ (ਦਰਬਾਰ ਸਾਹਿਬ) ਪਹੁੰਚ ਕੇ ਹੀ ਕੀਤੀ ਜਾਵੇ । ਇਕ ਦਿਨ ਅਸੀਂ ਤਿਆਰ ਹੋ ਕੇ , ਦਰਬਾਰ ਸਾਹਿਬ ਪਹੁੰਚ ਕੇ ਲਾਈਨ ਵਿਚ ਲਗ ਗਏ । ਏਧਰ-ਓਧਰ ਦੀਆਂ ਰੌਣਕਾਂ , ਨਜ਼ਾਰੇ ਵੇਖਦਿਆਂ , ਵਾਹਿਗੁਰੂ ਵਾਹਿਗੁਰੂ ਕਰਦਿਆਂ , ਸਾਹਿਬ ਦੇ ਦਰਬਾਰ ਵਿਚ ਪਹੁੰਚ ਗੲੈ । ਪਰ ਤਦ ਤਕ ਮੈਨੂੰ ਭੁੱਲ ਚੁਕਾ ਸੀ ਕਿ ਮੈਂ ਅਰਦਾਸ ਕੀ ਕਰਨੀ ਹੈ । ਜਦ ਮੈਂ ਗੁਰੂ ਅੱਗੇ ਖੜਾ ਹੋ ਕੇ , ਹੱਥ ਜੋੜ ਕੇ , ਅੱਖਾਂ ਮੀਟ ਕੇ ਅਰਦਾਸ ਦੇ ਬੋਲ ਯਾਦ ਕਰ ਹੀ ਰਿਹਾ ਸੀ ਤਾਂ , ਬਰਛੇ ਵਾਲੇ ਸੇਵਾਦਾਰ ਦੀ ਕੜਕਵੀਂ ਆਵਾਜ਼ ਸੁਣਾਈ ਦਿੱਤੀ , ਅੱਗੇ ਚਲੋ ਅੱਗੇ , ਅਤੇ ਮੇਰੇ ਮੂੰਹੋਂ ਸਹਜ-ਸੁਭਾਵਕ ਬੋਲ ਨਿਕਲ ਗਏ ,
ਦੁਇ ਕਰ ਜੋੜਿ ਕਰਉ ਅਰਦਾਸਿ ॥ ਤੁਧੁ ਭਾਵੈ ਤਾ ਆਣਹਿ ਰਾਸਿ ॥
ਅਤੇ ਅਕਾਲਪੁਰਖ ਨੇ ਸਾਲਾਂ-ਬੱਧੀ , ਜਨ ਬਣ ਕੇ ਕੀਤੀ ਮੇਰੀ ਅਰਦਾਸ ਕਬੂਲ ਕਰਦਿਆਂ , ਮੈਨੂੰ ਇਸ ਮਕੜ-ਜਾਲ ਤੋਂ ਬਚਾ ਲਿਆ , ਵਰਨਾ ਮਨ ਨੇ ਤਾਂ ਮੈਨੂੰ ਡੋਬ ਹੀ ਦਿੱਤਾ ਸੀ । ਜਿਸ ਦੁਬਿਧਾ ਵਿਚ ਮੈਂ , ਸਾਲ ਤੋਂ ਵੱਧ ਸਮੇ ਦਾ ਫਸਿਆ ਹੋਇਆ ਸੀ , ਉਸ ਤੋਂ ਮੈਨੂੰ ਪਰਮਾਤਮਾ ਨੇ ਬਚਾ ਲਿਆ ਹੈ , ਨਹੀਂ ਤਾਂ ਮੇਰੀ ਸਾਰੀ ਉਮਰ , ਉਸ ਦੁਬਿਧਾ ਵਿਚ ਹੀ ਬੀਤਣੀ ਸੀ , ਜਿਸ ਤੋਂ ਬਚਣ ਲਈ , ਗੁਰਬਾਣੀ ਸੇਧ ਦਿੰਦੀ ਹੈ ,
ਇਹੁ ਮਨੁ ਚੰਚਲੁ ਵਸਿ ਨ ਆਵੈ ॥ ਦੁਬਿਧਾ ਲਾਗੈ ਦਹ ਦਿਸ ਧਾਵੈ ॥
ਬਿਖ ਕਾ ਕੀੜਾ ਬਿਖੁ ਮਹਿ ਰਾਤਾ ਬਿਖੁ ਹੀ ਮਾਹਿ ਪਚਾਵਣਿਆ ॥4॥ (127)
ਅਮਰ ਜੀਤ ਸਿੰਘ ਚੰਦੀ
ਅਮਰਜੀਤ ਸਿੰਘ ਚੰਦੀ
ਬਿਰਥੀ ਕਦੇ ਨ ਹੋਵਈ ਜਨ ਕੀ ਅਰਦਾਸਿ ॥
Page Visitors: 4686