ਕੈਟੇਗਰੀ

ਤੁਹਾਡੀ ਰਾਇ



ਅਵਤਾਰ ਸਿੰਘ ਮਿਸ਼ਨਰੀ
ਮਰਹੂਮ ਸ੍ਰ. ਗਿਆਨ ਸਿੰਘ ਮਿਸ਼ਨਰੀ ਜੀ ਨੂੰ ਦਾਸ, ਵਿਦਵਾਨਾਂ ਅਤੇ ਸਬੰਧੀਆਂ ਵੱਲੋਂ ਯਾਦਗਾਰੀ ਸ਼ਰਧਾਂਜਲੀ
ਮਰਹੂਮ ਸ੍ਰ. ਗਿਆਨ ਸਿੰਘ ਮਿਸ਼ਨਰੀ ਜੀ ਨੂੰ ਦਾਸ, ਵਿਦਵਾਨਾਂ ਅਤੇ ਸਬੰਧੀਆਂ ਵੱਲੋਂ ਯਾਦਗਾਰੀ ਸ਼ਰਧਾਂਜਲੀ
Page Visitors: 2712

                         ਮਰਹੂਮ ਸ੍ਰ. ਗਿਆਨ ਸਿੰਘ ਮਿਸ਼ਨਰੀ ਜੀ ਨੂੰ
            ਦਾਸ, ਵਿਦਵਾਨਾਂ ਅਤੇ ਸਬੰਧੀਆਂ ਵੱਲੋਂ ਯਾਦਗਾਰੀ ਸ਼ਰਧਾਂਜਲੀ
Mar 08,2013
(ਅਵਤਾਰ ਸਿੰਘ ਮਿਸ਼ਨਰੀ) ਮਿਸ਼ਨਰੀ ਲਹਿਰ ਦੇ ਮੋਢੀ ਅਤੇ ਕਿਰਤੀ ਪ੍ਰਚਾਰਕ ਸ੍ਰ. ਗਿਆਨ ਸਿੰਘ ਮਿਸ਼ਨਰੀ ਸੈਕਰਾਮੈਂਟੋ ਜੋ 11 ਫਰਵਰੀ 2013 ਨੂੰ ਕੈਲੇਫੋਰਨੀਆਂ ਦੀ ਰਾਜਧਾਨੀ ਸੈਕਰਾਮੈਂਟੋ ਵਿਖੇ ਅਕਾਲ ਚਲਾਣਾ ਕਰ ਗਏ ਜੋ  ਪੰਜਾਬ ਦੇ ਪਿੰਡ ਨਿਝਰਾਂ (ਜਲੰਧਰ) ਦੇ ਰਹਿਣ ਵਾਲੇ ਸਨ। ਆਪ ਜੀ ਦਾ ਜਨਮ ਸ੍ਰ. ਰੇਸ਼ਮ ਸਿੰਘ ਅਤੇ ਮਾਤਾ ਹਰਨਾਮ ਕੌਰ ਦੇ ਘਰ ਸੰਨ 1941 ਨੂੰ ਹੋਇਆ। ਬਚਪਨ ਅਤੇ ਜਵਾਨੀ ਪੰਜਾਬ ਵਿੱਚ ਹੀ ਪੜ੍ਹਦੇ, ਖੇਤੀ ਅਤੇ ਵੱਖ-ਵੱਖ ਥਾਵਾਂ ਤੇ ਬਾਖੂਬੀ ਨੌਕਰੀ ਅਤੇ ਧਰਮ ਪ੍ਰਚਾਰ ਕਰਦੇ ਬੀਤੀ। ਆਪ ਜੀ ਯੂਨੀਵਰਸਿਟੀ ਨਵੀਂ ਦਿੱਲ੍ਹੀ ਤੋਂ ਗਰੈਜੂਏਟ ਸਨ ਅਤੇ 1975 ਈ. ਵਿੱਚ ਆਪ ਜੀ ਨੇ ਮਿਸ਼ਨਰੀ ਕਾਲਜ ਦਿੱਲ੍ਹੀ ਵਿੱਚ ਦਾਖਲਾ ਲੈ ਕੇ ਗੁਰਮਤਿ ਦੀ ਵਿਦਿਆ ਪ੍ਰਾਪਤ ਕੀਤੀ। ਆਪ ਜੀ ਦੀ ਸ਼ਾਦੀ ਬੀਬੀ ਨਸੀਬ ਕੌਰ ਨਾਲ ਹੋਈ ਅਤੇ ਆਪ ਜੀ ਦੇ ਬਾਗ ਪ੍ਰਵਾਰ ਵਿੱਚ ਵੱਡੇ ਸਪੁੱਤਰ ਹਰਨੇਕ ਸਿੰਘ- ਨੂੰਹ ਨਰਿੰਦਰਜੀਤ ਕੌਰ, ਅਮੋਲ ਕੌਰ ਪੋਤੀ ਅਤੇ ਅਮਿਤ ਸਿੰਘ ਪੋਤਾ, ਵਿਚਲੇ ਸਪੁੱਤਰ ਜਸਵੀਰ ਸਿੰਘ-ਨੂੰਹ ਜਤਿੰਦਰਜੀਤ ਕੌਰ ਅਤੇ ਪੋਤੀਆਂ ਅਮਰ ਕੌਰ, ਪ੍ਰੀਤ ਕੌਰ, ਰੂਪ ਕੌਰ ਅਤੇ ਸੋਹਿਨੀ ਕੌਰ, ਛੋਟੇ ਸਪੁੱਤਰ ਸ੍ਰ, ਅਮਰਜੀਤ ਸਿੰਘ ਨੂੰਹ-ਸਰਬਜੀਤ ਕੌਰ, ਪੋਤਾ ਸਾਹਿਬਵੀਰ ਸਿੰਘ ਅਤੇ ਪੋਤੀ ਜੈਸਮੀਨ ਕੌਰ ਹਨ।
ਅੰਕਲ ਜੀ ਆਪਣੇ ਕੰਮ ਵਿੱਚੋਂ ਸਮਾਂ ਕੱਢ੍ਹ ਕੇ ਹਰ ਉਮਰ ਭਾਵ ਬੱਚਿਆਂ, ਜਵਾਨਾਂ ਅਤੇ ਬਜੁਰਗਾਂ ਦੀਆਂ ਸ਼ਨੀਵਾਰ ਅਤੇ ਐਤਵਾਰ ਗੁਰਮਤਿ ਸਿਖਲਾਈ ਕਲਾਸਾਂ ਲਾਉਂਦੇ, ਮਿਸ਼ਨਰੀ ਮੈਗਜ਼ੀਨ ਬੁੱਕ ਕਰਦੇ ਅਤੇ ਗੁਰਮਤਿ ਸਟਾਲਾਂ ਦੀ ਸੇਵਾ, ਵਿੱਚ ਬਿਜੀ ਰਹਿੰਦੇ। ਆਪ ਜੀ ਗੁਰਬਾਣੀ ਦੀ ਨਿਰੋਲ ਕਥਾ ਕਰਦੇ ਸਨ ਜੋ ਆਖਰੀ ਦਮ ਤੱਕ ਬਰਾਡਸ਼ਾਹ ਗੁਰਦੁਆਰੇ ਤੋਂ ਬਾਅਦ ਦਸ਼ਮੇਸ਼ ਦਰਬਾਰ ਸੈਕਰਾਮੈਂਟੋ ਵੀ ਕਰਦੇ ਰਹੇ। ਆਪ ਜੀ ਗੁਰਮਤਿ ਪ੍ਰਚਾਰ ਤੋਂ ਛੁੱਟ ਸਮਾਜਿਕ ਤੌਰ ਤੇ ਵੀ ਲੋੜਵੰਦਾਂ ਦੀ ਮਦਦ ਕਰਦੇ ਸਨ ਜੋ ਉਨ੍ਹਾਂ ਨੇ ਆਪਣੇ ਵਿਕਸਤ ਪਿੰਡ ਨਿਝਰਾਂ ਤੋਂ ਹੀ ਸ਼ੁਰੂ ਕੀਤੀ ਸੀ। ਜਿੰਦਗੀ ਦੇ ਆਖਰੀ ਪੜ੍ਹਾ ਤੇ ਪੰਜਾਬ (ਭਾਰਤ) ਤੋਂ ਰੀਟਾਇਰ ਹੋ ਕੇ, ਆਪਣੇ ਵੱਡੇ ਸਪੁੱਤਰ ਹਰਨੇਕ ਸਿੰਘ ਨਿੱਝਰ ਕੋਲ ਸੈਕਰਾਮੈਂਟੋ ਆ ਗਏ। ਆਪ ਜੀ ਮਿਹਨਤੀ ਸੁਭਾਅ ਦੇ ਮਾਲਿਕ ਹੋਣ ਕਰਕੇ, ਇੱਥੇ ਵੀ ਸਕੂਲੀ ਦਫਤਰ ਵਿੱਚ ਕੰਮ ਕਰਦੇ ਰਹੇ, ਨਾਲ-ਨਾਲ ਧਰਮ ਪ੍ਰਚਾਰ ਵੀ ਜਾਰੀ ਰੱਖਿਆ ਅਤੇ ਲੋੜਵੰਦਾਂ ਦੀ ਮਦਦ ਵੀ ਕੀਤੀ। ਆਪ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਅਤੇ ਸਿੱਖ ਮਿਸ਼ਨਰੀ ਕਾਲਜ ਲੁਧਿਆਨਾ ਵੱਲੋਂ ਪ੍ਰਕਾਸ਼ਤ ਹੁੰਦੇ ਮੈਗਜ਼ੀਨ ਮਿਸ਼ਨਰੀ ਸੇਧਾਂ ਅਤੇ ਸਿੱਖ ਫੁਲਵਾੜੀ ਭਾਰੀ ਗਿਣਤੀ ਵਿੱਚ ਸੰਗਤਾਂ ਵਿੱਚ ਵੰਡੇ ਅਤੇ ਬੁੱਕ ਕੀਤੇ।
ਆਪ ਜੀ ਗੁਰਬਾਣੀ ਦੇ ਵੀ ਸੁਲਝੇ ਹੋਏ ਵਿਆਖਿਆਕਾਰ ਸਨ। ਆਪ ਜੀ ਦੇ ਸਹਿਜ ਸੁਭਾਅ, ਗੁਣਾਂ ਅਤੇ ਲਿਆਕਤ ਨੂੰ ਦੇਖ ਕੇ ਗੁਰਦੁਆਰਾ ਬਰਾਡਸ਼ਾਹ (ਸੈਕਰਾਮੈਂਟੋ) ਦੀਆਂ ਸੰਗਤਾਂ ਅਤੇ ਪ੍ਰਬੰਧਕਾਂ ਨੇ ਆਪ ਜੀ ਨੂੰ ਗੁਰਦੁਆਰੇ ਦੇ ਮੁੱਖ ਸੇਵਾਦਾਰ (ਪ੍ਰਧਾਨ) ਦੀ ਪਦਵੀ ਸੌਂਪ ਦਿੱਤੀ। ਆਪ ਜੀ ਪ੍ਰਧਾਨ ਹੁੰਦੇ ਹੋਏ ਵੀ ਗੁਰਬਾਣੀ ਦੀ ਕਥਾ ਵਿਚਾਰ ਕਰਦੇ ਰਹੇ। ਆਮ ਤੌਰ ਤੇ ਕਮੇਟੀ ਮੈਂਬਰ ਗੁਰਬਾਣੀ ਦੀ ਕਥਾ ਨਹੀਂ ਕਰਦੇ, ਉਹ ਇਹ ਕੰਮ ਭਾਈਆਂ ਕਥਾਕਾਰਾਂ ਦਾ ਸਮਝਦੇ ਹਨ। ਇਸ ਕਰਕੇ ਬਹੁਤੀ ਵਾਰ ਉਹ ਚੰਗੇ ਸੁਲਝੇ ਹੋਏ ਕਥਾਵਾਚਕ ਪ੍ਰਚਾਰਕਾਂ ਦੀ ਸੇਵਾ ਨਹੀਂ ਲੈਂਦੇ ਅਤੇ ਡੇਰੇਦਾਰ ਸੰਪ੍ਰਦਾਈ ਕਥਾਵਾਚਕ ਹੀ ਬੁਲਾਉਂਦੇ ਰਹਿੰਦੇ ਹਨ ਜੋ ਗੁਰਬਾਣੀ ਘੱਟ ਅਤੇ ਮਨਘੜਤ ਮਿਥਿਹਾਸਕ ਕਹਾਣੀਆਂ ਵੱਧ ਸੁਣਾਂਦੇ, ਕਰਮਕਾਂਡਾਂ ਦਾ ਪ੍ਰਚਾਰ ਕਰਦੇ ਹੋਏ, ਪ੍ਰਬੰਧਕਾਂ ਦੀ ਜੀ ਹਜੂਰੀ ਵੱਧ ਕਰ ਜਾਂਦੇ ਹਨ।
ਦਾਸ ਵੀ ਜਦ ਸੰਨ 1996 ਨੂੰ ਕੈਲੇਫੋਰਨੀਆਂ ਵਿਖੇ ਵੈਸਟ ਸੈਕਰਾਮੈਂਟੋ ਗੁਰਦੁਆਰੇ ਵਿਖੇ ਕਥਾ ਕਰ ਰਿਹਾ ਸੀ ਤਾਂ ਬਰਾਡਸ਼ਾਹ ਦੇ ਟਕਸਾਲੀ ਪ੍ਰਬੰਧਕ ਦਾਸ ਨੂੰ ਗੋਲ ਪੱਗ ਅਤੇ ਚੋਲਾ ਪਹਿਨਿਆ ਹੋਣ ਕਰਕੇ ਗ੍ਰੰਥੀ ਦੀ ਸੇਵਾ ਵਾਸਤੇ ਬਰਾਡਸ਼ਾਹ ਲੈ ਗਏ ਜਿੱਥੇ ਦਾਸ ਨੇ ਪਹਿਲੇ ਦਿਨ ਐਤਵਾਰ ਨੂੰ ਮੂਲ ਮੰਤ੍ਰ ਦੀ ਕਥਾ ਕੀਤੀ। ਸ੍ਰ. ਗਿਆਨ ਸਿੰਘ ਜੀ ਨੇ ਟੈਸਟ ਲੈ ਕੇ ਪਾਸ ਕਰਨਾ ਸੀ। ਜਦ ਉਹ ਟੇਬਲ ਤੇ ਲੰਗਰ ਛਕ ਰਹੇ ਸਨ ਤਾਂ ਦਾਸ ਵੀ ਲੰਗਰ ਲੈ ਕੇ ਉਨ੍ਹਾਂ ਦੇ ਨਾਲ ਟੇਬਲ ਤੇ ਲੰਗਰ ਛੱਕਣ ਲੱਗਾ ਤਾਂ ਉਨ੍ਹਾਂ ਬੜੇ ਗਹੁ ਨਾਲ ਦੇਖਿਆ ਕਿ ਦੇਖਣ ਨੂੰ ਇਹ ਗਿਆਨੀ ਟਕਸਾਲੀ ਲਗਦਾ ਹੈ ਪਰ ਇਨ੍ਹੇ ਕਥਾ ਤਾਂ ਗੁਰਮਤਿ ਅਨੁਸਾਰ ਕੀਤੀ ਹੈ ਅਤੇ ਲੰਗਰ ਵੀ ਤੱਪੜ ਤੇ ਨਹੀਂ ਛਕਿਆ। ਜਦ ਆਪਸੀ ਗੱਲਾਂ ਬਾਤਾਂ ਕੀਤੀਆ ਤਾਂ ਉਨ੍ਹਾਂ ਨੂੰ ਪਤਾ ਲਗਾ ਕਿ ਦਾਸ ਤਾਂ ਮਿਸ਼ਨਰੀ ਕਾਲਜ ਰੋਪੜ ਦਾ ਵਿਦਿਆਰਥੀ ਹੈ ਜਿੱਥੇ ਪਹਿਲੀਆਂ ਕਲਾਸਾਂ ਅਰੰਭ ਹੋਣ ਵੇਲੇ ਹਾਜਰ ਸੀ ਤਾਂ ਉਨ੍ਹਾਂ ਨੇ ਉਸੇ ਵੇਲੇ ਦਾਸ ਨੂੰ ਮੁੱਖ ਗ੍ਰੰਥੀ ਦੀ ਸੇਵਾ ਸੌਂਪ ਦਿੱਤੀ। ਦਾਸ ਨੇ ਗੁਰਦੁਆਰਾ ਸਾਹਿਬ ਵਿਖੇ ਬੁੱਧਵਾਰ ਦੇ ਦਿਵਾਨ ਵੀ ਸ਼ੁਰੂ ਕਰਕੇ ਕਥਾ ਕਰਨੀ ਆਰੰਭੀ ਅਤੇ ਬੱਚਿਆਂ ਦੀਆਂ ਪੰਜਾਬੀ ਗੁਰਮਤਿ ਦੀਆ ਕਲਾਸਾਂ ਵੀ ਸ਼ੁਰੂ ਕਰ ਦਿੱਤੀਆਂ। ਉਸ ਵੇਲੇ ਵੀ ਕਮੇਟੀ ਵਿੱਚ ਸੰਪ੍ਰਦਾਈ ਬਿਰਤੀ ਵਾਲੇ ਅਤੇ ਪਹੇਵੇ ਵਾਲੇ ਡੇਰੇਦਾਰ ਦੇ ਸ਼ਰਧਾਲੂ ਸਨ ਜੋ ਤੱਤ ਗੁਰਮਤਿ ਪ੍ਰਚਾਰ ਤੋਂ ਔਖੇ ਹੋਣ ਲੱਗ ਪਏ। ਬਦਕਿਸਮਤੀ ਨੂੰ ਦਾਸ ਦਾ ਖਤਰਨਾਕ ਐਕਸੀਡੈਂਟ ਹੋ ਗਿਆ ਜਿਸ ਕਰਕੇ ਲੰਬਾ ਸਮਾਂ ਮੌਤ ਤੇ ਮੂੰਹ ਵਿੱਚ ਪਏ ਨੂੰ ਯੂਸੀ ਡੇਵਿਡ ਹਸਪਤਾਲ ਵਿਖੇ ਰਹਿਣਾ ਪਿਆ। ਪਿੱਛੋਂ ਇੱਕ ਸੰਪ੍ਰਦਾਈ ਸ੍ਰ. ਗਿਆਨ ਸਿੰਘ ਜੀ ਅਤੇ ਪ੍ਰਬੰਧਕਾਂ ਨਾਲ ਇਹ ਵਾਹਿਦਾ ਕਰਕੇ ਗ੍ਰੰਥੀ ਲੱਗ ਗਿਆ ਕਿ ਉਹ ਅਕਾਲ ਤਖਤ ਤੋਂ ਪੰਥ ਪ੍ਰਵਾਣਿਤ ਮਰਯਾਦਾ ਦੇ ਦਾਇਰੇ ਚ’ ਹੀ ਸੇਵਾ ਕਰੇਗਾ ਪਰ ਪੇਪਰ ਮਿਲਣ ਤੋਂ ਬਾਅਦ ਸਾਰੇ ਸੰਪ੍ਰਦਾਈ ਕਰਮਕਾਂਡ ਕਰਨ ਲੱਗ ਪਿਆ। ਓਧਰੋਂ ਸ੍ਰ. ਗਿਆਨ ਸਿੰਘ ਅਤੇ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਵੀ ਅਤਸੀਫਾ ਦੇ ਗਏ ਪਰ ਅੰਕਲ ਗਿਆਨ ਸਿੰਘ ਜੀ ਨੇ ਗੁਰਬਾਣੀ ਦੀ ਕਥਾ ਵਿਚਾਰ ਜਾਰੀ ਰੱਖੀ।
ਅੰਕਲ ਜੀ ਨੇ ਆਖਰੀ ਦਮਾਂ ਤੱਕ ਗੁਰਦੁਆਰਾ ਦਸ਼ਮੇਸ਼ ਦਰਬਾਰ ਜਿੱਥੇ ਸ੍ਰ. ਅਵਤਾਰ ਸਿੰਘ ਅਟਵਾਲ ਪ੍ਰਧਾਨ, ਰਾਗੀ ਭਾਈ ਹਰਮੇਸ਼ ਸਿੰਘ ਅਤੇ ਭਾਈ ਹਰਨੇਕ ਸਿੰਘ ਪੰਜੇਟਾ ਸੇਵਾਦਾਰ ਹੈ ਓਥੇ ਗੁਰਬਾਣੀ ਦੀ ਗਿਆਨਮਈ ਕਥਾ ਕੀਤੀ। ਸਾਰੇ ਸੈਕਰਾਮੈਂਟੋ ਸ਼ਹਿਰ ਵਿਖੇ ਹੀ ਆਪ ਜੀ ਦਾ ਬੜਾ ਮਾਨ ਸਤਿਕਾਰ ਸੀ। ਆਪ ਜੀ ਦੇ ਸਸਕਾਰ ਅਤੇ ਗੁਰਦੁਆਰੇ ਅੰਤਮ ਅਰਦਾਸ ਤੱਕ ਸੰਗਤਾਂ, ਪ੍ਰੇਮੀਆਂ, ਰਿਸ਼ਤੇਦਾਰਾਂ ਅਤੇ ਗੁਰਮਤਿ ਅਵਲੰਭੀਆਂ ਦਾ ਭਾਰੀ ਇਕੱਠ ਸੀ। ਖਾਸ ਕਰਕੇ ਬਜੁਰਗ ਵਿਦਵਾਂਨ ਪ੍ਰਿੰਸੀਪਲ ਸ੍ਰ. ਸੁਰਜੀਤ ਸਿੰਘ ਫਰਿਜ਼ਨੋ,  ਪ੍ਰਸਿੱਧ ਲੇਖਕ ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ ਅਤੇ ਪ੍ਰਵਾਰ, ਦਾਸ ਅਵਤਾਰ ਸਿੰਘ ਮਿਸ਼ਨਰੀ, ਬੀਬੀ ਹਰਸਿਮਰਤ ਕੌਰ ਖਾਲਸਾ, ਵਰਲਡ ਸਿੱਖ ਫੈਡਰੇਸ਼ਨ ਦੇ ਉਘੇ ਕਵੀ ਅਤੇ ਲਿਖਾਰੀ ਸ੍ਰ. ਗੁਰਮੀਤ ਸਿੰਘ ਬਰਸਾਲ ਅਤੇ ਸ੍ਰ. ਨਗਿੰਦਰ ਸਿੰਘ ਬਰਸਾਲ, ਉਘੇ ਚਿੰਤਕ ਸ੍ਰ. ਹਾਕਮ ਸਿੰਘ, ਗਿ. ਕੁਲਦੀਪ ਸਿੰਘ, ਗੁਰਦੁਆਰਾ ਕਮੇਟੀਆਂ ਦੇ ਮੈਂਬਰ ਅਤੇ ਹੋਰ ਉਘੀਆਂ ਸ਼ਖਸ਼ੀਅਤਾਂ ਹਾਜ਼ਰ ਸਨ। ਸ੍ਰ. ਗਿਆਨ ਸਿੰਘ ਜੀ ਮਿਸ਼ਨਰੀ ਦੇ ਪੋਤੇ ਪੋਤੀਆਂ ਨੇ ਬੜੇ ਠਰੰਮੇ ਨਾਲ ਗੁਰਮਤਿ ਅਨੁਸਾਰੀ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕੋਈ ਰੋਣਾਂ ਧੋਣਾ ਨਹੀਂ ਸੀ ਸਗੋਂ ਸੰਗਤਾਂ, ਪ੍ਰਵਾਰ ਅਤੇ ਰਿਸ਼ਤੇਦਾਰ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਸਨ।
ਅਖੀਰ ਗੁਰਦੁਆਰਾ ਸ੍ਰੀ ਦਸ਼ਮੇਸ਼ ਦਰਬਾਰ ਵਿਖੇ ਪਾਠ ਦੀ ਸਮਾਪਤੀ ਤੋਂ ਬਾਅਦ ਭਾਈ ਹਰਮੇਸ਼ ਸਿੰਘ ਜੀ ਹਜੂਰੀ ਰਾਗੀ ਜਥੇ ਨੇ ਭਾਵਭਿੰਨਾ ਕੀਰਤਨ, ਦਾਸ ਨੇ ਗੁਰਬਾਣੀ ਵਿਆਖਿਆ, ਬੀਬੀ ਹਰਸਿਮਰਤ ਕੌਰ ਖਾਲਸਾ ਨੇ ਅਕਾਲ ਚਲਾਣੇ ਬਾਰੇ ਸਪੀਚ ਅਤੇ ਗੁਰਦੁਆਰਾ ਸੈਕਟਰੀ ਮਾਸਟਰ ਅਵਤਾਰ ਸਿੰਘ ਜੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਆਈਆਂ ਸੰਗਤਾਂ, ਰਾਗੀਆਂ, ਗ੍ਰੰਥੀਆਂ, ਵਿਦਵਾਨਾਂ ਅਤੇ ਰਿਸ਼ਤੇਦਾਰਾਂ ਦਾ ਧੰਨਵਾਦ ਕੀਤਾ। ਪ੍ਰਵਾਰਕ ਜੁਮੇਵਾਰੀ ਦੀ ਦਸਤਾਰ ਉਨ੍ਹਾਂ ਦੇ ਵੱਡੇ ਸਪੁੱਤਰ ਸ੍ਰ. ਹਰਨੇਕ ਸਿੰਘ ਨੂੰ ਸਜਾਈ ਗਈ। ਕਨੇਡਾ ਤੋਂ ਬਾਬਾ ਗੁਰਬਖਸ਼ ਸਿੰਘ ਕਾਲਾ ਅਫਗਾਨਾਂ, ਪੰਜਾਬ ਭਾਰਤ ਤੋਂ ਪ੍ਰਿੰਸੀਪਲ ਬਲਜੀਤ ਸਿੰਘ ਮਿਸ਼ਨਰੀ ਰੋਪੜ, ਵਾਈਸ ਪ੍ਰਿੰਸੀਪਲ ਗਿ. ਹਰਭਜਨ ਸਿੰਘ ਮਿਸ਼ਨਰੀ, ਗਿ. ਰਣਜੋਧ ਸਿੰਘ ਮਿਸ਼ਨਰੀ, ਦੁਰਹਮ ਅਮਰੀਕਾ ਤੋਂ ਸਾਬਕਾ ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਮਿਸ਼ਨਰੀ, ਬਾਬਾ ਪਿਆਰਾ ਸਿੰਘ ਮਿਸ਼ਨਰੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਨਾ ਤੋਂ ਪ੍ਰਿੰਸੀਪਲ ਗੁਰਬਚਨ ਸਿੰਘ ਥਾਈਲੈਂਡ ਅਤੇ ਚੇਅਰਮੈਨ ਸ੍ਰ. ਇੰਦ੍ਰਜੀਤ ਸਿੰਘ ਰਾਣਾ, ਕੁਲਵੰਤ ਸਿੰਘ ਮਿਸ਼ਨਰੀ ਸੈਨਹੋਜੇ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸ੍ਰ. ਹਰਜੀਤ ਸਿੰਘ ਮਿਸ਼ਨਰੀ ਜਲੰਧਰ, ਗਿ. ਗੁਰਬਖਸ਼ ਸਿੰਘ ਮਿਸ਼ਨਰੀ ਇੰਗਲੈਂਡ, ਪ੍ਰਸਿੱਧ ਪ੍ਰਚਾਰਕ ਤੇ ਲੇਖਕ ਸ੍ਰ. ਇੰਦਰ ਸਿੰਘ ਘੱਗਾ, ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਅਤੇ ਪ੍ਰਚਾਰਕ ਗਿ. ਜਗਤਾਰ ਸਿੰਘ ਜਾਚਕ,  ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤੇ ਉਘੇ ਲੇਖਕ ਸ੍ਰ ਤਰਲੋਚਨ ਸਿੰਘ ਦੁਪਾਲਪੁਰ, ਇੰਟ੍ਰਨੈਸ਼ਨਲ ਸਿੰਘ ਸਭਾ ਦੇ ਸ੍ਰ. ਚਮਕੌਰ ਸਿੰਘ ਮਿਸ਼ਨਰੀ ਫਰਿਜਨੋ ਅਤੇ ਸ੍ਰ. ਜਸਮਿਤਰ ਸਿੰਘ ਮੁਜੱਫਰਪੁਰ (ਨਿਊਯਰਸੀ) ਆਦਿਕ ਸਭ ਵਿਦਵਾਨਾਂ ਨੇ ਫੋਨ ਸਨੇਹਿਆਂ ਰਾਹੀਂ ਸ਼ਰਧਾਂਜਲੀਆਂ ਭੇਟ ਅਤੇ ਪ੍ਰਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਅੰਕਲ ਜੀ ਦਾ ਜਿੱਥੇ ਨਾਮ ਗਿਆਨ ਸਿੰਘ ਸੀ ਓਥੇ ਉਹ ਗਿਆਨ ਦੇ ਵੀ ਭੰਡਾਰ ਸਨ। ਉਨ੍ਹਾਂ ਦਾ ਸੁਭਾਅ ਬੜਾ ਮਿੱਠਾ ਸੀ ਹਰ ਵੇਲੇ ਚੇਹਰੇ ਤੇ ਖੁਸ਼ਹਾਲੀ ਰਹਿੰਦੀ ਸੀ। ਗੁਰਮਤਿ ਬਾਰੇ ਜਦ ਵੀ ਸਵਾਲ ਪੁਛਣਾਂ ਤਾਂ ਉਨ੍ਹਾਂ ਨੇ ਬੜੇ ਸਰਲ ਤਰੀਕੇ ਨਾਲ ਸਮਝਾ ਦੇਣਾ ਜੋ ਸੌਖਿਆਂ ਹੀ ਸਾਡੇ ਸਮਝ ਆ ਜਾਣਾ। ਉਨ੍ਹਾਂ ਦੇ ਵਿਛੋੜਾ ਦੇ ਜਾਣ ਨਾਲ  ਗੁਰਮਤਿ ਸਿਖਿਆਰਥੀਆਂ ਅਤੇ ਅਵਿਲੰਭੀਆਂ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਅਖੀਰ ਵਿੱਚ ਅਤੀ ਸਤਿਕਾਰਯੋਗ ਅੰਕਲ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਹੋਇਆ ਉਨ੍ਹਾਂ ਦੇ ਬਾਗ ਪ੍ਰਵਾਰ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦਾ ਹਾਂ। ਅਕਾਲ ਪੁਰਖ ਸਮੂੰਹ ਪ੍ਰਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਸਦੀਵੀ ਚੜ੍ਹਦੀਆਂ ਕਲਾਂ ਬਖਸ਼ੇ।

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.