< # ਗਿਦੜ ਅਤੇ ਚੀਤਾ # >
ਕਹਾਣੀ ਹੈ ਕਿ ਇਕ ਗਿੱਦੜ ਬੁੱਢਾ ਹੋ ਗਿਆ ਸ਼ਿਕਾਰ ਉਸ ਕੋਲੋਂ ਹੁੰਦਾ ਨਹੀ ਸੀ। ਭੁੱਖ ਤੋਂ ਤੰਗ ਆ ਕੇ ਇਕ ਦਿਨ ਉਹ ਜੰਗਲ ਨੂੰ ਫਿਰਨ ਨਿਕਲ ਗਿਆ। ਰਸਤੇ ਵਿਚ ਇਕ ਹਾਥੀ ਮਰਿਆ ਪਿਆ ਸੀ। ਗਿਦੜ ਨੂੰ ਚੜ੍ਹ ਚਾਅ ਗਏ ਪਰ ਉਸ ਦੀ ਮੁਸ਼ਕਲ ਇਹ ਸੀ ਕਿ ਹਾਥੀ ਦੀ ਸਖਤ ਚਮੜੀ ਉਸ ਦੇ ਬੁੱਢੇ ਚਬਾੜਿਆਂ ਤੋਂ ਕੱਟ ਨਹੀ ਸੀ ਹੋ ਰਹੀ। ਉਹ ਕਿਸੇ ਸਕੀਮ ਅਧੀਨ ਲੁੱਕ ਕੇ ਬੈਠ ਗਿਆ। ਤੁਰਦਾ-ਫਿਰਦਾ ਸ਼ੇਰ ਆਇਆ। ਗਿਦੜ ਉਸ ਨੂੰ ਕਹਿਣ ਲੱਗਿਆ ਜੰਗਲ ਦਾ ਰਾਜਾ ਜੀ ਆਹ ਤੁਹਾਡੇ ਲਈ ਮੈਂ ਸ਼ਿਕਾਰ ਕੀਤਾ ਹੈ ਕ੍ਰਿਪਾ ਕਰਕੇ ਪਹਿਲਾਂ ਤੁਸੀਂ ਭੋਗ ਲਾਓ। ਸ਼ੇਰ ਕਹਿਣ ਲੱਗਾ ਕਿ ਅਸੀਂ ਜੰਗਲ ਦੇ ਰਾਜਾ ਹੁੰਦੇ ਹਾਂ ਅਸੀਂ ਕਿਸੇ ਦਾ ਕੀਤਾ ਸ਼ਿਕਾਰ ਨਹੀ ਖਾਂਦੇ ਜਾਹ ਤੂੰ ਮੌਜ ਕਰ। ਸ਼ੇਰ ਚਲਾ ਗਿਆ ਤਾਂ ਮਗਰ ਚੀਤਾ ਆ ਗਿਆ। ਗਿਦੜ ਕਹਿਣ ਲੱਗਾ ਕਿ ਮਾਮਾ ਤੁੰ ਮੇਰਾ ਮਹਿਮਾਨ ਆਇਆਂ ਏ, ਤੇਰੀ ਸੇਵਾ ਕਰਨਾ ਮੇਰਾ ਫਰਜ ਹੈ। ਆਹ ਸ਼ੇਰ ਨੇ ਸ਼ਿਕਾਰ ਕੀਤਾ ਤੇ ਆਪ ਉਹ ਨਹਾਉਂਣ ਚਲਾ ਗਿਆ ਮੈਨੂੰ ਰਾਖੀ ਬੈਠਾ ਕੇ। ਤੂੰ ਇੰਝ ਕਰ ਉਸ ਦੇ ਆਉਂਣ ਤੱਕ ਛੱਕ ਜਾਹ ਜਿੰਨਾ ਛੱਕ ਹੁੰਦਾ ਜਦ ਸ਼ੇਰ ਆਇਆ ਮੈਂ ਦੱਸ ਦਿਆਂਗਾ। ਚੀਤੇ ਨੇ ਜਦ ਹਾਥੀ ਦੀ ਖਲ ਪਾੜ ਲਈ ਤਾਂ ਗਿਦੜ ਨੇ ਰੌਲਾ ਚੁੱਕ ਦਿੱਤਾ,
ਮਾਮਾ ਸ਼ੇਰ ਆਇਆ ਈ! ਦੌੜ!
ਬੁੱਢੇ ਗਾਂਧੀ ਨੂੰ ਪਤਾ ਸੀ ਅੰਗਰੇਜ-ਰਾਜ ਦੀ ਸੱਖਤ ਚਮੜੀ ਮੇਰੇ ਵਾਲੇ ਬਾਣੀਆਂ ਕੋਲੋਂ ਨਹੀ ਪਾੜ ਹੋਣੀ। ਇਹ ਫਾਂਸੀ ਦੇ ਤਖਤੇ ਤੇ ਕਿਥੋਂ ਚੜ੍ਹ ਜਾਣਗੇ! ਕਾਲੇ ਪਾਣੀਆਂ ਦੇ ਕੜਾਕੇ ਤੇ ਇਕਲਾਪਾ ਇਨ੍ਹਾਂ ਤੋਂ ਕਿਥੋਂ ਕੱਟ ਹੋਣਾ। ਸੋ ਉਸ ਸਿੱਖਾਂ ਨੂੰ ਫੁੱਲੀਆਂ ਪਾਈਆਂ।
ਓ ਜੀ ਤੁਸੀਂ ਬੜੇ ਬਹਾਦਰ ਹੋ, ਬੜੀ ਸੂਰਮਾ ਕੌਮ ਹੋ ਤੁਸੀਂ, ਤੁਹਾਡੇ ਜਿਹਾ ਮਾਂ ਨੇ ਕਿਥੇ ਜੰਮਣਾ। ਦੇਸ਼ ਤਾਂ ਹੈ ਹੀ ਤੁਹਾਡਾ, ਰਾਜੇ ਹੋ ਤੁਸੀਂ ਦੇਸ਼ ਦੇ। ਅਗਵਾਈ ਕਰੋ ਤੁਸੀਂ ਸਾਡੀ, ਆਪਾਂ ਫਰੰਗੀਆਂ ਤੋਂ ਦੇਸ਼ ਅਜਾਦ ਕਰਾਈਏ। 'ਤੇ ਸਿੱਖਾਂ ਨੂੰ ਚੜ੍ਹ ਲਾਲੀਆਂ ਗਈਆਂ। ਉਨ੍ਹਾਂ ਅੰਗਰੇਜ-ਰਾਜ ਦੇ ਹਾਥੀ ਦੀ ਖੱਲ ਪਾੜਨੀ ਸ਼ੁਰੂ ਕਰ ਦਿੱਤੀ। ਫਾਸੀਆਂ, ਕਾਲੇ ਪਾਣੀ, ਜਿਹਲਾਂ, ਪਿੱਛੇ ਭਓਂ ਨਹੀ ਵੇਖਿਆ ਮਾਂ ਦਿਆਂ ਪੁੱਤਾਂ ।
ਇਨਾ ਜੋਸ਼, ਇਨਾ ਉਤਸ਼ਾਹ?
ਲਾਲਾ ਲਾਜਪਤ ਦੀ ਛੱਤਰੀ ਤੇ ਡਾਂਗ ਵੱਜੀ। ਛੱਤਰੀ ਤੇ ਵੱਜੀ ਡਾਂਗ ਨਾਲ ਹੀ ਉਹ ਇਨਾ ਦਹਿਲ ਗਿਆ ਕਿ ਘਰੇ ਜਾ ਕੇ ਕਈ ਚਿਰ ਬਿਮਾਰ ਪਿਆ ਹੀ ਨਹੀ ਉੱਠਿਆ। ਉਸ ਨੂੰ ਹੁਣ ਪਤਾ ਲੱਗਾ ਕਿ ਘੁਰਨੇ ਵਿਚ ਬੈਠ ਬਿਆਨ ਦੇਣੇ ਅਤੇ ਚੱਕ ਲਓ, ਚੱਕ ਦਿਓ ਕਰਨੀ ਕਿੰਨੀ ਸੌਖੀ ਪਰ ਜਦ ਸਿਰ ਵਿਚ ਵੱਜਦੀਆਂ ਪਤਾ ਉਦੋਂ ਲੱਗਦਾ ਅਜਾਦੀ ਕਿਸ ਮਾਸੀ ਦਾ ਨਾਂ ਏ। ਇਸੇ ਦਹਿਲ ਵਿਚ ਉਹ ਮਰ ਗਿਆ! ਕਿਸੇ ਬਣੀਏ ਦੇ ਡੌਲੇ ਨਹੀ ਫਰਕੇ ਪਰ ਜੋਸ਼ ਸ੍ਰ ਭਗਤ ਸਿੰਘ ਹੋਰਾਂ ਨੂੰ ਆ ਗਿਆ ਉਨ੍ਹਾਂ ਜਾ ਕੇ ਸਕਾਟ ਦੀ ਬਜਾਇ ਸਾਂਡਰਸ ਫੜੁੰਗ ਸੁੱਟਿਆ।
ਗਿੱਦੜ ਸਾਂਤੀ-ਸ਼ਾਂਤੀ ਕਰਦਾ ਖੜਾ ਤਮਾਸ਼ਾ ਦੇਖਦਾ ਰਿਹਾ। ਚੀਤਾ ਮੁੜਕੋ-ਮੁੜਕੀ ਹੋਇਆ ਪਿਆ ਸੀ। ਚੀਤੇ ਨੂੰ ਸੀ ਕਿ ਹਾਥੀ ਤਾਂ ਹੁਣ ਮੇਰਾ ਹੀ ਹੈ ਗਿਦੜ ਨਾ ਨੇੜੇ ਲੱਗਣ ਦਿੱਤਾ ਮੈਂ। ਪਰ ਉਸ ਨੂੰ ਪਤਾ ਨਹੀ ਸੀ ਕਿ ਗਿਦੜ ਸਕੀਮ ਤੇ ਸੀ।
ਜਿਉਂ ਹੀ ਚੀਤੇ ਨੇ ਹਾਥੀ ਦੀ ਖਲ੍ਹ ਪਾੜੀ ਗਿਦੜ ਨੇ ਰੌਲਾ ਚੁੱਕ ਦਿੱਤਾ।
ਚੀਤਾ ਅੱਤਵਾਦੀ, ਚੀਤਾ ਵੱਖਵਾਦੀ! ਦੇਸ਼ ਦਾ ਗਦਾਰ, ਖਤਰਾ ਅਜਾਦੀ ਨੂੰ ਏਸ ਤੋਂ! ਜਰਾਇਮ ਪੇਸ਼ਾ, ਮਾਰਧਾੜ ਕਰਨ ਵਾਲਾ, ਭੇੜੀਆ ਹੈ, ਕਤਲੋਗਾਰਤ ਇਸ ਦਾ ਧੰਦਾ ਹੈ, ਖੂਨੀ ਹੈ!! ਮਾਰੋ ਇਸ ਨੂੰ, ਫੂਕ ਦਿਓ ਅੱਗ ਲਾ ਕੇ ਇਸ ਨੂੰ, ਇਹ ਜੰਗਲ ਦਾ ਗਦਾਰ ਹੈ, ਜੰਗਲ ਦੀ ਅਜਾਦੀ ਨੂੰ ਖਤਰਾ ਹੈ ਇਸ ਤੋਂ, ਇਹ ਜੰਗਲ ਨੂੰ ਤੋੜਨਾ ਚਾਹੁੰਦਾ ਹੈ ਤੇ ਗਿਦੜ ਨੇ ਸਾਰਾ ਜੰਗਲ ਚੀਤੇ ਮਗਰ ਪਾ ਦਿੱਤਾ। ਸਰੀਏ, ਰਾੜ, ਮਿੱਟੀ ਦਾ ਤੇਲ, ਟਾਇਰ, ਅੱਗਾਂ, ਛੁਰੇ, ਜੰਗਲ ਪਿੱਛੇ ਪਿੱਛੇ ਤੇ ਚੀਤਾ ਅੱਗੇ ਅੱਗੇ।
ਤੇ ਹੁਣ ਚੀਤਾ ਅਪਣੀ ਜਾਨ ਬਚਾਉਂਦਾ ਬਾਹਰ ਦੇ ਜੰਗਲਾਂ ਨੂੰ ਦੌੜਾ ਫਿਰ ਰਿਹਾ ਹੈ ਜਾਂ ਕਈਆਂ ਜੰਗਲ ਵਿਚ ਹੀ ਘਾਹ ਖਾਣਾ ਪ੍ਰਵਾਨ ਕਰਕੇ ਪੂਛ ਪਿੱਛੇ ਦੇ ਲਈ ਹੈ, ਕੰਨ ਹੇਠਾਂ ਕਰ ਲਏ ਹਨ ਤੇ ਕੁੱਤੇ ਵਾਗੂੰ ਯਈਂ ਯਈਂ ਕਰਨ ਲੱਗ ਪਏ ਹਨ। ਕਈਆਂ ਦਾ ਖਾਲਿਸਤਾਨ ਹੁਣ ਮਿਸ਼ਰੇ ਦੀ ਚਾਹ ਵਿਚ ਡੁੱਬ ਗਿਆ ਹੈ, ਕਈਆਂ ਦਾ ਬਾਦਲ ਦੇ ਜ਼ਰਖਰੀਦ ਪੀਰ-ਮੁਹੰਮਦਾਂ ਜਾਂ ਮਹਿਤਿਆਂ ਚਾਵਲਿਆਂ ਤੇ ਜਾ ਕੇ ਖਤਮ ਹੋ ਗਿਆ ਹੈ। ਉਪਰੋਂ ਦਿੱਸਦੇ ਖਾਲਿਸਤਾਨ ਦੀਆਂ ਤਹਿਆਂ ਹੇਠ ਇਨਾ ਕੁਝ ਪਨਪ ਰਿਹਾ ਹੈ ਕਿ ਸਾਧਾਂ ਦੇ ਭੋਰਿਆਂ ਵਾਲੀ ਹੋਈ ਪਈ ਹੈ।
ਤੇ ਹਾਥੀ ਦੀ ਖਲ ਪਾੜਨ ਵਾਲੇ ਸਾਹੋ ਸਾਹੀ ਹੋਏ ਚੀਤੇ ਦਾ ਸਾਰਾ ਸ਼ਿਕਾਰ ਗਿਦੜ ਛੱਕ ਗਿਆ ਹੈ ਤੇ ਚੀਤੇ ਭਰਾ ਖੁਦ ਗਿਦੜਾ ਦੀ ਜੂਠੀ ਬੁਰਕੀ ਲਈ ਇੱਕ ਦੂਏ ਤੋਂ ਵੱਧ ਤਰਲੋ-ਮੱਛੀ ਹੋਏ ਫਿਰਦੇ ਹਨ! ਗੁਲਾਮਾ ਦੇ ਗੁਲਾਮ?
'ਖਾਲਿਸਤਾਨ ਜਿੰਦਾਬਾਦ' ਦਾ ਸੰਘ ਪਾੜਨ ਵਾਲੇ ਵੀ ਗਿਦੜ ਦੇ ਫੰਕਸ਼ਨਾ ਵਿਚ ਮੂਰਤੀਆਂ ਲੁਹਾਉਣ ਲੱਗ ਪਏ ਹਨ। ਗਿਦੜ ਦੀ ਅਧੀਨਗੀ ਕਬੂਲ ਲਈ ਹੈ। ਉਹ ਹੁਣ ੧੫ ਅਗਸਤ ਨੂੰ ਸਲੂਟ ਮਾਰਨਗੇ, ਸਲਾਮੀਆਂ ਦੇਣਗੇ, ਅਪਣੀ ਬੇਗੈਰਤੀ ਦੀ ਨੁਮਾਇਸ਼ ਲਾਉਂਣਗੇ ਤੇ ਰਸਗੁੱਲੇ ਯਾਨੀ ਗਿਦੜ ਦਾ ਘਾਹ ਖਾ ਕੇ ਅਪਣਿਆ ਨੂੰ ਹੀ ਭੰਡਣਗੇ ਕਿ ਢਾਈ ਟੋਟਲੂ, ਪਿਛਾਂਹ ਖਿੱਚੂ, ਕੱਟੜਵਾਦੀ, ਸੌੜੀ ਸੋਚ ਵਾਲੇ, ਸਮਾ ਵਿਹਾ ਚੁੱਕੇ! ਇੰਝ ਹੀ ਹੋਵੇਗਾ ਨਾ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
< # ਗਿਦੜ ਅਤੇ ਚੀਤਾ # >
Page Visitors: 2861