ਵੀਰ ਰਾਜੋਆਣਾ ਜੀ ਦਾ ਪੰਥ ਦੇ ਨਾਮ ਸੰਦੇਸ਼ (ਭਾਗ ਦੂਜਾ)
ਖਾਲਸਾ ਜੀ , ਸ੍ਰੀ ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਤੇ ਸਰਬੰਸਦਾਨੀ ਦਸ਼ਮੇਸ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1699 ਦੀ ਵਿਸਾਖੀ ਵਾਲੇ ਦਿਨ ਇਕ ਅਲੌਕਿਕ ਵਰਤਾਰਾ ਕਰਕੇ ਜ਼ੁਲਮ ਅਤੇ ਜ਼ੁਲਮ ਨਾਲ ਟੱਕਰ ਲੈਣ ਲਈ ਸਿੱਖ ਸਮਾਜ ਨੂੰ ਸ਼ਸਤਰਧਾਰੀ ਬਣਾ ਕੇ ,ਅੰਮ੍ਰਿਤ ਦੀ ਦਾਤ ਬਖ਼ਸ਼ਿਸ ਕਰਕੇ ਖਾਲਸਾ ਪੰਥ ਦੀ ਸਿਰਜਨਾ ਕੀਤੀ ।ਇਸ ਅੰਮ੍ਰਿਤ ਦੀ ਦਾਤ ਨੂੰ ਪ੍ਰਾਪਤ ਕਰਕੇ ਖਾਲਸੇ ਨੇ ਰਣਤੱਤੇ ਵਿਚ ਜੰਗ ਦੇ ਉਹ ਜੌਹਰ ਦਿਖਾਏ ਜਿਸ ਨੂੰ ਪੜ੍ਹ ਸੁਣ ਕੇ ਅੱਜ ਵੀ ਦੁਸ਼ਮਣ ਭੈਅ-ਭੀਤ ਹੋ ਜਾਂਦੇ ਹਨ ।ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਵਾ ਸਵਾ ਲੱਖ ਫ਼ੌਜਾਂ ਨਾਲ ਇੱਕ ਇੱਕ ਸਿੰਘ ਲੜ੍ਹਦਾ ਰਿਹਾ ,ਚਿੜੀਆਂ ਅੰਮ੍ਰਿਤ ਦੀ ਦਾਤ ਪੀ ਕੇ ਬਾਜ਼ਾਂ ਨਾਲ ਟਕਰਾਉਂਦੀਆਂ ਰਹੀਆਂ , ਮਾਵਾਂ ਆਪਣੇ ਬੱਚਿਆਂ ਦੇ ਟੋਟਿਆਂ ਦੇ ਹਾਰ ਆਪਣੇ ਗਲਾ ਵਿਚ ਪਵਾਉਂਦੀਆਂ ਰਹੀਆਂ ।ਖਾਲਸੇ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਕਦੇ ਕਾਤਲਾਂ ਅਤੇ ਜ਼ਾਲਮਾਂ ਅੱਗੇ ਸਿਰ ਨਹੀਂ ਝੁਕਾਇਆ , ਸਗੋਂ ਅਡੋਲ ਰਹਿ ਕੇ ਸ਼ਹਾਦਤਾਂ ਪ੍ਰਾਪਤ ਕੀਤੀਆਂ ।ਜ਼ਾਲਮ ਹੁਕਮਰਾਨਾਂ ਵੱਲੌਂ ਦਿੱਤੀ ਹਰ ਸਜ਼ਾ ਨੂੰ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਿਆ ।ਪਰ ਖਾਲਸਾ ਜੀ , ਅੱਜ 314 ਸਾਲਾਂ ਬਾਅਦ ਅਸੀਂ ਕਿੱਥੋਂ ਕਿੱਥੇ ਪਹੁੰਚ ਗਏ ਹਾਂ ,ਉਸੇ ਆਨੰਦਪੁਰ ਦੀ ਪਵਿੱਤਰ ਧਰਤੀ ਤੇ ਸਾਡੇ ਹੱਥਾਂ ਵਿਚ ਕੇਸਰੀ ਝੰਡਾ ਵੀ ਹੋਵੇਗਾ , ਸਾਡਾ ਅੰਮ੍ਰਿਤ ਵੀ ਛਕਿਆ ਹੋਵੇਗਾ ,ਸਾਡਾ ਬਾਣਾ ਵੀ ਖਾਲਸਾਈ ਪਾਇਆ ਹੋਵੇਗਾ ਪਰ ਇੱਥੇ ਉਹ ਦ੍ਰਿਸ਼ ਕਿੰਨਾ ਸ਼ਰਮਨਾਕ ਹੋਵੇਗਾ ਆਪਣੇ ਆਪ ਨੂੰ ਸਿੱਖ ਬੁੱਧੀਜੀਵੀ ਅਖਵਾਉਣ ਵਾਲੇ ਲੋਕਾਂ ਵੱਲੋਂ ਇਸੇ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਦੱਸ ਕਾਊਂਟਰ ਖੋਲੇ ਜਾਣਗੇ ਜਿੱਥੇ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਹੀ ਨਿਰਦੋਸ਼ ਸਿੱਖਾਂ ਦੇ ਕਾਤਲ ਹਿੰਦੋਸਤਾਨੀ ਹੁਕਮਰਾਨਾਂ ਤੋਂ ਰਹਿਮ ਦੀ ਅਪੀਲ ਕਰਦੇ ਕਾਗਜ਼ਾਂ ਤੇ ਇੱਕ ਕਰੋੜ ਸਿੱਖ ਦਸਤਖ਼ਤ ਕਰਨਗੇ ਕੌਮ ਦੇ ਸਵੈਮਾਨ ਨੂੰ ,ਮੇਰੇ ਸ਼ਹੀਦ ਹੋਏ ਵੀਰਾਂ ਦੀ ਸੋਚ ਨੂੰ ਦਿੱਲੀ ਦੇ ਪੈਰਾਂ ਵਿਚ ਰੋਲਣ ਦਾ ਨਾਪਾਕ ਯਤਨ ਕਰਨਗੇ ।ਇਸ ਬਦਲੇ ਦਿੱਲੀ ਦੇ ਹੁਕਮਰਾਨਾਂ ਦੀਆਂ ਖ਼ੁਸੀਆਂ ਪ੍ਰਾਪਤ ਕਰਨਗੇ ।ਖਾਲਸਾ ਜੀ ,ਮੇਰਾ ਖਾਲਸਾਈ ਬਾਣਾ ਪਾ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਂਦੀ ਕਿਸੇ ਤਰ੍ਹਾਂ ਦੀ ਮੁਹਿੰਮ ਨਾਲ ਦੂਰ ਦਾ ਸਬੰਧ ਨਹੀਂ ਹੈ ।ਕਿਸੇ ਦੇ ਸਿਵਿਆਂ ਤੇ ਰੋਟੀ ਸੇਕਣ ਵਾਲੇ ਲੋਕਾਂ ਦੀ ਹਮਦਰਦੀ ਦੀ ਮੈਨੂੰ ਕੋਈ ਲੋੜ ਨਹੀਂ ਹੈ ।
ਖਾਲਸਾ ਜੀ , ਮੇਰੇ ਵੱਲੋਂ ਅਦਾਲਤਾਂ ਵਿਚ ਕੇਸ ਲੜ੍ਨ ਅਤੇ ਆਪਣੀ ਫ਼ਾਂਸੀ ਦੀ ਸਜ਼ਾ ਦੇ ਮਾਮਲੇ ਵਿਚ ਮੇਰੇ ਵੱਲੋਂ ਸ਼ੁਰੂ ਤੋਂ ਅਪਣਾਈ ਗਈ ਸਪੱਸਟ ਸੋਚ ਦੇ ਵਾਰੇ ਜਾਣਦੇ ਹੋਏ ਵੀ ਮੇਰੀ ਸੋਚ ਤੋਂ ਉਲਟ ਜਾ ਕੇ ਮੇਰੀ ਫਾਂਸੀ ਨੂੰ ਰੱਦ ਕਰਵਾਉਣ ਦਾ ਗੁੰਮਰਾਹਕੁੰਨ ਪ੍ਰਚਾਰ ਕਰਨ ਵਾਲੇ ਪਹਿਰੇਦਾਰ ਅਖ਼ਬਾਰ ਦੇ ਪ੍ਰਬੰਧਕੀ ਢਾਂਚੇ ਦੇ ਕਾਫ਼ੀ ਲੋਕ ਆਪਣੀਆ ਫੇਸ ਬੁੱਕਾਂ ਤੇ ਮੇਰੇ ਖਿਲਾਫ਼ ਪਿਛਲੇ ਕਾਫੀ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੇ ਹਨ ਅਤੇ ਉਪਰੋਂ ਮੇਰੇ ਹਮਦਰਦ ਹੋਣ ਦਾ ਢੋਂਗ ਵੀ ਕਰ ਰਹੇ ਹਨ ।ਖਾਲਸਾ ਜੀ , ਮੇਰਾ ਕਦੇ ਵੀ ਕਿਸੇ ਦਾ ਅਪਮਾਨ ਕਰਨ ਦਾ ਜਾਂ ਕਿਸੇ ਵੀ ਕਿਸਮ ਦਾ ਨੁਕਸਾਨ ਕਰਨ ਦਾ ਕਦੇ ਕੋਈ ਇਰਾਦਾ ਨਹੀਂ ਹੁੰਦਾ ਪਰ ਜਦੋਂ ਜਦੋਂ ਵੀ ਕੋਈ ਆਪਣੇ ਨਿੱਜੀ ਹਿੱਤਾ ਲਈ ਮੇਰਾ ਨਾਮ ਵਰਤ ਕੇ ਸਿੱਖੀ ਕਦਰਾਂ ਕੀਮਤਾਂ ਦਾ ਮਜ਼ਾਕ ਉਡਾਉਣ ਦੀ ਕੋਸ਼ਿਸ ਕਰੇਗਾ ਤਾਂ ਮੈਂ ਹਰ ਵਾਰ ਖਾਲਸਾ ਪੰਥ ਅੱਗੇ ਆਪਣਾ ਪੱਖ ਸਪੱਸਟ ਕਰਦਾ ਰਹਾਂਗਾ ।
ਖਾਲਸਾ ਜੀ , ਅੱਜ ਜਦੋਂ ਕੌਮ ਦੇ ਰਹਿਬਰ ਅਤੇ ਬੁੱਧੀਜੀਵੀ ਸਿੱਖ ਧਰਮ ਤੇ ਹਮਲਾ ਕਰਨ ਵਾਲੇ ਅਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਾਤਲਾਂ ਅੱਗੇ ਰਹਿਮ ਦੀ ਅਪੀਲ ਕਰਦੀ ਮੁਹਿੰਮ ਨੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਤੋਂ ਦਸਤਖ਼ਤ ਕਰਕੇ ਸ਼ੁਰੂ ਕਰਨਗੇ , ਗੁਰਦੁਆਰਾ ਸਾਹਿਬਾਨ ਵਿਚ ਅਪੀਲ਼ ਕਰਦੀ ਮੁਹਿੰਮ ਦੇ ਕਾਊਂਟਰ ਖੋਲਣਗੇ ,ਆਨੰਦਪਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਇਸ ਮੁਹਿੰਮ ਲਈ ਵਰਤਣਗੇ ਤਾਂ ਇਸ ਵਰਤਾਰੇ ਤੇ ਮੈਂ ਬਹੁਤ ਹੀ ਦੁਖੀ ਮਨ ਨਾਲ ਇਹੀ ਕਹਾਂਗਾ ਕਿ ਅੱਜ ਸੱਚਮੁਚ ਹੀ ਸਿੱਖੀ ਦਾ ਭਵਿੱਖ ਖ਼ਤਰੇ ਵਿਚ ਹੈ ।ਦੁਸ਼ਮਣਾਂ ਨੇ ਸਾਡੀਆਂ ਧਾਰਮਿਕ ਅਤੇ ਵਿਦਿਅਕ ਸ਼ੰਸਥਾਵਾਂ ਦੇ ਧੁਰ ਅੰਦਰ ਤੱਕ ਘੁਸਪੈਠ ਕਰ ਲਈ ਹੈ ।ਮੇਰੀ ਕੌਮ ਦੇ ਸਮੁੱਚੇ ਧਾਰਮਿਕ ਅਤੇ ਰਾਜਸੀ ਨੇਤਾਵਾਂ ਨੂੰ , ਬੁੱਧੀਜੀਵੀਆਂ ਨੂੰ ਦੋਨੋਂ ਹੱਥ ਜੋੜ ਕੇ ਇਹ ਬੇਨਤੀ ਹੈ ਕਿ ਅਗਰ ਤੁਸੀਂ ਧਰਮ ਤੇ ਹਮਲਾ ਕਰਨ ਵਾਲੇ ਕਾਤਲਾਂ ,ਬਲਾਤਕਾਰੀ ਹੁਕਮਰਾਨਾਂ ਅੱਗੇ ਅਪੀਲ ਕਰਦੀ ਕਿਸੇ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਇਨ੍ਹਾਂ ਅਪੀਲ ਕਰਦੇ ਕਾਗਜ਼ਾਂ ਤੇ ਦਸਤਖ਼ਤ ਕਰਵਾਉਣ ਲਈ ਕਾਊਂਟਰ ਗੁਰੂ ਘਰਾਂ ਵਿਚ ਨਹੀਂ ਸਗੋਂ ਕਾਊਟਰ ਸਿਨੇਮੇ ਘਰਾਂ ਵਿਚ ,ਸਾਪਿੱਗ ਮਾਲਾਂ ਵਿਚ , ਸ਼ਰਾਬ ਦੇ ਠੇਕਿਆਂ ਤੇ , ਸ਼ਰਾਬ ਪੀਣ ਵਾਲੇ ਹਾਤਿਆਂ ਵਿਚ ਲਗਾਏ ਜਾਣੇ ਚਾਹੀਦੇ ਹਨ ਕਿਉਂਕਿ ਇਸ ਤਰ੍ਹਾਂ ਕਰਨ ਨਾਲ ਘੱਟੋ ਤੋਂ ਘੱਟ ਸਿੱਖੀ ਕਦਰਾਂ ‐ ਕੀਮਤਾਂ ਦਾ ਮਜ਼ਾਕ ਤਾਂ ਨਹੀਂ ਉਡੇਗਾ ।ਅਗਰ ਤੁਸੀਂ ਇਸ ਮੁਹਿੰਮ ਵਿਚ ਸ਼ਾਮਿਲ ਹੋਣਾ ਹੀ ਹੈ ਤਾਂ ਤੁਹਾਡੇ ਹੱਥਾਂ ਵਿਚ ਕੇਸਰੀ ਝੰਡੇ ਨਹੀਂ ਸਗੋਂ ਤੁਹਾਡੇ ਸਿਰ ਨੀਵੇਂ ਹੋਣੇ ਚਾਹੀਦੇ ਹਨ ।ਇਸ ਤਰ੍ਹਾਂ ਕਰਨ ਨਾਲ ਘੱਟੋ ਘੱਟ ਕੇਸਰੀ ਝੰਡੇ ਦੇ ਸਨਮਾਨ ਨੂੰ ਤਾਂ ਬਚਾਇਆ ਜਾ ਸਕੇਗਾ ।
ਖਾਲਸਾ ਜੀ , ਮੌਜੂਦਾ ਸਮੇਂ ਵਿਚ ਜਦੋਂ ਸਾਡੇ ਧਰਮ ਪ੍ਰਚਾਰਕਾਂ , ਲੇਖਕਾਂ ਦੇ ਉਪਦੇਸ਼ਾਂ , ਰਾਜਸੀ ਆਗੂਆਂ ਦੇ ਵੱਡੇ-ਵੱਡੇ ਭਾਸਣਾਂ ਅਤੇ ਉਹਨਾਂ ਦੇ ਜੀਵਨ ਵਿਚ ਜ਼ਮੀਨ ਅਸਮਾਨ ਦਾ ਅੰਤਰ ਹੈ ।ਅੱਜ ਜਦੋਂ ਸਿੱਖੀ ਦੀ ਆਜ਼ਾਦ ਸੋਚ ਗੁਲਾਮ ਮਾਨਸਿਕਤਾ ਵਾਲੇ ਲੋਕਾਂ ਦੇ ਅਧੀਨ ਹੋ ਗਈ ਹੈ ਤਾਂ ਅਜਿਹੇ ਸਮੇਂ ਸਿੱਖੀ ਦੇ ਹਰਿਆਵਲ ਬੂਟੇ ਨੂੰ ਬਚਾਉਣ ਲਈ ਸਿਰਫ ਧਰਮ ਪ੍ਰਚਾਰ ਦੀ ਹੀ ਨਹੀਂ ਸਗੋਂ ਸਿੱਖੀ ਸਿਧਾਤਾਂ ਨੂੰ ਅਪਣਾ ਕੇ ਸੱਚ ਦੇ ਮਾਰਗ ਤੇ ਚੱਲ ਕੇ ਆਪਣੀ ਜੀਵਨ ਰੂਪੀ ਪ੍ਰਚਾਰ ਨਾਲ ਹੀ ਸਿੱਖੀ ਨੂੰ ਬਚਾਇਆ ਜਾ ਸਕਦਾ ਹੈ ।ਖਾਲਸਾ ਜੀ , ਮੈਂ ਸਿੱਖੀ ਜੀਵਨ ਜਾਚ ਦਾ ਦੁਸ਼ਮਣਾਂ ਅਤੇ ਦੋਸਤਾਂ ਨੂੰ ਅਹਿਸਾਸ ਕਰਵਾਉਂਦਾ ਹੋਇਆ ਆਪਣੇ ਰਾਹਾਂ ਤੇ ਬਿਨਾਂ ਕਿਸੇ ਲੋਭ ਲਾਲਚ ਦੇ , ਬਿਨਾਂ ਕਿਸੇ ਨਿੱਜੀ ਸਵਾਰਥ ਦੇ ਸਿਰਫ ਉਸ ਅਕਾਲ ‐ਪੁਰਖ ਵਾਹਿਗੁਰੂ ਨੂੰ ਸਰਮਪਿਤ ਹੋ ਕੇ ਆਖ਼ਰੀ ਸਾਹਾਂ ਤੱਕ ਚਲਦਾ ਰਹਾਂਗਾ ।ਖਾਲਸਾ ਪੰਥ ਵੱਲੋਂ ਮਿਲਿਆ ਪਿਆਰ ਅਤੇ ਸਤਿਕਾਰ ਹੀ ਮੇਰੀ ਤਾਕਤ ਹੈ ਇਸ ਲਈ ਮੈਂ ਹਮੇਸ਼ਾਂ ਖਾਲਸਾ ਪੰਥ ਦਾ ਰਿਣੀ ਰਹਾਂਗਾ ।
ਖਾਲਸਾ ਜੀ , ਮੈਨੂੰ ਫ਼ਾਂਸੀ ਕੱਲ ਹੋਵੇ ਜਾਂ ਅੱਜ ਇਸ ਗੱਲ ਦਾ ਕੋਈ ਮਹੱਤਵ ਨਹੀਂ ਹੈ ਜਦੋਂ ਵੀ ਵਕਤ ਆਇਆ ਮੈਂ ਹੱਸ ਕੇ ਫਾਂਸੀ ਦੇ ਤਖ਼ਤੇ ਤੇ ਚੜ੍ਹ ਜਾਵਾਂਗਾ ਇਸ ਲਈ ਨਹੀਂ ਕਿ ਮੈਂ ਫਾਂਸੀ ਨਾਲ ਹੀ ਮਰਨਾ ਚਾਹੁੰਦਾ ਹਾਂ ਸਗੋਂ ਇਸ ਲਈ ਕਿ ਮੇਰੀ ਕੌਮ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਅਤੇ ਜਵਾਨ ਹੋ ਰਹੀਆਂ ਪੀੜ੍ਹੀਆਂ ਅਣਖ਼ ਅਤੇ ਗੈਰਤ ਨਾਲ ਸਿਰ ਉਚਾ ਚੁੱਕ ਕੇ ਜੀਅ ਸਕਣ । ਛਲ, ਕਪਟ , ਕੂੜ ਰੂਪੀ ਹਨੇਰੇ ਅਤੇ ਤੂਫਾਨਾਂ ਵਿਚ ਸਿੱਖੀ ਦੀ ਜੋਤ ਜਗਦੀ ਰਹਿ ਸਕੇ ।ਹਮੇਸ਼ਾਂ ਹੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਵਿਚ ਦੇਖਣ ਦਾ ਚਾਹਵਾਨ
ਤੁਹਾਡਾ ਆਪਣਾ ਬਲਵੰਤ ਸਿੰਘ ਰਾਜੋਆਣਾ
ਮਿਤੀ ਕੋਠੀ ਨੰ: 16
9-3-2013 ਕੇਂਦਰੀ ਜੇਲ੍ਹ ਪਟਿਆਲਾ
ਸਤਿਕਾਰ ਸਹਿਤ
ਕਮਲਦੀਪ ਕੌਰ
091-94643-54923
(ਸ. ਬਲਵੰਤ ਸਿੰਘ ਰਾਜੋਆਣਾ ਜੀ ਦੀ ਭੈਣ)
ਕਮਲਦੀਪ ਕੌਰ
ਵੀਰ ਰਾਜੋਆਣਾ ਜੀ ਦਾ ਪੰਥ ਦੇ ਨਾਮ ਸੰਦੇਸ਼ (ਭਾਗ ਦੂਜਾ)
Page Visitors: 3228