ਦਿੱਲੀ ਕਮੇਟੀ ਚੋਣਾਂ ੨੦੧੭ ਤੇ ਤਕਨੀਕ
ਸੰਸਾਰ ਨਿੱਤ ਬਦਲਦਾ ਹੈ ਤੇ ਨਾਲ ਹੀ ਬਦਲਦੀ ਹੈ ਨਿੱਤ ਨਵੀਂ ਤਕਨੀਕ ! ਮਨੁੱਖ ਅਤੇ ਤਕਨੀਕ ਦਾ ਪਜਾਮੇ-ਨਾੜੇ ਵਰਗਾ ਸਾਥ ਹੈ ! ਸਮੇਂ ਦੀ ਮੰਗ ਅਤੇ ਆਧੁਨਿਕ ਤਕਨੀਕ ਦੇ ਨਾਲ ਨਾਲ ਚੋਣਾਂ ਲੜਨ ਦੇ ਤੌਰ-ਢੰਗ ਵੀ ਬਦਲੇ ਹਨ ! ਪਿਛਲੀਆਂ ੨੦੧੩ ਦੀਆਂ ਦਿੱਲੀ ਕਮੇਟੀ ਚੋਣਾਂ ਵਿੱਚ ਸੋਸ਼ਲ ਮੀਡਿਆ ਇੱਕ ਔਜਾਰ ਬਣ ਉਤਰਿਆ ਸੀ, ਜਿਸਦਾ ਇਸਤਮਾਲ ਕੁਝ ਪਾਰਟੀਆਂ ਵਲੋਂ ਕੀਤਾ ਗਿਆ ਪਰ ਇਸ ਵਾਰ ਆਉਣ ਵਾਲੀਆਂ ੨੦੧੭ ਦੀਆਂ ਚੋਣਾਂ ਵਿੱਚ ਸੋਸ਼ਲ ਮੀਡਿਆ “ਇੱਕ ਔਜਾਰ” ਨਾਲੋਂ ਜਿਆਦਾ “ਇੱਕ ਹਥਿਆਰ” ਦੇ ਰੂਪ ਵਿੱਚ ਉਭਰਿਆ ਹੈ, ਜਿਸਦਾ ਇਸਤਮਾਲ ਪਾਰਟੀਆਂ ਵੱਲੋਂ ਇੱਕ ਦੂਜੇ ਨੂੰ ਧੋਬੀ-ਪਟਕਾ ਦੇਣ ਲਈ ਕੀਤਾ ਜਾ ਰਿਹਾ ਹੈ!
ਚੋਣਾਂ ਵਿੱਚ ਸ਼ਮੂਲੀਅਤ ਹੋਣੀ ਚਾਹੀਦੀ ਹੈ, ਪਰ ਅਫ਼ਸੋਸ ਹੈ ਕਿ ਦੋ ਦੁਸ਼ਮਣਾ ਦੀ ਜੰਗ ਵਾਂਗ ਚੋਣਾਂ ਵੀ ਦੁਸ਼ਮਣ ਬਣ ਕੇ ਲੜੀਆਂ ਹੀ ਜਾਂਦੀਆਂ ਹਨ! ਗੁਰੂ ਘਰ ਦੀ ਸੇਵਾ ਦੇ ਨਾਮ ਤੇ ਇੱਕ ਦੂਜੇ ਨੂੰ ਅੱਤ ਦਰਜੇ ਦਾ ਨੀਚ ਦਰਸ਼ਾਉਣ ਲਈ ਸਾਰੀਆਂ ਪਾਰਟੀਆਂ ਆਪਣੇ ਹਥਿਆਰ ਵਰਤਦੀਆਂ ਹਨ ! ਇਸੀ ਤਰੀਕੇ ਦੇ ਹਥਿਆਰਾਂ ਦੀ ਵਰਤੋਂ ਜੋ ਸੋਸ਼ਲ ਮੀਡਿਆ ਰਾਹੀਂ ਕੀਤੀ ਜਾ ਰਹੀ ਹੈ, ਉਸ ਬਾਬਤ ਗੱਲ ਕਰਦੇ ਹਾਂ ...
ਦਿੱਲੀ ਦਾ ਆਖਿਰੀ ਕਿਲਾ ਕਹੀ ਜਾਣ ਵਾਲੀ ਇੱਕ ਪਾਰਟੀ ਦੇ ਆਫਿਸ਼ੀਅਲ ਫੇਸਬੂਕ ਪੇਜ ਦੇ ਹੂ-ਬਹੂ ਨਾਮ, ਪ੍ਰੋਫ਼ਾਇਲ ਫੋਟੋ ਤਕ ਦੀ ਨਕਲ ਕਰਕੇ ਨਕਲੀ ਪੇਜ ਚਲਾਏ ਜਾ ਰਹੇ ਹਨ ! ਇਤਨਾ ਵੀ ਹੁੰਦਾ ਤਾਂ ਕੋਈ ਗੱਲ ਸੀ ਪਰ ਹੱਦ ਤਾਂ ਇਹ ਵੇਖ ਕੇ ਹੋਈ ਕੀ ਨਕਲੀ ਪੇਜ (ਭਾਵੇਂ ਓਹ ਵਿਰੋਧੀ ਪਾਰਟੀ ਦਾ ਅਸਲ ਪੇਜ ਹੈ, ਪਰ ਉਸਦੀ ਬਣਤਰ ਇਸ ਤਰੀਕੇ ਬਣਾਈ ਗਈ ਹੈ ਕੀ ਓਹ ਦਿੱਲੀ ਵਾਲੀ ਪਾਰਟੀ ਦਾ ਅਫਿਸ਼ੀਅਲ ਪੇਜ ਹੀ ਸਮਝਿਆ ਜਾ ਰਿਹਾ ਹੈ ! ਸਮਝਿਆ ਕੀ ਜਾਣਾ ਹੈ, ਉਸ ਪੇਜ ਨੂੰ ਬਾਕਾਇਦਾ ਫੇਸਬੂਕ ਤੋਂ ਵੈਰੀਫਾਈ ਕਰਵਾਇਆ ਗਿਆ ਹੈ ਜਿਸ ਨਾਲ ਅਸਲੀ ਪੇਜ ਹੁਣ ਨਕਲੀ ਭਾਸਦਾ ਹੈ ਤੇ ਉਸਦੇ ਨਾਮ ਵਰਗਾ ਦੂਜੀ ਪਾਰਟੀ ਦਾ ਪੇਜ ਅਸਲੀ !
ਵਿਰੋਧੀ ਪਾਰਟੀ ਵੱਲੋਂ ਚਲਾਏ ਜਾ ਰਹੇ ਇੱਕ ਗੈਰ-ਅਫਿਸੀਅਲ ਖਬਰੀ ਪੇਜ ਜੋ ਦਰਅਸਲ ਇੱਕ ਖਾਸ ਪਾਰਟੀ ਨੂੰ ਪ੍ਰੋਮੋਟ ਕਰਨ ਲਈ ਉਲੀਕੀਆ ਗਿਆ ਹੈ ਦੀ ਦੂਜੀ ਪਾਰਟੀ ਨੇ ਹੂ-ਬਹੂ ਨਕਲ ਬਣਾ ਕੇ ਉਸ ਵਿੱਚ ਵਿਰੋਧੀ ਪਾਰਟੀ ਨੂੰ ਹੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ ! ਪਾਰਟੀ ਇੱਕ ਦੀ ਟੀਮ ਨੂੰ ਜਦੋਂ ਇਸ ਬਾਬਤ ਦਸਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਅਸੀਂ ਇਸ ਪੇਜ ਨੂੰ ਪ੍ਰੋਮੋਟ ਕਰਨ ਵਿੱਚ ਬਹੁਤ ਜਾਨ ਲਗਾਈ ਹੈ ਤੇ ਹਜ਼ਾਰਾਂ ਹੀ ਇਸ ਦੇ ਫ਼ਾਲੋਅਰ ਹਨ, ਤੇ ਜੇਕਰ ਅਸੀਂ ਇਸ ਵੇਲੇ ਉਸ ਡੁਪਲੀਕੇਟ ਪੇਜ ਬਾਰੇ ਕੋਈ ਐਕਸ਼ਨ ਲਿਆ ਤਾਂ ਸਾਡਾ ਆਪਣਾ ਪੇਜ ਵੀ ਬੰਦ ਹੋ ਸਕਦਾ ਹੈ !
(ਗਿਆਤ ਰਹੇ ਕੀ ਪਾਰਟੀ ਇੱਕ ਦਾ ਪੇਜ ਵੀ ਅਸਲ ਵਿੱਚ ਸਿਰਫ ਚੋਣਾਂ ਨੂੰ ਮੁੱਖ ਰਖਦੇ ਹੋਏ ਹੀ ਹੋਂਦ ਵਿੱਚ ਆਇਆ ਸੀ)
ਇਸ ਤੋਂ ਅਲਾਵਾ ਹਰ ਤਰਾਂ ਦੇ ਨਕਲੀ ਅਤੇ ਝੂਠੀਆਂ-ਸੱਚੀਆਂ ਖਬਰਾਂ ਇੱਕ ਦੂਜੇ ਬਾਰੇ ਸੋਸ਼ਲ ਮੀਡਿਆ ਤੇ ਚੁੱਕੀਆਂ ਜਾ ਰਹੀਆਂ ਹਨ, ਜਿਸ ਨਾਲ ਸੰਗਤਾਂ ਵਿੱਚ ਕਿਸੀ ਵੀ ਪਾਰਟੀ ਬਾਰੇ ਕੋਈ ਪੱਕੀ ਸੋਚ ਨਹੀਂ ਬਣ ਪਾ ਰਹੀ ! ਹਰ ਪਾਰਟੀ ਜੋ ਆਪਣੀ ਆਪਣੀ ਗੱਲ ਨੂੰ ਆਪਣੇ ਤਰੀਕੇ ਨਾਲ ਜੋੜ ਤੋੜ ਕੇ ਦਰਸਾਉਂਦੀ ਹੈ, ਉਸ ਖ਼ਬਰ ਦੀ ਤੱਥ-ਖੋਜ ਕੋਈ ਸਾਧਾਰਣ ਵੋਟਰ ਨਹੀਂ ਕਰ ਸਕਦਾ ਤੇ ਉਸਦੀ ਇਸ ਕਮਜ਼ੋਰੀ ਦਾ ਫਾਇਦਾ ਸਾਰੀਆਂ ਪਾਰਟੀਆਂ ਚੁੱਕ ਰਹੀਆਂ ਹਨ !
ਇਸ ਵਾਰ ਦੀਆਂ ਚੋਣਾਂ ਵਿੱਚ ਇੱਕ ਨਵਾਂ ਰੁਝਾਨ ਵੀ ਵੇਖਣ ਵਿੱਚ ਆਇਆ ਹੈ, ਜੋ ਕੀ ਕਿਸੀ ਵੀ ਇੱਕਠ, ਮੀਟਿੰਗ ਜਾਂ ਰੈਲੀ ਨੂੰ ਸਿੱਧਾ ਫੇਸਬੁੱਕ ਤੇ ਲਾਈਵ ਕਰਨਾ ਹੈ ! ਲਾਈਵ ਵੀਡੀਓ ਰਾਹੀਂ ਇੱਕ ਪਾਸੇ ਲੀਡਰ ਵੋਟਰਾਂ ਨੂੰ ਲੁਭਾਉਣ ਦੀ ਕੋਸ਼ਿਸ਼ ਵਿੱਚ ਜੁਟੇ ਹਨ ਤੇ ਦੂਜੇ ਪਾਸੇ ਉਸੀ ਲਾਈਵ ਫੀਡ ਨਾਲ ਓਹ ਵੋਟਰਾਂ ਨੂੰ ਆਪਣੇ ਵਿਗੜੇ ਨਿਜਾਮ ਬਾਰੇ ਗਲਤੀ ਨਾਲ ਦਸ ਵੀ ਰਹੇ ਹਨ ! ਜਿਵੇਂ ਕਿਸੀ ਵੀ ਲੀਡਰ ਵੱਲੋਂ ਜਦੋਂ ਕੋਈ ਭਾਸਣ ਦਿੱਤਾ ਜਾਂਦਾ ਹੈ ਤਾਂ ਉਸਦੇ ਆਸ ਪਾਸ ਦੁੱਕੀ-ਤਿੱਕੀ ਕਿਸਮ ਦੇ ਨਿੱਕੇ ਲੀਡਰਾਂ ਦਾ ਜਮਾਵੜਾ ਇਕੱਠਾ ਹੋ ਜਾਂਦਾ ਹੈ ਜੋ ਕੀ ਦਰਸਾਉਂਦਾ ਹੈ ਕਿ ਆਪਣੀ ਸ਼ਕਲ ਦਿਖਾਉਣ ਦਾ ਇਨ੍ਹਾਂ ਨੂੰ ਕਿਤਨਾ ਚਾਓ ਹੈ ! ਇਹ ਸੋਸ਼ਲ ਮੀਡਿਆ ਤੇ ਵੱਡੇ ਲੀਡਰ ਨਾਲ ਆਪਣੀ ਸ਼ਕਲ ਦਿਖਾਉਣ ਲਈ ਇਹ ਦੁੱਕੀ-ਤਿੱਕੀ ਲੀਡਰ ਇਤਨਾ ਚਾਓ ਵਿੱਚ ਹੁੰਦੇ ਹਨ ਕੀ ਪਤਰਕਾਰਾਂ ਨੂੰ ਅਕਸਰ ਕਹਿੰਦੇ ਵੇਖੇ ਜਾਂਦੇ ਹਨ ਕਿ ਸਾਡੀ ਫੋਟੋ ਪ੍ਰਧਾਨ ਜੀ ਦੇ ਨਾਲ ਜਰੂਰ ਲਗਾ ਦੇਣਾ ਤੇ ਅਗਲੇ ਦਿਨ ਅਖਬਾਰਾਂ ਵਿੱਚ ਆਪਣੀ ਫੋਟੋ ਨਾ ਵੇਖ ਕੇ ਪਤਰਕਾਰਾਂ ਨੂੰ ਗਾਲਾਂ ਕਢਦੇ ਆਮ ਦਿਸ ਜਾਂਦੇ ਹਨ ! ਅਜੇਹੇ ਨਿੱਕੇ ਲੀਡਰਾਂ ਦੀ ਹਉਮੇਂ ਨੂੰ ਪੱਠੇ ਪਾਉਣ ਵਿੱਚ ਸੋਸ਼ਲ ਮੀਡਿਆ ਪੂਰੀ ਤਰਾਂ ਕਾਮਿਆਬ ਹੋ ਰਿਹਾ ਹੈ ਕਿਓਂਕਿ ਓਥੇ ਇੱਕ ਵਾਰ ਵਿੱਚ ਅਨੇਕਾਂ ਹੀ ਫੋਟੋ ਸ਼ਿਅਰ ਹੋ ਸਕਦੀਆਂ ਹਨ !
ਪਹਿਲਾਂ ਤਾਂ ਇਲਾਕੇ ਦਾ ਕੌਣ ਬੰਦਾ ਕਿਸ ਨਾਲ ਚਲ ਰਿਹਾ ਹੈ, ਇਸ ਬਾਬਤ ਸਹਿਜੇ ਸਹਿਜੇ ਪਤਾ ਚਲਦਾ ਸੀ ਪਰ ਸੋਸ਼ਲ ਮੀਡਿਆ ਦੇ ਆਉਣ ਨਾਲ ਹੁਣ ਪਾਰਟੀਆਂ ਇੱਕ ਦੂਜੇ ਦੇ ਨਾਲ ਚਲ ਰਹੇ ਬੰਦਿਆਂ ਦੀ ਰੇਕੀ ਬੜੀ ਆਸਾਨੀ ਨਾਲ ਕਰ ਲੈਂਦੀਆਂ ਹਨ ਤੇ ਫਿਰ ਉਨ੍ਹਾਂ ਨੂੰ ਕਿਵੇਂ ਆਪਣੇ ਪੱਖ ਵਿੱਚ ਕਰਨਾ ਹੈ ਇਸ ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ ! ਪਹਿਲਾਂ ਇੱਕ ਦੂਜੇ ਦੇ ਖਿਲਾਫ਼ ਭੰਡੀ ਪ੍ਰਚਾਰ ਲਈ ਪੋਸਟਰਾਂ ਦੀ ਮਦਦ ਲਿੱਤੀ ਜਾਂਦੀ ਸੀ ਪਰ ਸੋਸ਼ਲ ਮੀਡਿਆ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਫੇਸਬੁਕ, ਵਾਟਸਅਪ ਅਤੇ ਟਵੀਟਰ ਆਦਿ ਰਾਹੀਂ ਇਹ ਕੰਮ ਬਾਖੂਬੀ ਘੱਟ ਖਰਚੇ ਵਿੱਚ ਹੋ ਰਿਹਾ ਹੈ!
ਵੱਡੀਆਂ ਪਾਰਟੀਆਂ ਵਾਂਗ ਦਿੱਲੀ ਕਮੇਟੀ ਦੀ ਧਾਰਮਿਕ ਚੋਣ ਵਿੱਚ ਸੋਸ਼ਲ ਮੀਡਿਆ ਦੇ ਮਾਹਿਰਾਂ ਦੀਆਂ ਟੀਮਾਂ ਦੀ ਸੇਵਾਵਾਂ ਹਾਸਿਲ ਕੀਤੀਆਂ ਜਾ ਰਹੀਆਂ ਹਨ ਤਾਂਕਿ ਵਿਰੋਧੀ ਧਿਰਾਂ ਦੇ ਖਿਆਫ ਮਾਹੌਲ ਬਣਾਇਆ ਜਾ ਸਕੇ ! ਓਹ ਗੱਲ ਦੂਜੀ ਹੈ ਕੀ ਇਸ ਵਾਰ ਦੀਆਂ ਗੁਰਦੁਆਰਾ ਚੋਣਾਂ ਵਿੱਚ ਵੇਖਣ ਨੂੰ ਆ ਰਿਹਾ ਕੀ ਪੰਜਾਬੀ ਭਾਸ਼ਾ ਨੂੰ ਉਸਦਾ ਬਣਦਾ ਸਤਿਕਾਰ ਨਹੀਂ ਦਿੱਤਾ ਜਾ ਰਿਹਾ ! ਇਸ ਵਾਰ ਪੋਸਟਰ ਬਾਜੀ ਵਿੱਚ 70% ਤੋਂ ਜਿਆਦਾ ਪੋਸਟਾਂ ਹਿੰਦੀ ਵਿੱਚ ਹਨ ਤੇ ਪੰਜਾਬੀ ਮਾਂ-ਬੋਲੀ ਨੂੰ ਵਿਸਾਰਿਆ ਜਾ ਰਿਹਾ ਹੈ ! ਇਸ ਬਾਬਤ ਜਾਣਕਾਰੀ ਮੰਗਣ ਤੇ ਇੱਕ ਪਾਰਟੀ ਦੇ ਲੀਡਰ ਦਾ ਜਵਾਬ ਸੀ ਕਿ “ਸੰਗਤਾਂ ਪੰਜਾਬੀ ਪੜ੍ਹ ਨਹੀਂ ਪਾਉਂਦੀਆਂ, ਇਸ ਕਰਕੇ ਅਸੀਂ ਹਿੰਦੀ ਵਿੱਚ ਪੋਸਟਾਂ ਜਿਆਦਾ ਪਾਉਂਦੇ ਹਾਂ” ! ਇੱਕ ਤਰੀਕੇ ਨਾਲ ਓਹ ਲੀਡਰ ਸਾਹਿਬਾਨ ਸ਼ਾਇਦ ਆਪਣੀ ਮਾਂ-ਬੋਲੀ ਦੇ ਪ੍ਰਚਾਰ ਦੀ ਕਮਜ਼ੋਰੀ ਨੂੰ ਜਾਹਿਰ ਕਰ ਗਏ ਕਿਓਂਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਕੰਮ ਵਿੱਚ ਇੱਕ ਕੰਮ ਸੰਗਤਾਂ ਨੂੰ ਮਾਂ-ਬੋਲੀ ਨੂੰ ਪੜ੍ਹਾਉਣ-ਸਿਖਾਉਣ ਦੀ ਜਿੰਮੇਦਾਰੀ ਹੈ ਪਰ ਓਹ ਇਸ ਵਿੱਚ ਫੇਲ ਹੀ ਨਜ਼ਰ ਆ ਰਹੇ ਹਨ ! ਭਾਸਾ ਸਾਰੀਆਂ ਹੀ ਮੁਬਾਰਕ ਹਨ ਪਰ ਆਪਣੀ ਮਾਂ-ਬੋਲੀ ਤਾਂ ਜਰੂਰ ਹੀ ਸਭ ਨੂੰ ਆਉਣੀ ਚਾਹੀਦੀ ਹੈ ! ਇੰਗਲਿਸ਼ ਦਾ ਇਸਤਮਾਲ ਨਾ ਦੇ ਬਰਾਬਰ ਹੈ, ਜਿਸ ਕਾਰਣ ਨਵੀਂ ਆ ਰਹੀ ਪਨੀਰੀ ਜੋ ਹੋਰ ਦੇਸ਼ਾਂ ਵਿੱਚ ਵਸਦੀ ਹੈ ਓਹ ਗੁਰਦੁਆਰਾ ਚੋਣਾਂ ਜਾਂ ਪ੍ਰਬੰਧਨ ਦੀ ਜਾਣਕਾਰੀ ਪੂਰੀ ਤਰਾਂ ਨਹੀਂ ਹਾਸਿਲ ਕਰ ਪਾਉਂਦੀ !
ਬਲਵਿੰਦਰ ਸਿੰਘ ਬਾਈਸਨ
ਸੋਸ਼ਲ ਲਿਖਾਰੀ ਅਤੇ ਆਈ.ਟੀ. ਐਕਸਪਰਟ
ਬਲਵਿੰਦਰ ਸਿੰਘ ਬਾਈਸਨ
ਦਿੱਲੀ ਕਮੇਟੀ ਚੋਣਾਂ ੨੦੧੭ ਤੇ ਤਕਨੀਕ
Page Visitors: 2851