ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
ਦਿੱਲੀ ਗੁਰਦੁਆਰਾ ਚੋਣਾਂ – ਸਿੱਖ ਕਿਸ ਧਿਰ ਦਾ ਸਮਰਥਨ ਕਰਨ ?
ਦਿੱਲੀ ਗੁਰਦੁਆਰਾ ਚੋਣਾਂ – ਸਿੱਖ ਕਿਸ ਧਿਰ ਦਾ ਸਮਰਥਨ ਕਰਨ ?
Page Visitors: 2714

ਦਿੱਲੀ ਗੁਰਦੁਆਰਾ ਚੋਣਾਂ – ਸਿੱਖ ਕਿਸ ਧਿਰ ਦਾ ਸਮਰਥਨ ਕਰਨ ?
ਕਿਰਪਾਲ ਸਿੰਘ (ਬਠਿੰਡਾ)-9855480797
 ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ; ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਤੋਂ ਬਾਅਦ ਦੂਜੇ ਨੰਬਰ ’ਤੇ ਵੱਡੀ ਸਿੱਖ ਸੰਸਥਾ ਹੈ। ਸਿੱਖ ਧਰਮ ਦੇ ਪ੍ਰਚਾਰ, ਪਾਸਾਰ ਅਤੇ ਚੜ੍ਹਦੀ ਕਲਾ ਲਈ ਇਹ ਬਹੁਤ ਹੀ ਅਹਿਮ ਹੈ ਕਿ ਇਨ੍ਹਾਂ ਸੰਸਥਾਵਾਂ ਦਾ ਪ੍ਰਬੰਧ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਰਹਿਤ ਮਰਿਆਦਾ ਨੂੰ ਪ੍ਰਣਾਏ ਹੋਏ ਸਿੱਖੀ ਜਜ਼ਬੇ ਵਾਲੇ ਇਮਾਨਦਾਰ ਸਿੱਖਾਂ ਦੇ ਹੱਥਾਂ ਵਿੱਚ ਹੋਵੇ, ਪਰ ਇੱਕ ਤਾਂ ਇਨ੍ਹਾਂ ਦੋਵਾਂ ਹੀ ਸਿੱਖ ਸੰਸਥਾਵਾਂ ਦੀਆਂ ਪ੍ਰਬੰਧਕ ਕਮੇਟੀਆਂ ਦੀ ਚੋਣ ਕੇਂਦਰੀ ਕਾਨੂੰਨ ਦੇ ਹੇਠ ਸਰਕਾਰ ਦੀ ਦੇਖ ਰੇਖ ਹੇਠ ਹੋਣ ਅਤੇ ਦੂਸਰਾ ਆਪਣੀ ਰਾਜ ਸਤਾ ਦੀ ਪ੍ਰਾਪਤੀ ਲਈ ਧਰਮ ਨੂੰ ਪੌੜੀ ਦੀ ਤਰ੍ਹਾਂ ਵਰਤਣ ਵਾਲੀ ਅਖੌਤੀ ਪੰਥਕ ਪਾਰਟੀ ਵੱਲੋਂ ਹਰ ਹਰਬਾ ਵਰਤ ਕੇ ਸਿੱਖ ਸੰਸਥਵਾਂ ’ਤੇ ਕਾਬਜ਼ ਬਣੇ ਰਹਿਣ ਦੀ ਵਧ ਰਹੀ ਰੁਚੀ ਕਾਰਨ ਇਹ ਸੰਭਵ ਹੀ ਨਹੀਂ ਹੈ ਕਿ ਸਿੱਖੀ ਨੂੰ ਪ੍ਰਣਾਏ ਇਮਾਨਦਾਰ ਸਿੱਖ ਚੋਣਾਂ ਰਾਹੀਂ ਪ੍ਰਬੰਧਕ ਕਮੇਟੀ ਵਿੱਚ ਕੋਈ ਸਥਾਨ ਹਾਸਲ ਕਰ ਸਕਣ। ਇਹੋ ਕਾਰਨ ਹੈ ਕਿ ਗੁਰਦੁਆਰਿਆਂ ਦਾ ਪ੍ਰਬੰਧ ਸੰਭਾਲ਼ਨ ਦੇ ਯੋਗ ਸਮਝੇ ਜਾਣ ਵਾਲੇ ਗੁਰਸਿੱਖ ਤਾਂ ਇਨ੍ਹਾਂ ਚੋਣਾਂ ਤੋਂ ਤਕਰੀਬਨ ਦੂਰ ਰਹਿਣਾ ਹੀ ਪਸੰਦ ਕਰਦੇ ਹਨ ਤੇ ਗੁਰਦੁਆਰਾ ਚੋਣਾਂ ਨਿਰੋਲ ਰਾਜਨੀਤਕ ਅਖਾੜਾ ਬਣ ਕੇ ਰਹਿ ਗਈਆਂ ਹਨ। ਬਿਨਾਂ ਸ਼ੱਕ ਇਹ ਸੱਚ ਹੈ ਕਿ ਗੁਰਦੁਆਰਾ ਚੋਣਾਂ ਦਾ ਮੌਜੂਦਾ ਸਿਸਟਮ ਕਦਾਚਿਤ ਸਿੱਖੀ ਸਿਧਾਂਤਾਂ ਨਾਲ ਮੇਲ ਨਹੀਂ ਖਾਂਦਾ ਪਰ ਜਦ ਤੱਕ ਅਸੀਂ ਕਾਨੂੰਨ ਵਿੱਚ ਸੋਧ ਨਹੀਂ ਕਰਵਾ ਲੈਂਦੇ ਉਸ ਸਮੇਂ ਤੱਕ ਚੋਣਾਂ ਤੋਂ ਪਾਸਾ ਵੱਟ ਕੇ ਚੋਣ ਮੈਦਾਨ ਪੂਰੀ ਤਰ੍ਹਾਂ ਸੁਆਰਥੀ ਰਾਜਨੀਤਕ ਖਿਡਾਰੀਆਂ ਲਈ ਖੁਲ੍ਹਾ ਛੱਡ ਦੇਣਾ ਵੀ ਸਿੱਖੀ ਦੇ ਹਿੱਤ ਵਿੱਚ ਨਹੀਂ ਹੋਵੇਗਾ।
 ਦਿੱਲੀ ਗੁਰਦੁਆਰਾ ਚੋਣਾਂ 26 ਫਰਵਰੀ ਨੂੰ ਹੋਣ ਜਾ ਰਹੀਆਂ ਹਨ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ (ਸਰਨਾ ਧੜਾ), ਜੋ ਸਿੱਧੀ ਚੋਣ ਰਾਹੀਂ ਭਰੀਆਂ ਜਾਣ ਵਾਲੀਆਂ ਸਾਰੀਆਂ ਦੀਆਂ ਸਾਰੀਆਂ 46 ਸੀਟਾਂ ਤੋਂ ਚੋਣ ਲੜ ਰਿਹਾ ਹੈ। ਇਸ ਦਾ ਮੁੱਖ ਤੌਰ ’ਤੇ ਮੁਕਾਬਲਾ ਮੌਜੂਦਾ ਸਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਨਾਲ ਹੈ ਅਤੇ ਇਹ ਧੜਾ ਵੀ ਸਾਰੀਆਂ (46) ਸੀਟਾਂ ਤੋਂ ਚੋਣ ਲੜ ਰਿਹਾ ਹੈ। ਇਨ੍ਹਾਂ ਦੋ ਮੁੱਖ ਧੜਿਆਂ ਤੋਂ ਇਲਾਵਾ ਕਰਤਾਰ ਸਿੰਘ ਕੋਛੜ ਦੀ ਅਗਵਾਈ ਹੇਠਲਾ ਪੰਥਕ ਸੇਵਾ ਦਲ (40) (ਜਿਨ੍ਹਾਂ ਵਿੱਚੋਂ ਇੱਕ ਬਾਦਲ ਦਲ ਦੇ ਹੱਕ ਵਿੱਚ ਬੈਠ ਚੁੱਕਾ ਹੈ), ਰਾਗੀ ਬਲਦੇਵ ਸਿੰਘ ਵਡਾਲੇ ਦੀ ਅਗਵਾਈ ਹੇਠਲਾ ਸਿੱਖ ਸਦਭਾਵਨਾ ਦਲ (28) ਅਤੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਅਗਵਾਈ ਹੇਠ ਅਕਾਲ ਸਹਾਇ ਵੈੱਲਫੇਅਰ ਸੁਸਾਇਟੀ (18) ਦਾ ਗੱਠਜੋੜ ਕੁਲ 46 ਸੀਟਾਂ ’ਤੇ ਚੋਣ ਲੜ ਰਹੇ ਹਨ। ਪ੍ਰਾਪਤ ਖ਼ਬਰਾਂ ਮੁਤਾਬਿਕ ਹੁਣ ਤੱਕ ਦਾ ਜੋ ਪ੍ਰਭਾਵ ਬਣ ਰਿਹਾ ਹੈ ਉਸ ਮੁਤਾਬਿਕ ਮੁੱਖ ਮੁਕਾਬਲਾ ਸਰਨਾ ਧੜਾ ਅਤੇ ਬਾਦਲ ਦਲ ਵਿਚਕਾਰ ਹੈ ਪਰ ਪੰਥਕ ਸੇਵਾ ਦਲ, ਸਦਭਾਵਨਾ ਦਲ ਅਤੇ ਅਕਾਲ ਸਹਾਇ ਸੁਸਾਇਟੀ ਦੇ ਉਮੀਦਵਾਰ ਵੀ ਬਿਲਕੁਲ ਪ੍ਰਭਾਵਹੀਣ ਨਹੀਂ ਹਨ; ਉਨ੍ਹਾਂ ਵਿੱਚੋਂ ਕੁਝ ਉਮੀਦਵਾਰ ਜਿੱਤ ਵੀ ਸਕਦੇ ਹਨ ਅਤੇ ਬਾਕੀ ਦੇ ਇਤਨੀਆਂ ਕੁ ਵੋਟਾਂ ਜ਼ਰੂਰ ਪ੍ਰਾਪਤ ਕਰ ਸਕਦੇ ਹਨ ਕਿ ਉਹ ਕਿਸੇ ਉਮੀਦਵਾਰ ਨੂੰ ਜਿਤਾਉਣ ਅਤੇ ਕਿਸੇ ਨੂੰ ਹਰਾਉਣ ਦੀ ਭੂਮਿਕਾ ਨਿਭਾਉਣ ਦੀ ਸਮਰਥਾ ਰੱਖਣ ਵਾਲੇ ਹਨ। ਅਵਤਾਰ ਸਿੰਘ ਦੀ ਅਗਵਾਈ ਹੇਠ ਇੱਕ ਛੇਵੀਂ ਧਿਰ ਆਮ ਅਕਾਲੀ ਦਲ ਦੇ ਨਾਮ ਹੇਠ ਵੀ ਕੁਝ ਕੁ ਸੀਟਾਂ ’ਤੇ ਚੋਣ ਲੜ ਰਹੀ ਹੈ ਜਿਸ ਦੀ ਹੁਣ ਤੱਕ ਬਹੁਤੀ ਚੋਣ ਸਰਗਰਮੀ ਵੇਖਣ ਨੂੰ ਨਹੀਂ ਮਿਲ ਰਹੀ। ਆਮ ਅਕਾਲੀ ਦਲ ਜਿਸ ਦੇ ਨਾਮ ਤੋਂ ਭੁਲੇਖਾ ਪੈਂਦਾ ਹੈ ਕਿ ਇਹ ਆਮ ਆਦਮੀ ਪਾਰਟੀ ਦਾ ਵਿੰਗ ਹੋਵੇਗਾ ਪਰ ਮਿਲੀ ਜਾਣਕਾਰੀ ਅਨੁਸਾਰ ਆਮ ਆਦਮੀ ਪਾਰਟੀ ਦਾ ਇਸ ਦਲ ਨਾਲ ਕੋਈ ਸਬੰਧ ਨਹੀਂ ਹੈ ਤੇ ਇਹ ਸਿਰਫ ਵੋਟਰਾਂ ਨੂੰ ਭੁਲੇਖਾ ਪਾਉਣ ਦੇ ਮਕਸਦ ਨਾਲ ਬਾਦਲ ਦਲ ਵੱਲੋਂ ਹੀ ਬਣਾਇਆ ਗਿਆ ਹੈ ਕਿਉਂਕਿ ਵੋਟਾਂ ਦੀ ਵੰਡ ਕਰਵਾ ਕੇ ਚੋਣ ਜਿੱਤਣ ਲਈ ਇਸ (ਬਾਦਲ) ਦਲ ਨੂੰ ਮਾਹਰ ਸਮਝਿਆ ਜਾਂਦਾ ਹੈ।
 ਸਿਆਸੀ ਮੁਕਾਬਲੇ ਵਿੱਚ ਸਮਝੀਆਂ ਜਾ ਰਹੀਆਂ ਮੁੱਖ ਧਿਰਾਂ ਸਰਨਾ ਧੜਾ ਅਤੇ ਬਾਦਲ ਦਲ ਵਾਰੋ ਵਾਰੀ ਦਿੱਲੀ ਕਮੇਟੀ ’ਤੇ ਲੰਬਾ ਸਮਾਂ ਕਾਬਜ਼ ਰਹਿਣ ਕਰਕੇ ਇਨ੍ਹਾਂ ਦੋਵਾਂ ’ਤੇ ਹੀ ਭ੍ਰਿਸ਼ਟਾਚਾਰ ਦੇ ਦੋਸ਼ ਲੱਗ ਰਹੇ ਹਨ ਤੇ ਦੋਵੇਂ ਧਿਰਾਂ ਇੱਕ ਦੂਜੇ ਦੇ ਦੋਸ਼ਾਂ ਨੂੰ ਆਪਣੀ ਮੁੱਖ ਵਿਰੋਧੀ ਧਿਰ ਵਿਰੁੱਧ ਖ਼ੂਬ ਉਛਾਲ ਵੀ ਰਹੀਆਂ ਹਨ। ਬਾਕੀ ਦੇ ਦਲ ਨਵੇਂ ਹੋਣ ਕਰਕੇ ਅਤੇ ਕਦੀ ਵੀ ਪ੍ਰਬੰਧ ਦਾ ਸਿੱਧੇ ਤੌਰ ’ਤੇ ਹਿੱਸਾ ਨਾ ਰਹਿਣ ਸਦਕਾ ਇਮਾਨਦਾਰੀ ਪੱਖੋਂ ਆਪਣੀ ਚਾਦਰ ਬੇਦਾਗ ਹੋਣ ਦਾ ਦਾਅਵਾ ਕਰ ਰਹੇ ਹਨ। ਇਨ੍ਹਾਂ ਲੱਗ ਰਹੇ ਦੋਸ਼ਾਂ/ ਪ੍ਰਤੀ ਦੋਸ਼ਾਂ ਅਤੇ ਦਾਅਵਿਆਂ ਵਿੱਚ ਬਹੁਤ ਕੁਝ ਸਹੀ ਵੀ ਹੈ ਜਾਂ ਸਹੀ ਹੋ ਸਕਦਾ ਹੈ ਪਰ ਬਹੁਤੇ ਟਿੱਪਣੀਕਾਰ ਬੇਦਾਗ ਚਾਦਰ ਦੱਸਣ ਵਾਲਿਆਂ ਦੇ ਦਾਅਵਿਆਂ ’ਤੇ ਟਿੱਪਣੀ ਕਰਦੇ ਹੋਏ ਕਹਿ ਜਾਂਦੇ ਹਨ ਕਿ ਇਨ੍ਹਾਂ ਦੀ ਚਾਦਰ ਬੇਦਾਗ ਇਸ ਕਰਕੇ ਹੈ ਕਿ ਇਨ੍ਹਾਂ ਨੂੰ ਹਾਲੀ ਤੱਕ ਚਾਦਰ ਵਿਛਾਉਣ ਦਾ ਮੌਕਾ ਹੀ ਨਹੀਂ ਮਿਲਿਆ। ਪਤਾ ਉਸ ਸਮੇਂ ਲੱਗੇਗਾ ਜਦੋਂ ਕਿ ਮਿਲੇ ਮੌਕੇ ਉਪ੍ਰੰਤ ਇਨ੍ਹਾਂ ਨੇ ਚਾਦਰ ਵਿਛਾਈ। ਖੈਰ, ਇਹ ਸਵਾਲ ਹਾਲੀ ਭਵਿੱਖ ਦੇ ਗਰਭ ਵਿੱਚ ਹਨ ਇਸ ਲਈ ਇਸ ਵਿਸ਼ੇ ’ਤੇ ਬਹੁਤੀ ਚਰਚਾ ਕਰਨੀ ਯੋਗ ਵੀ ਨਹੀਂ ਹੋਵੇਗੀ।
 ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇ ਅਸੀਂ ਗੁਰੂ ਆਸ਼ੇ ਮੁਤਾਬਿਕ ਗੁਰਦੁਆਰਾ ਪ੍ਰਬੰਧਕ ਚੁਣਨ ਦੇ ਯੋਗ ਨਹੀਂ ਹਾਂ ਤਾਂ ਸਿੱਖੀ ਦਾ ਦਰਦ ਰੱਖਣ ਵਾਲੇ ਸੁਹਿਰਦ ਸਿੱਖ ਕੀ ਕਰਨ ? ਸਾਨੂੰ ਪਤਾ ਹੈ ਕਿ ਸੌ ਫੀਸਦੀ ਇਮਾਨਦਾਰ ਪ੍ਰਬੰਧਕ ਚੁਣਨੇ ਮੌਜੂਦਾ ਚੋਣ ਸਿਸਟਮ ਵਿੱਚ ਜੇ ਅਸੰਭਵ ਨਹੀਂ ਹਨ ਤਾਂ ਅਤਿ ਕਠਿਨ ਜਰੂਰ ਹਨ। ਇਸ ਲਈ ਸਾਡੇ ਪਾਸ ਇਹੀ ਚਾਰਾ ਬਾਕੀ ਰਹਿ ਜਾਂਦਾ ਹੈ ਕਿ ਬਹੁਤੇ ਮਾੜਿਆਂ ਵਿੱਚੋਂ ਘੱਟ ਮਾੜੇ ਦੀ ਚੋਣ ਕੀਤੀ ਜਾਵੇ ਅਤੇ ਚੋਣ ਕਰਦੇ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਕਾਇਮ ਰੱਖਣ ਦੇ ਪਹਿਰੇਦਾਰ, ਗੁਰਦੁਆਰਿਆਂ ਵਿੱਚ ਤੇ ਆਪਣੇ ਆਮ ਜੀਵਨ ਵਿੱਚ ਗੁਰਮਤਿ ਸਿਧਾਂਤ ਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਬਾਰੇ ਪ੍ਰਤੀਵਧਤਾ ਵਿਖਾਉਣ ਵਾਲੇ ਦਲ ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਦਾ ਮੁਹਾਵਰਾ ਵਰਤ ਕੇ ਸਤਾ ਹਾਸਲ ਕਰਨ ਉਪ੍ਰੰਤ ਸਿੱਖ ਸਿਧਾਂਤਾਂ ਅਤੇ ਰਹਿਤ ਮਰਿਆਦਾ ਦੀਆਂ ਧੱਜੀਆਂ ਉਡਾਉਣ ਵਾਲੇ ਦਲ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਣ ਵਿੱਚ ਹੀ ਭਲਾਈ ਸਮਝਣੀ ਚਾਹੀਦੀ ਹੈ। ਇਸ ਦਾ ਕਾਰਨ ਇਹ ਹੈ ਕਿ ਧਰਮ ਦੇ ਨਾਮ ’ਤੇ ਰਾਜਨੀਤੀ ਕਰਨ ਦੀ ਕੁਚੇਸਟਾ ਦਾ ਹੀ ਸਿੱਟਾ ਹੈ ਕਿ ਪੰਜਾਬ ਵਿੱਚ ਡੇਰਾਵਾਦ ਤੇ ਗੁਰੁ ਡੰਮ ਵੱਡੀ ਪੱਧਰ ’ਤੇ ਫੈਲਿਆ; ਜਿਨ੍ਹਾਂ ਦੇ ਪੈਰੋਕਾਰਾਂ ਨੂੰ ਵੋਟ ਬੈਂਕ ਸਮਝ ਕੇ ਵੱਖ ਵੱਖ ਸਿਆਸੀ ਪਾਰਟੀਆਂ ਨੇ ਵਧਣ ਫੁੱਲਣ ਲਈ ਸਿੱਧੇ ਅਸਿੱਧੇ ਢੰਗ ਨਾਲ ਭਾਰੀ ਸਮਰਥਨ ਦਿੱਤਾ ਤੇ ਇਹ ਰੁਝਾਨ ਦਿਨੋਂ ਦਿਨ ਵਧ ਰਿਹਾ ਹੈ। ਗੁਰੂ ਡੰਮ ਤੇ ਡੇਰਾਵਾਦ ਜਿੱਥੇ ਸਿਧਾਂਤਕ ਤੌਰ ’ਤੇ ਸਿੱਖੀ ਲਈ ਅਤਿ ਘਾਤਕ ਹੈ ਉਥੇ ਸੂਬੇ ਦੀ ਕਾਨੂੰਨ ਵਿਵਸਥਾ ਅਤੇ ਅਮਨ ਸ਼ਾਤੀ ਲਈ ਵੀ ਖ਼ਤਰਾ ਬਣ ਜਾਂਦਾ ਹੈ। ਪੰਜਾਬ ਵੱਲੋਂ ਪਿਛਲੇ ਸਮੇਂ ’ਚ ਡੇਢ ਦਹਾਕੇ ਤੱਕ ਹੰਢਾਏ ਸੰਤਾਪ ਦਾ ਹੋਰਨਾਂ ਤੋਂ ਇਲਾਵਾ ਇੱਕ ਮੁੱਖ ਕਾਰਨ ਸਿੱਖ-ਨਿਰੰਕਾਰੀ ਟਕਰਾ ਵੀ ਸੀ। ਇਸ ਤੋਂ ਇਲਾਵਾ ਪਿਆਰੇ ਭਨਿਆਰੇ, ਨੂਰ ਮਹਿਲੀਏ ਅਤੇ ਡੇਰਾ ਸਿਰਸਾ ਦੇ ਸ਼ਰਧਾਲੂਆਂ ਨਾਲ ਹੋਏ ਟਕਰਾ ਕਾਰਨ ਵੀ ਕਈ ਵਾਰ ਅਮਨ ਸ਼ਾਂਤੀ ਭੰਗ ਤੇ ਜਾਨੀ ਮਾਲੀ ਨੁਕਸਾਨ ਹੋ ਚੁੱਕਾ ਹੈ। ਇਸ ਕੌੜੇ ਤਜਰਬੇ ਉਪ੍ਰੰਤ ਵੀ ਵੋਟਾਂ ਦੇ ਸਿਆਸੀ ਲਾਲਚੀ ਆਗੂ ਡੇਰਾਵਾਦ ਤੇ ਗੁਰੁ ਡੰਮ ਨੂੰ ਵਢਾਵਾ ਦੇਣ ਤੋਂ ਬਾਜ ਨਹੀਂ ਆ ਰਹੇ। ਸ਼ਰਮਨਾਕ ਗੱਲ ਇਹ ਹੈ ਕਿ ਸਿੱਖਾਂ ਦੀ ਧਰਮ ਤੇ ਰਾਜਨੀਤੀ ਇਕੱਠੀ ਦੱਸ ਕੇ ਦੇਸ਼ ਤੇ ਸੂਬੇ ਦੀ ਰਾਜਸਤਾ ਅਤੇ ਸਿਰਮੌਰ ਪੰਥਕ ਸੰਸਥਾਵਾਂ ’ਤੇ ਸਿੱਖਾਂ ਦੀਆਂ ਵੋਟਾਂ ਨਾਲ ਕਾਬਜ਼ ਹੋਣ ਵਾਲਾ ਬਾਦਲ ਦਲ ਵੀ ਡੇਰਾਵਾਦ ਦਾ ਫੈਲਾਉ ਕਰਨ ਵਿੱਚ ਮੋਹਰੀ ਰੋਲ ਅਦਾ ਕਰ ਰਿਹਾ ਹੈ। ਪਿਛਲੇ ਸਮੇਂ ਵਿੱਚ ਸਿੱਖ-ਸਿਰਸਾ ਡੇਰਾ ਵਿਵਾਦ ਦੌਰਾਨ ਸਿਆਸੀ ਗੋਟੀਆਂ ਖੇਡਦਿਆਂ ਬਾਦਲ ਦਲ ਨੇ ਕਦੀ ਸਿਰਸਾ ਡੇਰਾ ਦੇ ਵਿਰੋਧ ਵਿੱਚ ਅਤੇ ਕਦੀ ਹੱਕ ਵਿੱਚ ਭੁਗਤਣ ਵਿੱਚ ਜੋ ਨਿਰਲੱਜਤਾ ਵਿਖਾਈ ਉਸ ਦਾ ਫਲ ਇਸ ਨੂੰ ਪੰਜਾਬ ਵਿੱਚ ਤਾਂ ਭੁਗਤਣਾ ਪੈਣਾ ਹੀ ਹੈ ਉਸ ਦਾ ਅਸਰ ਦਿੱਲੀ ਚੋਣ ਪ੍ਰਚਾਰ ਦੌਰਾਨ ਵੀ ਪ੍ਰਤੱਖ ਵਿਖਾਈ ਦੇਣ ਲੱਗ ਪਿਆ ਹੈ।
 ਇਸ ਤੋਂ ਇਲਾਵਾ ਵੀ ਅਸੀਂ ਭਲੀਭਾਂਤ ਵੇਖ ਸਕਦੇ ਹਾਂ ਕਿ ਜਿਸ ਸਿਆਸੀ ਦਲ ਨੂੰ ਧਾਰਮਿਕ ਅਹੁਦਿਆਂ ਤੋਂ ਇਲਾਵਾ ਦੇਸ਼ ਤੇ ਸੂਬੇ ਦੀ ਰਾਜ ਸਤਾ ਦਾ ਅਨੰਦ ਮਾਨਣ ਦਾ ਸੁਆਦ ਪੈ ਜਾਵੇ ਉਹ ਕਦੇ ਵੀ ਆਪਣੇ ਧਰਮ ਨਾਲ ਇਨਸਾਫ ਨਹੀਂ ਕਰ ਸਕਦਾ। ਕਾਰਨ ਇਹ ਹੈ ਕਿ ਉਹ ਕਦੇ ਵੀ ਕੇਵਲ ਇੱਕ ਧਰਮ ਦੀਆਂ ਵੋਟਾਂ ਪ੍ਰਾਪਤ ਕਰਕੇ ਸਤਾ ਹਾਸਲ ਨਹੀਂ ਕਰ ਸਕਦਾ ਕਿਉਂਕਿ ਕਿਸੇ ਵੀ ਦੇਸ਼ ਜਾਂ ਸੂਬੇ ਵਿੱਚ ਇੱਕੋ ਧਰਮ ਦੇ ਪੈਰੋਕਾਰ ਨਹੀਂ ਬਲਕਿ ਹੋਰ ਵੀ ਕਈ ਬਹੁ ਗਿਣਤੀ ਤੇ ਘੱਟ ਗਿਣਤੀਆਂ ਦੇ ਲੋਕ ਵਸਦੇ ਹੁੰਦੇ ਹਨ ਜਿਨ੍ਹਾਂ ਦੀ ਚੋਣਾਂ ਵਿੱਚ ਅਹਿਮ ਭੂਮਿਕਾ ਹੁੰਦੀ ਹੈ ਇਸ ਲਈ ਧਰਮ ਤੇ ਰਾਜਨੀਤੀ ਇਕੱਠੀ ਦੱਸਣ ਵਾਲਾ ਦਲ ਚੋਣ ਜਿੱਤਣ ਲਈ ਆਪਣੇ ਧਰਮ ਦੇ ਪੈਰੋਕਾਰਾਂ ਨੂੰ ਆਪਣਾ ਪੱਕਾ ਵੋਟ ਬੈਂਕ ਸਮਝਦਾ ਹੀ ਹੈ ਇਸ ਲਈ ਦੂਸਰਿਆਂ ਦੀਆਂ ਵੋਟਾਂ ਹਾਸਲ ਕਰਨ ਲਈ ਸਿਧਾਂਤਾਂ ਨੂੰ ਦਰਕਿਨਾਰ ਕਰਕੇ ਉਨ੍ਹਾਂ ਦੀ ਖੁਸ਼ਨੂਦੀ ਵੀ ਹਾਸਲ ਕਰਨੀ ਪੈਂਦੀ ਹੈ। ਇਹੋ ਕਾਰਨ ਹੈ ਕਿ ਬਾਦਲ ਪ੍ਰਵਾਰ ਸਮੇਤ ਇਸ ਦਲ ਦੇ ਮੁੱਖ ਆਗੂ ਆਪਣੀ ਭਾਈਵਾਲ ਕੱਟੜ ਹਿੰਦੂ ਖਾਸੇ ਵਾਲੀ ਭਾਜਪਾ/ਆਰਐੱਸਐੱਸ ਨੂੰ ਖੁਸ਼ ਰੱਖਣ ਲਈ ਗੁਰਮਤਿ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਤਿਲਾਂਜਲੀ ਦੇ ਕੇ ਹਵਨ, ਜਗਰਾਤੇ, ਮੂਰਤੀ ਪੂਜਾ, ਸ਼ਿਵਲਿੰਗ ਪੂਜਾ, ਭੂਮੀ ਪੂਜਾ ਵਰਗੇ ਫੋਕਟ ਕਰਮਕਾਂਡ ਕਰਨ ਵਿੱਚ ਜਰਾ ਜਿੰਨੀ ਵੀ ਸ਼ਰਮ ਮਹਿਸੂਸ ਨਹੀਂ ਕਰਦੇ। ਹਿੰਦੂਤਵਾ ਨੂੰ ਖੁਸ਼ ਕਰਨ ਲਈ ਨਾਨਕਸ਼ਾਹੀ ਕੈਲੰਡਰ ਦਾ ਕਤਲ ਅਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਬਚਿੱਤਰ ਨਾਟਕ ਦੀਆਂ ਰਚਨਾਵਾਂ ਦੇ ਪ੍ਰਚਾਰ ਨਾਲ ਵੀ ‘ਇੱਕ ਗ੍ਰੰਥ, ਇੱਕ ਪੰਥ, ਇੱਕ ਮਰਿਆਦਾ, ਇੱਕ ਕੈਲੰਡਰ’ ਦੇ ਸਿਧਾਂਤ ਨੂੰ ਭਾਰੀ ਖੋਰਾ ਲਾਇਆ ਹੈ। ਸਿਤਮ ਦੀ ਗੱਲ ਇਹ ਹੈ ਕਿ ਸਿੱਖ ਸਿਧਾਂਤਾਂ ਦੀ ਐਡੇ ਵੱਡੇ ਪੱਧਰ ’ਤੇ ਖਿੱਲੀ ਉਡਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਨੇ ਅਕਾਲ ਤਖ਼ਤ ਸੰਸਥਾ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਕਠਪੁਤਲੀ ਜਥੇਦਾਰਾਂ ਪਾਸੋਂ ‘ਫ਼ਕਰ-ਏ-ਕੌਮ, ਪੰਥ ਰਤਨ’ ਵਰਗੇ ਉਹ ਅਵਾਰਡ ਹਾਸਲ ਕੀਤੇ ਜਿਹੜੇ ਗਰਮ ਜਮੂਰਾਂ ਨਾਲ ਆਪਣਾ ਮਾਸ ਤੁੜਵਾਉਣ ਅਤੇ ਆਪਣੇ ਚਾਰ ਸਾਲ ਦੇ ਬੇਟੇ ਦਾ ਕਾਲਜਾ ਆਪਣੇ  ਮੂੰਹ ਵਿੱਚ ਪਵਾਉਣ ਵਾਲੇ ਬਾਬਾ ਬੰਦਾ ਸਿੰਘ ਬਹਾਦਰ, ਬੰਦ ਬੰਦ ਕਟਵਾਉਣ ਵਾਲੇ ਭਾਈ ਮਤੀਦਾਸ, ਖੋਪਰੀ ਲਹਾਉਣ ਵਾਲੇ ਭਾਈ ਤਾਰੂ ਸਿੰਘ ਤੇ ਅਨੇਕਾਂ ਹੋਰ ਧਰਮ ਹੇਤ ਸੀਸ ਕਟਵਾਉਣ, ਚਰਖੜੀਆਂ ’ਤੇ ਚੜ੍ਹਨ ਵਾਲੇ ਸਿੰਘਾਂ ਅਤੇ ਬੱਚਿਆਂ ਦੀਆਂ ਆਂਦਰਾਂ ਦੇ ਹਾਰ ਗਲਾਂ ਵਿੱਚ ਪਵਾਉਣ ਵਾਲੀਆਂ ਸਿੰਘਣੀਆਂ ਨੂੰ ਵੀ ਕਦੀ ਨਹੀਂ ਦਿੱਤੇ ਗਏ। ਭਵਿੱਖ ਵਿੱਚ, ਜਦੋਂ ਸਿੱਖ, ਇਤਿਹਾਸ ਵਿੱਚ ਪੜ੍ਹਨਗੇ ਤਾਂ ਉਨ੍ਹਾਂ ਨੂੰ ਕਿਨਾਂ ਸ਼ਰਮਸ਼ਾਰ ਹੋਣਾ ਪਏਗਾ ਕਿ ਸਿੱਖਾਂ ਨੇ ਧਰਮ ਹੇਤ ਅਥਾਹ ਕੁਰਬਾਨੀਆਂ ਕਰਨ ਵਾਲਿਆਂ ਦੀ ਤਾਂ ਕਦਰ ਨਹੀਂ ਪਾਈ ਪਰ ਸਿਧਾਂਤਾਂ ਨੂੰ ਪੈਰਾਂ ਵਿੱਚ ਰੋਲਣ ਵਾਲੇ ਭ੍ਰਿਸ਼ਟ ਨੇਤਾ ਨੂੰ ‘ਫ਼ਕਰ-ਏ-ਕੌਮ, ਪੰਥ ਰਤਨ’ ਬਣਾ ਦਿੱਤਾ।
 ਸਿੱਖੀ ਲਈ ਡੇਰਾਵਾਦ ਤੇ ਦੇਹਧਾਰੀ ਗੁਰੂ ਡੰਮ ਤਾਂ ਘਾਤਕ ਹੈ ਹੀ ਪਰ ਦੂਹਰਾ ਨਕਾਬ ਪਹਿਨਣ ਵਾਲੇ ਨਕਾਬਪੋਸ਼ ਪੰਥਕ ਆਗੂ ਉਨ੍ਹਾਂ ਤੋਂ ਵੀ ਵੱਧ ਘਾਤਕ ਹਨ। ਅਸੀਂ ਵੇਖਦੇ ਹਾਂ ਕਿ ਬਾਦਲ ਦਲ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਲੜਨ ਵੇਲੇ ਤਾਂ ਆਪਣੇ ਆਪ ਨੂੰ ਧਾਰਮਿਕ/ਪੰਥਕ ਪਾਰਟੀ ਦੱਸਣ ਵਾਲਾ ਪਾਰਟੀ ਸੰਵਿਧਾਨ ਪੇਸ਼ ਕਰਦਾ ਹੈ ਪਰ ਸਿਆਸੀ ਚੋਣਾਂ ਲੜਨ ਸਮੇਂ ਧਰਮ ਨਿਰਪੱਖ ਸਿਆਸੀ ਪਾਰਟੀ ਹੋਣ ਦਾ ਸੰਵਿਧਾਨ ਪੇਸ਼ ਕਰਦਾ ਹੈ। ਪਿਛਲੇ ਡੇਢ ਦਹਾਕੇ ਤੋਂ ਬਜ਼ੁਰਗ ਸਮਾਜਵਾਦੀ ਆਗੂ ਸ: ਬਲਵੰਤ ਸਿੰਘ ਖੇੜਾ ਵੱਲੋਂ ਇਸ ਜਾਲ੍ਹਸਾਜੀ ਵਿਰੁੱਧ ਅਦਾਲਤ ਵਿਚ ਪਾਇਆ ਹੋਇਆ ਕੇਸ ਹੁਣ ਵੀ ਚੱਲ ਰਿਹਾ ਹੈ ਪਰ ਇਸ ਦੇ ਬਾਵਜੂਦ ਨਾ ਤਾਂ ਭਾਰਤੀ ਅਦਾਲਤਾਂ ਇਨਸਾਫ ਕਰ ਰਹੀਆਂ ਹਨ ਤੇ ਨਾ ਹੀ ਜਾਲ੍ਹਸਾਜ ਇੱਕ ਨਕਾਬ ਲਾਹ ਕੇ ਲੋਕਾਂ ਵਿੱਚ ਸੱਚਾ ਹੋਣ ਦਾ ਨਾਮਣਾ ਖੱਟਣ ਲਈ ਤਿਆਰ ਹੈ। ਹੋਰ ਜਾਲ੍ਹਸਾਜੀ ਵੇਖੋ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਪਹਿਲਾਂ ਧਾਰਮਿਕ ਜਥੇਬੰਦੀ ਤੋਂ ਇਲਾਵਾ ਸਮਾਜਸੇਵੀ ਸੰਸਥਾ ਵੀ ਚੋਣ ਲੜ ਸਕਦੀ ਸੀ, ਪਰ ਕੇਜਰੀਵਾਲ ਦੀ ਦਿੱਲੀ ਸਰਕਾਰ ਨੇ ਸੋਧ ਕਰ ਦਿੱਤੀ ਕਿ ਗੁਰਦੁਆਰਾ ਚੋਣ ਕੇਵਲ ਸਿੱਖ ਧਾਰਮਿਕ ਜਥੇਬੰਦੀ ਹੀ ਲੜ ਸਕਦੀ ਹੈ ਇਸ ਲਈ ਬਾਦਲ ਦਲ ਦੇ ਨੇਤਾ ਮਨਜਿੰਦਰ ਸਿੰਘ ਸਿਰਸਾ ਨੇ ਬਤੌਰ ਜਨਰਲ ਸਕੱਤਰ ਫਾਰਮ ’ਤੇ ਸਿੱਖ ਧਾਰਮਿਕ ਜਥੇਬੰਦੀ ਦੱਸ ਕੇ ਦਸਤਖ਼ਤ ਕਰ ਦਿੱਤੇ। ਪਰ ਜਦੋਂ ਪਤਾ ਲੱਗਾ ਕਿ ਬਾਦਲ ਦਲ ਤਾਂ 1996 ਈ: ਵਿੱਚ ਆਪਣੇ ਆਪ ਨੂੰ ਪੰਥਕ ਜਥੇਬੰਦੀ ਤੋਂ ਧਰਮ ਨਿਰਪੱਖ ਸਿਆਸੀ ਪਾਰਟੀ ਵਿੱਚ ਤਬਦੀਲ ਕਰ ਚੁੱਕਾ ਹੈ ਅਤੇ ਇਸੇ ਤਰ੍ਹਾਂ ਦਾ ਸੰਵਿਧਾਨ ਉਸ ਨੇ ਭਾਰਤੀ ਚੋਣ ਕਮਿਸ਼ਨ ਕੋਲ ਜਮ੍ਹਾ ਕਰਵਾਇਆ ਹੈ ਜਿਸ ਦਾ ਅਦਾਲਤ ਵਿੱਚ ਚੱਲ ਰਿਹਾ ਕੇਸ ਕਮਜੋਰ ਹੋ ਸਕਦਾ ਹੈ; ਤਾਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਕੇਜਰੀਵਾਲ ਨੇ ਉਸ ਤੋਂ ਧੋਖੇ ਨਾਲ ਦਸਤਖ਼ਤ ਕਰਵਾ ਲਏ ਕਿਉਂਕਿ ਉਨ੍ਹਾਂ ਦੀ ਪਾਰਟੀ ਧਾਰਮਿਕ ਨਹੀਂ ਬਲਕਿ ਸਮਾਜਸੇਵੀ ਜਥੇਬੰਦੀ ਹੈ। ਹਾਲਾਂ ਕਿ ਦਸਤਖ਼ਤ ਕਰਨ ਵੇਲੇ ਨਕਾਬਪੋਸ਼ ਸਿਰਸਾ ਨੂੰ ਪੂਰੀ ਜਾਣਕਾਰੀ ਸੀ ਕਿ ਸਮਾਜਸੇਵੀ ਸੰਸਥਾ ਦੇ ਤੌਰ ’ਤੇ ਉਹ ਗੁਰਦੁਆਰਾ ਚੋਣਾਂ ਨਹੀਂ ਲੜ ਸਕਦੇ। ਇਸ ਲਈ ਚੋਣਾਂ ਲੜ ਕੇ ਗੁਰਦੁਆਰਿਆਂ ’ਤੇ ਕਾਬਜ਼ ਹੋਣ ਦੀ ਲਾਲਸਾ ਅਧੀਨ ਉਸ ਨੇ ਦਸਤਖ਼ਤ ਕੀਤੇ ਸਨ, ਨਾ ਕਿ ਕਿਸੇ ਨੇ ਧੋਖੇ ਨਾਲ ਕਰਵਾਏ ਹਨ। ਇਸੇ ਤਰ੍ਹਾਂ 2007; ਜਦੋਂ ਤੋਂ ਸਿੱਖਾਂ ਦਾ ਸਿਰਸਾ ਡੇਰੇ ਨਾਲ ਵਿਵਾਦ ਚੱਲ ਰਿਹਾ ਹੈ; ਤੋਂ ਅੱਜ ਤੱਕ ਕਦੀ ਵੀ ਬਾਦਲ ਦਲ ਨੇ ਆਪਣੀ ਦਿੱਲੀ ਇਕਾਈ ਸਮੇਤ ਸਿਰਸੇ ਡੇਰਾ ਦਾ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਡੇਰਾਮੁਖੀ ਸਬੰਧੀ ਕਦੀ ਅਪਸ਼ਬਦ ਬੋਲੇ ਹਨ। ਇੱਥੋਂ ਤੱਕ ਕਿ 2015 ਵਿੱਚ ਜਦੋਂ ਡੇਰੇ ਦੀਆਂ ਬਾਦਲ ਦਲ ਲਈ ਵੋਟਾਂ ਪ੍ਰਾਪਤ ਕਰਨ ਲਈ ਇੱਕ ਚਿੱਠੀ ਦੇ ਅਧਾਰ ’ਤੇ ਜਥੇਦਾਰਾਂ ਨੇ ਡੇਰਾਮੁਖੀ ਦਾ ਮੁਆਫੀਨਾਮਾ ਮਨਜੂਰ ਕਰਦਿਆਂ ਉਸ ਵਿਰੁੱਧ 2007 ਵਿੱਚ ਜਾਰੀ ਕੀਤਾ ਹੁਕਨਾਮਾ ਵਾਪਸ ਲੈ ਲਿਆ ਸੀ ਤਾਂ ਉਸ ਸਮੇਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਜਥੇਦਾਰਾਂ ਦਾ ਭਾਰੀ ਵਿਰੋਧ ਕੀਤਾ ਸੀ ਜਿਸ ਸਦਕਾ 2015 ਵਾਲਾ ਉਹ ਹੁਕਮਨਾਮਾ ਵਾਪਸ ਵੀ ਲੈਣਾ ਪਿਆ। ਉਸ ਸਮੇਂ ਵੀ ਦਿੱਲੀ ਇਕਾਈ ਨੇ ਨਾ ਹੀ ਜਥੇਦਾਰਾਂ ਅਤੇ ਨਾ ਹੀ ਡੇਰਾ ਮੁਖੀ ਵਿਰੁੱਧ ਕੁਝ ਬੋਲਿਆ ਸੀ ਸਗੋਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਨਕਾਰੇ ਗਏ ਜਥੇਦਾਰਾਂ ਨੂੰ ਆਪਣੀਆਂ ਸੇਟਜਾਂ ’ਤੇ ਬੁਲਾ ਕੇ ਬਕਾਇਦਾ ਸਨਮਾਨਤ ਕਰਦੇ ਰਹੇ ਸਨ। ਪਿਛਲੇ ਮਹੀਨੇ ਜਿਸ ਸਮੇਂ ਡੇਰੇ ਪ੍ਰੇਮੀਆਂ ਦੀਆਂ ਵੋਟਾਂ ਪ੍ਰਾਪਤ ਕਰਨ ਲਈ ਬਾਦਲ ਦਲ ਦੇ ਉਮੀਦਵਾਰ ਸਿਰਸਾ ਪ੍ਰੇਮੀਆਂ ਦੇ ਦਰਬਾਰ ਵਿੱਚ ਨਤਮਸਤਕ ਹੋਏ ਤੇ ਉਨ੍ਹਾਂ ਦੀ ਸਰਕਾਰ ਬਣਨ ਉਪ੍ਰੰਤ ਪੰਜਾਬ ਵਿੱਚ ਡੇਰੇ ਦੀਆਂ ਨਾਮ ਚਰਚਾਵਾਂ ਕਰਵਾਉਣ ਦਾ ਵਾਅਦਾ ਕੀਤਾ, ਉਸ ਸਮੇਂ ਵੀ ਸਮੁੱਚੀ ਬਾਦਲ ਦਲ ਦਿੱਲੀ ਇਕਾਈ ਚੁੱਪ ਰਹੀ ਪਰ ਜਿਉਂ ਹੀ 4 ਫਰਵਰੀ ਨੂੰ ਸ਼ਾਮ ਦੇ 5 ਵਜੇ ਵੋਟਾਂ ਪੈਣ ਦਾ ਕੰਮ ਖਤਮ ਹੋਇਆ ਅਤੇ ਵੇਖਿਆ ਕਿ ਡੇਰਾ ਪ੍ਰੇਮੀਆਂ ਦੇ ਸਮਰਥਨ ਤੋਂ ਖ਼ਫਾ ਹੋਏ ਸਿੱਖ, ਬਾਦਲ ਦਲ ਦੇ ਵਿਰੋਧ ਵਿੱਚ ਭੁਗਤੇ ਹਨ ਤਾਂ ਅਕਾਲੀ ਦਲ ਨੂੰ ਚਿੰਤਾ ਹੋਈ ਕਿ ਇਸ ਦਾ ਅਸਰ ਦਿੱਲੀ ਗੁਰਦੁਆਰਾ ਚੋਣਾਂ ਵਿੱਚ ਵੀ ਪਏਗਾ। ਇਸ ਲਈ ਤੁਰੰਤ ਸਮੁੱਚੀ ਦਿੱਲੀ ਇਕਾਈ ਡੇਰੇ ਦੇ ਵਿਰੋਧ ਵਿੱਚ ਅਤੇ ਡੇਰੇ ਜਾਣ ਵਾਲੇ ਸਿੱਖ ਉਮੀਦਵਾਰਾਂ ਵਿਰੁੱਧ ਕਰੜੀ ਕਾਰਵਾਈ ਕਰਨ ਦੀ ਮੰਗ ਕਰਨ ਲੱਗ ਪਈ। ਸਿਰਸਾ ਡੇਰਾ ਵਿਰੁੱਧ ਪ੍ਰਦਰਸ਼ਨ ਕਰਨ ਉਪ੍ਰੰਤ ਸੀਨੀਅਰ ਆਗੂ ਅਵਤਾਰ ਸਿੰਘ ਹਿੱਤ ਨੇ ਤਾਂ ਮਨਜੀਤ ਸਿੰਘ ਜੀ. ਕੇ. ਨਾਲ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਮਾਲ ਹੀ ਕਰ ਦਿੱਤੀ ਜਦੋਂ ਡੇਰਾਮੁਖੀ ਨੂੰ ਕੰਜਰ, ਬਲਾਤਕਾਰੀ, ਕਾਤਲ ਆਦਿਕ ਕਹਿ ਕੇ ਗਾਲਾਂ ਕੱਢੀਆਂ। ਅਜਿਹਾ ਕਰਦੇ ਸਮੇਂ ਉਹ ਭੁੱਲ ਹੀ ਗਏ ਕਿ ਪਿਛਲੀ ਵਿਧਾਨ ਸਭਾ ਦੀ ਚੋਣ ਸਮੇਂ ਦਿੱਲੀ ਗੁਰਦੁਆਰਾ ਕਮੇਟੀ ਦਾ ਜਨਰਲ ਸਕੱਤਰ ਜੋ ਇਸ ਸਮੇਂ ਬਾਦਲ ਦਲ ਦੀ ਟਿਕਟ ’ਤੇ ਗੁਰਦੁਆਰਾ ਚੋਣ ਵੀ ਲੜ ਰਿਹਾ ਹੈ, ਉਹ ਵੀ ਵੋਟਾਂ ਮੰਗਣ ਸਿਰਸਾ ਡੇਰਾ ਵਿਖੇ ਗਿਆ ਸੀ।
 ਉਦਾਹਰਣਾਂ ਤਾਂ ਹੋਰ ਵੀ ਬਹੁਤ ਹਨ ਪਰ ਸਾਰੀਆਂ ਦਾ ਜ਼ਿਕਰ ਕਰਨ ਦੀ ਥਾਂ ਬਾਦਲ ਦਲ ਤੋਂ ਇੱਕ ਅਹਿਮ ਸਵਾਲ ਪੁੱਛਣ ਵਾਲਾ ਇਹ ਹੈ ਕਿ ਉਨ੍ਹਾਂ ਨੇ ਦਿੱਲੀ ਵਿੱਚ ਅਦਾਲਤ ਦੇ ਹੁਕਮਾਂ ’ਤੇ ਇੱਕ ‘ਪਿਆਉ’ ਦੀ ਕੰਧ ਤੋੜੇ ਜਾਣ ਦਾ ਠੀਕਰਾ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਸਿਰ ਭੰਨ ਕੇ  ਬਹੁਤ ਰੌਲ਼ਾ ਪਾਇਆ ਤੇ ਇਸ ਦੀ ਤੁਲਨਾ 1984 ਵਿੱਚ ਕਾਂਗਰਸ ਸਰਕਾਰ ਵੱਲੋਂ ਅਕਾਲ ਤਖ਼ਤ ਸਾਹਿਬ ’ਤੇ ਹਮਲੇ ਨਾਲ ਕੀਤੀ, ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਸਮੇਂ ਵੀ ਬਾਦਲ ਦਲ ਨੇ ਇਸ ਮੁੱਦੇ ਨੂੰ ‘ਆਪ’ ਵਿਰੁੱਧ ਖ਼ੂਬ ਉਛਾਲਿਆ ਪਰ ਹੈਰਾਨੀ ਹੈ ਕਿ 2015 ਵਿੱਚ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪੰਨੇ ਪਾੜ ਕੇ ਗਲ਼ੀਆਂ ਨਾਲ਼ੀਆਂ ਵਿੱਚ ਖਿਲਾਰ ਦਿੱਤੇ। ਉਸ ਤੋਂ ਬਾਅਦ ਤਕਰੀਬਨ 90 ਤੋਂ ਵੱਧ ਵਾਰੀ ਪੰਜਾਬ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਪਰ ਮਜ਼ਾਲ ਹੈ ਕਿ ਬਾਦਲ ਦਲ ਨੇ ਇਨ੍ਹਾਂ ਘਟਨਾਵਾਂ ਨੂੰ ਕਦੀ ਉਸ ਪੱਧਰ ’ਤੇ ਉਛਾਲਿਆ ਜਿਵੇਂ ਪਿਆਉ ਦੀ ਕੰਧ ਨੂੰ ਉਛਾਲਿਆ ਗਿਆ। ਸਗੋਂ ਜੇਕਰ ਕੋਈ ਪ੍ਰਚਾਰਕ ਬੇਅਦਬੀ ਦੀ ਗੱਲ ਕਰਦਾ ਤਾਂ ਬਾਦਲ ਦਲ ਦੇ ਆਗੂ ਇਸ ਨੂੰ ਸਿਆਸੀ ਗੱਲਾਂ ਕਹਿ ਕਿ ਪ੍ਰਚਾਰਕ ਨੂੰ ਚੁੱਪ ਕਰਵਾਉਣ ਦਾ ਜਤਨ ਕਰਦੇ ਰਹੇ। ਇਸ ਤੋਂ ਸਹਿਜੇ ਹੀ ਪਤਾ ਲਗਾਇਆ ਜਾ ਸਕਦਾ ਹੈ ਕਿ ਬਾਦਲ ਦਲ ਦੇ ਆਗੂਆਂ ਲਈ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਪਿਆਉ ਦੀ ਕੰਧ ਕਿਤੇ ਜਿਆਦਾ ਅਹਿਮੀਅਤ ਰੱਖਦੀ ਹੈ। ਅਸਲ ਗੱਲ ਇਹ ਹੈ ਕਿ ਇਨ੍ਹਾਂ ਨਕਾਬਪੋਸ਼ ਆਗੂਆਂ ਲਈ ਨਾ ਗੁਰੂ ਗ੍ਰੰਥ ਸਾਹਿਬ ਜੀ ਦੀ, ਨਾ ਅਕਾਲ ਤਖ਼ਤ, ਨਾ ਸਿੱਖ ਰਹਿਤ ਮਰਿਆਦਾ, ਨਾ ਨਾਨਕਸ਼ਾਹੀ ਕੈਲੰਡਰ ਅਤੇ ਨਾ ਹੀ ਸਿੱਖਾਂ ਦੇ ਕਿਸੇ ਹੋਰ ਮਾਨ ਸਨਮਾਨ ਦੀ ਪ੍ਰਵਾਹ ਹੈ; ਇਨ੍ਹਾਂ ਦੇ ਰੌਲ਼ਾ ਪਾਉਣ ਜਾਂ ਚੁੱਪ ਰਹਿਣ ਪਿੱਛੇ ਕੇਵਲ ਵੋਟਾਂ ਦੇ ਨਫੇ ਨੁਕਸਾਨ ਦੀ ਸੋਚ ਭਾਰੂ ਹੁੰਦੀ ਹੈ, ਹੋਰ ਕੁਝ ਨਹੀਂ।
 ਸੋ ਉਕਤ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਦਿਆਂ ਇਸੇ ਸਿੱਟੇ ’ਤੇ ਪਹੁੰਚਣ ਲਈ ਮਜਬੂਰ ਹੋਣਾ ਪਏਗਾ ਕਿ ਕੁਝ ਵੀ ਹੋਵੇ ਧਰਮ ਨੂੰ ਰਾਜਨੀਤਕਾਂ ਤੋਂ ਮੁਕਤ ਕਰਵਾਉਣ ਲਈ ਦੂਹਰਾ ਨਕਾਬ ਪਹਿਨਣ ਵਾਲੇ ਬਾਦਲ ਦਲ ਨੂੰ ਗੁਰਦੁਆਰਾ ਪ੍ਰਬੰਧ ਤੋਂ ਦੂਰ ਰੱਖਣ ਵਿੱਚ ਹੀ ਪੰਥ ਦਾ ਭਲਾ ਹੈ। ਮੈਂ ਚੋਣਾਂ ਲੜ ਰਹੀਆਂ ਬਾਕੀ ਦੀਆਂ ਪਾਰਟੀਆਂ ਦੇ ਨਾ ਹੀ ਹੱਕ ਵਿੱਚ ਹਾਂ ਤੇ ਨਾ ਹੀ ਵਿਰੋਧ ਵਿੱਚ ਪਰ ਇੱਕ ਗੱਲ ਜਰੂਰ ਮੰਨਣੀ ਪਏਗੀ ਕਿ ਦਿੱਲੀ ਵਿੱਚ ਮੌਜੂਦਾ ਸਮੇਂ ਬਾਦਲ ਦਲ ਨੂੰ ਅਗਰ ਹਰਾਉਣ ਦੇ ਸਮਰਥ ਕੋਈ ਹੈ ਤਾਂ ਉਹ ਕੇਵਲ ਸਰਨਾ ਧੜਾ ਹੈ ਅਤੇ ਇਸ ਸਮੇਂ ਇਸ ਦਾ ਹੱਥ ਬਾਦਲ ਦਲ ਨਾਲੋਂ ਕਾਫੀ ਉਚਾ ਵੀ ਜਾਪਦਾ ਹੈ। ਪਰ ਇਹ ਗੱਲ ਵੀ ਮੰਨਣ ਤੋਂ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਚੋਣ ਜਿੱਤਣ ਲਈ ਜੋ ਢੰਗ ਤਰੀਕੇ ਬਾਦਲ ਦਲ ਵਰਤਦਾ ਹੈ ਉਹ ਢੰਗ ਤਰੀਕੇ ਸਰਨਾ ਧੜੇ ਕੋਲ ਨਹੀਂ ਹਨ। ਵੋਟਾਂ ਦੀ ਵੰਡ ਕਰਵਾ ਕੇ ਲਾਹਾ ਖੱਟਣ ਲਈ ਕਈ ਨਵੇਂ ਧੜਿਆਂ ਨੂੰ ਚੋਣਾਂ ਵਿੱਚ ਉਤਾਰਨਾ ਅਤੇ ਕਿਸੇ ਨੂੰ ਪੈਸੇ ਦੇ ਕੇ ਆਪਣੇ ਹੱਕ ਵਿੱਚ ਬਿਠਾ ਕੇ ਲੋਕਾਂ ਦੀਆਂ ਨਜਰਾਂ ’ਚ ਬਾਦਲ ਦਲ ਦੀ ਚੜ੍ਹਤ ਵਿਖਾਉਣਾ ਉਨ੍ਹਾਂ ਦੀ ਇੱਕ ਅਹਿਮ ਨੀਤੀ ਹੈ। ਇਸੇ ਨੀਤੀ ਅਧੀਨ ਹੀ ਉਨ੍ਹਾਂ ਵੱਲੋਂ ਆਮ ਅਕਾਲੀ ਦਲ ਖੜ੍ਹਾ ਕੀਤਾ ਦੱਸਿਆ ਜਾਂਦਾ ਹੈ, ਇਸੇ ਨੀਤੀ ਅਧੀਨ ਹੀ ਪੰਥਕ ਸੇਵਾ ਦਲ ਦੇ ਇੱਕ ਉਮੀਦਵਾਰ ਤੋਂ ਆਪਣੇ ਉਮੀਦਵਾਰ ਦੇ ਹੱਕ ਵਿੱਚ ਬੈਠਣ ਦਾ ਐਲਾਨ ਕਰਵਾ ਲਿਆ ਹੈ। ਸੋਸ਼ਿਲ ਮੀਡੀਏ ਦੀਆਂ ਖ਼ਬਰਾਂ ਅਨੁਸਾਰ ਬਲਦੇਵ ਸਿੰਘ ਵਡਾਲਾ ਦੀਆਂ ਹਰਨਾਮ ਸਿੰਘ ਧੁੰਮਾ ਤੇ ਅਵਤਾਰ ਸਿੰਘ ਮੱਕੜ ਰਾਹੀਂ ਬਾਦਲ ਦਲ ਨਾਲ ਤਾਰਾਂ ਜੁੜੀਆਂ ਹੋਈਆਂ ਹਨ। ਇਸ ਲਈ ਸੂਝਵਾਨ ਸਿੱਖਾਂ ਨੂੰ ਚਾਹੀਦਾ ਹੈ ਕਿ ਕਿਸੇ ਵੀ ਪਾਰਟੀ ਅਤੇ ਉਮੀਦਵਾਰ ਨੂੰ ਵੋਟ ਪਾਉਣ ਤੋਂ ਪਹਿਲਾਂ ਭਰੋਸਾ ਲੈ ਲੈਣ ਕਿ ਉਹ ਜਿੱਤ ਜਾਣ ਦੀ ਸੂਰਤ ਵਿੱਚ ਕਿਸ ਤਰ੍ਹਾਂ ਦੀ ਸਿੱਖ ਰਹਿਤ ਮਰਿਆਦਾ ਤੇ ਵੀਚਾਰਧਾਰਾ ਦਾ ਪ੍ਰਚਾਰ ਕਰਨਗੇ। ਜਨਰਲ ਹਾਊਸ ਵਿੱਚ ਲਟਕਵੀਂ ਸਥਿਤੀ ਆਉਣ ਦੀ ਸੂਰਤ ਵਿੱਚ ਉਹ ਬਾਦਲ ਦਲ ਅਤੇ ਸਰਨਾ ਧੜੇ ਵਿੱਚੋਂ ਕਿਸ ਧਿਰ ਨਾਲ ਜਾਣਾ ਪਸੰਦ ਕਰਨਗੇ। ਜੇ ਉਨ੍ਹਾਂ ਦਾ ਝੁਕਾਉ ਅਕਾਲ ਤਖ਼ਤ ਦੀ ਮਰਿਆਦਾ ਦੀ ਥਾਂ ਡੇਰਿਆਂ/ ਸੰਪ੍ਰਦਾਵਾਂ ਦੀ ਮਰਿਆਦਾ ਵੱਲ ਹੈ ਤੇ ਬਾਦਲ ਦਲ ਨਾਲ ਮਿਲ ਕੇ ਗੁਰਦੁਆਰਾ ਪ੍ਰਬੰਧ ’ਤੇ ਕਾਬਜ਼ ਹੋਣ ਦੀ ਵੀਚਾਰ ਹੀ ਭਾਰੂ ਨਜਰ ਆਉਂਦੀ ਹੋਵੇ ਤਾਂ ਵੋਟਰਾਂ ਨੂੰ ਚਾਹੀਦਾ ਹੈ ਕਿ ਐਸੀ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਪਾਉਣ ਦੀ ਥਾਂ ਆਪ ਸਿੱਧਾ ਹੀ ਕਿਸੇ ਯੋਗ ਉਮੀਦਵਾਰ ਨੂੰ ਵੋਟ ਪਾਉਣ।
 ਸਰਨਾ ਧੜੇ ਵਿੱਚ ਸੈਂਕੜੇ ਨੁਕਸ ਹੋ ਸਕਦੇ ਹਨ ਪਰ ਉਹ ਬਾਦਲ ਦਲ ਨਾਲੋਂ ਘੱਟ ਤਾਂ ਹੋਣਗੇ ਹੀ ਇਸ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ, ਸਿੱਖ ਰਹਿਤ ਮਰਿਆਦਾ ਤੇ ਨਾਨਕਸ਼ਾਹੀ ਕੈਲੰਡਰ ਬਹਾਲ ਕਰਵਾਉਣ ਵਿੱਚ ਭਾਵੇ 100% ਖਰਾ ਨਾ ਉੱਤਰੇ ਹੋਣ ਪਰ ਬਾਦਲ ਦਲ ਨਾਲੋਂ ਤਾਂ ਸੌ ਗੁਣਾਂ ਚੰਗਾ ਸਿੱਧ ਹੋਵੇਗਾ ਹੀ। ਇਸ ਲਈ “ਸਾਝ ਕਰੀਜੈ ਗੁਣਹ ਕੇਰੀ; ਛੋਡਿ ਅਵਗਣ, ਚਲੀਐ ॥”  (ਸੂਹੀ ਮ: 1/ ਪਾਵਨ ਅੰਕ 766)  ਤੋਂ  ਸੇਧ ਲੈਂਦੇ ਹੋਏ ਔਗੁਣਾਂ ਨੂੰ ਅਣਡਿੱਠ ਕਰਕੇ ਦੋ ਮਾੜਿਆਂ ਵਿੱਚੋਂ ਇੱਕ ਘੱਟ ਮਾੜੇ ਦੀ ਚੋਣ ਕਰ ਲੈਣੀ ਸਿਆਣਪ ਹੈ। ਦਿੱਲੀ ਦੇ ਸਿੱਖ ਪੰਜਾਬ ਦੇ ਸਿੱਖਾਂ ਨਾਲੋਂ ਵੱਧ ਪੜ੍ਹੇ ਲਿਖੇ ਤੇ ਆਰਥਿਕ ਤੌਰ ’ਤੇ ਵੱਧ ਮਜ਼ਬੂਤ ਹਨ ਇਸ ਲਈ ਉਨ੍ਹਾਂ ਤੋਂ ਪੰਜਾਬ ਦੇ ਸਿੱਖਾਂ ਨਾਲੋਂ ਵੱਧ ਰਾਜਨੀਤਕ/ ਧਾਰਮਿਕ ਸੂਝ ਰੱਖਣ ਦੀ ਆਸ ਕੀਤੇ ਜਾਣੀ ਬਣਦੀ ਹੈ। ਸੋ ਉਨ੍ਹਾਂ ਨੂੰ ਚਾਹੀਦਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਤੇ ਖਾਸ ਤੌਰ ’ਤੇ ਸਿੱਖਾਂ ਨੇ ਬਾਦਲ ਦਲ ਨੂੰ ਗਲਤੀ ਦਾ ਅਹਿਸਾਸ ਕਰਵਾਉਣ ਦਾ ਰਾਹ ਚੁਣਿਆ ਹੈ ਉਸੇ ਤਰ੍ਹਾਂ ਦਿੱਲੀ ਦੇ ਸੂਝਵਾਨ ਸਿੱਖਾਂ ਤੋਂ ਇੱਕ ਕਦਮ ਅੱਗੇ ਜਾਣ ਦੀ ਆਸ ਕੀਤੀ ਜਾਣੀ ਚਾਹੀਦੀ ਹੈ। ਜੇ ਕਰ ਦਿੱਲੀ ਦੇ ਸਿੱਖ ਬਾਦਲ ਦੇ ਸਾਰੇ ਉਮੀਦਵਾਰ ਹਰਾਉਣ ਵਿੱਚ ਸਫਲ ਹੋ ਜਾਂਦੇ ਹਨ ਤਾਂ ਗੁਰਮਤਿ ਤੇ ਸਿੱਖ ਰਹਿਤ ਮਰਿਆਦਾ ਲਾਗੂ ਕਰਨ ਲਈ ਜੇਤੂ ਧੜੇ ਦਾ ਮਨੋਬਲ ਹੋਰ ਉੱਚਾ ਹੋਵੇਗਾ ਨਹੀਂ ਤਾਂ ਉਲਟਾ ਅਸਰ ਵੀ ਹੋ ਸਕਦਾ ਹੈ ਤੇ ਸਮਝਣਗੇ ਕਿ ਜੇ ਪਿਛਲੀ ਵਾਰ ਸਰਨਾ ਧੜੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਰਮੌਰਤਾ ਤੇ ਨਾਨਕਸ਼ਾਹੀ ਕੈਲੰਡਰ ਦੇ ਹੱਕ ਵਿੱਚ ਸਟੈਂਡ ਲੈਣ ਕਰਕੇ ਉਸ ਨੂੰ ਜ਼ਬਰਦਸਤ ਹਾਰ ਦਾ ਮੂੰਹ ਵੇਖਣਾ ਪਿਆ ਤੇ ਇਸ ਵਾਰ ਨਾਨਕਸ਼ਾਹੀ ਕੈਲੰਡਰ ਦਾ ਕਤਲ ਕਰਨ ਵਾਲੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰੀਕ ਕਿਸੇ ਹੋਰ ਗ੍ਰੰਥ ਨੂੰ ਤਰਜੀਹ ਦੇਣ ਵਾਲੇ ਬਾਦਲ ਦਲ ਨੂੰ ਮੁੜ ਸਤਾ ਬਖ਼ਸ਼ ਦਿੱਤੀ ਹੈ। ਅਜੇਹੀ ਸਥਿਤੀ ਵਿੱਚ ਗੁਰਮਤਿ ਸਿਧਾਂਤ ਦੀ ਕੌਣ ਪ੍ਰਵਾਹ ਕਰੇਗਾ ?
ਐਸੀ ਸਥਿਤੀ ਵਿੱਚ ਧਰਮ ਲਈ ਮਹਾਨ ਕੁਰਬਾਨੀਆਂ ਦੇਣ ਵਾਲੇ ਗੁਰੂ ਸਾਹਿਬਾਨ ਅਤੇ ਸਿਰੜੀ ਗੁਰਸਿੱਖਾਂ ਦਾ ਪੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਜਾਏ ਕੇਵਲ ਰਾਜਨੀਤਕ ਲੋਕਾਂ ਦੇ ਰਹਿਮ ਦਾ ਪਾਤਰ ਬਣ ਕੇ ਰਹਿ ਜਾਵੇਗਾ। ਜਿਹੜੇ ਸਿੱਖਾਂ ਨੂੰ ਇਸ ਗੱਲ ਦੀ ਸਮਝ ਹੈ ਉਹ ਗੁਰੂ ਦੀ ਬਖ਼ਸ਼ਿਸ਼ ਦੇ ਪਾਤਰ ਹਨ ਇਸ ਲਈ ਆਪਣੇ ਪੱਧਰ ’ਤੇ ਹੋਰਨਾਂ ਨੂੰ ਸਮਝਾਉਣ ਦੀ ਵੀ ਆਪਣੀ ਜਿੰਮੇਵਾਰੀ ਸੰਭਾਲ਼ਨ।
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.