ਕੈਲੰਡਰ ਦੀ ਵਿਥਿਆ
ਸਰਵਜੀਤ ਸਿੰਘ
ਸਮੂਹ ਸੰਗਤਾਂ ਨੂੰ ਨਵੇਂ ਸਾਲ (1 ਚੇਤ /14 ਮਾਰਚ) ਦੀਆ ਲੱਖ-ਲੱਖ ਵਧਾਈਆਂ
ਸਿੱਖ ਰਹਿਤ ਮਰਯਾਦਾ ਤੋਂ ਪਿਛੋਂ ਸ਼ਾਇਦ ਇਹ ਪਹਿਲਾ ਮੌਕਾ ਸੀ ਜਦੋਂ ਸਿੱਖ ਕੌਮ ਦੇ ਵਿਦਵਾਨਾਂ ਨੇ ਇਕ ਦਹਾਕੇ ਤੋਂ ਵੀ ਵੱਧ ਦੀ(1992-2003) ਸੋਚ-ਵਿਚਾਰ ਪਿਛੋਂ ਨਾਨਕਸ਼ਾਹੀ ਕੈਲੰਡਰ ਸਬੰਧੀ ਫੈਸਲਾ ਕੀਤਾ ਸੀ। 2003 ਵਿੱਚ ਲਾਗੂ ਕੀਤੇ ਅਤੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵੱਲੋਂ ਪ੍ਰਵਾਨੇ ਗਏ ਨਾਨਕਸ਼ਾਹੀ ਕੈਲੰਡਰ ਸਬੰਧੀ ਅਚਾਨਕ 17 ਅਕਤੂਬਰ 2009 ਨੂੰ ਇਹ ਖ਼ਬਰ ਆਈ ਕਿ ਨਾਨਕਸ਼ਾਹੀ ਕੈਲੰਡਰ `ਚ ਸੋਧ ਕੀਤੀ ਜਾ ਰਹੀ ਹੈ। ਚਾਹੀਦਾ ਤਾਂ ਇਹ ਸੀ ਕਿ 2003 ਵਿੱਚ ਲਾਗੂ ਕਰਨ ਵੇਲੇ, ਜੋ ਤਿੰਨ ਦਿਹਾੜੇ, ਹੋਲਾਂ ਮਹੱਲਾ (ਚੇਤ ਵਦੀ 1), ਬੰਦੀ ਛੋੜ ਦਿਵਸ (ਕੱਤਕ ਦੀ ਮੱਸਿਆ) ਅਤੇ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਵਸ (ਕੱਤਕ ਦੀ ਪੁੰਨਿਆ) ਜਿਨ੍ਹਾਂ ਦੀਆਂ ਤਾਰੀਖਾਂ ਦਾ ਫੈਸਲਾ ਨਾ ਹੋਣ ਕਾਰਨ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਹੀ ਰੱਖ ਲਏ ਗਏ ਸਨ, ਉਨ੍ਹਾਂ ਦਿਹਾੜਿਆਂ ਬਾਰੇ ਕੋਈ ਠੋਸ ਫੈਸਲਾ ਕੀਤਾ ਜਾਂਦਾ ਪਰ ਹੋਇਆ ਇਸ ਦੇ ਉਲਟ। ਚਾਰ ਦਿਹਾੜੇ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ-ਜੇਠ ਸੁਦੀ 4, ਪ੍ਰਕਾਸ਼ ਦਿਵਸ ਗੁਰੂ ਗੋਬਿੰਦ ਸਿੰਘ ਜੀ-ਪੋਹ ਸੁਦੀ 7, ਗੁਰਗੱਦੀ ਦਿਵਸ ਗੁਰੂ ਗ੍ਰੰਥ ਸਾਹਿਬ ਜੀ-ਕੱਤਕ ਸੁਦੀ 2, ਅਤੇ ਜੋਤੀ ਜੋਤ ਦਿਵਸ ਗੁਰੂ ਗੋਬਿੰਦ ਸਿੰਘ ਜੀ-ਕੱਤਕ ਸੁਦੀ 5, ਜਿਨ੍ਹਾਂ ਦੀਆਂ ਤਾਰੀਖਾਂ ਨਾਨਕਸ਼ਾਹੀ ਕੈਲੰਡਰ `ਚ ਪੱਕੀਆਂ ਸਨ, ਨੂੰ ਬਦਲ ਕੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਕਰ ਦਿੱਤਾ ਗਿਆ।
ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ:- ਚੰਦ ਧਰਤੀ ਦੇ ਦੁਵਾਲੇ ਘੁੰਮਦਾ ਹੈ ਇਹ ਚੱਕਰ 29.53 ਦਿਨ ਵਿਚ ਪੁਰਾ ਕਰਦਾ ਹੈ। ਇਸ ਨੂੰ ਚੰਦ ਦਾ ਇਕ ਮਹੀਨਾ ਕਿਹਾ ਜਾਂਦਾ ਹੈ। ਚੰਦ ਦੇ ਸਾਲ `ਚ 12 ਮਹੀਨੇ ਅਤੇ 354.37 ਦਿਨ (354 ਦਿਨ, 8 ਘੰਟੇ, 52 ਮਿੰਟ ਅਤੇ 48 ਸੈਕਿੰਡ) ਹੁੰਦੇ ਹਨ। ਧਰਤੀ ਸੂਰਜ ਦੇ ਦੁਵਾਲੇ ਘੁੰਮਦੀ ਹੈ ਇਸ ਦਾ ਇਕ ਚੱਕਰ 365.242196 ਦਿਨ (365 ਦਿਨ 5 ਘੰਟੇ 48 ਮਿੰਟ 45 ਸੈਕਿੰਡ) ਵਿਚ ਪੂਰਾ ਹੁੰਦਾ ਹੈ ਇਸ ਨੂੰ ਮੌਸਮੀ ਸਾਲ ਕਹਿੰਦੇ ਹਨ। ਇਸ ਤੋਂ ਸਪੱਸ਼ਟ ਹੈ ਕੇ ਚੰਦ ਦਾ ਸਾਲ ਸੂਰਜੀ ਸਾਲ ਤੋਂ ਲੱਗ-ਭੱਗ 11 ਦਿਨ ਛੋਟਾ ਹੁੰਦਾ ਹੈ। ਹੁਣ ਜਦੋਂ ਇਕ ਸਾਲ ਵਿਚ 11 ਦਿਨ, ਦੋ ਸਾਲਾ ਵਿਚ 22 ਦਿਨ ਜਾਂ ਤਿੰਨ ਸਾਲਾਂ `ਚ 33 ਦਿਨ, ਚੰਦ ਦਾ ਸਾਲ ਸੂਰਜੀ ਸਾਲ ਤੋਂ ਪਿਛੇ ਰਹਿ ਜਾਂਦਾ ਹੈ ਤਾਂ ਚੰਦ ਦੇ ਸਾਲ ਨੂੰ ਸੂਰਜੀ ਸਾਲ ਦੇ ਨੇੜੇ-ਤੇੜੇ ਰੱਖਣ ਲਈ ਇਸ ਵਿਚ ਇਕ ਵਾਧੂ ਮਹੀਨਾ ਜੋੜ ਦਿੱਤਾ ਜਾਂਦਾ ਹੈ ਉਸ ਸਾਲ ਚੰਦ ਦੇ ਸਾਲ ਦੇ 13 ਮਹੀਨੇ ਅਤੇ 383/384 ਦਿਨ ਹੁੰਦੇ ਹਨ। ਅਜੇਹਾ 19 ਸਾਲ ਵਿਚ 7 ਵਾਰੀ ਹੁੰਦਾ ਹੈ। ਯਾਦ ਰਹੇ ਪਿਛਲੇ ਸਾਲ (2069 ਸੰਮਤ/2012-2013 ਈ:) ਭਾਦੋਂ ਦੇ ਦੋ ਮਹੀਨੇ ਸਨ ਅਤੇ 2072 ਸੰਮਤ (2015-2016 ਈ:) ਹਾੜ ਦੇ ਦੋ ਮਹੀਨੇ ਹੋਣਗੇ। ਤੇਰਵੇਂ ਮਹੀਨੇ ਨੂੰ ਮਲ ਮਾਸ ਕਿਹਾ ਜਾਂਦਾ ਹੈ। ਇਸ `ਚ ਕੋਈ ਸ਼ੁਭ ਕੰਮ ਨਹੀ ਕੀਤਾ ਜਾਂਦਾ। ਇਸ ਮਹੀਨੇ ਜਾਂ ਇਸ ਤੋਂ ਪਿਛੋਂ ਆਉਣ ਵਾਲੇ ਦਿਹਾੜੇ 18/19 ਦਿਨ ਪੱਛੜ ਕੇ ਮਨਾਏ ਜਾਂਦੇ ਹਨ। ਇਸ ਕੈਲੰਡਰ `ਚ ਇਕ ਦਿਨ ਵਿਚ ਦੋ ਤਾਰੀਖਾਂ ਜਾਂ ਦੋ ਦਿਨਾਂ `ਚ ਇਕ ਤਾਰੀਖ ਅਕਸਰ ਹੀ ਆਉਂਦੀਆਂ ਰਹਿੰਦੀਆਂ ਹਨ। ਅਜੇਹਾ ਹਰ ਮਹੀਨੇ ਦੋ-ਤਿੰਨ ਵਾਰੀ ਹੁੰਦਾ ਹੈ। ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ ਸੂਰਜੀ ਬਿਕ੍ਰਮੀ ਕੈਲੰਡਰ:-
ਗੁਰੂ ਕਾਲ ਵੇਲੇ ਇਹ ਕੈਲੰਡਰ ਪ੍ਰਚੱਲਤ ਸੀ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2587 ਦਿਨ ਸੀ। ਇਸ ਨੂੰ ਸੂਰਜੀ ਸਿਧਾਂਤ ਕਿਹਾ ਜਾਂਦਾ ਸੀ। ਲੰਬਾਈ ਮੌਸਮੀ ਸਾਲ ਦੀ ਲੰਬਾਈ (365.24216 ਦਿਨ) ਤੋਂ ਲੱਗ ਭੱਗ 24 ਮਿੰਟ ਵੱਧ ਹੋਣ ਕਾਰਨ ਇਹ 60 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਨਵੰਬਰ 1964 `ਚ ਅੰਮ੍ਰਿਤਸਰ ਵਿਖੇ ਵਿਦਵਾਨਾਂ ਦੀ ਇਕੱਤਰਤਾ `ਚ ਇਸ ਕੈਲੰਡਰ `ਚ ਸੋਧ ਕੀਤੀ ਗਈ। ਸਾਲ ਦੀ ਲੰਬਾਈ 365.25875 ਤੋਂ ਘਟਾ ਕੇ 365.25636 ਕਰ ਦਿੱਤੀ ਗਈ । ਹੁਣ ਇਸ ਨੂੰ ਦ੍ਰਿਕ ਗਿਣਤ ਸਿਧਾਂਤ ਕਿਹਾ ਜਾਂਦਾ ਹੈ।
ਇਹ ਲੰਬਾਈ ਵੀ ਮੌਸਮੀ ਸਾਲ ਤੋਂ ਲੱਗ ਭੱਗ 20 ਮਿੰਟ ਵੱਧ ਹੈ। ਹੁਣ ਇਹ 72 ਸਾਲ ਪਿਛੋਂ ਮੌਸਮੀ ਸਾਲ ਤੋਂ ਇਕ ਦਿਨ ਅੱਗੇ ਹੋ ਜਾਂਦਾ ਹੈ। ਇਸ ਸਾਲ ਦੇ ਮਹੀਨੇ ਦਾ ਅਰੰਭ ਸੰਗਰਾਂਦ ਵਾਲੇ ਦਿਨ, ਭਾਵ ਉਸ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਤੋਂ ਦੂਜੀ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਸੂਰਜ ਦਾ ਰਾਸ਼ੀ ਪ੍ਰਵੇਸ਼ ਹਰ ਸਾਲ ਬਦਲਾ ਰਹਿੰਦਾ ਹੈ ਜਿਸ ਕਾਰਨ ਇਸ ਕੈਲੰਡਰ ਦੀਆ ਸੰਗਰਾਦਾਂ ਵੀ ਹਰ ਸਾਲ ਬਦਲਦੀਆਂ ਰਹਿੰਦੀਆਂ ਹਨ। ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸਵੇਰੇ ਸੂਰਜ ਚੜਨ ਵੇਲੇ ਹੁੰਦਾ ਹੈ [
ਗਰੈਗੋਰੀਅਨ (ਸੀ: ਈ:) ਕੈਲੰਡਰ:- ਜੂਲੀਅਨ ਕੈਲੰਡਰ ਵੀ ਸੂਰਜੀ ਕੈਲੰਡਰ ਸੀ ਜਿਸ ਦੇ ਸਾਲ ਦੀ ਲੰਬਾਈ 365.25 ਦਿਨ ਸੀ। ਇਹ ਸਾਲ ਮੌਸਮੀ ਸਾਲ ਤੋਂ ਲੱਗ-ਭੱਗ 128 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਂਦਾ ਸੀ। ਅਕਤੂਬਰ 1582 ਵਿਚ ਇਸ `ਚ ਸੋਧ ਕੀਤੀ ਗਈ ਸੀ। ਇਸ ਸੋਧ ਕਾਰਨ 4 ਅਕਤੂਬਰ ਪਿਛੋਂ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ। ਭਾਵ 10 ਦਿਨ ਖਤਮ ਕਰ ਦਿੱਤੇ ਗਏ ਸਨ। ਇੰਗਲੈਂਡ ਨੇ ਇਹ ਸੋਧ ਸਤੰਬਰ 1752 ਵਿਚ ਲਾਗੂ ਕੀਤੀ ਸੀ। ਉਦੋਂ 2 ਸਤੰਬਰ ਪਿਛੋਂ 14 ਸਤੰਬਰ ਕਰ ਦਿੱਤੀ ਗਈ ਸੀ ਭਾਵ 11 ਦਿਨ ਖਤਮ ਕਰ ਦਿੱਤੇ ਗਏ ਸਨ। ਹੁਣ ਇਸ ਨੂੰ ਗਰੈਗੋਰੀਅਨ ਕੈਲੰਡਰ ਜਾਂ ਸੀ: ਈ: ਕਹਿੰਦੇ ਹਨ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਇਸ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਰਾਤ ਦੇ 12 ਵਜੇ ਤੋਂ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ:- ਇਹ ਸੂਰਜੀ ਕੈਲੰਡਰ ਹੈ। ਇਸ ਦੇ ਸਾਲ ਦੀ ਲੰਬਾਈ 365.2425 ਦਿਨ ਹੈ। ਜੋ ਮੌਸਮੀ ਸਾਲ (365.242196 ਦਿਨ) ਦੇ ਬਹੁਤ ਹੀ ਨੇੜੇ ਹੈ। ਹੁਣ ਇਹ ਮੌਸਮੀ ਸਾਲ ਤੋਂ ਲੱਗ-ਭੱਗ 3300 ਸਾਲ ਪਿਛੋਂ ਇਕ ਦਿਨ ਅੱਗੇ ਹੋਵੇਗਾ। ਇਸ ਦੇ ਮਹੀਨੇ ਦੇ ਅਰੰਭ ਦੀ ਤਾਰੀਖਾਂ ਸਦਾ ਵਾਸਤੇ ਹੀ ਪੱਕੀਆਂ ਹਨ ਜਿਨ੍ਹਾਂ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਸਬੰਧ ਨਹੀਂ ਹੈ। ਜਿਵੇ ਚੇਤ 14 ਮਾਰਚ, ਵੈਸਾਖ 14 ਅਪ੍ਰੈਲ, ਜੇਠ 15 ਮਈ, ਹਾੜ 15 ਜੂਨ, ਸਾਵਣ 16 ਜੁਲਾਈ, ਭਾਦੋਂ 16 ਅਗਸਤ, ਅੱਸੂ 15 ਸਤੰਬਰ, ਕੱਤਕ 15 ਅਕਤੂਬਰ, ਮੱਘਰ 14 ਨਵੰਬਰ, ਪੋਹ 14 ਦਸੰਬਰ, ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ। ਨਾਨਕ ਸ਼ਾਹੀ ਕੈਲੰਡਰ ਦੇ ਦਿਨ ਦਾ ਅਰੰਭ ਰਾਤ 12 ਵਜੇ ਤੋਂ ਹੁੰਦਾ ਹੈ ਜਦੋਂ ਕਿ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਅਤੇ ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ ਦਿਨ ਦਾ ਅਰੰਭ ਸੂਰਜ ਦੇ ਚੜਨ ਵੇਲੇ ਹੁੰਦਾ ਹੈ ਭਾਵ ਹਰ ਦਿਨ ਦਾ ਅਰੰਭ, ਹਰ ਰੋਜ ਵੱਖ-ਵੱਖ ਅਸਥਾਨਾਂ ਤੇ ਵੱਖ-ਵੱਖ ਸਮੇ ਹੁੰਦਾ ਹੈ।
ਨਾਨਕਸ਼ਾਹੀ ਕੈਲੰਡਰ, ਕਨੇਡਾ ਨਿਵਾਸੀ ਸਿੱਖ ਵਿਦਵਾਨ ਸ. ਪਾਲ ਸਿੰਘ ਪੁਰੇਵਾਲ ਜੀ ਨੇ ਬਹੁਤ ਹੀ ਮਿਹਨਤ ਨਾਲ ਬਣਾਇਆ ਸੀ ਅਤੇ ਲੱਗ-ਭੱਗ 10 ਸਾਲ ਦੀ ਸੋਚ ਵਿਚਾਰ ਤੋਂ ਪਿਛੋਂ ਸ਼੍ਰੋਮਣੀ ਕਮੇਟੀ ਨੇ 2003 `ਚ ਇਹ ਕੈਲੰਡਰ ਲਾਗੂ ਕੀਤਾ ਗਿਆ ਸੀ। ਦੇਸ-ਵਿਦੇਸ਼ ਦੀਆਂ ਸੰਗਤਾਂ ਨੇ ਇਸ ਨੂੰ ਖੁਸ਼ੀ–ਖੁਸ਼ੀ ਪ੍ਰਵਾਨ ਕਰ ਲਿਆ ਸੀ।
ਧੁਮੱਕੜਸ਼ਾਹੀ ਕੈਲੰਡਰ:- ਸ਼੍ਰੋਮਣੀ ਕਮੇਟੀ ਵੱਲੋਂ 2003 ਵਿੱਚ ਜਾਰੀ ਕੀਤੇ ਗਏ ਨਾਨਕਸ਼ਾਹੀ ਕੈਲੰਡਰ ਸਬੰਧੀ ਅਚਾਨਕ ਹੀ 17 ਅਕਤੂਬਰ 2009 ਨੂੰ ਇਹ ਖ਼ਬਰ ਆ ਗਈ ਕਿ ਇਸ ਕੈਲੰਡਰ ‘ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ’ (ਸੰਤਾਂ ਦੀ ਯੂਨੀਅਨ) ਦੇ ਕਹਿਣ ਤੇ ਵਿਚ ਸੋਧ ਕੀਤੀ ਜਾ ਰਹੀ ਹੈ। ਇਸ ਸੋਧ ਲਈ ਸੁਝਾਓ ਦੇਣ ਵਾਸਤੇ ਦੋ ਮੈਂਬਰੀ ਕਮੇਟੀ ਬਣਾ ਗਈ ਜਿਸ `ਚ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਸ਼ਾਮਲ ਸਨ। ਇਸ ਦੋ ਮੈਂਬਰੀ ਕਮੇਟੀ ਨੇ ਚਾਰ ਦਿਹਾੜੇ, ਸ਼ਹੀਦੀ ਗੁਰੂ ਅਰਜਨ ਦੇਵ ਜੀ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ, ਗੁਰੂ ਗੋਬਿੰਦ ਸਿੰਘ ਜੀ ਦਾ ਜੋਤੀ ਜੋਤ ਦਿਹਾੜਾ ਅਤੇ ਗੁਰੂ ਗ੍ਰੰਥ ਸਾਹਿਬ ਦਾ ਗੁਰ ਗੱਦੀ ਦਿਵਸ, ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਭਾਵ ਵਦੀ-ਸੁਦੀ ਮੁਤਾਬਕ ਮਨਾਉਣ ਅਤੇ ਮਹੀਨੇ ਦਾ ਅਰੰਭ ਦੀ ਤਾਰੀਖ (ਸੰਗਰਾਦ) ਨੂੰ ਸੂਰਜ ਦੇ ਇਕ ਰਾਸ਼ੀ ਤੋਂ ਦੂਜੀ ਰਾਸ਼ੀ `ਚ ਪ੍ਰਵੇਸ਼ ਕਰਨ ਦੀ ਤਾਰੀਖ ਨਾਲ ਨੱਥੀ ਕਰਨ ਦੀ ਸਿਫ਼ਾਰਿਸ਼ ਕਰ ਦਿੱਤੀ। ਸ਼੍ਰੋਮਣੀ ਕਮੇਟੀ ਵੱਲੋਂ 14 ਮਾਰਚ 2010 ਤੋਂ ਇਹ ਕੈਲੰਡਰ ਲਾਗੂ ਕਰ ਦਿੱਤਾ ਗਿਆ।
ਇਸ ਕੈਲੰਡਰ ਦਾ ਨਾਮ ਨਾਨਕਸ਼ਾਹੀ, ਸਾਲ ਦੀ ਲੰਬਾਈ 365.25636 ਦਿਨ, ਜਿਸ ਮੁਤਾਬਕ ਹੁਣ ਇਹ ਸਾਲ ਮੌਸਮੀ ਸਾਲ ਤੋਂ 72 ਸਾਲ ਪਿਛੋਂ ਇਕ ਦਿਨ ਅੱਗੇ ਹੋ ਜਾਵੇਗਾ। ਮਹੀਨੇ ਦਾ ਅਰੰਭ ਸੂਰਜ ਦੇ ਨਵੀਂ ਰਾਸ਼ੀ `ਚ ਪ੍ਰਵੇਸ਼ ਨਾਲ, ਜਿਸ ਕਾਰਨ ਹਰ ਸਾਲ ਤਿੰਨ-ਚਾਰ ਤਾਰੀਖਾਂ ਬਦਲ ਜਾਦੀਆਂ ਹਨ, ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ ਕੈਲੰਡਰ ਮੁਤਾਬਕ, ਕੁਝ ਦਿਹਾੜੇ ਸੀ ਈ ਕੈਲੰਡਰ ਮੁਤਾਬਕ ਅਤੇ ਬਹੁਤੇ ਦਿਹਾੜਿਆਂ ਦੀਆਂ ਤਾਰੀਖਾਂ ਤਾਂ ਨਾਨਕਸ਼ਾਹੀ ਕੈਲੰਡਰ ਵਾਲੀਆ ਹੀ ਰੱਖ ਲਈਆਂ ਹਨ ਪਰ ਮਹੀਨੇ ਦਾ ਅਰੰਭ ਸੂਰਜ ਦੇ ਨਵੀ ਰਾਸ਼ੀ `ਚ ਪ੍ਰਵੇਸ਼ ਕਰਨ ਨਾਲ ਨੱਥੀ ਹੋਣ ਕਾਰਨ ਇਤਿਹਾਸਿਕ ਦਿਹਾੜਿਆਂ ਦੀਆਂ ਤਾਰੀਖਾਂ ਹਰ ਸਾਲ ਇਕ ਦਿਨ ਅੱਗੜ-ਪਿੱਛੜ ਹੋ ਜਾਦੀਆਂ ਹਨ। ਜਿਵੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤੇ 2013-14 ਦੇ ਕੈਲੰਡਰ `ਚ, ਜੋਤੀ ਜੋਤ ਗੁਰੂ ਨਾਨਕ ਦੇਵ ਜੀ 22 ਸਤੰਬਰ ਦਾ ਦਰਜ ਹੈ ਜਿਸ ਮੁਤਾਬਕ ਇਹ ਸੱਤ ਅੱਸੂ ਬਣਦਾ ਹੈ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਤਾਰੀਖ ਅੱਠ ਅੱਸੂ ਹੈ। ਅਗਲੇ ਸਾਲ ਨੂੰ ਇਹ ਦਿਹਾੜਾ 6 ਅੱਸੂ ਨੂੰ ਆਵੇਗਾ।
ਦੂਜੇ ਸ਼ਬਦਾਂ `ਚ ਇਹ ਕਿਹਾ ਜਾ ਸਕਦਾ ਹੈ ਅੱਜ ਸਾਡੇ ਸਾਹਮਣੇ ਸ਼੍ਰੋਮਣੀ ਕਮੇਟੀ ਵੱਲੋਂ ਸਾਡੇ ਇਤਹਾਸ ਨੂੰ ਵਿਗਾੜਨ ਦਾ ਕੋਝਾ ਯਤਨ ਕੀਤਾ ਜਾ ਰਿਹਾ ਹੈ। ਤਰਮੀਮ ਤੋਂ ਪਿਛੋਂ ਇਸ ਕੈਲੰਡਰ ਨੂੰ ਨਾਨਕਸ਼ਾਹੀ ਕੈਲੰਡਰ ਕਹਿਣਾ ਹੀ ਗਲਤ ਹੈ। ਇਸ ਕੈਲੰਡਰ ਦਾ ਨਾਮ ਦੋ ਮੈਂਬਰੀ ਕੈਲੰਡਰ ਵਿਗਾੜੂ ਕਮੇਟੀ (ਧੁਮਾ ਅਤੇ ਮੱਕੜ) ਦੇ ਨਾਮ ਤੇ ਧੁਮੱਕੜਸ਼ਾਹੀ ਕੈਲੰਡਰ ਜਿਆਦਾ ਢੁੱਕਵਾਂ ਹੈ।
ਸ਼੍ਰੋਮਣੀ ਕਮੇਟੀ ਵੱਲੋਂ 8 ਫਰਵਰੀ 2013 ਨਾਨਕਸ਼ਾਹੀ ਦਾ ਵਿਗਾੜਿਆ ਹੋਇਆ ਰੂਪ ਜਾਰੀ ਕਰ ਦਿੱਤਾ ਗਿਆ ਹੈ। ਜਿਸ ਦੀਆਂ ਖਾਸ ਵਿਸ਼ੇਸ਼ਤਾਈਆਂ ਹੇਠ ਲਿਖੇ ਅਨੁਸਾਰ ਹਨ।
ਇਕ ਦਿਨ ਇਕ ਤੋਂ ਵੱਧ ਗੁਰਪੁਰਬ:
16 ਅਪ੍ਰੈਲ, ਵੈਸਾਖ 4 ਦਿਨ ਮੰਗਲਵਾਰ।
(1) ਜੋਤੀ ਜੋਤ ਸ੍ਰੀ ਗੁਰੂ ਅੰਗਦ ਜੀ।
(2) ਗੁਰਗੱਦੀ ਸ੍ਰੀ ਗੁਰੂ ਅਮਰ ਦਾਸ ਜੀ
(3) ਜੋਤੀ-ਜੋਤ ਸ੍ਰੀ ਹਰ ਕ੍ਰਿਸ਼ਨ ਜੀ
(4)ਗੁਰਗੱਦੀ ਸ੍ਰੀ ਗੁਰੂ ਤੇਗ ਬਹਾਦਰ ਜੀ 16 ਸਤੰਬਰ, ਅੱਸੂ 1 ਦਿਨ ਸੋਮਵਾਰ।
(1) ਗੁਰਗੱਦੀ ਸ੍ਰੀ ਗੁਰੂ ਰਾਮਦਾਸ ਜੀ।
(2) ਜੋਤੀ-ਜੋਤ ਸ੍ਰੀ ਗੁਰੂ ਅਮਰਦਾਸ ਜੀ।
(3) ਗੁਰਗੱਦੀ ਸ੍ਰੀ ਗੁਰੂ ਅਰਜਨ ਜੀ।
(4) ਜੋਤੀ-ਜੋਤ ਸ੍ਰੀ ਗੁਰੂ ਰਾਮਦਾਸ ਜੀ।
ਖਾਲਸਾ ਜੀ ਸੋਚੋ! ਜਿਹੜੇ ਬਾਬਿਆਂ ਅਤੇ ਸੰਸਥਾਵਾਂ ਨੇ 2003 ਤੋਂ ਹੀ ਟਿੰਡ ਵਿਚ ਕਾਨਾ ਪਾਇਆ ਹੋਇਆ ਸੀ ਕਿ ਇਕ ਦਿਨ ਵਿਚ ਹੀ ਦੋ-ਦੋ, ਤਿੰਨ–ਤਿੰਨ ਗੁਰਪੁਰਬ ਇਕੱਠੇ ਹੀ ਆਉਂਦੇ ਹਨ, ਹੁਣ ਇਹ ਬਾਬੇ ਇਕੋ ਸਮੇਂ ਹੀ ਪ੍ਰਕਾਸ਼, ਗੁਰਗੱਦੀ ਅਤੇ ਜੋਤੀ-ਜੋਤ ਦਿਹਾੜਾ ਕਿਵੇਂ ਮਨਾਉਣਗੇ? ਜੇ ਇਨ੍ਹਾਂ ਨੂੰ ਹੁਣ ਇਕ ਦਿਨ ਵਿਚ ਹੀ ਚਾਰ-ਚਾਰ ਗੁਰਪੁਰਬ ਮਨਾਉਣ ਤੇ ਕੋਈ ਦਿੱਕਤ ਨਹੀ ਹੈ ਤਾਂ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਨ੍ਹਾਂ ਨੂੰ ਤਕਲੀਫ਼ ਕਿਓ ਹੁੰਦੀ ਸੀ?
ਸੋ ਸਪੱਸ਼ਟ ਹੈ ਕਿ ਇਨ੍ਹਾਂ ਦੀ ਸਮੱਸਿਆ ਤਾਂ ਸਿਰਫ ਅਤੇ ਸਿਰਫ ਸਿੱਖਾਂ ਕੌਮ ਦੀ ਨਿਆਰੀ ਹੋਂਦ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਹੀ ਸੀ; ਜਿਸ ਦੀ ਰੂਹ ਦਾ ਕਤਲ ਇਨ੍ਹਾਂ ਨੇ ਬਹੁਤ ਹੀ ਬੇਕਿਰਕੀ ਨਾਲ ਕਰ ਦਿੱਤਾ ਹੈ। ਉਪ੍ਰੋਕਤ ਦਰਜ ਕੀਤੇ ਗਏ ਚਾਰ ਪੁਰਬ ਜੋ ਇਕੋ ਦਿਨ ਹੀ ਮਨਾਏ ਜਾਣਗੇ, ਉਸ ਦਿਨ ਵਿਗਾੜੇ ਗਏ ਕੈਲੰਡਰ ਮੁਤਾਬਕ 4 ਵੈਸਾਖ/16 ਅਪ੍ਰੈਲ ਦਿਨ ਮੰਗਲਵਾਰ, ਚੇਤਰ ਸੁਦੀ 6 ਹੋਵੇਗੀ। ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਮੁਤਾਬਕ :
(1) ਜੋਤੀ ਜੋਤ ਸ੍ਰੀ ਗੁਰੂ ਅੰਗਦ ਜੀ ਅਤੇ ਗੁਰਗੱਦੀ ਅਮਰ ਦਾਸ ਜੀ, 29 ਮਾਰਚ 1552 (ਜੂਲੀਅਨ) 3 ਵੈਸਾਖ , ਚੇਤ ਸੁਦੀ 4, ਮੰਗਲਵਾਰ ਸੰਮਤ 1609 ਬਿਕ੍ਰਮੀ ਸੀ।
4) ਜੋਤੀ-ਜੋਤ ਸ੍ਰੀ ਹਰਿਕ੍ਰਿਸ਼ਨ ਜੀ, 30 ਮਾਰਚ 1664(ਜੂਲੀਅਨ), 3 ਵੈਸਾਖ, ਚੇਤ ਸੁਦੀ 14 ਸੰਮਤ 1721 ਬਿਕ੍ਰਮੀ। ਇਸ ਸਾਲ ਇਹ ਦਿਹਾੜੇ ਬਿਕ੍ਰਮੀ ਕੈਲੰਡਰ ਮੁਤਾਬਕ 4 ਵੈਸਾਖ ਨੂੰ ਮਨਾਏ ਜਾਣਗੇ ਜਦੋਂ ਕਿ ਸ਼੍ਰੋਮਣੀ ਕਮੇਟੀ ਦੀ ਵੈਬ ਸਾਈਟ ਮੁਤਾਬਕ ਇਹ ਦਿਹਾੜੇ 3 ਵੈਸਾਖ ਨੂੰ ਆਉਣੇ ਚਾਹੀਦੇ ਹਨ। ਹੁਣ ਸਵਾਲ ਪੈਂਦਾ ਹੁੰਦਾ ਹੈ ਕਿ ਕੈਲੰਡਰ ਸੋਧਕ ਕਮੇਟੀ ਦੇ ਦੋ ਮੈਂਬਰਾਂ, ਭਾਈ ਹਰਨਾਮ ਸਿੰਘ ਧੁੰਮਾ ਅਤੇ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਇਹ ਦਿਹਾੜੇ ਵਦੀਆਂ– ਸੁਦੀਆਂ ਮੁਤਾਬਕ (ਚੇਤ ਸੁਦੀ 4 ਅਤੇ ਚੇਤ ਸੁਦੀ 14) ਕਿਉ ਨਹੀ ਰੱਖੇ? ਇਹ ਕੀ ਤਰੀਕਾ ਹੋਇਆ ਕਿ ਆਪਣੀ ਮਰਜ਼ੀ ਨਾਲ ਹੀ ਕੋਈ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ ਅਤੇ ਕੋਈ ਸੀ: ਈ: ਮੁਤਾਬਕ ਰੱਖ ਲਿਆ ਗਿਆ ਹੈ।
ਧੁਮੱਕੜਸ਼ਾਹੀ ਕੈਲੰਡਰ ਵਿਚ ਹੁਣ ਮਹੀਨੇ ਦਾ ਅਰੰਭ ਉਸੇ ਦਿਨ ਹੁੰਦਾ ਹੈ ਜਦੋਂ ਸੂਰਜ ਇਕ ਰਾਸ਼ੀ ਨੂੰ ਛੱਡ ਕਿ ਦੂਜੀ ਰਾਸ਼ੀ ਵਿਚ ਪ੍ਰਵੇਸ਼ ਕਰਦਾ ਹੈ। ਸੂਰਜ ਇਕ ਰਾਸ਼ੀ ‘ਚ ਦੂਜੀ ਰਾਸ਼ੀ ਵਿਚ ਕਦੋਂ ਪ੍ਰਵੇਸ਼ ਕਰੇਗਾ ਜਾਂ ਗੋਲਕ ਦਾ ਢਿੱਡ ਭਰਨ ਲਈ ਸੰਗਰਾਦ ਕਿਸ ਦਿਨ ਮਨਾਈ ਜਾਵੇਗੀ, ਗੁਰਦੁਆਰਾ ਕਮੇਟੀਆਂ ਨੂੰ ਇਹ ਸਵਾਲ ਕੁਰਾਲੀ ਦੇ ਪੰਡਤਾਂ ਤੋਂ ਪੁੱਛਣਾ ਪਿਆ ਕਰੇਗਾ। ਸਾਧ ਬਾਬਿਆਂ ਵਲੋ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਕਰਨ ਦਾ ਕਾਰਨ ਹੁਣ ਵਿਗਾੜੇ ਗਏ ਕੈਲੰਡਰ ਤੋਂ ਸਪੱਸ਼ਟ ਹੋ ਗਿਆ ਹੈ। ਇਸ ਵਿਰੋਧ ਦਾ ਕਾਰਨ ਸਿਰਫ ਇਹ ਸੀ ਕਿ ਨਾਨਕਸ਼ਾਹੀ ਕੈਲੰਡਰ `ਚ ਮਹੀਨੇ ਦਾ ਅਰੰਭ ਇਕ ਖਾਸ ਤਾਰੀਖ ਨੂੰ ਹੁੰਦਾ ਹੈ ਜਿਸ ਦਾ ਸੂਰਜ ਦੇ ਰਾਸ਼ੀ ਪ੍ਰਵੇਸ਼ ਨਾਲ ਕੋਈ ਸਬੰਧ ਨਹੀ ਹੈ।
ਖਾਲਸਾ ਜੀ, ਕਰੋ ਦਰਸ਼ਨ ! ਜੋ ਸ਼੍ਰੋਮਣੀ ਕਮੇਟੀ ਵੱਲੋਂ ਨਾਨਕ ਸ਼ਾਹੀ ਸੰਮਤ ੫੪੫ (2013-14 ਸੀ: ਈ:) ਦੇ ਨਾਮ ਹੇਠ ਸਿੱਖ ਸੰਗਤ ਨੂੰ ਪਰੋਸਿਆ ਗਿਆ ਹੈ।
19 ਅਪ੍ਰੈਲ- ਸ਼੍ਰੀ ਰਾਮ ਨੌਮੀ, 24 ਅਪ੍ਰੈਲ- ਮਹਾਂਵੀਰ ਜਯੰਤੀ। 12 ਮਈ, ਪਰਸ਼ੂਰਾਮ ਜਯੰਤੀ। 25 ਮਈ, ਮਹਾਤਮਾ ਬੁੱਧ ਜਯੰਤੀ। 20 ਸਤੰਬਰ, ਸ਼੍ਰੀ ਕਿਸ਼ਨ ਜਨਮ-ਅਸ਼ਟਮੀ। 9 ਅਗਸਤ, ਈਦ-ਉਲ-ਫਿਰਤ। 28 ਅਗਸਤ, ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ। 14 ਸਤੰਬਰ, ਜਨਮ ਬਾਬਾ ਸ਼੍ਰੀ ਚੰਦ। 2 ਅਕਤੂਬਰ, ਜਨਮ ਮਹਾਤਮਾ ਗਾਂਧੀ। 5 ਅਕਤੂਬਰ, ਅਗਰ ਸੈਨ ਜਯੰਤੀ। 12 ਅਕਤੂਬਰ, ਸ਼੍ਰੀ ਦੁਰਗਾ ਅਸ਼ਟਮੀ। 18 ਅਕਤੂਬਰ, ਜਨਮ ਰਿਸੀ ਬਾਲਮੀਕ ਜੀ। 4 ਨਵੰਬਰ, ਵਿਸ਼ਵਕਰਮਾ ਦਿਵਸ। 14 ਨਵੰਬਰ, ਮੁਹੱਰਮ (ਤਾਜ਼ੀਏ), 25 ਦਸੰਬਰ ਕ੍ਰਿਸਮਿਸ-ਡੇ ਅਤੇ 27 ਮਾਰਚ ਸ਼੍ਰੀ ਮਹਾਂ ਸ਼ਿਵਰਾਤਰੀ। ਕੀ ਹੁਣ ਆਪਣੇ ਆਪ ਨੂੰ ਸਿੱਖਾਂ ਦੀ ਸ਼੍ਰੋਮਣੀ ਅਖਵਾਉਣ ਵਾਲੀ ਕਮੇਟੀ, ਉਪ੍ਰੋਕਤ ਦਿਨ-ਤਿਉਹਾਰ ਵੀ ਮਨਾਇਆ ਕਰੇਗੀ?
ਜੇ ਨਹੀ ਤਾਂ ਸਵਾਲ ਪੈਂਦਾ ਹੁੰਦਾ ਹੈ ਕਿ ਸਿੱਖਾਂ ਦੇ ਧਾਰਮਿਕ ਕੈਲੰਡਰ ਵਿਚ ਇਨ੍ਹਾਂ ਦਾ ਵੇਰਵਾ ਦਰਜ ਕਰਨ ਦੀ ਲੋੜ ਕਿਓ ਪਈ? ਇਹ ਸਿੱਖਾਂ ਦਾ ਧਾਰਮਿਕ ਕੈਲੰਡਰ ਹੈ ਨਾ ਕਿ ਪੰਜਾਬ ਸਰਕਾਰ ਦਾ ਕੈਲੰਡਰ। ਇਹ ਸਾਰੇ ਦਿਹਾੜੇ ਤਾਂ ਸ਼ਾਇਦ ਸਰਕਾਰੀ ਕੈਲੰਡਰ ਵਿਚ ਵੀ ਦਰਜ ਨਾਂ ਹੋਣ। ਨਾਨਕਸ਼ਾਹੀ ਕੈਲੰਡਰ ਵਿਚ, ਕਿਉਂਕਿ ਮਹੀਨੇ ਦੇ ਅਰੰਭ ਦੀ ਤਾਰੀਖ ਵੀ ਪੱਕੀ ਕਰ ਦਿੱਤੀ ਗਈ ਸੀ ਇਸ ਕਰਕੇ ਸਾਰੇ ਹੀ ਦਿਹਾੜੇ ਹਰ ਸਾਲ ਇਕ ਪੱਕੀ ਤਾਰੀਖ ਨੂੰ ਹੀ ਆਉਂਦੇ ਹਨ। ਵਿਗਾੜੇ ਗਏ ਕੈਲੰਡਰ ਵਿਚ ਸੰਗਰਾਂਦ ਸੂਰਜ ਦੇ ਰਾਸ਼ੀ ਪ੍ਰਵੇਸ਼ ਮੁਤਾਬਕ ਆਵੇਗੀ। ਹੁਣ ਕੋਈ ਵੀ ਪੁਰਬ ਪੱਕੀ ਤਾਰੀਖ ਨੂੰ ਨਹੀ ਆਵੇਗਾ ਭਾਵੇ ਕਿ ਸਿਰਫ ਚਾਰ ਗੁਰਪੁਰਬਾਂ ਦੀਆਂ ਤਰੀਖਾਂ ਹੀ ਚੰਦਰ-ਸੂਰਜੀ ਬਿਕ੍ਰਮੀ ਅਨੁਸਾਰ ਬਦਲੀਆਂ ਗਈਆਂ ਹਨ। ਧੁਮੱਕੜਸ਼ਾਹੀ ਕੈਲੰਡਰ `ਚ ਗੁਰੂ ਨਾਨਕ ਜੀ ਦਾ ਪ੍ਰਕਾਸ਼ ਦਿਹਾੜਾ ਤਾ ਚੰਦਰ-ਸੂਰਜੀ ਮੁਤਾਬਕ ਹੈ ਪਰ ਜੋਤੀ ਜੋਤ ਦਿਹਾੜਾ 8 ਅੱਸੂ ਸੂਰਜੀ ਬਿਕ੍ਰਮੀ ਮੁਤਾਬਕ ਹੈ। 8 ਅੱਸੂ/22 ਸਤੰਬਰ ਤਾਂ ਨਾਨਕਸ਼ਾਹੀ ਵਾਲੀ ਹੈ ਪਰ ਮਹੀਨੇ ਦਾ ਅਰੰਭ (ਸੰਗਰਾਦ) ਸੂਰਜੀ ਬਿਕ੍ਰਮੀ ਦ੍ਰਿਕਗਿਣਤ ਮੁਤਾਬਕ ਹੋਣ ਕਰਕੇ ਇਸ ਸਾਲ ਇਹ ਦਿਹਾੜਾ 22 ਸਤੰਬਰ /7 ਅੱਸੂ ਨੂੰ ਆਵੇਗਾ ਅਤੇ ਅਗਲੇ ਸਾਲ 22 ਸਤੰਬਰ 6 ਅੱਸੂ ਨੂੰ ਹੋਵੇਗਾ। ਜਦੋਂ ਕਿ ਇਤਿਹਾਸਿਕ ਤੌਰ ਦੇ ਇਹ ਦਿਹਾੜਾ 8 ਅੱਸੂ ਦਾ ਹੈ। ਗੁਰੂ ਅਰਜਨ ਦੇਵ ਜੀ ਦੇ ਪ੍ਰਕਾਸ਼ ਅਤੇ ਗੁਰਗੱਦੀ ਦਿਹਾੜੇ ਦੀ ਤਾਰੀਖ ਨਾਨਕ ਸ਼ਾਹੀ ਵਾਲੀ ਪਰ ਸ਼ਹੀਦੀ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ। ਗੁਰੂ ਅਰਜਨ ਦੇਵ ਜੀ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਕ 2013 ਵਿਚ 12 ਜੂਨ, 2014 ਵਿੱਚ 1 ਜੂਨ, 2015 ਵਿੱਚ 22 ਮਈ, ਅਤੇ 2016 ਵਿੱਚ 8 ਜੂਨ, 2017 ਵਿੱਚ 29 ਮਈ ਨੂੰ ਆਵੇਗਾ।
ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ ਹਰ ਸਾਲ 11 ਜੂਨ ਨੂੰ ਆਵੇਗਾ। 2012 ਵਿੱਚ ਜੇਠ ਸੁਦੀ 4 ਮੁਤਾਬਕ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਤਾਂ 24 ਮਈ ਨੂੰ ਸੀ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਗੁਰਗੱਦੀ ਦਿਵਸ 11 ਜੂਨ ਨੂੰ ਮਨਾਇਆ ਗਿਆ ਸੀ ਤਾਂ ਸਵਾਲ ਪੈਦਾ ਹੋਇਆ ਸੀ ਕਿ ਗੁਰੂ ਅਰਜਨ ਦੇਵ ਜੀ 24 ਮਈ ਨੂੰ ਸ਼ਹੀਦ ਹੋ ਗਏ ਸਨ, 11 ਜੂਨ ਨੂੰ ਗੁਰੂ ਹਰਿਗੋਬਿੰਦ ਸਾਹਿਬ ਨੂੰ ਗੁਰਗੱਦੀ ਕਿਸ ਨੇ ਦਿੱਤੀ ਸੀ? ਅਤੇ 24 ਮਈ ਤੋਂ 11 ਜੂਨ ਦੇ ਦਰਮਿਆਨ ਗੁਰਗੱਦੀ ਤੇ ਕੌਣ ਵਿਰਾਜ ਮਾਨ ਸੀ? ਇਸ ਸਵਾਲ ਦਾ ਜਵਾਬ ਅੱਜ ਤਾਈ ਨਹੀਂ ਆਇਆ। ਅਜੇਹੀ ਸਥਿਤੀ ਹੀ 2014,15,16 ਅਤੇ 17 ਵਿੱਚ ਵੀ ਹੋਵੇਗੀ।
ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਅਤੇ ਜੋਤੀ ਜੋਤ ਦਿਹਾੜਾ ਚੰਦਰ-ਸੂਰਜੀ ਬਿਕ੍ਰਮੀ ਮੁਤਾਬਕ ਅਤੇ ਗੁਰਗੱਦੀ ਦਿਵਸ 11 ਮੱਘਰ/24 ਨਵੰਬਰ, ਇਹ ਤਾਰੀਖ ਨਾਨਕਸ਼ਾਹੀ ਕੈਲੰਡਰ ਦੀ ਹੈ। ਸੰਗਰਾਦ ਸੂਰਜੀ ਬਿਕ੍ਰਮੀ ਦ੍ਰਿਕਗਿਣਤ ਵਾਲੀ ਹੋਣ ਕਰਕੇ ਇਸ ਸਾਲ ਇਹ ਦਿਹਾੜਾ 9 ਮੱਘਰ ਨੂੰ ਆਵੇਗਾ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਸਾਰੇ ਦਿਹਾੜੇ ਇਕ ਕੈਲੰਡਰ ਮੁਤਾਬਕ ਕਿਉ ਨਹੀ ਮਨਾਏ ਜਾ ਸਕਦੇ? 8 ਫਰਵਰੀ 2013 ਨੂੰ ਜੋ ਵਿਗਾੜਿਆ ਹੋਇਆ ਕੈਲੰਡਰ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਕੀਤਾ ਗਿਆ ਹੈ ਇਹ ਚੰਦਰ-ਸੂਰਜੀ ਬਿਕ੍ਰਮੀ, ਸੂਰਜੀ ਬਿਕ੍ਰਮੀ, ਨਾਨਕਸ਼ਾਹੀ ਅਤੇ ਸੀ: ਈ: ਕੈਲੰਡਰ ਦਾ ਮਿਲਗੋਭਾ ਹੈ। ਇਹ ਹੈ ਭਾਈ ਹਰਨਾਮ ਸਿੰਘ ਧੁੰਮਾ ਅਤੇ ਅਵਤਾਰ ਸਿੰਘ ਮੱਕੜ ਦੀ ਵਿਦਵਤਾ ਦਾ ਇਕ ਨਮੂਨਾ ਭਾਵ ਧੁਮੱਕੜਸ਼ਾਹੀ ਕੈਲੰਡਰ।
ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਅਕਸਰ ਹੀ ਇਹ ਦਲੀਲ ਦਿੰਦੇ ਹਨ ਕਿ ਅਸੀਂ ਉਹ ਕੈਲੰਡਰ ਕਿਉਂ ਛੱਡੀਏ, ਜੋ ਗੁਰੂ ਕਾਲ `ਚ ਲਾਗੂ ਸੀ। ਪਾਠਕਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਗੁਰੂ ਕਾਲ `ਚ ਜਿਹੜਾ ਸੂਰਜੀ ਬਿਕ੍ਰਮੀ ਕੈਲੰਡਰ ਲਾਗੂ ਸੀ ਉਸ ਨੂੰ ‘ਸੂਰਜੀ ਸਿਧਾਂਤ ਮੁਤਾਬਕ ਬਣਾਇਆ ਜਾਂਦਾ ਸੀ ਜਿਸ ਦੇ ਸਾਲ ਦੀ ਲੰਬਾਈ 365.25875 ਦਿਨ ਸੀ। 8 ਫਰਵਰੀ 2013 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਜੋ ਸੋਧਿਆ ਹੋਇਆ (ਅਸਲ `ਚ ਵਿਗਾੜਿਆ ਹੋਇਆ) ਕੈਲੰਡਰ ਜਾਰੀ ਕੀਤਾ ਗਿਆ ਹੈ ਉਹ ਦ੍ਰਿਕਗਿਣਤ ਸਿਧਾਂਤ ਮੁਤਾਬਕ ਹੈ ਜਿਸ ਦੇ ਸਾਲ ਦੀ ਲੰਬਾਈ 365.25636 ਦਿਨ ਹੈ।
ਨਵੰਬਰ 1964 ਵਿਚ ਹਿੰਦੂ ਵਿਦਵਾਨਾਂ ਦਾ ਇਕ ਸੰਮੇਲਨ, ਅੰਮ੍ਰਿਤਸਰ ਵਿਖੇ ਇਕ ਹੋਇਆ ਸੀ। ਇਸ ਇਕੱਤਰਤਾ ਵਿੱਚ ਹੋਈ ਵਿਚਾਰ ਚਰਚਾ ‘ਚ ਦ੍ਰਿਕਗਿਣਤ ਸਿਧਾਂਤ ਵਾਲੇ ਸੂਰਜ ਸਿਧਾਂਤ ਵਾਲਿਆਂ ਤੇ ਹਾਵੀ ਰਹੇ ਸਨ। ਉਤਰੀ ਭਾਰਤ ਵਿਚ ਉਦੋਂ ਤੋਂ ਹੀ ਸੂਰਜ ਸਿਧਾਂਤ ਦੀ ਬਜਾਏ ਦ੍ਰਿਕਗਿਣਤ ਸਿਧਾਂਤ ਅਨੁਸਾਰ ਕੈਲੰਡਰ ਬਣਦੇ ਹਨ। ਇਥੇ ਹੋਰ ਸਵਾਲ ਪੈਦਾ ਹੁੰਦਾ ਹੈ ਕਿ ਜੇ ਪੁਰਾਤਨ ਰਵਾਇਤ ਹੀ ਰੱਖਣੀ ਹੈ ਤਾਂ ਸੂਰਜ ਸਿਧਾਂਤ ਨੂੰ ਛੱਡ ਕੇ ਦ੍ਰਿਕਗਿਣਤ ਸਿਧਾਂਤ ਕਿਓ ਅਪਨਾਇਆ ਗਿਆ ਹੈ?
ਖਾਲਸਾ ਜੀ ਜਾਗੋ! ਉਨ੍ਹਾਂ ਧਿਰਾਂ ਨੂੰ ਪਛਾਣੋ, ਜਿਹੜੀਆਂ ਧਿਰਾਂ ਗੁਰੂ ਕਾਲ `ਚ ਪ੍ਰਚਲਤ ਕੈਲੰਡਰ ਵਿਚ, 1964 ਵਿੱਚ ਹਿੰਦੂ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਨੂੰ ਤਾਂ ਪ੍ਰਵਾਨ ਕਰਦੀਆਂ ਹਨ ਪਰ 2003 ਵਿੱਚ ਸਿੱਖ ਵਿਦਵਾਨਾਂ ਵੱਲੋਂ ਕੀਤੀ ਗਈ ਸੋਧ ਤੇ ਇਤਰਾਜ਼ ਕਰਦੀਆਂ ਹਨ। ਜੇ ਸੂਰਜੀ ਸਿਧਾਂਤ ਨੂੰ ਛੱਡ ਕਿ ਦ੍ਰਿਕ ਗਣਿਤ ਸਿਧਾਂਤ ਅਪਨਾਇਆ ਜਾਂ ਸਕਦਾ ਹੈ ਤਾਂ ਦ੍ਰਿਕ ਗਣਿਤ ਸਿਧਾਂਤ ਦੀ ਥਾਂ ਨਾਨਕਸ਼ਾਹੀ ਸਿਧਾਂਤ ਕਿਉ ਨਹੀ? ਕਿੰਨੀ ਹੈਰਾਨੀ ਦੀ ਗੱਲ ਹੈ ਜਿਹੜੀ ਗੱਲ ਰੋਮ ਵਾਸੀਆਂ ਨੂੰ ਸੋਲਵੀਂ ਸਦੀ `ਚ ਸਮਝ ਆ ਗਈ ਸੀ ਕਿ ਸਾਡੇ ਕੈਲੰਡਰੀ ਸਾਲ ਦੀ ਲੰਬਾਈ (365.25 ਦਿਨ) ਮੌਸਮੀ ਸਾਲ ਦੀ ਲੰਬਾਈ (365.242196 ਦਿਨ) ਤੋਂ ਵੱਧ ਹੈ; ਇਹ ਗੱਲ ਸਿੱਖਾਂ ਨੂੰ ਇੱਕੀਵੀਂ ਸਦੀ ਵਿਚ ਵੀ ਸਮਝ ਨਹੀ ਆ ਰਹੀ।