ਪੰਜਾਬੀ ਦਿਵਸ, ਪੰਜਾਬੀ ਬੋਲੀ ਅਤੇ ਇਸ ਨੂੰ ਬੋਲਣ ਵਾਲੇ
ਵੈਨਕੋਵਰ ਦੀ ਗੱਲ ਹੈ ਉਥੇ ਰੇਡੀਓ ਅਪਣਾ ਸੰਗੀਤ ਵਾਲਿਆਂ ਅਪਣਾ ਇੱਕ ਸਲਾਨਾ ਸਮਾਗਮ ਰੱਖਿਆ। ਕੋਈ ਘੰਟਾਂ ਕੁ ਪ੍ਰੋਗਰਾਮ ਕਰਦਾ ਹੋਣ ਕਾਰਨ ਮੈਂ ਵੀ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਸੀ। ਉਥੇ ਆਏ ਬੁਲਾਰਿਆਂ ਵਿਚੋਂ ਕੁਝ ਇੱਕ ਸੋ ਕਾਲ ਖਾਲਿਸਤਾਨੀ ਯਾਣੀ ਗੁਰੂ ਘਰਾਂ ਦੇ ਚੌਧਰੀ ਵੀ ਸ਼ਾਮਲ ਸਨ ਜਿੰਨਾ ਰੇਡੀਓ ਵਾਲਿਆਂ ਦਾ ਪੰਜਾਬੀ ਮਾਂ ਬੋਲੀ ਵਿਚ ਜੋਗਦਾਨ ਹੋਣ ਦਾ ਚੰਗਾ ਗੁੱਡਾ ਬੰਨਿਆ ਪਰ ਸਮਾਪਤੀ ਵੇਲੇ ਰੇਡੀਓ ਦਾ ਡਾਇਕੈਟਰ ਸੁਖਦੇਵ ਢਿੱਲੋਂ ਮੇਰੇ ਕੋਲੇ ਮੁੱਖ ਦਰਵਾਜੇ ਤੇ ਰੱਖਿਆ ਰਜਿਸਟਰ ਲੈ ਕੇ ਆ ਗਿਆ ਅਤੇ ਉਲ੍ਹਾਮੇ ਜਿਹੇ ਨਾਲ ਕਹਿਣ ਲੱਗਾ ਕਿ ਆਹ ਦੇਖ ਤੇਰੇ ਵਾਲੇ ਭਾਈ? ਯਾਣੀ ਉਸ ਰਜਿਸਟਰ ਵਿਚ ਇੱਕ ਨੇ ਵੀ ਨਾ ਅਪਣਾ ਪੰਜਾਬੀ ਵਿਚ ਨਹੀ ਸੀ ਲਿਖਿਆ!
ਕਾਫੀ ਸਾਲਾ ਦੀ ਗੱਲ ਹੈ ਟਰੰਟੋ ਦੇ ਮੀਡੀਏ ਨੇ ਸ਼ਾਇਦ ਸ਼ਿੰਗਾਰ ਬੈਂਕੁਟ ਹਾਲ ਵਿਚ ਕਿਸੇ ਵਿਸ਼ੇ ਤੇ ਕੋਈ ਮੀਟਿੰਗ ਸੱਦੀ ਹੋਈ ਸੀ ਮੈਨੂੰ ਚੇਤਾ ਵਿਸਰ ਗਿਆ ਕਾਹਦੇ ਤੇ ਸੀ। ਅਸੀਂ ਵੀ ਕੁਝ ਜਣੇ ਚਲੇ ਗਏ ਪਰ ਤੁਸੀਂ ਹੈਰਾਨ ਹੋਵੋਂਗੇ ਕਿ ਕਿਸੇ ਉਥੇ ਪੰਜਾਬੀ ਨਹੀ ਬੋਲੀ! ਕਈ ਤਾਂ ਹੱਥ ਤੰਗ ਹੋਣ ਕਾਰਨ ਮੇਰੇ ਵਰਗੇ ਅੱਡੀਆਂ ਚੁੱਕ ਚੁੱਕ ਅੰਗੇਰਜੀ ਦੀ ਜਹੀ ਤਹੀ ਫੇਰ ਰਹੇ ਸਨ!
ਗੁਰਦੁਆਰਿਆਂ ਜਾਂ ਪੰਜਾਬੀ ਸੰਸਥਾਵਾਂ ਵਿਚ ਹੁੰਦੀਆਂ ਮੀਟਿੰਗਾਂ ਵਿਚ ਤੁਸੀਂ ਦੇਖਿਆ ਹੋਣਾ ਕਿ ਉਥੇ ਕੋਈ ਵੀ ਅਪਣਾ ਨਾਂਮ ਪੰਜਾਬੀ ਵਿਚ ਨਹੀ ਲਿਖਦਾ ਜਦ ਕਿ ਉਥੇ ਅੰਗਰੇਜੀ ਵਿਚ ਲਿਖਣ ਦੀ ਕੋਈ ਵੀ ਲੋੜ ਸਮਝ ਨਹੀ ਆਉਂਦੀ।
ਕੋਈ ਹਮਕੋ ਤੁਮਕੋ ਵਾਲਾ ਮਿਲ ਜਾਏ ਤਾਂ ਸਾਡੇ ਬੰਦੇ ਜਾਂ ਬੁੜੀਆਂ ਇਨੀ ਛੇਤੀ ਹੌਸਲਾ ਛੱਡਦੇ ਕਿ ਪੰਜਾਬੀ ਹਿੰਦੀ ਦੀ ਖਿੱਚੜੀ ਜਿਹੀ ਬਣਾ ਧਰਦੇ ਤੇ ਝੱਟ ਦੇਣੀ ਹਮਕੋ ਤੁਮਕੋ ਕਰਨ ਲੱਗ ਜਾਂਦੇ ਹਨ। ਇਸ ਵਿਚ ਪੰਜਾਬ ਵਾਲੇ ਪੇਡੂੰ ਵੀ ਸ਼ਾਮਲ ਹਨ ਜਿਹੜੇ ਭਈਆਂ ਨਾਲ ਰਲਕੇ ਪੰਜਾਬੀ ਹਿੰਦੀ ਨੂੰ ਅਜਿਹਾ ਗੁਥਮ ਗੁਥਾ ਕਰਦੇ ਕਿ ਨਾ ਪੰਜਾਬੀ ਪਛਾਣੀ ਜਾਂਦੀ ਨਾ ਹਿੰਦੀ!
ਹੋਰਾਂ ਦੀ ਸੁਣੋ। ਚਿਰ ਦੀ ਗੱਲ ਹੈ। ਮੈਂ ਵੈਨਕੋਵਰੋਂ ਪੰਜਾਬ ਜਾਣਾ ਸੀ ਵਾਇਆਂ ਮੇਰਾ ਹਾਂਗਕਾਂਗ ਸੀ। ਰਾਤ ਦਾ ਸਮਾ ਸੀ ਹਾਂਗਕਾਂਗ ਮੌਸਮ ਖਰਾਬ ਹੋਣ ਕਾਰਨ ਅਤੇ ਜਪਾਨ ਏਅਰਲਾਈਨ ਹੋਣ ਕਾਰਨ ਫਲਾਈਟ ਉਨੀ ਜਪਾਨ ਦੇ ਕਿਸੇ ਛੋਟੇ ਜਿਹੇ ਸ਼ਹਿਰ ਉਤਾਰ ਲਈ। ਹੋਟਲ ਤਾਈਂ ਪਹੁੰਚਣ ਤੱਕ ਮੈਂ ਇਹ ਨਹੀ ਬੁੱਝ ਸਕਿਆ ਕਿ ਇਹ ਸ਼ਹਿਰ ਜਾਂ ਮੁਲਖ ਕਿਹੜਾ! ਪਤਾ ਕਿਉਂ? ਕਿਉਂਕਿ ਉਥੇ ਇੱਕ ਵੀ ਸਾਇਨ ਬੋਰਡ ਅੰਗਰੇਜੀ ਵਿਚ ਨਹੀ ਸੀ!!
ਮੇਰੀ ਹਿੱਪ ਫੈਕਚਰ ਹੋ ਕੇ ਇੰਨਫੈਕਸ਼ਨ ਕਰ ਗਈ। ਈਟੋ-ਬੀਕੋ ਹਸਪਤਾਲ ਮੈਂ ਦਾਖਲ ਸੀ। ਉਥੇ ਨਾਲ ਵਾਲੇ ਮੰਜੇ ਤੇ ਇੱਕ ਬਜ਼ੁਰਗ ਸਪੇਨ ਤੋਂ ਸੀ। ਉਹ ਰਾਤ ਬਰਾਤੇ ਕਿਤੇ ਮੰਜੇ ਤੋਂ ਡਿੱਗ ਜਾਇਆ ਕਰਦਾ ਸੀ ਮੈਂ ਥੋੜਾ ਹਿੱਲ ਜੁੱਲ ਸਕਦਾ ਸੀ ਮੈਂ ਉਸ ਦੀ ਮਦਦ ਕਰ ਦਿੰਦਾ ਸੀ ਉਹ ਮੇਰੇ ਨਾਲ ਚੰਗੇ ਘੁਲ ਮਿਲ ਗਏ। ਉਸ ਦੀ ਬਜ਼ੁਰਗ ਪਤਨੀ ਦਿਨੇ ਸਾਰਾ ਦਿਨ ਉਸ ਕੋਲੇ ਰਹਿੰਦੀ ਸੀ। ਆਪਸ ਵਿਚ ਗੱਲਾਂ ਕਰਦਿਆਂ ਕਦੇ ਮੈਂ ਉਨਹਾਂ ਨੂੰ ਅੰਗਰੇਜੀ ਬੋਲਦਿਆਂ ਨਹੀ ਸੁਣਿਆ ਜਦ ਕਿ ਉਨ੍ਹਾਂ ਨਾਲ ਗੱਲ ਕਰਨ ਤੇ ਪਤਾ ਲੱਗਾ ਕਿ ਉਹਨਾ ਦੋਨਾ ਨੂੰ ਅਪਣਾ ਮੁਲਖ ਛੱਡਿਆਂ ਸਦੀਆਂ ਬੀਤ ਚੁੱਕੀਆਂ ਸਨ!!
ਪੰਜਾਬ ਬਾਰੇ ਪੰਜਾਬੀ ਦੀ ਗੱਲ ਕਰਨੀ ਪੰਜਾਬ ਵਾਲਿਆਂ ਨੂੰ ਬੁਰੀ ਯਾਣੀ ਫਜੂਲ ਲੱਗਣ ਲੱਗ ਗਈ ਹੈ। ਘਰਾਂ ਵਿਚ ਔਰਤਾਂ ਸਾਰਾ ਦਿਨ ਡਰਾਮਿਆਂ ਦੀ ਹਮਕੋ ਤੁਮਕੋ ਸੁਣ ਸੁਣ ਖੁਦ ਹੀ ਹਮਕੋ ਤੁਮਕੋ ਹੋ ਗਈਆਂ ਹਨ ਰਹਿੰਦੀ ਕਸਰ ਪੰਜਾਬੀ ਦੀ ਭਈਆਂ ਕੱਢ ਦਿੱਤੀ ਹੈ। ਪੰਜਾਬੀ ਮਰ ਰਹੀ ਬੋਲੀ ਹੈ ਕਿਉਂਕਿ ਇਸ ਨੂੰ ਬੋਲਣ ਵਾਲੇ ਇਸ ਦੇ ਬੋਲਣ ਤੇ ਸ਼ਰਮ ਕਰਨ ਲੱਗ ਗਏ ਹਨ।
ਇਧਰ ਬਾਹਰ ਸਟੋਰਾਂ ਵਿਚ ਕਈ ਮਾਈਆਂ ਨਿਆਣਿਆਂ ਅਪਣਿਆਂ ਨੂੰ ਵਰਜਣ ਲੱਗੀਆਂ ਦਬਕਾ ਵੀ ਬੜੀ ਅਜੀਬ ਅੰਗਰੇਜੀ ਵਿਚ ਮਾਰਦੀਆਂ ਹਨ ਕਿਉਂਕਿ ਪੰਜਾਬੀ ਵਿਚ ਦਬਕਦੀਆਂ ਉਹ ਸ਼ਰਮ ਮੰਨਦੀਆਂ ਹਨ ਅੰਗਰੇਜੀ ਸੰਘੋਂ ਹੇਠਾਂ ਨਹੀ ਉਤਰਦੀ।ਅਜਿਹੇ ਘਰਾਂ ਦੇ ਨਿਆਣੇ ਪਹਿਲੀ ਗੱਲ ਤਾਂ ਪੰਜਾਬੀ ਬੋਲਦੇ ਹੀ ਨਹੀ ਤੇ ਜੇ ਬੋਲਦੇ ਹਨ ਤਾਂ ਅਨਪ੍ਹੜ ਮਾਈਆਂ ਦੀ ਅੰਗਰੇਜੀ ਵਰਗੀ ਜਿਹੜੀ ਕਿਸੇ ਦੇ ਕੱਖ ਪੱਲੇ ਨਹੀ ਪੈਂਦੀ।
ਜਿੰਨਾ ਚਿਰ ਤੁਹਾਡੇ ਵਿਚੋਂ ਇਹ ਹੀਣਭਾਵਨਾ ਨਹੀ ਜਾਂਦੀ ਕਿ ਸਾਡੀ ਬੋਲੀ ਮਾੜੀ ਹੈ aਨ੍ਹਾਂ ਚਿਰ ਇਹ ਬੋਲੀ ਅੱਗੇ ਨਹੀ ਤੁਰ ਸਕਦੀ।ਤੁਹਾਨੂੰ ਜਦ ਪਤਾ ਹੁੰਦਾ ਕਿ ਬੈਂਕ ਵਿਚ ਬੈਠੀ ਕੁੜੀ ਜਾਂ ਮੁੰਡਾ ਹੈ ਪੰਜਾਬੀ ਹੈ ਤੇ ਇਹ ਵੀ ਕਿ ਉਹ ਬੈਠਾਏ ਵੀ ਤੁਹਾਡੇ ਕਾਰਨ ਹਨ ਤਾਂ ਤੁਸੀ ਅਸੀਂ ਕਿਉਂ ਉਨ੍ਹਾਂ ਨਾਲ ਕਿੱਲ੍ਹ ਕੇ ਅੰਗਰੇਜੀ ਬੋਲਦੇ ਹਾਂ।
ਘਰਾਂ ਵਿਚ ਜਿਹੜੇ ਅਪਣੇ ਨਿਆਣਿਆਂ ਨਾਲ ਅੰਗਰੇਜੀਓ ਅੰਗਰੇਜੀ ਹੋਣ ਦੀ ਕੋਸ਼ਿਸ਼ ਕਰਦੇ ਹਨ ਉਹ ਅਪਣੇ ਨਾਲ ਵੀ ਧੱਕਾ ਕਰਦੇ ਹਨ ਅਤੇ ਨਿਆਣਿਆਂ ਨਾਲ ਵੀ। ਜੇ ਤੁਸੀਂ ਨਿਆਣਿਆਂ ਤੋਂ ਅੰਗਰੇਜੀ ਸਿੱਖਣੀ ਹੀ ਹੈ ਤਾਂ ਉਸ ਲਈ ਕੋਈ ਵੱਖਰਾ ਸਮਾ ਨਿਯੁਕਤ ਕੀਤਾ ਜਾ ਸਕਦਾ ਪਰ ਹਰ ਵੇਲੇ ਅੰਗਰੇਜੀ ਦੀ ਜਹੀ ਤਹੀ ਫੇਰ ਕੇ ਨਹੀ।
ਕੋਈ ਬੋਲੀ ਉਨ੍ਹਾਂ ਚਿਰ ਬਚੀ ਰਹਿ ਸਕਦੀ ਜਿੰਨਾ ਚਿਰ ਉਸ ਨੂੰ ਬੋਲਣ ਵਾਲੇ ਉਸ ਉਪਰ ਮਾਣ ਨਹੀ ਕਰਨਗੇ। ਮਾਣ ਤੁਸੀਂ ਤਾਂ ਕਰ ਸਕੋਂਗੇ ਜੇ ਤੁਹਾਨੂੰ ਇਸ ਵਿਚੋਂ ਸਵਾਦ ਆਵੇਗਾ ਇਹ ਸਵਾਦ ਤਦ ਆਉਂਣ ਲੱਗੇਗਾ ਜੇ ਤੁਸੀਂ ਪਹਿਲਾਂ ਪੰਜਾਬੀ ਦੇ ਠੇਕੇਦਾਰਾਂ ਯਾਣੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਦੇ ਦਾਅਵੇ ਕਰਨ ਵਾਲੇ ਲੰਡਰ ਗਾਇਕਾਂ ਨੂੰ ਸੁਣਨਾ ਛੱਡੋਂਗੇ ਤੇ ਉਨ੍ਹਾਂ ਲੰਡਰ ਮੀਡੀਏ ਵਾਲਿਆਂ ਨੂੰ ਵੀ ਜਿਹੜੇ ਇਨ੍ਹਾਂ ਲੰਡਰਾਂ ਨੂੰ ਤੁਹਾਡੇ ਸਾਡੇ ਅੱਗੇ ਪਰੋਸਦੇ ਹਨ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਪੰਜਾਬੀ ਦਿਵਸ, ਪੰਜਾਬੀ ਬੋਲੀ ਅਤੇ ਇਸ ਨੂੰ ਬੋਲਣ ਵਾਲੇ
Page Visitors: 2727