ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ (ਭਾਗ ੧)
ਕਿਰਪਾਲ ਸਿੰਘ ਬਠਿੰਡਾ
ਮੋਬ: 9855480797
ਸੰਨ 2003 ਤੋਂ ਪਹਿਲਾਂ ਸਿੱਖ ਗੁਰੂ ਸਾਹਿਬਾਨ ਦੇ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜੇ ਬਿਕ੍ਰਮੀ ਕੈਲੰਡਰ ਅਨੁਸਾਰ ਮਨਾਏ ਜਾਂਦੇ ਸਨ ਪਰ ਇਸ ਵਿੱਚ ਵੱਡਾ ਨੁਕਸ ਇਹ ਹੈ ਕਿ ਗੁਰਪੁਰਬ ਕਦੀ ਵੀ ਸਥਿਰ ਤਰੀਖਾਂ ਨੂੰ ਨਹੀਂ ਆਉਂਦੇ ਤੇ ਹਰ ਸਾਲ 10/11 ਤੋਂ ਲੈ ਕੇ 18/19 ਦਿਨ ਤੱਕ ਅੱਗੇ ਪਿੱਛੇ ਆਉਂਦੇ ਰਹਿੰਦੇ ਹਨ। ਦੂਸਰਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਸੂਰਜੀ ਅਤੇ ਚੰਦ੍ਰਮਾਂ ਦੋ ਪ੍ਰਣਾਲੀਆਂ ’ਤੇ ਅਧਾਰਤ ਹੈ। ਆਮ ਚੰਦ੍ਰ ਸਾਲ 354/355 ਦਿਨਾਂ ਦਾ ਅਤੇ ਹਰ ਦੂਜਾ ਜਾਂ ਤੀਜਾ ਸਾਲ 384/385 ਦਿਨਾਂ ਦਾ ਹੋ ਜਾਂਦਾ ਹੈ ਜਦੋਂ ਕਿ ਸੂਰਜੀ ਸਾਲ 365/366 ਦਿਨਾਂ ਦਾ ਹੁੰਦਾ ਹੈ। ਇਸੇ ਕਾਰਣ ਚੰਦਰ ਸਾਲ ਅਨੁਸਾਰ ਮਨਾਏ ਜਾਂਦੇ ਗੁਰਪੁਰਬ ਇਸ ਸਾਲ ਨਾਲੋਂ ਅਗਲੇ ਸਾਲ 10/11 ਦਿਨ ਪਹਿਲਾਂ ਆਉਣਗੇ ਅਤੇ ਉਸ ਤੋਂ ਅਗਲੇ ਸਾਲ 22 ਦਿਨ ਪਹਿਲਾਂ। ਤੀਜੇ ਸਾਲ 33 ਦਿਨ ਪਹਿਲਾਂ ਆਉਣੇ ਚਾਹੀਦੇ ਸਨ ਪਰ ਇਸ ਵਾਰ ਇੱਕ ਵਾਧੂ ਮਹੀਨਾ ਜੋੜਨ ਨਾਲ ਸਾਲ ਦੇ 12 ਦੀ ਬਜਾਏ 13 ਚੰਦਰ ਮਹੀਨੇ ਬਣ ਜਾਂਦੇ ਹਨ। 19 ਸਾਲਾਂ ਵਿੱਚ 7 ਸਾਲ ਐਸੇ ਹੁੰਦੇ ਹਨ ਜਦੋਂ ਸਾਲ ਦੇ 13 ਮਹੀਨੇ ਹੁੰਦੇ ਹਨ। ਇਸ ਵਾਧੂ ਮਹੀਨੇ ਪਿੱਛੋਂ ਆੳਣ ਵਾਲੇ ਸਾਰੇ ਗੁਰਪੁਰਬ 29/30 ਦਿਨ ਪਛੜ ਕੇ ਆਉਣ ਕਾਰਨ ਉਸ ਸਾਲ ਉਹੀ ਗੁਰਪੁਰਬ 11 ਦਿਨ ਪਹਿਲਾਂ ਆਉਣ ਦੀ ਵਜਾਏ 18/19 ਦਿਨ ਪਛੜ ਕੇ ਆਵੇਗਾ। ਇਸ ਹਿਸਾਬ ਕੋਈ ਵੀ ਗੁਰਪੁਰਬ ਕਦੀ ਵੀ ਨਿਸਚਿਤ ਤਰੀਖਾਂ ਨੂੰ ਨਹੀਂ ਆ ਸਕਦਾ।
ਇਹ ਵੇਖਣ ਲਈ ਕਿ ਬਿਕ੍ਰਮੀ ਕੈਲੰਡਰ ਅਤੇ ਮੂਲ ਨਾਨਕਸ਼ਾਹੀ ਕੈਲੰਡਰ ਵਿੱਚੋਂ ਸਿੱਖਾਂ ਲਈ ਕਿਹੜਾ ਕੈਲੰਡਰ ਵੱਧ ਢੁੱਕਵਾਂ ਹੈ ਆਓ ਸ਼੍ਰੋਮਣੀ ਕਮੇਟੀ ਵੱਲੋਂ ਅਪਣਾਏ ਗਏ ਬਿਕ੍ਰਮੀ ਕੈਲੰਡਰ ਅਨੁਸਾਰ ਜਾਰੀ ਕੀਤੇ ਪਿਛਲੇ ਚਾਰ ਕੁ ਸਾਲਾਂ ਦੇ ਕੈਲੰਡਰਾਂ ’ਤੇ ਪੰਛੀ ਝਾਤ ਮਾਰੀਏ। ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਪੋਹ ਸੁਦੀ 7 ਨੂੰ ਮਨਾਏ ਜਾਣ ਕਰਕੇ 2014 ’ਚ 7 ਜਨਵਰੀ/24 ਪੋਹ ਨੂੰ ਆਇਆ ਸੀ ਅਤੇ ਦੁਬਾਰਾ 28 ਦਸੰਬਰ/13 ਪੋਹ ਨੂੰ ਫਿਰ ਆ ਗਿਆ ਸੀ, 2015 ਵਿੱਚ ਆਇਆ ਹੀ ਨਹੀਂ, 2016 ਵਿੱਚ 16 ਜਨਵਰੀ/3 ਮਾਘ, 2017 ਵਿੱਚ 5 ਜਨਵਰੀ/22 ਪੋਹ ਨੂੰ ਆਇਆ ਸੀ ਅਤੇ ਦੁਬਾਰਾ ਫਿਰ 25 ਦਸੰਬਰ/11 ਪੋਹ ਨੂੰ ਆ ਜਾਵੇਗਾ। ਇਸ ਵੇਰਵੇ ਤੋਂ ਪਤਾ ਲਗਦਾ ਹੈ ਕਿ ਕਿਤਨੀ ਅਜੀਬ ਸਥਿਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਅੰਗਰੇਜੀ ਮਹੀਨੇ ਦਸੰਬਰ ਅਤੇ ਕਦੀ ਜਨਵਰੀ ਵਿੱਚ/ ਦੇਸੀ ਮਹੀਨਿਆਂ ਮੁਤਾਬਿਕ ਕਦੀ ਪੋਹ ਵਿੱਚ ਅਤੇ ਕਦੀ ਮਾਘ ਵਿੱਚ ਆ ਜਾਂਦਾ ਹੈ। 2014 ਤੋਂ 2017 ਤੱਕ ਭਾਵ ਚਾਰ ਸਾਲਾਂ ਵਿੱਚੋਂ ਦੋ ਸਾਲਾਂ ਵਿੱਚ ਦੋ-ਦੋ ਵਾਰ, ਇੱਕ ਸਾਲ ਵਿੱਚ ਇੱਕ ਵਾਰ ਅਤੇ ਇੱਕ ਸਾਲ ਵਿੱਚ ਆਇਆ ਹੀ ਨਹੀਂ। ਗੁਰੂ ਗੋਬਿੰਦ ਸਿੰਘ ਜੇ ਦੇ ਗੁਰਪੁਰਬ ਦੀ ਕੇਵਲ ਉਦਾਹਰਣ ਦਿੱਤੀ ਹੈ ਬਾਕੀ ਦੇ ਸਾਰੇ ਗੁਰਪੁਰਬਾਂ ਦਾ ਵੀ ਇਹੀ ਹਾਲ ਹੈ; ਜਿਵੇਂ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਕਦੀ ਕੱਤਕ ਵਿੱਚ ਆਉਂਦਾ ਹੈ ਤੇ ਕਦੀ ਮੱਘਰ ਵਿੱਚ। ਬੰਦੀ ਛੋੜ ਦਿਵਸ ਕਦੀ ਅਕਤੂਬਰ ਵਿੱਚ ਅਤੇ ਕਦੀ ਨਵੰਬਰ ਮਹੀਨੇ ਵਿੱਚ ਆਉਂਦਾ ਹੈ। ਇਹੋ ਕਾਰਣ ਹੈ ਕਿ ਗਾਂਧੀ ਦਾ ਜਨਮ ਦਿਨ 2 ਅਕਤੂਬਰ, ਨਹਿਰੂ ਦਾ ਜਨਮ ਦਿਨ 14 ਨਵੰਬਰ ਤਾਂ ਸਾਡੇ ਬੱਚੇ ਬੱਚੇ ਨੂੰ ਯਾਦ ਹੈ ਪਰ ਆਪਣੇ ਗੁਰੂ ਸਾਹਿਬਾਨਾਂ ਦੇ ਦਿਨ ਬੱਚਿਆਂ ਨੂੰ ਤਾਂ ਕੀ; ਕਿਸੇ ਵਿਦਵਾਨ ਇੱਥੋਂ ਤੱਕ ਕਿ ਬਿਕ੍ਰਮੀ ਕੈਲੰਡਰ ਦੇ ਸਮਰਥਕਾਂ ਨੂੰ ਵੀ ਯਾਦ ਨਹੀਂ ਰਹਿ ਸਕਦੇ। ਇਹ ਵੀ ਸਵਾਲ ਪੈਦਾ ਹੁੰਦਾ ਹੈ ਕਿ ਜੇ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨ ਹਰ ਸਾਲ ਵਿੱਚ ਕੇਵਲ ਇੱਕ ਵਾਰ ਮਨਾਉਂਦੇ ਹਾਂ ਤਾਂ ਗੁਰੂ ਸਾਹਿਬ ਦਾ ਪ੍ਰਕਾਸ਼ ਦਿਹਾੜਾ ਮਨਾਉਣ ਸਮੇਂ ਕਿਉਂ ਕਦੀ ਸਾਲ ਵਿੱਚ ਦੋ ਵਾਰ ਅਤੇ ਕਦੀ ਮਨਾਇਆ ਹੀ ਨਹੀਂ ਜਾਂਦਾ?
ਦੂਸਰਾ ਨੁਕਸ ਇਹ ਹੈ ਕਿ ਬਿਕ੍ਰਮੀ ਕੈਲੰਡਰ ਵਿੱਚ ਧਾਰਿਮਕ ਅਤੇ ਸ਼ੁਭ ਦਿਹਾੜੇ ਚੰਦ੍ਰਮਾਂ ਸਾਲ ਅਤੇ ਇਤਿਹਾਸਕ ਦਿਹਾੜੇ ਸੂਰਜੀ ਸਾਲ ਮੁਤਾਬਿਕ ਨਿਸਚਿਤ ਕੀਤੇ ਜਾਂਦੇ ਹਨ; ਭਾਵ ਦੋ ਬੇੜੀਆਂ ਵਿੱਚ ਪੈਰ ਰੱਖੇ ਹਨ। ਮਿਸਾਲ ਦੇ ਤੌਰ ’ਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਚੰਦ੍ਰਮਾ ਦੀਆਂ ਤਿੱਥਾਂ ਅਨੁਸਾਰ ਪੋਹ ਸੁਦੀ 7; ਵੱਡੇ ਸਾਹਬਿਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਸੂਰਜੀ ਤਰੀਖਾਂ ਅਨੁਸਾਰ 8 ਪੋਹ ਅਤੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ ਨੂੰ ਮਨਾਇਆ ਜਾਂਦਾ ਹੈ। ਇਸੇ ਕਾਰਣ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਕਦੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜਿਆਂ ਤੋਂ ਪਹਿਲਾਂ ਅਤੇ ਕਦੀ ਬਾਅਦ ਵਿੱਚ ਆਉਂਦਾ ਹੈ ਪਰ ਸੰਨ 1995 ਅਤੇ 2014 ’ਚ ਪੋਹ ਸੁਦੀ 7 ਅਤੇ 13 ਪੋਹ ਦੋਵੇਂ ਹੀ ਇਕੱਠੇ 28 ਦਸੰਬਰ ਨੂੰ ਆਉਣ ਕਰਕੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪੁਰਬ ਇਕੱਠੇ ਆਏ ਸਨ। 1982 ’ਚ ਪੋਹ ਸੁਦੀ 7 ਅਤੇ 8 ਪੋਹ ਦੋਵੇਂ ਹੀ ਇਕੱਠੇ 22 ਦਸੰਬਰ ਨੂੰ ਆਉਣ ਕਰਕੇ ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਇੱਕੋ ਦਿਨ ਆਏ ਸੀ।
ਗੁਰੂ ਦਾ ਪ੍ਰਕਾਸ਼ ਦਿਹਾੜਾ ਭਾਵ ਜਨਮ ਦਿਨ ਅਤੇ ਉਨ੍ਹਾਂ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੇ ਦਿਹਾੜੇ ਮਨਾਉਣ ਵੇਲੇ ਕੁਦਰਤੀ ਤੌਰ ’ਤੇ ਹਰ ਸਿੱਖ ਦੇ ਮਨਾਂ ਵਿੱਚ ਭਾਵਨਾ ਅਤੇ ਸਮਾਗਮ ਦਾ ਮਹੌਲ ਵੱਖ ਵੱਖ ਤਰ੍ਹਾਂ ਦਾ ਬਣਿਆ ਹੋਣ ਕਰਕੇ ਸਿੱਖ ਦੁਬਿਧਾ ਵਿੱਚ ਫਸ ਜਾਂਦੇ ਹਨ ਕਿ ਇਹ ਦੋਵੇਂ ਦਿਹਾੜੇ ਇੱਕੋ ਦਿਨ ਕਿਸ ਮਹੌਲ ਵਿੱਚ ਮਨਾਏ ਜਾਣ? ਇਸ ਗਲਤੀ ਦਾ ਅਹਿਸਾਸ ਕਰਾਉਣ ਲਈ ਹੀ 27 ਦਸੰਬਰ 2014 ਨੂੰ ਜਿਸ ਸਮੇਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਤਖ਼ਤ ਦਮਦਮਾ ਸਹਿਬ ਵਿਖੇ ਨਗਰ ਕੀਰਤਨ ਕੱਢਿਆ ਗਿਆ ਸੀ ਤਾਂ ਉਥੋਂ ਦੇ ਮੁਕਾਮੀ ਜਥੇਦਾਰ ਗਿਆਨੀ ਨੰਦਗੜ੍ਹ ਸ਼ਾਮਲ ਨਹੀਂ ਹੋਏ ਸਨ ਤਾਂ ਵਜਾਏ ਉਨ੍ਹਾਂ ਦੇ ਸਹੀ ਇਤਰਾਜ਼ ’ਤੇ ਗੰਭੀਰਤਾ ਨਾਲ ਸੋਚ ਵੀਚਾਰ ਕਰਕੇ ਮੂਲ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਨ ਦੇ ਉਨ੍ਹਾਂ ਨੂੰ ਜਥੇਦਾਰੀ ਤੋਂ ਅਹੁੱਦੇ ਤੋਂ ਹਟਾ ਦਿੱਤਾ। ਇਸ ਘਟੀਆ ਕਾਰਵਾਈ ਸਿਆਸੀ ਨੇਤਾਵਾਂ ਨੇ ਕੌਮ ਨੂੰ ਇਹ ਸੁਨੇਹਾ ਦੇ ਦਿੱਤਾ ਕਿ ਜ਼ਮੀਰ ਦੀ ਅਵਾਜ਼ ਉਠਾਉਣ ਵਾਲੇ ਆਮ ਸਿੱਖ ਤਾਂ ਕੀ; ਸਤਾ ਦੇ ਨਸ਼ੇ ਵਿੱਚ ਮੱਤੇ ਸਿਆਸੀ ਆਗੂ ਆਪਣੇ ਹੀ ਵੱਲੋਂ ਸਰਬਉਚ ਕਹੇ ਜਾਂਦੇ ਜਥੇਦਾਰਾਂ ਨੂੰ ਕਿਸ ਤਰ੍ਹਾਂ ਬੇਇਜ਼ਤ ਕਰ ਸਕਦੇ ਹਨ। ਬਿਕ੍ਰਮੀ ਕੈਲੰਡਰ ਵਿੱਚ ਗੁਰਪੁਰਬ ਅਤੇ ਸ਼ਹੀਦੀ ਦਿਹਾੜੇ ਇਕੱਠ ਆਉਣ ਦੀ ਪਹਿਲਾਂ ਵੀ ਐਸੀ ਸਮੱਸਿਆ ਕਈ ਵਾਰ ਆ ਚੁੱਕੀ ਹੈ ਅਤੇ ਅੱਗੋਂ ਵੀ ਆਉਂਦੀ ਰਹੇਗੀ ਜਿਹੜੀ ਕਿ ਕੇਵਲ ਨਾਨਕਸ਼ਾਹੀ ਕੈਲੰਡਰ ਵਿੱਚ ਹੀ ਹੱਲ ਹੋ ਸਕਦੀ ਹੈ।
ਇਸੇ ਤਰ੍ਹਾਂ 1984 ਈ: ਵਿੱਚ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜੇਠ ਸੁਦੀ 4 ਮੁਤਾਬਿਕ 3 ਜੂਨ ਨੂੰ ਸੀ। 3 ਜੂਨ ਨੂੰ ਹੀ ਭਾਰਤ ਸਰਕਾਰ ਦੀਆਂ ਫੌਜਾਂ ਨੇ ਦਰਬਾਰ ਸਾਹਿਬ ਕੰਪਲੈਕਸ ਦੀ ਘੇਰਾਬੰਦੀ ਕਰਕੇ 4 ਜੂਨ ਨੂੰ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਤੇ 6 ਜੂਨ ਦੀ ਸਵੇਰ ਤੱਕ ਅਕਾਲ ਤਖ਼ਤ ਸਾਹਿਬ ਢਹਿ ਢੇਰੀ ਕਰ ਦਿੱਤਾ ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਸਮੇਤ ਹਜਾਰਾਂ ਸਿੰਘ ਸ਼ਹੀਦ ਕਰ ਦਿੱਤੇ ਜਿਨ੍ਹਾਂ ਵਿੱਚ ਵੱਡੀ ਗਿਣਤੀ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਸੰਗਤਾਂ ਵਿੱਚੋਂ ਬਜੁਰਗਾਂ, ਬੀਬੀਆਂ ਤੇ ਬੱਚਿਆਂ ਦੀ ਸੀ।
ਪਰ 1984 ਤੋਂ ਬਾਅਦ ਅੱਜ ਤੱਕ ਕਦੀ ਵੀ ਇਹ ਤਰੀਖਾਂ ਇਕੱਠੀਆਂ ਨਹੀਂ ਆਈਆਂ ਜਿਸ ਕਾਰਨ ਸਾਡੇ ਲਈ ਆਪਣੇ ਬੱਚਿਆਂ ਨੂੰ ਇਹ ਸਮਝਾਉਣਾ ਔਖਾ ਹੋ ਜਾਂਦਾ ਹੈ ਕਿ ਸਿੱਖਾਂ ਦਾ ਵੱਧ ਨੁਕਸਾਨ ਕਰਨ ਲਈ ਹੀ ਭਾਰਤ ਸਰਕਾਰ ਨੇ ਹਮਲੇ ਲਈ ਗੁਰੂ ਅਰਜੁਨ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਚੁਣਿਆਂ ਜਦੋਂ ਸ਼ਰਧਾਵਾਨ ਸੰਗਤਾਂ ਆਪਣੇ ਗੁਰੂ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸਨ। ਕਿਉਂਕਿ ਸਾਡੇ ਬੱਚੇ ਪੁੱਛਦੇ ਹਨ ਕਿ 1984 ਵਿੱਚ ਇਹ ਦਿਹਾੜੇ ਇੱਕਠੇ ਕਿਵੇਂ ਆ ਗਏ; ਜਦੋਂ ਕਿ ਹੁਣ ਤਾਂ ਕਦੀ ਵੀ ਨਹੀਂ ਆਏ! ਇਸੇ ਮੁਸ਼ਕਲ ਨੂੰ ਹੱਲ ਕਰਨ ਹਿੱਤ ਸਿੱਖ ਜਗਤ ਵਿੱਚ ਇਹ ਲੋੜ ਮਹਿਸੂਸ ਹੋਣ ਲੱਗੀ ਕਿ ਸਿੱਖਾਂ ਦਾ ਕੋਈ ਐਸਾ ਵੱਖਰਾ ਕੈਲੰਡਰ ਹੋਣਾ ਚਾਹੀਦਾ ਹੈ ਜਿਸ ਨਾਲ ਸਾਰੇ ਗੁਰਪੁਰਬ ਅਤੇ ਇਤਿਹਾਸਕ ਦਿਹਾੜੇ ਹਮੇਸ਼ਾਂ ਲਈ ਨਿਸਚਤ ਤਰੀਖਾਂ ਨੂੰ ਹੀ ਆਉਣ ਜਿਨ੍ਹਾਂ ਨੂੰ ਯਾਦ ਰੱਖਣ ਵਿੱਚ ਅਸਾਨੀ ਰਹੇ। ਇਹ ਜਿੰਮੇਵਾਰੀ ਕੈਨੇਡਾ ਨਿਵਾਸੀ ਸ: ਪਾਲ ਸਿੰਘ ਪੁਰੇਵਾਲ ਨੇ ਲਈ ਅਤੇ ਸ਼੍ਰੋਮਣੀ ਕਮੇਟੀ ਨੇ ਹੋਰ ਵਿਦਵਾਨਾਂ ਦੀ ਕਮੇਟੀ ਸ: ਪੁਰੇਵਾਲ ਦੀ ਸਹਾਇਤਾ ਅਤੇ ਸਜਿਯੋਗ ਕਰਨ ਲਈ ਬਣਾਈ।
ਸ: ਪੁਰੇਵਾਲ ਨੇ ਆਪਣੀਆਂ ਖੋਜਾਂ ਰਾਹੀਂ ਦੱਸਿਆ ਕਿ ਭਾਰਤ ਵਿੱਚ ਪ੍ਰਚਲਤ ਬਿਕ੍ਰਮੀ ਕੈਲੰਡਰ ਦਾ ਸਾਲ ਮੌਸਮੀ ਸਾਲ ਨਹੀਂ ਹੈ। ਰੁਤੀ ਸਾਲ ਨਾਲੋਂ ਤਕਰੀਬਨ 20 ਮਿੰਟ ਵੱਡਾ ਹੋਣ ਕਰਕੇ ਸਮੇਂ ਦੇ ਬੀਤਣ ਨਾਲ ਇਸ ਦੇ ਮਹੀਨੇ ਗੁਰਬਾਣੀ ਵਿੱਚ ਵਰਨਣ ਕੀਤੇ ਮੌਸਮਾਂ ਤੋਂ ਅਲਾਹਿਦਾ ਹੋ ਜਾਣਗੇ। ਉਪ੍ਰੋਕਤ ਕਾਰਣਾਂ ਕਰਕੇ ਬਿਕ੍ਰਮੀ ਕੈਲੰਡਰ ਅਨੁਸਾਰ ਆਈਆਂ ਜਾਂ ਆਉਣ ਵਾਲੀਆਂ ਵੈਸਾਖੀ ਦੀਆਂ ਤਰੀਖਾਂ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ:
ਈਸਵੀ 1699 ਦੀ ਵੈਸਾਖੀ 29 ਮਾਰਚ (ਯੂਲੀਅਨ) ਨੂੰ ਸੀ।
325ਏਡੀ ਵਿੱਚ (ਨੀਸੀਆ) ਸ਼ਹਿਰ ਵਿੱਚ ਈਸਾਈ ਪਾਦਰੀਆਂ, ਪਾਸਟਰਾਂ ਅਤੇ ਵਿਦਵਾਨਾਂ ਨੇ ਮੀਟਿੰਗ ਕਰਕੇ ਇਸ ਨਤੀਜੇ ’ਤੇ ਪੁੱਜੇ ਕਿ 21 ਮਾਰਚ ਨੂੰ ਦਿਨ ਰਾਤ ਬਰਾਬਰ ਹੁੰਦੇ ਹਨ। ਇਸ ਪਿੱਛੋਂ ਈਸਾਈ ਜਗਤ 21 ਮਾਰਚ ਨੂੰ ਦਿਨ ਰਾਤ ਬਰਾਬਰ ਮੰਨ ਕੇ ਆਪਣੇ ਧਾਰਮਿਕ ਦਿਹਾੜੇ ਗੁੱਡ ਫਰਾਈਡੇ ਅਤੇ ਈਸਟਰ ਸੰਡੇ ਨਿਸਚਤ ਕਰਦਾ ਹੈ। ਯੂਲੀਅਨ ਸਾਲ (365.25 ਦਿਨ) ਰੁੱਤੀ ਸਾਲ (365.2422 ਦਿਨ) ਤੋਂ ਥੋਹੜਾ ਵੱਧ ਹੋਣ ਕਰਕੇ 16ਵੀਂ ਸਦੀ ਤੱਕ ਓਤੁਨਿੋਣ (ਦਿਨ ਰਾਤ ਬਰਾਬਰ ਹੋਣ ਦਾ ਦਿਨ) 21 ਮਾਰਚ ਤੋਂ ਖਿਸਕ ਕੇ 11 ਮਾਰਚ ਹੋ ਗਿਆ। ਆਪਣੇ ਧਾਰਮਿਕ ਦਿਹਾੜੇ ਰੁੱਤਾਂ ਨਾਲ ਜੋੜੀ ਰੱਖਣ ਲਈ ਪੋਪ ਗ੍ਰੈਗੋਰੀਅਨ ਨੇ 1582 ਵਿੱਚ ਸੋਧ ਕੀਤੀ ਜਿਸ ਕਾਰਣ ਵਧੇ ਹੋਏ 10 ਦਿਨ, ਖਤਮ ਕਰਕੇ 4 ਅਕਤੂਬਰ ਦਿਨ ਵੀਰਵਾਰ ਤੋਂ ਪਿਛੋਂ ਅਗਲੇ ਦਿਨ ਸ਼ੁੱਕਰਵਾਰ ਨੂੰ ਸਿੱਧਾ ਹੀ 15 ਅਕਤੂਬਰ ਕਰ ਦਿੱਤਾ ਗਿਆ ਸੀ।
ਕਿਰਪਾਲ ਸਿੰਘ ਬਠਿੰਡਾ
ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ (ਭਾਗ ੧)
Page Visitors: 2663