ਕੈਟੇਗਰੀ

ਤੁਹਾਡੀ ਰਾਇ

New Directory Entries


ਕਿਰਪਾਲ ਸਿੰਘ ਬਠਿੰਡਾ
ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ (ਭਾਗ 2)
ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ (ਭਾਗ 2)
Page Visitors: 2656

ਮੂਲ ਨਾਨਕਸ਼ਾਹੀ ਕੈਲੰਡਰ ਹੀ ਸਿੱਖਾਂ ਲਈ ਵੱਧ ਢੁੱਕਵਾਂ ਹੈ (ਭਾਗ 2)
   ਪਹਿਲਾਂ ਤਾਂ ਪ੍ਰੋਟੈਸਟੈਂਟ ਈਸਾਈ ਜਗਤ ਨੇ ਇਸ ਸੋਧ ਨੂੰ ਨਹੀਂ ਮੰਨਿਆ ਪਰ ਆਖਰ ਅਸਲੀਅਤ ਨੂੰ ਵੇਖਦੇ ਹੋਏ 170 ਸਾਲ ਬਾਅਦ ਉਨ੍ਹਾਂ ਨੂੰ ਵੀ ਇਸ ਸੋਧ ਨੂੰ ਸਵੀਕਾਰਨਾ ਪਿਆ। ਬ੍ਰਿਟਿਸ਼ ਕੈਲੰਡਰ ਐਕਟ 1751 ਅਨੁਸਾਰ ਇੰਗਲੈਂਡ ਨੇ 2 ਸਤੰਬਰ 1752 ਵਿੱਚ ਕੁਲ 11 ਦਿਨਾਂ ਦਾ ਫਰਕ ਕੱਢ ਕੇ ਇਸਨੂੰ ਅਪਣਾ ਲਿਆ ਭਾਵ 3 ਸਤੰਬਰ ਨੂੰ ਸਿੱਧਾ ਹੀ 14 ਸਤੰਬਰ 1752 ਐਲਾਨ ਦਿੱਤਾ। ਭਾਰਤ ਅੰਗਰੇਜਾਂ ਦੇ ਅਧੀਨ ਆਉਣ ਕਰਕੇ ਭਾਰਤ ਵਿੱਚ ਵੀ ਇਹ ਸੋਧ 1752 ਤੋਂ ਲਾਗੂ ਹੋਈ। ਇਹ ਸੋਧ ਲਾਗੂ ਹੋਣ ਪਿੱਛੋਂ 11 ਦਿਨਾਂ ਦੀ ਸੋਧ ਹੋਣ ਕਾਰਨ ਅਗਲੀਆਂ ਵੈਸਾਖੀਆਂ ਹੇਠ ਲਿਖੀਆਂ ਤਰੀਖਾਂ ਨੂੰ ਆਈਆਂ।
1753     9 ਅਪ੍ਰੈਲ (ਗ੍ਰੈਗੋਰੀਅਨ)
1799    10 ਅਪ੍ਰੈਲ (ਗ੍ਰੈਗੋਰੀਅਨ)
1899    12 ਅਪ੍ਰੈਲ (ਗ੍ਰੈਗੋਰੀਅਨ)
1999    14 ਅਪ੍ਰੈਲ (ਗ੍ਰੈਗੋਰੀਅਨ)
2100    15 ਅਪ੍ਰੈਲ (ਗ੍ਰੈਗੋਰੀਅਨ)
2199    16 ਅਪ੍ਰੈਲ (ਗ੍ਰੈਗੋਰੀਅਨ)
ਉਪਰੋਕਤ ਦ੍ਰਿਸ਼ਟੀ ਤੋਂ ਤਕਰੀਬਨ 1100 ਸਾਲ ਬਾਅਦ ਬਿਕ੍ਰਮੀ ਸਾਲ ਦੇ ਵੈਸਾਖ ਮਹੀਨੇ ਦੀ ਪਹਿਲੀ ਤਰੀਖ ਭਾਵ ਵੈਸਾਖੀ ਅਪ੍ਰੈਲ ਦੀ ਬਜਾਇ ਮਈ ਮਹੀਨੇ ਵਿੱਚ ਚਲੀ ਜਾਵੇਗੀ। ਜੇ ਕਰ ਇਸੇ ਤਰ੍ਹਾਂ ਚਲਦਾ ਰਿਹਾ ਤਾਂ 13000 ਸਾਲ ਬਾਅਦ ਇਹ ਵੈਸਾਖੀ ਅਕਤੂਬਰ ਦੇ ਅੱਧ ਵਿੱਚ ਆਵੇਗੀ। ਜਿਸ ਸਦਕਾ ਗੁਰਬਾਣੀ ਵਿੱਚ ਦਰਜ ਬਾਰਹ ਮਾਹਾ ਦੇ ਮਹੀਨਿਆਂ ਦੇ ਮੌਸਮਾਂ ਦਾ ਸਬੰਧ ਬਿਲਕੁਲ ਹੀ ਟੁੱਟ ਜਾਵੇਗਾ। ਇਤਿਹਾਸਕ ਤੌਰ ’ਤੇ ਅਸੀਂ ਪੜ੍ਹਾਂਗੇ ਕਿ ਪੋਹ ਦੀ ਕੜਾਕੇ ਦੀ ਠੰਡ ਵਿੱਚ ਮਾਤਾ ਗੁੱਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਰੱਖਿਆ ਗਿਆ ਪਰ 13000 ਸਾਲ ਬਾਅਦ ਤਾਂ ਪੋਹ ਦੇ ਮਹੀਨੇ ਠੰਡ ਪੈਣ ਦੀ ਬਜਾਏ ਹਾੜ ਦੇ ਮਹੀਨੇ ਵਰਗੀ ਗਰਮੀ ਪੈਂਦੀ ਹੋਵੇਗੀ।
   ਇਸ ਸਮੱਸਿਆ ਤੋਂ ਬਚਣ ਲਈ ਨਾਨਕਸ਼ਾਹੀ ਕੈਲੰਡਰ ਦਾ ਖਾਕਾ ਤਿਆਰ ਕੀਤਾ ਗਿਆ ਜਿਸ ਵਿੱਚ ਸਿਰਫ ਸੂਰਜੀ ਕੈਲੰਡਰ ਨੂੰ ਅਪਣਾਇਆ ਗਿਆ ਹੈ। ਸਾਲ ਦੀ ਲੰਬਾਈ ਰੁੱਤੀ ਸਾਲ ਦੇ ਬਹੁਤ ਹੀ ਨਜ਼ਦੀਕ (ਭਾਵ ਸਿਰਫ 26-27 ਕੁ ਸੈਕੰਡ ਦਾ ਫਰਕ) ਅਤੇ ਦੁਨੀਆਂ ਭਰ ਵਿੱਚ ਪ੍ਰਚਲਤ ਸਾਂਝੇ ਸਾਲ ਦੇ ਬਿਲਕੁਲ ਬਰਾਬਰ ਰੱਖੀ ਗਈ ਹੈ। ਇਸ ਕਰਕੇ ਮੌਸਮਾਂ ਦੇ ਇੰਨਾ ਨੇੜੇ ਜੁੜਿਆ ਰਹੇਗਾ ਕਿ 3300 ਸਾਲ ਵਿੱਚ ਕੇਵਲ ਇੱਕ ਦਿਨ ਦਾ ਹੀ ਫਰਕ ਪਏਗਾ। ਮਹੀਨਿਆਂ ਦੇ ਦਿਨਾਂ ਦੀ ਗਿਣਤੀ ਪੱਕੇ ਤੌਰ ’ਤੇ ਨਿਸਚਿਤ ਕਰ ਦਿੱਤੀ ਗਈ ਹੈ ਜਿਸ ਅਨੁਸਾਰ ਸਾਲ ਦੇ ਪਹਿਲੇ 5 ਮਹੀਨੇ ਭਾਵ ਚੇਤ, ਵੈਸਾਖ, ਜੇਠ, ਹਾੜ, ਸਾਵਣ 31-31 ਦਿਨਾਂ ਦੇ। ਉਸ ਤੋਂ ਪਿਛਲੇ 6 ਮਹੀਨੇ ਭਾਵ ਭਾਦੋਂ, ਅੱਸੂ, ਕਤਕ, ਮੱਘਰ, ਪੋਹ, ਮਾਘ 30-30 ਦਿਨਾਂ ਦੇ ਅਤੇ ਅਖੀਰਲਾ ਮਹੀਨਾ ਫੱਗਣ ਆਮ ਸਾਲਾਂ ਵਿੱਚ 30 ਦਿਨਾਂ ਦਾ ਪਰ ਲੀਪ ਦੇ ਸਾਲ (ਜਿਸ ਵਿੱਚ ਫਰਵਰੀ ਮਹੀਨਾ 29 ਦਾ ਹੋਵੇਗਾ) ਫੱਗਣ ਮਹੀਨਾ 31 ਦਿਨਾਂ ਦਾ ਹੋ ਜਾਵੇਗਾ। ਇਸ ਤਰ੍ਹਾਂ ਹਰ ਮਹੀਨੇ ਦਾ ਅਰੰਭ ਨਿਸਚਿਤ ਤਰੀਖਾਂ ਨੂੰ ਹੀ ਹੋਵੇਗਾ ਜਿਵੇਂ ਕਿ 1 ਚੇਤ, 1 ਵੈਸਾਖ ਕ੍ਰਮਵਾਰ 14 ਮਾਰਚ, 14 ਅਪ੍ਰੈਲ; ਜੇਠ, ਹਾੜ = 15 ਮਈ, 15 ਜੂਨ; ਸਾਵਣ, ਭਾਦੋਂ = 16 ਜੁਲਾਈ, 16 ਅਗਸਤ। ਅਸੀਂ ਵੇਖ ਰਹੇ ਹਾਂ ਕਿ ਦੋ ਮਹੀਨਿਆਂ ਦੇ ਜੁੱਟ ਦਾ ਅਰੰਭ 14 ਤੋਂ ਸ਼ੁਰੂ ਹੋ ਕੇ 1-1 ਤਰੀਖ ਵਧਦੀ ਗਈ। 6 ਮਹੀਨੇ ਤੋਂ ਬਾਅਦ ਇਸੇ ਤਰ੍ਹਾਂ 1-1 ਤਰੀਖ ਘਟਦੀ ਜਾਏਗੀ; ਜਿਸ ਅਨੁਸਾਰ ਅੱਸੂ, ਕੱਤਕ = 15 ਸਤੰਬਰ, 15 ਅਕਤੂਬਰ; ਮੱਘਰ, ਪੋਹ = 14 ਨਵੰਬਰ, 14 ਦਸੰਬਰ; ਮਾਘ 13 ਜਨਵਰੀ ਅਤੇ ਫੱਗਣ 12 ਫਰਵਰੀ ਨੂੰ ਹੋਵੇਗਾ। ਇਸ ਤਰ੍ਹਾਂ ਜਿਥੇ ਇਹ ਕੈਲੰਡਰ ਮੌਸਮੀ ਸਾਲ ਦੇ ਨੇੜੇ ਤੇੜੇ ਰਹੇਗਾ ਉਥੇ ਸਾਂਝੇ ਸਾਲ ਨਾਲ ਹਮੇਸ਼ਾਂ ਲਈ ਜੁੜਿਆ ਰਹੇਗਾ ਜਿਸ ਕਾਰਣ ਇੱਕ ਵਾਰ ਨਿਸਚਿਤ ਕੀਤੀਆਂ ਤਰੀਖਾਂ ਹਮੇਸ਼ਾਂ ਲਈ ਉਨ੍ਹਾਂ ਹੀ ਤਰੀਖਾਂ ਨੂੰ ਆਉਣਗੀਆਂ। ਕਾਫੀ ਲੰਬੀ ਸੋਚ ਵੀਚਾਰ ਪਿੱਛੋਂ ਇਸ ਤਿਆਰ ਕੀਤੇ ਖਾਕੇ ਨੂੰ ਕੈਲੰਡਰ ਕਮੇਟੀ, ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਕਮੇਟੀ ਅਤੇ ਜਨਰਲ ਹਾਊਸ ਵੱਲੋਂ ਪ੍ਰਵਾਨ ਕੀਤੇ ਜਾਣ ਮਗਰੋਂ 2003 ਈਸਵੀ ਦੀ ਵੈਸਾਖੀ ਤੋਂ ਲਾਗੂ ਕਰਨ ਦਾ ਮਤਾ ਪਾਸ ਹੋਇਆ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਵੈਸਾਖੀ ਮੌਕੇ ਸਜੇ ਪੰਡਾਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਮੀ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਕਮੇਟੀ ਦੇ ਮੁਕਾਮੀ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬਡੂੰਗਰ ਅਤੇ ਅਕਾਲ ਤਖ਼ਤ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ, ਤਖ਼ਤ ਦਮਦਮਾ ਸਾਹਿਬ ਦੇ ਮੁਕਾਮੀ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਸੇ ਹੋਰਨਾਂ ਆਗੂਆਂ ਦੀ ਹਾਜਰੀ ਵਿੱਚ ਜਾਰੀ ਕੀਤਾ ਜੋ 2010 ਤੱਕ ਲਗਾਤਾਰ 7 ਸਾਲ ਕੁਝ ਸੰਪ੍ਰਦਾਇ ਸੰਸਥਾਵਾਂ ਨੂੰ ਛੱਡ ਕੇ ਸਮੁੱਚੇ ਪੰਥ ਨੇ ਖੁਸ਼ੀ ਖੁਸ਼ੀ ਅਪਣਾਇਆ। ਨਾਨਕਸ਼ਾਹੀ ਕੈਲੰਡਰ ਵਿੱਚ ਹਰ ਸਾਲ ਵੈਸਾਖੀ 1 ਵੈਸਾਖ/ 14 ਅਪ੍ਰੈਲ, ਵੱਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 8 ਪੋਹ/ 21 ਦਸੰਬਰ, ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ 13 ਪੋਹ/ 26 ਦਸੰਬਰ, ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਹਰ ਸਾਲ 23 ਪੋਹ/ 5 ਜਨਵਰੀ ਨੂੰ ਹੀ ਆਉਂਦੇ ਰਹਿਣਗੇ। ਇਸੇ ਤਰ੍ਹਾਂ ਬਾਕੀ ਦੇ ਸਾਰੇ ਹੀ ਗੁਰਪੁਰਬ ਨਿਸਚਿਤ ਤਰੀਖਾਂ ਨੂੰ ਆਉਂਦੇ ਰਹਿਣਗੇ ਜਦ ਕਿ ਬਿਕ੍ਰਮੀ ਕੈਲੰਡਰ ਵਿੱਚ ਇਹ ਤਰੀਖਾਂ ਹਰ ਸਾਲ ਹੀ ਬਦਲਦੀਆਂ ਰਹਿੰਦੀਆਂ ਹਨ।
   ਪਰ ਜਿਹੜੇ ਸੰਪ੍ਰਦਾਇ ਵੀਰ ਕੈਲੰਡਰ ਵਿਗਿਆਨ, ਤਾਰਾ ਵਿਗਿਆਨ ਤੇ ਇਤਿਹਾਸ ਪੱਖ ਤੋਂ ਅਣਜਾਣ ਹਨ ਤੇ ਸਿਰਫ ਸੰਗ੍ਰਾਂਦਾਂ, ਮੱਸਿਆ ਤੇ ਪੂਰਨਮਾਸ਼ੀਆਂ ਦੇ ਪਵਿੱਤਰ ਦਿਹਾੜੇ ਹੋਣ ਦੇ ਭ੍ਰਮ ਪਾਲ ਰਹੇ ਹਨ ਉਹ ਗੁਰੂ ਗੰਥ ਸਾਹਿਬ ਜੀ ਦੇ ਪਾਵਨ ਬਚਨ:
 “ਸਤਿਗੁਰ ਬਾਝਹੁ ਅੰਧੁ ਗੁਬਾਰੁ ॥ ਥਿਤੀ ਵਾਰ ਸੇਵਹਿ ਮੁਗਧ ਗਵਾਰ ॥ ”   (843)
  ਭਾਵ ਸੱਚੇ ਗੁਰਾਂ ਦੇ ਬਾਝੋਂ, ਘੁੱਪ ਅਨ੍ਹੇਰਾ ਹੈ। ਚੰਦ ਅਤੇ ਸੂਰਜ ਦੇ ਦਿਨਾਂ ਮੁਤੱਲਕ, ਸ਼ਗਨ ਅਪਸ਼ਗਨ ਕੇਵਲ ਮੂੜ੍ਹ ਅਤੇ ਬੁੱਧੂ ਹੀ ਵਿਚਾਰਦੇ ਹਨ। ਅਤੇ
 “ਚਉਦਸ ਅਮਾਵਸ ਰਚਿ ਰਚਿ ਮਾਂਗਹਿ ਕਰ ਦੀਪਕੁ ਲੈ ਕੂਪਿ ਪਰਹਿ ॥2 ॥”    (970)
ਭਾਵ ਚੌਦੇਂ ਤੇ ਮੱਸਿਆ (ਆਦਿਕ ਥਿੱਤਾਂ ਬਨਾਵਟੀ ਤੌਰ ’ਤੇ ਸ਼ੁਭ ਅਤੇ ਪਵਿੱਤਰ) ਥਾਪ ਥਾਪ ਕੇ ਤੂੰ (ਜਜਮਾਨਾਂ ਪਾਸੋਂ) ਮੰਗਦਾ ਹੈਂ; ਤੂੰ (ਆਪਣੇ ਆਪ ਨੂੰ ਵਿਦਵਾਨ ਸਮਝਦਾ ਹੈਂ ਪਰ ਇਹ ਵਿੱਦਿਆ-ਰੂਪ) ਦੀਵਾ ਹੱਥਾਂ ਉੱਤੇ ਰੱਖ ਕੇ ਖੂਹ ਵਿਚ ਡਿੱਗ ਰਿਹਾ ਹੈਂ।” ਦਾ ਪਾਵਨ ਉਪਦੇਸ਼ ਵੀ ਸੁਣਨ ਸਮਝਣ ਨੂੰ ਤਿਆਰ ਨਹੀਂ ਹਨ ਕਿ ਸਿੱਖਾਂ ਦਾ ਸੰਗ੍ਰਾਂਦਾਂ ਨਾਲ ਕੋਈ ਸਬੰਧ ਨਹੀਂ ਹੈ। ਸਿੱਖਾਂ ਦਾ ਸੰਗ੍ਰਾਂਦ ਨਾਲ ਕੋਈ ਸਬੰਧ ਨਾ ਹੋਣ ਕਰਕੇ ਹੀ ਸ: ਪੁਰੇਵਾਲ ਨੇ ਇਨ੍ਹਾਂ ਦਾ ਤਿਆਗ ਕਰਕੇ ਹਰ ਨਾਨਕਸ਼ਾਹੀ ਮਹੀਨੇ ਦੇ ਅਰੰਭ ਹੋਣ ਦੀਆਂ ਭਾਵ ਪਹਿਲੀਆਂ ਤਰੀਖਾਂ ਸਾਂਝੇ ਕੈਲੰਡਰ ਦੇ ਮਹੀਨੇ ਦੀਆਂ ਤਰੀਖਾਂ ਨਾਲ ਪੱਕੇ ਤੌਰ ’ਤੇ ਨੱਥੀ ਕਰ ਦਿੱਤੀਆਂ। ਤੁਸੀਂ ਇਸ ਨੂੰ ਦੋ ਦੋ ਸੰਗ੍ਰਾਂਦਾਂ ਜਾਂ ਨਕਲੀ ਸੰਗ੍ਰਾਂਦਾਂ ਦਾ ਨਾਮ ਦੇ ਕੇ ਕਿਉਂ ਔਝੜੇ ਪਏ ਹੋਏ ਹੋ? ਇਹ ਵੀਰ ਜਾਂ ਤਾਂ ਇਸ ਗੱਲ ਤੋਂ ਅਣਜਾਣ ਹਨ ਜਾਂ ਜਾਣ ਬੁੱਝ ਕੇ ਅਣਜਾਣ ਬਣੇ ਹੋਏ ਹਨ ਕਿ ਸੂਰਜੀ ਸਿਧਾਂਤ ਵਾਲਾ ਜੋ ਬਿਕ੍ਰਮੀ ਕੈਲੰਡਰ ਗੁਰੂ ਕਾਲ ਸਮੇਂ ਲਾਗੂ ਸੀ ਉਸ ਨੂੰ ਉਤਰੀ ਭਾਰਤ ਦੇ ਵਿਦਾਵਾਨਾਂ ਨੇ 1964 ਵਿੱਚ ਸੋਧ ਕੇ ਦ੍ਰਿਕ ਗਣਿਤ ਅਨੁਸਾਰ ਤਿਆਰ ਕਰ ਲਿਆ ਜਿਸ ਦੇ ਸਾਲ ਦੀ ਲੰਬਾਈ ਸੂਰਜੀ ਸਿਧਾਂਤ ਵਾਲੇ ਕੈਲੰਡਰ ਨਾਲੋਂ ਥੋਹੜੀ ਘੱਟ ਕਰਨ ਨਾਲ ਜਿੱਥੇ ਪਹਿਲਾਂ ਇਸ ਦਾ ਮੌਸਮੀ ਸਾਲ ਨਾਲੋਂ 24ਕੁ ਮਿੰਟ ਦਾ ਫਰਕ ਸੀ ਹੁਣ ਕੇਵਲ 20ਕੁ ਮਿੰਟ ਦਾ ਰਹਿ ਗਿਆ ਹੈ। ਇਸ ਸੋਧ ਨੂੰ ਦੱਖਣੀ ਭਾਰਤ ਦੇ ਪੰਡਿਤਾਂ ਨੇ ਨਹੀਂ ਮੰਨਿਆਂ ਜਿਸ ਕਾਰਨ ਉਤਰੀ ਭਾਰਤ ਅਤੇ ਦੱਖਣੀ ਭਾਰਤ ਵਿੱਚ ਛਪੀਆਂ ਵੱਖ ਵੱਖ ਜੰਤਰੀਆਂ ਵੇਖਣ ਤੋਂ ਪਤਾ ਚਲਦਾ ਹੈ ਕਿ 50 ਸਾਲਾਂ ਦੇ ਵਕਫੇ ਦੌਰਾਨ ਦੋਵਾਂ ਕੈਲੰਡਰਾਂ ਦੀਆਂ ਤਕਰੀਬਨ 4 ਕੁ ਸੰਗ੍ਰਾਂਦਾਂ ਦਾ ਆਪਸ ਵਿੱਚ ਇੱਕ ਦਿਨ ਦਾ ਫਰਕ ਪੈ ਗਿਆ ਹੈ।    
    ਬਿਕ੍ਰਮੀ ਸੰਮਤ 2072 (2015-16ਈ:) ਵਿੱਚ ਸਾਵਣ, ਕਤਕ ਅਤੇ ਮੱਘਰ ਤਿੰਨ ਮਹੀਨਿਆਂ ਦੀਆਂ ਸੰਗ੍ਰਾਂਦਾਂ ਦਾ ਇੱਕ ਦਿਨ ਦਾ ਫਰਕ ਹੈ। ਇਸ ਤੋਂ ਪਿਛਲੇ ਸਾਲ ਸੰਮਤ 2071 ਵਿੱਚ ਚਾਰ ਸੰਗ੍ਰਾਂਦਾਂ ਦਾ ਫਰਕ ਸੀ। ਆਉਣ ਵਾਲੇ ਸਾਲਾਂ ਵਿੱਚ ਕਿੰਨੀਆਂ ਸੰਗ੍ਰਾਂਦਾਂ ਦਾ ਫਰਕ ਹੋਵੇਗਾ ਕੋਈ ਪਤਾ ਨਹੀਂ। ਪਹਿਲੀ ਗੱਲ ਤਾਂ ਇਹ ਹੈ ਕਿ ਗੁਰਮਤਿ ਅਨੁਸਾਰ ਸਿੱਖਾਂ ਦਾ ਸੰਗ੍ਰਾਂਦਾ ਨਾਲ ਸਬੰਧ ਹੀ ਕੋਈ ਨਹੀਂ ਪਰ ਜੇ ਕਰਮਕਾਂਡੀ ਹੋਣ ਦੇ ਨਾਤੇ ਤੁਸੀਂ ਮੰਨਦੇ ਵੀ ਹੋ ਤਾਂ ਇਸ ਗੱਲ ਦਾ ਜਵਾਬ ਜਰੂਰ ਦੇਣਾ ਬਣਦਾ ਹੈ ਕਿ ਹਿੰਦੂ ਵਿਦਵਾਨਾਂ ਵੱਲੋਂ ਸੋਧ ਕਾਰਨ 1964 ਵਿੱਚ ਬਣੀਆਂ ਦੋ ਦੋ ਸੰਗ੍ਰਾਂਦਾਂ ਨੂੰ ਪ੍ਰਵਾਨ ਕਰ ਰਹੇ ਹੋ ਤਾਂ ਸਿੱਖਾਂ ਵੱਲੋਂ ਕੀਤੀ ਸੋਧ ਦਾ ਵਿਰੋਧ ਕਿਉਂ?
ਦੁੱਖ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਰਾਜਨੀਤਕ ਸਿੱਖ ਆਗੂਆਂ ਜਿਨ੍ਹਾਂ ਨੇ ਖ਼ੁਦ ਨਾਨਕਸ਼ਾਹੀ ਕੈਲੰਡਰ ਤਿਆਰ ਕਰਨ, ਲਾਗੂ ਕਰਨ ਅਤੇ ਪ੍ਰਚਾਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਕੁਝ ਵੋਟਾਂ ਦੀ ਲਾਲਸਾ ਅਧੀਨ ਸੰਤ ਸਮਾਜ ਨਾਲ ਗਠਜੋੜ ਦੀ ਸ਼ਰਤ ਅਧੀਨ ਖੁਦ ਹੀ 2010 ਵਿੱਚ ਉਸ ਦਾ ਹੁਲੀਆ ਵਿਗਾੜਨਾ ਸ਼ੁਰੂ ਕਰ ਦਿੱਤਾ ਤੇ ਅਖੀਰ 2014 ਵਿੱਚ ਪੂਰੀ ਤਰ੍ਹਾਂ ਇਸ ਦਾ ਕਤਲ ਕਰਕੇ ਮੁੜ ਬਿਕ੍ਰਮੀ ਕੈਲੰਡਰ ਦੀਆਂ ਭੁੱਲ ਭੁਲਈਆਂ ਵਿੱਚ ਕੌਮ ਨੂੰ ਫਸਾ ਦਿੱਤਾ। ਹੁਣ ਇਹ ਕੌਮ ਨੇ ਸੋਚਣਾ ਹੈ ਕਿ ਇਸ ਭੁੱਲ ਭੁਲਈਆਂ ਵਿੱਚੋਂ ਕਿਸ ਤਰ੍ਹਾਂ ਨਿਕਲ ਕੇ ਨਾਨਕਸ਼ਾਹੀ ਕੈਲੰਡਰ ਮੁੜ ਬਹਾਲ ਕਰਵਾਉਣਾ ਹੈ। ਜੇ ਰੋਮ ਵਾਸੀਆਂ ਵੱਲੋਂ 1582 ਵਿੱਚ ਕੀਤੀ ਸੋਧ ਅੰਤ ਇੰਗਲੈਂਡ ਨੂੰ 1752 ਵਿੱਚ ਲਾਗੂ ਕਰਨੀ ਹੀ ਪਈ ਤਾਂ ਉਸੇ ਅਧਾਰ ’ਤੇ ਬਿਕ੍ਰਮੀ ਕੈਲੰਡਰ ਨੂੰ ਰੱਦ ਕਰਕੇ ਨਾਨਕਸ਼ਾਹੀ ਕੈਲੰਡਰ ਅੰਤ ਸੰਤ ਸਮਾਜ ਅਤੇ ਸਾਡੇ ਇਨ੍ਹਾਂ ਸੁਆਰਥੀ ਰਾਜਨੀਤਕ ਆਗੂਆਂ ਨੂੰ ਕਦੀ ਨਾ ਕਦੀ ਮੰਨਣਾ ਹੀ ਪਏਗੀ ਇਸ ਲਈ ਸੂਝਵਾਨ ਗੁਰਸਿੱਖਾਂ ਵੱਲੋਂ ਯਤਨ ਜਾਰੀ ਰਹਿਣੇ ਚਾਹੀਦੇ ਹਨ।
 
 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.