(ਸੰਤ ਬਾਬਾ ਦਲੇਰ ਸਿੰਘ ਦੇ ਨਾਮ ਖੁੱਲ੍ਹਾ ਪੱਤਰ)
ਸਤਿਕਾਰ ਯੋਗ ਸੰਤ ਬਾਬਾ ਦਲੇਰ ਸਿੰਘ ਜੀ,
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।
ਵਿਸ਼ਾ:- ਇਤਿਹਾਸ ਸੰਭਾਲਣ ਦੀ ਲੋੜ ਅਤੇ ਅਜੋਕੇ ਵਿਦਵਾਨਾਂ ਵੱਲੋਂ ਇਤਿਹਾਸ ਸਬੰਧੀ ਪੈਦਾ ਕੀਤਾ ਜਾ ਰਿਹਾ ਵਿਵਾਦ।
27 ਮਾਰਚ ਨੂੰ ਆਪ ਜੀ ਦੇ ਫੇਸ-ਬੁੱਕ ਅਕਾਊਂਟ “Baba Daler singh kheri wale ਬਾਬਾ ਦਲੇਰ ਸਿੰਘ ਖੇੜੀ ਵਾਲੇ https://www.facebook.com/officialBabaDalerSinghKheriWale/videos/1365320083525991/” ’ਤੇ ਆਪ ਜੀ ਦੇ ਦੋ ਵੀਡੀਓ ਕਲਿਪ ਵੇਖਣ/ਸੁਣਨ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚ ਆਪ ਜੀ ਵੱਲੋਂ ਬੋਲੇ ਗਏ ਸ਼ਬਦਾਂ ਦਾ ਤੱਤ ਸਾਰ ਇਸ ਤਰ੍ਹਾਂ ਸੀ:
“(1) ਸਾਡਾ ਅੱਧਾ ਕੁ ਇਤਿਹਾਸ ਤਾਂ ਵਿਰੋਧੀਆਂ ਨੇ ਵਿਗਾੜ ਦਿੱਤਾ ਅਤੇ ਬਾਕੀ ਦਾ ਅੱਧਾ ਸਾਡੇ ਅੱਜ ਦੇ ਵਿਦਵਾਨਾਂ ਨੇ ਵਿਗਾੜ ਦਿੱਤਾ ਹੈ।
(2) ਅੱਜ ਦੇ ਵਿਦਵਾਨ ਕਹਿੰਦੇ ਹਨ ਕਿ ਅਸੀਂ ਨਹੀਂ ਇਤਿਹਾਸ ਨੂੰ ਮੰਨਦੇ ਅਸੀਂ ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਲਿਖਿਆ ਹੈ ਸਿਰਫ ਉਹ ਹੀ ਮੰਨਣਾ ਹੈ। ਇਸ ਨੂੰ ਸਪਸ਼ਟ ਕਰਦੇ ਹੋਏ ਆਪ ਜੀ ਨੇ ਕਿਹਾ ਕਿ ਫਿਰ ਭਾਈ ਇਹ ਤਾਂ ਕੱਲ੍ਹ ਨੂੰ ਗੁਰੂ ਅਰਜੁਨ ਸਾਹਿਬ ਜੀ ਦੀ ਸ਼ਹੀਦੀ, ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਸ਼ਹੀਦੀ, ਚਮਕੌਰ ਦਾ ਸਾਕਾ ਅਤੇ ਸਰਹਿੰਦ ਦਾ ਸਾਕਾ ਆਦਿਕ ਵੀ ਨਹੀਂ ਮੰਨਣਗੇ ਕਿਉਂਕਿ ਇਨ੍ਹਾਂ ਦਾ ਜ਼ਿਕਰ ਵੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਹੈ।
(3) ਜਿਵੇਂ ਕਹਿੰਦੇ ਹੁੰਦੇ ਹਨ ਕਿ ਕਾਵਾਂ ਦੇ ਆਖੇ ਢੱਗੇ ਨਹੀਂ ਮਰ ਜਾਣੇ ਇਸੇ ਤਰ੍ਹਾਂ ਅੱਜ ਦੇ ਇਨ੍ਹਾਂ ਵਿਦਵਾਨਾਂ ਦੇ ਆਖੇ ਨਾ ਤਾਂ ਕਿਸੇ ਨੇ ਸਰੋਵਰਾਂ ਵਿੱਚੋਂ ਇਸ਼ਨਾਨ ਕਰਨੋ ਹੱਟਣਾ ਹੈ ਅਤੇ ਨਾ ਹੀ ਕਿਸੇ ਨੇ ਭੋਰਾ ਸਾਹਿਬ ਢਾਹ ਦੇਣਾ ਹੈ।”
ਤੁਹਾਡੇ ਇਹ ਸ਼ਬਦ ਸੁਣ ਕੇ ਮੈਨੂੰ ਇਹ ਸ਼ੱਕ ਪਿਆ ਕਿ ਅੱਜ ਦੇ ਵਿਦਵਾਨਾਂ ਤੋਂ ਤੁਹਾਡਾ ਭਾਵ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਹੈ। ਇਸ ਲਈ ਤੁਰੰਤ ਤੁਹਾਡੇ ਪੀ.ਏ. ਸਾਹਿਬ ਨਾਲ ਸੰਪਰਕ ਕਰਕੇ ਆਪ ਜੀ ਨਾਲ ਵੀਚਾਰ ਸਾਂਝੇ ਕਰਨੇ ਚਾਹੇ ਤਾਂ ਅੱਗੋਂ ਜਵਾਬ ਮਿਲਿਆ ਕਿ ਬਾਬਾ ਜੀ ਦੀਵਾਨ ਸਜਾਉਣ ਲਈ ਬਾਹਰ ਗਏ ਹਨ ਵਾਪਸ ਆਉਣ ’ਤੇ ਗੱਲ ਕਰਵਾ ਦਿੱਤੀ ਜਾਵੇਗੀ। ਆਪ ਜੀ ਨਾਲ ਕੀਤੇ ਜਾਣ ਵਾਲੀ ਵੀਚਾਰ ਦਾ ਵਿਸ਼ਾ ਸਪਸ਼ਟ ਕਰਨ ਲਈ ਮੈ ਆਪ ਜੀ ਦੇ ਦੋ ਵਟਸ-ਐਪ ਨੰ: 9877801111 ਅਤੇ 9876661011 ’ਤੇ ਲਿਖਤੀ ਸੰਦੇਸ਼ ਭੇਜੇ ਹਨ ਜਿਸ ਵਿੱਚ ਲਿਖਿਆ ਸੀ ਕਿ ਹੈਰਾਨੀ ਹੈ ਕਿ ਭੋਰਿਆਂ ਅਤੇ ਸਰੋਵਰਾਂ ਦੇ ਜਲ ਦੇ ਵਿਵਾਦ ਵਿੱਚ ਗੁਰਬਾਣੀ ਮੁਤਾਬਿਕ ਸੱਚ ਬਿਆਨ ਕਰ ਰਹੇ ਪ੍ਰਚਾਰਕ; ਆਪ ਜੀ ਵਰਗੇ ਸੂਝਵਾਨ ਵਿਅਕਤੀਆਂ ਦੀਆਂ ਨਜਰਾਂ ਵਿੱਚ ਵਿਵਾਦ ਪੈਦਾ ਕਰ ਰਹੇ ਹਨ ! ਮੈਂ ਅੱਗੇ ਹੋਰ ਲਿਖਿਆ ਸੀ ਕਿ ਇਹ ਜਰੂਰੀ ਨਹੀਂ ਕਿ ਜਿਹੜਾ ਇਤਿਹਾਸ ਤੁਸੀਂ ਪੜ੍ਹਿਆ/ਸੁਣਿਆ ਹੋਇਆ ਹੈ ਸਿਰਫ ਉਹ ਹੀ ਸੱਚ ਹੈ। ਤੁਹਾਨੂੰ ਇਸ ਦੇ ਉਲਟ ਕੁਝ ਹੋਰ ਵੀ ਬਹੁਤ ਕੁਝ ਪੜ੍ਹਨ/ਸੁਣਨ ਦੀ ਲੋੜ ਹੈ। ਇਨ੍ਹਾਂ ਵਿੱਚੋਂ ਸਹੀ ਕਿਹੜਾ ਹੈ; ਇਹ ਸਿਰਫ ਗੁਰਬਾਣੀ ਦੀ ਕਸਵੱਟੀ ’ਤੇ ਹੀ ਪਰਖਿਆ ਜਾ ਸਕਦਾ ਹੈ। ਇਹੋ ਗੱਲ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਕਹੀ ਸੀ ਜਿਸ ਵਿੱਚ ਕੁਝ ਵੀ ਗਲਤ ਨਹੀਂ ਜਾਪਦਾ ਪਰ
ਤੁਹਾਨੂੰ ਪਤਾ ਨਹੀਂ ਕਿਉਂ ਇਸ ਵਿੱਚ ਵਿਵਾਦ ਨਜਰ ਆ ਰਿਹਾ ਹੈ ?
ਉਨ੍ਹਾਂ ਨੇ ਕਿੱਥੇ ਇਹ ਗੱਲ ਕਹੀ ਹੈ ਕਿ ਜੋ ਇਤਿਹਾਸ ਵਿੱਚ ਨਹੀਂ ਲਿਖਿਆ, ਮੈਂ ਉਸ ਨੂੰ ਨਹੀਂ ਮੰਨਦਾ ?
ਕਿੱਥੇ ਕਿਹਾ ਹੈ ਕਿ ਸਰੋਵਰਾਂ ਵਿੱਚ ਇਸ਼ਨਾਨ ਨਾ ਕਰੋ ?
ਕਿੱਥੇ ਕਿਹਾ ਹੈ ਕਿ ਭੋਰੇ ਢਾਹ ਦਿਓ ?
ਉਨ੍ਹਾਂ ਨੇ ਵੱਖਰੇ ਵੱਖਰੇ ਇਤਿਹਾਸਕ ਸ੍ਰੋਤਾਂ ’ਚੋਂ ਸਿਰਫ ਗੁਰਬਾਣੀ ਦੀ ਕਸਵੱਟੀ ’ਤੇ ਪੂਰਾ ਉਤਰਨ ਵਾਲੇ ਇਤਿਹਾਸ ਨੂੰ ਹੀ ਸੱਚ ਮੰਨਣ ਦੀ ਗੱਲ ਕਹੀ ਹੈ, ਪਰ ਤੁਸੀਂ ਹੋਰ ਹੀ ਬਾਤ ਦਾ ਬਤੰਗੜ ਬਣਾ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੇ ਹੋ। ਮੈਨੂੰ ਤੁਹਾਡੇ ਮੂੰਹੋਂ ਇਹ ਸੁਣ ਕੇ ਸਿਰਫ ਹੈਰਾਨੀ ਹੀ ਨਹੀਂ ਸਗੋਂ ਦੁੱਖ ਵੀ ਹੋਇਆ ਹੈ।
ਆਪ ਜੀ ਦੀ ਜਾਣਕਾਰੀ ਲਈ ਗੁਰੂ ਤੇਗ ਬਹਾਦੁਰ ਸਾਹਿਬ ਜੀ ਵੱਲੋਂ ਪ੍ਰਚਾਰਕ ਦੌਰੇ ਕਰਨ ਜਾਂ ਭੋਰੇ ਵਿੱਚ ਬੈਠ ਕੇ ਤਪੱਸਿਆ ਕਰਨ ਦਾ ਸੱਚ ਜਾਨਣ ਲਈ ਵਟਸ-ਐਪ ਰਾਹੀਂ ABP ਸਾਂਝਾ ਟੀਵੀ ਚੈੱਨਲ ’ਤੇ ਗਿਆਨੀ ਅਮਰੀਕ ਸਿੰਘ ਚੰਡੀਗੜ੍ਹ ਦੀ ਵਾਰਤਾਲਾਪ ਦੀ ਵੀਡੀਓ ਕਲਿੱਪ https://youtu.be/MOy2LKfwpIg ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਜਵਾਬ ਲੈਣ ਲਈ ਧਰਨਾ ਲਾਉਣ ਵਾਲੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਭਾਈ ਸੰਦੀਪ ਸਿੰਘ ਕਥਾਵਾਚਕ ਨਾਲ ਹੋਈ ਟੈਲੀਫ਼ੋਨ ਗੱਲਬਾਤ ਦੀ ਵੀਡੀਓ ਕਲਿੱਪ https://youtu.be/mmjV4TonJMU ਵੀ ਆਪ ਜੀ ਨੂੰ ਭੇਜੀ ਗਈ ਸੀ ਤਾਂ ਕਿ ਤੁਹਾਨੂੰ ਭੋਰਾ ਵਿਵਾਦ ਅਤੇ ਤੁਹਾਡੀਆਂ ਨਜਰਾਂ ਵਿੱਚ ਸ਼ਰਧਾਵਾਨ ਸਿੱਖ ਭਾਈ ਅਮਰੀਕ ਸਿੰਘ ਦੀ ਗੁਰਸਿੱਖੀ ਸਬੰਧੀ ਸੰਖੇਪ ਜਾਣਕਾਰੀ ਹਾਸਲ ਹੋ ਸਕੇ। ਆਪ ਜੀ ਦੇ ਪੀ.ਏ. ਵੱਲੋਂ ਕੀਤੇ ਗਏ ਵਾਅਦੇ ਅਨੁਸਾਰ ਕੋਈ ਜਵਾਬ ਨਾ ਮਿਲਣ ’ਤੇ ਮੁੜ ਚੇਤਾ ਕਰਵਾਉਣ ਲਈ ਕ੍ਰਮਵਾਰ 28 ਮਾਰਚ, 3 ਅਪ੍ਰੈਲ ਅਤੇ 5 ਅਪ੍ਰੈਲ ਨੂੰ ਤਿੰਨ ਵਾਰ ਪੀ.ਏ. ਸਾਹਿਬ ਨੂੰ ਫ਼ੋਨ ਕੀਤਾ ਗਿਆ ਜਿਸ ਦੌਰਾਨ ਉਨ੍ਹਾਂ ਦੱਸਿਆ ਕਿ ਮੇਰਾ ਸੁਨੇਹਾ ਤੁਹਾਡੇ ਕੋਲ ਪਹੁੰਚ ਗਿਆ ਹੈ ਤੇ ਵਿਹਲ ਕੱਢ ਕੇ ਜਰੂਰ ਗੱਲ ਕਰਨਗੇ ਇਸ ਦੇ ਬਾਵਯੂਦ ਆਪਣੀ ਹੁਣ ਤੱਕ ਸਿੱਧੀ ਗੱਲ ਨਹੀਂ ਹੋਈ।
6, 7, 8 ਅਪ੍ਰੈਲ ਦੇ ਆਪ ਜੀ ਦੇ ਤਿੰਨ ਦਿਨਾਂ ਦੀਵਾਨ ਚੱਲ ਰਹੇ ਹਨ। ਪਹਿਲੇ ਦਿਨ ਦੇ ਦੀਵਾਨ ਨੂੰ ਫੇਸ-ਬੁੱਕ ’ਤੇ ਲਾਈਵ ਸੁਣ ਰਿਹਾ ਸੀ ਤਾਂ ਮੇਰੇ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਤੁਹਾਨੂੰ ਇਹ ਕਹਿੰਦੇ ਸੁਣਿਆ ਗਿਆ: ਹਿੰਦੂਆਂ ਜਿਨ੍ਹਾਂ ਦੇ ਇਤਿਹਾਸ ਨੂੰ ਮਿਥਿਹਾਸ ਕਿਹਾ ਜਾਂਦਾ ਹੈ ਉਨ੍ਹਾਂ ਤਾਂ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਦੀ ਮਿਤੀ ਲੱਭ ਲਈ ਹੈ ਪਰ ਇੱਧਰ ਸਾਡੇ ਵਿਦਵਾਨ, ਜਿਨ੍ਹਾਂ ਦਾ ਸ਼ਾਨਾ ਮੱਤੀ ਇਤਿਹਾਸ ਹੈ ਉਨ੍ਹਾਂ ਨੇ ਇਤਿਹਾਸ ਸੰਭਾਲਣਾਂ ਤਾਂ ਕੀ ਸੀ ਸਗੋਂ ਵਿਗਾੜੀ ਜਾਂਦੇ ਹਨ। ਇਹ ਸੁਣਦਿਆਂ ਮੈਂ ਫੇਸ-ਬੁੱਕ ’ਤੇ ਹੇਠ ਲਿਖੇ ਕੁਮੈਂਟਸ ਪੋਸਟ ਕੀਤੇ ਹਨ ਜਿਨਾਂ ਦੇ ਮੈਨੂੰ ਸੰਬੋਧਨ ਹੋ ਕੇ ਭਰਪੂਰ ਸਿੰਘ ਨੇ ਜਵਾਬੀ ਕੁਮੈਂਟਸ ਕੀਤੇ। ਆਪ ਜੀ ਦੀ ਜਾਣਕਾਰੀ ਲਈ ਸਾਡੇ ਸਵਾਲ ਜਵਾਬਾਂ ਦੇ ਆਪਸੀ ਕੁਮੈਂਟਸਾਂ ਦੀ ਕਾਪੀ ਪੇਸਟ ਹੇਠ ਲਿਖੇ ਅਨੁਸਾਰ ਹੈ:
Kirpal Singh · 35:09 ਬਾਬਾ ਜੀ ਕੁਝ ਇਤਿਹਾਸਕ ਹਵਾਲਿਆਂ ਮੁਤਾਬਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਬਾ ਬਕਾਲਾ ਵਿਖੇ 26 ਸਾਲ 9 ਮਹੀਨੇ 13 ਦਿਨ ਭੋਰਾ ਸਾਹਿਬ 'ਚ ਬੈਠ ਕੇ ਤਪੱਸਿਆ ਕੀਤੀ ਪਰ ਕੁਝ ਇਤਿਹਾਸਕ ਹਵਾਲਿਆਂ ਮੁਤਾਬਿਕ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਸ ਸਮੇਂ ਦੌਰਾਨ ਯੂ ਪੀ, ਬਿਹਾਰ, ਅਸਾਮ ਤੋਂ ਇਲਾਵਾ ਮਾਝੇ ਦੇ ਖੇਤਰ ਵਿਚ ਵੀ ਗੁਰਬਾਣੀ ਅਤੇ ਗੁਰਮਤਿ ਦਾ ਪਰਚਾਰ ਕੀਤਾ ਤੇ ਪ੍ਰਚਾਰਕ ਦੌਰਿਆਂ ਉਪਰੰਤ ਬਕਾਲਾ ਵਿਖੇ ਆ ਨਿਵਾਸ ਕਰਦੇ ਸਨ। ਇਨ੍ਹਾਂ ਵਿੱਚੋਂ ਕਿਹੜੇ ਇਤਿਹਾਸਕ ਹਵਾਲੇ ਨੂੰ ਸਹੀ ਮੰਨਿਆ ਜਾਵੇ ਅਤੇ ਕਿਉਂ ?
Bharpur Singh · 1:11:25 Kirpal Singh g why is it important to know about whether in Bhora or not in Bhora What is important to me is that what he did for humanity and most importantly his Gurbani.
Kirpal Singh · 51:58 ਭਾਈ ਭਰਪੂਰ ਸਿੰਘ ਜੀ ਇਤਿਹਾਸ ਹੀ ਸਾਨੂੰ ਸੇਧ ਦਿੰਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦੇ ਕਿਹੜੇ ਪਦ ਚਿੰਨ੍ਹਾਂ 'ਤੇ ਚਲਣਾ ਹੈ । ਜੇ ਸਾਨੂੰ ਸਹੀ ਇਤਿਹਾਸ ਦੀ ਪਰਖ ਹੀ ਨਾ ਹੋ ਸਕੀ ਤਾਂ ਅਸੀਂ ਸੇਧ ਕਿਥੋਂ ਲਵਾਂਗੇ ਤੇ ਕਿਹੜੇ ਇਤਿਹਾਸ ਦੀ ਸੰਭਾਲ ਕਰਾਂਗੇ ?
Bharpur Singh · 1:37:41 Bhaa g Kirpal Sigh g sedh lain lai tan Gurbani he bahut hai Even more than that if some body doesn't have time to learn from Gurbani then if we can learn just three pillars of Sikhism/Humanity namely Naam Japo Kirat karo te Vand chhako to me that is more than enough to live a life what Guru g have tlked about And I am more than 100% sure that many of those who are trying to learn from itihaas are not living the life according to these rules
Kirpal Singh · 0:00 ਭਾਈ ਭਰਪੂਰ ਸਿੰਘ ਜੀ ਮੈਂ ਆਪ ਜੀ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਪਰ ਭਾਈ ਰਣਜੀਤ ਸਿੰਘ ਜੀ ਢੱਡਰੀਆਂ ਵਾਲੇ ਪਿਛਲੇ ਕੁਝ ਸਮੇਂ ਤੋਂ ਖੁਦ ਗੁਰਬਾਣੀ ਪੜ੍ਹਨ ਸਮਝਣ ਤੇ ਇਸ 'ਤੇ ਅਮਲ ਕਰਨ ਦਾ ਪ੍ਰਚਾਰ ਕਰਦੇ ਆ ਰਹੇ ਹਨ ਪਰ ਕੁਝ ਲੋਕ ਉਨ੍ਹਾਂ 'ਤੇ ਦੋਸ਼ ਲਾ ਰਹੇ ਹਨ ਕਿ ਉਹ ਇਤਿਹਾਸ ਬਦਲ ਰਹੇ ਹਨ। ਮੈਂ ਜਾਨਣਾ ਚਾਹੁੰਦਾ ਹਾਂ ਕਿ ਢੱਡਰੀਆਂ ਵਾਲੇ ਜਾਂ ਉਨ੍ਹਾਂ 'ਤੇ ਦੋਸ਼ ਲਾਉਣ ਵਾਲਿਆਂ ਵਿਚੋਂ ਸਹੀ ਕੌਣ ਹੈ ? ਅਤੇ ਅਸੀਂ ਇਨ੍ਹਾਂ ਦੋਵਾਂ ਵਿੱਚੋਂ ਕਿਸ ਦੀ ਗੱਲ ਮੰਨੀਏ ?
ਮੈਨੂੰ ਨਹੀਂ ਪਤਾ ਕਿ ਇਸ ਭਾਈ ਭਰਪੂਰ ਸਿੰਘ ਨੇ ਤੁਹਾਡੀ ਤਰਫੋਂ ਕੁਮੈਂਟਸ ਕੀਤੇ ਹਨ ਜਾਂ ਆਪਣੇ ਤੌਰ ’ਤੇ। ਮੈਨੂੰ ਇਹ ਵੀ ਨਹੀਂ ਪਤਾ ਕਿ ਇਹ ਭਾਈ ਸਾਹਿਬ ਤੁਹਾਡੇ ਸ਼੍ਰਧਾਲੂ ਹਨ ਜਾਂ ਆਮ ਸ੍ਰੋਤਾ ਪਰ ਇੱਕ ਗੱਲ ਸਪਸ਼ਟ ਹੈ ਕਿ ਤੁਹਾਡੇ ਸ੍ਰੋਤਿਆਂ ਵਿੱਚ ਭਾਈ ਭਰਪੂਰ ਸਿੰਘ ਵਰਗੇ ਐਸੇ ਸ੍ਰੋਤੇ ਹਨ ਜੋ ਗੁਰਬਾਣੀ ਨੂੰ ਇਤਿਹਾਸ ਨਾਲੋਂ ਪ੍ਰਥਮ ਨੰਬਰ ’ਤੇ ਮੰਨਦੇ ਹਨ। ਕੀ ਤੁਸੀਂ ਕਦੀ ਸੋਚਿਆ ਹੈ ਕਿ ਤੁਹਾਡਾ ਪ੍ਰਚਾਰ ਜਾਣੇ ਅਣਜਾਣੇ ਮੇਰੇ ਸਮੇਤ ਭਾਈ ਭਰਪੂਰ ਸਿੰਘ ਅਤੇ ਕਈ ਹੋਰਨਾਂ ਦੇ ਮਨਾਂ ਵਿੱਚ ਗੁਰਬਾਣੀ ਦੀ ਸਿਖਿਆ ਦੀ ਤੁਲਨਾ ਵਿੱਚ ਸਾਡੇ ਵਿਰੋਧੀਆਂ ਵੱਲੋਂ ਲਿਖੇ ਇਤਿਹਾਸ ਨੂੰ ਜਿਆਦਾ ਤਰਜੀਹ ਦੇ ਕੇ ਹੋਰ ਵਿਵਾਦਤ ਉਲਝਨਾ ਤਾਂ ਪੈਦਾ ਨਹੀਂ ਕਰ ਰਿਹਾ ?
ਆਪ ਜੀ ਨੂੰ ਬੇਨਤੀ ਹੈ ਕਿ ਜਾਂ ਤਾਂ ਮੇਰੇ ਸ਼ੰਕੇ ਦੂਰ ਕਰਨ ਲਈ 8 ਅਪ੍ਰੈਲ ਦੇ ਦੀਵਾਨ ਤੋਂ ਪਹਿਲਾਂ ਬਠਿੰਡਾ ਵਿਖੇ ਨਿੱਜੀ ਤੌਰ ’ਤੇ ਮਿਲਣ ਦਾ ਸਮਾਂ ਦਿੱਤਾ ਜਾਵੇ ਜਾਂ ਇਸ ਪੱਤਰ ਵਿੱਚ ਪੁੱਛੇ ਗਏ ਸਾਰੇ ਸਵਾਲਾਂ ਦਾ ਆਪਣੇ ਦੀਵਾਨ ਦੌਰਾਨ ਗੁਰਬਾਣੀ ਦੇ ਅਧਾਰ ’ਤੇ ਸਪਸ਼ਟ ਉੱਤਰ ਦੇ ਕੇ ਉਪਜ ਰਹੇ ਨਵੇਂ ਵਿਵਾਦਾਂ ਨੂੰ ਠੱਲ੍ਹ ਪਾਉਣ ਲਈ ਗੁਰਬਾਣੀ ਦਾ ਪ੍ਰਚਾਰਕ ਹੋਣ ਦਾ ਆਪਣਾ ਫਰਜ ਨਿਭਾਇਆ ਜਾਵੇ, ਜੀ। ਇਹ ਵੀ ਦੱਸਿਆ ਜਾਵੇ ਕਿ ਤੁਹਾਡੀ ਅਤੇ ਭਾਈ ਅਮਰੀਕ ਸਿੰਘ ਅਜਨਾਲਾ ਦੀ ਸੋਚ ਅਨੁਸਾਰ ‘ਪਾਣੀ’ ਤੇ ‘ਜਲ’ ਵਿੱਚ ਕੀ ਅੰਤਰ ਹੈ ਕਿਉਂਕਿ ਗੁਰਬਾਣੀ ਦੀਆਂ ਹੇਠ ਲਿਖੀਆਂ ਤੁਕਾਂ ਅਨੁਸਾਰ ਤਾਂ ਮੈਨੂੰ ਕੋਈ ਅੰਤਰ ਨਜਰ ਨਹੀਂ ਆ ਰਿਹਾ ਸਗੋਂ ‘ਪਾਣੀ’ ਕੁਝ ਚੰਗੇ ਗੁਣਾਂ ਅਤੇ ‘ਜਲ’ ਨੂੰ ਘੱਟ ਗੁਣਾਂ ਵਾਲਾ ਪ੍ਰਤੀਤ ਹੋ ਰਿਹਾ ਹੈ:
ਭਰੀਐ ਹਥੁ ਪੈਰੁ ਤਨੁ ਦੇਹ ॥ ਪਾਣੀ ਧੋਤੈ ਉਤਰਸੁ ਖੇਹ ॥ … ॥੨੦॥ {ਜਪੁ/ ਅੰਕ ੪}
ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ {ਜਪੁ (ਸਲੋਕ)/ ਅੰਕ ੮}
ਜਲ ਕੈ ਮਜਨਿ ਜੇ ਗਤਿ ਹੋਵੈ ਨਿਤ ਨਿਤ ਮੇਂਡੁਕ ਨਾਵਹਿ ॥
ਜੈਸੇ ਮੇਂਡੁਕ ਤੈਸੇ ਓਇ ਨਰ ਫਿਰਿ ਫਿਰਿ ਜੋਨੀ ਆਵਹਿ ॥੨॥
{ਆਸਾ (ਭਗਤ ਕਬੀਰ ਜੀ)/ ਅੰਕ ੪੮੪}
ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥
ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥ {ਸੋਰਠਿ, ਮਃ ੧/ ਅੰਕ ੬੩੭}
ਆਪ ਜੀ ਦਾ ਸ਼ੁਭਚਿੰਤਕ
ਕਿਰਪਾਲ ਸਿੰਘ ਬਠਿੰਡਾ
ਸੰਪਰਕ ਨੰ: 98554-80797
ਕਿਰਪਾਲ ਸਿੰਘ ਬਠਿੰਡਾ
(ਸੰਤ ਬਾਬਾ ਦਲੇਰ ਸਿੰਘ ਦੇ ਨਾਮ ਖੁੱਲ੍ਹਾ ਪੱਤਰ)
Page Visitors: 2656