-: ਦਸਮ ਗ੍ਰੰਥ ਵਿਵਾਦ :-
ਕਸੂਰ ਇਕੱਲੇ ਕਥਾ ਵਾਚਕ ਬੰਤਾ ਸਿੰਘ ਦਾ ਨਹੀਂ ਹੈ। ਪੂਰੇ ਦਸਮ ਗ੍ਰੰਥ ਨੂੰ ਇੰਨ ਬਿੰਨ ਗੁਰੂ ਕ੍ਰਿਤ ਮੰਨਣ ਵਾਲਿਆਂ ਅਤੇ ਇਸ ਨੂੰ ਸਾਰੇ ਦੇ ਸਾਰੇ ਨੂੰ ਮੁੱਢੋਂ ਹੀ ਰੱਦ ਕਰਨ ਵਾਲੀਆਂ ਦੋਨਾਂ ਧਿਰਾਂ ਦਾ ਹੈ। ਜਿੰਨਾ ਚਿਰ ਦੋਨੋਂ ਧਿਰਾਂ ਆਪੋ ਆਪਣੀ ਜ਼ਿਦ ਛੱਡਕੇ ਇਮਾਨਦਾਰੀ ਨਾਲ ਵਿਚਾਰ ਵਿਮਰਸ਼ ਕਰਕੇ ਸਹੀ-ਗ਼ਲਤ ਦਾ ਫੈਸਲਾ ਨਹੀਂ ਕਰਦੇ, ਸਿੱਖਾਂ ਵਿੱਚ ਇਹ ਪਾੜਾ ਪਿਆ ਹੀ ਰਹਿਣਾ ਹੈ। ਸਿੱਖਾਂ ਵਿੱਚ ਪਏ ਇਸ ਪਾੜੇ ਲਈ ਦੋਨੋ ਧਿਰਾਂ ਬਰਾਬਰ ਦੀਆਂ ਜਿੰਮੇਵਾਰ ਹਨ। ਜੇ ਦੋਨੋਂ ਧਿਰਾਂ ਵਿਵਾਦ ਸੁਲਝਾਉਣ ਲਈ ਇਮਾਨਦਾਰ ਹੋ ਜਾਣ ਤਾਂ ਇਹ ਵਿਵਾਦ ਸੁਲਝਾਉਣਾ ਏਨਾ ਮੁਸ਼ਕਿਲ ਨਹੀਂ ਹੈ (ਇਮਾਨਦਾਰ ਅਤੇ ਸੁਹਿਰਦ ਹੋਣਾ ਜਰੂਰ ਮੁਸ਼ਕਿਲ ਹੈ)।
ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਲਿਖਤ ਦੇਖੋ—
ਦਸਮਗ੍ਰੰਥ-- …. ਹੋਰ ਪੁਸਤਕਾਂ ਰਚਣ ਤੋਂ ਛੁੱਟ, ਭਾਈ ਸਾਹਿਬ ਨੇ ਇੱਕ ਚੌਥੀ ਬੀੜ **ਗੁਰੂ ਗ੍ਰੰਥਸਾਹਿਬ ਜੀ ਦੀ** ਬਣਾਈ, ਜਿਸ ਵਿੱਚ **ਰਾਗਾਂ ਦੇ ਕ੍ਰਮ ਅਨੁਸਾਰ ਹਰੇਕ ਸਤਿਗੁਰੂ ਅਤੇ ਭਗਤਾਂ ਦੀ ਬਾਣੀ ਇੱਕ ਇੱਕ ਥਾਂ ਜੁਦੀ ਕਰਕੇ ਲਿਖੀ**।ਇਸ ਤੋਂ ਵੱਖ, ਜਿੱਥੋਂ ਕਿਤੋਂ ਵਡੇ ਜਤਨ ਨਾਲ **ਦਸਮ ਸਤਿਗੁਰੂ ਦੀ ਉਪਦੇਸ਼ਮਈ ਬਾਣੀ** ਅਤੇ **ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ** ਏਕਤ੍ਰ ਕਰਕੇ ਇੱਕ ਜਿਲਦ- “ਦਸਵੇਂ ਪਾਤਸ਼ਾਹ ਕਾ ਗ੍ਰੰਥ” ਨਾਮ ਕਰਕੇ ਲਿਖੀ.
**ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਚੌਥੀ ਬੀੜ** ਗੁਰੂ ਅਰਜਨ ਪਾਤਸ਼ਾਹ ਦੀ ਰਚਨਾ ਦੇ ਵਿਰੁੱਧ ਦੇਖਕੇ ਪੰਥ ਦਾ ਭਾਈ ਸਾਹਿਬ ਤੇ ਵੱਡਾ ਕੋਪ ਹੋਇਆ ਅਤੇ ਗੁਰੂ ਖਾਲਸੇ ਨੇ ਬੀੜ ਅਪ੍ਰਮਾਣਤ ਕੀਤੀ। ਸੰਮਤ 1794 ਵਿੱਚ ਭਾਈ ਮਨੀ ਸਿੰਘ ਜੀ, ਸਿੱਖੀ ਦਾ ਸੱਚਾ ਨਮੂੰਨਾ ਦਸੱਕੇ ਲਹੌਰ ਵਿੱਚ ਸ਼ਹੀਦ ਹੋਏ. ਇਨ੍ਹਾਂ ਦੇ ਦੇਹਾਂਤ ਪੁਰ ਪੰਥ ਨੇ ਦਸਮ ਗ੍ਰੰਥ ਨੂੰ ਦਮਦਮੇ ਸਾਹਿਬ, ਜੋ ਉਸ ਸਮੇਂ ਵਿਦਿਆ ਦੀ ਟਕਸਾਲ (ਸਿੱਖਾਂ ਦੀ ਕਾਸ਼ੀ ਕਰਕੇ ਪ੍ਰਸਿੱਧ) ਸੀ ਵਿਚਾਰ ਲਈ ਭੇਜ ਦਿੱਤਾ। ਖਾਲਸਾ ਦੀਵਾਨ ਵਿੱਚ *ਚਿਰ ਤੋੜੀਂ ਇਸ ਬੀੜ ਤੇ ਚਰਚਾ ਹੋਈ*। ਕਿਤਨਿਆਂ ਨੇ ਕਿਹਾ ਕਿ ਜੁਦੀ ਜੁਦੀ ਪੋਥੀਆਂ ਵਿੱਚ ਬਾਣੀ ਦਾ ਰਹਿਣਾ ਯੋਗ ਨਹੀਂ। ਇੱਕ ਜਿਲਦ ਵਿੱਚ ਹੀ ਸਭ ਦਾ ਏਕਤ੍ਰ ਰਹਿਣਾ ਠੀਕ ਹੈ। ਕਈਆਂ ਨੇ ਆਖਿਆ ਕਿ ਇਸ ਬੀੜ ਦੀਆਂ ਜੁਦੀਆਂ ਜੁਦੀਆਂ ਪੋਥੀਆਂ ਰਹਿਣ, ਜਿਨ੍ਹਾਂ ਨੂੰ ਅਧਿਕਾਰ ਅਨੁਸਾਰ ਗੁਣੀ ਗਿਆਨੀ ਵਿਦਿਆਰਥੀ ਪਠਨ ਪਾਠਨ ਕਰ ਸਕਨ, ਬਹੁਤਿਆਂ ਨੇ ਆਖਿਆ ਕਿ ਇਸ ਦੀਆਂ ਦੋ ਜਿਲਦਾਂ ਬਣਾਈਆਂ ਜਾਣ, **ਇਕ ਵਿੱਚ ਉਹ ਬਾਣੀ ਹੋਵੇ ਜੋ ਕਲਗੀਧਰ ਦੀ ਮੁਖਵਾਕ ਰਚਨਾ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ ਹੈ** ਅਰ ਦੂਜੀ ਵਿੱਚ ਇਤਿਹਾਸ ਆਦਿਕ ਲਿਖੇ ਜਾਵਨ। ਬਹੁਤਿਆਂ ਨੇ ਰਾਇ ਦਿੱਤੀ ਕਿ ਹੋਰ ਸਭ ਬਾਣੀਆਂ ਤਾਂ ਭਾਈ ਮਨੀ ਸਿੰਘ ਜੀ ਦੀ ਲਿਖੀਆਂ ਜਿਉਂ ਕੀ ਤਿਉਂ ਰਹਿਣ, ਪਰ ਚਰਿਤ੍ਰ ਅਤੇ ਜਫਰਨਾਮੇ ਦੇ ਨਾਲ ਜੋ 11 ਹਕਾਇਤਾਂ ਲਿਖੀਆਂ ਹਨ, ਇਹ ਬੀੜ ਤੋਂ ਅਲੱਗ ਕੀਤੀਆਂ ਜਾਣ।”
ਇਸ ਤੋਂ ਬਾਅਦ ਦਸਮ ਗ੍ਰੰਥ ਬਾਰੇ ਜੋ ਫੈਸਲਾ ਹੋਇਆ ਉਹ (ਵਿਚਾਰ ਵਿਮਰਸ਼ ਨਾਲ ਨਹੀਂ) ਭਾਈ ਮਹਿਤਾਬ ਸਿੰਘ ਜੀ ਦੇ ਕਥਨ ਅਨੁਸਾਰ, ਮੱਸੇ ਰੰਘੜ ਦਾ ਸਿਰ ਵੱਢ ਕੇ ਲਿਆਉਣ ਤੇ ਆਧਾਰਿਤ ਹੋਇਆ।
ਮਹਾਨ ਕੋਸ਼ ਦੀ ਇਸ ਸਾਰੀ ਲਿਖਤ ਤੋਂ ਇਹ ਗੱਲਾਂ ਸਾਹਮਣੇ ਆਉਂਦੀਆਂ ਹਨ ਕਿ -
1- ਗੁਰੂ ਗ੍ਰੰਥ ਸਾਹਿਬ ਤੋਂ ਵੱਖਰਾ, ਦਸਮ ਗ੍ਰੰਥ ਨਾਂ ਦਾ (ਜਾਂ ਕਿਸੇ ਵੀ ਹੋਰ ਨਾਂ ਦਾ) ਕੋਈ ਗ੍ਰੰਥ ਦਸਮੇਸ਼ ਜੀ ਨੇ ਖੁਦ ਸੰਕਲਿਤ ਨਹੀਂ ਕੀਤਾ ਅਤੇ ਨਾ ਹੀ ਐਸਾ ਕਰਨ ਦੀ ਕਿਸੇ ਨੂੰ ਕੋਈ ਹਦਾਇਤ ਕੀਤੀ ਸੀ।
2- ਉਸ ਗ੍ਰੰਥ ਵਿੱਚ ਮੁੱਖ ਤੌਰ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੀ ਪਰ ਉਸ ਦੀ ਤਰਤੀਬ ਬਦਲੀ ਗਈ ਸੀ (ਜੋ ਕਿ ਮੌਜੂਦਾ ਦਸਮ ਗ੍ਰੰਥ ਵਿੱਚ ਹੈ ਹੀ ਨਹੀਂ)
3- ਉਸ ਵਿੱਚ ਦਸਮੇਸ਼ ਜੀ ਦੀ ਉਪਦੇਸ਼ਮਈ ਬਾਣੀ ਵੀ ਸੀ।… ਉਸ ਵਿੱਚ *ਉਹ ਬਾਣੀ ਵੀ ਸੀ ਜੋ ਕਲਗੀਧਰ ਦੀ ਮੁੱਖਵਾਕ ਰਚਨਾ ਵੀ ਸੀ ਜਿਹੜੀ ਨੌ ਸਤਿਗੁਰਾਂ ਦੀ ਅਕਾਲੀ ਬਾਣੀ ਤੁੱਲ* ਸੀ
4- ਉਸ ਵਿੱਚ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਵੀ ਸਨ।
(ਯਾਦ ਰਹੇ ਕਿ ਸੰਸਕ੍ਰਿਤ ਦੇ ਕਿਹੜੇ ਗ੍ਰੰਥਾਂ ਦਾ ਅਨੁਵਾਦ ਸੀ, ਇਸ ਬਾਰੇ ਕੋਈ ਸੇਧ ਨਹੀਂ ਹੈ। ਪਰ ਇਹ ਗੱਲ ਤਾਂ ਪੱਕੀ ਹੈ ਕਿ ਭਾਈ ਮਨੀ ਸਿੰਘ ਜੀ ਨੇ ਬੜੇ ਯਤਨ ਨਾਲ ਇਹ ਲਿਖਤਾਂ ਇਕੱਤਰ ਕੀਤੀਆਂ ਸਨ। ਇਸ ਦਾ ਮਤਲਬ ਹੈ ਕਿ ਗੁਰੂ ਸਾਹਿਬ ਨੇ ਖੁਦ ਇਸ ਤਰ੍ਹਾਂ ਦੀਆਂ ਕੋਈ ਲਿਖਤਾਂ ਭਾਈ ਸਾਹਿਬ ਦੇ ਸਪੁਰਦ ਨਹੀਂ ਕੀਤੀਆਂ ਸਨ। ਇਹ ਵੀ ਯਾਦ ਰੱਖਣ ਦੀ ਜਰੂਰਤ ਹੈ ਕਿ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ ਸਮੇਂ ਤੋਂ ਭਾਈ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿੱਚ ਸਨ, ਇਸ ਨਾਤੇ ਸੰਸਕ੍ਰਿਤ ਗ੍ਰੰਥਾਂ ਦੇ ਅਨੁਵਾਦ ਵਾਲੀਆਂ ਲਿਖਤਾਂ ਭਾਈ ਸਾਹਿਬ ਨੂੰ ਬੜੇ ਯਤਨਾਂ ਨਾਲ ਇਕਤ੍ਰ ਕਰਨ ਦੀ ਜਰੂਰਤ ਨਹੀਂ ਸੀ ਪੈਣੀ)
5- ਗੁਰੂ ਗ੍ਰੰਥ ਸਾਹਿਬ ਦੀ ਉਸ ਚੌਥੀ ਬੀੜ (ਜਿਸ ਨੂੰ ਕਿ ਭਾਈ ਮਨੀ ਸਿੰਘ ਜੀ ਦੁਆਰਾ ‘ਦਸਵੇਂ ਪਾਤਸ਼ਾਹ ਕਾ ਗ੍ਰੰਥ’ ਨਾਮ ਦਿੱਤਾ ਗਿਆ), ਦੇ ਹੋਂਦ ਵਿੱਚ ਆਉਣ ਦੇ ਵਕਤ ਹੀ ਇਹ ਵਿਵਾਦਿਤ ਸੀ। ਇਸ ਲਈ ਗੁਰੂ ਖਾਲਸੇ ਨੇ ਇਸ ਨੂੰ ਪ੍ਰਮਾਣਿਤ ਨਹੀਂ ਮੰਨਿਆ। (ਜਿਹੜੇ ਵੀਰ ਮੌਜੂਦਾ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਸਤਿਕਾਰਦੇ ਹਨ, ਉਹ ਇਹ ਨੁਕਤਾ ਖਾਸ ਤੌਰ ਤੇ ਵਿਚਾਰਨ)
6- ਬਾਣੀਆਂ ਇੱਕ ਥਾਂ ਇਕੱਠੀਆਂ ਰਹਿਣ ਜਾਂ ਜੁਦੀਆਂ ਜੁਦੀਆਂ ਗ੍ਰੰਥਾਂ ਵਿੱਚ ਦਰਜ ਕੀਤੀਆਂ ਜਾਣ ਬਾਰੇ ਫੈਸਲਾ ਖਾਲਸਾ ਦੀਵਾਨ ਵੱਲੋਂ ਵਿਚਾਰ ਵਿਮਰਸ਼ ਕਰਕੇ ਨਹੀਂ ਲਿਆ ਗਿਆ। ਫੈਸਲਾ ਮੱਸਾ ਰੰਘੜ ਦੇ ਸਿਰ ਵੱਢਕੇ ਲਿਆਉਣ ਤੇ ਨਿਰਭਰ ਸੀ। ਜੋ ਕਿ ਵਿਚਾਰ ਵਿਮਰਸ਼ ਪੱਖੋਂ ਸਹੀ ਫੈਸਲਾ ਨਹੀਂ ਕਿਹਾ ਜਾ ਸਕਦਾ।
ਇਸ ਤੋਂ ਇਲਾਵਾ ਵਿਚਾਰਨ ਵਾਲੀ ਗੱਲ ਇਹ ਹੈ ਕਿ ਭਾਈ ਮਨੀ ਸਿੰਘ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੀ ਬਾਣੀ ਦਰਜ ਕਰਵਾਉਂਦੇ ਵਕਤ ਗੁਰੂ ਸਾਹਿਬ ਨੇ ਆਪਣੀ ਬਾਣੀ ਇਸ ਵਿੱਚ ਦਰਜ ਨਹੀਂ ਕਰਵਾਈ ਅਤੇ ਨਾ ਹੀ ਇਸ ਤਰ੍ਹਾਂ ਕਰਨ ਦਾ ਕੋਈ ਇਰਾਦਾ ਜਾਂ ਇਸ ਤਰ੍ਹਾਂ ਦੀ ਕੋਈ ਹਦਾਇਤ ਕੀਤੀ ਮਿਲਦੀ ਹੈ ਕਿ ਉਹਨਾਂ ਦੀ ਖੁਦ ਦੀ ਬਾਣੀ ਦਾ ਕੋਈ ਵੱਖਰਾ ਗ੍ਰੰਥ ਬਣਨਾ ਹੈ ਜਾਂ ਬਣਾਇਆ ਜਾਵੇ।
ਗੁਰੂ ਗੋਬਿੰਦ ਸਿੰਘ ਜੀ ਦੀ ਕੋਈ ਵੀ ਰਚਨਾ ‘ਨਾਨਕ’ ਨਾਮ ਦੀ ਮੁਹਰ ਨਾਲ ਨਹੀਂ ਰਚੀ ਹੋਈ।ਇਸ ਤੋਂ ਵੀ ਇਹੀ ਸੇਧ ਮਿਲਦੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਰਚੀ ਹੀ ਇਸ ਨਜ਼ਰੀਏ ਤੋਂ ਸੀ ਕਿ ਇਹ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕੀਤੀ ਜਾਣੀ।
ਸਭ ਤੋਂ ਮੁਖ ਗੱਲ ਵਿਚਾਰਨ ਵਾਲੀ ਇਹ ਹੈ ਕਿ ਮੌਜੂਦਾ ਸਮੇਂ ਜਿਸ ਗ੍ਰੰਥ ਨੂੰ ਦਸਮ ਗ੍ਰੰਥ ਕਿਹਾ ਜਾਂਦਾ ਹੈ ਇਹ ਉਹ ਗ੍ਰੰਥ ਬਿਲਕੁਲ ਵੀ ਨਹੀਂ ਹੈ, ਜਿਸ ਵਿੱਚ ਭਾਈ ਮਨੀ ਸਿੰਘ ਜੀ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ‘ਤਰਤੀਬ ਬਦਲ ਕੇ’ ਦਰਜ ਕੀਤੀ ਗਈ ਸੀ। ਜੇ ਐਸਾ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਦਲੀ ਹੋਈ ਤਰਤੀਬ ਨਾਲ, ਇਸ ਵਿੱਚ ਦਰਜ ਹੋਣੀ ਸੀ। ਇਸ ਦਾ ਮਤਲਬ ਸਾਫ ਹੈ ਕਿ *ਅਸ਼ਲੀਲ ਰਚਨਾਵਾਂ ਵਾਲਾ ਮੌਜੂਦਾ ਦਸਮ ਗ੍ਰੰਥ* ਕਿਸੇ ਅਨਮਤੀ ਵੱਲੋਂ ਤਿਆਰ ਕਰਕੇ ਸਿੱਖਾਂ ਦੇ ਨਾਲ ਜੋੜ ਦਿੱਤਾ ਗਿਆ ਹੈ, ਜਿਹੜਾ ਕਿ ਭਾਈ ਮਨੀ ਸਿੰਘ ਜੀ ਵਾਲੇ ਗ੍ਰੰਥ ਤੋਂ ਵੱਖਰਾ ਗ੍ਰੰਥ ਹੈ। ਭੁਲੇਖਾ ਪਾਉਣ ਲਈ ਇਸ ਗ੍ਰੰਥ ਵਿੱਚ ਕਲਗੀਧਰ ਜੀ ਦੀਆਂ ਮੁਖਵਾਕ ਰਚਨਾਵਾਂ ਜੋ ਸਤਿਗੁਰਾਂ ਦੀ ਅਕਾਲੀ ਬਾਣੀ ਤੁਲ ਹੈ ਨੂੰ ਇਸ ਗ੍ਰੰਥ ਵਿੱਚ ਦਰਜ ਕਰਕੇ ਦਸਮ ਗ੍ਰੰਥ ਨਾਮ ਦੇ ਦਿੱਤਾ ਗਿਆ ਹੈ।
ਜਿਹੜੇ ਸੱਜਣ ਮੌਜੂਦਾ ਦਸਮ ਗ੍ਰੰਥ ਅਤੇ ਇਸ ਵਿਚਲੀਆਂ ਸਾਰੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਜਾਂ ਬਾਪੂ ਦੀ ਕ੍ਰਿਤ ਕਹਿ ਕੇ ਸਤਿਕਾਰਦੇ ਹਨ ਉਹਨਾਂ ਨੂੰ ਨਹੀਂ ਭੁਲਣਾ ਚਾਹੀਦਾ ਕਿ ਮੌਜੂਦਾ ਦਸਮ ਗ੍ਰੰਥ ਭਾਈ ਮਨੀ ਸਿੰਘ ਜੀ ਵਾਲਾ ਗ੍ਰੰਥ ਨਾ ਹੋਣ ਕਰਕੇ, ਅਤੇ ਜਦੋਂ ਤੋਂ ਇਹ ਹੋਂਦ ਵਿੱਚ ਆਇਆ, ਓਦੋਂ ਤੋਂ ਹੀ ਅਰਥਾਤ **ਭਾਈ ਮਨੀ ਸਿੰਘ ਜੀ ਦੇ ਹੁੰਦਿਆਂ ਹੀ ਇਸ ਨੂੰ ਅਪ੍ਰਮਾਣਿਤ ਕੀਤਾ ਗਿਆ ਸੀ** ਅਤੇ ਪੰਥ ਵੱਲੋਂ ਇਸ ਹਰਕਤ ਬਦਲੇ ਭਾਈ ਮਨੀ ਸਿੰਘ ਜੀ ਪ੍ਰਤੀ ਰੋਸ ਪ੍ਰਗਟ ਕੀਤਾ ਗਿਆ ਸੀ। ਇਸ ਲਈ ਕਿਸੇ ਵੀ ਹਾਲਤ ਵਿੱਚ ਭਾਈ ਮਨੀ ਸਿੰਘ ਵਾਲਾ ਗ੍ਰੰਥ ਸਵਿਕਾਰਿਆ ਜਾਣ ਦੇ ਕਾਬਲ ਨਹੀਂ ਹੈ।
ਇੱਕ ਵਾਰੀਂ ਫੇਰ ਇਸ ਗੱਲ ਵੱਲ ਧਿਆਨ ਦਵਾਇਆ ਜਾ ਰਿਹਾ ਹੈ ਕਿ- ਭਾਈ ਮਨੀ ਸਿੰਘ ਦੇ ਸਮੇਂ ਹੀ ਸਿੱਖ ਸਗਤਾਂ ਨੇ (ਭਾਈ ਮਨੀ ਸਿੰਘ ਵਾਲੇ) ਗ੍ਰੰਥ ਨੂੰ ਅਪ੍ਰਮਾਣਿਤ ਕਰ ਦਿੱਤਾ ਸੀ ਅਤੇ ਹੁਣ ਦੇ ਸਿੱਖ ਇਸ ਮੌਜੂਦਾ ਦਸਮ ਗ੍ਰੰਥ ਨੂੰ ਜੋ ਕਿ ਭਾਈ ਮਨੀ ਸਿੰਘ ਵਾਲਾ ਗ੍ਰੰਥ ਹੈ ਵੀ ਨਹੀਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਸਤਿਕਾਰ ਦੇ ਰਹੇ ਹਨ।
ਇਸ ਸਭ ਕਾਸੇ ਦੇ ਬਾਵਜੂਦ ਭਾਈ ਕਾਹਨ ਸਿੰਘ ਨਾਭਾ ਜੀ ਦੀ ਲਿਖਤ ਅਨੁਸਾਰ- ਇਸ ਗੱਲ ਤੋਂ ਵੀ ਇਨਕਾਰੀ ਨਹੀਂ ਹੋਇਆ ਜਾ ਸਕਦਾ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਖੁਦ ਦੀਆਂ ਵੀ ਕੋਈ ਰਚਨਾਵਾਂ ਸਨ/ਹਨ, ਜਿਹੜੀਆਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਕਾਲੀ ਬਾਣੀ ਤੁੱਲ ਸਨ/ਹਨ।ਇਹ ਗੱਲ ਵੀ ਧਿਆਨ ਰੱਖਣ ਵਾਲੀ ਹੈ ਕਿ ਪੰਥ ਦੇ ਮਹਾਨ ਵਿਦਵਾਨਾਂ ਦੁਆਰਾ ਲੰਮਾ ਸਮਾਂ ਵਿਚਾਰ ਵਿਮਰਸ਼ ਕਰਕੇ ਜਾਪ ਸਾਹਿਬ ਆਦਿ ਕੁਝ ਬਾਣੀਆਂ ਨੂੰ ਮਾਨਤਾ ਦਿੱਤੀ ਗਈ ਸੀ।
ਮੌਜੂਦਾ ਦਸਮ ਗ੍ਰੰਥ ਵਿਚਲੀਆਂ ਸਾਰੀਆਂ ਬਾਣੀਆਂ ਨੂੰ ਮੁੱਢੋਂ ਰੱਦ ਕਰਨ ਵਾਲੇ ਵੀ ਅਤੇ ਇਸ ਗ੍ਰੰਥ ਨੂੰ ਇੰਨ ਬਿੰਨ ਗੁਰੂ ਕ੍ਰਿਤ ਮੰਨਣ ਵਾਲੇ ਵੀ, ਦੋਨੋਂ ਧੜੇ ਆਪੋ ਆਪਣੀ ਜ਼ਿਦ ਛੱਡਕੇ ਅਤੇ ਮਿਲ ਬੈਠ ਕੇ ਸੁਹਿਰਦਤਾ ਨਾਲ ਮਸਲਾ ਹਲ ਕਰਨ ਦੇ ਇਰਾਦੇ ਨਾਲ ਵਿਚਾਰ ਵਿਮਰਸ਼ ਕਰਨ ਤਾਂ ਇਨਸ਼ਾ ਅਲਾ ਮਸਲਾ ਹਲ ਹੋ ਸਕਦਾ ਹੈ।
ਜਸਬੀਰ ਸਿੰਘ ਵਿਰਦੀ
ਜਸਬੀਰ ਸਿੰਘ ਵਿਰਦੀ
-: ਦਸਮ ਗ੍ਰੰਥ ਵਿਵਾਦ :-
Page Visitors: 2718