< = ਸੇਹ ਦਾ ਤਕਲਾ = >
ਗੁਰੂ ਨਾਨਕ ਦੇ ਘਰ ਸੇਹ ਦਾ ਤਕਲਾ ਗੱਡਿਆ ਗਿਆ ਹੈ। ਪਰ ਕਿਤੇ ਹੁਣ ਤੋਂ ਹੀ ਥੋੜੋਂ ਗੁਰੂ ਸਾਹਿਬ ਵੇਲੇ ਹੀ ਪੰਡੀਏ ਨੇ ਗੱਡ ਦਿੱਤਾ ਸੀ ਜਦ ਗੁਰੂ ਜੀ ਦਾ ਖੁਦ ਦਾ ਹੀ ਪੁੱਤਰ ਸਿਰ ਵਿਚ ਸਵਾਹ ਪਾ ਕੇ ਅਪਣੇ ਪਿਤਾ ਦੇ ਸਾਹਵੇਂ ਆਣ ਬੈਠਾ ਸੀ। ਤੁਹਾਨੂੰ ਲੱਗਦਾ ਕਿ ਗੁਰੂ ਜੀ ਨੇ ਨਾ ਸਮਝਾਇਆ ਹੋਵੇਗਾ ਕਿ ਪੁੱਤਰ ਚੰਗੇ ਮਨੁੱਖ ਸਿਰ ਵਿਚ ਸਵਾਹ ਪਾਈ ਸੋਹਣੇ ਨਹੀ ਲੱਗਦੇ। ਪਰ ਉਸ ਕਿਉਂ ਨਾ ਮੰਨੀ ਗੁਰੁ ਪਿਤਾ ਦੀ? ਕਿਉਂਕਿ ਪੰਡੀਆ ਉਸ ਦੇ ਸਿਰ ਚੜ੍ਹ ਚੁੱਕਾ ਹੋਇਆ ਸੀ। ਗੁਰੂ ਸਾਹਿਬਾਨਾ ਤੋਂ ਲੈ ਕੇ ਹੁਣ ਤੱਕ ਦਾ ਇਤਿਹਾਸ ਇਹੀ ਦੱਸਦਾ ਹੈ ਕਿ ਮਿਸਰ ਨਾਲ ਨਾਲ ਹੀ ਆਹਡਾ ਲਾਈ ਰੱਖਦਾ ਰਿਹਾ ਗੁਰੂ ਘਰ ਦੇ।
ਧੀਰਮੱਲੀਆਂ, ਰਾਮਰਾਈਆਂ, ਪ੍ਰਿਥਵੀਆਂ, ਵਡਭਾਗੀਆਂ, ਹਿੰਦੂ ਪਹਾੜੀ ਰਾਜਿਆਂ, ਗੰਗੂਆਂ, ਚੰਦੂਆਂ, ਸੁੱਚਾਨੰਦੂਆਂ, ਤੇ ਫਿਰ ਡੋਗਰਿਆਂ। ਤੇ ਹੁਣੇ ਇੰਦਰਾ-ਰਜੀਵ, ਭਗਤ, ਟਾਈਟਲ! ਬੜੀ ਲੰਮੀ ਲਿਸਟ ਹੈ। ਉਸ ਨੂੰ ਚਿੜ ਹੈ ਸਿੱਖ ਤੋਂ। ਡਾ, ਅੰਬੇਦਕਰ ਨੇ ਜਦ ਸਿੱਖ ਬਣਨ ਬਾਰੇ ਸੋਚਿਆ ਤਾਂ ਗਾਂਧੀ ਕਹਿਣ ਲਗਾ ਤੂੰ ਮੁਸਲਮਾਨ ਕਿਉਂ ਨਹੀ ਬਣ ਜਾਂਦਾ? ਯਾਨੀ ਸਿੱਖ ਕਿਉਂ? ਉਹ ਮੁਸਲਮਾਨ ਨੂੰ ਵੀ ਇਨੀ ਨਫਰਤ ਨਹੀ ਕਰਦਾ ਜਿੰਨੀ ਸਿੱਖ ਨੂੰ।
ਇਹ ਚਿੜ ਉਸ ਨੂੰ ਗੁਰੁ ਨਾਨਕ ਪਾਤਸ਼ਾਹ ਤੋਂ ਲੈ ਕੇ ਹੀ ਹੈ। ਨੌ ਸਾਲ ਦੇ ਬਾਲਕ ਨੇ ਮੇਰਾ ਜਨੇਊ ਨਹੀ ਪਾਇਆ? ਇਹ ਸਭ ਤੋਂ ਪਹਿਲੀ ਚਿੜ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਉਹ ਕਹਿੰਦਾ ਆਹ 'ਚੂਹੇ ਚਪੜੇ-ਜੱਟ-ਬੂਟ' ਇਕ ਪਾਸੇ ਕਰਦੇ ਮੈਂ ਤੇਰੇ ਬਾਟੇ ਵਿਚੋਂ ਦੋ ਘੁਟਾਂ ਭਰ ਲਵਾਂਗਾ। ਗੁਰੂ ਕਹਿੰਦੇ ਤੂੰ ਰਾਹੇ ਪੈ! ਤੇਰੀ ਗੁਲਾਮੀ ਵਿਚੋਂ ਕੱਢਣ ਦੀ ਹੀ ਤਾਂ ਲੜਾਈ ਸਾਰੀ।
ਤੁਸੀਂ ਕਦੇ ਕਹਾਣੀਆਂ ਵਾਲਾ ਛਲੇਡਾ-ਭੂਤ ਸੁਣਿਆ? ਕਹਿੰਦੇ ਉਹ ਤੁਰਿਆ ਤੁਰਿਆ ਜਾਂਦਾ ਹੀ ਕਦੇ ਬੱਕਰਾ ਬਣ ਜਾਂਦਾ ਕਦੇ ਗੱਧਾ ਅਤੇ ਕਦੇ ਕੁੱਤਾ। ਯਾਨੀ ਪਲਾਂ ਵਿਚ ਹੀ ਉਹ ਰੂਪ ਬਦਲ ਜਾਂਦਾ। ਪੰਡੀਆ ਉਹ ਛਲੇਡਾ-ਭੂਤ ਹੈ ਜਿਹੜਾ ਬੋਧੀਆਂ ਵਿਚ ਬੋਧੀ ਬਣਕੇ ਵੜ ਗਿਆ, ਜੈਨੀਆਂ ਵਿਚ ਜੈਨੀ ਤੇ ਸਿੱਖਾਂ ਵਿਚ ਵੱਡੇ ਵੱਡ ਚੋਲੇ, ਤਿੰਨ ਤਿੰਨ ਫੁੱਟੀਆਂ ਕ੍ਰਿਪਾਨਾ? ਤੁਹਾਨੂੰ ਪਤਾ ਹੀ ਨਹੀ ਲੱਗਦਾ ਉਹ ਤੁਹਾਡੇ ਸਾਹਵੇਂ ਕਿਹੜੇ ਸੰਤ ਦੇ ਰੂਪ ਵਿਚ ਆ ਜਾਂਦਾ ਹੈ। ਉਹ ਡੋਗਰਾ ਬਣਕੇ ਸਿੱਖ ਰਾਜ ਵਿਚ ਆਣ ਵੜਿਆ ਤੇ ਕਿਧਰ ਗਿਆ ਸਿੱਖ ਰਾਜ? ਖਾ ਗਿਆ ਨਾ ਸਭ? ਤੇ ਹੁਣ ਉਹ ਤੁਹਾਡੀ ਹੀ ਕੌਮ ਦਾ 'ਬ੍ਰਹਮਗਿਆਨੀ' ਬਣ ਕੇ ਆ ਗਿਆ ਤੁਹਾਨੂੰ ਪਤਾ ਹੀ ਨਹੀ ਲੱਗਾ। ਉਹ ਕਹਿੰਦਾ ਆਹ ਚੱਕੋ ਟਕਸਾਲ! ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਸਾਜੀ ਨਿਵਾਜੀ? ਯਾਣੀ ਗੁਰੂ ਸਾਹਬ ਨੂੰ ਕੀ ਬੇਇਤਬਾਰੀ ਹੋ ਗਈ ਸੀ ਖਾਲਸਾ ਪੰਥ ਤੇ ਕਿ ਇੱਕ ਆਹ ਪੰਡੀਆਂ ਦੀ ਨਵੀ ਜਮਾਤ ਪੰਥ ਦੀ ਝੋਲੀ ਪਾ ਗਏ? ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਅਤੇ ਸੂਰਬੀਰਤਾ ਨੂੰ ਕੱਢ ਕੇ ਇਸ ਦੀ ਚੀਰ ਫਾੜ ਕਰਕੇ ਦੱਸੋ ਕਿ ਇਸ ਤੇ ਪੰਡੀਏ ਵਿਚ ਫਰਕ ਕੀ ਹੈ?
ਦਸਮ ਗਰੰਥ ਇਨ੍ਹਾਂ ਦਾ ਰੋਗ ਬਣ ਗਿਆ ਹੈ ਇਸ ਦੀ ਖਾਤਰ ਇਹ ਕਿਸੇ ਵੀ ਟੁੱਕੜਬੋਚ ਨਾਲ ਸਮਝੌਤਾ ਕਰ ਸਕਦੇ ਹਨ। ਚੋਣਾਂ ਵੇਲੇ ਬਾਦਲਾਂ ਨਾਲ ਕੀਤਾ ਨਹੀ? ਆਰ ਐਸ ਐਸ ਦੇ ਜੀ ਕੇ ਹੋਰਾਂ ਨਾਲ ਦਿੱਲੀ ਕੀਤਾ ਨਹੀ? ਜੂਆਂ ਮਾਰੇ ਭੰਗੜ ਤੇ ਵਿਹਲੜ ਮੂਰਖਾਂ ਦਾ ਟੋਲਾ ਇਨ੍ਹਾਂ ਲਈ ਅੱਜ ਗੁਰੂ ਕੀਆਂ ਲਾਡਲੀਆਂ ਫੌਜਾਂ? ਇਹ ਬਿਮਾਰੀ ਇਨ੍ਹਾਂ ਲਈ ਲਾ-ਇਲਾਜ ਹੈ। ਸ੍ਰੀ ਗੁਰੂ ਗਰੰਥ ਸਾਹਿਬ ਵੀ ਇਨ੍ਹਾਂ ਲਈ ਕੁਝ ਨਹੀ ਕਿਉਂਕਿ ਬ੍ਰਹਮਗਿਆਨੀਆਂ ਦੇ ਰੂਪ ਵਿਚ ਪੰਡੀਆ ਇਨ੍ਹਾਂ ਦੇ ਕੰਨ ਵਿਚ ਫੂਕ ਮਾਰ ਗਿਆ ਹੈ ਕਿ ਸ੍ਰੀ ਗੁਰੂ ਗਰੰਥ ਸਾਹਿਬ ਦੀ ਵਿਆਖਿਆ 'ਦਸਮ ਗਰੰਥ' ਹੈ, ਇਹੀ ਤੁਹਾਨੂੰ ਸੂਰਮੇ ਬਣਾਉਂਦਾ ਹੈ…? ਵੈਸੇ ਸੂਰਮੇ ਬਣਾ ਤਾਂ ਦਿੱਤਾ ਪਰ ਅਪਣਿਆਂ ਦਾ ਹੀ ਗਲ ਵੱਡਣ ਵਾਲੇ! ਨਹੀ ਤਾਂ ਤੁਹਾਨੂੰ ਜਾਪਦਾ ਕਿ ਧੁੰਮੇ ਵਰਗੇ ਦੀ ਔਕਾਤ ਹੈ ਕਿ ਉਹ ਕਿਸੇ ਦੀ ਸ਼ਬੀਲ ਲਾਵੇ? ਇਹ ਅਜਿਹਾ ਸੇਹ ਦਾ ਤਕਲਾ ਉਸ ਸਿੱਖ ਕੌਮ ਦੇ ਵਿਹੜੇ ਗੱਡ ਦਿੱਤਾ ਹੈ ਕਿ ਵੱਡੀ ਜਾਓ ਇਕ ਦੂਏ ਨੂੰ।
ਸਾਡੇ ਭਰਾ ਸਚਮੁਚ ਇਨੇ ਭੋਲੇ ਜਾਂ ਮੂਰਖ ਹਨ ਕਿ ਉਸ ਨੂੰ ਸਮਝ ਹੀ ਨਹੀ ਪਾ ਰਹੇ। ਮੇਰੀ ਕੌਮ ਦੀ ਬਦਕਿਸਮਤੀ ਦੇਖੋ ਕਿ ਅਗ ਲਾ ਕੇ ਡੱਬੂ ਕੰਧ ਤੇ ਬੈਠਾ ਤਮਾਸ਼ਾ ਦੇਖ ਰਿਹਾ ਹੈ ਪਰ ਇਧਰ ਆਪਸ ਵਿਚ ਹੀ ਲਾਲੀਆਂ ਚੜੀਆਂ ਹੋਈਆਂ ਹਨ। ਸ਼ਸਤਰਾਂ ਦੀ ਪੂਜਾ ਇਸ ਕਰਕੇ ਕਰਦੇ ਅਸੀਂ ਕਿ ਅਪਣਿਆਂ ਦੇ ਹੀ ਗਲ ਵਢੀਏ?
ਇਹ ਕ੍ਰਿਪਾਨਾ ਹੁਣ ਦੁਸ਼ਮਣ ਦਾ ਲਹੂ ਪੀਣਾ ਤਾਂ ਭੁੱਲ ਹੀ ਗਈਆਂ ਹਨ ਅਪਣੇ ਹੀ ਲਹੂਆਂ ਦੀਆਂ ਧਿਆਈਆਂ ਹੋ ਗਈਆਂ ਹਨ। ਅਪਣੇ ਹੀ ਲਹੂਆਂ ਵਿਚ ਇਸ਼ਨਾਨ ਕਰਦੀਆਂ ਨਜਰ ਆ ਰਹੀਆਂ ਹਨ।
ਇਥੇ ਰਾਧਾ ਸੁਆਮੀ ਆਉਂਦੇ ਹਨ, ਇਥੇ ਆਸ਼ੂਤੋਸ਼ ਆਉਂਦੇ ਹੈਨ, ਇਥੇ ਪੰਜਾਬ ਦੀਆਂ ਫਿਜਾਵਾਂ ਵਿਚ ਗੰਦ ਪਾਉਣ ਵਾਲੇ ਮੁਸ਼ਟੰਡੇ ਗਾਇਕ ਆਉਂਦੇ ਹਨ, ਇਥੇ ਚੁੰਨੀਆਂ ਲੈ ਲੈ ਭੇਟਾ ਗਾਉਂਣ ਵਾਲੇ ਬਾਦਲਾਂ ਦੇ ਪਾਲਤੂ ਆਉਂਦੇ ਹਨ,
ਪਰ 'ਖਾਲਸਾ ਜੀ' ਦੀਆਂ ਕ੍ਰਿਪਾਨਾ ਖਮੋਸ਼?
ਗੰਡਾਸੇ ਚੁੱਪ?
ਟੱਕੂਏ ਲੱਭਦੇ ਹੀ ਨਹੀ?
ਇਹ ਕਿਹੋ ਜਿਹੀ ਸ਼ਸਤਰ ਪੂਜਾ ਹੁੰਦੀ ਕਿ ਦੁਸ਼ਮਣ ਆਏ ਤੋਂ ਤਲਵਾਰ ਲੱਭਦੀ ਨਹੀ ਪਰ ਅਪਣੇ ਆਏ ਤੋਂ ਫੁੰਕਾਰੇ ਮਾਰਨ ਲੱਗ ਜਾਂਦੀ। ਇਹ ਚੰਡੀ ਪੁੱਠੀ ਨਹੀ ਪੈ ਗਈ ਲੱਗਦੀ 'ਸਿੰਘਾਂ' ਤੇ?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
< = ਸੇਹ ਦਾ ਤਕਲਾ = >
Page Visitors: 2619