ਕੈਟੇਗਰੀ

ਤੁਹਾਡੀ ਰਾਇ



ਸਰਵਜੀਤ ਸਿੰਘ ਸੈਕਰਾਮੈਂਟੋ
ਕੱਤਕ ਨਹੀਂ ਵੈਸਾਖ,ਜਨਮ ਸਾਖੀ ਭਾਈ ਬਾਲਾ ਦੀ ਅਸਲੀਅਤ
ਕੱਤਕ ਨਹੀਂ ਵੈਸਾਖ,ਜਨਮ ਸਾਖੀ ਭਾਈ ਬਾਲਾ ਦੀ ਅਸਲੀਅਤ
Page Visitors: 2713

ਕੱਤਕ ਨਹੀਂ ਵੈਸਾਖ,ਜਨਮ ਸਾਖੀ ਭਾਈ ਬਾਲਾ ਦੀ ਅਸਲੀਅਤ
ਸਰਵਜੀਤ ਸਿੰਘ ਸੈਕਰਾਮੈਂਟੋ
ਜਨਮ ਅਤੇ ਸਾਖੀ ਦੇ ਮੇਲ ਤੋਂ ਬਣੇ ਜਨਮ ਸਾਖੀ ਦਾ ਭਾਵ ਹੈ ਜਨਮ ਦੀ ਗਵਾਹੀ। ਸਿੱਖ ਇਤਿਹਾਸ ਨਾਲ ਸਬੰਧਿਤ ਜਨਮ ਸਾਖੀ, ਕੇਵਲ ਜਨਮ ਦੀ ਗਵਾਹੀ ਹੀ ਨਹੀ ਸਗੋਂ ਜੀਵਨ ਦੀ ਕਹਾਣੀ ਹੈ। ਵਿਦਵਾਨਾਂ ਦਾ ਮੱਤ ਹੈ ਕਿ ਜਨਮ ਸਾਖੀ ਗੁਰੂ ਜੀ ਦੇ ਜਨਮ ਨਾਲ ਸਬੰਧਿਤ ਸਾਖੀ ਦਾ ਸਿਰਲੇਖ ਸੀ ਜੋ ਹੌਲੀ-ਹੌਲੀ ਸਾਖੀਆਂ ਦੇ ਸਮੂਹ ਦਾ ਹੀ ਸਿਰਲੇਖ ਬਣ ਗਿਆ। ਸਿੱਖ ਇਤਿਹਾਸ ਦੇ ਪੁਰਾਤਨ ਵਸੀਲਿਆਂ ਵਿਚ ਜਨਮ ਸਾਖੀਆਂ ਦਾ ਮਹੱਤਵਪੂਰਨ ਅਸਥਾਨ ਹੈ। ਸਿੱਖ ਸਾਹਿਤ ਵਿਚ ਮਿਲਦੀਆਂ ਜਨਮ ਸਾਖੀਆਂ,
 “ਪੁਰਾਤਨ ਜਨਮ ਸਾਖੀ” ਜੋ ਹਾਫਜ਼ਾ ਵਾਦੀ, ਵਲਾਇਤ ਵਾਲੀ ਅਤੇ ਕੌਲਬਰੁਕ ਵਾਲੀ ਜਨਮ ਸਾਖੀ ਆਦਿ ਨਾਵਾਂ ਨਾਲ ਵੀ ਜਾਣੀ ਜਾਂਦੀ ਹੈ, “ਪੋਥੀ ਸਚ ਖੰਡ” ਮਿਹਰਬਾਨ ਵਾਲੀ ਜਨਮ ਸਾਖੀ, “ਆਦਿ ਸਾਖੀਆਂ” ਸ਼ੰਭੂ ਨਾਥ ਵਾਲੀ ਜਨਮ ਪਤ੍ਰੀ, ਭਾਈ ਬਾਲੇ ਵਾਲੀ ਜਨਮ ਸਾਖੀ, “ਗਿਆਨ ਰਤਨਾਵਲੀ”  ਭਾਈ ਮਨੀ ਸਿੰਘ ਵਾਲੀ ਜਨਮ ਸਾਖੀ,“ਜਨਮ ਸਾਖੀ ਨਾਨਕ ਸ਼ਾਹ ਕੀ” ਕ੍ਰਿਤ ਸੰਤ ਦਾਸ ਛਿੱਬਰ, ਜੋ ਭਾਈ ਬਾਲੇ ਵਾਲੀ ਦਾ ਹੀ ਕਾਵਿਕ ਰੂਪ ਹੈ, “ਆਦਿ ਸਾਖੀਆਂ” ਭਾਈ ਬੂਲਾ ਦੀ ਕ੍ਰਿਤ  ਅਤੇ ਸ਼ੀਹਾ ਉੱਪਲ ਦੀ ਕ੍ਰਿਤ “ਸਾਖੀ ਮਹਿਲ ਪਹਿਲੇ ਕੀ” ਪ੍ਰਸਿੱਧ ਹਨ।
 ਜਨਮ ਸਾਖੀਆਂ ਵਿੱਚ ਸਭ ਤੋਂ ਵੱਧ ਪ੍ਰਚੱਲਤ ਹੈ ਭਾਈ ਬਾਲੇ ਵਾਲੀ ਜਨਮ ਸਾਖੀ। ਇਸ ਦੇ ਪ੍ਰਚੱਲਤ ਹੋਣ ਦਾ ਕਾਰਨ ਹੈ ਪਿਛਲੀ ਡੇਢ ਸਦੀ ਤੋਂ ਗੁਰਦਵਾਰਿਆਂ ਵਿੱਚ ਭਾਈ ਸੰਤੋਖ ਸਿੰਘ ਦੇ ਲਿਖੇ ਸੂਰਜ ਪ੍ਰਕਾਸ਼ ਦੀ ਹੋ ਰਹੀ ਕਥਾ। ਇਸ ਜਨਮ ਸਾਖੀ ਦੇ ਹੱਥ ਲਿਖਤ ਉਤਾਰੇ ਬਹੁਤ ਮਿਲਦੇ ਹਨ ਅਤੇ  ਛਾਪੇ ਖ਼ਾਨੇ ਵਾਲਿਆਂ ਨੇ ਵੀ ਵਾਰ-ਵਾਰ ਇਸੇ ਨੂੰ ਹੀ ਛਾਪਿਆ ਹੈ। ਇਸ `ਚ ਕੋਈ ਸ਼ੱਕ ਨਹੀ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ ਦਾ ਹੀ ਪ੍ਰਚਾਰ ਸਭ ਤੋਂ ਵੱਧ ਹੋਇਆ ਹੈ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਜਨਮ ਸਾਖੀਆਂ ਦੀ ਪ੍ਰਮਾਣਿਕਤਾ ਬਾਰੇ ਵੀ ਸਭ ਤੋਂ ਵੱਧ ਪਰਖ-ਪੜਚੋਲ, ਭਾਈ ਬਾਲੇ ਵਾਲੀ ਜਨਮ ਸਾਖੀ ਦੀ ਹੀ ਹੋਈ ਹੈ।
ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪਰਖ ਦੇ ਆਰੰਭਕ ਉਪਰਾਲੇ ਵਜੋਂ, ਸਿੰਘ ਸਭਾ ਦੇ ਸਮੇਂ 1884 ਈ: ਵਿਚ ਪ੍ਰੋ: ਗੁਰਮੁਖ ਸਿੰਘ ਜੀ ਨੇ ‘ਜਨਮ ਕੁੰਡਲੀਆਂ’ ਲੇਖ ਆਪਣੇ ਮਾਸਿਕ ਪਤ੍ਰਿਕਾ ਸੁਧਾਰਕ ਵਿੱਚ ਛਾਪਿਆ ਸੀ। ਪਰ ਠੋਸ ਆਲੋਚਨਾਤਮਿਕ ਅਧਿਐਨ ਦਾ ਮੁੱਢ ਸ. ਕਰਮ ਸਿੰਘ ਹਿਸਟੋਰੀਅਨ ਨੇ 1912 ਈ: ਵਿਚ, ‘ਕੱਤਕ ਕਿ ਵੈਸਾਖ’ ਲਿਖ ਕੇ ਬੰਨ੍ਹਿਆਂ ਸੀ।
 ਇਸੇ ਤਰ੍ਹਾਂ ਹੀ ਪੁਰਾਤਨ ਜਨਮ ਸਾਖੀਆਂ ਦੀ ਸਾਂਭ-ਸੰਭਾਲ ਅਤੇ ਮੁੜ ਸੰਪਾਦਨਾ ਦਾ ਕਾਰਜ ਭਾਈ ਵੀਰ ਸਿੰਘ ਨੇ 1926 ਈ: ਵਿਚ, ਵਲੈਤ ਵਾਲੀ ਜਨਮਸਾਖੀ ਅਤੇ ਹਾਫਜਾਵਾਦੀ ਜਨਮਸਾਖੀ, ਜੋ ਲੱਗ ਭੱਗ ਸਮਰੂਪ ਹੀ ਹਨ, ਦੇ ਅਧਾਰ ਤੇ ਪੁਰਾਤਨ ਜਨਮਸਾਖੀ ਦੀ ਸੰਪਾਦਨਾ ਕਰਕੇ ਆਰੰਭ ਦਿੱਤਾ ਸੀ। ਪਰ ਵਿਦਿਅਕ ਅਦਾਰਿਆਂ ਵਿਚ ਵੱਡੀ ਪੱਧਰ ਤੇ ਇਸ ਵਿਸ਼ੇ ਤੇ ਖੋਜ ਕਾਰਜ ਦਾ ਆਰੰਭ, ਗੁਰੂ ਨਾਨਕ ਜੀ ਦੇ ਪ੍ਰਕਾਸ਼ ਦੀ ਪੰਜਵੀਂ ਸ਼ਤਾਬਦੀ ਭਾਵ 1969 ਈ: ਦੇ ਆਸ-ਪਾਸ ਹੀ ਹੋਇਆ ਸੀ।
ਸ. ਕਰਮ ਸਿੰਘ ਹਿਸਟੋਰੀਅਨ ਜੀ ਲਿਖਦੇ ਹਨ, “ਭਾਈ ਬਾਲੇ ਵਾਲੀ ਜਨਮ ਸਾਖੀ ਦੀ ਪੁਰਾਣੀ ਤੋਂ ਪੁਰਾਣੀ ਕਾਪੀ ਜੋ ਮਿਲ ਸਕੀ ਹੈ ਉਹ ਜਗਰਾਵੀਂ ਇਕ ਡੇਰੇ ਵਿਚੋਂ ਮਿਲੀ ਹੈ, ਇਸ ਦੇ ਲਿਖੇ ਜਾਣ ਦਾ ਸੰਮਤ ੧੭੮੧ ਮਿਤੀ ਮੱਘਰ ਵਦੀ ਦਸਮੀ ਹੈ। ਇਸ ਤੋਂ ਪਹਿਲਾਂ ਦੀ ਲਿਖੀ ਹੋਈ ਕਾਪੀ ਨਹੀਂ ਮਿਲਦੀ”। (ਪੰਨਾ 115) ਹੁਣ ਖੋਜੀ ਵਿਦਵਾਨਾਂ ਨੂੰ ਬਿਕ੍ਰਮੀ 1715 ਸੰਮਤ ਦੀ ਲਿਖੀ ਹੋਈ ਹੱਥ ਲਿਖਤ ਮਿਲੀ ਹੈ ਜੋ ਸ੍ਰੀ ਪਿਆਰੇ ਲਾਲ ਕਪੂਰ, ਦੀ ਸੰਤਾਨ ਪਾਸ ਸੁਰਖਿਅਤ ਹੈ। ਹੁਣ ਤਾਈਂ ਮਿਲੀਆਂ ਹੱਥ ਲਿਖਤਾਂ `ਚ ਇਹ ਸਭ ਤੋਂ ਪੁਰਾਣੀ ਹੱਥ ਲਿਖਤ ਮੰਨੀ ਗਈ ਹੈ। ਇਹ ਇਕੋ ਹੱਥ ਦੀ ਲਿਖਤ ਹੈ। ਇਸ ਦਾ ਲੇਖਕ ਲਾਹੌਰ ਨਿਵਾਸੀ ਗੋਰਖ ਨਾਥ ਹੈ। “ਸੰਮਤ ੧੭੧੫ ਮਾਘ ਸੁਦੀ ੬ ਪੋਥੀ ਲਿਖੀ ਗੁਰ ਪ੍ਰਸਾਦ ਗੋਰਖ ਦਾਸ ਸੰਗਤ ਗੁਰੂ ਜਾਚਕ”।
 ਇਹ ਤਾਰੀਖ 18 ਜਨਵਰੀ 1659 ਈ: (ਜੂਲੀਅਨ) ਬਣਦੀ ਹੈ। ਪਰ ਇਸ ਜਨਮ ਸਾਖੀ ਦੇ ਆਰੰਭ ਵਿੱਚ ਹੀ ਇਸ ਦਾ ਲੇਖਕ ਲਿਖਦਾ ਹੈ, “ਜਨਮ ਸਾਖੀ ਸ੍ਰੀ ਗੁਰੂ ਬਾਬੇ ਨਾਨਕ ਜੀ ਕੀ ਸੰਮਤ 1582, ਪੰਦ੍ਰਰਾ ਸੈ ਬੈਆਸੀਆਂ ਮਿਤੀ ਵੈਸਾਖ ਸੁਦੀ ਪੰਚਮੀ ਪੋਥੀ ਲਿਖੀ”। ਇਹ ਤਾਰੀਖ 27 ਅਪ੍ਰੈਲ 1525 ਈ: ਬਣਦੀ ਹੈ। ਜਦੋਂ ਕਿ ਗੁਰੂ ਜੀ ਅੱਸੂ ਵਦੀ 10 ਸੰਮਤ 1596 ਬਿਕ੍ਰਮੀ (7 ਸਤੰਬਰ 1539 ਈ:) ਜੋਤੀ ਜੋਤ ਸਮਾਏ ਸਨ।
ਕੋਈ ਸਮਾਂ ਸੀ ਜਦੋਂ ਸਾਧਨਾਂ ਦੀ ਕਮੀ ਕਾਰਨ ਸਿੱਖਾਂ ਵਿੱਚ ਪੜ੍ਹਨ ਦੀ ਬਹੁਤੀ ਰੁਚੀ ਨਹੀ ਸੀ। ਆਪ ਪੜ੍ਹਨ ਅਤੇ ਪਰਖ ਪੜਚੋਲ ਦੀ ਬਜਾਏ, ਪ੍ਰਚਾਰਕਾਂ ਵੱਲੋਂ ਸੁਣਾਈਆਂ ਸਾਖੀਆਂ ਨੂੰ ਹੀ ਸੱਚ ਮੰਨ ਲਿਆ ਜਾਂਦਾ ਸੀ।    
  ਅੱਜ ਸਾਡੇ ਪਾਸ ਬਹੁਤ ਸਾਰੇ ਸਾਧਨ ਹਨ ਅਤੇ ਪ੍ਰਚਾਰਕਾਂ ਦੀ ਨਵੀਂ ਪੀੜ੍ਹੀ, ਕੁਝ ਇਕ ਨੂੰ ਛੱਡ ਕੇ, ਪੜ੍ਹੀ ਲਿਖੀ ਹੈ, ਜੋ ਇਤਿਹਾਸ `ਚ ਦਰਜ ਸਾਖੀਆਂ ਨੂੰ ਗੁਰਬਾਣੀ ਦੀ ਕਸਵੱਟੀ ਅਤੇ ਵਿਗਿਆਨਕ ਨਿਯਮਾ ਨਾਲ ਪਰਖ ਪੜਚੋਲ ਕੇ ਪੇਸ਼ ਕਰਦੇ ਹਨ। ਪੜ੍ਹਨ-ਲਿਖਣ ਦੀ ਰੁਚੀ ਰੱਖਣ ਵਾਲੇ ਸੱਜਣ ਇਹ ਜਾਣਦੇ ਹਨ ਕਿ ਬਾਲੇ ਵਾਲੀ ਜਨਮ ਸਾਖੀ ਜੋ ਅੱਜ ਪ੍ਰਚਲਿਤ ਹੈ, ਇਹ ਗੁਰੂ ਅੰਗਦ ਜੀ ਵੱਲੋਂ ਲਿਖਾਈ, ਜਨਮ ਸਾਖੀ ਨਹੀਂ ਹੈ। ਬਹੁਗਿਣਤੀ ਵਿਦਵਾਨ ਇਸ ਗੱਲ ਨਾਲ ਸਹਿਮਤ ਹਨ ਕਿ ਭਾਈ ਬਾਲੇ ਦੇ ਨਾਮ ਨਾਲ ਜਾਣੀ ਜਾਂਦੀ ਜਨਮ ਸਾਖੀ ਹੰਦਾਲੀਆਂ ਵੱਲੋਂ ਲਿਖਵਾਈ ਹੋਈ ਹੈ। ਇਸ ਵਿੱਚ ਹੰਦਾਲ ਨੂੰ ਗੁਰੂ ਜੀ ਤੋਂ ਵੱਡਾ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਹੋਈ ਹੈ। ਇਸ ਜਨਮ ਸਾਖੀ ਵਿੱਚ ਬੇਅੰਤ ਭੁੱਲਾਂ ਦੇ ਨਾਲ-ਨਾਲ ਗੁਰੂ ਜੀ ਦਾ ਨਿਰਾਦਰ ਕਰਨ ਵਾਲੀਆਂ ਸਾਖੀਆਂ ਵੀ ਦਰਜ ਹਨ। ਜਿਵੇ ਕਿ ਮਝੌਤ ਵਾਲੀ ਅਤੇ ਸਹਿਜ ਕੁਸਹਿਜ ਵਾਲੀ ਸਾਖੀ।
ਹੰਦਾਲ ਦਾ ਜਨਮ, ਸੰਮਤ 1630 ਬਿਕ੍ਰਮੀ ਵਿਚ ਹੋਇਆ ਸੀ। “ਸੰਮਤ ੧੬੩੦ ਵਿਸਾਖ ਸੁਦੀ ਪੂਰਨਮਾਸ਼ੀ ਸਵਾਂਤੀ ਨਿਛੱਤ੍ਰ ਡੇਢ ਪਹਿਰ ਰਾਤ ਰਹਿੰਦੀ ਐਤਵਾਰ ਗੁਰੂ ਜੀ ਦਾ ਜਨਮ ਹੋਇਆ” (ਸ੍ਰੀ ਗੁਰੂ ਹੰਦਾਲ ਪ੍ਰਕਾਸ਼, ਪੰਨਾ 31) (ਯਾਦ ਰਹੇ ਵੈਸਾਖ ਸੁਦੀ ਪੂਰਨਮਾਸ਼ੀ ਨੂੰ 17 ਅਪ੍ਰੈਲ ਦਿਨ ਸ਼ੁੱਕਰਵਾਰ ਸੀ ਨਾਕਿ ਐਤਵਾਰ) ਹੰਦਾਲ ਦੀ ਮੌਤ ਸੰਮਤ ੧੭05 ਬਿਕ੍ਰਮੀ  ਨੂੰ ਹੋਈ ਸੀ। ਇਸ ਦੇ ਪੁੱਤਰ ਬਿਧੀ ਚੰਦ ਦਾ ਜਨਮ ਸੰਮਤ 1660 ਬਿਕ੍ਰਮੀ ਅਤੇ ਮੌਤ ਸੰਮਤ 1715 ਬਿਕ੍ਰਮੀ ਨੂੰ ਹੋਈ ਸੀ। ਬਾਲ ਚੰਦ, ਬਿਧੀ ਚੰਦ ਤੋਂ 3 ਸਾਲ ਵੱਡਾ ਸੀ। ਵਿਦਵਾਨਾਂ ਦਾ ਵਿਚਾਰ ਹੈ ਕਿ ਇਹ ਬਾਲ ਚੰਦ ਹੀ ਬਾਲਾ ਹੈ।
ਡਾ. ਗੁਰਬਚਨ ਕੌਰ ਜੀ ਲਿਖਦੇ ਹਨ, “ਬਾਲਾ, ਇਸ ਜਨਮ ਸਾਖੀ ਦਾ ਵਿਸ਼ੇਸ਼ ਪਾਤਰ ਹੈ ਜੋ ਗੁਰੂ ਨਾਨਕ ਜੀ ਦਾ ਸਾਥੀ ਹੋਣ ਦਾ ਦਾਅਵਾ ਕਰਦਾ ਹੈ ਤੇ ਆਪਣੇ ਆਪ ਨੂੰ ਗੁਰੂ ਅੰਗਦ ਸਾਹਿਬ ਦੀ ਹਜ਼ੂਰੀ ਵਿਚ ਗੁਰੂ ਨਾਨਕ ਦੀ ਜੀਵਨੀ ਲਿਖਾਉਣ ਵਾਲਾ ਸਿੱਧ ਕਰਦਾ ਹੈ। ਪਰ ਜਨਮ ਸਾਖੀ ਦੀਆਂ ਅੰਦਰਲੀਆਂ ਗਵਾਈਆਂ ਦੇ ਅਧਾਰ ਉੱਤੇ ਸਿੱਧ ਕੀਤਾ ਗਿਆ ਹੈ ਕਿ ਇਹੋ ਜਿਹਾ ਕੋਈ ਇਤਿਹਾਸਿਕ ਵਿਅਕਤੀ ਨਹੀਂ ਹੋਇਆ, ਸਗੋਂ ਇਸ ਸਾਰੇ ਖੜ ਜੰਤਰ ਨੂੰ ਰਚਣ ਦਾ ਕੰਮ, ਬੜੀ ਚਤਰਾਈ ਨਾਲ, ਹੰਦਾਲ ਦੇ ਜੇਠੇ ਲੜਕੇ ‘ਬਾਲ ਚੰਦ ਨੇ ਕੀਤਾ ਹੈ। ਇਹ ਇਕ ਨਵੀਂ ਲੱਭਤ ਹੈ”। (ਜਨਮ ਸਾਖੀ ਭਾਈ ਬਾਲਾ ਦਾ ਪਾਠ-ਪ੍ਰਮਾਣੀਕਰਣ ਤੇ ਆਲੋਚਨਾਤਮਿਕ ਸੰਪਾਦਨ, ਪੰਨਾ 146)
ਕਵੀ ਸੰਤੋਖ ਸਿੰਘ ਨੇ ਆਪਣੇ ਗ੍ਰੰਥ ‘ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਦ’ ਦੇ 37ਵੇਂ ਅਧਿਆਇ “ਨਾਨਕ ਪ੍ਰਕਾਸ਼ ਕਿਨ੍ਹਾਂ ਪੁਸਤਕਾਂ ਤੋਂ ਬਣਿਆ” ਵਿੱਚ ਆਪਣੇ ਸਰੋਤਾਂ ਦਾ ਜਿਕਰ ਕਰਦੇ ਲਿਖਦੇ ਹਨ:
ਪੂਰਬ ਪੋਥੀ ਜੋ ਲਿਖੀ ਸ੍ਰੀ ਨਾਨਕ ਇਤਿਹਾਸ। ਲਿਖਵਾਈ ਅੰਗਦ ਗੁਰੂ ਬਾਲੇ ਬਦਨ ਪ੍ਰਕਾਸ਼।।੧੩।।
ਉਪ੍ਰੋਕਤ ਪੰਗਤੀ ਤੋਂ ਸਪੱਸ਼ਟ ਹੈ ਕਿ ਕਵੀ ਭਾਈ ਸੰਤੋਖ ਸਿੰਘ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਜਿਕਰ ਕਰ ਰਹੇ ਹਨ ਜੋ ਇਨ੍ਹਾਂ ਦਾ ਇਤਿਹਾਸਕ ਸਰੋਤ ਹੈ। ਇਸ ਤੋਂ ਅੱਗੇ ਕਵੀ ਜੀ, ਹੰਦਾਲ ਦਾ ਜਿਕਰ ਕਰਦੇ ਹੋਏ ਲਿਖਦੇ ਹਨ ਕਿ ਹੰਦਾਲ ਦੇ ਘਰ ਇਕ ਨੀਚ ਪੈਦਾ ਹੋ ਗਿਆ। ਜਿਸ ਦੇ ਹੱਥ ਗੁਰੂ ਅੰਗਦ ਜੀ ਵੱਲੋਂ ਲਿਖਵਾਈ ਪੋਥੀ ਆ ਗਈ। ਉਸ ਨੇ ਇਕ ਕਬੀਰ ਪੰਥੀ ਨਾਲ ਮਿਲ ਕੇ ਮਿਲਾਵਟੀ ਪੋਥੀ ਤਿਆਰ ਕਰ ਦਿੱਤੀ ਜਿਸ ਵਿੱਚ ਉਸ ਨੇ ਹੰਦਾਲ ਦੀ ਵਡਿਆਈ ਕੀਤੀ ਅਤੇ ਗੁਰੂ ਨਾਨਕ ਜੀ ਸਬੰਧੀ ਅਯੋਗ ਸਾਖੀਆਂ ਇਸ ਆਸ ਨਾਲ ਲਿਖ ਦਿੱਤੀਆਂ ਕਿ ਗੁਰੂ ਦੇ ਸਿੱਖ ਸਾਨੂੰ ਮੰਨਣ ਲੱਗ ਪੈਣਗੇ। ਅਸਲ ਪੋਥੀ ਨੂੰ ਪਾੜ ਕੇ ਬਿਆਸ ਦਰਿਆ ਦੇ ਸਪੁਰਦ ਕਰ ਦਿੱਤਾ।
ਹਮਕੋ ਮਨਹਿਂਗੇ ਬਹੁ ਮਾਨਵ।
ਲਿਖੀ ਅਧਿਕਤਾ ਉਰ ਆਨਵ।
ਪੂਰਬ ਪੋਥੀ ਹੁਤੀ ਜੋ ਸੋਈ। 
ਦਈ ਬਿਆਸ ਬੀਚ ਡਬੋਇ।।
੨੭।।
ਪੰਨੇ ਛੇਦੇ ਦਈ ਬਹਾਈ।
ਜੋ ਸ੍ਰੀ ਗੁਰੂ ਅੰਗਦ ਲਿਖਵਾਈ।
ਤਿਹ ਕੋ ਤਾਤਪਰਜ ਸਭਿ ਚੀਨੇ।
ਅਧਿਕ ਬਚਨ ਅਪਨੇ ਲਿਖਿ ਦੀਨੇ
।।੨੮।।
ਕਵੀ ਸੰਤੋਖ ਸਿੰਘ ਦੀ ਉਪ੍ਰੋਕਤ ਲਿਖਤ ਤੋਂ ਇਹ ਸਪੱਸ਼ਟ ਹੈ, ਕਵੀ ਦੀ ਜਾਣਕਾਰੀ ਦਾ ਵਸੀਲਾ ਭਾਈ ਬਾਲੇ ਵਾਲੀ ਮਿਲਾਵਟੀ ਜਨਮ ਸਾਖੀ ਹੈ। “ਕਰਿ ਕੁਕਰਮ ਅਨਸ਼ੋਧ ਬਨਾਈ ਅਪਨ ਵਡਿਨ ਕੀ ਕੀਰਤਿ ਪਾਈ”। ਕਵੀ ਜੀ ਲਿਖਦੇ ਹਨ ਕਿ ਹੰਦਾਲੀਆਂ ਨੇ ਅਸਲ ਜਨਮ ਸਾਖੀ ਨੂੰ ਪਾੜ ਕੇ ਬਿਆਸ ਦਰਿਆ `ਚ ਰੋੜ ਦਿੱਤਾ ਸੀ। ਜੇ ਇਹ ਸੱਚ ਹੈ ਤਾਂ ਇਹ ਘਟਨਾ ਸੰਮਤ 1715 ਬਿਕ੍ਰਮੀ (1658 ਈ:) ਤੋਂ ਪਹਿਲਾ ਦੀ ਹੀ ਹੋ ਸਕਦੀ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਕਵੀ ਜੀ ਖ਼ੁਦ ਮੰਨਦੇ ਹਨ ਕਿ ਉਨ੍ਹਾਂ ਦਾ ਸਰੋਤ ਹੰਦਾਲੀਆਂ ਵਾਲੀ ਮਿਲਾਵਟੀ ਜਨਮ ਸਾਖੀ ਹੈ ਤਾ ਉਨ੍ਹਾਂ ਦੀ ਲਿਖਤ ‘ਸ੍ਰੀ ਗੁਰੂ ਨਾਨਕ ਪ੍ਰਕਾਸ਼’ ਵਿਸ਼ਵਾਸ ਯੋਗ ਕਿਵੇਂ ਮੰਨੀ ਜਾ ਸਕਦੀ ਹੈ?
ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਭਾਈ ਮਰਦਾਨਾ ਜੀ ਦਾ ਤਾਂ ਜ਼ਿਕਰ ਕੀਤਾ ਹੈ, ਭਾਈ ਬਾਲੇ ਦਾ ਨਹੀ।
ਫਿਰਿ ਬਾਬਾ ਗਿਆ ਬਗਦਾਦ ਨੋ ਬਹਾਰ ਜਾਇ ਕੀਆ ਅਸਾਥਨਾ॥
ਇਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ
”॥
ਇਸ ਜਨਮ ਸਾਖੀ ਬਾਰੇ ਕਰਮ ਸਿੰਘ ਹਿਸਟੋਰੀਅਨ ਦੀ ਖੋਜ ਦਾ ਤੱਤ ਸਾਰ,
 “ਪਾਠਕ ਜੀ! ਮੈਂ ਭਾਈ ਗੁਰਮੁਖ ਸਿੰਘ ਜੀ ਸਵਰਗਵਾਸੀ ਨਾਲ ਇਕ ਸੁਰ ਹੋ ਦੁਹਾਈ ਦੇ ਕੇ ਆਖਦਾ ਹਾਂ ਕਿ ਇਹ ਸਾਖੀ ਸ਼ੁਰੂ ਤੋਂ ਲੈ ਕੇ ਅਖੀਰ ਤਕ ਜਾਲੀ ਹੈ, ਝੂਠੀ ਹੈ, ਬਨਾਉਟੀ ਹੈ, ਨਿੰਦਿਆ ਨਾਲ ਭਰੀ ਪਈ ਹੈ, ਸੁਨਣ ਦੇ ਯੋਗ ਨਹੀ, ਦੇਖਣ ਦੇ ਕੰਮ ਨਹੀਂ, ਮੰਨਣ ਦੇ ਲੈਕ ਨਹੀਂ, ਏਸ ਨੂੰ ਬੰਨ੍ਹ ਕੇ ਅਜਿਹੇ ਥਾਂ ਪੁਚਾਉਣਾ ਚਾਹੀਂਏ ਜਿਥੋਂ ਇਸ ਦਾ ਖੁਰਾ ਖੋਜ ਨਾ ਮਿਲੇ”। (ਕੱਤਕ ਕਿ ਵਿਸਾਖ- ਪੰਨਾ 131)
  ਪੁਰਾਤਨ ਜਨਮ ਸਾਖੀਆਂ, ਪੋਥੀ ਸੱਚ ਖੰਡ (1619 ਈ:), ਜਨਮ ਪਤ੍ਰੀ ਬਾਬੇ ਜੀ ਕੀ (1597 ਈ:) ਅਤੇ ਸਾਖੀ ਮਹਿਲ ਪਹਿਲੇ ਕੀ (1574 ਈ:) ਵਿੱਚ ਕਿਤੇ ਵੀ ਭਾਈ ਬਾਲੇ ਦਾ, ਗੁਰੂ ਨਾਨਕ ਜੀ ਦੇ ਨਿਕਟਵਰਤੀ ਵਜੋਂ ਜਿਕਰ ਨਹੀਂ ਹੈ। ਸਪੱਸ਼ਟ ਹੈ ਕਿ ਭਾਈ ਬਾਲੇ ਨਾਮ ਦਾ ਕੋਈ ਵਿਅਕਤੀ ਗੁਰੂ ਨਾਨਕ  ਜੀ ਦਾ ਨਿਕਟਵਰਤੀ ਨਹੀਂ ਸੀ। ਭਾਈ ਬਾਲੇ ਵਾਲੀ ਮੌਜੂਦਾ ਜਨਮ ਸਾਖੀ, ਗੁਰੂ ਅੰਗਦ ਜੀ ਵੱਲੋਂ ਲਿਖਵਾਈ ਹੋਈ ਨਹੀਂ ਹੈ। ਇਸ ਜਨਮਸਾਖੀ ਦੇ ਆਰੰਭ ਵਿੱਚ ਲਿਖੀ ਤਾਰੀਖ ਇਸ ਨੂੰ, ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਲੱਗ ਭੱਗ 14 ਸਾਲ ਪਹਿਲਾ ਦੀ ਲਿਖੀ ਦੱਸ ਰਹੀ ਹੈ। ਇਸ ਦੇ ਆਰੰਭ ਵਿਚ ਲਿਖਿਆ ਸਾਲ (1582) ਅਤੇ ਅੰਤ ਵਿੱਚ ਦਰਜ ਇਸ ਦੇ ਲਿਖੇ ਜਾਣ ਦੇ ਸਾਲ (1715) ਵਿੱਚ 133 ਸਾਲ ਦਾ ਫਰਕ ਹੈ।
   ਸਭ ਤੋਂ ਮਹੱਤਵ ਪੂਰਨ ਸਵਾਲ ਹੈ, ਗੁਰੂ ਅੰਗਦ ਜੀ ਵੱਲੋਂ ਭਾਈ ਬਾਲੇ ਨੂੰ ਪੁੱਛਣਾ,
 “ਸਿਖਾ ਕਿਥੋਂ ਆਇਓ ਸੁ ਕਿਵ ਕਰਿ ਆਵਣ ਹੋਇਆ ਹੈ ਜੀ। ਕਉਣ ਹੁੰਦੇ ਹੋ”?
ਕੀ ਇਸ ਜਨਮ ਸਾਖੀ ਦੇ ਅੰਦਰਲੀਆਂ ਗਵਾਈਆਂ ਹੀ ਇਸ ਨੂੰ ਰੱਦ ਕਰਨ ਲਈ ਕਾਫੀ ਨਹੀਂ ਹਨ? ਬਾਲਾ, ਇਕ ਕਾਲਪਨਿਕ ਪਾਤਰ ਹੈ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਮੌਜੂਦਾ ਜਨਮ ਸਾਖੀ ਝੂਠੀ ਅਤੇ ਜਾਹਲੀ ਹੈ। ਸਾਡਾ ਇਹ ਦਾਵਾ ਉਨ੍ਹਾਂ ਚਿਰ ਕਾਇਮ ਰਹੇਗਾ, ਜਿੰਨਾ ਚਿਰ ਸਬੰਧਿਤ ਧਿਰਾਂ ਸੰਮਤ 1697 ਬਿਕ੍ਰਮੀ (1540 ਈ:) ਦੀ ਲਿਖੀ ਹੋਈ ਭਾਈ ਬਾਲੇ ਦੀ ਅਸਲ ਲਿਖਤ ਪੇਸ਼ ਨਹੀ ਕੀਤੀ ਜਾਂਦੀ। ਹੁਣ ਜਦੋਂ ਭਾਈ ਬਾਲਾ ਅਤੇ ਉਸ ਦੇ ਨਾਮ ਨਾਲ ਜਾਣੀ ਜਾਂਦੀ ਜਨਮਸਾਖੀ ਹੀ ਰੱਦ ਹੋ ਗਈ ਹੈ ਤਾਂ ਇਸ ਅਤੇ ਇਸੇ ਸ਼ਾਖ਼ ਦੀਆਂ ਹੋਰ ਲਿਖਤਾਂ ਵਿੱਚ ਦਰਜ, ਗੁਰੂ ਨਾਨਕ ਜੀ ਦੀ ਜਨਮ ਤਾਰੀਖ ‘ਕੱਤਕ ਦੀ ਪੁੰਨਿਆ’ ਵੀ ਆਪਣੇ ਆਪ ਹੀ ਰੱਦ ਹੋ ਜਾਂਦੀ ਹੈ।

 





 

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.