ਸੁਆਰਥੀ ਕਿਰਦਾਰ ਵਾਲੇ ਸਿੱਖ ਆਗੂਆਂ ਤੋਂ ਵੱਡਾ ਸਿੱਖੀ ਦਾ ਦੁਸ਼ਮਨ ਹੋਰ ਕੋਈ ਨਹੀਂ
ਕਿਰਪਾਲ ਸਿੰਘ ਬਠਿੰਡਾ 9855480797
ਸਿਆਸੀ ਖਾਸ ਕਰਕੇ ਸੁਆਰਥੀ ਕਿਰਦਾਰ ਵਾਲੇ ਸਿੱਖ ਆਗੂਆਂ ਤੋਂ ਵੱਡਾ ਸਿੱਖੀ ਦਾ ਦੁਸ਼ਮਨ ਹੋਰ ਕੋਈ ਨਹੀਂ ਹੋ ਸਕਦਾ ਜਿਨ੍ਹਾਂ ਨੇ ਆਪਣੇ ਨਿਜ ਸੁਆਰਥਾਂ ਲਈ ਸਿੱਖ ਜਜ਼ਬਾਤਾਂ ਅਤੇ ਬਹੁਗਿਣਤੀ ਤਬਕੇ ਦੀ ਕੁਟਲਿਤਾ ਦੀ ਹਮੇਸਾਂ ਰੱਜ ਕੇ ਦੁਰਵਰਤੋਂ ਕੀਤੀ ਹੈ। ਪੰਜਾਬ ਅਤੇ ਖਾਸ ਕਰਕੇ ਸਿੱਖਾਂ ਦੇ ਦੁਖਾਂਤ ਦਾ ਪਿਛੋਕੜ ਸਤਾ ਦੇ ਭੁੱਖੇ ਸਿਆਸੀ ਲੋਕਾਂ ਦੀ ਨਖਿੱਧ ਸੋਚ ਤੋਂ ਹੀ ਸ਼ੁਰੂ ਹੁੰਦਾ ਹੈ।
ਅਕਾਲੀ ਦਲ ਦੀ ਹੋਂਦ ਸਿੱਖੀ ਸਿਧਾਂਤਾਂ ਨੂੰ ਲਾਗੂ ਕਰਨ ਵਿੱਚ ਆਉਣ ਵਾਲੀਆਂ ਸੰਭਾਵੀ ਰਾਜਨੀਤਕ ਰੁਕਾਵਟਾਂ ਦਾ ਮੁਕਾਬਲਾ ਕਰਨ ਦੇ ਟੀਚੇ ਨੂੰ ਮੁੱਖ ਰੱਖ ਕੇ ਕੀਤੀ ਗਈ ਸੀ। ਪਰ ਅਕਾਲੀ ਆਗੂਆਂ ਨੇ ਹਮੇਸ਼ਾਂ ਸਿੱਖ ਧਰਮ ਨੂੰ ਆਪਣੀਆਂ ਸਿਆਸੀ ਲਾਲਸਾਵਾਂ ਪੂਰੀਆਂ ਕਰਨ ਹਿੱਤ ਵਰਤਿਆ। ਅਜਾਦ ਭਾਰਤ ਦੇ ਅਣਵੰਡੇ ਪੂਰੇ ਪੰਜਾਬ ਵਿੱਚ ਗੁਰਮੁਖੀ ਲਿਪੀ ਵਿੱਚ ਪੰਜਾਬੀ ਭਾਸ਼ਾ ਨੂੰ ਲਾਜਮੀ ਵਿਸ਼ੇ ਦੇ ਤੌਰ ’ਤੇ ਪੜ੍ਹਾਏ ਜਾਣ ਅਤੇ ਸਰਕਾਰੀ ਕੰਮਕਾਰ ਪੰਜਾਬੀ ਭਾਸ਼ਾ ਵਿੱਚ ਕੀਤੇ ਜਾਣ ਦੀ ਮੰਗ ਪੂਰੀ ਕਰਵਾਉਣ ਦੀ ਥਾਂ ਪੰਜਾਬੀ ਬੋਲੀ ਦੇ ਅਧਾਰ ’ਤੇ ਵੱਖਰੇ ਪੰਜਾਬੀ ਸੂਬੇ ਦੀ ਮੰਗ ਨੂੰ ਲੈ ਕੇ ਮੋਰਚੇ ਲਾਏ, ਜਿਸ ਪਿੱਛੇ ਭਾਵਨਾ ਇਹ ਸੀ ਕਿ ਪੂਰੇ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਦੇ ਅਸਾਰ ਬਣਨ ਦੇ ਚਾਂਸ ਨਹੀਂ ਸਨ ਜਦੋਂ ਕਿ ਪੰਜਾਬੀ ਸੂਬੇ ਵਿੱਚ ਉਨ੍ਹਾਂ ਦੀ ਸਰਦਾਰੀ ਕਾਇਮ ਹੋ ਸਕਦੀ ਹੈ ।
ਆਰੀਆ ਸਮਾਜੀ ਹਿੰਦੂ ਆਗੂਆਂ ਤੇ ਕਾਂਗਰਸੀ ਆਗੂਆਂ ਨੇ ਇਸ ਮੰਗ ਦਾ ਵਿਰੋਧ ਕਰਦਿਆਂ ਹਿੰਦੂ ਭਾਵਨਾਵਾਂ ਨੂੰ ਭੜਕਾਇਆ ਤੇ ਪੰਜਾਬੀ ਬੋਲਦੇ ਹਿੰਦੂਆਂ ਨੂੰ ਵੀ ਆਪਣੀ ਮਾਂ ਬੋਲੀ ਪੰਜਾਬੀ ਤੋਂ ਮੁਨਕਰ ਹੋਣ ਲਈ ਉਤੇਜਿਤ ਕੀਤਾ ਜਿਸ ਦਾ ਸਿੱਟਾ ਲੰਬੇ ਸੰਘਰਸ਼ ਤੇ ਭਾਰੀ ਕੁਰਬਾਨੀਆਂ ਤੋਂ ਬਾਅਦ ਲੰਗੜੇ ਪੰਜਾਬੀ ਸੂਬੇ ਦੀ ਬਣਤਰ ਵਿੱਚ ਨਿਕਲਿਆ ਜਿਸ ਦੀ ਰਾਜਧਾਨੀ ਅਤੇ ਇੱਕੋ ਇੱਕ ਕੁਦਰਤੀ ਸੋਮੇ ਦਰਿਆਈ ਪਾਣੀਆਂ ਦਾ ਕੰਟਰੋਲ ਵੀ ਇਸ ਤੋਂ ਖੋਹ ਲਿਆ। ਇਨਸਾਫ ਪ੍ਰਾਪਤ ਕਰਨ ਲਈ ਅਕਾਲੀ ਦਲ ਨੇ ਮੋਰਚੇ ਲਾਏ ਜਿਸ ਵਿੱਚ ਕੁਝ ਧਾਰਮਿਕ ਮੰਗਾਂ ਰੱਖ ਕੇ ਇਸ ਨੂੰ ਧਰਮ ਯੁੱਧ ਮੋਰਚੇ ਦਾ ਨਾਮ ਦਿੱਤਾ। ਕਾਂਗਰਸੀ ਆਗੂਆਂ ਤੇ ਸਿੱਖ ਵਿਰੋਧੀ ਮਾਨਸਿਕਤਾ ਰੱਖਣ ਵਾਲਿਆਂ ਨੇ ਇਸ ਨੂੰ ਵੱਖਵਾਦ ਤੇ ਖ਼ਾਲਸਤਾਨ ਦੀ ਮੰਗ ਦੇ ਤੌਰ ’ਤੇ ਪ੍ਰਚਾਰ ਕੇ ਸਿੱਖਾਂ ਵਿਰੁੱਧ ਸਾਰੇ ਭਾਰਤ ਵਿੱਚ ਨਫਰਤ ਭਰੀ ਤੇ ਆਖਰ ਜੂਨ 1984 ’ਚ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਕੇ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਨਵੰਬਰ 1984 ’ਚ ਦਿੱਲੀ ਸਮੇਤ ਪੂਰੇ ਭਾਰਤ ਵਿੱਚ ਸਿੱਖ ਨਸਲਕੁਸ਼ੀ ਕਰਨ ਤੋਂ ਗੁਰੇਜ਼ ਨਹੀਂ ਕੀਤਾ।
ਇਸ ਦਾ ਕਾਂਗਰਸ ਨੂੰ ਰਾਜਨੀਤਕ ਤੌਰ ’ਤੇ ਇਤਨਾ ਲਾਭ ਹੋਇਆ ਕਿ ਸਿਆਸਤ ਵਿੱਚ ਬਿਲਕੁਲ ਨਵੇਂ ਅਤੇ ਅਨਾੜੀ ਆਗੂ ਰਾਜੀਵ ਗਾਂਧੀ ਦੀ ਅਗਵਾਈ ਵਿੱਚ ਕਾਂਗਸ ਪਾਰਟੀ ਨੂੰ 1985 ’ਚ ਇਤਨਾ ਭਾਰੀ ਬਹੁਮਤ ਮਿਲਿਆ ਜਿਤਨਾ ਕਦੀ ਅਜਾਦੀ ਤੋਂ ਬਾਅਦ ਨਹਿਰੂ ਦੀ ਅਗਵਾਈ ਹੇਠ ਵੀ ਕਦੀ ਨਹੀਂ ਸੀ ਮਿਲਿਆ। ਕਾਂਗਰਸ ਦੀ ਇਸ ਪ੍ਰਾਪਤੀ ਨੇ ਹੀ ਘੱਟ ਗਿਣਤੀਆਂ ’ਤੇ ਦਮਨ ਕਰਕੇ ਬਹੁਗਿਣਤੀ ਦੇ ਅਸਲੀ ਰਾਖੇ ਹੋਣ ਦੇ ਭਰਮ ਪੈਦਾ ਕਰਕੇ ਉਨ੍ਹਾਂ ਦੀਆਂ ਵੋਟਾਂ ਦੇ ਸਹਾਰੇ ਰਾਜਨੀਤੀ ਦੇ ਸਿਖਰਲੇ ਡੰਡੇ ’ਤੇ ਪਹੁੰਚਣ ਦੀ ਘਟੀਆ ਨੀਤੀ ’ਤੇ ਸਿਆਸੀ ਮੋਹਰ ਲਾਈ ਜਿਸ ਦਾ ਉਸ ਤੋਂ ਬਾਅਦ ਭਾਜਪਾ ਖੂਬ ਲਾਹਾ ਲੈ ਰਹੀ ਹੈ। ਪਹਿਲਾਂ 2002 ਵਿੱਚ ਗੁਜਰਾਤ ਵਿੱਚ ਮੁਸਲਮਾਨਾਂ ਦੇ ਸਮੂਹਕ ਕਤਲੇਆਮ ਦੀ ਪੌੜੀ ’ਤੇ ਚੜ੍ਹ ਕੇ ਗੁਜਰਾਤ ਦਾ ਮੁੱਖ ਮੰਤਰੀ ਤੇ ਹੁਣ ਪ੍ਰਧਾਨ ਮੰਤਰੀ ਪਦ ’ਤੇ ਪਹੁੰਚਣ ਵਾਲਾ ਨਰਿੰਦਰ ਮੋਦੀ ਤੇ ਹੁਣ ਮੁਸਲਮਾਨਾਂ ਵਿਰੁੱਧ ਜ਼ਹਿਰ ਉਗਲਣ ਵਾਲੇ ਅਦਿਤਿਆ ਨਾਥ ਜੋਗੀ ਦਾ ਯੂ.ਪੀ. ਦਾ ਮੁੱਖ ਮੰਤਰੀ ਬਣਨਾ ਇਸ ਦੀਆਂ ਉੱਘੀਆਂ ਉਦਾਹਰਣਾਂ ਹਨ।
ਹੁਣ ਵਾਪਸ ਪੰਜਾਬ ਵੱਲ ਪਰਤਦੇ ਹਾਂ। ਭਾਰੀ ਕੁਰਬਾਨੀਆਂ ਤੋਂ ਬਾਅਦ ਮਿਲੇ ਲੰਗੜੇ ਪੰਜਾਬੀ ਸੂਬੇ ਵਿੱਚ ਅੱਜ 50 ਸਾਲ ਬੀਤ ਜਾਣ ਉਪ੍ਰੰਤ ਵੀ ਪੰਜਾਬੀ ਭਾਸ਼ਾ ਦਾ ਵਿਕਾਸ ਤਾਂ ਕੀ ਹੋਣਾ ਸੀ ਸਗੋਂ 1966 ਤੋਂ ਪਹਿਲਾਂ ਵਾਲੀ ਸਥਿਤੀ ਤੋਂ ਵੀ ਕਈ ਗੁਣਾਂ ਵੱਧ ਨਿਘਾਰ ਹੋਇਆ ਤਾਂ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬੀ ਸੂਬੇ ਦੀ ਮੰਗ ਪਿੱਛੇ ਪੰਜਾਬੀ ਭਾਸ਼ਾ ਦਾ ਵਿਕਾਸ ਨਹੀਂ ਬਲਕਿ ਸਿਆਸੀ ਕਾਰਨ ਸਨ। ਦਰਬਾਰ ਸਾਹਿਬ ’ਤੇ ਅਟੈਕ ਤੋਂ ਬਾਅਦ ਸ਼ਾਇਦ ਕੈਪਟਨ ਅਮਰਿੰਦਰ ਸਿੰਘ ਦੀਆਂ ਧਾਰਮਿਕ ਭਾਵਨਾਂਵਾਂ ਸੱਚਮੁਚ ਹੀ ਜਖ਼ਮੀ ਹੋਈਆਂ ਜਾਂ ਇਸ ਪਿੱਛੇ ਕੁਝ ਹੋਰ ਰਾਜਨੀਤਕ ਕਾਰਨ ਸਨ ਜਿਸ ਕਾਰਨ ਉਨ੍ਹਾਂ ਨੇ ਇਸ ਰੋਸ ਵਿੱਚ ਕਾਂਗਰਸ ਦੀ ਮੁਢਲੀ ਮੈਂਬਰਸ਼ਿੱਪ ਅਤੇ ਲੋਕ ਸਭ ਦੀ ਮੈਂਬਰੀ ਤੋਂ ਅਸਤੀਫਾ ਦੇ ਦਿੱਤਾ ਤੇ ਕੁਝ ਸਮਾਂ ਆਪਣੀ ਵੱਖਰੀ ਪਾਰਟੀ ਬਣਾਉਣ ਪਿੱਛੋਂ ਅਕਾਲੀ ਦਲ ਵਿੱਚ ਸ਼ਾਮਲ ਹੋ ਗਿਆ। ਇਸ ਦੌਰਾਨ ਉਹ ਬਰਨਾਲਾ ਸਰਕਾਰ ਵਿੱਚ ਖੇਤਬਾੜੀ ਮੰਤਰੀ ਵੀ ਬਣਿਆ ਪਰ ਬਰਨਾਲਾ ਸਰਕਾਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ਪੁਲਿਸ ਭੇਜਣ ਦੇ ਰੋਸ ਵਜੋਂ ਮੰਤਰੀ ਮੰਡਲ ਵਿੱਚੋਂ ਅਸਤੀਫਾ ਦੇ ਦਿੱਤਾ। ਇਸ ਉਪ੍ਰੰਤ ਅਕਾਲੀ ਦਲ ਵਿੱਚ ਦਾਲ ਗਲਦੀ ਨਾ ਵੇਖ ਕੇ ਮੁੜ ਕਾਂਗਰਸ ਵਿੱਚ ਸ਼ਾਮਲ ਹੋ ਕੇ 2002 ਤੋਂ 2007 ਤੱਕ ਪੰਜਾਬ ਦਾ ਕਾਂਗਰਸੀ ਮੁੱਖ ਮੰਤਰੀ ਪਦ ਸੰਭਾਲਨ ਵਿੱਚ ਕਾਮਯਾਬ ਹੋ ਗਿਆ।
ਇਸ ਦੌਰਾਨ 2004 ਵਿੱਚ ਵਿਧਾਨ ਸਭਾ ’ਚੋਂ ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟ ਐਕਟ-2004 ਪਾਸ ਕਰਵਾ ਕੇ ਤੇ ਪ੍ਰਸਾਸ਼ਨਿਕ ਤੌਰ ’ਤੇ ਪੰਜਾਬ/ਕਿਸਾਨ ਹਿਤੂ ਕੁਝ ਹੋਰ ਫੈਸਲੇ ਲੈਣ ਸਦਕਾ ਅਕਾਲੀ ਦਲ ਨੂੰ ਰਾਜਨੀਤਕ ਤੌਰ ’ਤੇ ਪਛਾੜ ਕੇ ਪੰਜਾਬੀਆਂ ਤੇ ਖ਼ਾਸ ਤੌਰ ’ਤੇ ਸਿੱਖਾਂ ਵਿੱਚ ਆਪਣੀ ਚੰਗੀ ਭੱਲ ਬਣਾ ਲਈ ਕਿ ਜਿਹੜੇ ਕੰਮ ਅਕਾਲੀ ਦਲ ਮੋਰਚੇ ਲਾ ਕੇ ਵੀ ਨਹੀਂ ਸੀ ਕਰਵਾ ਸਕੇ ਉਹ ਕੰਮ ਕੈਪਟਨ ਨੇ ਸਹਿਜੇ ਹੀ ਵਿਧਾਨ ਸਭਾ ਰਾਹੀਂ ਕਰ ਵਿਖਾਏ। ਪਰ ਕੈਪਟਨ ਦੇ ਇਸ ਡੇਰਿੰਗ ਸਟੈੱਪ ਨੇ ਕਾਂਗਰਸ ਹਾਈ ਕਮਾਂਡ ਵਿੱਚ ਉਸ ਦੇ ਨੰਬਰ ਘਟਾਏ ਜਿਸ ਦਾ ਨਤੀਜਾ ਅੱਜ ਤੱਕ ਕੈਪਟਨ ਨੂੰ ਭੁਗਤਣਾ ਪੈ ਰਿਹਾ ਹੈ। ਇਸੇ ਦੌਰਾਨ ਨਰਾਜ਼ ਸਿੱਖਾਂ ਦਾ ਮਨ ਜਿੱਤਣ ਲਈ ਉਹ 2005 ’ਚ ਕੈਨੇਡਾ ਗਿਆ ਜਿਥੇ ਉਸ ਨੇ ਇਕ ਮੀਟਿੰਗ ਨੂੰ ਸੰਬੋਧਨ ਕੀਤਾ ਜਿਸ ਪਿੱਛੇ “ਖ਼ਾਲਸਤਾਨ ਜਿੰਦਾਬਾਦ” ਦਾ ਬੈੱਨਰ ਲੱਗਾ ਹੋਇਆ ਸੀ ਤੇ ਕੁਝ ਖ਼ਾਲਸਤਾਨੀ ਸੋਚ ਵਾਲੇ ਆਗੂ ਵੀ ਉਸ ਮੀਟਿੰਗ ਵਿੱਚ ਬੈਠੇ ਨਜ਼ਰ ਆ ਰਹੇ ਦੱਸੇ ਜਾ ਰਹੇ ਹਨ। ਰਾਨੀਤਕ ਤੌਰ ’ਤੇ ਕੈਪਟਨ ਤੋਂ ਮਾਰ ਖਾ ਰਹੇ ਅਕਾਲੀ ਦਲ ਨੇ ਸਾਰੀ ਸ਼ਰਮ ਲਾਹ ਕੇ ਉਸ ਫੋਟੋ ਦਾ ਹਵਾਲਾ ਦੇ ਕੇ 2007 ਦੀਆਂ ਚੋਣਾਂ ਦੌਰਾਨ ਕੈਪਟਨ ਨੂੰ ਖਾਲਸਤਾਨ ਪੱਖੀ ਹੋਣ ਦਾ ਖ਼ੂਬ ਢੋਲ ਪਿੱਟਿਆ। ਪੰਜਾਬ ਵਿੱਚ ਕਾਂਗਰਸ ਦਾ ਵਯੂਦ ਪਹਿਲਾਂ ਹੀ ਖਤਮ ਹੋ ਚੁੱਕਾ ਸੀ ਅਤੇ ਕਾਂਗਰਸ ਦੀ ਇੱਛਾ ਦੇ ਵਿਰੁੱਧ ਅਤੇ ਹਾਈ ਕਮਾਂਡ ਨੂੰ ਬਿਨਾਂ ਭਰੋਸੇ ਵਿੱਚ ਲਿਆਂ ਕੈਪਟਨ ਵੱਲੋਂ “ਟਰਮੀਨੇਸ਼ਨ ਆਫ ਪੰਜਾਬ ਵਾਟਰ ਐਗਰੀਮੈਂਟ ਐਕਟ-2004” ਪਾਸ ਕਰਵਾਉਣ ਦੀ ਸਜਾ ਵਜੋਂ ਹੀ 2007 ਅਤੇ 2012 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਕਾਂਗਰਸ ਹਾਈ ਕਮਾਂਡ ਨੇ ਕੈਪਟਨ ਨੂੰ ਪੂਰਾ ਸਹਿਯੋਗ ਨਾ ਦਿੱਤਾ ਤੇ ਨਾ ਹੀ ਅਜਾਦਾਨਾਂ ਤੌਰ ’ਤੇ ਕੰਮ ਕਰਨ ਦੀ ਆਗਿਆ ਦਿੱਤੀ ਜਿਸ ਕਾਰਨ ਅਕਾਲੀ ਦਲ-ਭਾਜਪਾ ਗੱਠਜੋੜ ਦਾ ਦਾਅ ਲੱਗਾ ਤੇ ਗੱਠਜੋੜ ਨੇ 10 ਸਾਲ ਪੰਜਾਬ ਨੂੰ ਖ਼ੂਬ ਲੁੱਟਿਆ ਤੇ ਕੁੱਟਿਆ।
ਇਸ ਸਮੇਂ ਪੰਜਾਬ ਦੇ ਲੋਕ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਗੱਠਜੋੜ ਤੋਂ ਪੂਰੀ ਤਰ੍ਹਾਂ ਤੰਗ ਆ ਜਾਣ ਕਰਕੇ ਤੀਸਰੇ ਬਦਲ ਦੀ ਭਾਲ ਵਿੱਚ ਸਨ ਜੋ ਉਨ੍ਹਾਂ ਨੂੰ ਕੇਜਰੀਵਾਲ ਦੀ ‘ਆਮ ਆਦਮੀ ਪਾਰਟੀ’ ਵਿੱਚ ਨਜਰ ਆਇਆ। ਇਸ ਕਾਰਨ ਪੰਜਾਬੀਆਂ ਤੇ ਖਾਸ ਕਰਕੇ ਸਿੱਖਾਂ ਤੇ ਉਨ੍ਹਾਂ ਵਿੱਚੋਂ ਵੀ ਵਿਸ਼ੇਸ਼ ਤੌਰ ’ਤੇ ਐੱਨ.ਆਰ.ਆਈਜ਼. ਵੱਲੋਂ ‘ਆਪ’ ਨੂੰ ਭਰਪੂਰ ਹੁੰਗਾਰਾ ਮਿਲਿਆ। ‘ਆਪ’ ਦੇ ਖਤਰੇ ਤੋਂ ਪੂਰੀ ਤਰ੍ਹਾਂ ਬੁਖਲਾਏ ਅਕਾਲੀ-ਭਾਜਪਾ ਤੇ ਕਾਂਗਰਸੀ ਆਗ਼ੂਆਂ ਨੇ ਕੇਜਰੀਵਾਲ ’ਤੇ ਖ਼ਾਲਸਤਾਨੀਆਂ ਨਾਲ ਮਿਲੇ ਹੋਣ ਦੇ ਝੂਠ ਨੂੰ ਖ਼ੂਬ ਪ੍ਰਚਾਰਿਆ। ਉੱਧਰ ਜਿੱਤ ਲਈ ‘ਆਪ’ ਹਾਈ ਕਮਾਂਡ ਦੇ ਓਵਰ ਕੌਨਫੀਡੈਂਸ ਨੇ; ਉਨ੍ਹਾਂ ਦੇ ਆਪਹੁਦਰਪਾਨ ਵਿੱਚ ਭਾਰੀ ਵਾਧਾ ਕੀਤਾ ਤੇ ਪੰਜਾਬ ਦੀ ਲੀਡਰਸ਼ਿੱਪ ਉਭਾਰਨ ਦੀ ਥਾਂ ਸਾਰੀ ਕਮਾਂਡ ਦਿੱਲੀ ਤੋਂ ਆਏ ਦੋ ਕਮਾਂਡਰਾਂ ਤੇ 52 ਅਬਜ਼ਰਬਰਾਂ ਦੇ ਹੱਥ ਸੌਂਪ ਕੇ ਪੰਜਾਬੀ ਆਗੂਆਂ ਨੂੰ ਬਿਲਕੁਲ ਨਿੱਸਲ ਕਰ ਦਿੱਤਾ ਜਿਸ ਕਾਰਨ ਪੰਜਾਬੀਆਂ ਵਿੱਚ ਉਨ੍ਹਾਂ ਦੀ ਭਰੋਸੇਯੋਗਤਾ ਨਾ ਬਣਾ ਸਕੀ।
ਉੱਧਰ ਸਾਰੇ ਦੇਸ਼ ਵਿੱਚੋਂ ਕਾਂਗਰਸ ਦੇ ਪੈਰ ਪੂਰੀ ਤਰ੍ਹਾਂ ਉੱਖੜ ਜਾਣ ਕਰਕੇ ਉਨ੍ਹਾਂ ਲਈ ਪੁਨਰ ਸੁਰਜੀਤੀ ਕੇਵਲ ਪੰਜਾਬ ਵਿੱਚ ਹੀ ਨਜਰ ਆਈ ਇਸ ਲਈ ਮਜਬੂਰੀ ਵੱਸ ਉਨ੍ਹਾਂ ਨੇ ਪੂਰੀਆਂ ਤਾਕਤਾਂ ਨਾਲ ਲੈਸ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਹੀ ਪੰਜਾਬ ਦੇ ਕੈਪਟਨ ਵਜੋਂ ਪੇਸ਼ ਕੀਤਾ। ਤਿੰਨ ਧਿਰੀ ਮੁਕਾਬਲੇ ਵਿੱਚ ਪੰਜਾਬੀਆਂ ਨੂੰ ਕੈਪਟਨ ਅਮਰਿੰਦਰ ਸਿੰਘ ਹੀ ਬਿਹਤਰ ਵਿਕਲਪ ਨਜਰ ਆਇਆ ਜਿਸ ਕਾਰਨ ਉਸ ਨੇ 117 ਵਿੱਚੋਂ 77 ਸੀਟਾਂ ਹਾਸਲ ਕਰਕੇ ਪੰਜਾਬ ਵਿੱਚ ਕਾਂਗਰਸ ਦੀ ਜਿੱਤ ਦੇ ਹੁਣ ਤੱਕ ਦੇ ਸਾਰੇ ਰੀਕਾਰਡ ਤੋੜ ਦਿੱਤੇ। ਇਸ ਜਿੱਤ ਲਈ ਪੰਜਾਬੀਆਂ ਦਾ ਧੰਨਵਾਦ ਕਰਨ ਦੀ ਬਜਾਏ ਕੈਪਟਨ ਨੂੰ ਡਰ ਵੱਢ ਵੱਢ ਖਾਣ ਲੱਗ ਪਿਆ ਕਿ ਮਤਾ 2004-2005 ਦੇ ਐਪੀਸੋਡ ਵਾਂਗ ਕਾਂਗਰਸ ਹਾਈ ਕਮਾਂਡ ਵਿੱਚ ਉਸ ਦੇ ਨੰਬਰ ਘਟ ਹੀ ਨਾ ਜਾਣ ਜਾਂ ਖਾਲਸਤਾਨ ਪੱਖੀ ਹੋਣ ਦਾ ਲੈਵਲ ਲਾ ਕੇ ਮੋਦੀ ਸਰਕਾਰ ਉਨ੍ਹਾਂ ਨੂੰ ਜਿੱਚ ਨਾ ਕਰੇ ਇਸ ਡਰੋਂ ਕੇਵਲ ਸਿੱਖਾਂ ਦਾ ਪ੍ਰਤੀਨਿਧ ਅਖਵਾਉਣ ਨਾਲੋਂ ਕੌਮੀ ਮੁੱਖਧਾਰਾ ਦਾ ਲੀਡਰ ਅਖਵਾਉਣ ਦੀ ਦੌੜ ਵਿੱਚ ਉਸ ਨੇ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਨ ਨੂੰ ਖ਼ਾਲਸਤਾਨੀ ਪੱਖੀ ਦੱਸ ਕੇ ਉਸ ਦੇ ਪੰਜਾਬ ਦੌਰੇ ਦੌਰਾਨ ਉਸ ਨੂੰ ਮਿਲਣ ਤੋਂ ਨਾਂ ਕਰਨ ਦੀ ਬੱਜਰ ਗਲਤੀ ਕਰ ਦਿੱਤੀ।
ਕੈਪਟਨ ਦਾ ਇਹ ਘਟੀਆ ਬਿਆਨ ਇਸ ਸੋਚ ਦੀ ਉਪਜ ਪ੍ਰਤੀਤ ਹੁੰਦੀ ਹੈ ਕਿ ਇਸ ਸਮੇਂ ਪੂਰੇ ਦੇਸ਼ ਵਿੱਚ ਅੱਤਵਾਦ-ਵੱਖਵਾਦ ਦਾ ਹਊਆ ਪੈਦਾ ਕਰਕੇ ਘੱਟ ਗਿਣਤੀਆਂ ਤੇ ਖਾਸ ਕਰਕੇ ਮੁਸਲਮਾਨਾਂ ਦੀਆਂ ਭਾਵਨਾਵਾਂ ਨੂੰ ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕਰਕੇ ਭਾਜਪਾ ਬਹੁਗਿਣਤੀ ਦਾ ਭਰਪੂਰ ਸਮਰਥਨ ਲੈਣ ਵਿੱਚ ਕਾਮਯਾਬ ਹੋ ਰਹੀ ਹੈ। ਇਸ ਕਾਰਨ ਕੈਪਟਨ ਆਪਣੇ ਆਪ ਨੂੰ ਵੱਖਵਾਦ ਤੋਂ ਦੂਰ ਰੱਖ ਕੇ ਕਾਂਗਰਸ ਤੇ ਭਾਜਪਾ ਦੋਵਾਂ ਨੂੰ ਖੁਸ਼ ਰੱਖਣ ਦਾ ਢੌਂਗ ਰਚ ਰਿਹਾ ਜਾਪਦਾ ਹੈ। ਉਹ ਇਹ ਨਹੀਂ ਜਾਣਦਾ ਕਿ ਕੋਈ ਵੀ ਨਾ ਜਨਮ ਤੋਂ ਵੱਖਵਾਦੀ ਹੁੰਦਾ ਹੈ ਤੇ ਨਾ ਹੀ ਅਤਵਾਦੀ। ਹਾਂ ਇਹ ਜਰੂਰ ਹੈ ਕਿ ਸਿਆਸੀ ਨੇਤਾਵਾਂ ਦੀ ਸੌੜੀ ਸੋਚ; ਕੁਝ ਵਿਅਕਤੀਆਂ ਖਾਸ ਕਰਕੇ ਘੱਟ ਗਿਣਤੀਆਂ ਨੂੰ ਇਸ ਰਾਹ ਪੈਣ ਲਈ ਮਜਬੂਰ ਕਰ ਦਿੰਦੀ ਹੈ।
ਅੰਦਾਜ਼ਾ ਲਾਓ ਕਿ ਜਦੋਂ ਕੋਈ ਵੀ ਰਾਜਨੀਤਿਕ, ਵਿਧਾਨਿਕ, ਪ੍ਰਸ਼ਾਸਨਿਕ ਤੇ ਨਿਆਇਕ ਪ੍ਰਣਾਲੀ ਘੱਟ ਗਿਣਤੀਆਂ ਨੂੰ ਇਨਸਾਫ ਨਾ ਦੇਵੇ ਜਿਸ ਤਰ੍ਹਾਂ ਕਿ 1984 ਦੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਅੱਜ ਤੱਕ ਇਨਸਾਫ ਨਹੀਂ ਮਿਲਿਆ; ਸਾਰੇ ਰਾਸ਼ਟਰੀ ਤੇ ਅੰਤਰਾਸ਼ਟਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੰਜਾਬ ਦੇ ਪਾਣੀਆਂ ਦੀ ਲੁੱਟ ਲਗਾਤਾਰ ਜਾਰੀ ਹੈ ਤੇ ਕਿਧਰੇ ਵੀ ਸੁਣਵਾਈ ਨਹੀਂ ਹੈ; ਆਪਣਾ ਹੱਕ ਮੰਗ ਰਹੇ ਸਿੱਖਾਂ ਨੂੰ ਰਾਜਨੀਤਕ ਤੌਰ ’ਤੇ ਅਲੱਗ ਥਲੱਗ ਕਰਨ ਲਈ ਜਿਸ ਵੀ ਪਾਰਟੀ ਦਾ ਉਹ ਸਾਥ ਦੇਣ ਲਈ ਅੱਗੇ ਆਉਣ ਤਾਂ ਦੂਸਰੀਆਂ ਵਿਰੋਧੀ ਪਾਰਟੀਆਂ ਉਸ ਪਾਰਟੀ ਨੂੰ ਖਾਲਸਤਾਨੀਆਂ ਦਾ ਸਾਥ ਪ੍ਰਾਪਤ ਕਰਨ ਦੇ ਦੋਸ਼ ਲਾ ਕੇ ਬਦਨਾਮ ਕਰਨ ’ਤੇ ਤੁਲ ਜਾਵੇ। ਇਸ ਘਟੀਆ ਸੋਚ ਤੋਂ ਖੁਦ ਸਿੱਖਾਂ ਦੀ ਨੁੰਮਾਇੰਦਾ ਜਮਾਤ ਅਖਵਾਉਣ ਦਾ ਦਾਅਵਾ ਕਰਨ ਵਾਲੇ ਅਕਾਲੀ ਦਲ ਦੇ ਆਗੂ ਵੀ ਪਿੱਛੇ ਨਹੀਂ ਰਹੇ ਕਿਉਂਕਿ ਉਹ ਵੀ ਪਹਿਲਾਂ 2007 ਵਿੱਚ ਕੈਪਟਨ ਅਤੇ ਹੁਣ 2017 ਦੀਆਂ ਚੋਣਾਂ ਦੌਰਾਨ ਕੇਜਰੀਵਾਲ ਉਪਰ ਖਾਲਸਤਾਨੀਆਂ ਨਾਲ ਮਿਲੇ ਹੋਣ ਦੇ ਦੋਸ਼ ਲਾ ਚੁੱਕੇ ਹਨ।
ਹੁਣ ਕੈਪਟਨ ਜਿਸ ਨੂੰ ਬਾਦਲ ਨਾਲੋਂ ਚੰਗਾ ਸਿੱਖ ਹੋਣ ਦਾ ਮਾਨ ਪ੍ਰਾਪਤ ਹੋ ਰਿਹਾ ਸੀ ਉਹ ਵੀ ਇਸੇ ਰੋਗ ਤੋਂ ਪੀੜਤ ਜਾਪਿਆ ਜਦੋਂ ਉਸ ਨੇ ਚੋਣਾਂ ਤੋਂ ਪਹਿਲਾਂ ਕੇਜਰੀਵਾਲ ’ਤੇ ਖਾਲਸਤਾਨੀਆਂ ਨਾਲ ਮਿਲੇ ਹੋਣ ਦੇ ਨਿਰਅਧਾਰ ਦੋਸ਼ ਲਾਏ ਤੇ ਹੁਣ ਕੈਨੇਡਾ ਦੇ ਰੱਖਿਆ ਮੰਤਰੀ ਸ: ਹਰਜੀਤ ਸਿੰਘ ਸੱਜਨ ਨੂੰ ਖਾਲਸਤਾਨੀ ਪੱਖੀ ਦੱਸ ਕੇ ਮਿਲਣ ਤੋਂ ਨਾਂਹ ਕਰਕੇ ਆਪਣੀ ਸਿਆਸੀ ਦੀਵਾਲੀਏਪਨ ਦਾ ਪ੍ਰਗਟਾਵਾ ਕਰ ਬੈਠਾ। ਇੱਥੋਂ ਤੱਕ ਕਿ ‘ਆਪ’ ਦਾ ਇੱਕ ਹਾਰਿਆ ਉਮੀਦਵਾਰ ਵੀ ਆਪਣੀ ਹਾਰ ਦਾ ਸਹੀ ਵਿਸ਼ਲੇਸ਼ਣ ਕਰਨ ਦੀ ਬਜਾਏ ਆਪਣੀ ਹਾਰ ਦਾ ਮੁੱਖ ਕਾਰਨ ਇਹ ਦੱਸ ਰਿਹਾ ਹੈ ਕਿ ਕੇਜਰੀਵਾਲ ਵੱਲੋਂ ਗਰਮ ਧੜੇ ਦੇ ਸਿੱਖ ਆਗੂ ਭਾਈ ਪੰਥਪ੍ਰੀਤ ਸਿੰਘ ਤੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਮਿਲਣ ਸਦਕਾ ਹਿੰਦੂਆਂ ਨੇ ‘ਆਪ’ ਨੂੰ ਵੋਟ ਨਹੀਂ ਪਾਈ ਜਿਸ ਕਾਰਨ ਜਿੱਤੀ ਬਾਜੀ ਹਾਰ ਵਿੱਚ ਬਦਲ ਗਈ। ਇਹ ਦੋਸ਼ ਲਾਉਣ ਵਾਲੇ ‘ਆਪ’ ਆਗੂ ਨੇ ਇਹ ਵੀ ਨਹੀਂ ਸੋਚਿਆ ਕਿ ਜੇ ਕੈਪਟਨ ਅਮਰਿੰਦਰ ਸਿੰਘ ਜਿਸ ਨੇ ਉਸ ਸਮੇਂ ਅੱਤਵਾਦੀ ਦੱਸੇ ਜਾ ਰਹੇ ਭਿੰਡਰਾਂਵਾਲੇ ਤੇ ਸਮਰਥਕਾਂ ਨੂੰ ਮਾਰਨ/ਕਾਬੂ ਕਰਨ ਲਈ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਕਰਨ ਦੇ ਰੋਸ ਵਜੋਂ ਪਹਿਲਾਂ ਕਾਂਗਰਸ ਵਿੱਚੋਂ ਤੇ ਬਾਅਦ ਵਿੱਚ ਪੁਲਿਸ ਦਾਖ਼ਲੇ ਦੇ ਵਿਰੋਧ ਵਿੱਚ ਬਰਾਨਲਾ ਸਰਕਾਰ ਤੋਂ ਅਸਤੀਫਾ ਦੇਣ ਪਿੱਛੋਂ ਕੈਪਟਨ ਖਾਲਸਤਾਨੀ ਸਮਰਥਕ ਨਹੀਂ ਬਣਿਆ, ਖ਼ਾਲਸਤਾਨ ਦੇ ਸਭ ਤੋਂ ਵੱਡੇ ਸਮਰਥਕ ਸਿਮਰਨਜੀਤ ਸਿੰਘ ਮਾਨ ਨਾਲ ਮਿਲ ਕੇ ਅੰਮ੍ਰਿਤਸਰ ਐਲਾਨਨਾਮੇ ’ਤੇ ਦਸਤਖ਼ਤ ਕਰਕੇ ਵੀ ਉਹ ਖ਼ਾਲਸਤਾਨੀ ਨਹੀਂ ਬਣਿਆ, ਖ਼ਾਲਸਤਾਨ ਦੇ ਬੈੱਨਰ ਹੇਠ ਖ਼ਾਲਸਤਾਨੀਆਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਕੇ ਵੀ ਖ਼ਾਲਸਤਾਨੀ ਨਹੀਂ ਬਣਿਆ ਤੇ 77 ਵਿਧਾਇਕਾਂ ਨੂੰ ਹਿੰਦੂਆਂ ਨੇ ਵੋਟਾਂ ਪਾ ਕੇ ਕੈਪਟਨ ਨੂੰ ਤਕਰੀਬਨ ਦੋ ਤਿਹਾਈ ਦੇ ਬਹੁਮਤ ਨਾਲ ਮੁੱਖ ਮੰਤਰੀ ਬਣਾ ਦਿੱਤਾ; ਇਸ ਤੋਂ ਪਹਿਲਾਂ ਇਸੇ ਕੈਪਟਨ ਨੇ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹਿੰਦੂਆਂ ਦੀਆਂ ਵੋਟਾਂ ਨਾਲ ਭਾਜਪਾ ਦੇ ਸਭ ਤੋਂ ਵੱਡੇ ਆਗੂ ਅਰੁਨ ਜੇਤਲੀ ਨੂੰ ਬੁਰੀ ਤਰ੍ਹਾਂ ਹਰਾਇਆ।
ਭਿੰਡਰਾਂਵਾਲੇ ਦੇ ਉਤਰਾਧਿਕਾਰੀ ਹਰਨਾਮ ਸਿੰਘ ਧੁੰਮਾਂ ਨਾਲ ਗੱਠਜੋੜ ਦੇ ਬਾਵਜੂਦ ਪਿਛਲੇ ਦਸ ਸਾਲ ਤੱਕ ਬਾਦਲ ਦਲ ਨੂੰ ਹਿੰਦੂ ਵੋਟਾਂ ਪਾ ਕੇ ਜਿਤਾਉਂਦੇ ਰਹੇ ਤਾਂ ਉਨ੍ਹਾਂ ਹੀ ਹਿੰਦੂਆਂ ਨੇ ਸਿਰਫ ਨਿਰੋਲ ਗੁਰਬਾਣੀ ਦੇ ਅਧਾਰ ’ਤੇ ਪ੍ਰਚਾਰ ਕਰ ਰਹੇ ਭਾਈ ਪੰਥਪ੍ਰੀਤ ਸਿੰਘ ਜਿਸ ਨੇ ਅੱਜ ਤੱਕ ਕਦੀ ਵੀ ਨਾ ਖ਼ਾਲਸਤਾਨ ਦੀ ਮੰਗ ਰੱਖੀ ਹੈ ਤੇ ਨਾ ਹੀ ਕਦੀ ਹਥਿਆਰ ਚੁੱਕ ਲੈਣ ਲਈ ਉਕਸਾਇਆ ਹੈ; ਸਗੋਂ ਅਜਿਹੀ ਬਿਆਨਬਾਜ਼ੀ ਕਰਨ ਵਾਲੇ ਸਿੱਖ ਆਗੂਆਂ ਤੋਂ ਹਮੇਸ਼ਾਂ ਕਿਨਾਰਾ ਕਰਕੇ ਰੱਖਿਆ ਹੈ। ਉਹ ਹਮੇਸ਼ਾਂ ਬੁਰਿਆਈ ਦੇ ਟਾਕਰੇ ਲਈ ਗੁਰੂ ਦੇ ਸ਼ਬਦ ਨੂੰ ਸਭ ਤੋਂ ਵੱਡਾ ਹਥਿਆਰ ਦੱਸਦੇ ਆ ਰਹੇ ਹਨ; ਇਸ ਦੇ ਬਾਵਯੂਦ ਉਹ ਜੇ ਹਾਰੇ ਹੋਏ ‘ਆਪ’ ਆਗੂ ਦੀ ਨਿਗ੍ਹਾ ਵਿੱਚ ਗਰਮ ਧੜੇ ਦੇ ਸਿੱਖ ਆਗੂ ਦਿੱਸ ਰਹੇ ਹਨ ਜਿਨ੍ਹਾਂ ਨੂੰ ਕੇਜਰੀਵਾਲ ਵੱਲੋਂ ਮਿਲਣ ਸਦਕਾ ਹਿੰਦੂਆਂ ਨੇ ‘ਆਪ’ ਨੂੰ ਵੋਟਾਂ ਨਹੀਂ ਪਾਈਆਂ; ਤਾਂ ਇਸ ਤੋਂ ਘਟੀਆ ਸੋਚ ਹੋਰ ਕੋਈ ਹੋ ਨਹੀਂ ਸਕਦੀ; ਕਿਉਂਕਿ ਇਸ ਨਾਲ ਸੰਦੇਸ਼ ਇਹ ਜਾਂਦਾ ਹੈ ਕਿ ਹਿੰਦੂਆਂ ਦੀ ਨਜਰ ਵਿੱਚ ਧੁੰਮੇ ਵਰਗਾ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਵਾਲਾ ਮਨੁੱਖ ਅਤਵਾਦੀ ਜਾਂ ਗਰਮ ਖਿਆਲੀ ਸਿੱਖ ਨਹੀਂ ਸਗੋਂ ਕੇਵਲ ਸ਼ਬਦ ਗੁਰੂ ਦਾ ਪ੍ਰਚਾਰ ਕਰਨ ਵਾਲਾ ਸਿੱਖ ਪ੍ਰਚਾਰਕ ਗਰਮ ਖਿਆਲੀ ਹੈ। ਇਹੀ ਖਿਆਲ ਹਿੰਦੂ-ਸਿੱਖ ਭਾਈਚਾਰੇ ਦੇ ਸਬੰਧਾਂ ਵਿੱਚ ਤ੍ਰੇੜਾਂ ਪੈਦਾ ਕਰਨ ਵਾਲਾ ਸਿੱਧ ਹੁੰਦਾ ਹੈ।
ਇਸ ਸਥਿਤੀ ਵਿੱਚ ਜਦੋਂ ਕਿਸੇ ਪਾਰਟੀ ਨੇ ਸਿੱਖਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਤਾਂ ਕੀ ਕਰਨੀ ਸੀ ਸਗੋਂ ਚੋਣਾਂ ਹਾਰ ਕੇ ਅਜੇਹੇ ਬਿਆਨ ਦੇਣ ਲੱਗ ਪੈਣ ਕਿ ਸਿੱਖਾਂ ਦੇ ਸਮਰਥਨ ਸਦਕਾ ਉਨ੍ਹਾਂ ਨੂੰ ਲਾਭ ਦੀ ਬਜਾਏ ਨੁਕਸਾਨ ਹੋਇਆ ਹੈ ਅਤੇ ਬਾਦਲ ਨਾਲੋਂ ਚੰਗਾ ਸਿੱਖ ਸਮਝਿਆ ਜਾਂਦਾ ਕੈਪਟਨ ਵੀ ਇਸੇ ਸੋਚ ਅਧੀਨ ਕੈਨੇਡਾ ਵਰਗੇ ਦੇਸ਼ ਦੇ ਰੱਖਿਆ ਮੰਤਰੀ ਨੂੰ ਕੇਵਲ ਸਿੱਖ ਹੋਣ ਕਾਰਨ ਮਿਲਣ ਤੋਂ ਨਾਂਹ ਕਰਨ ਨੂੰ ਤਰਜੀਹ ਦੇਣ ਸਮੇਂ ਇਸ ਗੱਲ ਦਾ ਭੋਰਾ ਭਰ ਵੀ ਧਿਆਨ ਨਾ ਰੱਖੇ ਕਿ ਉਸ ਦੇ ਇਸ ਬਿਆਨ ਨਾਲ ਵਿਸ਼ਵ ਭਰ ਵਿੱਚ ਵਸੇ ਸਿੱਖਾਂ ਦੀ ਸ਼ਾਖ ਨੂੰ ਕਿੰਨਾਂ ਧੱਕਾ ਲਗੇਗਾ; ਤਾਂ ਸਿੱਖ ਕੋਲ ਵੱਖਵਾਦ ਦੇ ਰਾਹ ਪੈਣ ਤੋਂ ਇਲਾਵਾ ਹੋਰ ਕਿਹੜਾ ਰਾਹ ਰਹਿ ਜਾਵੇਗਾ। ਮੈਂ ਸਮਝਦਾ ਹਾਂ ਕਿ ਵੱਖਵਾਦ ਦੀ ਸੋਚ ਪੈਦਾ ਕਰਨ ਪਿੱਛੇ ਅਸਲ ਵਿੱਚ ਸਿਆਸੀ ਆਗੂਆਂ ਤੇ ਖਾਸ ਕਰਕੇ ਆਪਣੇ ਹੀ ਧਰਮ ਨੂੰ ਮੰਨਣ ਵਾਲੇ ਸੁਆਰਥੀ ਸੋਚ ਵਾਲੇ ਆਗੂਆਂ ਦਾ ਹੈ। ਸਾਰੇ ਧਰਮ ਨਿਰਪੱਖ, ਸਮਾਜ ਸੇਵੀ ਸੰਸਥਾਵਾਂ, ਜਮਹੂਰੀ ਤੇ ਮਨੁੱਖੀ ਅਧਿਕਾਰ ਸੰਗਠਨਾਂ ਨੂੰ ਚਾਹੀਦਾ ਹੈ ਕਿ ਅਸਲ ਦੇਸ਼ ਭਗਤੀ ਇਸੇ ਵਿੱਚ ਹੈ ਕਿ ਕਿਸੇ ਖਾਸ ਇੱਕ ਧਰਮ ਦੇ ਵਿਅਕਤੀਆਂ ਨੂੰ ਵੱਖਵਾਦੀ, ਅਤਵਾਦੀ ਤੇ ਦੇਸ਼ ਧ੍ਰੋਹੀ ਦਾ ਲੈਵਲ ਲਾ ਕੇ ਬਦਨਾਮ ਕਰਕੇ ਆਪਣੀ ਰਾਜਨੀਤੀ ਚਮਕਾਉਣ ਵਾਲੇ ਸੁਆਰਥੀ ਆਗੂਆਂ ਨੂੰ ਮੂੰਹ ਨ ਲਾਇਆ ਜਾਵੇ ਤਾ ਕਿ ਇਨ੍ਹਾਂ ਤੋਂ ਤੰਗ ਆ ਕੇ ਵੱਖਵਾਦ ਦੇ ਰਾਹ ਪਏ ਵਿਅਕਤੀਆਂ ਨੂੰ ਇਨ੍ਹਾਂ ਦੀ ਨੀਤੀ ਨੂੰ ਅਧਾਰ ਬਣਾ ਕੇ ਆਪਣੇ ਹੋਰ ਭਰਾਵਾਂ ਨੂੰ ਬਰਗਲਾਉਣ ਦਾ ਬਹਾਨਾ ਨਾ ਮਿਲ ਸਕੇ ਤੇ ਦੇਸ਼ ਦੇ ਸਾਰੇ ਸ਼ਹਿਰੀ ਬਿਨਾਂ ਕਿਸੇ ਜਾਤ, ਧਰਮ ਤੇ ਲਿੰਗ ਦੇ ਵਿਤਕਰੇ ਦੇ ਬਰਾਬਰ ਦੇ ਸ਼ਹਿਰੀ ਹੋਣ ਦੇ ਸਵੈਮਾਨ ਨਾਲ ਆਪਣੇ ਦੇਸ਼ ਨੂੰ ਗੌਰਵ ਨਾਲ ਆਪਣਾ ਦੇਸ਼ ਕਹਿ ਸਕਣ।
ਕਿਰਪਾਲ ਸਿੰਘ ਬਠਿੰਡਾ
ਸੁਆਰਥੀ ਕਿਰਦਾਰ ਵਾਲੇ ਸਿੱਖ ਆਗੂਆਂ ਤੋਂ ਵੱਡਾ ਸਿੱਖੀ ਦਾ ਦੁਸ਼ਮਨ ਹੋਰ ਕੋਈ ਨਹੀਂ
Page Visitors: 2657