ਕੈਪਟਨ ਬਨਾਮ ਸੱਜਣ ਸਿੰਘ
ਕਨੇਡਾ ਦੇ ਡਿਫੈਂਸ ਮਨਿਸਟਰ ਸ੍ਰ ਸੱਜਣ ਸਿੰਘ ਨੂੰ ਲੈ ਕੇ ਕੈਪਟਨ ਦਾ ਬਿਆਨ ਚਰਚਾ ਵਿਚ ਹੈ। ਖਾਲਿਸਤਾਨ ਖਾਲਸਾ ਜੀ ਦੀ ਅਜਾਦੀ ਦਾ ਪਵਿਤੱਰ ਸੰਕਲਪ ਹੈ। ਇੱਕ ਕੌਮ ਦੀ ਅਪਣੀ ਅਜਾਦ ਹਸਤੀ ਬਾਰੇ ਤੜਪ ਸਮਝੋਂ ਬਾਹਰ ਨਹੀ ਤੇ ਇਹ ਉਸ ਦਾ ਹੱਕ ਹੈ!
ਇਹ ਵੱਖਰੀ ਗੱਲ ਹੈ ਕਿ ਸੋ ਕਾਲ ਬਾਹਰ ਅਤੇ ਅੰਦਰ ਦੇ ਖਾਲਿਸਤਾਨੀਆਂ ਦੇ ਦੋਗਲੇ ਪਨ ਅਤੇ ਮਾੜੇ ਕਿਰਦਾਰ ਨੇ ਇਸ ਪਵਿਤਰ ਲਹਿਰ ਨੂੰ ਬਦਨਾਮ ਕਰਨ ਵਿਚ ਤਹਿ ਦਿਲੋਂ ਜੋਗਦਾਨ ਪਾਇਆ ਹੈ ਜਿਸ ਕਾਰਨ ਆਮ ਸਿੱਖ ਇਸ ਲਹਿਰ ਨਾਲੋਂ ਅਲੱਗ ਥਲੱਗ ਹੋਇਆ ਹੈ।ਉਂਝ ਕਨੇਡਾ ਆਇਆ ਹੋਇਆ ਕੈਪਟਨ ਵੀ ਖਾਲਿਸਤਾਨ ਦੀ ਲੱਤ ਹੇਠੋਂ ਲੰਘ ਕੇ ਗਿਆ ਸੀ ਇਹ ਮੈ ਨਹੀ ਤਸਵੀਰਾਂ ਕਹਿੰਦੀਆਂ।
ਜੇ ਪੰਜਾਬ ਨਾਲ ਅਸੀਂ ਅਪਣੇ ਇਤਿਹਾਸਕ ਸੱਚ ਨਾਲ ਦਿਲੋਂ ਨਾ ਜੁੜੇ ਹੁੰਦੇ ਤਾਂ ਸਾਨੂੰ ਕਹਿਣ ਵਿਚ ਹਿਚਕਾਹਟ ਨਹੀ ਸੀ ਕਿ ਕਿਥੇ ਕੈਪਟਨ ਦਾ ਪੰਜਾਬ ਜਿਸ ਦੇ ਲਹੂ ਦੀ ਆਖਰੀ ਬੂੰਦ ਤੱਕ ਵੀ ਕੈਪਟਨਾ-ਬਾਦਲਾਂ ਨਿਚੋੜ ਲਈ ਹੋਈ ਹੈ ਤੇ ਕਿਥੇ ਕਨੇਡਾ ਦੁਨੀਆਂ ਦਾ ਤੀਜਾ ਮਹਿੰਗਾ ਮੁਲਖ ਅਤੇ ਰਹਿਣ ਪੱਖੋਂ ਪਹਿਲੇ ਨੰਬਰ ਤੇ!
ਕਿਥੇ ਲਾਸ਼ਾਂ ਦੇ ਢੇਰਾਂ ਉਪਰ ਉਸਰੀ ਰਾਜਨੀਤੀ ਦੇ ਬਲਬੂਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਤੇ ਕਿਥੇ ਅਪਣੀ ਲਿਆਕਤ ਦੇ ਬਲਬੂਤੇ ਕਨੇਡਾ ਵਰਗੇ ਮੁਲਖ ਦਾ ਡਿਫੈਂਸ ਮਨਿਸਟਰ ਸ੍ਰ ਸਜਣ ਸਿੰਘ ਯਾਣੀ ਕਿਥੇ ਰਾਜਾ ਭੋਜ ਤੇ ਕਿਥੇ ਗੰਗੂ ਤੇਲੀ?
ਏਸ ਹਾਸੋਹੀਣੇ ਬਿਆਨ ਵਿਚੋਂ ਕੈਪਟਨ ਦੀ ਕਨੇਡਾ ਆਏ ਦੀ ਕੁੱਤੇਖਾਣੀ ਦਾ ਦੁੱਖ ਬੋਲ ਰਿਹਾ ਹੈ ਪਰ ਉਸ ਦੇ ਜਿੰਮੇਵਾਰ ਖਾਲਿਸਤਾਨੀ ਘੱਟ ਪਰ ਆਮ ਲੋਕ ਜਿਆਦਾ ਸਨ ਜਿਹੜੇ ਆਮ ਪਾਰਟੀ ਨੂੰ ਪੰਜਾਬ ਲਿਆ ਕੇ ਕਾਂਗਰਸ ਅਤੇ ਕਾਲੀਆਂ ਦੇ 'ਫ੍ਰੈਡਲੀ ਮੈਚ' ਨੂੰ ਖਤਮ ਕਰਨਾ ਚਾਹੁੰਦੇ ਸਨ। ਜਦ ਕਿ ਓਸ ਸਮੇ ਬਹੁਤੇ ਸੋ ਕਾਲ ਖਾਲਿਸਤਾਨੀ ਤਾਂ ਮਾਨ ਦੇ ਗੱਡੇ ਨੂੰ ਧੱਕਾ ਲਾਉਂਣ ਵਿਚ ਮਸ਼ਰੂਫ ਸਨ ਤੇ ਬਾਕੀਆਂ ਵਿਚੋਂ ਤਾਂ ਉਨ੍ਹਾਂ ਨੂੰ ਪੱਗਾਂ ਵੀ ਟੋਪੀਆਂ ਹੀ ਜਾਪੀ ਜਾਂਦੀਆਂ ਸਨ! ਨਹੀ?
ਗੁਰਦੇਵ ਸਿੰਘ ਸੱਧੇਵਾਲੀਆ