‘ਖਸਮ ਕੀ ਬਾਣੀ’ ਦੀ ਪਛਾਣ ਕੀ ਹੈ ?
ਪ੍ਰੋ. ਕਸ਼ਮੀਰਾ ਸਿੰਘ ਯੂ.ਐਸ.ਏ.
ਬਾਣੀਆਂ ਦੇ ਨਾਂ ਉੱਤੇ ਦੁਵਿਧਾ-ਪਨ:
ਬਾਣੀਆਂ ਦੇ ਨਾਂ ਉੱਤੇ ਦੁਵਿਧਾ ਨੇ ਸਿੱਖਾਂ ਨੂੰ ਆਪਸੀ ਕਲ਼ਹ ਕਲ਼ੇਸ਼ ਵਲ ਧੱਕ ਦਿੱਤਾ ਹੈ। ਇੱਸ ਦੁਬਿਧਾ ਦਾ ਮੂਲ਼ ਕਾਰਣ ਸੰਨ 1931 ਤੋਂ 1945 ਤਕ ਸ਼੍ਰੋ. ਗੁ. ਪ੍ਰ. ਕਮੇਟੀ ਵਲੋਂ ਬਣਾਈ ‘ਸਿੱਖ ਰਹਤ ਮਰਯਦਾ ਹੈ’ ਜਿੱਸ ਵਿੱਚ ‘ਖਸਮ ਕੀ ਬਾਣੀ’ ਨਾਲ ਕੁੱਝ ਐਸੀਆਂ ਰਚਨਾਵਾਂ ਰਲ਼ਾ ਦਿੱਤੀਆਂ ਗਈਆਂ ਜਿਨ੍ਹਾਂ ਨੂੰ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ‘ਖਸਮ ਕੀ ਬਾਣੀ’ ਦਾ ਦਰਜਾ ਪ੍ਰਾਪਤ ਬਾਣੀਆਂ ਵਿੱਚ ਦਰਜ ਹੀ ਨਹੀਂ ਕੀਤਾ ਗਿਆ ਸੀ ਜਦੋਂ ਉਨ੍ਹਾਂ ਨੇ ਦਮਦਮੀ ਬੀੜ ਦੀ ਸੰਪੂਰਨਤਾ ਪਿੱਛੋਂ ਇੱਸ ਨੂੰ ਸੰਨ 1708 ਵਿੱਚ ਆਪਿ ਮੱਥਾ ਟੇਕ ਕੇ ਗੁਰ-ਗੱਦੀ ਬਖ਼ਸ਼ਸ਼ ਕੀਤੀ ਸੀ।
ਸੰਨ 1920 ਤੋਂ 1925 ਤਕ ਚਲਾਈ ਗੁਰਦੁਆਰਾ ਸੁਧਾਰ ਲਹਿਰ ਵਿੱਚ ਸ਼੍ਰੋ. ਕਮੇਟੀ ਦੀਆਂ ਠੋਸ ਪ੍ਰਾਪਤੀਆਂ ਨੂੰ ਦੇਖ ਕੇ ਸੰਨ 1925 ਵਿੱਚ ਹੀ ਆਰ. ਐੱਸ. ਐੱਸ. ਨਾਂ ਦੀ ਸੰਸਥਾ ਹੋਂਦ ਵਿੱਚ ਆਈ । ਇਸ ਤਰਾਂ ਸ਼੍ਰੋ. ਕਮੇਟੀ ਨੂੰ, ਗੁਰਦੁਆਰਿਆਂ ਵਿੱਚੋਂ ਮਹੰਤਾਂ ਨੂੰ ਬਾਹਰ ਦਾ ਰਸਤਾ ਦਿਖਾਉਣ ਬਦਲੇ, ਸਦਾ ਲਈ ਬ੍ਰਾਹਮਣਵਾਦ ਦਾ ਪਾਣੀ ਭਰਨ ਲਈ ਇਸ ਢੰਗ ਨਾਲ਼ ਪ੍ਰਭਾਵਤ ਕੀਤਾ ਗਿਆ ਕਿ ਸਿੱਖਾਂ ਦੇ ਨਿੱਤ-ਨੇਮ, ਪਾਹੁਲ ਅਤੇ ਅਰਦਾਸਿ ਵਿੱਚ ਬ੍ਰਾਹਮਣਵਾਦੀ ਰਚਨਾਵਾਂ ਦਾ ਰਲ਼ੇਵਾਂ ਕਰਵਾ ਦਿੱਤਾ ਗਿਆ।
ਇਹ ਰਲ਼ੇਵਾਂ ਸਿੱਖਾਂ ਨੂੰ ਜਾਣੇ ਅਣਜਾਣੇ ਹਿੰਦੂ ਦੇਵੀ ਦੇਵਤਿਆਂ ਜਿਵੇਂ ਕਿ ਦੁਰਗਾ / ਭਗਉਤੀ / ਭਵਾਨੀ / ਕਾਲਿਕਾ / ਮਹਾਂਕਾਲ਼ / ਸਰਬਕਾਲ਼ / ਅਸਿਪਾਨ / ਅਸਿਧੁਜ / ਅਸਿਕੇਤ ਨਾਲ਼ ਜੋੜਦਾ ਹੋਇਆ ਇਨ੍ਹਾਂ ਬ੍ਰਾਹਣਵਾਦੀ ਰਚਨਾਵਾਂ ਦੇ ਸੰਗ੍ਰਿਹ ਬਚਿੱਤਰਨਾਟਕ ਨਾਲ਼ ਜੋੜ ਚੁੱਕਾ ਹੈ ਜਿਸ ਨਾਲ਼ ਸਿੱਖਾਂ ਵਿੱਚ ਫੁੱਟ ਦੇ ਪੱਕੇ ਬੀਜ ਬੀਜੇ ਗਏ ਜੋ ਹੁਣ ਮਜ਼ਬੂਤ ਦ੍ਰੱਖ਼ਤਾਂ ਦਾ ਰੂਪ ਧਾਰਨ ਕਰ ਚੁੱਕੇ ਹਨ। ਇਹ ਕੰਮ ਸ਼੍ਰੋ. ਕਮੇਟੀ ਰਾਹੀਂ ਕਰਵਾਇਆ ਗਿਆ ਤਾਂ ਜੁ ਸਿੱਖਾਂ ਨੂੰ ਬ੍ਰਾਹਮਣਵਾਦ ਦੇ ਰਲ਼ੇਵੇਂ ਸੰਬੰਧੀ ਕੋਈ ਸ਼ੱਕ ਨਾ ਪਵੇ।
ਸਿੱਖਾਂ ਦੀ ਬਦ-ਕਿਸਮਤੀ:
ਇਹ ਇਸ ਤਰ੍ਹਾਂ ਹੋਈ ਕਿ ਉਨ੍ਹਾਂ ਨੇ ਸ਼੍ਰੋ. ਕਮੇਟੀ ਉੱਤੇ ਭਰੋਸਾ ਕਰ ਕੇ ਇਸ ਰਾਹੀਂ ਬਣਾਈ ‘ਸਿੱਖ ਰਹਤ ਮਰਯਾਦਾ’ ਵਿੱਚ ਲਿਖੇ ਨਿੱਤ-ਨੇਮ ਨੂੰ , ਬਿਨਾਂ ‘ਖਸਮ ਕੀ ਬਾਣੀ’ ਦੀ ਦਲੀਲ ਦੀ ਕਸ਼ਵੱਟੀ ਉੱਤੇ ਪਰਖੇ, ਇੰਨ-ਬਿੰਨ ਮੰਨ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਸ ਨਾਲ਼ ਲਗਭਗ 60 ਸਾਲ਼ਾਂ ਵਿੱਚ ‘ਖਸਮ ਕੀ ਬਾਣੀ’ ਨਾਲ਼ ਰਲ਼ਾਈਆਂ ਕੱਚੀਆਂ ਅਣ-ਅਧਿਕਾਰਤ ਰਚਨਾਵਾਂ ਸਿੱਖਾਂ ਦੇ ਮਨਾਂ ਵਿੱਚ ਆਪਣੇ ਪੈਰ ਜਮਾਅ ਗਈਆਂ। ਸਿੱਖ ਧੰਨੁ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਵੀ ਟੇਕਦੇ ਗਏ ਅਤੇ ਅਣ-ਅਧਿਕਾਰਤ ਰਚਨਾਵਾਂ ਵੀ ਪੜ੍ਹਦੇ ਗਏ, ਮਾਨੋ, ਖੰਡ ਵਿੱਚ ਲਪੇਟੀ ਜ਼ਹਰ ਹੀ ਖਾਂਦੇ ਗਏ। ਹੁਣ ਤਕ ਵੀ ਕਈਆਂ ਨੂੰ ਇਹ ਨਹੀਂ ਪਤਾ ਕਿ ਜਾਪੁ, ਸਵੱਯੇ ਅਤੇ ਚੌਪਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ ਹਨ ਕਿ ਨਹੀਂ। ਇੱਕ ਵਾਰੀ ਸ਼ਾਮ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਨਿੱਤ-ਨੇਮ ਕਰਨ ਉਪਰੰਤ ਮੈਨੂੰ ਇੱਕ ਸਿੱਖ ਸੱਜਣ ਨੇ ਕਿਹਾ- “ਤੁਸੀਂ ਚੌਪਈ ਪੜ੍ਹੀ ਹੀ ਨਹੀਂ”। ਮੈਂ ਕਿਹਾ- ਵੀਰ ਜੀ! ਚੌਪਈ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਹੀ ਨਹੀਂ”। ਉਸ ਨੇ ਕਿਹਾ- “ਅੱਛਾ! ਇਹ ਤਾਂ ਪਤਾ ਹੀ ਨਹੀਂ ਸੀ”। ਪਾਠ ਸੰਗਤ ਨੂੰ ਪੁੱਛ ਕੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ਾ ਕੀਤਾ ਸੀ। ਪ੍ਰੋ. ਦਰਸ਼ਨ ਸਿੰਘ ਜਿਹੇ ਸੂਝਵਾਨ ਸੱਜਣਾਂ ਨੇ ਸਿੱਖ ਕੌਮ ਨੂੰ ਜਾਗਰੂਕ ਕੀਤਾ ਹੈ, ਜਿਸ ਨਾਲ਼ ਹੁਣ ਸੱਚੀ ਅਤੇ ਕੱਚੀ ਬਾਣੀ ਦਾ ਪਤਾ ਲੱਗ ਚੁੱਕਾ ਹੈ।
‘ਆਦਿ ਬੀੜ’ ਵਿੱਚ ਲਿਖਿਆ ਨਿੱਤ-ਨੇਮ ਨਹੀਂ ਬਦਲਿਆ:
ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ‘ਆਦਿ ਬੀੜ’ ਵਿੱਚ ਪੰਜਵੇਂ ਗੁਰੂ ਜੀ ਵਲੋਂ ਸਿੱਖ-ਨਿੱਤ-ਨੇਮ ਦੀ ਬਣਾਈ ਰੂਪ ਰੇਖਾ ਨੂੰ ਵੀ ਨਹੀਂ ਬਦਲਿਆ ਸੀ, ਭਾਵੇਂ, ਸਮਰੱਥ ਸਤਿਗੁਰੂ ਜੀ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਕੇ ਇੱਸ ਵਿੱਚ ਹੋਰ ਰਚਨਾਵਾਂ ਦਾ ਵਾਧਾ ਜਾਂ ਘਾਟਾ ਕਰ ਸਕਦੇ ਹਨ। ਇੱਸ ਦਾ ਅਰਥ ਇਹ ਹੈ ਕਿ ‘ਆਦਿ ਬੀੜ’ ਵਿੱਚ ਲਿਖਿਆ ਨਿੱਤ-ਨੇਮ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ ਵਲੋਂ ਪ੍ਰਵਾਨ ਹੋ ਗਿਆ। ਇੱਸ ਤੋਂ ਇਹ ਵੀ ਸਪੱਸ਼ਟ ਹੈ ਕਿ ਉਨ੍ਹਾਂ ਨੇ ਇਹੀ ਨਿੱਤ-ਨੇਮ ਰੱਖਿਆ ਅਤੇ ਸਿੱਖਾਂ ਵਿੱਚ ਇਹੀ ਨਿੱਤ-ਨੇਮ , ਉਨ੍ਹਾਂ ਦੇ ਸਮੇਂ ਤਕ, ਪ੍ਰਚੱਲਤ ਰਿਹਾ। ਇੱਸ ਦੇ ਸਬੂਤ ਕੋਈ 250 ਸਾਲ ਪੁਰਾਣੇ ਲਿਖੇ ਮਿਲੇ ਗੁਟਕੇ ਅਤੇ ਸ. ਆਲਾ ਸਿੰਘ ਦੇ ਬੁਰਜ ਕਿਲ੍ਹਾ ਪਟਿਆਲ਼ਾ ਵਿੱਚ ਪਏ ਦਸ਼ਮੇਸ਼ ਗੁਟਕੇ ਤੋਂ ਵੀ ਮਿਲ਼ਦੇ ਹਨ। ਦਸ਼ਮੇਸ਼ ਗੁਟਕੇ ਦਾ ਜ਼ਿਕਰ ਭਾਈ ਕਾਨ੍ਹ ਸਿੰਘ ਨਾਭਾ ਨੇ ‘ਮਹਾਨ ਕੋਸ਼’ ਵਿੱਚ ‘ਪਟਿਆਲ਼ਾ’ ਸ਼ਬਦ ਅਧੀਨ ਕੀਤਾ ਹੋਇਆ ਹੈ ਜੋ ਉਨ੍ਹਾਂ ਦੀ ਨਿੱਜੀ ਖੋਜ ਦਾ ਸਿੱਟਾ ਹੈ। ਇਨ੍ਹਾਂ ਸ੍ਰੋਤਾਂ ਵਿੱਚ ‘ਆਦਿ ਬੀੜ’ (ਹੁਣ ਛਾਪੇ ਦੀ ਬੀੜ ਦੇ ਪਹਿਲੇ 13 ਪੰਨੇ) ਵਾਲ਼ੇ ਨਿੱਤ-ਨੇਮ ਦੀਆਂ ਬਾਣੀਆਂ ਹੀ ਹਨ। ਇਨ੍ਹਾਂ ਸ੍ਰੋਤਾਂ ਵਿੱਚ ਹੋਰ ਲਿਖੀਆਂ ਬਾਣੀਆਂ ਵਿੱਚ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਲ਼ੀਆਂ ਬਾਣੀਆਂ ਹੀ ਹਨ ਜਿਸ ਨਾਲ਼ ਦੁਬਿਧਾ ਦੀ ਕੋਈ ਗੁੰਜਾਇਸ਼ ਹੀ ਨਹੀਂ ਛੱਡੀ। ਇੱਥੇ ਦੱਸੇ ਇਨ੍ਹਾਂ ਸ੍ਰੋਤਾਂ ਵਾਰੇ ‘www.khalsanews.org’ ਦੇ ਪ੍ਰਬੰਧਕ ਬਹੁਤ ਰੌਸ਼ਨੀ ਪਾ ਚੁੱਕੇ ਹਨ।
‘ਖਸਮ ਕੀ ਬਾਣੀ’ ਦੀ ਪਛਾਣ ਕੀ ਹੈ?
1. ਸੱਭ ਤੋਂ ਪਹਿਲੀ ਗੱਲ ਇਹ ਹੈ ਕਿ ਗੁਰੂ ਕ੍ਰਿਤ ‘ਖਸਮ ਕੀ ਬਾਣੀ ਉਹ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ (ਰਾਗਮਾਲ਼ਾ ਤੋਂ ਬਿਨਾਂ) ਵਿੱਚ ਦਰਜ ਹੈ।
2. ਦੂਜੀ ਗੱਲ਼ ਇਹ ਹੈ ਕਿ ਉਸ ਗੁਰੂ ਕ੍ਰਿਤ ਬਾਣੀ ਵਿੱਚ ‘ਨਾਨਕ’ ਸ਼ਬਦ ਦੀ ਮੁਹਰ ਲੱਗੀ ਹੋਵੇ ਜਾਂ ਸ਼ਬਦ/ਸ਼ਲੋਕ ਦੇ ਸਿਰਲੇਖ ਤੋਂ ਗੁਰੂ-ਕ੍ਰਿਤ ਜਾਂ ਭਗਤਾਂ ਗੁਰਸਿੱਖਾਂ ਬਾਣੀ ਪ੍ਰਗਟ ਹੁੰਦੀ ਹੋਵੇ।
3. ਤੀਜੀ ਗੱਲ ਇਹ ਹੈ ਕਿ ਗੁਰੂ ਕ੍ਰਿਤ ਬਾਣੀ ਦੇ ਸਿਰਲੇਖਾਂ (ਜਿੱਥੇ ਵੀ ਵਰਤੇ ਹੋਣ) ਵਿੱਚ ‘ਮਹਲਾ ਜਾਂ ਮਹਲੁ ਜਾਂ ਮਹਲੇ’ ਸ਼ਬਦਾਂ ਦੀ ਵਰਤੋਂ ਹੋਵੇ।
ਉਪਰੋਕਤ ਪਛਾਣ ਦਸਵੇਂ ਪਾਤਿਸ਼ਾਹ ਜੀ ਦੀ ਹੀ ਦੇਣ ਹੈ, ਜਿਨ੍ਹਾਂ ਨੇ ‘ਆਦਿ ਬੀੜ’ ਤੋਂ ‘ਦਮਦਮੀ ਬੀੜ’ ਤਿਆਰ ਕੀਤੀ, ਇਸ ਨੂੰ ਸੰਪੂਰਨਤਾ ਅਤੇ ਗੁਰ-ਗੱਦੀ ਬਖ਼ਸ਼ੀ। ਜਿਹੜੀ ਵੀ ਕੋਈ ਰਚਨਾ ਉਪਰੋਕਤ ਤਿੰਨੇ ਸ਼ਰਤਾਂ ਪੂਰੀਆਂ ਨਹੀਂ ਕਰਦੀ ਉਹ ਕਿਸੇ ਤਰ੍ਹਾਂ ਵੀ ਗੁਰੂ ਕ੍ਰਿਤ ਬਾਣੀ ਨਹੀਂ ਹੈ ਅਤੇ ਇਹ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਫ਼ੈਸਲਾ ਹੈ ਜਿਸ ਨੂੰ ਸਿਰ-ਮੱਥੇ ਮੰਨ ਕੇ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਖੜ੍ਹੇ ਕੀਤੇ ਸ਼ਰੀਕਾਂ ਨੂੰ ਲਾਂਭੇ ਕੀਤਾ ਜਾ ਸਕਦਾ ਹੈ। ਇੱਕੋ ਗੁਰੂ ਦਾ ਸਿਧਾਂਤ ਵੀ ਇਸ ਤਰ੍ਹਾਂ ਸਦੀਵੀ ਰੱਖਿਆ ਜਾ ਸਕਦਾ ਹੈ ਅਤੇ ਬਾਣੀਆਂ ਪ੍ਰਤੀ ਪੈਦਾ ਹੋਈ ਦੁਵਿਧਾ ਖ਼ਤਮ ਹੋ ਸਕਦੀ ਹੈ।
ਗੁਰੂ ਮਿਹਰ ਕਰੇ ਕਿ ਸਿੱਖਾਂ ਨੂੰ ਬਿਬੇਕ ਦਾਨ ਮਿਲ਼ ਜਾਵੇ!
ਕਸ਼ਮੀਰਾ ਸਿੰਘ (ਪ੍ਰੋ.) U.S.A.
‘ਖਸਮ ਕੀ ਬਾਣੀ’ ਦੀ ਪਛਾਣ ਕੀ ਹੈ ?
Page Visitors: 2612