ਗੁਰਦੁਆਰਾ ਚੋਣਾਂ !
ਗੁਰੂ ਘਰ ਦੀ ਸੇਵਾ ਜਾਂ ਮਹਾਂ ਪਾਪ ? ਖਾਲਸਾ ਜੀ! ਫੈਸਲਾ ਆਪਕੇ ਹਾਥ।
ਵਲੋਂ:- ਠਾਕੁਰ ਦਲੀਪ ਸਿੰਘ
ਕਈਆਂ ਨੂੰ ਸ਼ੰਕਾ ਹੋਵੇਗੀ ਕਿ ਗੁਰਦੁਆਰਿਆਂ ਦੀਆਂ ਚੋਣਾਂ ਪਾਪ ਕਿਉਂ ਹਨ?
ਉੱਤਰ: ਹਰ ਉਹ ਕੰਮ ਜਿਸ ਨੂੰ ਕਰਨ ਕਰਕੇ ਸਿੱਖ ਪੰਥ ਦਾ ਨੁਕਸਾਨ ਹੋਵੇ, ਉਹ ਪਾਪ ਹੈ। ਜੋ ਕੰਮ ਗੁਰਬਾਣੀ ਵਿੱਰੁਧ ਕੀਤਾ ਜਾਵੇ ਉਹ ਮਹਾਂ ਪਾਪ ਹੈ। ਚੋਣਾਂ; ਸਿੱਖ ਪੰਥ ਨੂੰ ਕੈਂਸਰ ਵਾਂਗੂੰ ਅੰਦਰੋਂ-ਅੰਦਰ ਖਾ ਰਹੀਆਂ ਹਨ, ਧੜੇਬੰਦੀ ਬਣਾ ਕੇ ਪਾਟਕ ਪਾਉਂਦੀਆਂ ਹਨ। ਹੋਰ ਕਿਸੇ ਪੰਥ/ਧਰਮ ਵਿੱਚ ਚੋਣਾਂ ਨਹੀਂ ਕੇਵਲ ਅਸਾਡੇ ਪੰਥ ਵਿੱਚ ਹੀ ਹਨ। ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਅਸਾਡੇ ਤੋਂ ਸੁਖੀ ਵੱਸਦੇ ਹਨ। ਸੋਚਣ ਦੀ ਲੋੜ ਹੈ: ਜਿਸ ਦਿਨ ਤੋਂ ਅਸਾਡੇ ਵਿੱਚ ਚੋਣ ਪ੍ਰਣਾਲੀ ਆਈ, ਕੀ ਅਸੀਂ ਉਸ ਦਿਨ ਤੋਂ ਲੈਕੇ ਅੱਜ ਤੱਕ ਵਧੇ ਹਾਂ ਜਾਂ ਘਟੇ ਹਾਂ? ਅਸੀਂ ਚੋਣਾਂ ਕਾਰਨ ਘਟੇ ਹਾਂ, ਜਿੱਥੇ ਚੋਣਾਂ ਨਹੀਂ ਹੁੰਦੀਆਂ ਉਹ ਪੰਥ/ਧਰਮ ਵਧੇ ਹਨ।
ਸਿੱਖਾਂ ਨੂੰ ਗੁਰਬਾਣੀ ਅਨੁਸਾਰ ਜੀਵਨ ਜਿਉਣਾ ਚਾਹੀਦਾ ਹੈ। ਗੁਰਬਾਣੀ ਵਿੱਚ ਤਾਂ ਆਪਸ ਵਿੱਚ ਮਿਲ਼ਨ ਦੀ ਸੋਭਾ ਲਿਖੀ ਗਈ ਹੈ। ਭਾਵ: ਆਪਸ ਵਿੱਚ ਮਿਲ਼ ਕੇ ਰਹਿਣ ਦਾ ਹੁਕਮ ਹੈ:-
"ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ"॥ (ਅੰਗ:- 498)
ਲੜਬੇ ਕੀ ਮਹਿਮਾ ਤਾਂ ਗੁਰਬਾਣੀ ਵਿੱਚ ਕਿਤੇ ਵੀ ਨਹੀਂ ਲਿਖਿਆ। ਕੀ ਚੋਣਾਂ ਵਿੱਚ ਸਿੱਖ ਆਪਸ ਵਿੱਚ ਲੜਦੇ ਹਨ ਜਾਂ ਮਿਲਦੇ ਹਨ? ਸੋਚਣ ਦੀ ਲੋੜ ਹੈ! ਕੀ ਆਪਸ ਵਿੱਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਮਹਾਂ-ਪਾਪ ਨਹੀਂ? ਜੇ ਆਪਸ ਵਿੱਚ ਲੜਨਾ ਅਤੇ ਸਿੱਖਾਂ ਨੂੰ ਲੜਾਉਣਾ ਪਾਪ ਨਹੀਂ ਤਾਂ ਫਿਰ, ਹੋਰ ਕਿਹੜਾ ਕੰਮ ਪਾਪ ਹੈ?
ਅੱਜ ਸਿੱਖ ਪੰਥ ਨੂੰ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਦੀ ਥਾਂ 'ਤੇ ਗੁਣਾ ਦੇ ਆਧਾਰ ਉਤੇ ਸਰਬ ਸੰਮਤੀ ਕੀਤੀ ਜਾਵੇ। ਗੁਰਬਾਣੀ ਗੁਣਾ ਦੇ ਆਧਾਰ ਉਤੇ ਪ੍ਰਬੰਧਕੀ ਨਿਜ਼ਾਮ ਖੜਾ ਕਰਨ ਵੱਲ ਸਿੱਖਾਂ ਨੂੰ ਤੋਰਦੀ ਹੈ:
"ਅਵਗੁਣ ਛੋਡਿ ਗੁਣਾ ਕਉ ਧਾਵਹੁ ਕਰਿ ਅਵਗੁਣ ਪਛੁਤਾਹੀ ਜੀਉ ॥" (ਅੰਗ 598) ਅਤੇ
"ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥" (ਅੰਗ 766)
ਚੋਣਾਂ ਕਾਰਨ ਸਿੱਖ ਪੰਥ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੈ। ਆਪਸੀ ਵਿਰੋਧ ਵਧ ਰਿਹਾ ਹੈ, ਜਿਸ ਕਾਰਨ ਸੰਗਤ ਦੀ ਸ਼ਰਧਾ ਦਿਨੋ ਦਿਨ ਘਟ ਕੇ ਪੰਥ ਘਟ ਰਿਹਾ ਹੈ। ਸਿੱਖੀ ਸ਼ਰਧਾ ਨਾਲ ਹੈ, ਚੋਣਾਂ ਨਾਲ ਨਹੀਂ। ਬਾਣੀ ਵਿੱਚ ਲਿਖਿਆ ਹੈ:
"ਸਤਿਗੁਰੂ ਕੀ ਨਿਤ ਸਰਧਾ ਲਾਗੀ ਮੋਕਉ ॥" (ਅੰਗ: 982)
ਅਤੇ ਉੱਥੇ ਇਹ ਵੀ ਸਪਸ਼ਟ ਕੀਤਾ ਹੈ ਸਾਧ ਸੰਗਤ ਵਿੱਚ ਮਿਲ਼ਨ ਨਾਲ ਸ਼ਰਧਾ ਬਣਦੀ ਹੈ ਅਤੇ ਵੱਧਦੀ ਹੈ।
"ਮਿਲਿ ਸਾਧ ਸੰਗਤ ਸਰਧਾ ਊਪਜੈ ॥" (ਅੰਗ: 997)।
ਇਹ ਤਾਂ ਸਭ ਨੂੰ ਪਤਾ ਹੀ ਹੈ ਜਦੋਂ ਗੁਰਦੁਆਰਿਆਂ ਵਿੱਚ ਚੋਣਾਂ ਨੂੰ ਲੈਕੇ ਲੜਾਈਆਂ ਹੁੰਦੀਆਂ ਹਨ ਉਦੋਂ ਸੰਗਤ ਦੀ ਸ਼ਰਧਾ ਘਟਦੀ ਹੈ।
ਦਿੱਲੀ ਵਿੱਚ ਗੁਰਦੁਆਰਾ ਚੋਣਾ ਹੋ ਚੁਕੀਆਂ ਹਨ, ਪੰਜਾਬ ਅਤੇ ਹਰਿਆਣਾ ਵਿੱਚ ਹੋਣ ਦੀ ਤਿਆਰੀ ਹੈ। ਕੀ ਇਹ ਚੋਣਾਂ ਜਿੱਤਣ ਵਾਲਾ ਧੜਾ ਹੀ ਸੱਚੇ ਸੇਵਾਦਾਰ ਹੋਣਗੇ ? ਹਾਰੇ ਹੋਏ ਧੜੇ ਦੇ ਸਿੱਖਾਂ ਨੂੰ ਜੇਤੂ ਧੜਾ ਕੀ ਵਤੀਰਾ ਕਰੇਗਾ ? ਕੀ ਗੁਰਦੁਆਰਾ ਚੋਣਾਂ ਲੜਨਾ ਗੁਰਮਤ ਅਨੁਸਾਰ ਹਨ? ਜੇਹੜੇ ਸੱਜਣ ਚੋਣਾਂ ਜਿੱਤਕੇ ਗੁਰਮਤ ਦੀ ਨਿਯਮਾਵਲੀ ਬਣਾਉਣਗੇ ਅਤੇ ਗੁਰਮਤ ਦੀ ਵਿਆਖਿਆ ਕਰਨਗੇ, ਮੈਂ ਉਨ੍ਹਾਂ ਸੱਜਨਾ ਨੂੰ ਨਿਮਰਤਾ ਸਹਿਤ ਪੁਛਦਾ ਹਾਂ : ਕੀ ਆਪਸ ਵਿੱਚ ਲੜਨਾ-ਲੜਾਉਣਾ ਗੁਰਮਤ ਹੈ ? ਜਾਂ ਏਕਤਾ ਕਰਨਾ ਕਰਾਉਣਾ ਗੁਰਮਤ ਹੈ ?
ਜੇ ਗੁਰਦੁਆਰਿਆਂ ਦੀ ਸੇਵਾ ਕਰਨੀ ਹੈ ਤਾਂ ਨਿਰਲਾਲਚ ਹੋਕੇ, ਸਹਿਮਤ ਹੋਕੇ ਕਰੀਏ, ਜਿਸ ਸੇਵਾ ਨਾਲ ਪੰਥ ਵਿੱਚ ਵਾਧਾ ਹੋਵੇ। ਗੁਰਦੁਆਰਿਆਂ ਦੀ ਸੇਵਾ ਕਰਨ ਲਈ ਚੋਣਾਂ ਲੜਨ ਦੀ ਕੀ ਲੋੜ ਹੈ ? ਹੁਣ ਤਕ ਚੋਣ ਪ੍ਰਣਾਲੀ ਨੇ ਸਿੱਖ ਧਿਰਾਂ ਦਾ ਗੁਰਬਾਣੀ ਵਿਰੋਧੀ ਕਿਰਦਾਰ ਹੀ ਸਥਾਪਿਤ ਕੀਤਾ ਹੈ :
"ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ ॥"(ਅੰਗ 580)
ਜੇ ਕਿਸੇ ਸਮੇਂ, ਕਿਸੇ ਕਾਰਨ ਗੁਰਦੁਆਰਾ ਪ੍ਰਬੰਧ ਲਈ ਚੋਣਾਂ ਕਰਨ ਵਾਸਤੇ ਭਾਰਤੀ ਸੰਵਿਧਾਨ ਵਿੱਚ ਲਿਖਿਆ ਜਾ ਚੁੱਕਿਆ ਹੈ ਤਾਂ ਇਸਦਾ ਇਹ ਅਰਥ ਨਹੀਂ ਕਿ ਅਸੀਂ ਆਪਸ ਵਿੱਚ ਇੱਕਠੇ ਹੋ ਕੇ ਸਰਬ ਸੰਮਤੀ ਨਹੀਂ ਕਰ ਸਕਦੇ। ਸੰਵਿਧਾਨ ਜਾਂ ਸਰਕਾਰ ਸਾਨੂੰ ਮਜਬੂਰ ਨਹੀਂ ਕਰ ਸਕਦੀ ਕਿ ਤੁਸੀਂ ਚੋਣਾਂ ਜ਼ਰੂਰ ਹੀ ਲੜੋ। ਅਸਾਡਾ ਅਸਲੀ ਸੰਵਿਧਾਨ ਗੁਰਬਾਣੀ ਹੈ, ਗੁਰਬਾਣੀ ਵਿੱਚ ਏਕਤਾ ਕਰਨ ਦਾ ਹੁਕਮ ਹੈ, ਲੜਨ ਦੀ ਮਨਾਹੀ ਹੈ। ਸੋਚਣ ਦੀ ਲੋੜ ਹੈ ਅਸੀਂ ਕਿਸ ਸੰਵਿਧਾਨ ਨੂੰ ਮੰਨਣਾ ਹੈ! ਸਰਬ ਸੰਮਤੀ ਕਰਨ ਨਾਲ ਤਾਂ ਸੰਗਤ ਵੀ ਪ੍ਰਸੰਨ ਹੋਵੇਗੀ। ਗੁਰੂ ਜੀ ਵੀ ਖੁਸ਼ੀਆਂ ਦੇਣਗੇ। ਸਰਕਾਰ ਦੀ ਖਪਾਈ ਅਤੇ ਪੈਸਾ ਬਚੇਗਾ, ਸਰਕਾਰ ਪ੍ਰਸੰਨ ਹੋਵੇਗੀ ।
ਗੁਰਦੁਆਰਾ ਚੋਣਾਂ ਵਿੱਚ ਗੁਰਬਾਣੀ ਵਿੱਚ ਦਿੱਤੇ ਹੁਕਮਾਂ ਉਲਟ ਬਹੁਤ ਸਾਰੇ ਕੰਮ ਕੀਤੇ ਜਾਂਦੇ ਹਨ। ਉਨ੍ਹਾਂ ਗੁਰੁ ਕੇ ਹੁਕਮਾਂ ਵਿਰੁੱਧ ਚੱਲਣਾ ਪਾਪ ਹੈ, ਜਿਨ੍ਹਾਂ ਵਿੱਚੋਂ ਕੁੱਝ ਹੇਠ ਲਿਖੇ ਹਨ:-
ਪਾਪ ਨੰਬਰ 1.- ਵਿਚਾਰ ਰਹਿਤ ਹੋਣਾ: ਗੁਰਬਾਣੀ ਵਿੱਚ ਲਿਖਿਆ ਹੈ ਵਿਚਾਰਵਾਨ ਬਣੋ:
"ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ।" (ਅੰਗ: 1325)
ਪਰ, ਆਪਾਂ ਜਦੋਂ ਗੁਰਦੁਆਰਾ ਚੋਣਾਂ ਵਿੱਚ ਲੜਦੇ ਹਾਂ ਉਦੋਂ ਆਪਾਂ ਵਿਚਾਰ ਰਹਿਤ ਹੋ ਜਾਂਦੇ ਹਾਂ, ਕਿਉਂਕਿ ਵਿਚਾਰਵਾਨ ਆਪਸ ਵਿੱਚ ਲੜਦੇ ਨਹੀਂ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 2.- ਆਪਸ ਵਿੱਚ ਲੜਨਾ-ਗੁਰਬਾਣੀ ਵਿੱਚ ਲਿਖਿਆ ਹੈ:
"ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥"(ਅੰਗ:- 1185)
ਉੱਥੇ ਤਾਂ ਇੱਕਠੇ ਹੋਣ ਦਾ ਹੁਕਮ ਹੈ, ਪਰ ਆਪਾਂ ਲੜ ਕੇ ਵੱਖਰੇ ਹੋ ਜਾਂਦੇ ਹਾਂ। ਮੁੱਖ ਗੱਲ ਤਾਂ ਇਹ ਹੈ ਕਿ ਸਿੱਖ ਹੀ ਸਿੱਖਾਂ ਨਾਲ ਲੜਦੇ ਹਨ। ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 3.- ਧੜਾ ਬਣਾਉਣਾ-ਗੁਰਬਾਣੀ ਵਿੱਚ ਤਾਂ ਲਿਖਿਆ ਹੈ:
"ਝੂਠੁ ਧੜੇ ਕਰਿ ਪਛੋਤਾਹਿ ॥" (ਅੰਗ:-366)
ਆਪਾਂ ਗੁਰਦੁਆਰਾ ਚੋਣਾਂ ਲੜਨ ਵੇਲੇ ਧੜੇ ਬਣਾਉਂਦੇ ਹਾਂ। ਸਤਿਗੁਰੂ ਦਾ ਧੜਾ ਧਰਮ ਦਾ ਧੜਾ ਹੈ, ਪ੍ਰਭੂ ਦਾ ਧੜਾ ਹੈ। ਆਪਾਂ ਕਿੰਨੇ ਹੀ ਤਰ੍ਹਾਂ ਦੇ ਧੜੇ ਬਣਾਉਂਦੇ ਹਾਂ ਸੋਚਨ ਦੀ ਲੋੜ ਹੈ। ਕੀ ਆਪਾਂ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 4.- ਲਾਲਚ ਕਰਨਾ-ਗੁਰਬਾਣੀ ਵਿੱਚ ਲਿਖਿਆ ਹੈ:
"ਲਾਲਚੁ ਛੋਡਹੁ ਅੰਧਿਹੋ ਲਾਲਚਿ ਦੁਖੁ ਭਾਰੀ॥" (ਅੰਗ:-419)
ਗੁਰਦੁਆਰਾ ਚੋਣਾਂ ਵਿੱਚ ਆਪਾਂ ਲਾਲਚ ਕਰਦੇ ਹਾਂ, ਭਾਂਵੇਂ ਉਹ ਪਦਵੀਆਂ ਦਾ ਲਾਲਚ ਹੋਵੇ ਜਾਂ ਮਾਇਆ ਦਾ। ਆਪਣੀ ਜੇਬ੍ਹ ਤੋਂ ਅਸੀਂ ਲੱਖਾਂ ਰੁਪਏ ਚੋਣਾਂ ਜਿੱਤਣ ਲਈ ਖਰਚ ਕੇ, ਜਿੱਤਣ ਉਪਰੰਤ, ਕੀ ਗੁਰੂ ਦੀ ਗੋਲਕ ਦਾ ਅਸੀਂ ਦੁਰਉਪਯੋਗ ਨਹੀਂ ਕਰਦੇ? ਜੇ ਸੇਵਾ ਹੀ ਕਰਨੀ ਹੈ ਤਾਂ ਇਤਨੀ ਵੱਡੀ ਰਕਮ ਚੋਣਾਂ ਵਿਚ ਕਿਉਂ ਖਰਚੀ ਜਾਂਦੀ ਹੈ ? ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 5.- ਵੈਰ-ਵਿਰੋਧ ਕਰਨਾ-ਗੁਰਬਾਣੀ ਵਿੱਚ ਤਾਂ ਲਿਖਿਆ ਹੈ:
"ਗੁਰਮੁਖਿ ਵੈਰ ਵਿਰੋਧ ਗਵਾਵੈ॥"(ਅੰਗ:- 942)
ਆਪਾਂ ਚੋਣਾਂ ਵਿਚ ਇੱਕ ਦੂਸਰੇ ਨਾਲ ਪ੍ਰੇਮ ਵਧਾਉਂਦੇ ਹਾਂ ਜਾਂ ਵੈਰ ਵਧਾਉਂਦੇ ਹਾਂ? ਇਹ ਸਾਨੂੰ ਆਪ ਸੋਚਣ ਦੀ ਲੋੜ ਹੈ! ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 6.- ਕਿਸੇ ਦੇ ਔਗੁਣ ਵੇਖਨੇ-ਗੁਰਬਾਣੀ ਵਿੱਚ ਲਿਖਿਆ ਹੈ:
"ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ॥"(ਅੰਗ:-1364) ਅਤੇ
"ਪਰਾਇਆ ਛਿਦ੍ਰ ਅਟਕਲੈ ਆਪਣਾ ਅਹੰਕਾਰੁ ਵਧਾਵੈ ॥"(ਅੰਗ-366)
ਚੋਣਾਂ ਵਿੱਚ ਆਪਾਂ ਦੂਜਿਆਂ ਦੇ ਔਗੁਣ ਵੇਖਦੇ ਹਾਂ, ਲੱਭਦੇ ਹਾਂ ਅਤੇ ਨਵੇਂ ਔਗੁਣ ਕੋਲੋਂ ਹੀ ਘੜਦੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 7.- ਨਿੰਦਿਆ ਕਰਨੀ-ਗੁਰਬਾਣੀ ਵਿੱਚ ਲਿਖਿਆ ਹੈ:
"ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ॥"(ਅੰਗ:-755)
ਗੁਰਦੁਆਰਾ ਚੋਣਾਂ ਵਿੱਚ ਆਪਾਂ ਇੱਕ ਦੂਜੇ ਦੀ ਨਿੰਦਿਆ ਕਰਨ ਤੋਂ ਹਟਦੇ ਹੀ ਨਹੀਂ, ਹਰ ਸਮੇਂ ਨਿੰਦਿਆ ਕਰੀ ਜਾਂਦੇ ਹਾਂ। ਸੋਚਣ ਦੀ ਲੋੜ ਹੈ ਕਿ ਆਪਾਂ ਆਪਣੇ ਗੁਰੂ ਦਾ ਹੁਕਮ ਕਿੰਨਾ ਕੁ ਮੰਨ ਰਹੇ ਹਾਂ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 8.- ਹੰਕਾਰ ਕਰਣਾ- ਗੁਰਬਾਣੀ ਵਿੱਚ ਆਦੇਸ਼ ਲਿਖਿਆ ਹੈ:
"ਮੇਰੇ ਮਨ ਤਜਿ ਨਿੰਦਾ ਹਉਮੈ ਅਹੰਕਾਰ ॥"।(ਅੰਗ 29)
ਗੁਰਦੁਆਰਾ ਚੋਣਾਂ ਵਿੱਚ ਆਪਾਂ ਹੰਕਾਰ ਕਰਦੇ ਹਾਂ। ਕੀ ਆਪਾਂ ਗੁਰੂ ਕਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 9.- ਚੁਗਲੀ ਕਰਣੀ-ਗੁਰਬਾਣੀ ਵਿੱਚ ਤਾਂ ਲਿਖਿਆ ਹੈ:
"ਜਿਸੁ ਅੰਦਰਿ ਚੁਗਲੀ ਚੁਗਲੋ ਵਜੈ ਕੀਤਾ ਕਰਤਿਆ ਓਸ ਦਾ ਸਭੁ ਗਇਆ॥"(ਅੰਗ:-308)
ਗੁਰਦੁਆਰਾ ਚੋਣਾਂ ਵਿੱਚ ਆਪਾਂ ਕਿੰਨੀ ਚੁਗਲੀ ਕਰਕੇ ਸਿਖਾਂ ਨੂੰ ਆਪਸ ਵਿੱਚ ਲੜਾਉਂਦੇ ਹਾਂ, ਆਪ ਸੋਚਣ ਦੀ ਲੋੜ ਹੈ। ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 10.- ਸ਼ਰਾਬ ਪੀਣੀ-ਪਿਲਾਉਣੀ-ਗੁਰਬਾਣੀ ਵਿੱਚ ਸ਼ਰਾਬ ਵਿਰੁੱਧ ਸਖ਼ਤ ਆਦੇਸ਼ ਹੈ, ਉੱਥੇ ਤਾਂ ਲਿਖਿਆ ਹੈ:
"ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥" (ਅੰਗ:-554)
ਆਪਾਂ ਸਾਰੇ ਜਾਣਦੇ ਹਾਂ ਵੋਟਾਂ ਲੈਣ ਵਾਸਤੇ ਚੋਣਾਂ ਵਿੱਚ ਸ਼ਰਾਬ ਪੀਤੀ ਅਤੇ ਪਿਲਾਈ ਜਾਂਦੀ ਹੈ। ਵੋਟ ਬਣਾਉਣ ਦੇ ਫਾਰਮ ਵਿੱਚ ਲਿਖਿਆ ਹੈ:
"ਸ਼ਰਾਬ ਪੀਣ ਵਾਲਾ ਸਿੱਖ ਨਹੀਂ, ਉਸਦੀ ਵੋਟ ਨਹੀਂ ਬਣ ਸਕਦੀ"।
ਸਾਰਿਆਂ ਸਿੱਖਾਂ ਨੂੰ ਸੋਚਣ ਦੀ ਲੋੜ ਹੈ: ਕੀ ਸ਼ਰਾਬ ਪਿਆ ਕੇ ਚੋਣਾ ਲੜਨੀਆਂ/ਜਿੱਤਣੀਆਂ ਠੀਕ ਹੈ ਜਾਂ ਗਲਤ? ਕੀ ਗੁਰੂ ਕਾ ਹੁਕਮ ਉਲਟਾ ਕੇ ਆਪਾਂ ਇਹ ਪਾਪ ਨਹੀਂ ਕਰਦੇ? ਸੋਚੋ!
ਪਾਪ ਨੰਬਰ 11.- ਝੂਠ ਬੋਲਣਾ- ਚੋਣਾਂ ਜਿੱਤਣ ਲਈ ਆਪਾਂ ਵੱਡੇ ਤੋਂ ਵੱਡੇ ਝੂਠ ਬੋਲਦੇ ਹਾਂ। ਗੁਰਬਾਣੀ ਵਿੱਚ ਸਖਤ ਆਦੇਸ਼ ਹੈ, ਉਥੇ ਲਿਖਿਆ ਹੈ:
"ਬੋਲਹਿ ਸਾਚੁ, ਮਿਥਿਆ ਨਹੀ ਰਾਈ॥" (ਅੰਗ:-227)
ਕੀ ਆਪਾਂ ਗੁਰੂ ਦਾ ਹੁਕਮ ਉਲਟਾ ਕੇ ਇਹ ਪਾਪ ਨਹੀਂ ਕਰਦੇ? ਸੋਚੋ!
ਜੇ ਆਪਾਂ, ਉਪਰੋਕਤ ਸਾਰੇ ਪਾਪ ਕਰਦੇ ਹਾਂ, ਗੁਰਬਾਣੀ ਦੇ ਉਲਟ ਚੱਲਦੇ ਹਾਂ ਤਾਂ ਆਪਾਂ ਕੈਸੇ ਸਿੱਖ ਹਾਂ? ਸੋਚਣ ਦੀ ਲੋੜ ਹੈ: ਜੇ ਆਪਾਂ ਆਪਣੇ ਗੁਰੂ ਦਾ ਹੁਕਮ ਉਲਟਾਵਾਂਗੇ ਤਾਂ ਸਾਨੂੰ ਗੁਰੂ ਦੀਆਂ ਖੁਸ਼ੀਆਂ ਮਿਲਣਗੀਆਂ ਜਾਂ ਨਰਾਜ਼ਗੀ ਮਿਲੇਗੀ? ਆਪ ਸੋਚੋ!
ਸਾਰੇ ਸਿੱਖਾਂ ਨੂੰ ਬੇਨਤੀ ਹੈ: ਆਪਸ ਵਿੱਚ ਮਿਲਕੇ, ਸਰਬ ਸੰਮਤੀ ਕਰਕੇ ਗੁਰਦੁਆਰਿਆਂ ਦਾ ਪ੍ਰਬੰਧ ਕਰ ਲਈਏ। ਕਿਸੇ ਵੀ ਕੰਮ ਨੂੰ ਕਰਨ ਵਾਸਤੇ ਤਿੰਨ ਚੀਜ਼ਾਂ ਮੁੱਖ ਹਨ: ਨੰ. 1. ਸਮਾਂ, ਨੰ. 2. ਸ਼ਕਤੀ ਅਤੇ ਨੰ. 3. ਪੈਸਾ। ਇਹੋ ਤਿੰਨੇ ਮੁੱਖ ਚੀਜ਼ਾਂ ਸਮਾਂ, ਸ਼ਕਤੀ ਅਤੇ ਪੈਸਾ ਆਪਾਂ ਗੁਰਦੁਆਰਿਆਂ ਦੀਆਂ ਪਦਵੀਆਂ ਖੋਹਣ ਅਤੇ ਪਦਵੀਆਂ ਬਚਾਉਣ ਵਾਸਤੇ ਲਾਉਂਦੇ ਹਾਂ, ਫਿਰ ਕਈ ਸਾਲ ਅਗਲੀਆਂ ਚੋਣਾ ਜਿੱਤਣ ਵਾਸਤੇ ਤਿਆਰੀ ਕਰਨ ਉੱਤੇ ਲਾਉਂਦੇ ਹਾਂ, ਦੂਜੇ ਧੜੇ ਨੂੰ ਕਮਜ਼ੋਰ ਕਰਨ ਉੱਤੇ ਲਾਉਂਦੇ ਹਾਂ, ਹਰ ਸਮੇਂ ਕਿਸੇ ਦਾ ਬੁਰਾ ਹੀ ਸੋਚਦੇ ਰਹਿੰਦੇ ਹਾਂ, ਕੀ ਇਹੋ 1. ਸਮਾਂ,2. ਸ਼ਕਤੀ, ਅਤੇ 3. ਪੈਸਾ ਪੰਥ ਦੇ ਪਰਚਾਰ ਵਾਸਤੇ ਨਹੀਂ ਲਗ ਸਕਦਾ? ਆਪ ਸੋਚੋ! ਗੁਰੂੁ ਕੀ ਗੋਲਕ ਵਿਚ ਆਈ ਸੰਗਤ ਦੀ ਖੂਨ ਪਸੀਨੇ ਦੀ ਕਮਾਈ ਨੂੰ ਪੰਥ ਪਾੜਨ ਵਾਸਤੇ ਲਗਾਉਂਦੇ ਹਾਂ, ਕੀ ਇਸ ਨਾਲ ਸਿੱਖ ਪੰਥ ਵਧਦਾ ਹੈ ਜਾਂ ਘਟਦਾ ਹੈ? ਕੀ ਸੰਗਤ ਗੁਰਦੁਆਰਿਆਂ ਵਿੱਚ ਚੋਣਾਂ ਲੜਨ ਲਈ ਮਾਇਆ ਦਿੰਦੀ ਹੈ?
ਜੇ ਅਸੀਂ ਚੋਣਾਂ ਦੀ ਥਾਂ ਸਰਬ ਸੰਮਤੀ ਕਰੀਏ ਇਸ ਨਾਲ ਸਾਡੀ ਸੋਭਾ ਅਤੇ ਸਿੱਖ ਪੰਥ ਦਾ ਵੀ ਭਲਾ ਹੋਵੇਗਾ। ਸਿੱਖ ਪੰਥ ਟੁੱਟਣਂੋ ਬਚ ਜਾਵੇਗਾ ਅਤੇ ਪੰਥ ਦੀ ਚੜ੍ਹਦੀ ਕਲਾ ਹੋਵੇਗੀ। ਗੁਰੂ ਕੀਆਂ ਖੁਸ਼ੀਆਂ ਮਿਲਣਗੀਆਂ! ਜੇ ਗੁਰੂ ਕਾ ਬਚਨ ਮੰਨ ਕੇ ਇਕਠੇ ਨਹੀਂ ਹੁੰਦੇ ਤਾਂ ਅਸਾਡਾ ਜਪ, ਤਪ, ਸੇਵਾ ਕਿਤੇ ਲੇਖੇ ਵਿਚ ਨਹੀ।
"ਜਪੁ ਤਪੁ ਸੰਜਮ ਹੋਰ ਕੋਈ ਨਾਹੀ।
ਜਬ ਲਗੁ ਗੁਰੁ ਕਾ ਸਬਦੁ ਨ ਕਮਾਹੀ ॥"(ਅੰਗ 1060) ਅਤੇ
"ਹੁਕਮਿ ਮੰਨਿਐ ਹੋਵੈ ਪਰਵਾਣ ਤ ਖਸਮੈ ਕਾ ਮਹਲਿ ਪਾਇਸੀ ॥"।(ਅੰਗ- 471)
ਕੀ ਚੋਣਾ ਲੜਨੀਆਂ ਗੁਰਦੁੁਆਰਿਆਂ ਦੀ ਸੇਵਾ ਵਾਸਤੇ ਹਨ ਜਾਂ ਗੁਰਦੁਆਰਿਆਂ ਨੂੰ ਵਰਤਣ ਵਾਸਤੇ? ਕੀ ਅਸਾਡੇ ਆਗੂ, ਸੰਗਤ ਨੂੰ ਗੁਰਦੁੁਆਰਿਆਂ ਦੀ ਸੇਵਾ ਦੇ ਨਾਮ ਉੱਤੇ ਲੜਾਉਂਦੇ ਨਹੀਂ? ਕੀ ਸੰਗਤ ਨੂੰ ਉਜਾੜਦੇ ਅਤੇ ਪਾੜਦੇ ਨਹੀਂ? ਕੀ ਗੁਰਦੁਆਰਿਆਂ ਵਿਚ ਗੁਰਮਤਿ ਦੀ ਵਿਆਖਿਆ ਵੀ ਗੁਰੂ ਆਸ਼ੇ ਅਨੁਸਾਰ ਕਰਨ ਦੀ ਬਜਾਏ, ਧੜੇ ਅਨੁਸਾਰ ਨਹੀਂ ਕੀਤੀ ਜਾ ਰਹੀ? ਕੀ ਗੋਲਕ ਦੀ ਵਰਤੋਂ, ਪ੍ਰਬੰਧਕ ਆਪੋ ਆਪਣੇ ਧੜੇ ਨੂੰ ਪਾਲਣ ਲਈ ਨਹੀਂ ਕਰ ਰਹੇ?
ਜ਼ਰਾ ਧਿਆਨ ਨਾਲ ਸੋਚੋ: ਜੋ ਸੱਜਨ ਚੋਣਾ ਜਿਤਣ ਲਈ ਐਨੇ ਜ਼ੋਰ ਨਾਲ ਆਪਣੀ ਵਡਿਆਈ ਅਤੇ ਦੂਜਿਆਂ ਦੀ ਬੁਰਿਆਈ ਕਰਦੇ ਹਨ, ਘਰੋ ਘਰ ਜਾਕੇ ਵੋਟਾਂ ਮੰਗਦੇ ਹਨ, ਕੀ ਇਹਨਾ ਸੱਜਨਾ ਨੇ ਕਦੀ ਸੰਗਤ ਨੂੰ ਇਤਨੇ ਹੀ ਜ਼ੋੋਰ ਨਾਲ ਗਰੀਬ ਸਿੱਖ ਭਰਾਵਾਂ ਦੀ ਸਹੈਤਾ ਲਈ ਘਰੋ ਘਰ ਜਾਕੇ ਪ੍ਰੇਰਿਆ ਹੈ? ਸਿੱਖੀ ਦਾ, ਗੁਰਮਤਿ ਦਾ ਪ੍ਰਚਾਰ ਕਦੇ ਕੀਤਾ ਹੈ? ਗੁਰਮਤਿ ਵਿਰੋਧੀ ਹੋ ਰਹੇ ਕੰਮਾਂ ਨੂੰ ਰੋਕਣ ਲਈ ਘਰੋ ਘਰ ਜਾਕੇ ਕੋਈ ਉੱਦਮ ਕੀਤਾ ਹੈ ?
ਬਾਬਾ ਬੰਦਾ ਬਹਾਦਰ ਸਿੰਘ ਜੀ ਵੇਲੇ ਆਪਾਂ, ਆਪਸ ਵਿੱਚ ਸਹਿਮਤ ਨ ਹੋਣ ਕਰਕੇ, ਆਪਸ ਵਿੱਚ ਲੜਕੇ ਰਾਜ ਗਵਾਇਆ, ਮਹਾਰਾਜਾ ਰਣਜੀਤ ਸਿੰਘ ਵੇਲੇ ਵੀ ਆਪਸ ਵਿਚ ਲੜਕੇ ਅਸੀਂ ਰਾਜ ਗਵਾਇਆ। ਹੁਣ ਆਪਾਂ ਕੀ ਕਰਨਾ ਚਾਹੁੰਦੇ ਹਾਂ! ਆਪਾਂ ਗੱਲਾਂ ਤਾਂ ਕਰਦੇ ਹਾਂ ਖਾਲਸਤਾਨ/ਖਾਲਸਾ ਰਾਜ ਦੀਆਂ ਪਰ ਇੱਕ ਗੁਰਦੁਆਰਾ ਆਪਾਂ ਸਾਂਭ ਨਹੀਂ ਸਕਦੇ। ਗੁਰਦੁਆਰੇ ਦੇ ਵਿੱਚੇ ਹੀ ਲੜ ਪੈਂਦੇ ਹਾਂ। ਆਪਾਂ ਰਾਜ ਕਿਵੇਂ ਸੰਭਾਲਾਂਗੇ? ਆਪਸੀ ਸਹਿਮਤ ਹੋਣ ਦੀ ਆਦਤ ਬਣਾਈਏ, ਖਾਲਸਾ ਰਾਜ ਆਪੇ ਬਣ ਜਾਵੇਗਾ। ਜੇ ਸਹਿਮਤ ਨਹੀਂ ਹੋਵਾਂਗੇ ਤਾਂ ਬਣਿਆ ਰਾਜ ਵੀ ਚਲਾ ਜਾਵੇਗਾ।
"ਰਾਜ ਕਰੇਗਾ ਖਾਲਸਾ" ਦੀ ਗੱਲ ਤਾਂ ਬਹੁਤ ਸਾਰੇ ਸਿੱਖ ਕਰਦੇ ਹਨ, ਪਰ ਜੇ ਖਾਲਸੇ ਨੇ ਸੱਚੀਂ ਰਾਜ ਲੈਣਾ ਹੈ, ਤਾਂ ਖਾਲਸੇ ਨੂੰ ਭਾਵ: ਅਸਾਨੂੰ ਸਿੱਖਾਂ ਨੂੰ ਆਪਣੇ ਛੋਟੇ-ਵੱਡੇ ਸਾਰਿਆਂ ਗੁਰਦੁਆਰਿਆਂ ਵਿੱਚ, ਪੂਰਨ ਰੂਪ ਵਿੱਚ ਚੋਣ ਪ੍ਰਣਾਲੀ ਨੂੰ ਖਤਮ ਕਰਕੇ ਗੁਣਾਤਮਕ ਸਰਬਸੰਮਤੀ/ਗੁਰਮਤਾ ਕਰਨ ਦੀ, ਪਰੰਪਰਾ ਅਪਣਾਉਣੀ ਚਾਹੀਦੀ ਹੈ। ਕਿਰਦਾਰ ਅਤੇ ਪ੍ਰਬੰਧਕੀ ਯੋਗਤਾ ਦੇ ਆਧਾਰ 'ਤੇ ਸਰਬ ਸੰਮਤੀ ਨਾਲ ਆਪਣੇ ਪ੍ਰਬੰਧਕ ਚੁਣਨੇ ਸ਼ੁਰੂ ਕਰੀਏ। ਇਹ ਗੱਲ ਸਾਰੇ ਜਾਣਦੇ ਅਤੇ ਮੰਨਦੇ ਹਨ ਹੈ ਕਿ ਜਿਨ੍ਹਾਂ ਪੰਥਾਂ ਜਾਂ ਕੌਮਾਂ ਵਿੱਚ ਲੜਾਈ ਪਈ ਹੈ ਉੱਥੇ ਬਣੇ-ਬਣਾਏ ਰਾਜ ਚਲੇ ਗਏ। ਇਹੋ ਕੁਛ ਸਿੱਖਾਂ ਨਾਲ ਵੀ ਹੋ ਚੁਕਿਆ ਹੈ। ਇਸ ਕਰਕੇ ਅਸਾਨੂੰ ਚੋਣ ਪ੍ਰਣਾਲੀ ਨੂੰ ਪੂਰੀ ਤਰ੍ਹਾਂ ਖਤਮ ਕਰਕੇ "ਖਾਲਸਾ ਰਾਜ" ਸਥਾਪਿਤ ਕਰਨ ਵਾਲੇ ਕੰਮ ਕਰਨੇ ਚਾਹੀਦੇ ਹਨ। ਜੇ ਆਪਾਂ "ਖਾਲਸਾ ਰਾਜ" ਦਾ ਸਿਰਫ਼ ਨਾਅਰਾ ਹੀ ਲਗਾਉਣਾ ਹੈ, ਰਾਜ ਲੈਣ ਦੀਆਂ ਗੱਲਾਂ ਹੀ ਕਰਨੀਆਂ ਹਨ ਪਰ ਖਾਲਸਾ ਰਾਜ ਲੈਣਾ ਨਹੀਂ ਅਤੇ ਨਾ ਹੀ ਰਾਜ ਕਰਨਾ ਹੈ ਤਾਂ ਅਸਾਨੂੰ ਚੋਣ ਪ੍ਰਣਾਲੀ ਐਸੇ ਤਰ੍ਹਾਂ ਹੀ ਬਰਕਰਾਰ ਰਖਣੀ ਚਾਹੀਦੀ ਹੈ। ਜੇ ਚੋਣ ਪ੍ਰਣਾਲੀ ਨੂੰ ਆਪਾਂ ਗਲਤ ਨਹੀਂ ਮੰਨਣਾ, ਫਿਰ ਸਿੱਖਾਂ ਨੂੰ ਚਾਹੀਦਾ ਹੈ ਕਿ ਇੱਕ ਹੁਕਮਨਾਮਾ ਜਾਰੀ ਕੀਤਾ ਜਾਵੇ "ਅਸਲੀ ਸਿੱਖ ਉਹ ਹੈ ਜਿਹੜਾ ਆਪਣੇ ਪਰਿਵਾਰ ਵਿੱਚ ਵੀ ਚੋਣ ਕਰਵਾਵੇ ਅਤੇ ਪਰਿਵਾਰ ਵਿੱਚ ਵੱਧ ਤੋਂ ਵੱਧ ਲੜਾਈ ਲਗਾਤਾਰ ਪੁਆ ਕੇ ਰੱਖੇ, ਜਿਵੇਂ ਅਸੀਂ ਗੁਰਦੁਆਰਿਆਂ ਵਿੱਚ ਕਰਦੇ ਹਾਂ"।
"ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰ ਕਰਹੁ ਲਿਵ ਲਾਇ" ਬਾਣੀ ਵਿਚਲੇ ਇਸ ਹੁਕਮ ਨੂੰ ਲਾਗੂ ਕਰਨ ਵਾਸਤੇ, ਅਸਾਡੇ ਸਾਰੇ ਗੁਰਦੁਆਰਿਆਂ ਵਿੱਚ, ਆਪਸ 'ਚ ਮਿਲਕੇ ਰਹਿਣ ਦੀ ਸਿੱਖਿਆ ਅਤੇ ਪ੍ਰੇਰਨਾ ਮਿਲਣੀ ਚਾਹੀਦੀ ਹੈ। ਇਹ ਦੱਸਿਆ ਜਾਣਾ ਚਾਹੀਦਾ ਹੈ ਕਿ ਸਿੱਖਾਂ ਦਾ ਆਪਸੀ ਪ੍ਰੇਮ ਕਿਵੇਂ ਵਧ ਸਕਦਾ ਹੈ।ਭਾਈ ਕਾਹਨ ਸਿੰਘ ਨੇ ਮਹਾਨ ਕੋਸ਼ ਵਿਚ ਗੁਰਦੁਆਰਾ ਸ਼ਬਦ ਦੀ ਵਿਆਖਿਆ ਇਹ ਕੀਤੀ ਹੈ। "ਸਿੱਖਾਂ ਦਾ ਗੁਰਦੁਆਰਾ ਵਿਦਯਾਰਥੀਆਂ ਲਈ ਸਕੂਲ, ਆਤਮ ਜਿਗਯਾਸਾ ਵਾਲਿਆਂ ਲਈ ਗਿਆਨ ਉਪਦੇਸ਼ਕ ਆਚਾਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਲਈ ਲੋਹਮਈ ਦੁਰਗ, ਅਤੇ ਮੁਸਾਫਰਾਂ ਲਈ ਵਿਸ਼੍ਰਾਮ ਦਾ ਅਸਥਾਨ ਹੈ"। ਪਰ, ਉੱਥੇ ਤਾਂ ਇਹ ਸਿੱਖਿਆ ਮਿਲਦੀ ਹੈ, "ਦੂਜੇ ਧੜੇ ਨੂੰ ਕਿਵੇਂ ਖਤਮ ਕਰਨਾ ਹੈ, ਆਪਣੇ ਧੜੇ ਨੂੰ ਕਿਵੇਂ ਕਾਬਜ਼ ਬਣਾਉਣਾ ਹੈ। ਕਿਸੇ ਦੇ ਬੰਦੇ ਕਿਵੇਂ ਤੋੜਨੇ ਹਨ? ਕਿਵੇਂ ਖਰੀਦਣੇ ਹਨ? ਮੇਰੀ ਚੌਧਰ ਕਿਵੇਂ ਬਣ ਸਕਦੀ ਹੈ?" ਕੀ ਗੁਰਦੁਆਰੇ ਇਸ ਕੰਮ ਲਈ ਹੁੰਦੇ ਹਨ?
ਵਿਚਾਰੋ! ਗੁਰਬਾਣੀ ਵਿਰੁਧ ਜਾ ਕੇ, ਸਿਖਾਂ ਨੂੰ ਅਪਸ ਵਿੱਚ ਲੜਾਕੇ ਆਪਾਂ ਪ੍ਰਫੁੱਲਿਤ ਕਿਵੇਂ ਹੋ ਸਕਦੇ ਹਾਂ! ਗੁਰਬਾਣੀ ਵਿੱਚ ਤਾਂ ਮਿਲ਼ਨ ਦੀ ਮਹਿਮਾ ਲਿਖੀ ਹੈ
"ਮਿਲਬੇ ਕੀ ਮਹਿਮਾ ਬਰਨਿ ਨ ਸਾਕਉ ਨਾਨਕ ਪਰੈ ਪਰੀਲਾ ॥"।
ਗੁਰਬਾਣੀ ਵਿਰੁਧ ਚੱਲਕੇ ਖਾਲਸਾ ਪੰਥ ਪ੍ਰੱਫੁਲਿਤ ਕਿਵੇਂ ਹੋ ਸਕਦਾ ਹੈ? ਵਿਚਾਰੋ! ਕੀ ਆਪਾਂ ਮਿਲਕੇ ਚਲਦੇ ਹਾਂ? ਆਪਾਂ ਕੈਸੇ ਸਿੱਖ ਹਾਂ? ਅਸਾਨੂੰ ਆਪਣੇ ਅੰਦਰ ਵੇਖਨ ਦੀ ਲੋੜ ਹੈ। ਸਿਰਫ਼ ਮੱਥਾ ਟੇਕਣ ਨਾਲ ਸਿੱਖ ਨਹੀਂ ਬਣ ਜਾਈਦਾ।
ਜੇ ਬਾਣੀ ਨੂੰ ਗੁਰੂ ਮੰਨਣ ਵਾਲੇ ਹੀ ਬਾਣੀ ਵਿੱਚ ਲਿਖੇ ਨੂੰ ਨਹੀਂ ਮੰਨਣਗੇ ਅਤੇ ਆਪਣੇ ਧਰਮ ਅਸਥਾਨਾ ਉੱਤੇ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ, ਉੱਥੇ ਹੀ ਬਾਣੀ ਵਿੱਚ ਲਿਖੇ ਨੂੰ ਲਾਗੂ ਨਹੀਂ ਕੀਤਾ ਜਾਵੇਗਾ। ਫਿਰ, ਬਾਣੀ ਵਿੱਚ ਲਿਖੇ ਹੋਏ ਨੂੰ ਕਿੱਥੇ ਮੰਨਿਆ ਜਾਵੇਗਾ? ਸੋਚੋ!
ਸੋਚੋ! ਜੇ ਹੋਰ ਕਿਸੇ ਪੰਥ ਵਿੱਚ ਉਹਨਾਂ ਦੇ ਧਰਮ ਅਸਥਾਨਾ ਦੇ ਪ੍ਰਬੰਧ ਲਈ ਚੋਣ ਪ੍ਰਨਾਲੀ ਦੀ ਵਰਤੋਂ ਨਹੀਂ ਹੁੰਦੀ ਤਾਂ ਆਪਾਂ ਸਿੱਖ ਹੀ ਕਿਉਂ ਚੋਣ ਪ੍ਰਣਾਲੀ ਅਪਨਾ ਕੇ ਆਪਣੇ ਪੰਥ ਵਿੱਚ ਲੜਾਈ ਪੁਆਉਂਦੇ ਹਾਂ? ਖਾਲਸਾ ਰਾਜ ਲੈਣ ਲਈ ਅਤੇ ਰਾਜ ਕਰਨ ਲਈ ਸਿੱਖਾਂ ਨੂੰ ਗੁਰਬਾਣੀ ਦੀ "ਹੋਇ ਇਕਤ੍ਰ" ਵਾਲੀ ਤੁਕ ਨੂੰ ਮੰਨਣ ਦੀ ਲੋੜ ਹੈ।ਜੇ ਗੁਰਬਾਣੀ ਦੀ ਤੁਕ ਉੱਤੇ ਗੁਰਦੁਆਰਿਆਂ ਵਿੱਚ ਅਮਲ ਨਹੀਂ ਹੋਵੇਗਾ ਤਾਂ ਕਿੱਥੇ ਹੋਵੇਗਾ? ਖਾਲਸੇ ਨੂੰ ਆਪਸ ਵਿੱਚ ਸਹਿਮਤ ਹੋਕੇ ਗੁਰਮਤਾ ਕਰਕੇ ਪੰਥ ਵਧਾਉਣ ਦੀ ਲੋੜ ਹੈ। ਪ੍ਰਜਾਤੰਤਰ ਵਿੱਚ, ਪੰਥ ਵਧੇਗਾ ਤਾਂ ਖਾਲਸਾ ਰਾਜ ਆਪਣੇ ਆਪ ਹੀ ਸਥਾਪਿਤ ਹੋ ਜਾਵੇਗਾ।
ਇੱਕ ਸਾਦਾ ਜਿਹਾ ਪ੍ਰਸ਼ਨ! ਜਿਹੜੇ ਸੱਜਣ ਚੋਣ ਪ੍ਰਣਾਲੀ ਦੇ ਹੱਕ ਵਿੱਚ ਹਨ, ਉਹਨਾਂ ਨੂੰ ਸੋਚਨ ਦੀ ਲੋੜ ਹੈ: ਕੀ ਗੁਰਦੁਆਰੇ ਆਪਸ ਵਿੱਚ ਲੜਾਈ ਪਾ ਕੇ, ਪੰਥ ਵਿੱਚ ਧੜੇਬੰਦੀ ਬਣਾ ਕੇ, ਇੱਕ ਦੂਜੇ ਦੀ ਬੁਰਾਈ ਕਰਕੇ, ਆਪਣਾ ਕਬਜ਼ਾ ਕਰਨ ਲਈ ਹਨ ਜਾਂ ਪੰਥ ਦੇ ਪ੍ਰਚਾਰ ਵਾਸਤੇ ਹਨ? ਕੀ ਅਸਾਡੇ ਗੁਰਦੁਆਰਿਆਂ ਵਿੱਚ ਕਦੀ ਆਪਸ ਵਿੱਚ ਮਿਲਕੇ ਰਹਿਣ ਦੀ ਜਾਚ ਦੱਸੀ ਗਈ ਹੈ? ਕਦੀ ਇਹ ਦੱਸਿਆ ਗਿਆ ਹੈ; ਪੰਥ ਵਿੱਚ ਧੜੇਬੰਦੀ ਬਨਾਉਣੀ ਬਹੁਤ ਵੱਡਾ ਪਾਪ ਹੈ? ਕੀ ਅਸਾਡੇ ਗੁਰਦੁਆਰੇ ਆਪਸੀ ਲੜਾਈ ਸਿਖਾਉਣ ਲਈ ਹਨ? ਜਾਂ ਆਪਸ ਵਿੱਚ ਧੜੇਬੰਦੀ ਬਨਾਉਣ ਦੀ ਸਿੱਖਿਆ ਦੇਣ ਲਈ ਹਨ? ਧਰਮ ਅਤੇ ਗੁਰੂ ਕੀ ਗੋਲਕ ਦੇ ਆਸਰੇ, ਅਸਾਡੇ ਗੁਰਦੁਆਰੇ, ਸਿਖੀ ਵਿਰੋਧੀ ਅਤੇ ਭ੍ਰਿਸ਼ਟਾਚਾਰੀ ਕੰਮ ਸਿਖਾਉਣ ਵਾਲੇ ਕੇਂਦਰ ਬਣੀ ਜਾ ਰਹੇ ਹਨ। ਆਪਸ ਵਿੱਚ ਧੜੇਬੰਦੀ ਬਨਾਉਣੀ, ਲੜਾਈ ਪੁਵਾਉਣੀ ਅਤੇ ਇੱਕ ਦੂਸਰੇ ਦੀ ਬੁਰਾਈ ਕਰਨੀ ਜੋ ਗੁਰਬਾਣੀ ਵਿੱਚ ਪਾਪ ਲਿਖਿਆ ਹੈ ਅਸਾਨੂੰ ਗੁਰਦੁਆਰਿਆਂ ਵਿੱਚ ਇਹ ਗੱਲਾਂ ਪਾਪ ਕਿਉਂ ਨਹੀਂ ਦੱਸੀਆਂ ਜਾਂਦੀਆਂ? ਅਸਾਨੂੰ ਇਹ ਵਿਚਾਰਨ ਦੀ ਲੋੜ ਹੈ, ਆਪਾ ਪੜਚੋਲਨ ਦੀ ਲੋੜ ਹੈ, ਕਿ ਜਦੋਂ ਤੋਂ ਅਸਾਡੇ ਵਿੱਚ, ਗੁਰਦੁਆਰਾ ਪ੍ਰਬੰਧ ਲਈ ਚੋਣ ਪ੍ਰਣਾਲੀ ਆਈ ਹੈ ਕੀ ਉਦੋਂ ਤੋਂ ਸਿੱਖ ਪੰਥ ਘਟਿਆ ਨਹੀਂ? ਕੀ ਅੱਜ ਵੀ ਪੰਥ ਘਟਨ ਦਾ ਇੱਕ ਬਹੁਤ ਵੱਡਾ ਕਾਰਨ ਚੋਣ ਪ੍ਰਣਾਲੀ ਨਹੀਂ? ਕਿਉਂਕਿ ਸਿੱਖੀ ਤਾਂ ਸ਼ਰਧਾ ਨਾਲ ਹੈ ਅਤੇ ਚੋਣ ਪ੍ਰਣਾਲੀ ਕਰਕੇ, ਸਿੱਖਾਂ ਦੀ ਸ਼ਰਧਾ ਘੱਟ ਰਹੀ ਹੈ ਅਤੇ ਈਰਖਾ ਵੱਧ ਰਹੀ ਹੈ। ਨਵੀਂ ਪੀੜੀ ਬੇਸ਼ਰਧ ਹੋ ਰਹੀ ਹੈ।
ਈਰਖਾ ਕਰਨੀ ਵੀ ਇੱਕ ਪਾਪ ਹੈ, ਗੁਰਬਾਣੀ ਵਿੱਚ ਈਰਖਾ ਕਰਨੀ ਮਨ੍ਹਾਂ ਹੈ। ਉੱਥੇ ਲਿਖਿਆ ਹੈ
"ਅਹਿਰਖ ਵਾਦੁ ਨ ਕੀਜੈ ਰੇ ਮਨ ॥" (ਅੰਗ: 479)
ਜਦੋਂ ਆਪਾਂ ਗੁਰਦੁਆਰਾ ਚੋਣਾਂ ਵਿੱਚ ਦੂਸਰੇ ਧੜੇ ਦਾ ਵਿਰੋਧ ਕਰਦੇ ਹਾਂ ਉਦੋਂ ਸਾਡੇ ਅੰਦਰ ਈਰਖਾ ਆਉਂਦੀ ਹੈ। ਆਪਾਂ ਨੂੰ ਵਿਚਾਰਨ ਦੀ ਲੋੜ ਹੈ ਕੀ ਅਸੀਂ ਗੁਰਬਾਣੀ ਆਸ਼ੇ ਵਿਰੁਧ ਈਰਖਾ ਕਰਕੇ ਪਾਪ ਤਾਂ ਨਹੀਂ ਕਰ ਰਹੇ?
ਭਾਈ ਗੁਰਦਾਸ ਜੀ ਨੇ ਬਾਕੀ ਸਾਰੇ ਪੰਥਾਂ ਨਾਲੋਂ ਸਤਿਗੁਰੂ ਨਾਨਕ ਜੀ ਦੇ ਸਿੱਖ ਪੰਥ ਨੂੰ, ਸਭ ਤੋਂ ਉੱਤਮ ਲਿੱਖਿਆ ਹੈ ਅਤੇ ਨਾਲ ਕਾਰਨ ਵੀ ਦਸਿਆ ਹੈ ਕਿ ਦੂਸਰੇ ਪੰਥਾਂ ਨਾਲੋਂ ਗੁਰੁਸਿੱਖ ਕਿਉਂ ਚੰਗੇ ਹਨ।
ਈਸਾਈ ਮੂਸਾਈਆਂ ਹਉਮੈ ਹੈਰਾਣੇ।
ਹੋਇ ਫਿਰੰਗੀ ਅਰਮਨੀ ਰੂਮੀ ਗਰਬਾਣੇ।..
.ਗੁਰੁ ਸਿੱਖ ਰੋਮ ਨ ਪੁਜਨੀ ਗੁਰ ਹਟਿ ਵਿਕਾਣੇ।11। ਵਾਰ 38।
ਉਨ੍ਹਾ ਲਿੱਖਿਆ ਹੈ; ਬਾਕੀ ਪੰਥ ਹੰਕਾਰ ਕਰਦੇ ਹਨ ਅਤੇ ਆਪਸ ਵਿੱਚ ਲੜਦੇ ਹਨ।
"ਬੇਦ ਕਤੇਬ ਭੁਲਾਇ ਕੈ ਮੋਹੇ ਲਾਲਚੁ ਦੁਨੀ ਸੈਤਾਣੇ।
ਸਚੁ ਕਿਨਾਰੇ ਰਹਿ ਗਇਆ ਖਹਿ ਮਰਦੇ ਬਾਹਮਣ ਮਉਲਾਣੇ"।21। ਵਾਰ 1।
ਗੁਰਸਿਖ ਹੰਕਾਰ ਨਹੀਂ ਕਰਦੇ ਅਤੇ ਲੜਦੇ ਨਹੀਂ, ਆਪਾ ਗਵਾਕੇ ਗੁਰੁ ਆਸ਼ੇ ਅਨੁਸਾਰ ਪ੍ਰੇਮ ਤੇ ਨਿਮਰਤਾ ਰਖਦੇ ਹਨ।
"ਮੁਸਲਮਾਣਾ ਹਿੰਦੂਆਂ ਦੁਇ ਰਾਹ ਚਲਾਏ।.
. ਰਾਮ ਰਹੀਮ ਧਿਆਇੰਦੇ ਹਉਮੈ ਗਰਬਾਏ।..
.ਗੁਰ ਸਿੱਖ ਰੋਮ ਨ ਪੁਜਨੀ ਜੋ ਆਪੁ ਗਵਾਏ"।9।
ਜੇ ਸਤਿਗੁਰੂ ਨਾਨਕ ਦੇਵ ਜੀ ਦੇ ਸਿੱਖ ਹੀ ਹੰਕਾਰ ਕਰਨ ਅਤੇ ਆਪਸ ਵਿੱਚ ਲੜਣ ਲੱਗ ਪੈਣ, ਫਿਰ ਸੋਚਨਾ ਪਵੇਗਾ ਕਿ ਸਿੱਖ, ਦੂਸਰੇ ਪੰਥਾਂ ਨਾਲੋਂ ਚੰਗੇ ਰਹਿ ਗਏ ਹਾਂ? ਵਿਚਾਰਨ ਦੀ ਲੋੜ ਹੈ; ਜੋ ਗੁਣ ਭਾਈਜੀ ਨੇ ਲਿਖੇ ਹਨ, ਕੀ ਉਹ ਗੁਣ ਸਿੱਖਾਂ ਵਿੱਚ ਹੋਣੇ ਚਾਹੀਦੇ ਹਨ ਜਾਂ ਭਾਈਜੀ ਨੇ ਐਵੇਂ ਹੀ ਸਿਖਾਂ ਨੂੰ ਬਾਕੀਆਂ ਨਾਲੋਂ ਚੰਗੇ ਲਿੱਖ ਦਿਤਾ ਹੈ? ਜੋ ਗੁਣ ਭਾਈਜੀ ਨੇ ਸਿਖਾਂ ਵਿਚ ਲਿਖੇ ਹਨ, ਜੇ ਸਿੱਖਾਂ ਵਿੱਚ ਉਹ ਗੁਣ ਨਹੀਂ ਹਨ ਤਾਂ ਕੀ ਸਾਨੂੰ ਉਹ ਗੁਣ ਧਾਰਨ ਕਰਨੇ ਚਾਹੀਦੇ ਵੀ ਹਨ ਕਿ ਨਹੀਂ? ਕੀ ਗੁਰਦੁਆਰਾ ਚੋਣਾਂ ਵਿੱਚ ਅਸੀਂ ਹੰਕਾਰ ਛੱਡਕੇ, ਨਿਮਰਤਾ ਅਪਣਾ ਕੇ ਆਪਸ ਵਿੱਚ ਪ੍ਰੇਮ ਵਾਲਾ ਗੁਣ ਧਾਰਨ ਕਰਦੇ ਹਾਂ ਜਾਂ ਲਾਲਚ, ਹੰਕਾਰ ਕਰਕੇ ਦੂਸਰੇ ਪੰਥਾਂ ਤੋਂ ਵੀ ਵੱਧ ਆਪਸ ਵਿੱਚ ਲੜਨ ਵਾਲਾ ਅਉਗੁਣ ਧਾਰਨ ਕਰਦੇ ਹਾਂ? ਆਪ ਸੋਚੋ! ਅਸੀਂ ਕੈਸੇ ਸਿਖ ਹਾਂ! ਕੀ ਅਸੀਂ ਵਧੀਆ ਸਿਖ ਬਣਨਾ ਹੈ?
ਗੁਰਬਾਣੀ ਸਿੱਖਾਂ ਦਾ ਸੰਵਿਧਾਨ ਹੈ। ਗੁਰਬਾਣੀ ਵਿੱਚ ਏਕਤਾ ਕਰਕੇ ਆਪਸ ਵਿੱਚ ਮਿਲਨ ਦਾ, ਸਹਿਮਤ ਹੋਣ ਦਾ ਆਦੇਸ਼ ਹੈ। ਆਪਾਂ ਨੂੰ ਗੁਰਬਾਣੀ ਵਿੱਚ ਲਿੱਖਿਆ ਆਦੇਸ਼ ਮੰਨਕੇ ਸਰਬਸੰਮਤੀ ਕਰਕੇ ਗੁਰਦੁਆਰਿਆਂ ਦੀ ਸੇਵਾ/ਪ੍ਰਬੰਧ ਕਰਨ ਦੀ ਲੋੜ ਹੈ।
ਕੀ ਆਪਾਂ ਸਾਰੇ ਸਿੱਖ, ਇਸ ਗਲ ਉੱਤੇ ਸਹਿਮਤ ਹੋ ਸਕਦੇ ਹਾਂ ਕਿ ਬਾਣੀ ਵਿੱਚ ਲਿਖੇ ਨੂੰ ਮੰਨਣਾ ਹੈ, ਆਪਸ ਵਿੱਚ ਲੜਨ ਦੀ ਬਜਾਏ ਸਹਿਮਤ ਹੋਕੇ ਅਸੀਂ ਆਪਣਾ ਪੰਥ ਵਧਾਉਣਾ ਹੈ? ਅਸੀਂ ਗੁਰਦੁਆਰਿਆਂ ਦੀ ਵਰਤੋਂ ਪੰਥ ਵਧਾਉਣ ਲਈ ਕਰਨੀ ਹੈ, ਆਪਸੀ ਲੜਾਈ ਵਾਸਤੇ ਗੁਰਦੁਆਰਿਆਂ ਦੀ ਵਰਤੋਂ ਨਹੀਂ ਕਰਨੀ। ਜੇ ਆਪਾਂ ਗੁਰਦੁਆਰਿਆਂ ਦੀ ਸੇਵਾ ਲਈ ਸਹਿਮਤ ਨਹੀਂ ਹੋ ਸਕਦੇ ਤਾਂ ਆਪਾਂ ਹੋਰ ਕਿਸ ਗੱਲ ਵਾਸਤੇ ਸਹਿਮਤ ਹੋਵਾਂਗੇ? ਸਹਿਮਤ ਹੋਏ ਬਿਨ੍ਹਾ ਪੰਥ ਕਿਵੇਂ ਵਧੇਗਾ? ਵਿਚਾਰੋ!
ਮੇਰੀ ਇੱਛਾ ਹੈ ਸਾਰਾ ਸੰਸਾਰ ਸ਼ਰਧਾ ਨਾਲ ਸਤਿਗੁਰੁ ਨਾਨਕ ਦੇਵ ਜੀ ਨੂੰ ਗੁਰੂ ਮੰਨੇ, ਉਨ੍ਹਾ ਦੀਆਂ ਸ਼ੁਭ ਸਿਖਿਆਵਾਂ ਨੂੰ ਮੰਨਦਾ ਹੋਇਆ ਆਪਸੀ ਪ੍ਰੇਮ ਬਣਾ ਕੇ ਸੁਖੀ ਵੱਸੇ। ਇਹ ਤਾਂ ਹੀ ਸੰਭਵ ਹੈ ਜੇ ਸਾਰੇ ਸਿਖ ਆਪਸ ਵਿੱਚ ਮਿਲਕੇ ਆਪਣੇ ਗੁਰੂ ਦਾ ਪ੍ਰਚਾਰ ਕਰੀਏ। ਆਪਸੀ ਲੜਾਈ ਉਤੇ ਸਮਾਂ ਅਤੇ ਸ਼ਕਤੀ ਲਾਉਣ ਦੀ ਬਜਾਏ ਪੰਥ ਵਧਾਉਣ ਉਤੇ ਲਾਈਏ। ਅਸਾਡੇ ਵਿਚੋਂ ਹੀ ਨਿਕਲ ਕੇ ਪੰਜ ਪੰਥ ਹੋਰ ਬਣ ਗਏ ਹਨ, ਉਹ ਦਿਨੋ ਦਿਨ ਵਧ ਰਹੇ ਹਨ ਅਸੀਂ ਘਟ ਰਹੇ ਹਾਂ, ਅਸਾਨੂੰ ਫੇਰ ਵੀ ਜਾਗ ਨਹੀਂ ਆ ਰਹੀ। ਇਸ ਕਰਕੇ ਸਿੱਖ ਵੀਰੋ! ਗੁਰਦੁਆਰਿਆਂ ਦੀ ਸੇਵਾ ਲਈ ਚੋਣਾਂ ਲੜਨ ਦੀ ਥਾਂ ਸਰਬ ਸੰਮਤੀ ਕਰੋ, ਸਹਿਮਤ ਹੋੋਕੇ ਗੁਰਮਤਾ ਕਰੋ। ਗੁਰਬਾਣੀ ਆਸ਼ੇ ਅਨੁਸਾਰ, ਗੁਣਵਾਦੀ ਪਰੰਪਰਾ ਦੇ ਆਧਾਰ ਉਤੇ ਉਹ ਪ੍ਰਬੰਧਕੀ ਵਰਗ/ਸੰਗਠਨ ਖੜਾ ਕਰੋ ਜੋ ਪੰਥ ਵਧਾ ਸਕੇ ਤਾਂ ਜੋ ਸਾਰੇ ਸੰਸਾਰ ਵਿੱਚ ਸਤਿਗੁਰੂ ਨਾਨਕ ਦੇਵ ਜੀ ਦਾ ਰਾਜ ਸਥਾਪਿਤ ਹੋ ਸਕੇ।
"ਸ੍ਰੀ ਗੁਰੂ ਰਾਜ ਅਬਿਚਲ ਅਟਲ ਆਦਿ ਪੁਰਖ ਫੁਰਮਾਇਉ ॥ (ਅੰਗ 1390)
ਠਾਕੁਰ ਦਲੀਪ ਸਿੰਘ
ਗੁਰਦੁਆਰਾ ਚੋਣਾਂ !
Page Visitors: 2652