ਬਿੰਦੁ ਰਾਖਿ ਜੌ ਤਰੀਐ ਭਾਈ ॥
ਬਾਬਾ ਜੀ ਅਪਣੇ ਕਹਿੰਦੇ ਕਿ ਇੰਝ ਹੈ ਤਾਂ ਖੁਸਰੇ ਦੀ ਤਾਂ ਪੱਕੀ ਬਿੰਦ! ਉਹ ਤਾਂ ਵੱਡਾ 'ਬ੍ਰਹਮਗਿਆਨੀ' ਹੋਣਾ ਚਾਹੀਦਾ ਸੀ। ਸੰਤ ਕਹਿੰਦਾ ਮੈਂ ਤਾਂ ਔਰਤ ਦੇ ਮੱਥੇ ਨਹੀਂ ਲੱਗਦਾ, ਪਰ ਉਧਰ ਖੁਸਰਾ? ਉਹ ਔਰਤ ਦੇ ਮੱਥੇ ਲੱਗ ਕੇ ਵੀ ਨਿਰਲੇਪ? ਵੱਡਾ ਕੌਣ ਹੋਇਆ? ਉਹ ਔਰਤ ਨੂੰ ਦੇਖਦਾ ਹੋਇਆ ਵੀ ਔਰਤ ਤੋਂ ਦੂਰ? ਇੱਕ ਲੁੱਕ ਕੇ ਬੈਠ ਗਿਆ ਕਿ ਕਿਤੇ ਔਰਤ ਮੱਥੇ ਨਾ ਲੱਗ ਜਾਏ, ਪਰ ਦੂਜੇ ਨੂੰ ਡਰ ਹੀ ਕੋਈ ਨਹੀਂ ਕਿ ਉਹ ਔਰਤ ਤੋਂ ਲੁੱਕੇ! ਤਾਂ ਫਿਰ ਲੁੱਕਣ ਵਾਲਾ ਵੱਡਾ ਕਿਵੇਂ ਹੋਇਆ? ਲੁੱਕਣ ਵਾਲਾ, ਦੌੜਨ ਵਾਲਾ ਸੰਤ ਕਿਵੇਂ ਹੋ ਗਿਆ? ਖੁਸਰੇ ਤੋਂ ਵੀ ਗਿਆ ਗੁਜਰਿਆ ਰੱਬੀ ਬੰਦਾ ਕਿਵੇਂ ਹੋ ਸਕਦਾ!
ਜੇ ਰੱਬ ਨੂੰ ਮਿਲਣ ਜਾਂ ਪਾਉਣ ਦਾ ਮਾਪਦੰਡ ਬਿੰਦ ਰੱਖਣੀ ਯਾਣੀ ਜਤੀ ਰਹਿਣਾ ਹੈ, ਤਾਂ ਖੁਸਰਾ ਤਾਂ ਜਮਾਦਰੂੰ ਜਤੀ? ਉਹ ਜੰਮਿਆ ਹੀ ਬਿੰਦ ਰੱਖਕੇ? ਪੈਦਾ ਹੁੰਦੇ ਹੀ ਜਤੀ?
ਜਦ ਮੈਂ ਕਹਿੰਨਾ ਕਿ ਮੇਰੇ ਵਾਲੇ ਬਾਬਾ ਜੀ ਤਾਂ ਭਾਈ ਬਿਹੰਗਮ ਹੋਏ ਹਨ। ਪਰ ਔਰਤ ਤੋਂ ਦੌੜਨਾ ਬਿਹੰਗਮ ਕਿਵੇਂ ਹੋਇਆ? ਇਉਂ ਤਾਂ ਖੁਸਰਾ ਵੱਡਾ ਬਿਹੰਗਮ! ਵੱਡਾ ਜਤੀ!
ਜੋਗੀ ਔਰਤ ਨੂੰ ਬਘਿਆੜੀ ਕਹਿੰਦਾ ਸੀ। ਜੰਗਲਾਂ ਵਿਚ ਲੁੱਕਦਾ ਫਿਰਦਾ ਸੀ, ਪਰ ਜਦ ਭੁੱਖ ਲੱਗਦੀ ਸੀ ਉਸੇ ਬਗਿਆੜੀ ਦੇ ਘਰ ਰੋਟੀਆਂ ਮੰਗਣ ਤੁਰ ਪੈਂਦਾ ਸੀ! ਬਾਬਾ ਜੀ ਅਪਣੇ ਕਹਿੰਦੇ ਜੋਗੀ ਕੁਝ ਤਾਂ ਅਕਲ ਨੂੰ ਹੱਥ ਮਾਰ ਜੇ ਉਹ ਬਗਿਆੜੀ ਹੈ ਤਾਂ ਉਸੇ ਦੇ ਘਰ ਮੰਗਣ ਕਿੳਂੁ ਜਾਂਦਾ? ਉਸ ਦੇ ਹੱਥ ਦੀਆਂ ਪੱਕੀਆਂ ਮੰਨੀਆਂ?
...ਤੇ ਬਾਬਿਆਂ ਦੇ ਛੇ ਛੇ ਕੌਲੀਆਂ ਵਾਲੇ ਥਾਲ? ਤੁੜਕੇ ਵਾਲੀਆਂ ਦਾਲਾਂ, ਰੈਤੇ ਵਾਲੇ ਦਹੀਂ, ਖੀਰਾਂ, ਕੱਸਟਡਾਂ? ਇਹ ਕਿਸ ਨੇ ਬਣਾਈਆਂ? ਔਰਤ ਨੇ? ਜੇ ਔਰਤ ਦੇ ਮੱਥੇ ਲੱਗਣਾ ਮਾੜਾ ਤਾਂ ਔਰਤ ਦੇ ਹੱਥ ਦੀ ਖਾ ਕੇ ਰੱਬ ਕੋਲੇ ਕਿਵੇਂ ਪਹੁੰਚਿਆ ਜਾ ਸਕਦਾ? ਸੰਤ ਨੂੰ ਪੈਦਾ ਵੀ ਬੰਦੇ ਵਿਚੋਂ ਹੋਣਾ ਚਾਹੀਦਾ ਸੀ ਕਿਉਂਕਿ ਔਰਤ ਜਦ ਮਾੜੀ ਹੀ ਇਨੀ, ਤਾਂ ਇਸ ਵਿਚੋਂ ਪੈਦਾ ਕਿਵੇਂ ਹੋਇਆ ਜਾ ਸਕਦਾ! ਜਾ ਸਕਦਾ?
ਡੇਰਾ ਕਹਿੰਦਾ ਮੇਰੇ ਵਾਲੇ ਬਾਬਾ ਜੀ ਗਰਿਸਤੀ ਨਹੀਂ ਸਨ। ਗਰਿਸਤੀ ਬੰਦਾ ਬਿਹੰਗਮ ਨਹੀਂ ਹੋ ਸਕਦਾ! ਨਿਆਣੇ ਜੰਮਣ ਤੇ ਪਾਲਣ ਵਾਲਾ ਬਿਹੰਗਮ ਕਿਵੇਂ ਹੋ ਜੂ? ਔਰਤ ਨਾਲ ਸਉਂ ਕੇ ਉੱਠਣ ਵਾਲਾ ਬੰਦਾ ਤਾਂ ਪਵਿੱਤਰ ਹੀ ਨਹੀਂ ਉਹ ਬੇਹੰਗਮ ਕਿਵੇਂ ਹੋਇਆ ਤੇ ਬਿਹੰਗਮ ਹੋਏ ਬਿਨਾ ਰੱਬ ਕਿਥੇ ਮਿਲ ਜਾਊ? ਰੱਬ ਤੱਕ ਜਾਣ ਵਾਲੀ ਉਹ ਪਉੜੀ ਹੀ ਕਦ ਬਣੀ ਕਿ ਗ੍ਰਿਸਤੀ ਬੰਦਾ ਚੜਕੇ ਰੱਬ ਨੂੰ ਹੇਠਾਂ ਲਾਹ ਸਕੇ!! ਏਡਾ ਉੱਚਾ ਰੱਬ ਤੇ ਏਹੇ ਤੀਵੀਂ ਲੈ ਕੇ ਰੱਬ ਨੂੰ ਲਾਹੁਣ ਤੁਰਿਆ? ਔਰਤ ਦੇ ਹੁੰਦੇ ਰੱਬ ਕਿਵੇਂ ਲੱਥ ਜਾਊ? ਜੇ ਰੱਬ ਨੂੰ ਲਾਹੁਣਾ ਪਹਿਲਾਂ ਤੀਵੀਂ ਲਾਹ ਅਪਣੀ! ਯਾਣੀ ਗਲੋਂ!
ਬਾਬਾ ਜੀ ਆਪਣੇ ਪਰ ਕਹਿੰਦੇ ਕਿ ਜਤੀ ਤੂੰ ਸਦਾਉਂਦਾ, ਪਰ ਜੁਗਤ ਕਿਥੇ ਹੈ ਤੇਰੇ ਕੋਲੇ? ਔਰਤ ਅਤੇ ਘਰ ਬਾਰ ਛੱਡ ਕੇ ਪਹਾੜੀਂ ਜਾ ਚੜ੍ਹਿਆ, ਪਰ ਭੁੱਖ ਲੱਗੀ ਤੋਂ ਫਿਰ ਹੇਠਾਂ ਨੂੰ ਭੱਜਦਾਂ ਉਸੇ ਤੀਵੀਂ ਕੋਲੇ, ਉਸੇ ਘਰ ਨੂੰ ਜਿਹੜਾ ਛੱਡ ਕੇ ਗਿਆ ਸੀ! ਇਹ ਦੋਗਲਾਪਨ ਨਹੀਂ?
ਔਰਤ ਛੱਡਣ ਨਾਲ ਅੰਦਰਲਾ ਕਾਮ ਤਾਂ ਹੋਰ ਦੁਹਾਈਆਂ ਚੁੱਕ ਲੈਂਦਾ। ਕਾਮ ਕੁਦਰਤੀ ਵਹਿਣ ਹੈ, ਇਸ ਨੂੰ ਜਤੀ ਹੋਣ ਦੇ ਨਾਂ 'ਤੇ ਜੇ ਤੁਸੀਂ ਬੰਨ ਮਾਰੋਂਗੇ ਤਾਂ ਇਹ ਗਲਤ ਰਸਤੇ ਅਖਤਿਆਰ ਕਰੇਗਾ। ਕਰ ਤਾਂ ਰਿਹਾ। ਬਹੁਤੇ ਡੇਰਿਆਂ ਵਿਚ ਮੁੰਡੇ ਬਾਜੀ ਗਲਤ ਰਸਤਾ ਹੀ ਤਾਂ ਹੈ! ਭੋਰਿਆਂ ਵਿਚੋਂ 'ਕਾਮ ਬਾਬੇ' ਦੇ ਪ੍ਰਤਖ ਦਰਸ਼ਣ ਕਰਨ ਨੂੰ ਆਮ ਲੱਭਦੇ ਹਨ। ਕਿੰਨੇ ਨਾਂ ਹਨ ਜਿਹੜੇ ਗਿਣਤੀ ਵਿੱਚ ਹਨ, ਜਿੰਨ੍ਹਾਂ ਦੀਆਂ ਰੰਗੀਨੀਆਂ ਜ਼ਾਹਰ ਹੋਈਆਂ ਹਨ, ਜਿਹੜੇ ਪਰ ਗਿਣਤੀ ਤੋਂ ਪਰ੍ਹੇ?
ਸਾਡੇ ਪਿੰਡਾਂ ਲਾਗੇ ਕਿਸੇ ਡੇਰੇ ਵਾਲਿਆਂ ਸਕੂਲ ਖੋਹਲਿਆ। ਮੁੰਡਾ ਹੀ ਚੁੱਕ ਲਿਆ ਸਾਧਾਂ ਨੇ। ਹਰੀ ਕੇ ਡੇਰੇ ਸੱਜ ਵਿਆਹੀ ਕੁੜੀ ਦਾ ਸਾਰੀ ਰਾਤ ਸਾਧਾਂ ਰੇਪ ਕੀਤਾ ਤੜਕਿਓਂ ਦੋਵੇਂ ਵੱਢ ਕੇ ਨਹਿਰ ਰੋਹੜ ਦਿੱਤੇ। ਪਿਹੋਵੇ-ਸ਼ਿਕਾਗੋ ਦੀਆਂ ਧੁੰਮਾ? ਤੇ ਬਾਬੇ ਧੁੰਮੇ ਵਰਗੇ? ਪੂਰੇ ਹੀ ਜਤੀ? ਬਹੁਤੇ ਵੱਡੇ ਬਾਬਿਆਂ ਦਾ ਹਾਲੇ ਮੈਂ ਨਾਂ ਨਹੀਂ ਲੈਣਾ। ਉਹ ਪਿੱਛਲੇ ਜਨਮ ਦੀ ਭਗਤੀ ਕਹਿ ਕੇ ਮੁੰਡੇ ਹੀ ਵਾਹੀ ਤੁਰੇ ਗਏ?
ਖੁਸਰੇ ਕੋਲੋਂ ਕਿਸੇ ਔਰਤ ਦੀ ਇੱਜਤ ਨੂੰ ਕੋਈ ਖਤਰਾ ਨਹੀਂ, ਪਰ 'ਸੰਤ' ਤੋਂ? ਜੇ ਜਤੀ ਹੋਣਾ ਯਾਣੀ ਬਿੰਦ ਰੱਖਣੀ ਹੀ ਮਾਪਡੰਦ ਹੈ, ਰੱਬ ਮਿਲਣ ਦਾ ਤਾਂ ਰੱਬ ਦੇ ਨੇੜੇ ਫਿਰ ਖੁਸਰਾ ਹੋਇਆ ਕਿ 'ਸੰਤ'?
ਗੁਰਦੇਵ ਸਿੰਘ ਸੱਧੇਵਾਲੀਆ
ਗੁਰਦੇਵ ਸਿੰਘ ਸੱਧੇਵਾਲੀਆ
ਬਿੰਦੁ ਰਾਖਿ ਜੌ ਤਰੀਐ ਭਾਈ ॥
Page Visitors: 2532