ਕੈਟੇਗਰੀ

ਤੁਹਾਡੀ ਰਾਇ



ਸੰਪਾਦਕੀ
ਅਸੀਂ ਨਵੇਂ ਸਾਲ ਦੀ ਵਧਾਈ ਕਿਉਂ ਨਹੀਂ ਘੱਲ ਸਕੇ ?
ਅਸੀਂ ਨਵੇਂ ਸਾਲ ਦੀ ਵਧਾਈ ਕਿਉਂ ਨਹੀਂ ਘੱਲ ਸਕੇ ?
Page Visitors: 3098

                 ਅਸੀਂ ਨਵੇਂ ਸਾਲ ਦੀ ਵਧਾਈ ਕਿਉਂ ਨਹੀਂ ਘੱਲ ਸਕੇ ?
     ਨਵੇਂ ਸਾਲ ਦੀ ਵਧਾਈ ਵੀ ਤਿਆਰ ਸੀ ਅਤੇ 2003 ਵਿਚ ਲਾਗੂ ਹੋਏ ਕੈਲੰਡਰ ਦੇ ਆਧਾਰ ਤੇ ਗੁਰਪੁਰਬਾਂ ਦਾ ਵੇਰਵਾ ਵੀ , ਤੁਹਾਡੀ ਸੇਵਾ ਵਿਚ ਪੇਸ਼ ਕਰਨ ਲਈ ਤਿਆਰ ਸੀ , ਪਰ ਉਸ ਵਿਚ ਕੁਝ ਕਮੀਆਂ ਨਜ਼ਰ ਆ ਰਹੀਆਂ ਸਨ ਜਿਨ੍ਹਾਂ ਕਰ ਕੇ , ਭੇਜਣ ਨੂੰ ਮਨ ਨਹੀਂ ਮੰਨਿਆ , ਆਉ ਉਨ੍ਹਾਂ ਕਮੀਆਂ ਬਾਰੇ ਵਿਚਾਰ ਸਾਂਝ ਕਰਦੇ ਹਾਂ ।
    ਕੈਲੰਡਰ ਸ਼ੁਰੂ ਹੋਣ ਦੇ ਦਿਹਾੜੇ ਬਾਰੇ ਹੀ ਸਪਸ਼ਟਤਾ ਦੀ ਘਾਟ ।
(ੳ) ਨਾਨਕ-ਸ਼ਾਹੀ ਕੈਲੰਡਰ , ਜਿਵੇਂ ਕਿ ਨਾਮ ਤੋਂ ਹੀ ਜ਼ਾਹਰ ਹੈ , ਗੁਰੂ ਨਾਨਕ ਜੀ ਦੇ ਆਗਮਨ ਦਿਹਾੜੇ ਤੋਂ ਸ਼ੁਰੂ ਹੋਣਾ ਚਾਹੀਦਾ ਹੈ । ਪਰ ਵਿਡੰਬਣਾ ਇਹ ਹੈ ਕਿ ਸਿਰਫ ਪੰਜ ਸਦੀਆਂ ਪਹਿਲੋਂ ਦੇ ਇਤਿਹਾਸ ਬਾਰੇ ਹੀ ਸਾਡੇ ਇਤਿਹਾਸ-ਕਾਰ ਇਕ ਮੱਤ ਨਹੀਂ ਹਨ । ਜੇ ਅਸੀਂ 2003 ਵਾਲੇ ਕੈਲੰਡਰ ਦੀ ਹੀ ਗੱਲ ਕਰੀਏ ਤਾਂ ਉਹ ਚੇਤ ਮਹੀਨੇ ਤੋਂ ਸ਼ੁਰੂ ਹੁੰਦਾ ਹੈ , ਜਦ ਕਿ ਗੁਰੂ ਨਾਨਕ ਜੀ ਦਾ ਆਗਮਨ , ਪਹਿਲੀ ਚੇਤ ਨੂੰ ਨਹੀਂ ਹੋਇਆ ਸੀ ।
(ਅ)  ਕੀ ਅਸੀਂ ਨਾਨਕ-ਸ਼ਾਹੀ ਕੈਲੰਡਰ , 14 ਅਪ੍ਰੈਲ ਵੈਸਾਖੀ ਵਾਲੇ ਦਿਨ ਤੋਂ ਸ਼ੁਰੂ ਕਰ ਸਕਦੇ ਹਾਂ ? ਪਰ ਅੱਜ ਤਾਂ ਇਹ 22 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ । (ਇਹ ਗੱਲ ਵੀ ਸਭ ਨੂੰ ਹਜ਼ਮ ਨਹੀਂ ਹੋਣੀ)
(ੲ)  ਕੀ ਨਾਨਕ-ਸ਼ਾਹੀ ਕੈਲੰਡਰ 22 ਸਤੰਬਰ (ਕੱਤਕ) ਤੋਂ ਸ਼ੁਰੂ ਕੀਤਾ ਜਾ ਸਕਦਾ ਹੈ ? ਯਕੀਨਨ ਇਸ ਨਾਲ ਵੀ ਬਹੁਤੇ ਵਿਦਵਾਨ ਸਹਿਮਤ ਨਹੀਂ ਹੋਣਗੇ , ਕਿਉਂਕਿ ਬਹੁਤੇ ਸਿੱਖ ਇਤਿਹਾਸਕਾਰ , 14 ਅਪ੍ਰੈਲ਼ ਨੂੰ ਸਹੀ ਤਾਰੀਖ ਮੰਨਦੇ ਹਨ ।
   ਫਿਰ ਕੀ ਕੀਤਾ ਜਾ ਸਕਦਾ ਹੈ ?
ਸਾਡੀ ਸੋਚਣੀ ਅਨੁਸਾਰ , ਸਭ ਨੂੰ ਕਿਸੇ ਇਕ ਤਾਰੀਖ ਤੇ ਤਾਂ ਇਕ-ਮੱਤ ਹੋਣਾ ਹੀ ਪੈਣਾ ਹੈ , ਕਿਉਂਕਿ ਇਸ ਤੋਂ ਬਗੈਰ , ਗੱਲ ਅਗਾਂਹ ਨਹੀਂ ਚੱਲਣੀ । ਅਤੇ ਉਸ ਲਈ ਸਭ ਤੋਂ ਵੱਧ ਉੱਚਤ ਤਾਰੀਖ 14 ਅਪ੍ਰੈਲ (ਵੈਸਾਖੀ ਵਾਲਾ ਦਿਨ)ਹੀ ਹੈ । ਕਿਉਂਕਿ ਉਸ ਦਿਨ , ਦੋਵੇਂ ਦਿਹਾੜੇ , ਗੁਰੂ ਨਾਨਕ ਜੀ ਦਾ ਆਗਮਨ ਪੁਰਬ ਅਤੇ ਖਾਲਸੇ ਦਾ ਪਰਖ-ਦਿਹਾੜਾ ਵੀ ਆ ਜਾਂਦਾ ਹੈ । (ਵੈਸੇ ਉਸ ਨੂੰ ਕੋਈ ਖਾਲਸੇ ਦਾ ਜਨਮ ਦਿਹਾੜਾ ਵੀ ਕਹਿ ਲਵੇ ਤਾਂ ਸਾਨੂੰ ਕੋਈ ਇਤਰਾਜ਼ ਨਹੀਂ ਹੋਣ ਵਾਲਾ , ਹਾਲਾਂਕਿ ਗੁਰਬਾਣੀ ਅਨੁਸਾਰ , ਖਾਲਸਾ ਤਾਂ ਉਸ ਤੋਂ ਬਹੁਤ ਪਹਿਲਾਂ ਵੀ ਸੀ ।)
(ਜੇ ਇਸ ਤੇ ਅਸੀਂ ਸਹਿਮਤ ਹੋ ਜਾਈਏ ਤਾਂ ਅਸੀਂ ਗੁਰਬਾਣੀ ਵਿਚ ਦਿੱਤੇ ਮਹੀਨਿਆਂ ਦੇ ਨਾਮ , ਵੀ ਵਰਤ ਸਕਦੇ ਹਾਂ । ਬੱਸ , ਸਾਲ ਚੇਤ ਤੋਂ ਸ਼ੁਰੂ ਕਰਨ ਦੀ ਥਾਂ , ਵੈਸਾਖ ਤੋਂ ਕਰਨਾ ਪਵੇਗਾ , ਅਤੇ ਆਖਰੀ ਮਹੀਨਾ ਚੇਤ ਦਾ ਹੋਵੇਗਾ । ਇਸ ਨਾਲ ਗੁਰਬਾਣੀ ਵਿਚ , ਮਹੀਨਿਆਂ ਦਾ ਮੌਸਮ ਨਾਲ ਦਿੱਤਾ ਸਬੰਧ ਵੀ ਬਿਲਕੁਲ ਠੀਕ ਰਹੇਗਾ । ਜਦ ਸ਼ੁਰੂਆਤ ਠੀਕ ਹੋ ਜਾਵੇਗੀ ਤਾਂ ਅਗਾਂਹ ਦਾ ਕੰਮ ਵੀ ਕਾਫੀ ਆਸਾਨ ਹੋ ਜਾਵੇਗਾ [    
ਵੈਸੇ 2003 ਵਾਲੇ ਕੈਲੰਡਰ ਨੂੰ , ਉਸ ਵੇਲੇ ਮਾਨਤਾ ਦੇਣ ਦਾ ਵੱਡਾ ਕਾਰਨ ਇਹ ਸੀ ਕਿ ਖਾਲਸੇ ਦੀ ਨਿਆਰੀ ਹੋਂਦ ਦਾ ਪਰਤੀਕ ਕੈਲ਼ੰਡਰ ਬਣ ਤਾਂ ਜਾਵੇ , ਉਸ ਵਿਚ ਰਹਿੰਦੀਆਂ ਸੋਧਾਂ , ਫਿਰ ਕਰ ਲਵਾਂਗੇ । ਉਸ ਵੇਲੇ ਲਾਗੂ ਕੀਤਾ ਕੈਲੰਡਰ ਵੀ ਪੂਰੀ ਤਰ੍ਹਾਂ ਸ. ਪਾਲ ਸਿੰਘ ਪੁਰੇਵਾਲ ਦੇ ਮੁਤਾਬਕ ਨਹੀਂ ਸੀ । ਅਸੀਂ ਪੱਕੇ ਤੌਰ ਤੇ ਇਸ ਗੱਲ ਦੇ ਹਾਮੀ ਹਾਂ ਕਿ ਭਾਵੇਂ ਇਕ ਕਦਮ ਹੀ ਪੱਟਿਆ ਜਾਵੇ , ਪਰ ਉਹ ਕਦਮ ਸਹੀ ਦਿਸ਼ਾ ਵੱਲ ਹੋਣਾ ਚਾਹੀਦਾ ਹੈ , ਅਜਿਹਾ ਇਕ ਕਦਮ , ਅਲ-ਲ-ਟੱਪ ਢੰਗ ਨਾਲ ਪੱਟੇ ਲੱਖਾਂ ਕਦਮਾਂ ਨਾਲੋਂ ਵੱਧ ਸਾਰਥਿਕ ਹੁੰਦਾ ਹੈ । ਅਤੇ ਪੁਰੇਵਾਲ ਜੀ ਵਾਲੇ ਕੈਲੰਡਰ ਵਿਚ , ਦੋ ਗੱਲਾਂ ਬਿਲਕੁਲ ਠੀਕ ਸਨ , ਪਹਿਲੀ , ਸਾਲ ਦੀ ਲੰਬਾਈ ਅਤੇ ਦੂਸਰੀ , ਮਹੀਨਿਆਂ ਦੇ ਦਿਨਾਂ ਦੀ ਗਿਣਤੀ । ਅੱਜ ਜਦ ਸ਼੍ਰੋਮਣੀ ਕਮੇਟੀ (ਸਿੱਖਾਂ ਦੀ ਮਿਨੀ ਪਾਰਲੀਮੈਂਟ) ਨੇ ਆਰ. ਐਸ. ਐਸ. ਅਤੇ ਡੇਰੇਦਾਰਾਂ ਦੇ ਪ੍ਰਭਾਵ ਥੱਲੇ , ਵਿਚਾਰੇ ਜਥੇਦਾਰ ਦੇ ਮੋਢਿਆਂ ਤੇ ਰੱਖ ਕੇ 2003 ਵਾਲੇ ਕੈਲੰਡਰ ਦਾ ਜਨਾਜ਼ਾ ਕੱਢ ਹੀ ਦਿੱਤਾ ਹੈ , ਤਾਂ ਇਸ ਦਾ ਪੱਖ ਪੂਰ ਕੇ ਆਪਸੀ ਪਾੜਾ ਵਧਾਉਣ ਨਾਲੋਂ ਤਾਂ ਇਹ ਬਹੁਤ ਚੰਗਾ ਹੋਵੇਗਾ ਕਿ , ਮਿਲ ਬੈਠ ਕੇ ਕੈਲ਼ੰਡਰ ਸਬੰਧੀ ਸਾਰੇ ਪੱਖ ਵਿਚਾਰ ਕੇ ਅਜਿਹਾ ਕੈਲੰਡਰ ਬਣਾ ਲਿਆ ਜਾਵੇ , ਜਿਸ ਵਿਚ ਨੇੜਲੇ ਭਵਿੱਖ ਵਿਚ ਕੋਈ ਤਬਦੀਲੀ ਕਰਨ ਦੀ ਲੋੜ ਨਾ ਪਵੇ । ਛੋਟੀਆਂ ਛੋਟੀਆਂ ਗੱਲਾਂ ਪਿੱਛੇ , ਆਪਸੀ ਫੁੱਟ ਨੂੰ ਬੁਲਾਵਾ ਦੇਣ ਨੂੰ ਸਿਆਣਪ ਨਹੀਂ ਕਿਹਾ ਜਾ ਸਕਦਾ ।
  ਐਸ. ਜੀ. ਪੀ. ਸੀ. ਵਲੋਂ ਸੋਧੇ ਕੈਲੰਡਰ ਦੀ ਇਕ ਝਲਕ ਵੇਖ ਲੈਣੀ ਵੀ ਲਾਹੇਵੰਦ ਹੋਵੇਗੀ । ਬਿਕਰਮੀ ਕੈਲੰਡਰ , ਜੋ ਪਹਿਲਾਂ ਖਾਲੀ ਚੰਦਰਮੀ ਸੀ , ਉਸ ਦੇ ਸਾਲ ਦੇ ਦਿਨਾਂ ਦੀ ਗਿਣਤੀ  354.37 ਦਿਨ ਸਨ । ਜਦ ਕਿ ਇਕ ਮੌਸਮੀ ਸਾਲ ਦੇ ਦਿਨਾਂ ਦੀ ਗਿਣਤੀ 365.242196  ਹੈ ਅਤੇ ਬਿਕਰਮੀ ਸਾਲ ਦਾ ਮੌਸਮੀ ਸਾਲ ਨਾਲੋਂ ਇਕ ਸਾਲ ਵਿਚ ਹੀ ਗਿਆਰਾਂ ਦਿਨਾਂ ਦਾ ਫਰਕ ਪੈ ਜਾਂਦਾ ਸੀ ।  ਫਿਰ ਉਸ ਨੂੰ ਬ੍ਰਾਹਮਣਾਂ ਨੇ ਕਦ ਸੋਧਿਆ ? ਇਸ ਦਾ ਰਿਕਾਰਡ ਤਾਂ ਨਹੀਂ ਮਲਦਾ , ਪਰ ਫਿਰ ਉਸ ਨੂੰ ਚੰਦਰ-ਸੂਰਜੀ ਬਣਾ ਕੇ , ਨਾਮ ਬਿਕ੍ਰਮੀ ਹੀ ਰੱਖਿਆ ਗਿਆ , ਪਰ ਸਾਲ ਵਿਚ 365.2587 ਦਿਨ ਕਰ ਦਿੱਤੇ ਗਏ । ਇਹ ਕੈਲੰਡਰ ਗੁਰੂ ਨਾਨਕ ਜੀ ਵੇਲੇ ਚਾਲੂ ਸੀ । ਇਸ ਨਾਲ ਸਾਲ ਵਿਚ ਤੇਰਾਂ ਮਹੀਨੇ ਬਣਾ ਕੇ ਵੀ ਮੌਸਨਮੀ ਸਾਲ ਨਾਲੋਂ ਸੱਠ ਦਿਨਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਸੀ । ਬ੍ਰਾਹਮਣਾਂ ਨੇ ਇਸ ਨੂੰ ਫਿਰ 1964  ਵਿਚ ਸੋਧ ਕੇ , ਉਸ ਦੇ ਸਾਲ ਵਿਚਲੇ ਦਿਨਾਂ ਦੀ ਗਿਣਤੀ  365.25636 ਕਰ ਦਿੱਤੀ , ਜੋ ਹੁਣ ਚਾਲੂ ਹੈ , ਉਸ ਦਾ ਨਾਮ ਵੀ ਬਿਕ੍ਰਮੀ ਹੀ ਹੈ । ਉਸ ਅਨੁਸਾਰ ਤਿੰਨਾਂ ਸਾਲਾਂ ਪਿਛੋਂ ਸਾਲ ਦੇ ਤੇਰਾਂ ਮਹੀਨੇ ਬਣਾ ਕੇ ਵੀ  ਮੌਸਮੀ ਸਾਲ ਨਾਲੋਂ  72  ਸਾਲਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਹੈ ।
   ਦੂਸਰੇ ਪਾਸੇ 2003 ਵਿਚ ਲਾਗੂ ਹੋਏ ਕੈਲੰਡਰ ਅਨੁਸਾਰ ਸਾਲ ਦੇ ਦਿਨਾਂ ਦੀ ਗਿਣਤੀ  365.2424  ਸੀ , ਜੋ ਦੁਨੀਆਂ ਵਿਚ ਚਲ ਰਹੇ ਕੈਲੰਡਰ (ਜਿਸ ਨੂੰ ਗ੍ਰੈਗੇਰੀਅਨ ਜਾਂ ਕਾਮਨ ਏਰਾ ਵੀ ਕਿਹਾ ਜਾਂਦਾ ਹੈ) ਮੁਤਾਬਕ ਹੈ , ਜਿਸ ਅਨੁਸਾਰ ਸਾਲ ਦੇ ਬਾਰਾਂ ਮਹੀਨੇ ਬਨਾਉਣ ਮਗਰੋਂ ਵੀ  3300  ਸਾਲਾਂ ਵਿਚ ਇਕ ਦਿਨ ਦਾ ਫਰਕ ਪੈਂਦਾ ਹੈ) ਅਤੇ 2009   ਵਿਚ ਸੋਧਿਆ ਕੈਲੰਡਰ , ਜੋ   2010  ਵਿਚ ਲਾਗੂ ਕੀਤਾ ਗਿਆ , ਉਸ ਦੇ ਦਿਨਾਂ ਦੀ ਗਿਣਤੀ  , ਉਹੀ ਬਿਕਰਮੀ ਵਾਲੀ  365.25636  ਹੈ ਜਿਸ ਨਾਲ ਤਿੰਨਾਂ ਸਾਲਾਂ ਮਗਰੋਂ ਸਾਲ ਦੇ ਤੇਰਾਂ ਮਹੀਨੇ ਬਣਾ ਕੇ ਵੀ 72  ਸਾਲਾਂ ਵਿਚ ਇਕ ਦਿਨ ਦਾ ਫਰਕ ਪੈ ਜਾਂਦਾ ਹੈ ।
     ਬਹੁਤ ਸਾਦਾ ਜਿਹਾ ਕਾਮਨ ਏਰਾ ਦਾ ਸੂਰਜੀ ਹਿਸਾਬ ਛੱਡ ਕੇ , ਚੰਦਰ-ਸੂਰਜੀ ਹਿਸਾਬ ਦੇ ਚੱਕਰ ਵਿਚ ਪੈ ਕੇ , ਸਾਲ ਦੇ ਤੇਰਾਂ ਮਹੀਨੇ ਦੇ ਖਲਜਗਣ ਵਿਚ ਪੈਣ ਮਗਰੋਂ ਵੀ 72 ਸਾਲਾਂ ਵਿਚ ਇਕ ਦਿਨ ਦੇ ਫਰਕ ਨੂੰ ਬਰਦਾਸ਼ਤ ਕਰ ਕੇ , ਸਾਲ ਦੇ ਬਾਰਾਂ ਮਹੀਨੇ ਅਤੇ  3300  ਸਾਲ ਮਗਰੋਂ ਪੈਣ ਵਾਲੇ ਇਕ ਦਿਨ ਦੇ ਫਰਕ ਨੂੰ ਕਿਉਂ ਨਕਾਰ ਰਹੇ ਹਾਂ  ?    
 ਇਸ ਤੋਂ ਇਲਾਵਾ , ਸਭ ਤੋਂ ਪਹਿਲਾ ਮਸਲ੍ਹਾ ਇਹ ਹੈ ਕਿ , ਜਦ ਅਸੀਂ ਗੁਰੂਆਂ ਨਾਲ ਸਬੰਧਿਤ ਇਤਿਹਾਸਿਕ ਦਿਹਾੜਿਆਂ ਦੀ ਪੜਚੋਲ ਕਰਦੇ ਹਾਂ ਤਾਂ , ਇਹ ਸਾਫ ਨਜ਼ਰ ਆਉਂਦਾ ਹੈ ਕਿ , ਉਨ੍ਹਾਂ ਵਿਚ ਕੋਈ ਦੋ ਤਾਰੀਖਾਂ ਵੀ ਆਪਸ ਵਿਚ ਮੇਲ ਨਹੀਂ ਖਾਂਦੀਆਂ , ਭਾਵੇਂ ਉਨ੍ਹਾਂ ਦੀ ਪੜਚੋਲ ਬਿਕਰਮੀ ਅਨੁਸਾਰ ਕਰੋ , ਹਿਜਰੀ ਅਨੁਸਾਰ ਕਰੋ ਜਾਂ ਜੂਲੀਅਨ ਅਨਸਾਰ ਕਰੋ , ਜਾਂ ਗ੍ਰੈਗੇਰੀਅਨ ਅਨੁਸਾਰ ਹੀ ਕਰ ਲਵੋ । ਜਾਣੇ ਸ.ਪਾਲ ਸਿੰਘ ਪੁਰੇਵਾਲ ਜੀ ਨੇ , ਇਕ-ਇਕ ਦਿਨ ਵਿਚ ਚਾਰ-ਚਾਰ ਗੁਰਪੁਰਬ ਕਿਸ ਆਧਾਰ ਤੇ ਇਕੱਠੇ ਕਰ ਦਿੱਤੇ ਹਨ ? (ਪਤਾ ਨਹੀਂ ਅਸੀਂ ਕਿਸ ਆਸ਼ੇ ਨਾਲ , ਬਿਕਰਮੀ ਅਤੇ ਜੂਲੀਅਨ ਨੂੰ ਆਪਸ ਵਿਚ ਨਰੜ ਕੇ , ਆਪਣੇ ਲਈ ਦਿੱਕਤਾਂ ਖੜੀਆਂ ਕਰ ਰਹੇ  ਹਾਂ ? ਸਾਨੂੰ ਕਿਸੇ ਇਕ ਵਿਧੀ ਅਨੁਸਾਰ ਤਾਰੀਖਾਂ ਮਿਥਣੀਆਂ ਚਾਹੀਦੀਆਂ ਹਨ । ਸਾਨੂੰ ਸੂਰਜ ਅਤੇ ਚੰਦਰਮਾ ਦੇ ਆਧਾਰ ਤੇ ਬਣੇ ਸਾਲਾਂ ਨੂੰ ਰੱਲ-ਗੱਡ ਨਹੀਂ ਕਰਨਾ ਚਾਹੀਦਾ , ਅਜਿਹੇ ਢੰਗ ਨਾਲ ਬਣਿਆ ਕੈਲੰਡਰ , ਕਦੇ ਵੀ ਚਿਰ-ਸਥਾਈ ਨਹੀਂ ਹੋ ਸਕਦਾ ।
  ਅਸੀਂ ਸਾਇੰਸ ਦੀਆਂ ਸਾਰੀਆਂ ਕਾਢਾਂ ਦੀ ਤਕਨਾਲੋਜੀ ਬਾਰੇ , ਸਿਰ-ਦਰਦੀ ਨਾ ਪਾਲ ਕੇ ਉਸ ਦੀ ਵਰਤੋਂ ਦੀ ਹੀ ਗੱਲ ਕਰਦੇ ਹਾਂ , ਏਵੇਂ ਹੀ ਅੱਜ , ਕੁਦਰਤੀ ਸਾਲ ਨਾਲ ਸਭ ਤੋਂ ਵੱਧ ਮੇਲ ਖਾਂਦਾ (ਜਿਸ ਵਿਚ ਹਜ਼ਾਰਾਂ ਸਾਲਾਂ ਵਿਚ ਇਕ-ਅੱਧੇ ਦਿਨ ਦਾ ਫਰਕ ਪੈਂਦਾ ਹੈ , ਜੋ ਸਾਰੀ ਦੁਨੀਆ ਵਿਚ ਲਾਗੂ ਹੈ) ਕੈਲੰਡਰ ਅੱਜ ਸਾਡੇ ਸਾਮ੍ਹਣੇ ਹੈ , ਉਸ ਵਿਧੀ ਨੂੰ ਵਰਤ ਲੈਣ ਵਿਚ ਕੀ ਦਿੱਕਤ ਹੈ ? ਕੀ ਕਿਸੇ ਨੇ ਉਸ ਦਾ ਪੈਟਰਨ ਰਜਿਸਟਰਡ ਕੀਤਾ ਹੋਇਆ ਹੈ ?
   ਸਾਡੇ ਖਿਆਲ ਅਨੁਸਾਰ ਸਾਨੂੰ , ਅੱਜ ਦੁਨੀਆਂ ਵਿਚ ਪ੍ਰਚਲਤ ਸਾਲ ਦੀ ਲੰਬਾਈ ਦਾ ਖਿਆਲ ਰਖਦਿਆਂ , ਨਾਨਕ ਸ਼ਾਹੀ ਕੈਲੰਡਰ ਦਿਆਂ ਮਹੀਨਿਆਂ ਦੇ ਦਿਨ ਮਿੱਥ ਲੈਣੇ ਚਾਹੀਦੇ ਹਨ , (ਇਸ ਮਾਮਲੇ ਵਿਚ ਸ. ਪਾਲ ਸਿੰਘ ਪੁਰੇਵਾਲ ਜੀ ਦਾ ਕੈਲੰਡਰ , ਸਾਡੀ ਬਹੁਤ ਮਦਦ ਕਰ ਸਕਦਾ ਹੇ ) ਇਸ ਤੋਂ ਇਲਾਵਾ ਸਿੱਖਾਂ ਦਾ ਸਾਲ ਨਾਲ ਹੋਰ ਕੋਈ ਸਬੰਧ ਨਹੀਂ ਹੈ । ਸਾਲ ਸਮਾ ਮਾਪਣ ਦਾ ਇਕ ਸਾਧਨ ਮਾਤ੍ਰ ਹੀ ਹੈ , ਹੋਰ ਕੁਝ ਵੀ ਨਹੀਂ । ੱਿਸੱਖੀ ਵਿਚ ਸੰਗ੍ਰਾਂਦ , ਮੱਸਿਆ , ਪੁਨਿਆ , ਵਦੀ-ਸੁਦੀ ਜਾਂ ਏਕਮ-ਦੂਜ ਦਾ ਕੋਈ ਮਹੱਤਵ ਨਹੀਂ ਹੈ । ਅਜਿਹੇ ਸਾਲ ਵਿਚ ਸਾਨੂੰ ਗੁਰੂ ਸਾਹਿਬਾਂ ਨਾਲ ਸਬੰਧਿਤ ਦਿਹਾੜੇ ਅਤੇ ਹੋਰ ਸਿੱਖੀ ਇਤਿਹਾਸ ਨਾਲ ਸਬੰਧਿਤ ਦਿਹਾੜੇ , ਮਿਥ ਲੈਣੇ ਚਾਹੀਦੇ ਹਨ ।
     ਜਿਵੇਂ ਆਪਾਂ ਵਿਚਾਰਿਆਂ ਹੈ , ਉਸ ਢੰਗ ਨਾਲ . ਸਿਰਫ ਚੇਤ ਦੇ ਪਹਿਲੇ ਮਹੀਨੇ ਨੂੰ ਆਖਰੀ ਮਹੀਨਾ ਬਣਾਇਆਂ , ਤਕਰੀਬਨ-ਤਕਰੀਬਨ ਬਹੁਤੇ ਮਸਲ੍ਹੇ ਹੱਲ ਹੋ ਜਾਂਦੇ ਹਨ , ਸਾਰੇ ਦਿਹਾੜਿਆਂ ਦੀਆਂ ਪੱਕੀਆਂ ਤਾਰੀਖਾਂ , ਨਿਸਚਿਤ ਹੋ ਜਾਂਦੀਆਂ ਹਨ , ਜੋ ਸਾਰਿਆਂ ਨੂੰ ਕੁਝ ਸਾਲਾਂ ਵਿਚ ਹੀ ਯਾਦ ਹੋ ਜਾਣਗੀਆਂ । (ਹਰ ਸਾਲ ਬਦਲਦੀਆਂ ਨਹੀਂ ਰਹਣ ਗੀਆਂ)
 ਜਿੱਥੋਂ ਤਕ ਗੁਰੂ ਗ੍ਰੰਥ ਸਾਹਿਬ ਜੀ ਵਿਚ ਬਾਰਾ-ਮਾਂਹਾ ਚੇਤ ਵਿਚ ਸ਼ੁਰੂ ਹੁੰਦਾ ਹੈ , ਉਹ ਕੋਈ ਖਾਸ ਅੜਾਉਣੀ ਨਹੀਂ ਹੈ , ਕਿਉਂਕਿ ਇਹ ਉਸ ਵੇਲੇ ਦੇ ਪ੍ਰਚਲਤ ਮਹੀਨਿਆਂ ਦੇ ਨਾਵਾਂ ਦੇ ਆਧਾਰ ਤੇ , ਗੁਰੂ ਸਾਹਿਬ ਨੇ ਸਿੱਖਾਂ ਨੂੰ , ਉਨ੍ਹਾਂ ਨਾਲ ਸਬੰਧਿਤ  ਮੌਸਮ ਅਨੁਸਾਰ ਪਰਮਾਤਮਾ ਨਾਲ ਜੁੜਨ ਲਈ ਪ੍ਰੇਰਿਆ ਹੈ । ਉਨ੍ਹਾਂ ਮਹੀਨਿਆਂ ਦੀ ਤਰਤੀਬ ਦੀ ਪ੍ਰੌੜ੍ਹਤਾ ਨਹੀਂ ਕੀਤੀ । ਇਸ ਤਰ੍ਹਾਂ ਦੇ ਬਾਰਾ-ਮਾਹੇ ਹੋਰ ਵੀ , ਅਲੱਗ-ਅਲੱਗ ਵਿਸ਼ਿਆਂ ਤੇ , ਅਲੱਗ-ਅਲੱਗ ਬੋਲੀਆਂ ਵਿਚ ਲਿਖੇ ਗਏ ਹਨ । ਜੋ ਉਸ ਵੇਲੇ ਦੀ ਕਾਵਿ ਵਿਧੀ ਦਾ ਇਕ ਅੰਗ ਸੀ ।
  ਜਦ ਵਿਦਵਾਨ ਸਿੱਖ ਵੀਰ ਆਪਸ ਵਿਚ ਜੁੜ ਬੈਠੇ ਤਾਂ ਸਾਰੀਆਂ ਉਲਝਣਾਂ ਦੂਰ ਹੋ ਜਾਣਗੀਆਂ । ਰਗੜਾ ਓਦੋਂ ਹੀ ਪੈਂਦਾ ਹੈ , ਜਦ ਹਿੰਦੀ ਦੇ ਇਕ ਗਾਣੇ , “ ਸਭ ਦੁਖੋਂ ਕੀ ਏਕ ਦਵਾ ਹੈ , ਕਿਉਂ ਨਾ ਆਜ਼ਮਾਏ ”  ਮੁਤਾਬਕ ਸਾਡੇ ਵਰਗੇ , ਇੱਲ ਦਾ ਨਾਂ ਕੋਕੋ ਵੀ ਨਾ ਜਾਨਨਣ ਵਾਲੇ , ਸਾਰਿਆਂ ਰੋਗਾਂ , ਜਿਵੇਂ ਆਤਮਕ ਅੜਚਨਾ ਦਾ , ਕੈਲੰਡਰ ਨਾਲ ਸਬੰਧਿਤ ਅੜਚਨਾ ਦਾ , ਦੁਨੀਆਂ ਵਿਚਲੀਆਂ ਲਾ ਇਲਾਜ ਬਿਮਾਰੀਆਂ ਦਾ , ਸੰਤਾਨ ਸਬੰਧੀ ਅੜਚਨਾਂ ਦਾ , ਗਰਜ਼ ਕੀ , ਦੁਨੀਆ ਵਿਚ ਅਜਿਹੀ ਕੋਈ ਵਿਦਿਆ ਨਹੀਂ ਜਿਸ ਵਿਚ ਉਹ ਆਪਣੇ=ਆਪ ਨੂੰ ਨਿਪੁੱਨ ਨਹੀਂ ਅਖਵਾਉਂਦੇ । ਉਹ ਇਸ ਗਾਣੇ ਮੁਤਾਬਕ ਆਪਣੇ-ਆਪ ਨੂੰ ਸਾਰਿਆਂ ਦੁਖਾਂ ਨੂੰ ਦੂਰ ਕਰਨ ਵਾਲਾ ਅਖਵਾਉਂਦੇ ਹਨ , ਅਤੇ ਲੋਕ ਮੰਨਦੇ ਵੀ ਹਨ । ਏਸੇ ਚੱਕਰ ਵਿਚ ਸਿੱਖੀ ਰੁੜ੍ਹ ਰਹੀ ਹੈ , ਜਦ ਕਿ ਅਸੀਂ ਸਮਝਦੇ ਹਾਂ ਕਿ ਸਾਰੇ ਦੁਖਾਂ ਦੀ ਇਕੋ ਦਵਾ ਹੈ ਕਿ ਅੀਜਹੇ ਸਰਬ-ਗੁਣ-ਸੰਪੰਨ ਮਹਾਨਤਮ ਵਿਅਕਤੀਆਂ ਨੂੰ ਪੰਥ ਦੇ ਮਾਮਲਿਆਂ ਵਿਚ ਦਖਲ ਦੇਣੋ ਰੋਕ ਕੇ , ਸਾਰੇ ਮਸਲ੍ਹੇ ਹੱਲ ਕੀਤੇ ਜਾ ਸਕਦੇ ਹਨ ।
   ਸੋ ਜਦੋਂ ਤੱਕ ਕੋਈ ਸਹੀ ਕੈਲ਼ੰਡਰ ਨਹੀਂ ਬਣਾ ਲਿਆ ਜਾਂਦਾ ਤਦ-ਤਕ ਕਿਸੇ ਸਾਲ ਦੀ ਵਧਾਈ ਦੇਣੀ ਠੀਕ ਨਹੀਂ ਜਾਪਦੀ , ਉਮੀਦ ਹੈ ਪਾਠਕ ਅਤੇ ਲੇਖਕ ਵੀਰ ਸਾਡੀ ਮਜਬੂਰੀ ਨੂੰ ਸਮਝਣ ਦੀ ਖੇਚਲ ਕਰਨਗੇ ।   

©2012 & Designed by: Real Virtual Technologies
Disclaimer: thekhalsa.org does not necessarily endorse the views and opinions voiced in the news / articles / audios / videos or any other contents published on www.thekhalsa.org and cannot be held responsible for their views.